ਨੌਜਵਾਨੋ, ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ
“ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ।”—ਯਹੋਸ਼ੁਆ 24:15.
1, 2. ਈਸਾਈ-ਜਗਤ ਵਿਚ ਬਪਤਿਸਮਾ ਦੇਣ ਦੀਆਂ ਕਿਹੜੀਆਂ ਰੀਤਾਂ ਗ਼ਲਤ ਹਨ?
“ਮਸੀਹ ਨੂੰ ਜਾਣਨ ਤੋਂ ਬਾਅਦ ਹੀ ਬੱਚੇ ਮਸੀਹੀ ਬਣ ਸਕਦੇ ਹਨ।” ਦੂਜੀ ਸਦੀ ਵਿਚ ਟਰਟੂਲੀਅਨ ਨਾਂ ਦੇ ਲਿਖਾਰੀ ਨੇ ਇਹ ਸ਼ਬਦ ਲਿਖੇ ਸਨ। ਉਹ ਨਵ-ਜੰਮੇ ਬੱਚਿਆਂ ਨੂੰ ਬਪਤਿਸਮਾ ਦੇਣ ਦੇ ਖ਼ਿਲਾਫ਼ ਸੀ, ਜੋ ਰੀਤ ਈਸਾਈ-ਜਗਤ ਵਿਚ ਜੜ੍ਹ ਫੜ ਰਹੀ ਸੀ। ਇਹ ਰੀਤ ਬਾਈਬਲ ਦੇ ਖ਼ਿਲਾਫ਼ ਹੈ। ਪਰ ਚਰਚ ਦੇ ਇਕ ਧਰਮ-ਪਿਤਾ ਆਗਸਤੀਨ ਨੇ ਕਿਹਾ ਕਿ ਬਪਤਿਸਮਾ ਲੈ ਕੇ ਇਨਸਾਨ ਆਪਣੇ ਉੱਤੇ ਲੱਗੇ ਆਦਮ ਤੇ ਹੱਵਾਹ ਦੇ ਪਾਪ ਦੇ ਧੱਬੇ ਨੂੰ ਮਿਟਾ ਦਿੰਦਾ ਹੈ ਅਤੇ ਜੋ ਬੱਚੇ ਬਪਤਿਸਮਾ ਲੈਣ ਤੋਂ ਪਹਿਲਾਂ ਮਰ ਜਾਂਦੇ ਹਨ, ਉਹ ਨਰਕਾਂ ਦੇ ਭਾਗੀ ਬਣਦੇ ਹਨ। ਇਸ ਵਿਸ਼ਵਾਸ ਕਰਕੇ ਨਵ-ਜੰਮੇ ਬੱਚਿਆਂ ਨੂੰ ਬਪਤਿਸਮਾ ਦੇਣ ਦੇ ਰਿਵਾਜ ਨੇ ਜ਼ੋਰ ਫੜ ਲਿਆ।
2 ਅੱਜ ਵੀ ਈਸਾਈ-ਜਗਤ ਦੇ ਕਈ ਧਰਮ ਨਵ-ਜੰਮੇ ਬੱਚਿਆਂ ਨੂੰ ਬਪਤਿਸਮਾ ਦਿੰਦੇ ਹਨ। ਇਸ ਤੋਂ ਇਲਾਵਾ, ਪੂਰੇ ਇਤਿਹਾਸ ਦੌਰਾਨ ਈਸਾਈ-ਜਗਤ ਦੀਆਂ ਕੌਮਾਂ ਦੇ ਹਾਕਮਾਂ ਅਤੇ ਧਾਰਮਿਕ ਆਗੂਆਂ ਨੇ ਦੂਸਰੀਆਂ ਕੌਮਾਂ ਉੱਤੇ ਜਿੱਤ ਪ੍ਰਾਪਤ ਕਰ ਕੇ ਲੋਕਾਂ ਨੂੰ ਮਜਬੂਰਨ ਬਪਤਿਸਮਾ ਦਿੱਤਾ। ਪਰ ਬਾਈਬਲ ਦੇ ਮੁਤਾਬਕ ਨਵ-ਜੰਮੇ ਬੱਚਿਆਂ ਨੂੰ ਅਤੇ ਲੋਕਾਂ ਨੂੰ ਮਜਬੂਰਨ ਬਪਤਿਸਮਾ ਦੇਣਾ ਗ਼ਲਤ ਹੈ।
ਸਮਰਪਣ ਦਾ ਆਪ ਫ਼ੈਸਲਾ ਕਰਨਾ ਜ਼ਰੂਰੀ
3, 4. ਆਪਣੀ ਇੱਛਾ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਕਿਹੜੀ ਗੱਲ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਦੀ ਮਦਦ ਕਰੇਗੀ?
3 ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਵਫ਼ਾਦਾਰ ਮਸੀਹੀ ਮਾਤਾ ਜਾਂ ਪਿਤਾ ਦੇ ਬੱਚਿਆਂ ਨੂੰ ਵੀ ਪਵਿੱਤਰ ਸਮਝਦਾ ਹੈ। (1 ਕੁਰਿੰਥੀਆਂ 7:14) ਤਾਂ ਫਿਰ ਕੀ ਇਹ ਬੱਚੇ ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ ਗਿਣੇ ਜਾਂਦੇ ਹਨ? ਨਹੀਂ। ਪਰ ਯਹੋਵਾਹ ਦੀ ਸੇਵਾ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਉਹ ਸਿਖਲਾਈ ਦਿੰਦੇ ਹਨ ਜੋ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗੀ। ਰਾਜਾ ਸੁਲੇਮਾਨ ਨੇ ਲਿਖਿਆ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਤਾ ਦੀ ਆਗਿਆ ਮੰਨ, ਅਤੇ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ। . . . ਜਦ ਤੂੰ ਕਿਤੇ ਜਾਏਂਗਾ ਤਾਂ ਓਹ ਤੇਰੀ ਅਗਵਾਈ ਕਰਨਗੀਆਂ, ਜਦ ਤੂੰ ਲੰਮਾ ਪਵੇਂਗਾ ਤਾਂ ਓਹ ਤੇਰੀ ਰਾਖੀ ਕਰਨਗੀਆਂ, ਅਤੇ ਜਦ ਤੂੰ ਜਾਗੇਂਗਾ ਤਾਂ ਓਹ ਤੇਰੇ ਨਾਲ ਗੱਲਾਂ ਕਰਨਗੀਆਂ, ਕਿਉਂ ਜੋ ਹੁਕਮ ਦੀਵਾ, ਤਾਲੀਮ ਜੋਤ, ਅਤੇ ਸਿੱਖਿਆ ਦੀ ਤਾੜ ਜੀਉਣ ਦਾ ਰਾਹ ਹੈ।”—ਕਹਾਉਤਾਂ 6:20-23.
