ਤੁਸੀਂ ਹਮੇਸ਼ਾ ਲਈ ਜ਼ਿੰਦਾ ਰਹਿ ਸਕਦੇ ਹੋ
ਦੁਨੀਆਂ ਦੇ ਹਰ ਧਰਮ ਦੇ ਲੋਕਾਂ ਦਾ ਮੰਨਣਾ ਹੈ ਕਿ ਇਨਸਾਨ ਮਰਨ ਤੋਂ ਬਾਅਦ ਕਿਸੇ-ਨ-ਕਿਸੇ ਰੂਪ ਵਿਚ ਜੀਉਂਦਾ ਰਹਿੰਦਾ ਹੈ। ਇਸ ਬਾਰੇ ਵੱਖੋ-ਵੱਖਰੇ ਧਰਮਾਂ ਦੇ ਵਿਸ਼ਵਾਸ ਵੱਖੋ-ਵੱਖਰੇ ਹਨ, ਪਰ ਇਨ੍ਹਾਂ ਵਿਚ ਇਕ ਮਿਲਦੀ-ਜੁਲਦੀ ਗੱਲ ਜ਼ਰੂਰ ਹੈ। ਉਹ ਇਹ ਹੈ ਕਿ ਸਭ ਲੋਕ ਵਧੀਆ ਹਾਲਾਤਾਂ ਵਿਚ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣੀ ਚਾਹੁੰਦੇ ਹਨ ਜਿੱਥੇ ਮੌਤ ਦਾ ਕੋਈ ਡਰ ਨਾ ਹੋਵੇ। ਕੀ ਤੁਹਾਡੀ ਵੀ ਇਹੋ ਖ਼ਾਹਸ਼ ਹੈ? ਹਰ ਦਿਲ ਵਿਚ ਇਹ ਖ਼ਾਹਸ਼ ਪੈਦਾ ਹੋਣ ਦਾ ਕੀ ਕਾਰਨ ਹੈ? ਕੀ ਹਮੇਸ਼ਾ ਜੀਣ ਦਾ ਸੁਪਨਾ ਕਦੇ ਪੂਰਾ ਹੋਵੇਗਾ?
ਬਾਈਬਲ ਦੱਸਦੀ ਹੈ ਕਿ ਸਿਰਜਣਹਾਰ ਨੇ ਜਦੋਂ ਪਹਿਲੇ ਆਦਮੀ ਤੇ ਔਰਤ ਯਾਨੀ ਆਦਮ ਤੇ ਹੱਵਾਹ ਨੂੰ ਰਚਿਆ ਸੀ, ਤਾਂ ਉਸ ਨੇ ਉਨ੍ਹਾਂ ਵਿਚ ਹਮੇਸ਼ਾ ਜੀਉਂਦੇ ਰਹਿਣ ਦੀ ਇੱਛਾ ਪਾਈ ਸੀ। ਬਾਈਬਲ ਕਹਿੰਦੀ ਹੈ ਕਿ ‘ਪਰਮੇਸ਼ੁਰ ਨੇ ਸਦੀਪਕਾਲ ਨੂੰ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਸੀ।’—ਉਪਦੇਸ਼ਕ ਦੀ ਪੋਥੀ 3:11.
ਪਰ ਹਮੇਸ਼ਾ ਵਾਸਤੇ ਜੀਣ ਲਈ ਜ਼ਰੂਰੀ ਸੀ ਕਿ ਆਦਮ ਤੇ ਹੱਵਾਹ ਪਰਮੇਸ਼ੁਰ ਦੇ ਆਗਿਆਕਾਰ ਰਹਿੰਦੇ। ਉਨ੍ਹਾਂ ਵਾਸਤੇ ਸਹੀ-ਗ਼ਲਤ ਦਾ ਫ਼ੈਸਲਾ ਕਰਨ ਦਾ ਅਧਿਕਾਰ ਸਿਰਫ਼ ਪਰਮੇਸ਼ੁਰ ਨੂੰ ਹੀ ਸੀ। ਜੇ ਉਹ ਇਸ ਅਧਿਕਾਰ ਨੂੰ ਕਬੂਲ ਕਰਦੇ, ਤਾਂ ਉਨ੍ਹਾਂ ਨੇ ਅਦਨ ਦੇ ਬਾਗ਼ ਵਿਚ ‘ਸਦਾ ਜੀਉਂਦੇ’ ਰਹਿਣਾ ਸੀ ਜੋ ਯਹੋਵਾਹ ਨੇ ਉਨ੍ਹਾਂ ਨੂੰ ਰਹਿਣ ਲਈ ਦਿੱਤਾ ਸੀ।—ਉਤਪਤ 2:8; 3:22.
