ਸ਼ਾਹੀ ਬਾਈਬਲ ਅਨੁਵਾਦ ਦੀ ਕਲਾ ਦਾ ਉੱਤਮ ਨਮੂਨਾ
ਇਹ 16ਵੀਂ ਸਦੀ ਦੀ ਗੱਲ ਹੈ। ਸਪੇਨ ਤੋਂ ਰਵਾਨਾ ਹੋਇਆ ਇਕ ਸਮੁੰਦਰੀ ਜਹਾਜ਼ ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਦੀਆਂ ਤਕਰੀਬਨ ਸਾਰੀਆਂ ਕਾਪੀਆਂ ਇਟਲੀ ਲੈ ਜਾ ਰਿਹਾ ਸੀ ਜੋ ਸੰਨ 1514 ਤੋਂ 1517 ਦੌਰਾਨ ਛਾਪੀਆਂ ਗਈਆਂ ਸਨ। ਰਾਹ ਵਿਚ ਅਚਾਨਕ ਜਹਾਜ਼ ਨੂੰ ਇਕ ਭਿਆਨਕ ਤੂਫ਼ਾਨ ਨੇ ਆ ਘੇਰਿਆ। ਮਲਾਹਾਂ ਨੇ ਜਹਾਜ਼ ਨੂੰ ਬਚਾਉਣ ਲਈ ਬੜੀ ਜੱਦੋ-ਜਹਿਦ ਕੀਤੀ, ਪਰ ਅਫ਼ਸੋਸ, ਸਮੁੰਦਰ ਨੇ ਜਹਾਜ਼ ਅਤੇ ਉਸ ਵਿਚਲੀਆਂ ਸਾਰੀਆਂ ਬਾਈਬਲਾਂ ਨੂੰ ਨਿਗਲ ਲਿਆ।
ਇਸ ਵੱਡੇ ਨੁਕਸਾਨ ਤੋਂ ਬਾਅਦ ਵਿਦਵਾਨਾਂ ਨੇ ਇਕ ਨਵੀਂ ਪੌਲੀਗਲੋਟ ਬਾਈਬਲ ਤਿਆਰ ਕਰਨ ਦੀ ਲੋੜ ਮਹਿਸੂਸ ਕੀਤੀ। ਆਖ਼ਰਕਾਰ, ਇਕ ਮਾਹਰ ਛਾਪਕ ਕ੍ਰੀਸਤੋਫ਼ ਪਲਾਨਤੇਨ ਇਕ ਨਵੀਂ ਬਾਈਬਲ ਤਿਆਰ ਕਰਨ ਦੀ ਭਾਰੀ ਜ਼ਿੰਮੇਵਾਰੀ ਚੁੱਕਣ ਲਈ ਰਾਜ਼ੀ ਹੋ ਗਿਆ। ਪਰ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਬਹੁਤ ਸਾਰੇ ਪੈਸੇ ਦੀ ਲੋੜ ਸੀ। ਇਸ ਲਈ ਪਲਾਨਤੇਨ ਨੇ ਸਪੇਨ ਦੇ ਰਾਜਾ ਫਿਲਿਪ ਦੂਜੇ ਤੋਂ ਮਦਦ ਮੰਗੀ। ਮਦਦ ਦੇਣ ਤੋਂ ਪਹਿਲਾਂ ਰਾਜੇ ਨੇ ਕੁਝ ਸਪੇਨੀ ਵਿਦਵਾਨਾਂ ਦੀ ਰਾਇ ਪੁੱਛੀ। ਉਨ੍ਹਾਂ ਵਿਚ ਬੇਨਿਟੋ ਆਰਿਅਸ ਮੌਨਟਾਨੋ ਨਾਂ ਦਾ ਇਕ ਪ੍ਰਸਿੱਧ ਵਿਦਵਾਨ ਵੀ ਸੀ। ਮੌਨਟਾਨੋ ਨੇ ਰਾਜਾ ਫਿਲਿਪ ਨੂੰ ਕਿਹਾ: ‘ਇਸ ਬਾਈਬਲ ਨੂੰ ਛਪਵਾਉਣ ਨਾਲ ਤੁਹਾਨੂੰ ਨਾ ਕੇਵਲ ਰੱਬ ਦੀ ਸੇਵਾ ਕਰਨ ਅਤੇ ਰੋਮਨ ਕੈਥੋਲਿਕ ਚਰਚ ਦਾ ਭਲਾ ਕਰਨ ਦਾ ਮੌਕਾ ਮਿਲੇਗਾ, ਸਗੋਂ ਤੁਹਾਡੀ ਸ਼ੋਭਾ ਅਤੇ ਸ਼ਾਨ ਨੂੰ ਵੀ ਚਾਰ ਚੰਨ ਲੱਗਣਗੇ।’
ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਦੇ ਨਵੇਂ ਐਡੀਸ਼ਨ ਨਾਲ ਸਪੇਨ ਦੇ ਸਭਿਆਚਾਰ ਦਾ ਨਾਂ ਰੌਸ਼ਨ ਹੋਣਾ ਸੀ, ਇਸ ਲਈ ਰਾਜਾ ਫਿਲਿਪ ਇਸ ਕੰਮ ਦਾ ਖ਼ਰਚਾ ਚੁੱਕਣ ਲਈ ਰਾਜ਼ੀ ਹੋ ਗਿਆ। ਫਿਲਿਪ ਨੇ ਆਰਿਅਸ ਮੌਨਟਾਨੋ ਨੂੰ ਇਸ ਬਾਈਬਲ ਦੇ ਸੰਪਾਦਨ ਦੀ ਜ਼ਿੰਮੇਵਾਰੀ ਸੌਂਪੀ। ਇਸ ਬਾਈਬਲ ਦਾ ਨਾਂ ਸ਼ਾਹੀ ਬਾਈਬਲ (ਰਾਇਲ ਬਾਈਬਲ) ਜਾਂ ਐਂਟਵਰਪ ਪੌਲੀਗਲੋਟ ਰੱਖਿਆ ਗਿਆ।a