4 ਜੇ ਬੱਚੇ ਆਪਣੇ ਮਾਪਿਆਂ ਦੀ ਸਿੱਖਿਆ ਅਨੁਸਾਰ ਚੱਲਣਗੇ, ਉਹ ਕਈ ਬੁਰੀਆਂ ਗੱਲਾਂ ਤੋਂ ਬਚੇ ਰਹਿਣਗੇ। ਸੁਲੇਮਾਨ ਨੇ ਇਹ ਵੀ ਕਿਹਾ ਸੀ: “ਬੁੱਧਵਾਨ ਪੁੱਤ੍ਰ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤ੍ਰ ਆਪਣੀ ਮਾਂ ਦੇ ਲਈ ਦੁਖ ਹੈ।” “ਹੇ ਮੇਰੇ ਪੁੱਤ੍ਰ, ਤੂੰ ਸੁਣ ਅਤੇ ਬੁੱਧਵਾਨ ਹੋ, ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ।” (ਕਹਾਉਤਾਂ 10:1; 23:19) ਨੌਜਵਾਨੋ, ਜੇ ਤੁਸੀਂ ਆਪਣੇ ਮਾਪਿਆਂ ਦੀ ਸਿੱਖਿਆ ਤੋਂ ਲਾਭ ਹਾਸਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਲਾਹ ਅਤੇ ਤਾੜਨਾ ਸਵੀਕਾਰ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਕੋਈ ਵੀ ਜਨਮ ਤੋਂ ਬੁੱਧਵਾਨ ਨਹੀਂ ਹੁੰਦਾ, ਪਰ ਤੁਸੀਂ “ਬੁੱਧਵਾਨ” ਬਣ ਸਕਦੇ ਹੋ ਅਤੇ ਆਪਣੀ ਇੱਛਾ ਨਾਲ ‘ਜੀਉਣ ਦੇ ਰਾਹ’ ਉੱਤੇ ਚੱਲ ਸਕਦੇ ਹੋ।
ਮੱਤ ਦੇਣੀ
5. ਪੌਲੁਸ ਰਸੂਲ ਨੇ ਬੱਚਿਆਂ ਅਤੇ ਪਿਤਾਵਾਂ ਨੂੰ ਕਿਹੜੀ ਸਲਾਹ ਦਿੱਤੀ ਸੀ?
5 ਪੌਲੁਸ ਰਸੂਲ ਨੇ ਲਿਖਿਆ: “ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ। ਇਹ ਵਾਇਦੇ ਨਾਲ ਪਹਿਲਾ ਹੁਕਮ ਹੈ। ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।”—ਅਫ਼ਸੀਆਂ 6:1-4.
6, 7. ਬੱਚਿਆਂ ਨੂੰ ‘ਯਹੋਵਾਹ ਦੀ ਮੱਤ ਦੇਣ’ ਦਾ ਕੀ ਮਤਲਬ ਹੈ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਾਪੇ ਆਪਣੇ ਬੱਚਿਆਂ ਨਾਲ ਜ਼ੋਰ-ਜ਼ਬਰਦਸਤੀ ਨਹੀਂ ਕਰ ਰਹੇ ਹਨ?
6 ਜਦ ਮਾਪੇ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ” ਦਿੰਦੇ ਹਨ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਮਜਬੂਰ ਕਰਦੇ ਹਨ? ਨਹੀਂ, ਮਾਪਿਆਂ ਉੱਤੇ ਇਹ ਇਲਜ਼ਾਮ ਨਹੀਂ ਲਾਇਆ ਜਾ ਸਕਦਾ। ਮਿਸਾਲ ਲਈ, ਨਾਸਤਿਕ ਲੋਕ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਰੱਬ ਹੈ ਹੀ ਨਹੀਂ। ਸਿੱਖ ਧਰਮ ਦੇ ਲੋਕ ਆਪਣੇ ਬੱਚਿਆਂ ਨੂੰ ਸਿੱਖੀ ਰੀਤ ਅਨੁਸਾਰ ਪਾਲਣਾ ਆਪਣਾ ਫ਼ਰਜ਼ ਸਮਝਦੇ ਹਨ ਤੇ ਇਸ ਤਰ੍ਹਾਂ ਕਰਨ ਲਈ ਦੂਸਰੇ ਲੋਕ ਉਨ੍ਹਾਂ ਨੂੰ ਗ਼ਲਤ ਨਹੀਂ ਸਮਝਦੇ। ਇਸੇ ਤਰ੍ਹਾਂ ਯਹੋਵਾਹ ਦੇ ਗਵਾਹਾਂ ਉੱਤੇ ਜ਼ੋਰ-ਜ਼ਬਰਦਸਤੀ ਕਰਨ ਦਾ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਕਿਉਂਕਿ ਉਹ ਯਹੋਵਾਹ ਦੀ ਸੋਚਣੀ ਮੁਤਾਬਕ ਆਪਣੇ ਬੱਚਿਆਂ ਨੂੰ ਮੱਤ ਦਿੰਦੇ ਹਨ। ਉਹ ਆਪਣੇ ਬੱਚਿਆਂ ਨੂੰ ਸਿਰਫ਼ ਉਹੀ ਸਿਖਾ ਰਹੇ ਹਨ ਜੋ ਉਨ੍ਹਾਂ ਦੇ ਹਿਸਾਬ ਨਾਲ ਸਹੀ ਹੈ ਤੇ ਬੱਚਿਆਂ ਦੇ ਭਲੇ ਲਈ ਹੈ।
