ਆਪਣੇ ਅੰਦਰ ਨਿਮਰਤਾ ਪੈਦਾ ਕਰੋ
“ ਦੀਨਾਂ ਨੂੰ ਤੂੰ ਬਚਾਉਂਦਾ ਹੈਂ।”—2 ਸਮੂਏਲ 22:28, ਪਵਿੱਤਰ ਬਾਈਬਲ ਨਵਾਂ ਅਨੁਵਾਦ।
1, 2. ਦੁਨੀਆਂ ਦੇ ਕਈ ਰਾਜਿਆਂ ਵਿਚ ਕਿਹੜੀ ਇਕ ਗੱਲ ਦੇਖੀ ਜਾ ਸਕਦੀ ਸੀ?
ਮਿਸਰ ਦੇ ਪੈਰਾਮਿਡ ਪ੍ਰਾਚੀਨ ਮਿਸਰੀ ਰਾਜਿਆਂ ਦੀ ਸ਼ਾਨ ਦੀ ਗਵਾਹੀ ਭਰਦੇ ਹਨ। ਇਤਿਹਾਸ ਉੱਤੇ ਆਪਣੀ ਮੁਹਰ ਲਾਉਣ ਵਾਲੇ ਹੋਰ ਪ੍ਰਸਿੱਧ ਆਦਮੀ ਸਨ ਅੱਸ਼ੂਰ ਦਾ ਰਾਜਾ ਸਨਹੇਰੀਬ, ਯੂਨਾਨ ਦਾ ਸਿਕੰਦਰ ਮਹਾਨ ਅਤੇ ਰੋਮ ਦਾ ਜੂਲੀਅਸ ਕੈਸਰ। ਇਨ੍ਹਾਂ ਸਾਰਿਆਂ ਵਿਚ ਇਕ ਗੱਲ ਦੇਖੀ ਜਾ ਸਕਦੀ ਸੀ। ਇਹ ਨਿਮਰ ਇਨਸਾਨ ਨਹੀਂ ਸਨ।—ਮੱਤੀ 20:25, 26.
2 ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਨ੍ਹਾਂ ਰਾਜਿਆਂ ਨੇ ਕਦੇ ਦੀਨ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਹੋਵੇਗਾ? ਬਿਲਕੁਲ ਨਹੀਂ! ਨਾ ਹੀ ਉਨ੍ਹਾਂ ਨੇ ਕਦੇ ਗ਼ਰੀਬਾਂ ਦੇ ਦਰ ਤੇ ਜਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਹੋਵੇਗਾ। ਗ਼ਰੀਬਾਂ ਬਾਰੇ ਇਨ੍ਹਾਂ ਆਦਮੀਆਂ ਦਾ ਵਿਚਾਰ ਸਾਰੇ ਜਹਾਨ ਦੇ ਰਾਜੇ ਯਹੋਵਾਹ ਪਰਮੇਸ਼ੁਰ ਤੋਂ ਕਿੰਨਾ ਵੱਖਰਾ ਸੀ!
ਨਿਮਰਤਾ ਦੀ ਉੱਤਮ ਮਿਸਾਲ
3. ਅੱਤ ਮਹਾਨ ਰਾਜਾ ਯਹੋਵਾਹ ਇਨਸਾਨਾਂ ਨਾਲ ਕਿਵੇਂ ਪੇਸ਼ ਆਉਂਦਾ ਹੈ?
3 ਯਹੋਵਾਹ ਅੱਤ ਮਹਾਨ ਹੈ, ਫਿਰ ਵੀ ਉਸ ਦੀਆਂ “ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਜਦ ਯਹੋਵਾਹ ਦੇਖਦਾ ਹੈ ਕਿ ਦੁੱਖਾਂ ਕਰਕੇ ਉਸ ਦੇ ਸੇਵਕਾਂ ਦਾ ਮਨ ਕੁਚਲਿਆ ਗਿਆ ਹੈ, ਤਾਂ ਉਹ ਕੀ ਕਰਦਾ ਹੈ? ਉਹ ਅਜਿਹੇ ਲੋਕਾਂ ਨਾਲ “ਵੱਸਦਾ” ਹੈ, ਯਾਨੀ ਉਹ ਆਪਣੀ ਪਵਿੱਤਰ ਆਤਮਾ ਰਾਹੀਂ ‘ਅੱਝਿਆਂ ਦੇ ਆਤਮਾ ਨੂੰ ਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਉਂਦਾ ਹੈ।’ (ਯਸਾਯਾਹ 57:15) ਇਸ ਤਰ੍ਹਾਂ ਉਸ ਦੇ ਸੇਵਕਾਂ ਨੂੰ ਫਿਰ ਤੋਂ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਨ ਦੀ ਤਾਕਤ ਮਿਲਦੀ ਹੈ। ਯਹੋਵਾਹ ਸੱਚ-ਮੁੱਚ ਕਿੰਨਾ ਨਿਮਰ ਪਰਮੇਸ਼ੁਰ ਹੈ!
4, 5. (ੳ) ਜ਼ਬੂਰਾਂ ਦੇ ਲਿਖਾਰੀ ਨੇ ਅੱਤ ਮਹਾਨ ਪਰਮੇਸ਼ੁਰ ਬਾਰੇ ਕੀ ਲਿਖਿਆ ਸੀ? (ਅ) ਪਰਮੇਸ਼ੁਰ ਦਾ “ਆਪਣੇ ਆਪ ਨੂੰ ਨੀਵਿਆਂ” ਕਰਨ ਦਾ ਕੀ ਮਤਲਬ ਹੈ?
4 ਵਿਸ਼ਵ ਵਿਚ ਹੋਰ ਕਿਸੇ ਨੇ ਵੀ ਅੱਤ ਮਹਾਨ ਯਹੋਵਾਹ ਵਾਂਗ ਆਪਣੇ ਆਪ ਨੂੰ ਨੀਵਾਂ ਕਰ ਕੇ ਪਾਪੀ ਇਨਸਾਨਾਂ ਦੀ ਮਦਦ ਨਹੀਂ ਕੀਤੀ। ਇਸ ਲਈ ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਯਹੋਵਾਹ ਸਭ ਕੌਮਾਂ ਉੱਤੇ ਮਹਾਨ ਹੈ, ਉਹ ਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ। ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ? ਜਿਹੜਾ ਉਚਿਆਈ ਤੇ ਵੱਸਦਾ ਹੈ, ਜਿਹੜਾ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਭਈ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ, ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 113:4-7.