ਫਿਲਿਪ ਨੂੰ ਇਸ ਪੌਲੀਗਲੋਟ ਬਾਈਬਲ ਵਿਚ ਇੰਨੀ ਦਿਲਚਸਪੀ ਸੀ ਕਿ ਉਸ ਨੇ ਹਰ ਸਫ਼ੇ ਦੀ ਕਾਪੀ ਮੰਗਵਾਈ। ਪਹਿਲਾਂ ਤਾਂ ਹਰ ਸਫ਼ਾ ਐਂਟਵਰਪ ਤੋਂ ਸਪੇਨ ਨੂੰ ਘੱਲਣਾ ਪੈਣਾ ਸੀ, ਫਿਰ ਰਾਜਾ ਫਿਲਿਪ ਨੇ ਇਸ ਨੂੰ ਸੁਧਾਰ ਕੇ ਵਾਪਸ ਐਂਟਵਰਪ ਭੇਜਣਾ ਸੀ। ਪਰ ਪਲਾਨਤੇਨ ਜਾਣਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਬਹੁਤ ਸਮਾਂ ਬਰਬਾਦ ਹੋਣਾ ਸੀ। ਇਸ ਲਈ ਪਹਿਲੇ ਸਫ਼ੇ ਜਾਂ ਇਕ-ਅੱਧ ਹੋਰ ਸਫ਼ਿਆਂ ਤੋਂ ਇਲਾਵਾ ਫਿਲਿਪ ਨੂੰ ਹੋਰ ਸਫ਼ੇ ਨਹੀਂ ਘੱਲੇ ਗਏ। ਇਸ ਸਮੇਂ ਦੌਰਾਨ ਮੌਨਟਾਨੋ ਲੂਵੇਂ ਸ਼ਹਿਰ ਦੇ ਤਿੰਨ ਪ੍ਰੋਫ਼ੈਸਰਾਂ ਅਤੇ ਪਲਾਨਤੇਨ ਦੀ ਲੜਕੀ ਦੀ ਮਦਦ ਨਾਲ ਪਰੂਫ-ਰੀਡਿੰਗ ਦੇ ਕੰਮ ਵਿਚ ਡਟ ਕੇ ਲੱਗਾ ਰਿਹਾ।
ਪਰਮੇਸ਼ੁਰ ਦੇ ਬਚਨ ਦਾ ਸ਼ੌਕੀਨ
ਆਰਿਅਸ ਮੌਨਟਾਨੋ ਐਂਟਵਰਪ ਦੇ ਵਿਦਵਾਨਾਂ ਨਾਲ ਜਲਦੀ ਹੀ ਘੁਲ-ਮਿਲ ਗਿਆ। ਖੁੱਲ੍ਹੇ ਵਿਚਾਰਾਂ ਵਾਲਾ ਹੋਣ ਕਰਕੇ ਮੌਨਟਾਨੋ ਨੇ ਪਲਾਨਤੇਨ ਦਾ ਦਿਲ ਜਿੱਤ ਲਿਆ ਅਤੇ ਉਹ ਪੱਕੇ ਦੋਸਤ ਬਣ ਗਏ। ਮੌਨਟਾਨੋ ਸਿਰਫ਼ ਇਕ ਕਾਬਲ ਵਿਦਵਾਨ ਹੀ ਨਹੀਂ ਸੀ, ਸਗੋਂ ਉਹ ਬਾਈਬਲ ਦਾ ਸ਼ੌਕੀਨ ਵੀ ਸੀ।b ਛੋਟੀ ਉਮਰ ਤੋਂ ਉਹ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਆਪਣਾ ਪੂਰਾ ਧਿਆਨ ਬਾਈਬਲ ਦਾ ਅਧਿਐਨ ਕਰਨ ਵਿਚ ਲਗਾਉਣਾ ਚਾਹੁੰਦਾ ਸੀ।
ਆਰਿਅਸ ਮੌਨਟਾਨੋ ਵਿਸ਼ਵਾਸ ਕਰਦਾ ਸੀ ਕਿ ਬਾਈਬਲ ਦਾ ਸਹੀ ਅਤੇ ਸ਼ਾਬਦਿਕ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਉਸ ਦਾ ਇਹੋ ਟੀਚਾ ਸੀ ਕਿ ਮੁਢਲੀਆਂ ਭਾਸ਼ਾਵਾਂ ਦਾ ਸਹੀ-ਸਹੀ ਅਨੁਵਾਦ ਕੀਤਾ ਜਾਵੇ ਤਾਂਕਿ ਪੜ੍ਹਨ ਵਾਲੇ ਨੂੰ ਰੱਬ ਦਾ ਅਸਲੀ ਸੰਦੇਸ਼ ਮਿਲ ਸਕੇ। ਮੌਨਟਾਨੋ ਦੇ ਵਿਚਾਰ ਇਰੈਸਮਸ ਦੇ ਵਿਚਾਰਾਂ ਨਾਲ ਮਿਲਦੇ ਸਨ ਜਿਸ ਨੇ ਵਿਦਵਾਨਾਂ ਨੂੰ ਸਲਾਹ ਦਿੱਤੀ ਕਿ ਉਹ ‘ਪਹਿਲੀਆਂ ਲਿਖਤਾਂ ਵਿੱਚੋਂ ਮਸੀਹ ਦਾ ਸੰਦੇਸ਼ ਦੇਣ।’। ਸਦੀਆਂ ਤੋਂ ਲੋਕ ਬਾਈਬਲ ਦਾ ਅਸਲੀ ਸੰਦੇਸ਼ ਸਮਝ ਨਾ ਸਕੇ ਕਿਉਂਕਿ ਲਾਤੀਨੀ ਭਾਸ਼ਾ ਦੀਆਂ ਬਾਈਬਲਾਂ ਨੂੰ ਸਮਝਣਾ ਬਹੁਤ ਔਖਾ ਸੀ।