7 ਬਾਈਬਲ ਦੇ ਇਕ ਸ਼ਬਦ-ਕੋਸ਼ ਦੇ ਮੁਤਾਬਕ ਅਫ਼ਸੀਆਂ 6:4 ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ ‘ਮੱਤ ਦੇਣੀ’ ਕੀਤਾ ਗਿਆ ਹੈ ਉਸ ਦਾ ਮਤਲਬ ਹੈ “ਮਨ ਵਿਚ ਸਹੀ ਗੱਲਾਂ ਪਾਉਣੀਆਂ, ਗ਼ਲਤ ਵਿਚਾਰਾਂ ਨੂੰ ਸੁਧਾਰਨਾ, ਪਰਮੇਸ਼ੁਰ ਬਾਰੇ ਨਜ਼ਰੀਏ ਨੂੰ ਸਹੀ ਕਰਨਾ।” ਪਰ ਜੇ ਨੌਜਵਾਨ ਆਪਣੇ ਦੋਸਤਾਂ ਦੇ ਦਬਾਅ ਕਾਰਨ ਆਪਣੇ ਮਾਪਿਆਂ ਦੀ ਸਿਖਲਾਈ ਨੂੰ ਠੁਕਰਾ ਦਿੰਦਾ ਹੈ, ਫਿਰ ਕੀ? ਇਸ ਹਾਲਤ ਵਿਚ ਕੌਣ ਉਸ ਉੱਤੇ ਦਬਾਅ ਪਾ ਰਹੇ ਹਨ, ਮਾਪੇ ਜਾਂ ਦੋਸਤ? ਜੇ ਉਸ ਦੇ ਦੋਸਤ ਡ੍ਰੱਗਜ਼ ਲੈਣ, ਸ਼ਰਾਬ ਪੀਣ ਜਾਂ ਗ਼ਲਤ ਕੰਮ ਕਰਨ ਲਈ ਉਸ ਤੇ ਜ਼ੋਰ ਪਾ ਰਹੇ ਹਨ, ਤਾਂ ਕੀ ਮਾਪਿਆਂ ਦੀ ਇਸ ਗੱਲ ਲਈ ਨਿੰਦਾ ਕਰਨੀ ਸਹੀ ਹੋਵੇਗੀ ਕਿ ਉਹ ਆਪਣੇ ਬੱਚੇ ਦੀ ਸੋਚਣੀ ਸੁਧਾਰਨ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਨੂੰ ਬੁਰੇ ਕੰਮਾਂ ਦੇ ਬੁਰੇ ਨਤੀਜੇ ਦੱਸਦੇ ਹਨ?
8. ਧਰਮ ਦੇ ਮਾਮਲੇ ਵਿਚ ਤਿਮੋਥਿਉਸ ਨੂੰ ਯਕੀਨ ਕਿਵੇਂ ਦਿਵਾਇਆ ਗਿਆ ਸੀ?
8 ਪੌਲੁਸ ਰਸੂਲ ਨੇ ਨੌਜਵਾਨ ਤਿਮੋਥਿਉਸ ਨੂੰ ਲਿਖਿਆ: “ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ ਕਿਉਂ ਜੋ ਤੂੰ ਜਾਣਦਾ ਹੈਂ ਭਈ ਕਿਨ੍ਹਾਂ ਕੋਲੋਂ ਸਿੱਖੀਆਂ ਸਨ। ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈਂ ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।” (2 ਤਿਮੋਥਿਉਸ 3:14, 15) ਤਿਮੋਥਿਉਸ ਦੀ ਮਾਂ ਤੇ ਨਾਨੀ ਨੇ ਬਚਪਨ ਤੋਂ ਹੀ ਉਸ ਨੂੰ ਪਵਿੱਤਰ ਸ਼ਾਸਤਰ ਦੀ ਸਿੱਖਿਆ ਦੇ ਕੇ ਪਰਮੇਸ਼ੁਰ ਵਿਚ ਉਸ ਦੀ ਨਿਹਚਾ ਮਜ਼ਬੂਤ ਕੀਤੀ ਸੀ। (ਰਸੂਲਾਂ ਦੇ ਕਰਤੱਬ 16:1; 2 ਤਿਮੋਥਿਉਸ 1:5) ਬਾਅਦ ਵਿਚ ਜਦ ਉਹ ਮਸੀਹੀ ਬਣੀਆਂ, ਤਾਂ ਉਨ੍ਹਾਂ ਨੇ ਤਿਮੋਥਿਉਸ ਨੂੰ ਮਸੀਹੀ ਧਰਮ ਅਪਣਾਉਣ ਲਈ ਮਜਬੂਰ ਕਰਨ ਦੀ ਬਜਾਇ ਉਸ ਨੂੰ ਪਵਿੱਤਰ ਸ਼ਾਸਤਰ ਦੇ ਆਧਾਰ ਤੇ ਯਕੀਨ ਦਿਵਾਇਆ।
ਯਹੋਵਾਹ ਤੁਹਾਨੂੰ ਫ਼ੈਸਲਾ ਕਰਨ ਦੀ ਆਜ਼ਾਦੀ ਦਿੰਦਾ ਹੈ
9. (ੳ) ਯਹੋਵਾਹ ਨੇ ਇਨਸਾਨਾਂ ਨੂੰ ਕਿਹੜੀ ਆਜ਼ਾਦੀ ਦਿੱਤੀ ਹੈ ਤੇ ਕਿਉਂ? (ਅ) ਪਰਮੇਸ਼ੁਰ ਦੇ ਪੁੱਤਰ ਨੇ ਆਪ ਫ਼ੈਸਲਾ ਕਰਨ ਦੀ ਆਜ਼ਾਦੀ ਕਿਵੇਂ ਇਸਤੇਮਾਲ ਕੀਤੀ?