ਸਦਾ ਦੀ ਜ਼ਿੰਦਗੀ ਤੋਂ ਵਾਂਝੇ
ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ “ਭਲੇ ਬੁਰੇ ਦੀ ਸਿਆਣ ਦਾ ਬਿਰਛ” ਲਾਇਆ ਸੀ ਅਤੇ ਆਦਮ ਤੇ ਹੱਵਾਹ ਨੂੰ ਇਸ ਬਿਰਛ ਦਾ ਫਲ ਖਾਣ ਤੋਂ ਮਨ੍ਹਾ ਕੀਤਾ ਸੀ। ਜੇ ਉਹ ਇਹ ਫਲ ਖਾ ਲੈਂਦੇ, ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲਣੀ ਸੀ। (ਉਤਪਤ 2:9, 17) ਇਸ ਫਲ ਨੂੰ ਖਾਣ ਤੋਂ ਪਰਹੇਜ਼ ਕਰਨ ਨਾਲ ਆਦਮ ਤੇ ਹੱਵਾਹ ਨੇ ਦਿਖਾਉਣਾ ਸੀ ਕਿ ਉਹ ਪਰਮੇਸ਼ੁਰ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਸਨ। ਫਲ ਖਾ ਲੈਣ ਤੋਂ ਜ਼ਾਹਰ ਹੋਣਾ ਸੀ ਕਿ ਉਹ ਪਰਮੇਸ਼ੁਰ ਦੇ ਅਧਿਕਾਰ ਅਧੀਨ ਨਹੀਂ ਰਹਿਣਾ ਚਾਹੁੰਦੇ। ਅਫ਼ਸੋਸ ਦੀ ਗੱਲ ਹੈ ਕਿ ਆਦਮ ਤੇ ਹੱਵਾਹ ਨੇ ਯਹੋਵਾਹ ਦੀਆਂ ਹਿਦਾਇਤਾਂ ਦੀ ਉਲੰਘਣਾ ਕੀਤੀ ਅਤੇ ਸ਼ਤਾਨ ਦਾ ਸਾਥ ਦਿੱਤਾ। ਸ਼ਤਾਨ ਇਕ ਅਦਿੱਖ ਪ੍ਰਾਣੀ ਹੈ ਜਿਸ ਨੇ ਪਰਮੇਸ਼ੁਰ ਦੇ ਅਧਿਕਾਰ ਨੂੰ ਕਬੂਲ ਨਹੀਂ ਕੀਤਾ। ਆਦਮ ਅਤੇ ਹੱਵਾਹ ਦੀ ਅਣਆਗਿਆਕਾਰੀ ਦਾ ਨਤੀਜਾ ਇਹ ਹੋਇਆ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਤੋਂ ਵਾਂਝੇ ਕਰ ਦਿੱਤਾ।—ਉਤਪਤ 3:1-6.
ਪਰਮੇਸ਼ੁਰ ਨੇ ਉਨ੍ਹਾਂ ਨੂੰ ਜ਼ਿੰਦਗੀ ਜਾਂ ਮੌਤ ਚੁਣਨ ਦਾ ਮੌਕਾ ਦਿੱਤਾ ਸੀ। ਉਸ ਦੇ ਕਹਿਣੇ ਵਿਚ ਨਾ ਰਹਿਣ ਦੀ ਸਜ਼ਾ ਉਨ੍ਹਾਂ ਨੂੰ ਮੌਤ ਮਿਲੀ ਤੇ ਇਸ ਤਰ੍ਹਾਂ ਉਨ੍ਹਾਂ ਦਾ ਵਜੂਦ ਪੂਰੀ ਤਰ੍ਹਾਂ ਮਿਟ ਗਿਆ। ਉਨ੍ਹਾਂ ਵਿੱਚੋਂ ਕੁਝ ਵੀ ਬਚ ਕੇ ਜ਼ਿੰਦਾ ਨਹੀਂ ਰਿਹਾ, ਉਹ ਪੂਰੀ ਤਰ੍ਹਾਂ ਖ਼ਤਮ ਹੋ ਗਏ। ਆਦਮ ਤੇ ਹੱਵਾਹ ਜਾਂ ਉਨ੍ਹਾਂ ਦੀ ਔਲਾਦ ਲਈ ਇਹ ਨਾਮੁਮਕਿਨ ਸੀ ਕਿ ਉਹ ਕੋਈ ਜਾਦੂਈ ਦਵਾਈ ਲੈ ਕੇ ਸਦਾ ਜ਼ਿੰਦਾ ਰਹਿੰਦੇ।a
ਅਸੀਂ ਸਾਰੇ ਆਦਮ ਤੇ ਹੱਵਾਹ ਦੀ ਔਲਾਦ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਮੌਤ ਦੀ ਸਜ਼ਾ ਭੁਗਤਣੀ ਪੈਂਦੀ ਹੈ। ਇਸ ਬਾਰੇ ਪੌਲੁਸ ਰਸੂਲ ਨੇ ਇਵੇਂ ਸਮਝਾਇਆ: “ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਰੋਮੀਆਂ 5:12.
ਹਮੇਸ਼ਾ ਦੀ ਜ਼ਿੰਦਗੀ ਦਾ ਪ੍ਰਬੰਧ
ਇਨਸਾਫ਼ ਕਰਦੇ ਹੋਏ ਪਰਮੇਸ਼ੁਰ ਆਦਮ ਤੇ ਹੱਵਾਹ ਦੀ ਔਲਾਦ ਨੂੰ ਮੌਤ ਤੋਂ ਮੁਕਤੀ ਕਿਵੇਂ ਦਿਲਾ ਸਕਦਾ ਸੀ? ਪੌਲੁਸ ਰਸੂਲ ਨੇ ਇਕ ਉਦਾਹਰਣ ਦੇ ਕੇ ਸਮਝਾਇਆ ਕਿ ਸਾਰੇ ਇਨਸਾਨ ਜਨਮ ਤੋਂ “ਪਾਪ ਦੇ ਦਾਸ” ਯਾਨੀ ਗ਼ੁਲਾਮ ਹਨ। ਇਸ ਕਰਕੇ ਸਾਰਿਆਂ ਨੂੰ ਮੌਤ ਦੀ ਸਜ਼ਾ ਮਿਲਦੀ ਹੈ। (ਰੋਮੀਆਂ 5:12; 6:16, 17) ਪੌਲੁਸ ਰਸੂਲ ਦੇ ਜ਼ਮਾਨੇ ਦੇ ਕਾਨੂੰਨ ਮੁਤਾਬਕ ਕੋਈ ਵੀ ਗ਼ੁਲਾਮ ਆਪਣੇ ਮਾਲਕ ਨੂੰ ਆਪਣੀ ਰਿਹਾਈ ਦੀ ਕੀਮਤ ਦੇ ਕੇ ਆਜ਼ਾਦ ਹੋ ਸਕਦਾ ਸੀ। ਪਰ ਇਨਸਾਨਾਂ ਲਈ ਪਾਪ ਦੀ ਗ਼ੁਲਾਮੀ ਤੋਂ ਛੁੱਟਣ ਦਾ ਕੋਈ ਉਪਾਅ ਨਹੀਂ ਸੀ ਜੇ ਯਹੋਵਾਹ ਨੇ ਉਨ੍ਹਾਂ ਨੂੰ ਆਜ਼ਾਦ ਕਰਾਉਣ ਦਾ ਕੋਈ ਜਾਇਜ਼ ਪ੍ਰਬੰਧ ਨਾ ਕੀਤਾ ਹੁੰਦਾ। ਪੌਲੁਸ ਨੇ ਸਮਝਾਇਆ: “ਜਿਵੇਂ [ਆਦਮ ਦੇ] ਇੱਕ ਅਪਰਾਧ ਦੇ ਕਾਰਨ ਸਭਨਾਂ ਮਨੁੱਖਾਂ ਉੱਤੇ ਦੋਸ਼ ਲੱਗਾ ਤਿਵੇਂ ਹੀ ਧਰਮ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ।” ਯਿਸੂ ਨੇ ‘ਧਰਮ ਦਾ ਇੱਕ ਕੰਮ’ ਕਰ ਕੇ ਆਪਣੇ ਮੁਕੰਮਲ ਜੀਵਨ ਨੂੰ “ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ।” ਯਹੋਵਾਹ ਨੇ ਆਪਣੇ ਇਨਸਾਫ਼ ਮੁਤਾਬਕ ਯਿਸੂ ਦੀ ਕੁਰਬਾਨੀ ਨੂੰ ਕਬੂਲ ਕੀਤਾ ਤਾਂਕਿ ਮਨੁੱਖਜਾਤੀ ਨੂੰ ਮੌਤ ਦੀ “ਸਜ਼ਾ” ਤੋਂ ਮੁਕਤ ਕੀਤਾ ਜਾ ਸਕੇ।—ਰੋਮੀਆਂ 5:16, 18, 19; 1 ਤਿਮੋਥਿਉਸ 2:5, 6.