5 ਯਹੋਵਾਹ ਸ਼ੁੱਧ ਅਤੇ ਪਵਿੱਤਰ ਹੈ ਜਿਸ ਕਰਕੇ ਉਸ ਵਿਚ “ਹੰਕਾਰ” ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। (ਮਰਕੁਸ 7:22, 23) “ਆਪਣੇ ਆਪ ਨੂੰ ਨੀਵਿਆਂ” ਕਰਨ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਆਪਣੇ ਆਪ ਨੂੰ ਘੱਟ ਹੈਸੀਅਤ ਵਾਲੇ ਵਿਅਕਤੀ ਦੇ ਦਰਜੇ ਤੇ ਲਿਆਉਣਾ ਜਾਂ ਉੱਚੀ ਪਦਵੀ ਹੋਣ ਦੇ ਬਾਵਜੂਦ ਕਿਸੇ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ। ਜ਼ਬੂਰ 113:6 ਵਿਚ ਸਾਡੇ ਨਿਮਰ ਪਰਮੇਸ਼ੁਰ ਦੀ ਕਿੰਨੀ ਵਧੀਆ ਤਸਵੀਰ ਪੇਸ਼ ਕੀਤੀ ਗਈ ਹੈ! ਉਹ ਆਪਣੇ ਆਪ ਨੂੰ ਨੀਵਾਂ ਕਰ ਕੇ ਬੜੇ ਪਿਆਰ ਨਾਲ ਆਪਣੇ ਨਾਮੁਕੰਮਲ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ।—2 ਸਮੂਏਲ 22:36.
ਯਿਸੂ ਨਿਮਰ ਸੀ
6. ਯਹੋਵਾਹ ਦੀ ਨਿਮਰਤਾ ਦਾ ਸਭ ਤੋਂ ਵੱਡਾ ਸਬੂਤ ਕੀ ਹੈ?
6 ਪਰਮੇਸ਼ੁਰ ਦੀ ਨਿਮਰਤਾ ਤੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਕੀ ਹੈ? ਉਸ ਨੇ ਆਪਣੇ ਪਿਆਰੇ ਜੇਠੇ ਪੁੱਤਰ ਨੂੰ ਧਰਤੀ ਉੱਤੇ ਜਨਮ ਲੈਣ ਅਤੇ ਇਨਸਾਨਾਂ ਨੂੰ ਮੁਕਤੀ ਦੇਣ ਲਈ ਘੱਲਿਆ। (ਯੂਹੰਨਾ 3:16) ਯਿਸੂ ਨੇ ਸਾਨੂੰ ਆਪਣੇ ਸਵਰਗੀ ਪਿਤਾ ਬਾਰੇ ਸੱਚਾਈ ਸਿਖਾਈ ਤੇ ਫਿਰ “ਜਗਤ ਦਾ ਪਾਪ” ਚੁੱਕਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। (ਯੂਹੰਨਾ 1:29; 18:37) ਯਿਸੂ ਆਪਣੇ ਪਿਤਾ ਯਹੋਵਾਹ ਵਾਂਗ ਨਿਮਰ ਸੀ, ਇਸ ਲਈ ਉਹ ਯਹੋਵਾਹ ਦੀ ਹਰ ਗੱਲ ਮੰਨਣ ਲਈ ਤਿਆਰ ਸੀ। ਇਸ ਤਰ੍ਹਾਂ ਯਿਸੂ ਨੇ ਨਿਮਰਤਾ ਦੀ ਵਧੀਆ ਮਿਸਾਲ ਕਾਇਮ ਕੀਤੀ। ਪਰ ਸਾਰਿਆਂ ਨੇ ਯਿਸੂ ਦੀ ਨਿਮਰਤਾ ਦੀ ਕਦਰ ਨਹੀਂ ਕੀਤੀ। ਉਸ ਦੇ ਦੁਸ਼ਮਣਾਂ ਨੇ ਉਸ ਨੂੰ ‘ਸਭਨਾਂ ਤੋਂ ਨੀਵਾਂ ਆਦਮੀ’ ਸਮਝਿਆ। (ਦਾਨੀਏਲ 4:17) ਪਰ ਪੌਲੁਸ ਰਸੂਲ ਨੂੰ ਪਤਾ ਸੀ ਕਿ ਮਸੀਹੀਆਂ ਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ ਤੇ ਇਕ-ਦੂਜੇ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।—1 ਕੁਰਿੰਥੀਆਂ 10:33; ਫ਼ਿਲਿੱਪੀਆਂ 2:3, 4.
7, 8. (ੳ) ਯਿਸੂ ਨੇ ਨਿਮਰ ਬਣਨਾ ਕਿਵੇਂ ਸਿੱਖਿਆ ਸੀ? (ਅ) ਯਿਸੂ ਨੇ ਲੋਕਾਂ ਨੂੰ ਕੀ ਕਿਹਾ ਸੀ?
7 ਪੌਲੁਸ ਨੇ ਯਿਸੂ ਦੀ ਉੱਤਮ ਮਿਸਾਲ ਉੱਤੇ ਜ਼ੋਰ ਦਿੰਦੇ ਹੋਏ ਲਿਖਿਆ: “ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ। ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।”—ਫ਼ਿਲਿੱਪੀਆਂ 2:5-8.
8 ਸਾਡੇ ਮਨ ਦੇ ਵਿਚ ਇਹ ਸਵਾਲ ਆ ਸਕਦਾ ਹੈ, ‘ਪਰ ਯਿਸੂ ਨੇ ਨਿਮਰ ਬਣਨਾ ਕਿਵੇਂ ਸਿੱਖਿਆ ਸੀ?’ ਇਹ ਆਪਣੇ ਸਵਰਗੀ ਪਿਤਾ ਨਾਲ ਅਰਬਾਂ-ਖਰਬਾਂ ਸਾਲ ਬਿਤਾਉਣ ਦਾ ਨਤੀਜਾ ਸੀ ਜਿਸ ਦੌਰਾਨ ਉਸ ਨੇ “ਰਾਜ ਮਿਸਤਰੀ” ਵਜੋਂ ਪਰਮੇਸ਼ੁਰ ਨਾਲ ਮਿਲ ਕੇ ਸਾਰੀਆਂ ਚੀਜ਼ਾਂ ਰਚੀਆਂ। (ਕਹਾਉਤਾਂ 8:30) ਅਦਨ ਵਿਚ ਜਦ ਇਨਸਾਨਾਂ ਨੇ ਪਾਪ ਕੀਤਾ, ਤਾਂ ਪਰਮੇਸ਼ੁਰ ਦੇ ਜੇਠੇ ਪੁੱਤਰ ਨੇ ਦੇਖਿਆ ਕਿ ਉਸ ਦਾ ਪਿਤਾ ਪਾਪੀ ਇਨਸਾਨਾਂ ਨਾਲ ਕਿਵੇਂ ਨਿਮਰਤਾ ਨਾਲ ਪੇਸ਼ ਆਇਆ। ਫਿਰ ਜਦ ਯਿਸੂ ਧਰਤੀ ਉੱਤੇ ਆਇਆ, ਤਾਂ ਉਸ ਨੇ ਆਪਣੇ ਪਿਤਾ ਦੀ ਨਿਮਰਤਾ ਦੀ ਰੀਸ ਕਰਦੇ ਹੋਏ ਲੋਕਾਂ ਨੂੰ ਸੱਦਾ ਦਿੱਤਾ: “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।”—ਮੱਤੀ 11:29; ਯੂਹੰਨਾ 14:9.
9. (ੳ) ਯਿਸੂ ਬੱਚਿਆਂ ਨੂੰ ਕਿਉਂ ਪਸੰਦ ਕਰਦਾ ਸੀ? (ਅ) ਇਕ ਛੋਟੇ ਬੱਚੇ ਵੱਲ ਧਿਆਨ ਖਿੱਚ ਕੇ ਯਿਸੂ ਨੇ ਕਿਹੜੀ ਗੱਲ ਸਿਖਾਈ ਸੀ?
9 ਯਿਸੂ ਦੀ ਨਿਮਰਤਾ ਦੇਖ ਕੇ ਛੋਟੇ ਬੱਚੇ ਵੀ ਉਸ ਤੋਂ ਨਹੀਂ ਡਰਦੇ ਸਨ, ਸਗੋਂ ਉਸ ਕੋਲ ਜਾਣਾ ਪਸੰਦ ਕਰਦੇ ਸਨ। ਯਿਸੂ ਵੀ ਬੱਚਿਆਂ ਵੱਲ ਪੂਰਾ ਧਿਆਨ ਦਿੰਦਾ ਸੀ ਤੇ ਉਨ੍ਹਾਂ ਨਾਲ ਲਾਡ-ਪਿਆਰ ਕਰਦਾ ਸੀ। (ਮਰਕੁਸ 10:13-16) ਯਿਸੂ ਬੱਚਿਆਂ ਨੂੰ ਪਸੰਦ ਕਿਉਂ ਕਰਦਾ ਸੀ? ਕਿਉਂਕਿ ਉਨ੍ਹਾਂ ਵਿਚ ਅਜਿਹੇ ਮਨਭਾਉਂਦੇ ਗੁਣ ਸਨ ਜੋ ਉਸ ਦੇ ਚੇਲਿਆਂ ਨੂੰ ਪੈਦਾ ਕਰਨ ਦੀ ਲੋੜ ਸੀ। ਬੱਚੇ ਵੱਡਿਆਂ ਨੂੰ ਆਪਣੇ ਨਾਲੋਂ ਸਿਆਣੇ ਸਮਝਦੇ ਹਨ। ਇਸ ਲਈ ਉਹ ਵੱਡਿਆਂ ਨੂੰ ਬਹੁਤ ਸਾਰੇ ਸਵਾਲ ਪੁੱਛਦੇ ਹਨ। ਵੱਡਿਆਂ ਦੀ ਤੁਲਨਾ ਵਿਚ ਬੱਚੇ ਸਿੱਖਣ ਲਈ ਜ਼ਿਆਦਾ ਤਿਆਰ ਰਹਿੰਦੇ ਹਨ ਤੇ ਘਮੰਡੀ ਨਹੀਂ ਹੁੰਦੇ। ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਦਾ ਧਿਆਨ ਇਕ ਛੋਟੇ ਬੱਚੇ ਵੱਲ ਖਿੱਚਦੇ ਹੋਏ ਕਿਹਾ: “ਜੇ ਤੁਸੀਂ . . . ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ।” ਉਸ ਨੇ ਅੱਗੇ ਕਿਹਾ: “ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ।” (ਮੱਤੀ 18:3, 4) ਯਿਸੂ ਨੇ ਇਹ ਅਸੂਲ ਦੱਸਿਆ: “ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।”—ਲੂਕਾ 14:11; 18:14; ਮੱਤੀ 23:12.
10. ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?
10 ਇਸ ਅਸੂਲ ਸੰਬੰਧੀ ਕਈ ਜ਼ਰੂਰੀ ਸਵਾਲ ਪੈਦਾ ਹੁੰਦੇ ਹਨ। ਜੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਕੁਝ ਹੱਦ ਤਕ ਇਸ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਨਿਮਰ ਬਣੀਏ, ਤਾਂ ਫਿਰ ਮਸੀਹੀਆਂ ਲਈ ਨਿਮਰ ਬਣਨਾ ਮੁਸ਼ਕਲ ਕਿਉਂ ਹੁੰਦਾ ਹੈ? ਹੰਕਾਰ ਨੂੰ ਛੱਡਣਾ ਅਤੇ ਨਿਮਰਤਾ ਨਾਲ ਮੁਸ਼ਕਲਾਂ ਦਾ ਹੱਲ ਲੱਭਣਾ ਇੰਨਾ ਔਖਾ ਕਿਉਂ ਹੈ? ਨਿਮਰਤਾ ਪੈਦਾ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?—ਯਾਕੂਬ 4:6, 10.
