ਮਾਪਿਓ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰੋ
“ਮਨੋਵਿਗਿਆਨੀ ਪਿਛਲੇ ਸੌ ਕੁ ਸਾਲਾਂ ਤੋਂ ਬੱਚਿਆਂ ਦੀ ਪਰਵਰਿਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਭਾਲਦੇ ਆਏ ਹਨ, ਪਰ ਉਨ੍ਹਾਂ ਦੀ ਖੋਜ ਬੇਕਾਰ ਹੈ ਕਿਉਂਕਿ ਅਜਿਹਾ ਕੋਈ ਤਰੀਕਾ ਉਨ੍ਹਾਂ ਦੇ ਹੱਥ ਲੱਗਣ ਵਾਲਾ ਨਹੀਂ।” ਟਾਈਮ ਨਾਂ ਦੇ ਰਸਾਲੇ ਨੇ ਬੱਚਿਆਂ ਦੀ ਪਰਵਰਿਸ਼ ਬਾਰੇ ਇਕ ਕਿਤਾਬ ਵਿਚ ਆਪਣੀ ਇਹ ਰਾਇ ਪੇਸ਼ ਕੀਤੀ। ਇਹ ਕਿਤਾਬ ਕਹਿੰਦੀ ਹੈ ਕਿ ਬੱਚੇ ਮਾਪਿਆਂ ਦੀਆਂ ਕਦਰਾਂ-ਕੀਮਤਾਂ ਅਪਣਾਉਣ ਦੀ ਬਜਾਇ ਅਕਸਰ ਆਪਣੇ ਹਾਣੀਆਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ।
ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਹਾਣੀਆਂ ਦਾ ਦਬਾਅ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। (ਕਹਾਉਤਾਂ 13:20; 1 ਕੁਰਿੰਥੀਆਂ 15:33) ਇਕ ਅਖ਼ਬਾਰ ਦੇ ਕਾਲਮਨਵੀਸ ਵਿਲੀਅਮ ਬਰਾਊਨ ਦਾ ਕਹਿਣਾ ਹੈ: ‘ਨੌਜਵਾਨਾਂ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਆਪਣੇ ਦੋਸਤ-ਮਿੱਤਰਾਂ ਵਰਗੇ ਬਣਨ। ਉਹ ਕਿਸੇ ਵੀ ਹਾਲਤ ਵਿਚ ਉਨ੍ਹਾਂ ਤੋਂ ਵੱਖਰੇ ਨਜ਼ਰ ਨਹੀਂ ਆਉਣਾ ਚਾਹੁੰਦੇ।’ ਅੱਜ-ਕੱਲ੍ਹ ਮਾਂ-ਬਾਪ ਆਪਣੇ ਕੰਮਾਂ-ਕਾਰਾਂ ਵਿਚ ਇੰਨੇ ਰੁੱਝੇ ਰਹਿੰਦੇ ਹਨ ਕਿ ਉਨ੍ਹਾਂ ਕੋਲ ਨਾ ਤਾਂ ਆਪਣੇ ਬੱਚਿਆਂ ਲਈ ਸਮਾਂ ਹੁੰਦਾ ਹੈ ਅਤੇ ਨਾ ਹੀ ਉਹ ਆਪਣੇ ਪਰਿਵਾਰ ਦਾ ਮਾਹੌਲ ਖ਼ੁਸ਼ਗਵਾਰ ਜਾਂ ਪਿਆਰ ਭਰਿਆ ਬਣਾ ਪਾਉਂਦੇ ਹਨ। ਨਤੀਜੇ ਵਜੋਂ ਬੱਚਿਆਂ ਨੂੰ ਆਪਣੇ ਹਾਣੀਆਂ ਦੀ ਸੰਗਤ ਵਿਚ ਰਹਿ ਕੇ ਵਿਗੜਨ ਦੀ ਖੁੱਲ੍ਹੀ ਛੁੱਟੀ ਮਿਲ ਜਾਂਦੀ ਹੈ।
ਇਸ ਤੋਂ ਇਲਾਵਾ, ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਲੋਕਾਂ ਦੀ ਪੈਸਿਆਂ ਪਿੱਛੇ ਦੌੜ ਲੱਗੀ ਹੋਈ ਹੈ। ਉਹ ਮਜ਼ੇ ਲੁੱਟਣੇ ਚਾਹੁੰਦੇ ਹਨ ਜਾਂ ਫਿਰ ਉਹ ਆਪਣੇ ਆਪ ਨਾਲ ਹੀ ਮਤਲਬ ਰੱਖਦੇ ਹਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਪਰਿਵਾਰ ਕਿਉਂ ਬਿਖਰ ਰਹੇ ਹਨ ਅਤੇ ਬੱਚੇ ‘ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ ਅਤੇ ਨਿਰਮੋਹੇ’ ਬਣਦੇ ਜਾ ਰਹੇ ਹਨ।—2 ਤਿਮੋਥਿਉਸ 3:1-3.
