ਗਿਲਿਅਡ ਦੇ ਗ੍ਰੈਜੂਏਟਾਂ ਨੂੰ “ਵੱਡੇ ਵੱਡੇ ਕੰਮਾਂ” ਬਾਰੇ ਦੱਸਣ ਦਾ ਉਤਸ਼ਾਹ ਦਿੱਤਾ ਗਿਆ
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 115ਵੀਂ ਕਲਾਸ ਦਾ ਗ੍ਰੈਜੂਏਸ਼ਨ ਸਮਾਰੋਹ 13 ਸਤੰਬਰ 2003 ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਵਿਚ 52 ਦੇਸ਼ਾਂ ਤੋਂ 6,635 ਲੋਕ ਆਏ ਸਨ।
ਹਾਜ਼ਰੀਨਾਂ ਨੇ ਕਈ ਭਾਸ਼ਣ ਸੁਣੇ ਜਿਨ੍ਹਾਂ ਵਿਚ ਕਲਾਸ ਦੇ 48 ਵਿਦਿਆਰਥੀਆਂ ਨੂੰ ਬਾਈਬਲ ਵਿੱਚੋਂ ਹੱਲਾਸ਼ੇਰੀ ਦਿੱਤੀ ਗਈ ਸੀ ਕਿ ਉਹ ਜਾ ਕੇ ਲੋਕਾਂ ਨੂੰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸਣ। (ਰਸੂਲਾਂ ਦੇ ਕਰਤੱਬ 2:11) ਇਹ ਗ੍ਰੈਜੂਏਟ ਹੁਣ 17 ਦੇਸ਼ਾਂ ਵਿਚ ਮਿਸ਼ਨਰੀ ਸੇਵਾ ਕਰਨਗੇ।
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਸਟੀਵਨ ਲੈੱਟ ਇਸ ਗ੍ਰੈਜੂਏਸ਼ਨ ਪ੍ਰੋਗ੍ਰਾਮ ਦੇ ਚੇਅਰਮੈਨ ਸਨ। ਉਨ੍ਹਾਂ ਨੇ ਪ੍ਰੋਗ੍ਰਾਮ ਦੇ ਸ਼ੁਰੂ ਵਿਚ ਵਿਦਿਆਰਥੀਆਂ ਨੂੰ ਚੇਤੇ ਕਰਾਇਆ: “ਤੁਸੀਂ ਜਦੋਂ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਨਵੇਂ ਦੇਸ਼ ਵਿਚ ਜਾਓਗੇ, ਤਾਂ ਯਾਦ ਰੱਖੋ ਕਿ ਤੁਸੀਂ ਭਾਵੇਂ ਜਿਹੜੇ ਮਰਜ਼ੀ ਦੇਸ਼ ਜਾਂ ਹਾਲਾਤਾਂ ਵਿਚ ਹੋਵੋ, ਤੁਹਾਡੇ ਸਮਰਥਕ ਤੁਹਾਡੇ ਵੈਰੀਆਂ ਨਾਲੋਂ ਹਮੇਸ਼ਾ ਜ਼ਿਆਦਾ ਹੋਣਗੇ।” ਰਾਜਿਆਂ ਦੀ ਦੂਜੀ ਪੋਥੀ ਦੇ 6ਵੇਂ ਅਧਿਆਇ ਵਿੱਚੋਂ ਹਵਾਲਾ ਦਿੰਦੇ ਹੋਏ ਭਰਾ ਲੈੱਟ ਨੇ ਵਿਦਿਆਰਥੀਆਂ ਨੂੰ ਚੇਤੇ ਕਰਾਇਆ ਕਿ ਉਹ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਦਾ ਪ੍ਰਚਾਰ ਕਰਦੇ ਸਮੇਂ ਯਹੋਵਾਹ ਪਰਮੇਸ਼ੁਰ ਅਤੇ ਕਰੋੜਾਂ ਦੂਤਾਂ ਦੀ ਮਦਦ ਉੱਤੇ ਭਰੋਸਾ ਰੱਖ ਸਕਦੇ ਹਨ। (2 ਰਾਜਿਆਂ 6:15, 16) ਪਹਿਲੀ ਸਦੀ ਵਿਚ ਮਸੀਹੀਆਂ ਨੂੰ ਆਪਣੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਲੋਕਾਂ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਸੀ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਸਨ। ਅੱਜ ਮਸੀਹੀ ਮਿਸ਼ਨਰੀ ਵੀ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ। ਪਰ ਉਹ ਹਮੇਸ਼ਾ ਸਵਰਗ ਤੋਂ ਅਤੇ ਯਹੋਵਾਹ ਦੇ ਜ਼ਮੀਨੀ ਸੰਗਠਨ ਤੋਂ ਮਦਦ ਦੀ ਆਸ ਰੱਖ ਸਕਦੇ ਹਨ।—ਜ਼ਬੂਰਾਂ ਦੀ ਪੋਥੀ 34:7; ਮੱਤੀ 24:45.
“ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸੋ
ਚੇਅਰਮੈਨ ਦੇ ਭਾਸ਼ਣ ਤੋਂ ਬਾਅਦ, ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਹੈਰਲਡ ਕੌਕਨ ਨੇ “ਢੁਕਵੀਆਂ ਆਸਾਂ ਰੱਖੋ ਅਤੇ ਆਪਣੀ ਸੇਵਕਾਈ ਵਿਚ ਖ਼ੁਸ਼ੀ ਤੇ ਸਫ਼ਲਤਾ ਪਾਓ” ਵਿਸ਼ੇ ਉੱਤੇ ਗੱਲ ਕੀਤੀ। ਭਰਾ ਕੌਕਨ ਨੇ ਕਹਾਉਤਾਂ 13:12 ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜਦੋਂ ਇਕ ਇਨਸਾਨ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਉਹ ਨਿਰਾਸ਼ਾ ਵਿਚ ਡੁੱਬ ਜਾਂਦਾ ਹੈ। ਪਰ ਜੇ ਅਸੀਂ ਬੇਬੁਨਿਆਦੀ ਆਸਾਂ ਲਾਈ ਰੱਖਦੇ ਹਾਂ, ਤਾਂ ਅੰਤ ਵਿਚ ਸਾਡੇ ਹੱਥ ਨਿਰਾਸ਼ਾ ਹੀ ਲੱਗੇਗੀ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਆਪ ਤੋਂ ਅਤੇ ਦੂਸਰਿਆਂ ਤੋਂ ਹੱਦੋਂ ਵੱਧ ਆਸਾਂ ਨਾ ਲਾਉਣ ਦੀ ਤਾਕੀਦ ਕੀਤੀ ਗਈ। ਆਪਣੀ ਮਿਸ਼ਨਰੀ ਸੇਵਾ ਵਿਚ ਉਨ੍ਹਾਂ ਸਾਰਿਆਂ ਕੋਲੋਂ ਗ਼ਲਤੀਆਂ ਤਾਂ ਜ਼ਰੂਰ ਹੋਣਗੀਆਂ, ਪਰ ਉਨ੍ਹਾਂ ਨੂੰ ਬੇਹੱਦ ਉਦਾਸ ਹੋਣ ਦੀ ਲੋੜ ਨਹੀਂ ਹੈ, ਸਗੋਂ ਉਨ੍ਹਾਂ ਨੂੰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਦੀ ਕਦਰ ਕਰਨ ਵਿਚ ਦੂਸਰਿਆਂ ਦੀ ਮਦਦ ਕਰਨ ਵਿਚ ਰੁੱਝੇ ਰਹਿਣਾ ਚਾਹੀਦਾ ਹੈ। ਭਰਾ ਕੌਕਨ ਨੇ ਇਨ੍ਹਾਂ ਨਵੇਂ ਮਿਸ਼ਨਰੀਆਂ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੀ ਪ੍ਰੇਰਣਾ ਦਿੱਤੀ ਜੋ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.
ਅਗਲੇ ਭਾਸ਼ਣਕਾਰ ਭਰਾ ਡੈਨੀਅਲ ਸਿਡਲਿਕ ਸਨ। ਉਹ ਪ੍ਰਬੰਧਕ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਨੇ “ਮਸੀਹੀ ਉਮੀਦ ਕੀ ਹੈ?” ਵਿਸ਼ੇ ਉੱਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ: “ਉਮੀਦ ਰੱਖਣੀ ਮਸੀਹੀਆਂ ਦਾ ਇਕ ਸਦਗੁਣ ਹੈ। ਸਦਗੁਣ ਉਹ ਹੁੰਦਾ ਹੈ ਜੋ ਸਹੀ ਤੇ ਗ਼ਲਤ ਦੇ ਮਿਆਰ ਮੁਤਾਬਕ ਹੋਵੇ ਅਤੇ ਸਦਗੁਣ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਵਿਚ ਸਾਡੀ ਮਦਦ ਕਰਦਾ ਹੈ। ਜੋ ਲੋਕ ਮਸੀਹੀ ਨਹੀਂ ਹਨ, ਉਹ ਸਾਡੇ ਵਰਗੀ ਉਮੀਦ ਨਹੀਂ ਰੱਖ ਸਕਦੇ।” ਫਿਰ ਭਰਾ ਸਿਡਲਿਕ ਨੇ ਮਸੀਹੀ ਉਮੀਦ ਦੇ ਉਨ੍ਹਾਂ ਕਈ ਪਹਿਲੂਆਂ ਬਾਰੇ ਦੱਸਿਆ ਜਿਨ੍ਹਾਂ ਦੀ ਮਦਦ ਨਾਲ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਖਿੜੇ ਮੱਥੇ ਸਾਮ੍ਹਣਾ ਕਰ ਸਕਦੇ ਹਾਂ। “ਜੇ ਸਾਡੇ ਕੋਲ ਉਮੀਦ ਹੈ, ਤਾਂ ਅਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਉੱਤੇ ਹਾਵੀ ਹੋ ਸਕਦੇ ਹਾਂ।” ਸਾਡੀ ਮਸੀਹੀ ਉਮੀਦ ਹਮੇਸ਼ਾ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਸਾਡੀ ਮਦਦ ਕਰੇਗੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਯਹੋਵਾਹ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ।—ਰੋਮੀਆਂ 12:12.