ਨਿਮਰ ਬਣਨਾ ਇੰਨਾ ਮੁਸ਼ਕਲ ਕਿਉਂ ਹੈ?
11. ਸਾਡੇ ਲਈ ਨਿਮਰ ਬਣਨਾ ਇੰਨਾ ਮੁਸ਼ਕਲ ਕਿਉਂ ਹੈ?
11 ਜੇ ਤੁਹਾਨੂੰ ਨਿਮਰ ਬਣਨਾ ਔਖਾ ਲੱਗਦਾ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਸਾਲ 1920 ਵਿਚ ਇਸ ਰਸਾਲੇ ਵਿਚ ਨਿਮਰ ਬਣਨ ਦੀ ਬਾਈਬਲ ਦੀ ਸਲਾਹ ਉੱਤੇ ਚਰਚਾ ਕੀਤੀ ਗਈ ਸੀ। ਉਸ ਲੇਖ ਵਿਚ ਲਿਖਿਆ ਸੀ: “ਪ੍ਰਭੂ ਦੀਆਂ ਨਜ਼ਰਾਂ ਵਿਚ ਨਿਮਰਤਾ ਬਹੁਤ ਅਹਿਮੀਅਤ ਰੱਖਦੀ ਹੈ। ਇਸ ਤੋਂ ਸਾਰੇ ਸੱਚੇ ਮਸੀਹੀਆਂ ਨੂੰ ਨਿਮਰਤਾ ਪੈਦਾ ਕਰਨ ਦੀ ਪ੍ਰੇਰਣਾ ਮਿਲਣੀ ਚਾਹੀਦੀ ਹੈ।” ਫਿਰ ਲੇਖ ਵਿਚ ਇਹ ਗੱਲ ਕਬੂਲ ਕੀਤੀ ਗਈ ਸੀ: “ਭਾਵੇਂ ਬਾਈਬਲ ਵਿਚ ਸਾਨੂੰ ਨਿਮਰ ਬਣਨ ਦੀ ਸਲਾਹ ਦਿੱਤੀ ਗਈ ਹੈ, ਪਰ ਪਾਪੀ ਸੁਭਾਅ ਹੋਣ ਕਰਕੇ ਪ੍ਰਭੂ ਦੇ ਸੇਵਕਾਂ ਨੂੰ ਘਮੰਡੀ ਨਾ ਬਣਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਹੋਰਨਾਂ ਗੁਣਾਂ ਨਾਲੋਂ ਇਹ ਗੁਣ ਪੈਦਾ ਕਰਨਾ ਉਨ੍ਹਾਂ ਨੂੰ ਜ਼ਿਆਦਾ ਮੁਸ਼ਕਲ ਲੱਗਦਾ ਹੈ।” ਕੀ ਤੁਸੀਂ ਧਿਆਨ ਦਿੱਤਾ ਕਿ ਨਿਮਰ ਬਣਨਾ ਇੰਨਾ ਮੁਸ਼ਕਲ ਕਿਉਂ ਹੈ? ਇਕ ਕਾਰਨ ਹੈ ਇਨਸਾਨਾਂ ਦਾ ਪਾਪੀ ਸੁਭਾਅ ਜਿਸ ਕਰਕੇ ਸਾਰੇ ਆਪਣੀ ਵਡਿਆਈ ਕਰਾਉਣੀ ਚਾਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਅਸੀਂ ਪਹਿਲੇ ਪਾਪੀ ਜੋੜੇ, ਆਦਮ ਤੇ ਹੱਵਾਹ, ਦੀ ਔਲਾਦ ਹਾਂ ਜੋ ਖ਼ੁਦਗਰਜ਼ ਬਣ ਗਏ ਸਨ।—ਰੋਮੀਆਂ 5:12.
12, 13. (ੳ) ਇਸ ਦੁਨੀਆਂ ਵਿਚ ਮਸੀਹੀਆਂ ਲਈ ਨਿਮਰ ਬਣਨਾ ਕਿਉਂ ਮੁਸ਼ਕਲ ਹੈ? (ਅ) ਕੌਣ ਸਾਨੂੰ ਨਿਮਰ ਬਣਨ ਤੋਂ ਰੋਕਦਾ ਹੈ?
12 ਨਿਮਰ ਬਣਨ ਵਿਚ ਮੁਸ਼ਕਲ ਆਉਣ ਦਾ ਦੂਜਾ ਕਾਰਨ ਹੈ ਕਿ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕਾਂ ਨੂੰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਬਿਹਤਰ ਸਮਝਣਾ ਸਿਖਾਇਆ ਜਾਂਦਾ ਹੈ। ਲੋਕਾਂ ਨੂੰ ਆਪਣੀਆਂ ਚਾਹਤਾਂ ਪੂਰੀਆਂ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਸੁੱਝਦਾ। ਉਨ੍ਹਾਂ ਲਈ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ” ਹੀ ਸਭ ਕੁਝ ਹੈ। (1 ਯੂਹੰਨਾ 2:16) ਪਰ ਇਸ ਦੇ ਉਲਟ ਯਿਸੂ ਦੇ ਚੇਲਿਆਂ ਨੂੰ ਸਾਦਾ ਜੀਵਨ ਜੀਣਾ ਚਾਹੀਦਾ ਅਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੀਦੀ ਹੈ।—ਮੱਤੀ 6:22-24, 31-33; 1 ਯੂਹੰਨਾ 2:17.