ਬਾਈਬਲ ਵਿਚ ਵਰਤਿਆ ਗਿਆ ‘ਮੋਹ’ ਸ਼ਬਦ ਪਰਿਵਾਰ ਦੇ ਜੀਆਂ ਦੇ ਆਪਸੀ ਪਿਆਰ ਨੂੰ ਸੰਕੇਤ ਕਰਦਾ ਹੈ। ਮਾਪਿਆਂ ਅਤੇ ਬੱਚਿਆਂ ਵਿਚ ਆਪਸੀ ਪਿਆਰ ਦਾ ਕੁਦਰਤੀ ਬੰਧਨ ਹੁੰਦਾ ਹੈ। ਇਸ ਕੁਦਰਤੀ ਪਿਆਰ ਕਾਰਨ ਮਾਪੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਪ੍ਰੇਰਿਤ ਹੁੰਦੇ ਹਨ ਅਤੇ ਬੱਚੇ ਮਾਪਿਆਂ ਦੇ ਸਾਯੇ ਹੇਠ ਸੁਰੱਖਿਅਤ ਮਹਿਸੂਸ ਕਰਦੇ ਹਨ। ਬੱਚੇ ਇਸ ਪਿਆਰ ਦੇ ਭੁੱਖੇ ਹੁੰਦੇ ਹਨ। ਪਰ, ਜਦੋਂ ਉਨ੍ਹਾਂ ਨੂੰ ਇਹ ਪਿਆਰ ਮਾਪਿਆਂ ਕੋਲੋਂ ਨਹੀਂ ਮਿਲਦਾ, ਤਾਂ ਉਹ ਇਸ ਭੁੱਖ ਨੂੰ ਮਿਟਾਉਣ ਲਈ ਆਪਣੇ ਹਾਣੀਆਂ ਕੋਲ ਚਲੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਤੇ ਰਵੱਈਏ ਨੂੰ ਅਪਣਾ ਲੈਂਦੇ ਹਨ। ਤਾਂ ਫਿਰ, ਜੇ ਮਾਪੇ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹਨ, ਤਾਂ ਚੰਗਾ ਹੋਵੇਗਾ ਜੇ ਉਹ ਬਾਈਬਲ ਦੀ ਸਲਾਹ ਅਨੁਸਾਰ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ।—ਕਹਾਉਤਾਂ 3:5, 6.
ਪਰਮੇਸ਼ੁਰ ਨੇ ਪਰਿਵਾਰ ਦੀ ਨੀਂਹ ਧਰੀ
ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ, ਆਦਮ ਅਤੇ ਹੱਵਾਹ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਿਆ ਅਤੇ ਉਨ੍ਹਾਂ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” ਇਸ ਤਰ੍ਹਾਂ ਪਰਿਵਾਰ ਦੀ ਨੀਂਹ ਧਰੀ ਗਈ। (ਉਤਪਤ 1:28; 5:3, 4; ਅਫ਼ਸੀਆਂ 3:14, 15) ਯਹੋਵਾਹ ਨੇ ਇਨਸਾਨਾਂ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਦੀ ਕੁਦਰਤੀ ਯੋਗਤਾ ਨਾਲ ਬਣਾਇਆ ਹੈ। ਪਰ, ਇਸ ਯੋਗਤਾ ਤੋਂ ਇਲਾਵਾ ਇਨਸਾਨਾਂ ਨੂੰ ਹੋਰ ਮਦਦ ਦੀ ਲੋੜ ਹੈ। ਇਹ ਮਦਦ ਉਨ੍ਹਾਂ ਨੂੰ ਕਿੱਥੋਂ ਮਿਲ ਸਕਦੀ ਹੈ? ਪਰਮੇਸ਼ੁਰ ਆਪਣੇ ਬਚਨ ਵਿਚ ਦੱਸਦਾ ਹੈ ਕਿ ਉਸ ਨੂੰ ਕਿਹੋ ਜਿਹੀ ਭਗਤੀ ਮਨਜ਼ੂਰ ਹੈ, ਇਨਸਾਨਾਂ ਨੂੰ ਕਿਸ ਤਰ੍ਹਾਂ ਜੀਉਣਾ ਚਾਹੀਦਾ ਹੈ ਅਤੇ ਮਾਪਿਆਂ ਨੂੰ ਸਹੀ ਢੰਗ ਨਾਲ ਬੱਚਿਆਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ।—ਕਹਾਉਤਾਂ 4:1-4.
ਧਿਆਨ ਦਿਓ ਕਿ ਪਰਮੇਸ਼ੁਰ ਨੇ ਮਾਪਿਆਂ ਨੂੰ ਕੀ ਸਲਾਹ ਦਿੱਤੀ ਸੀ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:6, 7; ਕਹਾਉਤਾਂ 1:8, 9) ਇਹ ਸੱਚ ਹੈ ਕਿ ਇਹ ਸਲਾਹ ਖ਼ਾਸ ਕਰਕੇ ਪਿਤਾਵਾਂ ਨੂੰ ਦਿੱਤੀ ਗਈ ਸੀ, ਪਰ ਮਾਤਾ-ਪਿਤਾ ਦੋਹਾਂ ਨੂੰ ਪਰਮੇਸ਼ੁਰ ਦੀਆਂ ਗੱਲਾਂ ਆਪਣੇ ਦਿਲਾਂ ਵਿਚ ਬਿਠਾਉਣ ਦੀ ਲੋੜ ਹੈ, ਤਾਂ ਹੀ ਉਹ ਆਪਣੇ ਬੱਚਿਆਂ ਦੇ ਦਿਲਾਂ ਤਕ ਪਹੁੰਚ ਸਕਦੇ ਹਨ। ਇਸ ਤਰ੍ਹਾਂ ਕਰਨਾ ਇੰਨਾ ਜ਼ਰੂਰੀ ਕਿਉਂ ਹੈ? ਕਿਉਂਕਿ ਦਿਲੋਂ ਕਹੀ ਗੱਲ ਦੂਸਰੇ ਨੂੰ ਕੁਝ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਦੇ ਨਾਲ-ਨਾਲ ਮਾਪਿਆਂ ਨੂੰ ਬੱਚਿਆਂ ਲਈ ਚੰਗੀ ਮਿਸਾਲ ਵੀ ਕਾਇਮ ਕਰਨੀ ਚਾਹੀਦੀ ਹੈ। ਬੱਚੇ ਝੱਟ ਪਛਾਣ ਲੈਂਦੇ ਹਨ ਜਦ ਮਾਪੇ ਕਹਿੰਦੇ ਕੁਝ, ਕਰਦੇ ਕੁਝ ਹੋਰ ਹਨ।—ਰੋਮੀਆਂ 2:21.
ਮਾਪਿਆਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ “ਪ੍ਰਭੁ ਦੀ ਸਿੱਖਿਆ ਅਰ ਮੱਤ” ਦੇਣ। (ਅਫ਼ਸੀਆਂ 6:4; 2 ਤਿਮੋਥਿਉਸ 3:15) ਪਰ ਬਚਪਨ ਤੋਂ ਹੀ ਕਿਉਂ? ਇਕ ਮਾਂ ਦੱਸਦੀ ਹੈ: “ਮਾਪੇ ਅਕਸਰ ਭੁੱਲ ਜਾਂਦੇ ਹਨ ਕਿ ਬੱਚੇ ਕਿੰਨੇ ਹੁਸ਼ਿਆਰ ਹੁੰਦੇ ਹਨ। ਕੋਈ ਵੀ ਗੱਲ ਉਹ ਝੱਟ ਸਿੱਖ ਲੈਂਦੇ ਹਨ। ਇਸ ਲਈ ਸਾਨੂੰ ਉਨ੍ਹਾਂ ਦੇ ਬਚਪਨ ਦੇ ਸਮੇਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ।” ਬੱਚੇ ਇਕ ਤੋਂ ਬਾਅਦ ਇਕ ਸਵਾਲ ਪੁੱਛਦੇ ਹਨ ਕਿਉਂਕਿ ਉਨ੍ਹਾਂ ਵਿਚ ਸਿੱਖਣ ਦੀ ਗਹਿਰੀ ਤਮੰਨਾ ਹੁੰਦੀ ਹੈ। ਇਹ ਤਮੰਨਾ ਬੱਚੇ ਦੇ ਮਾਪੇ ਪੂਰੀ ਕਰ ਸਕਦੇ ਹਨ। ਅਤੇ ਜਿਨ੍ਹਾਂ ਮਾਪਿਆਂ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ, ਉਹ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਵੀ ਸਿਖਾ ਸਕਦੇ ਹਨ। ਫਿਰ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਕੁਝ ਕਰਨ ਜਾਂ ਨਾ ਕਰਨ ਲਈ ਕਹਿੰਦੇ ਹਨ, ਤਾਂ ਬੱਚੇ ਉਨ੍ਹਾਂ ਦੀ ਗੱਲ ਮੰਨਣ ਲਈ ਤਿਆਰ ਹੁੰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਮਾਪੇ ਉਨ੍ਹਾਂ ਦਾ ਭਲਾ ਚਾਹੁੰਦੇ ਹਨ। ਅਜਿਹੇ ਪਿਆਰ-ਭਰੇ ਮਾਹੌਲ ਵਿਚ ਬੱਚੇ ਚੰਗੀ ਤਰ੍ਹਾਂ ਵਧਦੇ-ਫੁੱਲਦੇ ਹਨ। ਜੇ ਮਾਪੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨੀ ਚਾਹੁੰਦੇ ਹਨ, ਤਾਂ ਜ਼ਰੂਰੀ ਹੈ ਕਿ ਉਹ ਬੱਚਿਆਂ ਨਾਲ ਸਮਾਂ ਬਿਤਾਉਣ, ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਨ ਅਤੇ ਉਨ੍ਹਾਂ ਨੂੰ ਧੀਰਜ ਨਾਲ ਸਿਖਾਉਣ।a
ਆਪਣੇ ਬੱਚਿਆਂ ਦੀ ਰਾਖੀ ਕਰੋ
ਜਰਮਨੀ ਵਿਚ ਇਕ ਹੈੱਡ-ਮਾਸਟਰ ਨੇ ਮਾਪਿਆਂ ਨੂੰ ਚਿੱਠੀ ਵਿਚ ਲਿਖਿਆ: “ਅਸੀਂ ਮਾਪਿਆਂ ਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾ ਟੈਲੀਵਿਯਨ ਦੇ ਗ਼ੁਲਾਮ ਬਣਨ ਦਿਓ ਅਤੇ ਨਾ ਹੀ ਗਲੀਆਂ ਵਿਚ ਆਵਾਰਾ ਫਿਰਨ ਦਿਓ। ਇਸ ਦੀ ਬਜਾਇ, ਤੁਸੀਂ ਆਪ ਉਨ੍ਹਾਂ ਦੇ ਨਾਲ ਸਮਾਂ ਬਿਤਾਓ ਅਤੇ ਉਨ੍ਹਾਂ ਦੀ ਪਰਵਰਿਸ਼ ਕਰਨ ਦੀ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਓ।”