ਗਿਲਿਅਡ ਸਕੂਲ ਦੇ ਰਜਿਸਟਰਾਰ ਵੌਲਸ ਲਿਵਰੰਸ ਨੇ “ਆਤਮਾ ਦੁਆਰਾ ਚੱਲਦੇ ਰਹੋ” ਨਾਮਕ ਭਾਸ਼ਣ ਦੇ ਕੇ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ। (ਗਲਾਤੀਆਂ 5:16) ਉਸ ਨੇ ਯਿਰਮਿਯਾਹ ਦੇ ਮੁਨਸ਼ੀ ਬਾਰੂਕ ਦੀ ਮਿਸਾਲ ਦਿੱਤੀ ਜਿਸ ਦੇ ਕਦਮ ਇਕ ਵਾਰ ਲੜਖੜਾ ਗਏ ਸਨ। ਉਹ ਆਪਣੇ ਕੰਮ ਤੋਂ ਅੱਕ ਗਿਆ ਸੀ ਅਤੇ ਆਪਣੇ ਲਈ ਵੱਡੀਆਂ-ਵੱਡੀਆਂ ਚੀਜ਼ਾਂ ਚਾਹੁਣ ਲੱਗ ਪਿਆ ਸੀ। (ਯਿਰਮਿਯਾਹ 45:3, 5) ਫਿਰ ਭਰਾ ਲਿਵਰੰਸ ਨੇ ਦੱਸਿਆ ਕਿ ਯਿਸੂ ਦੇ ਚੇਲਿਆਂ ਵਿੱਚੋਂ ਕਈ ਉਸ ਦੇ ਪਿੱਛੇ ਚੱਲਣ ਤੋਂ ਹਟ ਗਏ ਅਤੇ ਉਨ੍ਹਾਂ ਨੇ ਮੁਕਤੀ ਲਈ ਜ਼ਰੂਰੀ ਅਧਿਆਤਮਿਕ ਸੱਚਾਈ ਨੂੰ ਸਵੀਕਾਰ ਨਹੀਂ ਕੀਤਾ। ਕਿਉਂ? ਕਿਉਂਕਿ ਉਹ ਯਿਸੂ ਦੀ ਸਿੱਖਿਆ ਨੂੰ ਨਹੀਂ ਸਮਝ ਸਕੇ ਅਤੇ ਉਨ੍ਹਾਂ ਦੀਆਂ ਸਰੀਰਕ ਆਸਾਂ ਪੂਰੀਆਂ ਨਾ ਹੋਣ ਕਰਕੇ ਉਹ ਨਿਰਾਸ਼ ਹੋ ਗਏ ਸਨ। (ਯੂਹੰਨਾ 6:26, 27, 51, 66) ਮਿਸ਼ਨਰੀ ਭੈਣ-ਭਰਾ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਨ? ਉਨ੍ਹਾਂ ਦਾ ਮੁੱਖ ਕੰਮ ਇਹੋ ਹੈ ਕਿ ਉਹ ਲੋਕਾਂ ਦਾ ਧਿਆਨ ਸਿਰਜਣਹਾਰ ਤੇ ਉਸ ਦੇ ਮਕਸਦ ਵੱਲ ਖਿੱਚਣ। ਉਨ੍ਹਾਂ ਨੂੰ ਉੱਚੀ ਪਦਵੀ ਹਾਸਲ ਕਰਨ, ਲੋਕਾਂ ਦੀ ਵਾਹ-ਵਾਹ ਖੱਟਣ ਜਾਂ ਮਿਸ਼ਨਰੀ ਰੁਤਬੇ ਰਾਹੀਂ ਨਿੱਜੀ ਲਾਭ ਹਾਸਲ ਕਰਨ ਦੀ ਇੱਛਾ ਨਹੀਂ ਰੱਖਣੀ ਚਾਹੀਦੀ।