13 ਨਿਮਰਤਾ ਪੈਦਾ ਕਰਨੀ ਅਤੇ ਨਿਮਰ ਬਣੇ ਰਹਿਣਾ ਇਸ ਲਈ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਹੰਕਾਰ ਦਾ ਜਨਮਦਾਤਾ ਸ਼ਤਾਨ ਇਸ ਜਗਤ ਦਾ ਰਾਜਾ ਹੈ। (2 ਕੁਰਿੰਥੀਆਂ 4:4; 1 ਤਿਮੋਥਿਉਸ 3:6) ਸ਼ਤਾਨ ਚਾਹੁੰਦਾ ਹੈ ਕਿ ਸਾਰੇ ਉਸ ਵਾਂਗ ਬਣਨ। ਮਿਸਾਲ ਲਈ, ਉਹ ਯਿਸੂ ਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ” ਦੇਣ ਲਈ ਤਿਆਰ ਸੀ ਜੇ ਯਿਸੂ ਉਸ ਨੂੰ ਮੱਥਾ ਟੇਕਦਾ। ਪਰ ਯਿਸੂ ਨਿਮਰ ਰਿਹਾ ਤੇ ਉਸ ਨੇ ਸ਼ਤਾਨ ਨੂੰ ਸਾਫ਼-ਸਾਫ਼ ਨਾਂਹ ਕਰ ਦਿੱਤੀ। (ਮੱਤੀ 4:8, 10) ਸ਼ਤਾਨ ਮਸੀਹੀਆਂ ਨੂੰ ਵੀ ਆਪਣੀ ਵਡਿਆਈ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਮਸੀਹੀ ਯਿਸੂ ਦੀ ਰੀਸ ਕਰਦੇ ਹੋਏ ਸਿਰਫ਼ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ।—ਮਰਕੁਸ 10:17, 18.
ਨਿਮਰਤਾ ਪੈਦਾ ਕਰਨੀ
14. ਪੌਲੁਸ ਰਸੂਲ ਨੇ ਕਿਹੜੀ ਚੇਤਾਵਨੀ ਦਿੱਤੀ ਸੀ?
14 ਕੁਲੁੱਸੀਆਂ ਨੂੰ ਲਿਖਦੇ ਹੋਏ ਪੌਲੁਸ ਰਸੂਲ ਨੇ ਨਿਮਰਤਾ ਦਾ ਝੂਠਾ ਦਿਖਾਵਾ ਕਰਨ ਬਾਰੇ ਚੇਤਾਵਨੀ ਦਿੱਤੀ ਸੀ: “ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ।” ਅਜਿਹੇ ਲੋਕ ਸ਼ਾਇਦ ਦੂਸਰੇ ਇਨਸਾਨਾਂ ਨੂੰ ਖ਼ੁਸ਼ ਕਰਨ, ਪਰ ਉਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦੇ। ਅਸਲ ਵਿਚ ਉਹ “ਘਮੰਡ ਨਾਲ ਭਰਪੂਰ” ਹੁੰਦੇ ਹਨ। (ਕੁਲੁੱਸੀਆਂ 2:18, 23, ਈਜ਼ੀ ਟੂ ਰੀਡ ਵਰਯਨ) ਯਿਸੂ ਨੇ ਨਿਮਰ ਹੋਣ ਦਾ ਦਿਖਾਵਾ ਕਰਨ ਵਾਲਿਆਂ ਦੀਆਂ ਉਦਾਹਰਣਾਂ ਦਿੱਤੀਆਂ। ਉਸ ਨੇ ਫ਼ਰੀਸੀਆਂ ਦੀ ਨਿੰਦਿਆ ਕੀਤੀ ਕਿਉਂਕਿ ਉਹ ਦਿਖਾਵੇ ਲਈ ਖੁੱਲ੍ਹੇ-ਆਮ ਦੂਸਰਿਆਂ ਦੇ ਸਾਮ੍ਹਣੇ ਪ੍ਰਾਰਥਨਾ ਕਰਦੇ ਸਨ ਅਤੇ ਉਦਾਸ ਚਿਹਰੇ ਬਣਾ ਕੇ ਵਰਤ ਰੱਖਦੇ ਸਨ। ਇਸ ਦੇ ਉਲਟ, ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਨਿਮਰਤਾ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਮੱਤੀ 6:5, 6, 16.
15. (ੳ) ਕਿਹੜੀ ਚੀਜ਼ ਸਾਨੂੰ ਨਿਮਰ ਬਣੇ ਰਹਿਣ ਵਿਚ ਮਦਦ ਦੇਵੇਗੀ? (ਅ) ਨਿਮਰਤਾ ਦੀਆਂ ਕਿਹੜੀਆਂ ਕੁਝ ਚੰਗੀਆਂ ਉਦਾਹਰਣਾਂ ਹਨ?