ਜਦੋਂ ਮਾਪੇ ਪਰਮੇਸ਼ੁਰ ਦੇ ਕਹਿਣੇ ਅਨੁਸਾਰ ਬੱਚਿਆਂ ਦੀ ਪਰਵਰਿਸ਼ ਕਰਦੇ ਹਨ, ਤਾਂ ਉਹ ਸਫ਼ਲਤਾ ਪਾਉਂਦੇ ਹਨ। ਪਰ ਜੇ ਮਾਪੇ ਬੱਚਿਆਂ ਨੂੰ ਚੌਵੀਂ-ਘੰਟੇ ਟੈਲੀਵਿਯਨ ਦੇ ਸਾਮ੍ਹਣੇ ਬੈਠੇ ਰਹਿਣ ਦਿੰਦੇ ਹਨ ਜਾਂ ਸੜਕਾਂ ਤੇ ਆਵਾਰਾ ਫਿਰਨ ਦਿੰਦੇ ਹਨ, ਤਾਂ ਦੁਨੀਆਂ ਦਾ ਬੁਰਾ ਅਸਰ ਜ਼ਰੂਰ ਉਨ੍ਹਾਂ ਤੇ ਪਵੇਗਾ। (ਅਫ਼ਸੀਆਂ 2:1, 2) ਦੁਨੀਆਂ ਦੇ ਲੋਕਾਂ ਦੀ ‘ਸੰਸਾਰੀ, ਪ੍ਰਾਣਕ ਅਤੇ ਸ਼ਤਾਨੀ’ ਸੋਚਣੀ ਸਾਡੇ ਮਾਸੂਮ ਬੱਚਿਆਂ ਦੇ ਮਨਾਂ ਨੂੰ ਭ੍ਰਿਸ਼ਟ ਕਰ ਸਕਦੀ ਹੈ। (ਯਾਕੂਬ 3:15) ਇਸ ਤਰ੍ਹਾਂ ਸਾਡੇ ਭੋਲੇ-ਭਾਲੇ ਬੱਚਿਆਂ ਦੇ ਦਿਲਾਂ ਵਿਚ ਬੁਰਾਈ ਦੇ ਬੀ ਜੜ੍ਹ ਫੜਨ ਲੱਗ ਜਾਂਦੇ ਹਨ। ਇਸ ਦਾ ਨਤੀਜਾ ਯਿਸੂ ਇਨ੍ਹਾਂ ਸ਼ਬਦਾਂ ਵਿਚ ਦੱਸਦਾ ਹੈ: “ਚੰਗਾ ਆਦਮੀ ਆਪਣੇ ਮਨ [ਜਾਂ ਦਿਲ] ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।” (ਲੂਕਾ 6:45) ਇਸ ਲਈ ਬਾਈਬਲ ਇਹ ਸਲਾਹ ਦਿੰਦੀ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!”—ਕਹਾਉਤਾਂ 4:23.
ਆਮ ਤੌਰ ਤੇ ਬੱਚੇ ਸ਼ਰਾਰਤੀ ਤਾਂ ਹੁੰਦੇ ਹੀ ਹਨ, ਪਰ ਕੁਝ ਬੱਚੇ ਅੜਬ ਜਾਂ ਜ਼ਿੱਦੀ ਵੀ ਹੁੰਦੇ ਹਨ। (ਉਤਪਤ 8:21) ਜੇ ਬੱਚਾ ਜ਼ਿੱਦੀ ਹੋਵੇ, ਤਾਂ ਮਾਪੇ ਕੀ ਕਰ ਸਕਦੇ ਹਨ? ਬਾਈਬਲ ਕਹਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।” (ਕਹਾਉਤਾਂ 22:15) ਅੱਜ ਦੇ ਜ਼ਮਾਨੇ ਵਿਚ ਕਈਆਂ ਦਾ ਵਿਚਾਰ ਹੈ ਕਿ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਠੀਕ ਨਹੀਂ ਹੈ। ਉਨ੍ਹਾਂ ਦੇ ਭਾਣੇ ਬੱਚਿਆਂ ਨੂੰ ਕੁੱਟਣਾ ਨਹੀਂ ਚਾਹੀਦਾ। ਦਰਅਸਲ, ਬਾਈਬਲ ਵੀ ਹਿੰਸਾ ਜਾਂ ਕਿਸੇ ਵੀ ਕਿਸਮ ਦੀ ਬਦਸਲੂਕੀ ਦੀ ਨਿੰਦਿਆ ਕਰਦੀ ਹੈ। ਕਦੇ-ਕਦੇ ਮਾਪਿਆਂ ਨੂੰ ਸੱਚ-ਮੁੱਚ ਛਿਟੀ ਵਰਤਣੀ ਪੈਂਦੀ ਹੈ, ਪਰ ਇੱਥੇ “ਛਿਟੀ” ਮਾਪਿਆਂ ਦੇ ਅਧਿਕਾਰ ਨੂੰ ਦਰਸਾਉਂਦੀ ਹੈ। ਇਸ ਦਾ ਮਤਲਬ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਲੇ ਲਈ ਉਨ੍ਹਾਂ ਨੂੰ ਪਿਆਰ ਨਾਲ ਤਾੜਨਾ ਦੇ ਕੇ ਸੁਧਾਰਨ ਦੀ ਲੋੜ ਹੈ।—ਇਬਰਾਨੀਆਂ 12:7-11.