ਇਸ ਲਈ ਵਿਗਿਆਨੀਆਂ ਨੂੰ ਸਦਾ ਦੇ ਜੀਵਨ ਦਾ ਰਾਜ਼ ਇਨਸਾਨ ਦੇ ਜਨੈਟਿਕ ਕੋਡ ਵਿਚ ਨਹੀਂ ਲੱਭਣ ਵਾਲਾ। ਬਾਈਬਲ ਅਨੁਸਾਰ ਇਨਸਾਨ ਦੀ ਮੌਤ ਦਾ ਕਾਰਨ ਸਰੀਰਕ ਨੁਕਸ ਨਹੀਂ ਹੈ, ਸਗੋਂ ਇਨਸਾਨ ਇਸ ਲਈ ਮਰਦਾ ਹੈ ਕਿਉਂਕਿ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਕਾਨੂੰਨ ਤੋੜਿਆ ਜਿਸ ਦੀ ਸਜ਼ਾ ਮੌਤ ਸੀ। ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਆਦਮ ਦੇ ਮੁਕੰਮਲ ਸਰੀਰ ਦੇ ਬਰਾਬਰ ਦੀ ਕੀਮਤ ਚੁਕਾਉਣ ਦੀ ਲੋੜ ਸੀ ਜੋ ਯਿਸੂ ਨੇ ਆਪਣੀ ਜਾਨ ਕੁਰਬਾਨ ਕਰ ਕੇ ਅਦਾ ਕੀਤੀ। ਇਸ ਕੁਰਬਾਨੀ ਦਾ ਪ੍ਰਬੰਧ ਕਰ ਕੇ ਯਹੋਵਾਹ ਨੇ ਸਾਬਤ ਕੀਤਾ ਕਿ ਉਹ ਇਨਸਾਫ਼ ਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਤਾਂ ਫਿਰ ਇਸ ਕੁਰਬਾਨੀ ਸਦਕਾ ਕਿਨ੍ਹਾਂ ਲੋਕਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ?
ਅਮਰਤਾ ਦਾ ਤੋਹਫ਼ਾ
ਯਹੋਵਾਹ ਪਰਮੇਸ਼ੁਰ “ਆਦ ਤੋਂ ਅੰਤ ਤੀਕ” ਹੈ। ਉਹ ਅਮਰ ਹੈ। (ਜ਼ਬੂਰਾਂ ਦੀ ਪੋਥੀ 90:2) ਸਭ ਤੋਂ ਪਹਿਲਾ ਸ਼ਖ਼ਸ ਜਿਸ ਨੂੰ ਯਹੋਵਾਹ ਨੇ ਅਮਰਤਾ ਦਿੱਤੀ, ਉਹ ਯਿਸੂ ਮਸੀਹ ਸੀ। ਪੌਲੁਸ ਰਸੂਲ ਕਹਿੰਦਾ ਹੈ: “ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰਦਾ। ਅਗਾਹਾਂ ਨੂੰ ਮੌਤ ਦਾ ਓਸ ਉੱਤੇ ਵੱਸ ਨਹੀਂ।” (ਰੋਮੀਆਂ 6:9) ਪੌਲੁਸ ਕਹਿ ਰਿਹਾ ਸੀ ਕਿ ਦੁਨੀਆਂ ਦੇ ਹਾਕਮਾਂ ਦੇ ਉਲਟ ਸਿਰਫ਼ ਯਿਸੂ ਹੀ ਅਮਰ ਹੈ। ਉਹ “ਸਦਾ ਜੀਉਂਦਾ” ਰਹੇਗਾ ਕਿਉਂਕਿ ਉਸ ਨੂੰ “ਅਵਨਾਸੀ ਜੀਵਨ” ਮਿਲਿਆ ਹੈ।—ਇਬਰਾਨੀਆਂ 7:15-17, 23-25; 1 ਤਿਮੋਥਿਉਸ 6:15, 16.
ਸਿਰਫ਼ ਯਿਸੂ ਨੂੰ ਹੀ ਇਹ ਤੋਹਫ਼ਾ ਨਹੀਂ ਮਿਲਿਆ। ਯਿਸੂ ਨਾਲ ਰਾਜ ਕਰਨ ਲਈ ਚੁਣੇ ਗਏ ਮਸੀਹੀਆਂ ਨੂੰ ਵੀ ਇਹ ਤੋਹਫ਼ਾ ਮਿਲਦਾ ਹੈ ਜਦੋਂ ਮੌਤ ਤੋਂ ਬਾਅਦ ਉਨ੍ਹਾਂ ਨੂੰ ਯਿਸੂ ਵਾਂਗ ਜੀ ਉਠਾਇਆ ਜਾਂਦਾ ਹੈ। (ਰੋਮੀਆਂ 6:5) ਯੂਹੰਨਾ ਰਸੂਲ ਨੇ ਦੱਸਿਆ ਕਿ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਵਾਲੇ ਇਨ੍ਹਾਂ ਰਾਜਿਆਂ ਦੀ ਗਿਣਤੀ 1,44,000 ਹੈ। (ਪਰਕਾਸ਼ ਦੀ ਪੋਥੀ 14:1) ਇਨ੍ਹਾਂ ਨੂੰ ਵੀ ਅਮਰਤਾ ਮਿਲਦੀ ਹੈ। ਇਨ੍ਹਾਂ ਦੇ ਜੀ ਉਠਾਏ ਜਾਣ ਬਾਰੇ ਪੌਲੁਸ ਨੇ ਕਿਹਾ: “ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋ ਸੱਕਦੇ . . . ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਕਿਉਂ ਜੋ ਜਰੂਰ ਹੈ ਕਿ ਨਾਸਵਾਨ ਅਵਿਨਾਸ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ।” ਇਨ੍ਹਾਂ ਮੁੜ ਜੀ ਉੱਠੇ ਲੋਕਾਂ ਉੱਤੇ ਮੌਤ ਦਾ ਕੋਈ ਵੱਸ ਨਹੀਂ ਚੱਲੇਗਾ।—1 ਕੁਰਿੰਥੀਆਂ 15:50-53; ਪਰਕਾਸ਼ ਦੀ ਪੋਥੀ 20:6.
ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਇਹ ਜਾਣਕਾਰੀ ਵਾਕਈ ਹੈਰਾਨੀਜਨਕ ਹੈ। ਭਾਵੇਂ ਕਿ ਪਰਮੇਸ਼ੁਰ ਦੇ ਸਾਰੇ ਦੂਤ ਆਤਮਿਕ ਪ੍ਰਾਣੀ ਹਨ, ਪਰ ਉਨ੍ਹਾਂ ਨੂੰ ਅਮਰਤਾ ਨਹੀਂ ਬਖ਼ਸ਼ੀ ਗਈ ਹੈ। ਇਹ ਅਸੀਂ ਕਿਉਂ ਕਹਿੰਦੇ ਹਾਂ? ਕਿਉਂਕਿ ਜਿਨ੍ਹਾਂ ਦੂਤਾਂ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਵਿਚ ਸ਼ਤਾਨ ਦਾ ਸਾਥ ਦਿੱਤਾ, ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਕੇ ਉਨ੍ਹਾਂ ਦਾ ਵਜੂਦ ਮਿਟਾ ਦਿੱਤਾ ਜਾਵੇਗਾ। (ਮੱਤੀ 25:41) ਦੂਜੇ ਪਾਸੇ, ਯਿਸੂ ਨਾਲ ਰਾਜ ਕਰਨ ਵਾਲੇ ਵਿਅਕਤੀਆਂ ਨੂੰ ਅਮਰਤਾ ਦਾ ਤੋਹਫ਼ਾ ਦਿੱਤਾ ਜਾਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਉਨ੍ਹਾਂ ਦੀ ਵਫ਼ਾਦਾਰੀ ਤੇ ਪੱਕਾ ਵਿਸ਼ਵਾਸ ਹੈ।
ਕੀ ਇਸ ਦਾ ਮਤਲਬ ਹੈ ਕਿ ਅਰਬਾਂ ਲੋਕਾਂ ਵਿੱਚੋਂ ਸਿਰਫ਼ 1,44,000 ਲੋਕ ਹੀ ਹਮੇਸ਼ਾ ਲਈ ਜੀ ਸਕਣਗੇ? ਨਹੀਂ। ਆਓ ਆਪਾਂ ਅੱਗੇ ਚੱਲ ਕੇ ਦੇਖੀਏ ਕਿਉਂ ਨਹੀਂ।
ਧਰਤੀ ਤੇ ਸਦਾ ਦੀ ਜ਼ਿੰਦਗੀ
ਪਰਕਾਸ਼ ਦੀ ਪੋਥੀ ਵਿਚ ਬਹੁਤ ਸੋਹਣਾ ਵਰਣਨ ਕੀਤਾ ਗਿਆ ਹੈ ਕਿ ਲੋਕਾਂ ਦੀ ਇਕ ਵੱਡੀ ਭੀੜ ਨੂੰ ਸੁੰਦਰ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦਿੱਤੀ ਜਾਵੇਗੀ। ਇਸ ਭੀੜ ਵਿਚ ਉਹ ਲੋਕ ਵੀ ਹੋਣਗੇ ਜੋ ਮਰ ਚੁੱਕੇ ਸਨ ਅਤੇ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਕੇ ਨਰੋਇਆ ਸਰੀਰ ਅਤੇ ਤਾਕਤ ਬਖ਼ਸ਼ੀ ਜਾਵੇਗੀ। (ਪਰਕਾਸ਼ ਦੀ ਪੋਥੀ 7:9; 20:12, 13; 21:3, 4) ਉਨ੍ਹਾਂ ਨੂੰ ਬਲੌਰ ਵਰਗੀ ‘ਅੰਮ੍ਰਿਤ ਜਲ ਦੀ ਇੱਕ ਨਦੀ’ ਕੋਲ ਲਿਜਾਇਆ ਜਾਵੇਗਾ ਜੋ ‘ਪਰਮੇਸ਼ੁਰ ਦੇ ਸਿੰਘਾਸਣ ਵਿੱਚੋਂ ਨਿੱਕਲਦੀ ਹੈ।’ ਇਸ ਨਦੀ ਦੇ ਕਿਨਾਰਿਆਂ ਉੱਤੇ “ਜੀਵਨ ਦਾ ਬਿਰਛ ਹੈ . . . ਅਤੇ ਓਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ।” ਯਹੋਵਾਹ ਪਰਮੇਸ਼ੁਰ ਸਾਰਿਆਂ ਨੂੰ ਪਿਆਰ ਨਾਲ ਇਹ ਸੱਦਾ ਦਿੰਦਾ ਹੋਇਆ ਕਹਿੰਦਾ ਹੈ: “ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।”—ਪਰਕਾਸ਼ ਦੀ ਪੋਥੀ 22:1, 2, 17.