ਗਿਲਿਅਡ ਸਕੂਲ ਦੇ ਇਕ ਸਿੱਖਿਅਕ ਮਾਰਕ ਨੂਮੇਰ ਨੇ ਇਸ ਸਵਾਲ ਉੱਤੇ ਚਰਚਾ ਕੀਤੀ: “ਕੀ ਤੁਸੀਂ ਦੇਣ ਵਾਲੇ ਬਣੋਗੇ ਜਾਂ ਲੈਣ ਵਾਲੇ?” ਉਸ ਦਾ ਭਾਸ਼ਣ ਨਿਆਈਆਂ 5:2 ਤੇ ਆਧਾਰਿਤ ਸੀ ਜਿਸ ਵਿਚ ਉਨ੍ਹਾਂ ਸਾਰੇ ਇਸਰਾਏਲੀਆਂ ਦੀ ਸਿਫ਼ਤ ਕੀਤੀ ਗਈ ਸੀ ਜੋ ਆਪਣੀ ਮਰਜ਼ੀ ਨਾਲ ਖ਼ੁਸ਼ੀ-ਖ਼ੁਸ਼ੀ ਬਾਰਾਕ ਦੀ ਫ਼ੌਜ ਵਿਚ ਭਰਤੀ ਹੋਏ ਸਨ। ਉਸੇ ਤਰ੍ਹਾਂ ਅੱਜ ਮਹਾਨ ਬਾਰਾਕ ਯਿਸੂ ਮਸੀਹ ਵੀ ਆਪਣੇ ਚੇਲਿਆਂ ਨੂੰ ਹੋਰ ਜੋਸ਼ ਨਾਲ ਅਧਿਆਤਮਿਕ ਲੜਾਈ ਲੜਨ ਦਾ ਸੱਦਾ ਦੇ ਰਿਹਾ ਹੈ। ਗਿਲਿਅਡ ਦੇ ਵਿਦਿਆਰਥੀਆਂ ਨੇ ਇਸ ਸੱਦੇ ਨੂੰ ਕਬੂਲ ਕੀਤਾ ਹੈ ਜੋ ਕਾਬਲੇ-ਤਾਰੀਫ਼ ਹੈ। ਮਸੀਹ ਦੇ ਫ਼ੌਜੀਆਂ ਦੀ ਦਿਲੀ ਇੱਛਾ ਇਹੋ ਹੁੰਦੀ ਹੈ ਕਿ ਉਹ ਆਪਣੇ ਸਵਰਗੀ ਰਾਜੇ ਨੂੰ ਖ਼ੁਸ਼ ਕਰਨ। ਭਰਾ ਨੂਮੇਰ ਨੇ ਵਿਦਿਆਰਥੀਆਂ ਨੂੰ ਯਾਦ ਕਰਾਇਆ: “ਜਦੋਂ ਅਸੀਂ ਆਪਣੀ ਇੱਛਾ ਪੂਰੀ ਕਰਨ ਲੱਗ ਪੈਂਦੇ ਹਾਂ, ਤਾਂ ਉਦੋਂ ਅਸੀਂ ਦੁਸ਼ਮਣਾਂ ਨਾਲ ਲੜਨਾ ਛੱਡ ਦਿੰਦੇ ਹਾਂ। . . . ਤੁਸੀਂ ਮਿਸ਼ਨਰੀ ਸੇਵਾ ਆਪਣੀਆਂ ਕਾਮਨਾਵਾਂ ਪੂਰੀਆਂ ਕਰਨ ਲਈ ਨਹੀਂ ਕਰਦੇ ਹੋ, ਸਗੋਂ ਤੁਸੀਂ ਯਹੋਵਾਹ, ਉਸ ਦੀ ਪ੍ਰਭੂਸੱਤਾ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਇਹ ਸੇਵਾ ਕਰਦੇ ਹੋ। ਅਸੀਂ ਇਹ ਸੇਵਾ ਇਸ ਲਈ ਨਹੀਂ ਕਰਦੇ ਕਿ ਯਹੋਵਾਹ ਸਾਨੂੰ ਖ਼ੁਸ਼ ਕਰੇ, ਸਗੋਂ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਾਂ।”—2 ਤਿਮੋਥਿਉਸ 2:4.