ਬੱਚਿਆਂ ਨਾਲ ਖੇਡਣ ਲਈ ਸਮਾਂ ਕੱਢੋ
ਖੇਡਣਾ ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਜਦੋਂ ਮਾਪੇ ਆਪਣੇ ਬੱਚਿਆਂ ਨਾਲ ਖੇਡਣ ਲਈ ਸਮਾਂ ਕੱਢਦੇ ਹਨ, ਤਾਂ ਇਸ ਨਾਲ ਉਨ੍ਹਾਂ ਦੇ ਆਪਸੀ ਪਿਆਰ ਦਾ ਬੰਧਨ ਮਜ਼ਬੂਤ ਹੁੰਦਾ ਹੈ। ਇਨ੍ਹਾਂ ਮੌਕਿਆਂ ਤੇ ਮਾਪੇ ਸਹੀ ਮਨੋਰੰਜਨ ਚੁਣਨ ਵਿਚ ਬੱਚਿਆਂ ਦੀ ਮਦਦ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਮਾਪੇ ਬੱਚਿਆਂ ਨੂੰ ਅਹਿਸਾਸ ਦਿਲਾ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਨਾਲ ਕਿੰਨੀ ਖ਼ੁਸ਼ੀ ਮਿਲਦੀ ਹੈ।
ਇਕ ਪਿਤਾ ਦੱਸਦਾ ਹੈ ਕਿ ਕੰਮ ਤੋਂ ਵਾਪਸ ਆ ਕੇ ਉਹ ਅਕਸਰ ਆਪਣੇ ਮੁੰਡੇ ਨਾਲ ਫੁਟਬਾਲ ਖੇਡਦਾ ਹੁੰਦਾ ਸੀ। ਇਕ ਮਾਂ ਦੱਸਦੀ ਹੈ ਕਿ ਉਹ ਦੇ ਬੱਚੇ ਬੋਰਡ-ਗੇਮਾਂ ਖੇਡਣੀਆਂ ਬਹੁਤ ਹੀ ਪਸੰਦ ਕਰਦੇ ਸਨ। ਇਕ ਜਵਾਨ ਲੜਕੀ ਆਪਣੇ ਪਰਿਵਾਰ ਨਾਲ ਸਾਈਕਲਿੰਗ ਕਰਨ ਦੀਆਂ ਮਿੱਠੀਆਂ ਯਾਦਾਂ ਬਾਰੇ ਦੱਸਦੀ ਹੈ। ਇਹ ਸਭ ਬੱਚੇ ਹੁਣ ਵੱਡੇ ਹੋ ਚੁੱਕੇ ਹਨ, ਪਰ ਇਨ੍ਹਾਂ ਦਾ ਆਪਣੇ ਮਾਪਿਆਂ ਅਤੇ ਯਹੋਵਾਹ ਪਰਮੇਸ਼ੁਰ ਲਈ ਪਿਆਰ ਹਾਲੇ ਵੀ ਉੱਨਾ ਗੂੜ੍ਹਾ ਹੈ ਜਿੰਨਾ ਪਹਿਲਾਂ ਸੀ।
ਸੱਚ-ਮੁੱਚ ਮਾਪੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਬੱਚਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਨ। ਉਹ ਆਪਣੇ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਦਿਲਾ ਸਕਦੇ ਹਨ ਕਿ ਉਹ ਉਨ੍ਹਾਂ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਉੱਤੇ ਜ਼ਿੰਦਗੀ ਭਰ ਲਈ ਗਹਿਰਾ ਅਸਰ ਪੈਂਦਾ ਹੈ। ਮਿਸਾਲ ਲਈ, ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਇਕ ਕਲਾਸ ਦੇ ਕਈ ਗ੍ਰੈਜੂਏਟਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਦੀ ਚੰਗੀ ਮਿਸਾਲ ਅਤੇ ਉਤਸ਼ਾਹ ਸਦਕਾ ਉਨ੍ਹਾਂ ਨੂੰ ਮਿਸ਼ਨਰੀ ਸੇਵਾ ਕਰਨ ਦੀ ਪ੍ਰੇਰਣਾ ਮਿਲੀ। ਮਾਪਿਆਂ ਵੱਲੋਂ ਮਿਲੀ ਇਹ ਵਿਰਾਸਤ ਬੱਚਿਆਂ ਲਈ ਕਿੰਨੀ ਅਨਮੋਲ ਹੈ! ਅਤੇ ਮਾਪਿਆਂ ਲਈ ਇਹ ਕਿੰਨੀ ਵੱਡੀ ਬਰਕਤ ਹੈ ਕਿ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰ ਰਹੇ ਹਨ! ਇਹ ਸੱਚ ਹੈ ਕਿ ਸਾਰੇ ਬੱਚੇ ਵੱਡੇ ਹੋ ਕੇ ਪਾਇਨੀਅਰੀ ਨਹੀਂ ਕਰ ਸਕਦੇ ਕਿਉਂਕਿ ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ। ਪਰ ਫਿਰ ਵੀ ਜੇ ਮਾਪੇ ਬੱਚਿਆਂ ਨਾਲ ਪਿਆਰ ਦਾ ਬੰਧਨ ਮਜ਼ਬੂਤ ਰੱਖਣ ਅਤੇ ਉਨ੍ਹਾਂ ਲਈ ਚੰਗੀ ਮਿਸਾਲ ਕਾਇਮ ਕਰਨ, ਤਾਂ ਇਸ ਨਾਲ ਬੱਚਿਆਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਬਦਲੇ ਵਿਚ ਬੱਚੇ ਵੀ ਆਪਣੇ ਮਾਪਿਆਂ ਦਾ ਆਦਰ-ਮਾਣ ਕਰਦੇ ਹਨ।—ਕਹਾਉਤਾਂ 22:6; ਅਫ਼ਸੀਆਂ 6:2, 3.