15 ਕਿਹੜੀ ਚੀਜ਼ ਮਸੀਹੀਆਂ ਦੀ ਨਿਮਰ ਬਣੇ ਰਹਿਣ ਵਿਚ ਮਦਦ ਕਰੇਗੀ? ਉਹ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀਆਂ ਉੱਤਮ ਉਦਾਹਰਣਾਂ ਉੱਤੇ ਗੌਰ ਕਰ ਸਕਦੇ ਹਨ। ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਬਾਈਬਲ ਦੇ ਨਾਲ-ਨਾਲ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨ ਬਾਕਾਇਦਾ ਪੜ੍ਹਨੇ ਚਾਹੀਦੇ ਹਨ। (ਮੱਤੀ 24:45) ਇਨ੍ਹਾਂ ਦਾ ਅਧਿਐਨ ਕਰਨਾ ਖ਼ਾਸ ਕਰਕੇ ਕਲੀਸਿਯਾ ਦੇ ਜ਼ਿੰਮੇਵਾਰ ਭਰਾਵਾਂ ਲਈ ਜ਼ਰੂਰੀ ਹੈ ‘ਤਾਂ ਜੋ ਉਨ੍ਹਾਂ ਦਾ ਮਨ ਉਨ੍ਹਾਂ ਦੇ ਭਰਾਵਾਂ ਉੱਤੇ ਹੰਕਾਰ ਵਿੱਚ ਨਾ ਆ ਜਾਵੇ।’ (ਬਿਵਸਥਾ ਸਾਰ 17:19, 20; 1 ਪਤਰਸ 5:1-3) ਜ਼ਰਾ ਰੂਥ, ਹੰਨਾਹ, ਇਲੀਸਬਤ ਤੇ ਹੋਰਨਾਂ ਦੀਆਂ ਉਦਾਹਰਣਾਂ ਉੱਤੇ ਗੌਰ ਕਰੋ ਜਿਨ੍ਹਾਂ ਨੂੰ ਨਿਮਰ ਹੋਣ ਕਰਕੇ ਬਰਕਤਾਂ ਮਿਲੀਆਂ ਸਨ। (ਰੂਥ 1:16, 17; 1 ਸਮੂਏਲ 1:11, 20; ਲੂਕਾ 1:41-43) ਦਾਊਦ, ਯੋਸੀਯਾਹ, ਯੂਹੰਨਾ ਬਪਤਿਸਮਾ ਦੇਣ ਵਾਲੇ ਤੇ ਪੌਲੁਸ ਰਸੂਲ ਵਰਗੇ ਉੱਘੇ ਸੇਵਕਾਂ ਦੀਆਂ ਉਦਾਹਰਣਾਂ ਬਾਰੇ ਵੀ ਸੋਚੋ ਜੋ ਹਲੀਮੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੇ। (2 ਇਤਹਾਸ 34:1, 2, 19, 26-28; ਜ਼ਬੂਰਾਂ ਦੀ ਪੋਥੀ 131:1; ਯੂਹੰਨਾ 1:26, 27; 3:26-30; ਰਸੂਲਾਂ ਦੇ ਕਰਤੱਬ 21:20-26; 1 ਕੁਰਿੰਥੀਆਂ 15:9) ਅੱਜ ਕਲੀਸਿਯਾ ਵਿਚ ਵੀ ਅਸੀਂ ਕਈ ਨਿਮਰ ਭੈਣ-ਭਰਾਵਾਂ ਦੀਆਂ ਵਧੀਆ ਉਦਾਹਰਣਾਂ ਦੇਖਦੇ ਹਾਂ। ਇਨ੍ਹਾਂ ਸਾਰੀਆਂ ਉਦਾਹਰਣਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ “ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ” ਪੈਦਾ ਕਰਨ ਵਿਚ ਮਦਦ ਮਿਲੇਗੀ।—1 ਪਤਰਸ 5:5.
16. ਪ੍ਰਚਾਰ ਦਾ ਕੰਮ ਕਰਨ ਨਾਲ ਸਾਨੂੰ ਨਿਮਰ ਬਣੇ ਰਹਿਣ ਵਿਚ ਮਦਦ ਕਿਵੇਂ ਮਿਲਦੀ ਹੈ?
16 ਪ੍ਰਚਾਰ ਦਾ ਕੰਮ ਬਾਕਾਇਦਾ ਕਰਨ ਨਾਲ ਵੀ ਸਾਨੂੰ ਨਿਮਰ ਬਣੇ ਰਹਿਣ ਵਿਚ ਮਦਦ ਮਿਲਦੀ ਹੈ। ਜਦ ਅਸੀਂ ਘਰ-ਘਰ ਜਾ ਕੇ ਜਾਂ ਹੋਰ ਥਾਵਾਂ ਤੇ ਲੋਕਾਂ ਨੂੰ ਪ੍ਰਚਾਰ ਕਰਦੇ ਸਮੇਂ ਉਨ੍ਹਾਂ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਹਾਂ, ਤਾਂ ਉਹ ਸ਼ਾਇਦ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ। ਦੂਸਰਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦਾ ਹੈ ਜਦ ਲੋਕ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ ਜਾਂ ਸਾਨੂੰ ਰੁੱਖਾ ਜਵਾਬ ਦਿੰਦੇ ਹਨ। ਕਈ ਵਾਰ ਸਾਡੇ ਵਿਸ਼ਵਾਸਾਂ ਉੱਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਉਦੋਂ ਨਿਮਰਤਾ ਸਾਡੀ ਇਨ੍ਹਾਂ ਸਵਾਲਾਂ ਦੇ ਜਵਾਬ “ਹਲੀਮੀ ਅਤੇ ਆਦਰ ਨਾਲ” ਦੇਣ ਵਿਚ ਮਦਦ ਕਰੇਗੀ। (1 ਪਤਰਸ 3:15, 16, ਨਵਾਂ ਅਨੁਵਾਦ) ਪਰਮੇਸ਼ੁਰ ਦੇ ਨਿਮਰ ਸੇਵਕ ਹੋਰਨਾਂ ਥਾਵਾਂ ਤੇ ਪ੍ਰਚਾਰ ਕਰਨ ਲਈ ਵੀ ਗਏ ਹਨ ਜਿੱਥੇ ਲੋਕਾਂ ਦਾ ਸਭਿਆਚਾਰ ਤੇ ਰਹਿਣੀ-ਬਹਿਣੀ ਬਿਲਕੁਲ ਵੱਖਰੀ ਹੁੰਦੀ ਹੈ। ਕਈ ਪ੍ਰਚਾਰਕਾਂ ਨੇ ਹਲੀਮੀ ਨਾਲ ਨਵੀਂ ਬੋਲੀ ਸਿੱਖਣ ਵਿਚ ਪੂਰੀ ਵਾਹ ਲਾਈ ਹੈ ਤਾਂਕਿ ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਣ। ਇਹ ਵਾਕਈ ਕਾਬਲੇ-ਤਾਰੀਫ਼ ਹੈ!—ਮੱਤੀ 28:19, 20.
17. ਮਸੀਹੀਆਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਨਿਮਰਤਾ ਦੀ ਲੋੜ ਪੈਂਦੀ ਹੈ?