ਇਸ ਬਿਰਛ ਅਤੇ ਪਾਣੀ ਵਿਚ ਕੋਈ ਚਮਤਕਾਰੀ ਤੱਤ ਨਹੀਂ ਹੈ ਜਾਂ ਇਹ ਕੋਈ ਜਵਾਨੀ ਬਖ਼ਸ਼ਣ ਵਾਲਾ ਕੋਈ ਚਸ਼ਮਾ ਨਹੀਂ ਹੈ ਜਿਸ ਨੂੰ ਸਦੀਆਂ ਪਹਿਲਾਂ ਪ੍ਰਾਚੀਨ ਵਿਗਿਆਨੀ ਖੋਜਦੇ ਰਹੇ ਸਨ। ਇਸ ਦੀ ਬਜਾਇ, ਇਹ ਯਿਸੂ ਮਸੀਹ ਦੇ ਜ਼ਰੀਏ ਕੀਤੇ ਪਰਮੇਸ਼ੁਰ ਦੇ ਪ੍ਰਬੰਧਾਂ ਨੂੰ ਦਰਸਾਉਂਦੇ ਹਨ ਜੋ ਮਨੁੱਖਜਾਤੀ ਨੂੰ ਬਿਹਤਰੀਨ ਜ਼ਿੰਦਗੀ ਦੇਣ ਲਈ ਕੀਤੇ ਗਏ ਹਨ—ਉਸ ਤਰ੍ਹਾਂ ਦੀ ਜ਼ਿੰਦਗੀ ਜੋ ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਨੂੰ ਦਿੱਤੀ ਸੀ।
ਪਰਮੇਸ਼ੁਰ ਅੱਜ ਵੀ ਇਹੀ ਇੱਛਾ ਰੱਖਦਾ ਹੈ ਕਿ ਆਗਿਆਕਾਰੀ ਲੋਕ ਹਮੇਸ਼ਾ ਵਾਸਤੇ ਧਰਤੀ ਤੇ ਜੀਣ। ਯਹੋਵਾਹ ਦਾ ਇਹ ਮਕਸਦ ਜ਼ਰੂਰ ਪੂਰਾ ਹੋਵੇਗਾ ਕਿਉਂਕਿ ਉਹ ਕਦੇ ਵੀ ਆਪਣੇ ਵਾਅਦੇ ਤੋਂ ਮੁੱਕਰਦਾ ਨਹੀਂ ਹੈ। ਜ਼ਬੂਰਾਂ ਦੀ ਪੋਥੀ 37:29 ਵਿਚ ਲਿਖਿਆ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਪਰਮੇਸ਼ੁਰ ਦੇ ਇਸ ਵਾਅਦੇ ਲਈ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਇਸ ਲਈ ਅਸੀਂ ਵੀ ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ, ਜਿਨ੍ਹਾਂ ਨੂੰ ਸਵਰਗ ਵਿਚ ਅਮਰਤਾ ਮਿਲਦੀ ਹੈ, ਨਾਲ ਮਿਲ ਕੇ ਕਹਿ ਸਕਦੇ ਹਾਂ: “ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਕੌਮਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ।”—ਪਰਕਾਸ਼ ਦੀ ਪੋਥੀ 15:3, 4.
ਕੀ ਤੁਸੀਂ ਵੀ ਸਦਾ ਦੀ ਜ਼ਿੰਦਗੀ ਦੇ ਕੀਮਤੀ ਤੋਹਫ਼ੇ ਨੂੰ ਪਾਉਣ ਦੀ ਖ਼ਾਹਸ਼ ਰੱਖਦੇ ਹੋ? ਤਾਂ ਫਿਰ ਤੁਹਾਨੂੰ ਸਦੀਪਕਾਲ ਦੇ ਪਰਮੇਸ਼ੁਰ ਯਹੋਵਾਹ ਪ੍ਰਤੀ ਵਫ਼ਾਦਾਰ ਤੇ ਆਗਿਆਕਾਰ ਰਹਿਣਾ ਚਾਹੀਦਾ ਹੈ। ਤੁਹਾਨੂੰ ਯਹੋਵਾਹ ਬਾਰੇ ਅਤੇ ਯਿਸੂ ਮਸੀਹ ਬਾਰੇ ਗਿਆਨ ਲੈਣ ਦੀ ਲੋੜ ਹੈ ਜਿਸ ਦੇ ਜ਼ਰੀਏ ਇਨਸਾਨਾਂ ਲਈ ਸਦਾ ਦੀ ਜ਼ਿੰਦਗੀ ਪਾਉਣੀ ਮੁਮਕਿਨ ਹੋਈ ਹੈ। ਉਨ੍ਹਾਂ ਸਾਰੇ ਲੋਕਾਂ ਨੂੰ “ਸਦੀਪਕ ਜੀਉਣ” ਦਾ ਤੋਹਫ਼ਾ ਮਿਲੇਗਾ ਜੋ ਯਹੋਵਾਹ ਦੇ ਸਹੀ-ਗ਼ਲਤ ਦਾ ਫ਼ੈਸਲਾ ਕਰਨ ਦੇ ਅਧਿਕਾਰ ਨੂੰ ਮੰਨਦੇ ਹਨ।—ਯੂਹੰਨਾ 17:3.
[ਫੁਟਨੋਟ]
a ਮਰਨ ਤੋਂ ਬਾਅਦ ਕੀ ਹੁੰਦਾ, ਇਸ ਬਾਰੇ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 6ਵਾਂ ਪਾਠ ਦੇਖੋ।
[ਸਫ਼ਾ 5 ਉੱਤੇ ਡੱਬੀ/ਤਸਵੀਰ]
ਸਦੀਆਂ ਪੁਰਾਣੀ ਤਮੰਨਾ
ਗਿਲਗਾਮੇਸ਼ ਦੀ ਵੀਰ-ਗਾਥਾ (ਜੋ ਇਤਿਹਾਸਕਾਰਾਂ ਮੁਤਾਬਕ ਲਗਭਗ 4,000 ਸਾਲ ਪਹਿਲਾਂ ਲਿਖੀ ਗਈ ਸੀ) ਵਿਚ ਦੱਸਿਆ ਹੈ ਕਿ ਇਸ ਸੂਰਮੇ ਨੂੰ ਸਦਾ ਜਵਾਨ ਰਹਿਣ ਦੇ ਉਪਰਾਲੇ ਦੀ ਤਲਾਸ਼ ਸੀ। ਪੁਰਾਣੇ ਜ਼ਮਾਨੇ ਵਿਚ ਮਿਸਰ ਦੇ ਲੋਕ ਲੋਥਾਂ ਨੂੰ ਮਸਾਲੇ ਲਾ ਕੇ ਰੱਖਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਆਤਮਾਵਾਂ ਅਮਰ ਹੁੰਦੀਆਂ ਹਨ ਤੇ ਉਹ ਮੁੜ ਇਨ੍ਹਾਂ ਮੁਰਦਾ ਸਰੀਰਾਂ ਅੰਦਰ ਦਾਖ਼ਲ ਹੋ ਕੇ ਇਨ੍ਹਾਂ ਦਾ ਇਸਤੇਮਾਲ ਕਰ ਸਕਦੀਆਂ ਸਨ। ਇਸੇ ਕਰਕੇ ਮਿਸਰੀਆਂ ਦੀਆਂ ਕਬਰਾਂ ਬਹੁਤ ਸਾਰੀਆਂ ਚੀਜ਼ਾਂ ਨਾਲ ਭਰੀਆਂ ਰਹਿੰਦੀਆਂ ਸਨ ਤਾਂਕਿ ਮਰੇ ਲੋਕ ਇਨ੍ਹਾਂ ਚੀਜ਼ਾਂ ਨੂੰ ਪਰਲੋਕ ਵਿਚ ਵਰਤ ਸਕਣ।
ਤਕਰੀਬਨ 8ਵੀਂ ਸਦੀ ਈ. ਪੂ. ਦੇ ਚੀਨੀ ਵਿਗਿਆਨੀਆਂ ਦਾ ਮੰਨਣਾ ਸੀ ਕਿ ਇਨਸਾਨ ਹਮੇਸ਼ਾ ਲਈ ਜੀ ਸਕਦਾ ਹੈ। ਚੌਥੀ ਸਦੀ ਦੇ ਚੀਨੀ ਵਿਗਿਆਨੀ ਮੰਨਦੇ ਸਨ ਕਿ ਜਾਦੂਈ ਦਵਾਈਆਂ ਪੀ ਕੇ ਅਮਰ ਰਿਹਾ ਜਾ ਸਕਦਾ ਹੈ। ਮੱਧਕਾਲੀਨ ਯੂਰਪੀ ਅਤੇ ਅਰਬੀ ਵਿਗਿਆਨੀਆਂ ਨੇ ਸਦਾ ਜੀਉਂਦੇ ਰਹਿਣ ਲਈ ਖ਼ੁਦ ਜੀਵਨਦਾਇਕ ਅੰਮ੍ਰਿਤ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਕੁਝ ਦਵਾਈਆਂ ਵਿਚ ਸੰਖੀਆ (ਆਰਸਨਿਕ), ਪਾਰਾ ਤੇ ਗੰਧਕ ਵਰਗੇ ਜ਼ਹਿਰੀਲੇ ਪਦਾਰਥ ਪਾਏ ਜਾਂਦੇ ਸਨ। ਇਨ੍ਹਾਂ ਦਵਾਈਆਂ ਦੇ ਸੇਵਨ ਨਾਲ ਪਤਾ ਨਹੀਂ ਕਿੰਨਿਆਂ ਨੇ ਆਪਣੀ ਜਾਨ ਗੁਆਈ ਹੋਵੇਗੀ!