ਐਂਟਵਰਪ ਪੌਲੀਗਲੋਟ ਬਾਈਬਲ ਦੀ ਰਚਨਾ
ਅਲਫੋਨਸੋ ਡ ਜ਼ਾਮੋਰਾ ਨੇ ਜੋ ਕਾਪੀਆਂ ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਦੀ ਛਪਾਈ ਲਈ ਤਿਆਰ ਕੀਤੀਆਂ ਸਨ, ਉਹ ਆਰਿਅਸ ਮੌਨਟਾਨੋ ਨੇ ਪ੍ਰਾਪਤ ਕਰ ਲਈਆਂ। ਮੌਨਟਾਨੋ ਨੇ ਇਨ੍ਹਾਂ ਕਾਪੀਆਂ ਦੀ ਮਦਦ ਨਾਲ ਸ਼ਾਹੀ ਬਾਈਬਲ ਤਿਆਰ ਕੀਤੀ।c
ਸ਼ਾਹੀ ਬਾਈਬਲ ਨੂੰ ਤਿਆਰ ਕਰਨ ਦਾ ਉਦੇਸ਼ ਸੀ ਕਿ ਇਹ ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਦਾ ਨਵਾਂ ਐਡੀਸ਼ਨ ਹੋਵੇਗਾ, ਪਰ ਇਹ ਉਸ ਨਾਲੋਂ ਕਿਤੇ ਉੱਤਮ ਸਾਬਤ ਹੋਈ। ਸ਼ਾਹੀ ਬਾਈਬਲ ਵਿਚ ਸੈਪਟੁਜਿੰਟ ਦੀਆਂ ਇਬਰਾਨੀ ਅਤੇ ਯੂਨਾਨੀ ਲਿਖਤਾਂ ਦੇ ਨਾਲ-ਨਾਲ ਹੋਰ ਲਿਖਤਾਂ ਵੀ ਪਾਈਆਂ ਗਈਆਂ ਸਨ। ਇਸ ਵਿਚ ਇਕ ਵੱਡਾ ਅਪੈਂਡਿਕਸ ਵੀ ਸੀ। ਇਹ ਨਵੀਂ ਪੌਲੀਗਲੋਟ ਬਾਈਬਲ ਅੱਠ ਜਿਲਦਾਂ ਵਿਚ ਸੀ। ਇਸ ਨੂੰ ਤਿਆਰ ਕਰਨਾ ਬਹੁਤ ਹੀ ਔਖਾ ਕੰਮ ਸੀ, ਪਰ ਫਿਰ ਵੀ ਇਸ ਦੀ ਛਪਾਈ ਕਰਨ ਨੂੰ ਸਿਰਫ਼ ਪੰਜ ਸਾਲ ਲੱਗੇ (1568 ਤੋਂ 1572)। ਇਸ ਦੀਆਂ 1,213 ਕਾਪੀਆਂ ਛਾਪੀਆਂ ਗਈਆਂ ਸਨ।
ਇਹ ਸੱਚ ਹੈ ਕਿ 1517 ਦੀ ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਨੂੰ ‘ਛਪਾਈ ਦੀ ਕਲਾ ਦਾ ਸ਼ਾਹਕਾਰ’ ਕਿਹਾ ਗਿਆ ਸੀ, ਪਰ ਐਂਟਵਰਪ ਪੌਲੀਗਲੋਟ ਤਕਨੀਕੀ ਤੌਰ ਤੇ ਅਤੇ ਹੋਰ ਗੱਲਾਂ ਵਿਚ ਵੀ ਇਸ ਨਾਲੋਂ ਕਿਤੇ ਬਿਹਤਰ ਸੀ। ਇਹ ਛਪਾਈ ਦੇ ਖੇਤਰ ਵਿਚ ਹੋਣ ਵਾਲੀ ਤਰੱਕੀ ਦਾ ਉੱਤਮ ਨਮੂਨਾ ਸੀ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਇਸ ਨੇ ਦੂਸਰੀਆਂ ਭਾਸ਼ਾਵਾਂ ਵਿਚ ਬਾਈਬਲ ਦਾ ਸਹੀ-ਸਹੀ ਅਨੁਵਾਦ ਕਰਨ ਵਿਚ ਬਹੁਤ ਮਦਦ ਕੀਤੀ।
ਬਾਈਬਲ ਦੇ ਦੁਸ਼ਮਣ