17 ਨਿਮਰਤਾ ਨਾਲ ਕਈਆਂ ਮਸੀਹੀਆਂ ਨੇ ਹੋਰਨਾਂ ਜ਼ਿੰਮੇਵਾਰੀਆਂ ਵੀ ਨਿਭਾਈਆਂ ਹਨ ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਬਜਾਇ ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ। ਮਿਸਾਲ ਲਈ, ਇਕ ਮਸੀਹੀ ਪਿਤਾ ਨਿਮਰਤਾ ਨਾਲ ਆਪਣੇ ਕੰਮਾਂ ਵਿੱਚੋਂ ਸਮਾਂ ਕੱਢਦਾ ਹੈ ਤੇ ਤਿਆਰੀ ਕਰ ਕੇ ਆਪਣੇ ਬੱਚਿਆਂ ਨਾਲ ਬਾਈਬਲ ਦਾ ਅਧਿਐਨ ਕਰਦਾ ਹੈ। ਇਸੇ ਤਰ੍ਹਾਂ, ਨਿਮਰਤਾ ਨਾਲ ਬੱਚੇ ਆਪਣੇ ਭੁੱਲਣਹਾਰ ਮਾਪਿਆਂ ਦਾ ਆਦਰ ਕਰਦੇ ਤੇ ਉਨ੍ਹਾਂ ਦੇ ਆਖੇ ਲੱਗਦੇ ਹਨ। (ਅਫ਼ਸੀਆਂ 6:1-4) ਜਿਨ੍ਹਾਂ ਪਤਨੀਆਂ ਦੇ ਪਤੀ ਯਹੋਵਾਹ ਨੂੰ ਨਹੀਂ ਮੰਨਦੇ, ਉਹ ਨਿਮਰਤਾ ਨਾਲ ਕਈ ਮੁਸ਼ਕਲਾਂ ਸਹਿ ਲੈਂਦੀਆਂ ਹਨ ਤਾਂਕਿ ਉਹ ‘ਆਪਣੀ ਪਵਿੱਤਰ ਚਾਲ ਢਾਲ ਤੇ ਅਦਬ ਨਾਲ’ ਆਪਣੇ ਪਤੀਆਂ ਦੇ ਦਿਲ ਜਿੱਤ ਲੈਣ। (1 ਪਤਰਸ 3:1, 2) ਨਿਮਰਤਾ ਅਤੇ ਪਿਆਰ ਨਾਲ ਮਸੀਹੀ ਆਪਣੇ ਬੀਮਾਰ ਜਾਂ ਬੁੱਢੇ ਮਾਪਿਆਂ ਦੀ ਦੇਖ-ਭਾਲ ਕਰਦੇ ਹਨ।—1 ਤਿਮੋਥਿਉਸ 5:4.
ਅਣਬਣ ਦਾ ਹੱਲ ਨਿਮਰਤਾ ਹੈ
18. ਨਿਮਰ ਬਣ ਕੇ ਕਿਸੇ ਅਣਬਣ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
18 ਪਰਮੇਸ਼ੁਰ ਦੇ ਸਾਰੇ ਸੇਵਕ ਨਾਮੁਕੰਮਲ ਤੇ ਭੁੱਲਣਹਾਰ ਹਨ। (ਯਾਕੂਬ 3:2) ਇਸ ਲਈ ਕਦੀ-ਕਦਾਈਂ ਦੋ ਮਸੀਹੀਆਂ ਵਿਚਕਾਰ ਅਣਬਣ ਜਾਂ ਗ਼ਲਤਫ਼ਹਿਮੀ ਪੈਦਾ ਹੋ ਸਕਦੀ ਹੈ। ਇਕ ਵਿਅਕਤੀ ਸ਼ਾਇਦ ਆਪਣੀ ਕਰਨੀ ਜਾਂ ਬੋਲੀ ਦੁਆਰਾ ਦੂਸਰੇ ਨੂੰ ਠੇਸ ਪਹੁੰਚਾਉਂਦਾ ਹੈ। ਆਮ ਕਰਕੇ ਇਹ ਸਲਾਹ ਲਾਗੂ ਕਰਨ ਨਾਲ ਮੁਸ਼ਕਲ ਹੱਲ ਹੋ ਸਕਦੀ ਹੈ: “ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” (ਕੁਲੁੱਸੀਆਂ 3:13) ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ, ਪਰ ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਇਸ ਸਲਾਹ ਉੱਤੇ ਜ਼ਰੂਰ ਚੱਲਾਂਗੇ।
19. ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਜਦ ਅਸੀਂ ਉਸ ਭੈਣ ਜਾਂ ਭਰਾ ਨਾਲ ਗੱਲ ਕਰਦੇ ਹਾਂ ਜਿਸ ਨਾਲ ਸਾਡੀ ਅਣਬਣ ਹੋਈ ਹੈ?
19 ਪਰ ਕਈ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਕਿਸੇ ਗੱਲ ਨੂੰ ਭੁਲਾ ਨਹੀਂ ਪਾਉਂਦੇ ਹਾਂ। ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਨਿਮਰਤਾ ਨਾਲ ਉਸ ਭੈਣ ਜਾਂ ਭਰਾ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ਨਾਲ ਸਾਡੀ ਅਣਬਣ ਹੋਈ ਹੈ। ਗੱਲ ਕਰਨ ਦਾ ਮਕਸਦ ਸੁਲ੍ਹਾ ਕਰਨੀ ਹੋਣਾ ਚਾਹੀਦਾ ਹੈ। (ਮੱਤੀ 18:15) ਕਈ ਵਾਰ ਮਸੀਹੀਆਂ ਦੇ ਆਪਸੀ ਝਗੜੇ ਇਸ ਲਈ ਨਹੀਂ ਸੁਲਝਦੇ ਕਿਉਂਕਿ ਇਕ ਜਾਂ ਦੋਵੇਂ ਮਸੀਹੀ ਆਪਣੀ ਗ਼ਲਤੀ ਮੰਨਣੀ ਨਹੀਂ ਚਾਹੁੰਦੇ। ਜੇ ਉਹ ਗੱਲ ਕਰਨ ਵਿਚ ਪਹਿਲ ਕਰਦੇ ਵੀ ਹਨ, ਤਾਂ ਉਹ ਸ਼ਾਇਦ ਆਪਣੇ ਆਪ ਨੂੰ ਸਹੀ ਤੇ ਦੂਜੇ ਨੂੰ ਗ਼ਲਤ ਸਾਬਤ ਕਰਨਾ ਚਾਹੁੰਦੇ ਹਨ। ਇਸ ਦੇ ਉਲਟ ਜੇ ਮਸੀਹੀ ਨਿਮਰਤਾ ਤੋਂ ਕੰਮ ਲੈਣ, ਤਾਂ ਉਹ ਮਸਲਾ ਸੁਲਝਾ ਸਕਦੇ ਹਨ।
20, 21. ਨਿਮਰਤਾ ਪੈਦਾ ਕਰਨ ਲਈ ਕੀ ਜ਼ਰੂਰੀ ਹੈ?