9 ਯਹੋਵਾਹ ਸਾਨੂੰ ਰੋਬੋਟ ਵਰਗੇ ਬਣਾ ਸਕਦਾ ਸੀ ਤਾਂਕਿ ਅਸੀਂ ਉਸ ਦੀ ਮਰਜ਼ੀ ਪੂਰੀ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਾ ਕਰੀਏ। ਪਰ ਇਸ ਦੀ ਬਜਾਇ ਉਸ ਨੇ ਸਾਨੂੰ ਆਪ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ ਨਾਲ ਉਸ ਦੇ ਅਧੀਨ ਰਹੀਏ। ਉਸ ਦਾ ਜੀਅ ਖ਼ੁਸ਼ ਹੁੰਦਾ ਹੈ ਜਦ ਨਿਆਣੇ-ਸਿਆਣੇ ਸਾਰੇ ਪਿਆਰ ਦੀ ਖ਼ਾਤਰ ਉਸ ਦੀ ਸੇਵਾ ਕਰਦੇ ਹਨ। ਯਿਸੂ ਮਸੀਹ ਨੇ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਉਸ ਬਾਰੇ ਯਹੋਵਾਹ ਨੇ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:17) ਇਸ ਪੁੱਤਰ ਨੇ ਆਪਣੇ ਪਿਤਾ ਯਹੋਵਾਹ ਨੂੰ ਕਿਹਾ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।”—ਜ਼ਬੂਰਾਂ ਦੀ ਪੋਥੀ 40:8; ਇਬਰਾਨੀਆਂ 10:9, 10.
10. ਯਹੋਵਾਹ ਆਪਣੇ ਸੇਵਕਾਂ ਤੋਂ ਕੀ ਚਾਹੁੰਦਾ ਹੈ?
10 ਯਹੋਵਾਹ ਚਾਹੁੰਦਾ ਹੈ ਕਿ ਯਿਸੂ ਵਾਂਗ ਉਸ ਦੇ ਬਾਕੀ ਸਾਰੇ ਸੇਵਕ ਵੀ ਖ਼ੁਸ਼ੀ ਨਾਲ ਉਸ ਦੀ ਮਰਜ਼ੀ ਪੂਰੀ ਕਰਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।” (ਜ਼ਬੂਰਾਂ ਦੀ ਪੋਥੀ 110:3) ਧਰਤੀ ਉੱਤੇ ਅਤੇ ਸਵਰਗ ਵਿਚ ਯਹੋਵਾਹ ਦੇ ਸਾਰੇ ਸੇਵਕ ਉਸ ਦੇ ਅਧੀਨ ਰਹਿ ਕੇ ਉਸ ਦੀ ਮਰਜ਼ੀ ਪੂਰੀ ਕਰਦੇ ਹਨ ਕਿਉਂਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਨ।
11. ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਨੂੰ ਕਿਹੜਾ ਫ਼ੈਸਲਾ ਆਪ ਕਰਨਾ ਪਵੇਗਾ?
11 ਨੌਜਵਾਨੋ, ਯਾਦ ਰੱਖੋ ਕਿ ਨਾ ਤਾਂ ਤੁਹਾਡੇ ਮਾਪੇ ਤੇ ਨਾ ਹੀ ਕਲੀਸਿਯਾ ਦੇ ਬਜ਼ੁਰਗ ਤੁਹਾਨੂੰ ਬਪਤਿਸਮਾ ਲੈਣ ਲਈ ਮਜਬੂਰ ਕਰਨਗੇ। ਯਹੋਵਾਹ ਦੀ ਭਗਤੀ ਕਰਨ ਦੀ ਇੱਛਾ ਤੁਹਾਡੇ ਦਿਲ ਵਿਚ ਹੋਣੀ ਚਾਹੀਦੀ ਹੈ। ਪੁਰਾਣੇ ਜ਼ਮਾਨੇ ਵਿਚ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਕਿਹਾ ਸੀ: “[ਯਹੋਵਾਹ ਦੀ] ਉਪਾਸਨਾ ਸਿਧਿਆਈ ਅਤੇ ਸਚਿਆਈ ਨਾਲ ਕਰੋ . . . ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ।” (ਯਹੋਸ਼ੁਆ 24:14-22) ਇਸੇ ਤਰ੍ਹਾਂ ਇਹ ਤੁਹਾਡਾ ਆਪਣਾ ਫ਼ੈਸਲਾ ਹੋਣਾ ਚਾਹੀਦਾ ਹੈ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਉਸ ਦੀ ਮਰਜ਼ੀ ਪੂਰੀ ਕਰੋਗੇ ਜਾਂ ਨਹੀਂ।
ਆਪਣੀ ਜ਼ਿੰਮੇਵਾਰੀ ਨਿਭਾਓ
12. (ੳ) ਭਾਵੇਂ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਹਨ, ਪਰ ਉਹ ਉਨ੍ਹਾਂ ਲਈ ਕੀ ਨਹੀਂ ਕਰ ਸਕਦੇ? (ਅ) ਇਕ ਨੌਜਵਾਨ ਆਪਣੇ ਫ਼ੈਸਲਿਆਂ ਲਈ ਯਹੋਵਾਹ ਅੱਗੇ ਕਦੋਂ ਜ਼ਿੰਮੇਵਾਰ ਹੁੰਦਾ ਹੈ?