ਜਲਦੀ ਹੀ ਦੁਸ਼ਮਣਾਂ ਨੇ ਐਂਟਵਰਪ ਬਾਈਬਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਇਸ ਬਾਈਬਲ ਦੀ ਛਪਾਈ ਨੂੰ ਪੋਪ ਨੇ ਮਨਜ਼ੂਰੀ ਦਿੱਤੀ ਸੀ ਅਤੇ ਆਰਿਅਸ ਮੌਨਟਾਨੋ ਖ਼ੁਦ ਇਕ ਇੱਜ਼ਤਦਾਰ ਤੇ ਆਦਰਯੋਗ ਵਿਦਵਾਨ ਸੀ, ਫਿਰ ਵੀ ਉਸ ਉੱਤੇ ਚਰਚ-ਦਰੋਹੀ ਹੋਣ ਦਾ ਇਲਜ਼ਾਮ ਲਾਇਆ ਗਿਆ ਤੇ ਉਸ ਨੂੰ ਧਾਰਮਿਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਿਰੋਧੀਆਂ ਨੇ ਦੋਸ਼ ਲਾਇਆ ਕਿ ਮੌਨਟਾਨੋ ਨੇ ਆਪਣੇ ਅਨੁਵਾਦ ਵਿਚ ਸਾਂਟੇਸ ਪਾਨਯੀਨੋ ਨਾਂ ਦੇ ਵਿਦਵਾਨ ਦੇ ਨਵੇਂ ਲਾਤੀਨੀ ਅਨੁਵਾਦ ਨੂੰ ਸਦੀਆਂ ਪੁਰਾਣੀ ਵਲਗੇਟ ਬਾਈਬਲ ਨਾਲੋਂ ਉੱਤਮ ਦਰਜਾ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਮੌਨਟਾਨੋ ਨੇ ਬਾਈਬਲ ਦਾ ਸਹੀ-ਸਹੀ ਅਨੁਵਾਦ ਕਰਨ ਦੀ ਕੋਸ਼ਿਸ਼ ਵਿਚ ਇਬਰਾਨੀ ਅਤੇ ਯੂਨਾਨੀ ਹੱਥ-ਲਿਖਤਾਂ ਦੀ ਜਾਂਚ ਕੀਤੀ ਸੀ ਜੋ ਉਨ੍ਹਾਂ ਦੀਆਂ ਨਜ਼ਰਾਂ ਵਿਚ ਇਕ ਵੱਡਾ ਪਾਪ ਸੀ।
ਧਾਰਮਿਕ ਅਦਾਲਤ ਦਾ ਕਹਿਣਾ ਸੀ ਕਿ “ਇਸ ਬਾਈਬਲ ਨੂੰ ਆਪਣਾ ਸ਼ਾਹੀ ਨਾਂ ਦੇ ਕੇ ਅਤੇ ਇਸ ਦਾ ਖ਼ਰਚਾ ਚੁੱਕ ਕੇ ਰਾਜੇ ਨੇ ਆਪਣੀ ਸ਼ਾਨ ਘਟਾ ਲਈ ਸੀ।” ਉਨ੍ਹਾਂ ਨੇ ਇਸ ਗੱਲ ਤੇ ਅਫ਼ਸੋਸ ਜ਼ਾਹਰ ਕੀਤਾ ਕਿ ਮੌਨਟਾਨੋ ਨੇ ਕੈਥੋਲਿਕ ਚਰਚ ਦੀ ਮਾਨਤਾ-ਪ੍ਰਾਪਤ ਵਲਗੇਟ ਬਾਈਬਲ ਨੂੰ ਸਨਮਾਨ ਨਹੀਂ ਦਿੱਤਾ। ਪਰ ਉਨ੍ਹਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਮੌਨਟਾਨੋ ਅਤੇ ਉਸ ਦੀ ਪੌਲੀਗਲੋਟ ਬਾਈਬਲ ਖ਼ਿਲਾਫ਼ ਸਬੂਤ ਇਕੱਠਾ ਨਾ ਕਰ ਸਕੇ। ਅਖ਼ੀਰ ਵਿਚ ਸ਼ਾਹੀ ਬਾਈਬਲ ਬਹੁਤ ਮਸ਼ਹੂਰ ਹੋ ਗਈ ਅਤੇ ਇਸ ਨੂੰ ਅਨੇਕ ਯੂਨੀਵਰਸਿਟੀਆਂ ਵਿਚ ਵੀ ਵਰਤਿਆ ਜਾਣ ਲੱਗਾ।
ਬਾਈਬਲ ਅਨੁਵਾਦਕਾਂ ਲਈ ਇਕ ਬਰਕਤ
ਭਾਵੇਂ ਕਿ ਐਂਟਵਰਪ ਪੌਲੀਗਲੋਟ ਬਾਈਬਲ ਆਮ ਲੋਕਾਂ ਲਈ ਨਹੀਂ ਤਿਆਰ ਕੀਤੀ ਗਈ ਸੀ, ਪਰ ਇਹ ਬਾਈਬਲ ਅਨੁਵਾਦਕਾਂ ਲਈ ਇਕ ਵੱਡੀ ਬਰਕਤ ਸਾਬਤ ਹੋਈ। ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਵਾਂਗ ਇਸ ਅਨੁਵਾਦ ਨੇ ਪੁਰਾਣੀਆਂ ਲਿਖਤਾਂ ਨੂੰ ਸੁਧਾਰਨ ਵਿਚ ਬਹੁਤ ਮਦਦ ਕੀਤੀ। ਐਂਟਵਰਪ ਪੌਲੀਗਲੋਟ ਨੇ ਇਬਰਾਨੀ ਤੇ ਯੂਨਾਨੀ ਭਾਸ਼ਾਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਵੀ ਅਨੁਵਾਦਕਾਂ ਦੀ ਮਦਦ ਕੀਤੀ। ਕਈ ਮੁੱਖ ਯੂਰਪੀ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਵਾਲੇ ਅਨੁਵਾਦਕਾਂ ਨੂੰ ਵੀ ਐਂਟਵਰਪ ਪੌਲੀਗਲੋਟ ਤੋਂ ਬਹੁਤ ਮਦਦ ਮਿਲੀ। ਮਿਸਾਲ ਲਈ, ਦ ਕੇਮਬ੍ਰਿਜ ਹਿਸਟਰੀ ਆਫ਼ ਦ ਬਾਈਬਲ ਨਾਮਕ ਕਿਤਾਬ ਅਨੁਸਾਰ, ਸੰਨ 1611 ਦੇ ਕਿੰਗ ਜੇਮਜ਼ ਵਰਯਨ ਦੇ ਅਨੁਵਾਦਕਾਂ ਨੂੰ ਐਂਟਵਰਪ ਪੌਲੀਗਲੋਟ ਬਾਈਬਲ ਤੋਂ ਕਾਫ਼ੀ ਮਦਦ ਮਿਲੀ। ਇਸ ਬਾਈਬਲ ਦੀ ਮਦਦ ਨਾਲ 17ਵੀਂ ਸਦੀ ਵਿਚ ਦੋ ਹੋਰ ਪੌਲੀਗਲੋਟ ਬਾਈਬਲਾਂ ਤਿਆਰ ਕੀਤੀਆਂ ਗਈਆਂ ਸਨ।—“ਪੌਲੀਗਲੋਟ ਬਾਈਬਲ” ਨਾਮਕ ਡੱਬੀ ਦੇਖੋ।
ਐਂਟਵਰਪ ਪੌਲੀਗਲੋਟ ਬਾਈਬਲ ਦੀ ਇਕ ਖੂਬੀ ਇਹ ਸੀ ਕਿ ਇਸ ਵਿਚ ਯੂਨਾਨੀ ਸ਼ਾਸਤਰ ਦਾ ਸੀਰੀਆਈ ਅਨੁਵਾਦ ਵੀ ਮੌਜੂਦ ਸੀ ਜੋ ਯੂਰਪੀ ਵਿਦਵਾਨਾਂ ਲਈ ਬਹੁਤ ਸਹਾਇਕ ਸਾਬਤ ਹੋਇਆ। ਇਸ ਵਿਚ ਇਕ ਪਾਸੇ ਸੀਰੀਆਈ ਤਰਜਮਾ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਲਾਤੀਨੀ ਤਰਜਮਾ। ਇਸ ਤੋਂ ਅਨੁਵਾਦਕਾਂ ਨੂੰ ਬਹੁਤ ਮਦਦ ਮਿਲੀ ਕਿਉਂਕਿ ਸੀਰੀਆਈ ਬਾਈਬਲ ਯੂਨਾਨੀ ਸ਼ਾਸਤਰ ਦਾ ਸਭ ਤੋਂ ਪੁਰਾਣਾ ਅਨੁਵਾਦ ਸੀ। ਪੰਜਵੀਂ ਸਦੀ ਦਾ ਇਹ ਸੀਰੀਆਈ ਅਨੁਵਾਦ ਦੂਜੀ ਸਦੀ ਦੀਆਂ ਹੱਥ-ਲਿਖਤਾਂ ਉੱਤੇ ਆਧਾਰਿਤ ਸੀ। ਦੀ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਅਨੁਸਾਰ, ‘ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਬਾਈਬਲ ਦੀਆਂ ਪੁਰਾਣੀਆਂ ਲਿਖਤਾਂ ਦਾ ਵਿਸ਼ਲੇਸ਼ਣ ਕਰਨ ਵਿਚ ਸੀਰੀਆਈ ਅਨੁਵਾਦ ਬਹੁਤ ਮਦਦਗਾਰ ਸਾਬਤ ਹੋਇਆ ਹੈ। ਇਹ ਪ੍ਰਾਚੀਨ ਪਰੰਪਰਾ ਦਾ ਸਭ ਤੋਂ ਪੁਰਾਣਾ ਅਤੇ ਮਹੱਤਵਪੂਰਣ ਗਵਾਹ ਹੈ।’
ਨਾ ਹੀ ਸਮੁੰਦਰੀ ਤੂਫ਼ਾਨ ਅਤੇ ਨਾ ਹੀ ਧਾਰਮਿਕ ਅਦਾਲਤ ਦੀ ਵਿਰੋਧਤਾ ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਦੇ ਨਵੇਂ ਅਤੇ ਸੁਧਾਰੇ ਗਏ ਵਰਯਨ (1572 ਦੀ ਸ਼ਾਹੀ ਬਾਈਬਲ) ਦੀ ਛਪਾਈ ਨੂੰ ਰੋਕ ਸਕੇ। ਐਂਟਵਰਪ ਪੌਲੀਗਲੋਟ ਬਾਈਬਲ ਦਾ ਇਤਿਹਾਸ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਨੇਕ-ਦਿਲ ਵਿਅਕਤੀਆਂ ਨੇ ਪਰਮੇਸ਼ੁਰ ਦੇ ਬਚਨ ਨੂੰ ਸਾਂਭ ਕੇ ਰੱਖਣ ਲਈ ਬਹੁਤ ਮਿਹਨਤ ਕੀਤੀ ਹੈ।