20 ਨਿਮਰਤਾ ਪੈਦਾ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਮਦਦ ਅਤੇ ਆਤਮਾ ਲਈ ਪ੍ਰਾਰਥਨਾ ਕਰੀਏ। ਪਰ ਯਾਦ ਰੱਖੋ ਕਿ “ਪਰਮੇਸ਼ੁਰ . . . ਹਲੀਮਾਂ ਉੱਤੇ ਕਿਰਪਾ ਕਰਦਾ ਹੈ” ਤੇ ਉਨ੍ਹਾਂ ਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ। (ਯਾਕੂਬ 4:6) ਸੋ ਜੇ ਕਿਸੇ ਨਾਲ ਤੁਹਾਡੀ ਅਣਬਣ ਹੋਈ ਹੈ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਹਲੀਮੀ ਨਾਲ ਇਸ ਮਾਮਲੇ ਵਿਚ ਆਪਣੀ ਗ਼ਲਤੀ ਕਬੂਲ ਕਰ ਸਕੋ, ਚਾਹੇ ਉਹ ਵੱਡੀ ਹੋਵੇ ਜਾਂ ਛੋਟੀ। ਜੇ ਤੁਹਾਨੂੰ ਦੁੱਖ ਪਹੁੰਚਾਉਣ ਵਾਲਾ ਵਿਅਕਤੀ ਦਿਲੋਂ ਮਾਫ਼ੀ ਮੰਗਦਾ ਹੈ, ਤਾਂ ਨਿਮਰ ਹੋ ਕੇ ਉਸ ਨੂੰ ਮਾਫ਼ ਕਰ ਦਿਓ। ਜੇ ਇਸ ਤਰ੍ਹਾਂ ਕਰਨਾ ਤੁਹਾਡੇ ਲਈ ਮੁਸ਼ਕਲ ਹੈ, ਤਾਂ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਦਦ ਮੰਗੋ ਕਿ ਉਹ ਤੁਹਾਡੇ ਦਿਲ ਵਿੱਚੋਂ ਹੰਕਾਰ ਕੱਢ ਦੇਵੇ।
21 ਅਸੀਂ ਨਿਮਰ ਹੋਣ ਦੇ ਕਈ ਫ਼ਾਇਦੇ ਦੇਖੇ ਹਨ। ਜੇ ਅਸੀਂ ਇਨ੍ਹਾਂ ਨੂੰ ਯਾਦ ਰੱਖਾਂਗੇ, ਤਾਂ ਸਾਨੂੰ ਨਿਮਰਤਾ ਪੈਦਾ ਕਰਨ ਤੇ ਨਿਮਰ ਬਣੇ ਰਹਿਣ ਵਿਚ ਮਦਦ ਮਿਲੇਗੀ। ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀਆਂ ਵਧੀਆ ਉਦਾਹਰਣਾਂ ਵੀ ਮਨ ਵਿਚ ਰੱਖੋ। ਯਹੋਵਾਹ ਦਾ ਵਾਅਦਾ ਕਦੀ ਨਾ ਭੁੱਲੋ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।”—ਕਹਾਉਤਾਂ 22:4.
ਇਨ੍ਹਾਂ ਸਵਾਲਾਂ ਉੱਤੇ ਸੋਚ-ਵਿਚਾਰ ਕਰੋ
• ਨਿਮਰਤਾ ਦੇ ਮਾਮਲੇ ਵਿਚ ਕਿਨ੍ਹਾਂ ਨੇ ਉੱਤਮ ਮਿਸਾਲਾਂ ਕਾਇਮ ਕੀਤੀਆਂ?
• ਨਿਮਰ ਬਣਨਾ ਇੰਨਾ ਮੁਸ਼ਕਲ ਕਿਉਂ ਹੈ?
• ਕਿਹੜੀਆਂ ਗੱਲਾਂ ਨਿਮਰ ਬਣਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ?
• ਨਿਮਰ ਬਣੇ ਰਹਿਣਾ ਇੰਨਾ ਜ਼ਰੂਰੀ ਕਿਉਂ ਹੈ?
[ਸਫ਼ੇ 26 ਉੱਤੇ ਤਸਵੀਰ]
ਯਿਸੂ ਸੱਚ-ਮੁੱਚ ਨਿਮਰ ਸੀ
[ਸਫ਼ੇ 28 ਉੱਤੇ ਤਸਵੀਰ]
ਦੁਨੀਆਂ ਲੋਕਾਂ ਨੂੰ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਿਹਤਰ ਸਾਬਤ ਕਰਨ ਦੀ ਪ੍ਰੇਰਣਾ ਦਿੰਦੀ ਹੈ
[ਕ੍ਰੈਡਿਟ ਲਾਈਨ]
WHO photo by L. Almasi/K. Hemzǒ
[ਸਫ਼ੇ 29 ਉੱਤੇ ਤਸਵੀਰ]
ਅਜਨਬੀਆਂ ਨੂੰ ਪ੍ਰਚਾਰ ਕਰਨ ਵਿਚ ਨਿਮਰਤਾ ਸਾਡੀ ਮਦਦ ਕਰੇਗੀ
[ਸਫ਼ੇ 30 ਉੱਤੇ ਤਸਵੀਰਾਂ]
ਨਿਮਰਤਾ ਸਾਨੂੰ ਪਿਆਰ ਨਾਲ ਦੂਸਰਿਆਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰਨ ਲਈ ਪ੍ਰੇਰਿਤ ਕਰਦੀ ਹੈ
[ਸਫ਼ੇ 31 ਉੱਤੇ ਤਸਵੀਰ]
ਮਸੀਹੀ ਕਈ ਤਰੀਕਿਆਂ ਨਾਲ ਨਿਮਰ ਹੋਣ ਦਾ ਸਬੂਤ ਦੇ ਸਕਦੇ ਹਨ