ਇਕੱਲੀ ਮਾਂ ਜਾਂ ਪਿਤਾ ਨੂੰ ਹਿੰਮਤ ਹਾਰਨ ਦੀ ਲੋੜ ਨਹੀਂ
ਅੱਜ-ਕੱਲ੍ਹ ਅਨੇਕ ਪਰਿਵਾਰਾਂ ਵਿਚ ਇਕੱਲੀ ਮਾਂ ਜਾਂ ਇਕੱਲੇ ਪਿਤਾ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ। ਇਹ ਉਨ੍ਹਾਂ ਲਈ ਕੋਈ ਆਸਾਨ ਕੰਮ ਨਹੀਂ, ਪਰ ਫਿਰ ਵੀ ਉਨ੍ਹਾਂ ਨੂੰ ਹਿੰਮਤ ਹਾਰਨ ਦੀ ਲੋੜ ਨਹੀਂ। ਅਜਿਹੇ ਮਾਪਿਆਂ ਨੂੰ ਬਾਈਬਲ ਵਿਚ ਦਰਜ ਯੂਨੀਕਾ ਦੀ ਉਦਾਹਰਣ ਤੋਂ ਬਹੁਤ ਹੌਸਲਾ ਮਿਲ ਸਕਦਾ ਹੈ। ਯੂਨੀਕਾ ਪਹਿਲੀ ਸਦੀ ਵਿਚ ਪਰਮੇਸ਼ੁਰ ਦੀ ਭਗਤੀ ਕਰਨ ਵਾਲੀ ਇਕ ਯਹੂਦਣ ਸੀ, ਪਰ ਉਸ ਦਾ ਪਤੀ ਯਹੋਵਾਹ ਪਰਮੇਸ਼ੁਰ ਨੂੰ ਨਹੀਂ ਮੰਨਦਾ ਸੀ। ਇਸ ਲਈ ਉਸ ਨੂੰ ਇਕੱਲੀ ਨੂੰ ਆਪਣੇ ਪੁੱਤਰ ਤਿਮੋਥਿਉਸ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣੀ ਪਈ ਸੀ। ਇਸ ਵਿਚ ਉਸ ਨੇ ਵਧੀਆ ਮਿਸਾਲ ਕਾਇਮ ਕੀਤੀ। ਬਚਪਨ ਤੋਂ ਜੋ ਸਿੱਖਿਆ ਤਿਮੋਥਿਉਸ ਨੂੰ ਆਪਣੀ ਮਾਂ ਅਤੇ ਨਾਨੀ ਲੋਇਸ ਤੋਂ ਮਿਲੀ, ਉਸ ਦਾ ਉਸ ਉੱਤੇ ਇੰਨਾ ਗਹਿਰਾ ਪ੍ਰਭਾਵ ਪਿਆ ਕਿ ਉਹ ਆਪਣੇ ਹਾਣੀਆਂ ਦੇ ਦਬਾਅ ਹੇਠ ਨਹੀਂ ਆਇਆ।—ਰਸੂਲਾਂ ਦੇ ਕਰਤੱਬ 16:1, 2; 2 ਤਿਮੋਥਿਉਸ 1:5; 3:15.
ਅੱਜ ਵੀ ਕਈ ਨੌਜਵਾਨ ਅਜਿਹੇ ਹਨ ਜਿਨ੍ਹਾਂ ਦਾ ਇੱਕੋ ਹੀ ਮਾਪਾ ਪਰਮੇਸ਼ੁਰ ਦੀ ਭਗਤੀ ਕਰਦਾ ਹੈ ਜਾਂ ਜਿਨ੍ਹਾਂ ਦੀ ਪਰਵਰਿਸ਼ ਇਕੱਲੀ ਮਾਂ ਜਾਂ ਇਕੱਲੇ ਪਿਤਾ ਨੇ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੇ ਵੀ ਤਿਮੋਥਿਉਸ ਵਾਂਗ ਆਪਣੇ ਵਿਚ ਚੰਗੇ ਗੁਣ ਪੈਦਾ ਕੀਤੇ ਹਨ। ਮਿਸਾਲ ਲਈ, ਰਾਇਨ ਦੀ ਗੱਲ ਲੈ ਲਓ। ਰਾਇਨ 22 ਸਾਲਾਂ ਦਾ ਪਾਇਨੀਅਰ ਹੈ ਅਤੇ ਉਸ ਦਾ ਇਕ ਵੱਡਾ ਭਰਾ ਤੇ ਇਕ ਵੱਡੀ ਭੈਣ ਹੈ। ਇਨ੍ਹਾਂ ਤਿੰਨਾਂ ਦੀ ਪਰਵਰਿਸ਼ ਉਨ੍ਹਾਂ ਦੀ ਮਾਂ ਨੇ ਇਕੱਲਿਆਂ ਹੀ ਕੀਤੀ। ਰਾਇਨ ਦਾ ਪਿਤਾ ਸ਼ਰਾਬੀ-ਕਬਾਬੀ ਸੀ ਅਤੇ ਜਦ ਰਾਇਨ ਚਾਰ ਸਾਲਾਂ ਦਾ ਸੀ, ਉਹ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ। ਰਾਇਨ ਯਾਦ ਕਰਦਾ ਹੈ ਕਿ “ਤਨ-ਮਨ ਨਾਲ ਯਹੋਵਾਹ ਦੀ ਭਗਤੀ ਕਰਨ ਦਾ ਮਾਂ ਦਾ ਪੱਕਾ ਇਰਾਦਾ ਸੀ। ਉਸ ਨੇ ਕਦੇ ਹਿੰਮਤ ਨਹੀਂ ਸੀ ਹਾਰੀ।”