12 ਨੌਜਵਾਨੋ, ਯਾਦ ਰੱਖੋ ਕਿ ਤੁਸੀਂ ਹਮੇਸ਼ਾ ਲਈ ਆਪਣੇ ਮਾਪਿਆਂ ਦੀ ਵਫ਼ਾਦਾਰੀ ਦੇ ਆਸਰੇ ਪਵਿੱਤਰ ਨਹੀਂ ਗਿਣੇ ਜਾਓਗੇ। (1 ਕੁਰਿੰਥੀਆਂ 7:14) ਯਾਕੂਬ ਨੇ ਲਿਖਿਆ: “ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਏਹ ਉਹ ਦੇ ਲਈ ਪਾਪ ਹੈ।” (ਯਾਕੂਬ 4:17) ਜਿਵੇਂ ਬੱਚੇ ਆਪਣੇ ਮਾਪਿਆਂ ਦੀ ਥਾਂ ਯਹੋਵਾਹ ਦੀ ਸੇਵਾ ਨਹੀਂ ਕਰ ਸਕਦੇ, ਤਿਵੇਂ ਮਾਪੇ ਵੀ ਆਪਣੇ ਬੱਚਿਆਂ ਦੀ ਥਾਂ ਯਹੋਵਾਹ ਦੀ ਸੇਵਾ ਨਹੀਂ ਕਰ ਸਕਦੇ ਹਨ। (ਹਿਜ਼ਕੀਏਲ 18:20) ਕੀ ਤੁਸੀਂ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਿਆ ਹੈ? ਕੀ ਤੁਸੀਂ ਇਹ ਗੱਲਾਂ ਸਮਝਦੇ ਹੋ ਅਤੇ ਯਹੋਵਾਹ ਨੂੰ ਆਪਣਾ ਦੋਸਤ ਮੰਨਦੇ ਹੋ? ਜੇ ਹਾਂ, ਤਾਂ ਯਹੋਵਾਹ ਤੁਹਾਨੂੰ ਇਸ ਕਾਬਲ ਸਮਝਦਾ ਹੈ ਕਿ ਤੁਸੀਂ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਸਕਦੇ ਹੋ।
13. ਜਿਨ੍ਹਾਂ ਨੌਜਵਾਨਾਂ ਨੇ ਅਜੇ ਬਪਤਿਸਮਾ ਨਹੀਂ ਲਿਆ, ਉਨ੍ਹਾਂ ਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
13 ਕੀ ਤੁਸੀਂ ਅਜੇ ਬਪਤਿਸਮਾ ਨਹੀਂ ਲਿਆ, ਪਰ ਸਭਾਵਾਂ ਵਿਚ ਜਾਂਦੇ ਹੋ ਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋ? ਜੇ ਹਾਂ, ਤਾਂ ਆਪਣੇ ਆਪ ਨੂੰ ਪੁੱਛੋ: ‘ਮੈਂ ਇਹ ਸਭ ਕਿਉਂ ਕਰ ਰਿਹਾ ਹਾਂ? ਕੀ ਮੈਂ ਇਸ ਕਰਕੇ ਮੀਟਿੰਗਾਂ ਵਿਚ ਜਾਂਦਾ ਹਾਂ ਤੇ ਪ੍ਰਚਾਰ ਕਰਦਾ ਹਾਂ ਕਿਉਂਕਿ ਮੇਰੇ ਮਾਂ-ਬਾਪ ਇਸ ਦੀ ਉਮੀਦ ਰੱਖਦੇ ਹਨ ਜਾਂ ਇਸ ਕਰਕੇ ਕਿ ਮੈਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ?’ ਕੀ ਤੁਸੀਂ ਆਪ ਬਾਈਬਲ ਦਾ ਅਧਿਐਨ ਕਰ ਕੇ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ” ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ?—ਰੋਮੀਆਂ 12:2.
ਬਪਤਿਸਮਾ ਲੈਣ ਵਿਚ ਦੇਰੀ ਕਿਉਂ?
14. ਬਾਈਬਲ ਦੀਆਂ ਕਿਹੜੀਆਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਬਪਤਿਸਮਾ ਲੈਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ?
14 ਇਹ ਸਿੱਖਣ ਤੋਂ ਬਾਅਦ ਕਿ ਯਿਸੂ ਹੀ ਮਸੀਹਾ ਸੀ, ਇਥੋਪੀਆਈ ਆਦਮੀ ਨੇ ਫ਼ਿਲਿੱਪੁਸ ਨੂੰ ਇਹ ਸਵਾਲ ਪੁੱਛਿਆ: “ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” ਪਰ ਕੀ ਉਹ ਇੰਨੀ ਜਲਦੀ ਬਪਤਿਸਮਾ ਲੈ ਸਕਦਾ ਸੀ? ਹਾਂ, ਉਸ ਕੋਲ ਪਵਿੱਤਰ ਸ਼ਾਸਤਰ ਦਾ ਇੰਨਾ ਗਿਆਨ ਸੀ ਕਿ ਉਹ ਮਸੀਹੀ ਕਲੀਸਿਯਾ ਦਾ ਮੈਂਬਰ ਬਣ ਕੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਸਕਦਾ ਸੀ। ਬਪਤਿਸਮਾ ਲੈ ਕੇ ਉਸ ਨੂੰ ਬਹੁਤ ਖ਼ੁਸ਼ੀ ਮਿਲੀ। (ਰਸੂਲਾਂ ਦੇ ਕਰਤੱਬ 8:26-39) ਇਸੇ ਤਰ੍ਹਾਂ, ਲੁਦਿਯਾ ਨਾਂ ਦੀ ਤੀਵੀਂ ਦਾ “ਮਨ ਪ੍ਰਭੁ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ।” ਉਸ ਨੇ ਆਪਣੇ ਟੱਬਰ ਸਣੇ ਫ਼ੌਰਨ ‘ਬਪਤਿਸਮਾ ਲੈ ਲਿਆ।’ (ਰਸੂਲਾਂ ਦੇ ਕਰਤੱਬ 16:14, 15) ਫ਼ਿਲਿੱਪੈ ਵਿਚ ਜਦ ਪੌਲੁਸ ਤੇ ਸੀਲਾਸ ਨੇ ਕੈਦਖ਼ਾਨੇ ਦੇ ਦਰੋਗੇ ਨੂੰ “ਪ੍ਰਭੁ ਦਾ ਬਚਨ ਸੁਣਾਇਆ,” ਤਾਂ ਉਨ੍ਹਾਂ ਦੀ ਗੱਲ ਸੁਣ ਕੇ “ਉਸ ਨੇ ਅਰ ਉਸ ਦੇ ਸਾਰੇ ਘਰ ਦਿਆਂ ਨੇ ਓਸੇ ਵੇਲੇ ਬਪਤਿਸਮਾ ਲਿਆ।” (ਰਸੂਲਾਂ ਦੇ ਕਰਤੱਬ 16:25-34) ਇਸ ਲਈ, ਜੇ ਤੁਸੀਂ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗਿਆਨ ਲਿਆ ਹੈ, ਉਸ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹੋ, ਕਲੀਸਿਯਾ ਵਿਚ ਤੁਹਾਡੀ ਨੇਕਨਾਮੀ ਹੈ, ਤੁਸੀਂ ਵਫ਼ਾਦਾਰੀ ਨਾਲ ਸਭਾਵਾਂ ਵਿਚ ਜਾਂਦੇ ਹੋ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋ, ਤਾਂ ਬਪਤਿਸਮਾ ਲੈਣ ਵਿਚ ਤੁਸੀਂ ਦੇਰ ਕਿਉਂ ਕਰ ਰਹੇ ਹੋ?—ਮੱਤੀ 28:19, 20.
15, 16. (ੳ) ਕਈ ਨੌਜਵਾਨ ਕੀ ਸੋਚ ਕੇ ਬਪਤਿਸਮਾ ਲੈਣ ਤੋਂ ਪਿੱਛੇ ਹੱਟ ਜਾਂਦੇ ਹਨ? (ਅ) ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲੈਣ ਨਾਲ ਨੌਜਵਾਨਾਂ ਦੀ ਕਿਵੇਂ ਰੱਖਿਆ ਹੁੰਦੀ ਹੈ?
15 ਕੀ ਤੁਸੀਂ ਇਸ ਲਈ ਤਾਂ ਬਪਤਿਸਮਾ ਲੈਣ ਤੋਂ ਪਿੱਛੇ ਨਹੀਂ ਹਟ ਰਹੇ ਕਿ ਜੇ ਬਪਤਿਸਮਾ ਲੈਣ ਤੋਂ ਬਾਅਦ ਤੁਸੀਂ ਕੋਈ ਵੱਡੀ ਗ਼ਲਤੀ ਕਰ ਬੈਠੋ, ਤਾਂ ਤੁਹਾਨੂੰ ਇਸ ਦਾ ਜਵਾਬ ਦੇਣਾ ਪਵੇਗਾ? ਜੇ ਇਹ ਗੱਲ ਹੈ, ਤਾਂ ਜ਼ਰਾ ਸੋਚੋ: ਕੀ ਤੁਸੀਂ ਡ੍ਰਾਈਵਰ ਲਸੰਸ ਇਸ ਕਰਕੇ ਨਹੀਂ ਲਵੋਗੇ ਕਿਉਂਕਿ ਤੁਹਾਨੂੰ ਹਾਦਸੇ ਦਾ ਡਰ ਹੈ? ਬਿਲਕੁਲ ਨਹੀਂ! ਨਾ ਹੀ ਤੁਹਾਨੂੰ ਬਪਤਿਸਮਾ ਲੈਣ ਤੋਂ ਪਿੱਛੇ ਹਟਣਾ ਚਾਹੀਦਾ ਹੈ। ਦਰਅਸਲ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਤੁਸੀਂ ਉਸ ਦੀ ਮਰਜ਼ੀ ਪੂਰੀ ਕਰਨ ਅਤੇ ਗ਼ਲਤੀਆਂ ਕਰਨ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰੋਗੇ। (ਫ਼ਿਲਿੱਪੀਆਂ 4:13) ਨੌਜਵਾਨੋ, ਇਹ ਨਾ ਸੋਚੋ ਕਿ ਬਪਤਿਸਮਾ ਨਾ ਲੈਣ ਕਰਕੇ ਤੁਹਾਨੂੰ ਯਹੋਵਾਹ ਨੂੰ ਲੇਖਾ ਨਹੀਂ ਦੇਣਾ ਪਵੇਗਾ। ਜਦ ਤੁਸੀਂ ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ ਹੋ ਜਾਂਦੇ ਹੋ, ਤਾਂ ਤੁਹਾਨੂੰ ਯਹੋਵਾਹ ਨੂੰ ਆਪਣੇ ਕੰਮਾਂ ਦਾ ਲੇਖਾ ਦੇਣਾ ਪਵੇਗਾ, ਚਾਹੇ ਤੁਸੀਂ ਬਪਤਿਸਮਾ ਲਿਆ ਹੈ ਜਾਂ ਨਹੀਂ।—ਰੋਮੀਆਂ 14:11, 12.