ਇਨ੍ਹਾਂ ਵਿਅਕਤੀਆਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਸੀ ਜਾਂ ਨਹੀਂ, ਪਰ ਉਨ੍ਹਾਂ ਦੀ ਅਣਥੱਕ ਮਿਹਨਤ ਤੋਂ ਯਸਾਯਾਹ ਨਬੀ ਦੇ ਸ਼ਬਦਾਂ ਦੀ ਸੱਚਾਈ ਸਾਬਤ ਹੁੰਦੀ ਹੈ। ਯਸਾਯਾਹ ਨੇ ਤਕਰੀਬਨ ਤਿੰਨ ਹਜ਼ਾਰ ਸਾਲ ਪਹਿਲਾਂ ਲਿਖਿਆ ਸੀ: “ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”—ਯਸਾਯਾਹ 40:8.
[ਫੁਟਨੋਟ]
a ਇਸ ਨੂੰ ਸ਼ਾਹੀ ਬਾਈਬਲ ਇਸ ਲਈ ਕਿਹਾ ਗਿਆ ਸੀ ਕਿਉਂਕਿ ਇਸ ਦਾ ਖ਼ਰਚਾ ਰਾਜਾ ਫਿਲਿਪ ਨੇ ਚੁੱਕਿਆ ਸੀ ਅਤੇ ਇਸ ਨੂੰ ਐਂਟਵਰਪ ਪੌਲੀਗਲੋਟ ਦਾ ਨਾਂ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਇਹ ਐਂਟਵਰਪ ਸ਼ਹਿਰ ਵਿਚ ਛਾਪੀ ਗਈ ਸੀ, ਜੋ ਸ਼ਹਿਰ ਉਸ ਸਮੇਂ ਸਪੇਨੀ ਸਾਮਰਾਜ ਦਾ ਹਿੱਸਾ ਸੀ।
b ਮੌਨਟਾਨੋ ਕਾਫ਼ੀ ਪੜ੍ਹਿਆ-ਲਿਖਿਆ ਬੰਦਾ ਸੀ। ਉਹ ਅਰਬੀ, ਯੂਨਾਨੀ, ਇਬਰਾਨੀ, ਲਾਤੀਨੀ ਅਤੇ ਸੀਰੀਆਈ ਭਾਸ਼ਾਵਾਂ ਚੰਗੀ ਤਰ੍ਹਾਂ ਜਾਣਦਾ ਸੀ। ਇਹ ਪੰਜ ਭਾਸ਼ਾਵਾਂ ਪੌਲੀਗਲੋਟ ਬਾਈਬਲ ਵਿਚ ਵਰਤੀਆਂ ਗਈਆਂ ਮੁੱਖ ਭਾਸ਼ਾਵਾਂ ਸਨ। ਇਸ ਦੇ ਨਾਲ-ਨਾਲ ਮੌਨਟਾਨੋ ਨੂੰ ਪੁਰਾਤੱਤਵ-ਵਿਗਿਆਨ, ਡਾਕਟਰੀ ਵਿਗਿਆਨ, ਕੁਦਰਤੀ-ਵਿਗਿਆਨ ਅਤੇ ਧਰਮ-ਸ਼ਾਸਤਰ ਬਾਰੇ ਵੀ ਕਾਫ਼ੀ ਕੁਝ ਪਤਾ ਸੀ। ਇਹ ਸਾਰਾ ਗਿਆਨ ਪੌਲੀਗਲੋਟ ਬਾਈਬਲ ਦਾ ਅਪੈਂਡਿਕਸ ਤਿਆਰ ਕਰਨ ਵਿਚ ਮੌਨਟਾਨੋ ਦੇ ਬਹੁਤ ਕੰਮ ਆਇਆ।
c ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਦੀ ਅਹਿਮੀਅਤ ਬਾਰੇ ਜਾਣਨ ਲਈ 15 ਅਪ੍ਰੈਲ 2004 ਦਾ ਪਹਿਰਾਬੁਰਜ ਦੇਖੋ।
[ਸਫ਼ੇ 13 ਉੱਤੇ ਸੁਰਖੀ]
“ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ”
[Box/Pictures on page 12]
ਪੌਲੀਗਲੋਟ ਬਾਈਬਲ