ਇਸ ਤੋਂ ਬਾਅਦ, ਗਿਲਿਅਡ ਦੇ ਇਕ ਹੋਰ ਸਿੱਖਿਅਕ ਲਾਰੈਂਸ ਬੋਵਨ ਦੀ ਅਗਵਾਈ ਹੇਠ “ਓਹਨਾਂ ਨੂੰ ਸਚਿਆਈ ਨਾਲ ਪਵਿੱਤ੍ਰ ਕਰ” ਨਾਮਕ ਭਾਗ ਪੇਸ਼ ਕੀਤਾ ਗਿਆ। (ਯੂਹੰਨਾ 17:17) ਭਰਾ ਬੋਵਨ ਨੇ ਕਿਹਾ ਕਿ 115ਵੀਂ ਕਲਾਸ ਦੇ ਵਿਦਿਆਰਥੀ ਪਰਮੇਸ਼ੁਰ ਦੇ ਪਵਿੱਤਰ ਕੀਤੇ ਹੋਏ ਸੇਵਕ ਹਨ। ਸਕੂਲ ਵਿਚ ਸਿਖਲਾਈ ਲੈਂਦੇ ਸਮੇਂ ਉਨ੍ਹਾਂ ਨੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ ਅਤੇ ਸੱਚਾਈ ਦੇ ਪ੍ਰੇਮੀਆਂ ਦੀ ਭਾਲ ਕੀਤੀ। ਯਿਸੂ ਅਤੇ ਉਸ ਦੇ ਮੁਢਲੇ ਚੇਲਿਆਂ ਵਾਂਗ ਇਹ ਵਿਦਿਆਰਥੀ ਵੀ ‘ਆਪ ਤੋਂ ਨਹੀਂ ਬੋਲੇ।’ (ਯੂਹੰਨਾ 12:49, 50) ਉਨ੍ਹਾਂ ਨੇ ਪਰਮੇਸ਼ੁਰ ਵੱਲੋਂ ਸੱਚਾਈ ਦੇ ਉਸ ਬਚਨ ਨੂੰ ਪੂਰੇ ਜੋਸ਼ ਨਾਲ ਸੁਣਾਇਆ ਜੋ ਲੋਕਾਂ ਨੂੰ ਜ਼ਿੰਦਗੀ ਦੇ ਸਕਦਾ ਹੈ। ਪ੍ਰਚਾਰ ਕਰਦੇ ਸਮੇਂ ਵਿਦਿਆਰਥੀ ਕਈ ਲੋਕਾਂ ਨੂੰ ਮਿਲੇ ਜਿਨ੍ਹਾਂ ਉੱਤੇ ਬਾਈਬਲ ਦੇ ਸੰਦੇਸ਼ ਦਾ ਡੂੰਘਾ ਅਸਰ ਪਿਆ। ਵਿਦਿਆਰਥੀਆਂ ਨੇ ਇਨ੍ਹਾਂ ਕੁਝ ਤਜਰਬਿਆਂ ਦਾ ਪ੍ਰਦਰਸ਼ਨ ਵੀ ਕਰ ਕੇ ਦਿਖਾਇਆ।
ਤਜਰਬੇਕਾਰ ਭਰਾਵਾਂ ਦੇ ਸੁਝਾਵਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ
ਐਂਥਨੀ ਪੇਰੇਜ਼ ਅਤੇ ਐਂਥਨੀ ਗ੍ਰਿਫਿਨ ਅਮਰੀਕਾ ਬ੍ਰਾਂਚ ਦੇ ਸੇਵਾ ਵਿਭਾਗ ਦੇ ਮੈਂਬਰ ਹਨ। ਉਨ੍ਹਾਂ ਨੇ ਦੂਸਰੇ ਦੇਸ਼ਾਂ ਦੀਆਂ ਕਈ ਬ੍ਰਾਂਚਾਂ ਦੇ ਬ੍ਰਾਂਚ ਕਮੇਟੀ ਮੈਂਬਰਾਂ ਦੀ ਇੰਟਰਵਿਊ ਲਈ। ਇੰਟਰਵਿਊਆਂ ਵਿਚ ਭਰਾਵਾਂ ਨੇ ਉਨ੍ਹਾਂ ਚੁਣੌਤੀਆਂ ਬਾਰੇ ਦੱਸਿਆ ਜਿਨ੍ਹਾਂ ਦਾ ਸਾਮ੍ਹਣਾ ਨਵੇਂ ਮਿਸ਼ਨਰੀਆਂ ਨੂੰ ਕਰਨਾ ਪੈਂਦਾ ਹੈ। ਫਿਰ ਉਨ੍ਹਾਂ ਨੇ ਆਪਣੇ ਨਿੱਜੀ ਤਜਰਬੇ ਤੋਂ ਕੁਝ ਵਧੀਆ ਸੁਝਾਅ ਦਿੱਤੇ। ਨਵੇਂ ਮਿਸ਼ਨਰੀਆਂ ਨੂੰ ਬਿਲਕੁਲ ਹੀ ਅਲੱਗ ਸਭਿਆਚਾਰ, ਹਵਾ-ਪਾਣੀ ਜਾਂ ਧਾਰਮਿਕ ਤੇ ਸਿਆਸੀ ਮਾਹੌਲ ਨਾਲ ਜੂਝਣਾ ਪੈ ਸਕਦਾ ਹੈ। ਇਨ੍ਹਾਂ ਮਸਲਿਆਂ ਨਾਲ ਸਿੱਝਣ ਵਿਚ ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ? ਯਹੋਵਾਹ ਲਈ ਪਿਆਰ, ਲੋਕਾਂ ਲਈ ਪਿਆਰ, ਆਪਣੀ ਪੁਰਾਣੀ ਜ਼ਿੰਦਗੀ ਵੱਲ ਪਿੱਛੇ ਮੁੜ ਕੇ ਨਾ ਦੇਖਣਾ ਅਤੇ ਜਲਦਬਾਜ਼ੀ ਨਾ ਕਰਨੀ। ਇਕ ਬ੍ਰਾਂਚ ਕਮੇਟੀ ਮੈਂਬਰ ਨੇ ਕਿਹਾ: “ਜਿਸ ਦੇਸ਼ ਵਿਚ ਅਸੀਂ ਸੇਵਾ ਕਰਦੇ ਹਾਂ, ਉੱਥੇ ਲੋਕ ਸਦੀਆਂ ਤੋਂ ਰਹਿੰਦੇ ਆਏ ਹਨ। ਜੇ ਉਹ ਰਹਿ ਸਕਦੇ ਹਨ, ਤਾਂ ਅਸੀਂ ਵੀ ਜ਼ਰੂਰ ਰਹਿ ਸਕਦੇ ਹਾਂ। ਅਸੀਂ ਨਵੇਂ ਦੇਸ਼ ਅਤੇ ਨਵੇਂ ਮਾਹੌਲ ਦੇ ਆਦੀ ਬਣ ਸਕਦੇ ਹਾਂ। ਸਾਨੂੰ ਜਦੋਂ ਵੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਅਸੀਂ ਇਸ ਨੂੰ ਸਹਿ ਕੇ ਆਪਣੇ ਸੁਭਾਅ ਨੂੰ ਨਿਖਾਰਦੇ ਹਾਂ। ਜੇ ਤੁਸੀਂ ਪ੍ਰਾਰਥਨਾ ਦਾ ਸਹਾਰਾ ਲੈਂਦੇ ਹੋਏ ਯਹੋਵਾਹ ਦੀ ਪਵਿੱਤਰ ਆਤਮਾ ਮੰਗੋਗੇ, ਤਾਂ ਤੁਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਅਨੁਭਵ ਕਰੋਗੇ: ‘ਮੈਂ ਤੁਹਾਡੇ ਨਾਲ ਹਾਂ।’”—ਮੱਤੀ 28:20.
ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ ਸੈਮੂਏਲ ਹਰਡ ਨੇ ਗ੍ਰੈਜੂਏਸ਼ਨ ਸਮਾਰੋਹ ਦਾ ਆਖ਼ਰੀ ਭਾਸ਼ਣ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਬਾਰੇ ਦੱਸਦੇ ਰਹੋ” ਦਿੱਤਾ। ਸਾਲ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੇ ਜਦੋਂ ਯਿਸੂ ਦੇ ਚੇਲਿਆਂ ਨੂੰ ਪਵਿੱਤਰ ਆਤਮਾ ਦਿੱਤੀ ਗਈ ਸੀ, ਤਾਂ ਇਸ ਨੇ ਉਨ੍ਹਾਂ ਨੂੰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸਣ ਲਈ ਪ੍ਰੇਰਿਆ। ਤਾਂ ਫਿਰ, ਅੱਜ ਕਿਹੜੀ ਚੀਜ਼ ਨਵੇਂ ਮਿਸ਼ਨਰੀਆਂ ਦੀ ਮਦਦ ਕਰੇਗੀ ਕਿ ਉਹ ਪਰਮੇਸ਼ੁਰ ਦੇ ਰਾਜ ਬਾਰੇ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ? ਪਵਿੱਤਰ ਆਤਮਾ ਹੀ ਉਨ੍ਹਾਂ ਦੀ ਇਸ ਤਰ੍ਹਾਂ ਕਰਨ ਵਿਚ ਮਦਦ ਕਰੇਗੀ। ਭਰਾ ਹਰਡ ਨੇ ਵਿਦਿਆਰਥੀਆਂ ਨੂੰ “ਆਤਮਾ ਵਿੱਚ ਸਰਗਰਮ” ਹੋਣ ਦੀ ਪ੍ਰੇਰਣਾ ਦਿੱਤੀ, ਯਾਨੀ ਉਨ੍ਹਾਂ ਨੂੰ ਮਿਸ਼ਨਰੀ ਸੇਵਾ ਕਰਨ ਲਈ ਉਤਾਵਲੇ ਹੋਣ ਦੀ ਲੋੜ ਸੀ। (ਰੋਮੀਆਂ 12:11) ਉਨ੍ਹਾਂ ਨੂੰ ਜਿਹੜੀ ਸਿਖਲਾਈ ਦਿੱਤੀ ਗਈ ਹੈ, ਇਹ ਉਨ੍ਹਾਂ ਨੂੰ ਵਰਤਣੀ ਚਾਹੀਦੀ ਹੈ। ਭਰਾ ਹਰਡ ਨੇ ਕਿਹਾ: “ਪਰਮੇਸ਼ੁਰ ਦੇ ਵੱਡੇ-ਵੱਡੇ ਕੰਮਾਂ ਵਿਚ ਬਾਈਬਲ ਵੀ ਸ਼ਾਮਲ ਹੈ। ਇਸ ਦੀ ਤਾਕਤ ਨੂੰ ਕਦੇ ਘੱਟ ਨਾ ਸਮਝੋ। ਇਸ ਦਾ ਸੰਦੇਸ਼ ਸ਼ਕਤੀਸ਼ਾਲੀ ਹੈ। ਇਹ ਮਾਮਲਿਆਂ ਦੀ ਤਹਿ ਤਕ ਪਹੁੰਚ ਕੇ ਉਨ੍ਹਾਂ ਨੂੰ ਸੁਲਝਾ ਸਕਦੀ ਹੈ। ਇਸ ਲਈ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਾਈਬਲ ਵਰਤੋ। ਇਸ ਅਨੁਸਾਰ ਆਪਣੀ ਸੋਚ ਨੂੰ ਬਦਲੋ। ਜੇ ਤੁਸੀਂ ਬਾਈਬਲ ਦਾ ਅਧਿਐਨ ਕਰੋਗੇ, ਇਸ ਨੂੰ ਪੜ੍ਹੋਗੇ ਅਤੇ ਇਸ ਉੱਤੇ ਸੋਚ-ਵਿਚਾਰ ਕਰੋਗੇ, ਤਾਂ ਇਹ ਤੁਹਾਡੀ ਸੋਚ ਦੀ ਰਾਖੀ ਕਰੇਗੀ . . . ਦੂਸਰਿਆਂ ਨੂੰ ‘ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ’ ਬਾਰੇ ਦੱਸਣ ਲਈ ਆਪਣੀ ਗਿਲਿਅਡ ਟ੍ਰੇਨਿੰਗ ਦੀ ਪੂਰੀ ਵਰਤੋਂ ਕਰੋ। ਇਹੋ ਤੁਹਾਡਾ ਟੀਚਾ ਅਤੇ ਪੱਕਾ ਇਰਾਦਾ ਹੋਣਾ ਚਾਹੀਦਾ ਹੈ।”
ਦੁਨੀਆਂ ਭਰ ਤੋਂ ਮਿਲੀਆਂ ਸ਼ੁਭ-ਕਾਮਨਾਵਾਂ ਦੇ ਸੰਦੇਸ਼ ਪੜ੍ਹਨ ਤੋਂ ਬਾਅਦ ਗ੍ਰੈਜੂਏਟਾਂ ਨੂੰ ਉਨ੍ਹਾਂ ਦੇ ਡਿਪਲੋਮੇ ਵੰਡੇ ਗਏ। ਫਿਰ ਇਕ ਗ੍ਰੈਜੂਏਟ ਨੇ ਕਲਾਸ ਵੱਲੋਂ ਲਿਖੀ ਚਿੱਠੀ ਪੜ੍ਹੀ ਜਿਸ ਵਿਚ ਵਿਦਿਆਰਥੀਆਂ ਨੇ ਗਿਲਿਅਡ ਸਕੂਲ ਦੀ ਟ੍ਰੇਨਿੰਗ ਲਈ ਆਪਣੀ ਗਹਿਰੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ। ਪ੍ਰੋਗ੍ਰਾਮ ਦੇ ਅਖ਼ੀਰ ਵਿਚ ਭਰਾ ਲੈੱਟ ਨੇ 2 ਇਤਹਾਸ 32:7 ਅਤੇ ਬਿਵਸਥਾ ਸਾਰ 20:1, 4 ਦਾ ਹਵਾਲਾ ਦਿੱਤਾ। ਸ਼ੁਰੂ ਵਿਚ ਕਹੀ ਆਪਣੀ ਗੱਲ ਨੂੰ ਅੱਗੇ ਤੋਰਦੇ ਹੋਏ ਉਨ੍ਹਾਂ ਨੇ ਕਿਹਾ: “ਪਿਆਰੇ ਭੈਣੋ ਤੇ ਭਰਾਵੋ, ਇਸ ਸਕੂਲ ਤੋਂ ਗ੍ਰੈਜੂਏਟ ਹੋ ਕੇ ਜਦੋਂ ਤੁਸੀਂ ਨਵੇਂ ਦੇਸ਼ ਵਿਚ ਅਧਿਆਤਮਿਕ ਯੁੱਧ ਦੇ ਮੈਦਾਨ ਵਿਚ ਉਤਰੋਗੇ, ਤਾਂ ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਤੁਹਾਡੇ ਨਾਲ ਹੈ। ਇਹ ਕਦੇ ਨਾ ਭੁੱਲੋ ਕਿ ਵਿਰੋਧੀਆਂ ਨਾਲੋਂ ਤੁਹਾਡੇ ਸਮਰਥਕ ਕਿਤੇ ਜ਼ਿਆਦਾ ਹਨ।”
[ਸਫ਼ੇ 25 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 7
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 17
ਵਿਦਿਆਰਥੀਆਂ ਦੀ ਗਿਣਤੀ: 48
ਔਸਤਨ ਉਮਰ: 33.7
ਸੱਚਾਈ ਵਿਚ ਔਸਤਨ ਸਾਲ: 17.8
ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 13.5
[ਸਫ਼ੇ 26 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 115ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।
(1) ਬਰਾਊਨ, ਟੀ.; ਗੋਲਰ, ਸੀ.; ਹੌਫ਼ਮਨ, ਏ.; ਬਰੂਜ਼ੀਜ਼ੀ, ਜੇ.; ਟ੍ਰੇਹਨ, ਐੱਸ. (2) ਸਮਾਰਟ, ਐੱਨ.; ਕੈਸ਼ਮਨ, ਐੱਫ਼.; ਗਾਰਸੀਆ, ਕੇ.; ਲੋਹਨ, ਐੱਮ.; ਸੀਫ਼ਰਟ, ਐੱਸ.; ਗ੍ਰੇ, ਕੇ. (3) ਬੈਕੱਟ, ਐੱਮ.; ਨਿਕੱਲਜ਼, ਐੱਸ.; ਸਮਿਥ, ਕੇ.; ਗੂਲੀਆਰਾ, ਏ.; ਰੈਪਨੈਕਰ, ਏ. (4) ਗ੍ਰੇ, ਐੱਸ.; ਵੌਸਕ, ਕੇ.; ਫ਼ਲੈਮਿੰਗ, ਐੱਮ.; ਬੈਥਲ, ਐੱਲ.; ਹਰਮੈਂਸਨ, ਟੀ.; ਹਰਮੈਂਸਨ, ਪੀ. (5) ਰੈਪਨੈਕਰ, ਜੀ.; ਲੋਹਨ, ਡੀ.; ਡਿਕੀ, ਐੱਸ.; ਕਿਮ, ਸੀ.; ਟ੍ਰੇਹਨ, ਏ.; ਵਾਸ਼ਿੰਗਟਨ, ਏ.; ਸਮਾਰਟ, ਐੱਸ. (6) ਗੋਲਰ, ਐੱਲ.; ਬਰਗਹੋਫ਼ਰ, ਟੀ.; ਗੂਲੀਆਰਾ, ਡੀ.; ਨਿਕੱਲਜ਼, ਆਰ.; ਵਾਸ਼ਿੰਗਟਨ, ਐੱਸ.; ਕਿਮ, ਜੇ. (7) ਬੈਕੱਟ, ਐੱਮ.; ਡਿਕੀ, ਜੇ.; ਸਮਿਥ, ਆਰ.; ਗਾਰਸੀਆ, ਆਰ.; ਹੌਫ਼ਮਨ, ਏ.; ਸੀਫ਼ਰਟ, ਆਰ.; ਬਰਾਊਨ, ਐੱਚ. (8) ਫ਼ਲੈਮਿੰਗ, ਐੱਸ.; ਬਰੂਜ਼ੀਜ਼ੀ, ਪੀ.; ਬਰਗਹੋਫ਼ਰ, ਡਬਲਯੂ.; ਬੈਥਲ, ਟੀ.; ਕੈਸ਼ਮਨ, ਜੇ.; ਵੌਸਕ, ਕੇ.