16 ਸੰਸਾਰ ਭਰ ਵਿਚ ਕਈ ਗਵਾਹਾਂ ਨੇ ਜਵਾਨੀ ਵਿਚ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਫ਼ੈਸਲੇ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਪੱਛਮੀ ਯੂਰਪ ਵਿਚ ਰਹਿਣ ਵਾਲੇ 23 ਸਾਲਾਂ ਦੇ ਇਕ ਗਵਾਹ ਦੀ ਮਿਸਾਲ ਲੈ ਲਓ। ਉਸ ਨੇ 13 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ ਸੀ ਜਿਸ ਕਾਰਨ ਉਸ ਨੂੰ ‘ਜੁਆਨੀ ਦੀਆਂ ਕਾਮਨਾਵਾਂ’ ਨੂੰ ਕਾਬੂ ਵਿਚ ਰੱਖਣ ਦੀ ਤਾਕਤ ਮਿਲੀ। (2 ਤਿਮੋਥਿਉਸ 2:22) ਜਵਾਨੀ ਤੋਂ ਹੀ ਉਸ ਨੇ ਪੂਰਾ ਸਮਾਂ ਯਹੋਵਾਹ ਦੀ ਸੇਵਾ ਕਰਨ ਦਾ ਟੀਚਾ ਰੱਖਿਆ। ਅੱਜ ਉਹ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਿਹਾ ਹੈ। ਜਿਹੜੇ ਨੌਜਵਾਨ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਰਦੇ ਹਨ, ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਇਹ ਬਰਕਤਾਂ ਤੁਹਾਨੂੰ ਵੀ ਮਿਲ ਸਕਦੀਆਂ ਹਨ।
17. ਸਾਨੂੰ ਕਿਨ੍ਹਾਂ ਗੱਲਾਂ ਵਿਚ ‘ਪ੍ਰਭੁ ਦੀ ਇੱਛਿਆ’ ਜਾਣਨ ਦੀ ਲੋੜ ਹੈ?
17 ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪਣ ਅਤੇ ਬਪਤਿਸਮਾ ਲੈਣ ਤੋਂ ਬਾਅਦ ਅਸੀਂ ਹਰ ਕਦਮ ਤੇ ਉਸ ਦੀ ਮਰਜ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਸਮਰਪਣ ਤੇ ਪੂਰਾ ਉਤਰਨ ਲਈ ਸਾਨੂੰ “ਸਮੇਂ ਨੂੰ ਲਾਭਦਾਇਕ” ਤਰੀਕੇ ਨਾਲ ਵਰਤਣ ਦੀ ਲੋੜ ਹੈ। ਅਸੀਂ ਇਹ ਕਿਸ ਤਰ੍ਹਾਂ ਕਰਦੇ ਹਾਂ? ਅਸੀਂ ਬੇਕਾਰ ਕੰਮਾਂ ਤੋਂ ਸਮਾਂ ਕੱਢ ਕੇ ਬਾਈਬਲ ਸਟੱਡੀ ਕਰਦੇ ਹਾਂ, ਮੀਟਿੰਗਾਂ ਵਿਚ ਜਾਂਦੇ ਹਾਂ ਅਤੇ “ਖ਼ੁਸ਼ ਖ਼ਬਰੀ ਦਾ ਪਰਚਾਰ” ਕਰਨ ਵਿਚ ਜ਼ਿਆਦਾ ਸਮਾਂ ਲਾਉਂਦੇ ਹਾਂ। (ਅਫ਼ਸੀਆਂ 5:15, 16; ਮੱਤੀ 24:14) ਸਾਡਾ ਸਮਰਪਣ ਅਤੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਦਾ ਫ਼ੈਸਲਾ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਉੱਤੇ ਚੰਗਾ ਅਸਰ ਕਰੇਗਾ, ਚਾਹੇ ਅਸੀਂ ਮਨੋਰੰਜਨ ਕਰਦੇ ਹੋਈਏ, ਖਾਂਦੇ-ਪੀਂਦੇ ਹੋਈਏ ਜਾਂ ਸੰਗੀਤ ਸੁਣਦੇ ਹੋਈਏ। ਕਿਉਂ ਨਾ ਅਜਿਹਾ ਮਨੋਰੰਜਨ ਕਰੋ ਜਿਸ ਦਾ ਤੁਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਵੀ ਹਮੇਸ਼ਾ ਮਜ਼ਾ ਲੈ ਸਕੋਗੇ? ਯਹੋਵਾਹ ਦੇ ਹਜ਼ਾਰਾਂ ਨੌਜਵਾਨ ਗਵਾਹ ਤੁਹਾਨੂੰ ਦੱਸਣਗੇ ਕਿ ‘ਯਹੋਵਾਹ ਦੀ ਇੱਛਿਆ’ ਮੁਤਾਬਕ ਮਨੋਰੰਜਨ ਕਰ ਕੇ ਤੁਸੀਂ ਜ਼ਿੰਦਗੀ ਦਾ ਬਹੁਤ ਮਜ਼ਾ ਲੈ ਸਕਦੇ ਹੋ।—ਅਫ਼ਸੀਆਂ 5:17-19.