ਸਪੇਨੀ ਵਿਦਵਾਨ ਫੇਡੇਰੀਕੋ ਪੇਰੇਜ਼ ਕੈਸਟ੍ਰੋ ਸਮਝਾਉਂਦਾ ਹੈ ਕਿ “ਬਹੁ-ਭਾਸ਼ੀ ਬਾਈਬਲ ਨੂੰ ਪੌਲੀਗਲੋਟ ਬਾਈਬਲ ਕਹਿੰਦੇ ਹਨ। ਪਰ ਰਵਾਇਤੀ ਤੌਰ ਤੇ ਸਿਰਫ਼ ਉਹੋ ਬਾਈਬਲਾਂ ਪੌਲੀਗਲੋਟ ਕਹਾਉਂਦੀਆਂ ਹਨ ਜਿਨ੍ਹਾਂ ਵਿਚ ਬਾਈਬਲ ਦੀਆਂ ਮੁਢਲੀਆਂ ਭਾਸ਼ਾਵਾਂ ਦੀਆਂ ਲਿਖਤਾਂ ਪਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਬਾਈਬਲਾਂ ਬਹੁਤ ਹੀ ਘੱਟ ਹਨ।”
1. ਕੋਮਪਲੂਟੈਂਸੀਅਨ ਪੌਲੀਗਲੋਟ (1514-17): ਇਸ ਦੀ ਜ਼ਿੰਮੇਵਾਰੀ ਕਾਰਡੀਨਲ ਥਿਸਨੇਰੋਸ ਨੇ ਲਈ ਸੀ। ਇਸ ਦੀ ਛਪਾਈ ਸਪੇਨ ਦੇ ਆਲਕਾਲਾ ਡੇ ਅਨਾਰੇਸ ਸ਼ਹਿਰ ਵਿਚ ਕੀਤੀ ਗਈ ਸੀ। ਛੇ ਜਿਲਦਾਂ ਵਾਲੀ ਇਸ ਬਾਈਬਲ ਵਿਚ ਚਾਰ ਭਾਸ਼ਾਵਾਂ ਦੇ ਅਨੁਵਾਦ ਸਨ: ਇਬਰਾਨੀ, ਯੂਨਾਨੀ, ਅਰਾਮੀ ਅਤੇ ਲਾਤੀਨੀ। ਇਸ ਬਾਈਬਲ ਦੇ ਆਧਾਰ ਤੇ 16ਵੀਂ ਸਦੀ ਦੇ ਅਨੁਵਾਦਕਾਂ ਨੇ ਦੂਸਰੀਆਂ ਭਾਸ਼ਾਵਾਂ ਵਿਚ ਬਾਈਬਲ ਦਾ ਤਰਜਮਾ ਕੀਤਾ।
2. ਐਂਟਵਰਪ ਪੌਲੀਗਲੋਟ (1568-72): ਇਸ ਦਾ ਸੰਪਾਦਨ ਬੇਨਿਟੋ ਆਰਿਅਸ ਮੌਨਟਾਨੋ ਨੇ ਕੀਤਾ ਸੀ। ਇਸ ਵਿਚ ਕੋਮਪਲੂਟੈਂਸੀਅਨ ਪੌਲੀਗਲੋਟ ਦੀਆਂ ਲਿਖਤਾਂ ਦੇ ਨਾਲ-ਨਾਲ ਯੂਨਾਨੀ ਸ਼ਾਸਤਰ ਦਾ ਸੀਰੀਆਈ ਅਨੁਵਾਦ ਅਤੇ ਜੋਨਾਥਨ ਦੁਆਰਾ ਕੀਤਾ ਗਿਆ ਅਰਾਮੀ ਅਨੁਵਾਦ ਵੀ ਪਾਇਆ ਗਿਆ ਹੈ। ਇਬਰਾਨੀ ਅਨੁਵਾਦ ਵਿਚ ਜੈਕਬ ਬੇਨ ਹਾਯੀਮ ਦੀਆਂ ਇਬਰਾਨੀ ਲਿਖਤਾਂ ਦੇ ਆਧਾਰ ਤੇ ਸ੍ਵਰ-ਚਿੰਨ੍ਹ ਅਤੇ ਉਚਾਰਣ-ਚਿੰਨ੍ਹ ਪਾਏ ਗਏ ਸਨ। ਬਾਈਬਲ ਦੇ ਅਨੁਵਾਦਕ ਇਬਰਾਨੀ ਸ਼ਾਸਤਰ ਦਾ ਅਨੁਵਾਦ ਕਰਨ ਲਈ ਐਂਟਵਰਪ ਪੌਲੀਗਲੋਟ ਹੀ ਵਰਤਦੇ ਸਨ।
3. ਪੈਰਿਸ ਪੌਲੀਗਲੋਟ (1629-45): ਇਸ ਦੀ ਜ਼ਿੰਮੇਵਾਰੀ ਗੀ ਮੀਸ਼ੇਲ ਲ ਜੇ ਨੇ ਲਈ ਸੀ, ਜੋ ਇਕ ਫਰਾਂਸੀਸੀ ਵਕੀਲ ਸੀ। ਇਹ ਐਂਟਵਰਪ ਪੌਲੀਗਲੋਟ ਦੇ ਨਮੂਨੇ ਤੇ ਤਿਆਰ ਕੀਤੀ ਗਈ ਸੀ, ਲੇਕਿਨ ਇਸ ਵਿਚ ਸਾਮਰੀ ਅਤੇ ਅਰਬੀ ਲਿਖਤਾਂ ਵੀ ਸ਼ਾਮਲ ਸਨ।
4. ਲੰਡਨ ਪੌਲੀਗਲੋਟ (1655-57): ਇਸ ਦਾ ਸੰਪਾਦਨ ਬ੍ਰਾਈਅਨ ਵਾਲਟਨ ਨੇ ਕੀਤਾ ਸੀ। ਇਹ ਵੀ ਐਂਟਵਰਪ ਪੌਲੀਗਲੋਟ ਦੇ ਆਧਾਰ ਤੇ ਤਿਆਰ ਕੀਤਾ ਗਿਆ ਸੀ। ਇਸ ਪੌਲੀਗਲੋਟ ਵਿਚ ਬਾਈਬਲ ਦੇ ਇਥੋਪੀਆਈ ਅਤੇ ਫ਼ਾਰਸੀ ਭਾਸ਼ਾ ਦੇ ਪ੍ਰਾਚੀਨ ਅਨੁਵਾਦ ਵੀ ਸ਼ਾਮਲ ਸਨ, ਭਾਵੇਂ ਕਿ ਇਹ ਸਮਝਣੇ ਸੌਖੇ ਨਹੀਂ ਸਨ।
[ਕ੍ਰੈਡਿਟ ਲਾਈਨ]
Banner and Antwerp Polyglots (two underneath): Biblioteca Histórica. Universidad Complutense de Madrid; Antwerp Polyglot (on top): By courtesy of Museum Plantin-Moretus/Stedelijk Prentenkabinet Antwerpen; London Polyglot: From the book The Walton Polyglot Bible, Vol. III, 1655-1657
[ਸਫ਼ੇ 9 ਉੱਤੇ ਤਸਵੀਰ]
ਸਪੇਨ ਦਾ ਰਾਜਾ ਫਿਲਿਪ ਦੂਜਾ
[ਕ੍ਰੈਡਿਟ ਲਾਈਨ]
Philip II: Biblioteca Nacional, Madrid
[ਸਫ਼ੇ 10 ਉੱਤੇ ਤਸਵੀਰ]
ਆਰਿਅਸ ਮੌਨਟਾਨੋ
[ਕ੍ਰੈਡਿਟ ਲਾਈਨ]
Montano: Biblioteca Histórica. Universidad Complutense de Madrid
[ਸਫ਼ੇ 10 ਉੱਤੇ ਤਸਵੀਰ]
ਬੈਲਜੀਅਮ ਦੇ ਐਂਟਵਰਪ ਸ਼ਹਿਰ ਵਿਚ ਛਪਾਈ ਦੀਆਂ ਮਸ਼ੀਨਾਂ
[ਕ੍ਰੈਡਿਟ ਲਾਈਨ]
Press:By courtesy of Museum Plantin-oretus/Stedelijk Prentenkabinet Antwerpen
[ਸਫ਼ੇ 11 ਉੱਤੇ ਤਸਵੀਰਾਂ]
ਖੱਬੇ: ਕ੍ਰੀਸਤੋਫ਼ ਪਲਾਨਤੇਨ ਅਤੇ ਐਂਟਵਰਪ ਪੌਲੀਗਲੋਟ ਦਾ ਪਹਿਲਾ ਸਫ਼ਾ
[ਕ੍ਰੈਡਿਟ ਲਾਈਨ]
Title page and Plantin:By courtesy of Museum Plantin-oretus/Stedelijk Prentenkabinet Antwerpen
[ਸਫ਼ੇ 11 ਉੱਤੇ ਤਸਵੀਰ]
ਉੱਪਰ: ਕੂਚ ਦੇ 15ਵੇਂ ਅਧਿਆਇ ਦੇ ਚਾਰ ਕਾਲਮ
[ਸਫ਼ੇ 9 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Title page and Plantin:By courtesy of Museum Plantin-oretus/Stedelijk Prentenkabinet Antwerpen
[ਸਫ਼ੇ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Biblioteca Histórica.Universidad Complutense de Madrid