“ਮਾਂ ਨੇ ਨਿਸ਼ਚਿਤ ਕੀਤਾ ਕਿ ਸਾਡਾ ਉੱਠਣਾ-ਬੈਠਣਾ ਸਿਰਫ਼ ਉਨ੍ਹਾਂ ਦੋਸਤ-ਮਿੱਤਰਾਂ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਹੋਵੇ ਜੋ ਸਾਡੇ ਉੱਤੇ ਚੰਗਾ ਪ੍ਰਭਾਵ ਪਾ ਸਕਦੇ ਸਨ। ਉਸ ਨੇ ਸਾਨੂੰ ਇਹ ਵੀ ਸਿਖਾਇਆ ਕਿ ਭਾਵੇਂ ਸਕੂਲ ਦੀ ਪੜ੍ਹਾਈ ਜ਼ਰੂਰੀ ਹੈ, ਪਰ ਸਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦੇਣੀ ਚਾਹੀਦੀ ਹੈ।” ਰਾਇਨ ਇਹ ਵੀ ਦੱਸਦਾ ਹੈ ਕਿ ਭਾਵੇਂ ਉਸ ਦੀ ਮਾਂ ਦਿਨ-ਭਰ ਦੇ ਕੰਮਾਂ-ਕਾਰਾਂ ਕਾਰਨ ਥੱਕ ਜਾਂਦੀ ਸੀ, ਪਰ ਫਿਰ ਵੀ ਉਹ ਉਨ੍ਹਾਂ ਲਈ ਸਮਾਂ ਕੱਢਦੀ ਸੀ। “ਉਹ ਸਾਡੇ ਨਾਲ ਬੈਠ ਕੇ ਪਿਆਰ ਨਾਲ ਗੱਲਬਾਤ ਕਰਦੀ ਹੁੰਦੀ ਸੀ। ਭਾਵੇਂ ਉਹ ਸਖ਼ਤ ਸੀ, ਪਰ ਉਹ ਹਰ ਗੱਲ ਹਮੇਸ਼ਾ ਧੀਰਜ ਨਾਲ ਸਿਖਾਉਂਦੀ ਸੀ। ਉਹ ਆਪਣੀ ਪੂਰੀ ਕੋਸ਼ਿਸ਼ ਕਰਿਆ ਕਰਦੀ ਸੀ ਕਿ ਪੂਰਾ ਪਰਿਵਾਰ ਮਿਲ ਕੇ ਹਰ ਹਫ਼ਤੇ ਬਾਈਬਲ ਦੀ ਸਟੱਡੀ ਕਰੇ। ਪਰਮੇਸ਼ੁਰ ਦੇ ਅਸੂਲਾਂ ਤੇ ਉਹ ਹਮੇਸ਼ਾ ਪੱਕੀ ਰਹਿੰਦੀ ਸੀ, ਉਸ ਨੇ ਕਦੇ ਸਮਝੌਤਾ ਨਹੀਂ ਸੀ ਕੀਤਾ।”
ਰਾਇਨ ਦੀ ਮਾਂ ਯਹੋਵਾਹ ਅਤੇ ਆਪਣੇ ਬੱਚਿਆਂ ਨੂੰ ਤਹਿ ਦਿਲੋਂ ਪਿਆਰ ਕਰਦੀ ਸੀ। ਉਸ ਦਾ ਰਾਇਨ ਅਤੇ ਉਸ ਦੇ ਭੈਣ-ਭਰਾ ਦੀ ਜ਼ਿੰਦਗੀ ਉੱਤੇ ਬਹੁਤ ਗਹਿਰਾ ਅਸਰ ਪਿਆ। ਇਸ ਲਈ ਸਾਰਿਆਂ ਮਾਪਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੱਚਿਆਂ ਦੀ ਪਰਵਰਿਸ਼ ਕਰਨ ਵੇਲੇ ਨਿਰਾਸ਼ ਨਾ ਹੋਣ ਤੇ ਹਿੰਮਤ ਨਾ ਹਾਰਨ। ਕਦੇ-ਕਦੇ ਕੁਝ ਨੌਜਵਾਨ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਛੱਡ ਦਿੰਦੇ ਹਨ। ਪਰ ਹੋ ਸਕਦਾ ਹੈ ਕਿ ਦੁਨੀਆਂ ਦਾ ਰੁੱਖਾਪਣ ਦੇਖ ਕੇ ਉਨ੍ਹਾਂ ਨੂੰ ਸੁਰਤ ਆ ਜਾਵੇ ਅਤੇ ਉਹ ਯਿਸੂ ਦੀ ਉਦਾਹਰਣ ਵਿਚ ਦੱਸੇ ਉਜਾੜੂ ਪੁੱਤਰ ਵਾਂਗ ਵਾਪਸ ਮੁੜ ਆਉਣ। ਜੀ ਹਾਂ, “ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ,—ਉਹ ਦੇ ਮਗਰੋਂ ਉਹ ਦੇ ਪੁੱਤ੍ਰ ਧੰਨ ਹੁੰਦੇ ਹਨ!”—ਕਹਾਉਤਾਂ 20:7; 23:24, 25; ਲੂਕਾ 15:11-24.