“ਅਸੀਂ ਤੁਹਾਡੇ ਨਾਲ ਚੱਲਾਂਗੇ”
18. ਨੌਜਵਾਨਾਂ ਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
18 ਸੰਨ 1513 ਈ. ਪੂ. ਤੋਂ 33 ਈ. ਦੇ ਪੰਤੇਕੁਸਤ ਤਕ ਧਰਤੀ ਉੱਤੇ ਯਹੋਵਾਹ ਦੀ ਆਪਣੀ ਇਕ ਕੌਮ ਸੀ ਜਿਸ ਦੇ ਲੋਕਾਂ ਨੇ ਉਸ ਦੀ ਭਗਤੀ ਕਰਨੀ ਸੀ ਤੇ ਉਸ ਦੇ ਗਵਾਹ ਬਣਨਾ ਸੀ। (ਯਸਾਯਾਹ 43:12) ਇਸਰਾਏਲੀ ਜਨਮ ਤੋਂ ਹੀ ਇਸ ਕੌਮ ਦਾ ਹਿੱਸਾ ਸਨ। ਪਰ ਪੰਤੇਕੁਸਤ ਦੇ ਦਿਨ ਤੇ ਯਹੋਵਾਹ ਨੇ ਧਰਤੀ ਉੱਤੇ ਇਕ ਨਵੀਂ “ਕੌਮ” ਚੁਣੀ ਜੋ ਉਸ ਦੇ ‘ਨਾਮ ਦੇ ਲਈ ਪਰਜਾ’ ਹੁੰਦੀ। (1 ਪਤਰਸ 2:9, 10; ਰਸੂਲਾਂ ਦੇ ਕਰਤੱਬ 15:14; ਗਲਾਤੀਆਂ 6:16) ਪੌਲੁਸ ਰਸੂਲ ਨੇ ਕਿਹਾ ਕਿ ਯਿਸੂ ਨੇ ‘ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕੀਤਾ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।’ (ਤੀਤੁਸ 2:14) ਨੌਜਵਾਨੋ, ਤੁਸੀਂ ਆਪ ਪਤਾ ਲਗਾਓ ਕਿ ਇਹ ਕੌਮ ਕਿਹੜੀ ਹੈ। ਅੱਜ ਉਹ ਕਿਹੜੀ ਧਰਮੀ ਕੌਮ ਹੈ ਜਿਹੜੀ ਵਫ਼ਾਦਾਰੀ ਦੀ ਪਾਲਨਾ ਕਰਦੀ ਹੈ? ਕਿਹੜੇ ਲੋਕ ਬਾਈਬਲ ਦੇ ਸਿਧਾਂਤਾਂ ਅਨੁਸਾਰ ਚੱਲਦੇ ਹਨ, ਯਹੋਵਾਹ ਦੇ ਵਫ਼ਾਦਾਰ ਗਵਾਹ ਹਨ ਅਤੇ ਉਸ ਦੇ ਰਾਜ ਦਾ ਪ੍ਰਚਾਰ ਕਰਦੇ ਹਨ? (ਯਸਾਯਾਹ 26:2-4) ਈਸਾਈ-ਜਗਤ ਦੇ ਧਰਮਾਂ ਅਤੇ ਹੋਰਨਾਂ ਮਜ਼ਹਬਾਂ ਵੱਲ ਦੇਖੋ। ਕੀ ਉਨ੍ਹਾਂ ਦਾ ਚਾਲ-ਚਲਣ ਉਸ ਤਰ੍ਹਾਂ ਦਾ ਹੈ ਜੋ ਬਾਈਬਲ ਮੁਤਾਬਕ ਪਰਮੇਸ਼ੁਰ ਦੇ ਸੱਚੇ ਸੇਵਕਾਂ ਦਾ ਹੋਣਾ ਚਾਹੀਦਾ ਹੈ?
19. ਦੁਨੀਆਂ ਵਿਚ ਲੱਖਾਂ ਲੋਕਾਂ ਨੂੰ ਕਿਸ ਗੱਲ ਦਾ ਪੱਕਾ ਯਕੀਨ ਹੈ?
19 ਦੁਨੀਆਂ ਵਿਚ ਨੌਜਵਾਨਾਂ ਸਮੇਤ ਲੱਖਾਂ ਲੋਕ ਹਨ ਜਿਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਮਸਹ ਕੀਤੇ ਹੋਏ ਮਸੀਹੀ ਹੀ ਇਹ “ਧਰਮੀ ਕੌਮ” ਹਨ। ਉਹ ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਹਿੰਦੇ ਹਨ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕਰਯਾਹ 8:23) ਨੌਜਵਾਨੋ, ਅਸੀਂ ਇਹੋ ਉਮੀਦ ਰੱਖਦੇ ਹਾਂ ਕਿ ਤੁਸੀਂ ਯਹੋਵਾਹ ਦੇ ਲੋਕਾਂ ਦੇ ਨਾਲ ‘ਜੀਵਨ ਨੂੰ ਚੁਣਨ’ ਦਾ ਫ਼ੈਸਲਾ ਕਰੋਗੇ। ਹਾਂ, ਤੁਸੀਂ ਯਹੋਵਾਹ ਦੇ ਨਵੇਂ ਸੰਸਾਰ ਵਿਚ ਹਮੇਸ਼ਾ ਦਾ ਜੀਵਨ ਹਾਸਲ ਕਰ ਸਕਦੇ ਹੋ।—ਬਿਵਸਥਾ ਸਾਰ 30:15-20; 2 ਪਤਰਸ 3:11-13.
ਇਨ੍ਹਾਂ ਸਵਾਲਾਂ ਉੱਤੇ ਸੋਚ-ਵਿਚਾਰ ਕਰੋ
• ਮੱਤ ਦੇਣ ਵਿਚ ਕੀ-ਕੀ ਸ਼ਾਮਲ ਹੈ?
• ਯਹੋਵਾਹ ਕਿਹੋ ਜਿਹੀ ਭਗਤੀ ਚਾਹੁੰਦਾ ਹੈ?
• ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਨੇ ਕਿਹੜਾ ਫ਼ੈਸਲਾ ਆਪ ਕਰਨਾ ਹੈ?
• ਨੌਜਵਾਨਾਂ ਨੂੰ ਬਪਤਿਸਮਾ ਲੈਣ ਵਿਚ ਦੇਰੀ ਕਿਉਂ ਨਹੀਂ ਕਰਨੀ ਚਾਹੀਦੀ?
[ਸਫ਼ਾ 26 ਉੱਤੇ ਤਸਵੀਰਾਂ]
ਤੁਸੀਂ ਕਿਸ ਦੀ ਸੁਣੋਗੇ?
[ਸਫ਼ਾ 28 ਉੱਤੇ ਤਸਵੀਰ]
ਯਹੋਵਾਹ ਨੂੰ ਆਪਣਾ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਨਾਲ ਤੁਹਾਡੀ ਰਾਖੀ ਕਿਵੇਂ ਹੋ ਸਕਦੀ ਹੈ?
[ਸਫ਼ਾ 29 ਉੱਤੇ ਤਸਵੀਰ]
ਤੁਹਾਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?