[ਫੁਟਨੋਟ]
a ਇਸ ਬਾਰੇ ਹੋਰ ਜਾਣਕਾਰੀ ਲਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਦੇ ਸਫ਼ੇ 55-9 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 11 ਉੱਤੇ ਡੱਬੀ ਤਸਵੀਰ]
ਪਰਮੇਸ਼ੁਰ ਨੇ ਯਿਸੂ ਦੇ ਮਾਪਿਆਂ ਨੂੰ ਖ਼ੁਦ ਚੁਣਿਆ
ਮਨੁੱਖ ਦੇ ਰੂਪ ਵਿਚ ਯਿਸੂ ਦੇ ਜਨਮ ਵਾਸਤੇ ਯਹੋਵਾਹ ਨੇ ਇਕ ਖ਼ਾਸ ਜੋੜੇ ਨੂੰ ਉਸ ਦੇ ਮਾਪਿਆਂ ਵਜੋਂ ਚੁਣਿਆ ਸੀ। ਯਿਸੂ ਦੇ ਮਾਪੇ ਨਿਮਰ ਸੁਭਾਅ ਦੇ ਸਨ ਅਤੇ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਦੇ ਸਨ। ਉਨ੍ਹਾਂ ਨੇ ਯਿਸੂ ਨੂੰ ਲਾਡ-ਪਿਆਰ ਨਾਲ ਵਿਗਾੜਿਆ ਨਹੀਂ, ਸਗੋਂ ਉਸ ਨੂੰ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਣਾ, ਮਿਹਨਤ ਕਰਨੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਸਿਖਾਇਆ। (ਕਹਾਉਤਾਂ 29:21; ਵਿਰਲਾਪ 3:27) ਯਿਸੂ ਦੇ ਪਿਤਾ ਯੂਸੁਫ਼ ਨੇ ਉਸ ਨੂੰ ਤਰਖਾਣ ਦਾ ਕਿੱਤਾ ਵੀ ਸਿਖਾਇਆ। ਨਾਲੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਯੂਸੁਫ਼ ਅਤੇ ਮਰਿਯਮ ਦੇ ਜੇਠੇ ਪੁੱਤਰ ਯਿਸੂ ਨੇ ਉਨ੍ਹਾਂ ਦੇ ਤਕਰੀਬਨ ਛੇ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਉਨ੍ਹਾਂ ਦਾ ਹੱਥ ਵਟਾਇਆ।—ਮਰਕੁਸ 6:3.
ਹਰ ਸਾਲ ਯੂਸੁਫ਼ ਅਤੇ ਉਸ ਦਾ ਪਰਿਵਾਰ ਯਰੂਸ਼ਲਮ ਜਾ ਕੇ ਪਸਾਹ ਦਾ ਤਿਉਹਾਰ ਮਨਾਉਣ ਲਈ ਇਕੱਠੇ ਤਿਆਰੀ ਕਰਦੇ ਸਨ। ਆਉਣ-ਜਾਣ ਲਈ ਉਨ੍ਹਾਂ ਨੂੰ 200 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ। ਇਹ ਕੋਈ ਆਸਾਨ ਸਫ਼ਰ ਨਹੀਂ ਸੀ ਕਿਉਂਕਿ ਉਸ ਸਮੇਂ ਅੱਜ ਵਾਂਗ ਆਵਾਜਾਈ ਨਹੀਂ ਹੁੰਦੀ ਸੀ। (ਲੂਕਾ 2:39, 41) ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ, ਯੂਸੁਫ਼ ਤੇ ਮਰਿਯਮ ਲਈ ਯਰੂਸ਼ਲਮ ਨੂੰ ਜਾਣਾ ਉਨ੍ਹਾਂ ਦੀ ਭਗਤੀ ਦਾ ਅਹਿਮ ਹਿੱਸਾ ਸੀ। ਇਨ੍ਹਾਂ ਮੌਕਿਆਂ ਦਾ ਪੂਰਾ-ਪੂਰਾ ਫ਼ਾਇਦਾ ਉਠਾਉਂਦੇ ਹੋਏ ਸ਼ਾਇਦ ਉਹ ਆਪਣੇ ਬੱਚਿਆਂ ਨੂੰ ਬਾਈਬਲ ਕਹਾਣੀਆਂ ਸੁਣਾਉਂਦੇ ਹੁੰਦੇ ਸਨ।
ਯਿਸੂ ਆਪਣੇ ਮਾਪਿਆਂ ਦੇ ‘ਅਧੀਨ ਰਹਿ’ ਕੇ “ਗਿਆਨ ਅਰ ਕੱਦ ਅਰ ਪਰਮੇਸ਼ੁਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ।” (ਲੂਕਾ 2:51, 52) ਵਾਕਈ, ਯੂਸੁਫ਼ ਅਤੇ ਮਰਿਯਮ ਯਹੋਵਾਹ ਦੇ ਭਰੋਸੇ ਦੇ ਲਾਇਕ ਨਿਕਲੇ। ਉਨ੍ਹਾਂ ਨੇ ਮਾਪਿਆਂ ਲਈ ਸੱਚ-ਮੁੱਚ ਇਕ ਵਧੀਆ ਮਿਸਾਲ ਕਾਇਮ ਕੀਤੀ!—ਜ਼ਬੂਰਾਂ ਦੀ ਪੋਥੀ 127:3.