ਇਕ ਸਮੇਂ ਤੇ ਚਮਤਕਾਰੀ ਚਸ਼ਮਿਆਂ ਦੀਆਂ ਕਹਾਣੀਆਂ ਵੀ ਬਹੁਤ ਮਸ਼ਹੂਰ ਸਨ। ਮੰਨਿਆ ਜਾਂਦਾ ਸੀ ਕਿ ਇਨ੍ਹਾਂ ਚਸ਼ਮਿਆਂ ਦਾ ਪਾਣੀ ਪੀ ਕੇ ਇਨਸਾਨ ਹਮੇਸ਼ਾ ਜਵਾਨ ਰਹਿ ਸਕਦਾ ਸੀ।
[ਸਫ਼ਾ 7 ਉੱਤੇ ਡੱਬੀ/ਤਸਵੀਰ]
ਕੀ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਬੋਰ ਨਹੀਂ ਹੋ ਜਾਵਾਂਗੇ?
ਕੁਝ ਲੋਕ ਬਹਿਸ ਕਰਦੇ ਹਨ ਕਿ ਹਮੇਸ਼ਾ ਜ਼ਿੰਦਾ ਰਹਿਣ ਨਾਲ ਅਸੀਂ ਬੋਰ ਹੋ ਜਾਵਾਂਗੇ ਕਿਉਂਕਿ ਅਸੀਂ ਸਾਲਾਂ ਬੱਧੀ ਮੁੜ-ਘਿੜ ਇੱਕੋ ਤਰ੍ਹਾਂ ਦੇ ਕੰਮ ਕਰੀ ਜਾਵਾਂਗੇ। ਪਰ ਇਹ ਲੋਕ ਸ਼ਾਇਦ ਮੌਜੂਦਾ ਹਾਲਾਤਾਂ ਵਿਚ ਸਦਾ ਲਈ ਜੀਣ ਬਾਰੇ ਸੋਚ ਰਹੇ ਹਨ ਜੋ ਕਿ ਵਾਕਈ ਬਹੁਤ ਸਾਰੇ ਲੋਕਾਂ ਨੂੰ ਬੋਰਿੰਗ ਤੇ ਬੇਅਰਥ ਲੱਗਦੇ ਹਨ। ਪਰ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਜਦੋਂ ਉਹ ਇਸ ਧਰਤੀ ਦੇ ਹਾਲਾਤਾਂ ਨੂੰ ਸੁਧਾਰ ਕੇ ਲੋਕਾਂ ਨੂੰ ਬਿਹਤਰੀਨ ਜ਼ਿੰਦਗੀ ਦੇਵੇਗਾ, ਤਾਂ ਉਦੋਂ ਉਹ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:11) ਸਦਾ ਦੀ ਜ਼ਿੰਦਗੀ ਮਿਲਣ ਨਾਲ ਸਾਨੂੰ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਗਿਆਨ ਹਾਸਲ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ-ਨਾਲ ਅਸੀਂ ਕੋਈ ਹੁਨਰ ਸਿੱਖ ਪਾਵਾਂਗੇ, ਕਿਸੇ ਚੀਜ਼ ਦਾ ਅਧਿਐਨ ਕਰ ਪਾਵਾਂਗੇ ਜਾਂ ਫਿਰ ਕੋਈ ਨਵਾਂ ਕੰਮ ਸਿੱਖ ਪਾਵਾਂਗੇ ਜਿਸ ਬਾਰੇ ਅੱਜ ਅਸੀਂ ਸਿਰਫ਼ ਸੁਪਨੇ ਹੀ ਲੈ ਸਕਦੇ ਹਾਂ। ਜ਼ਰਾ ਸੋਚੋ ਅਸੀਂ ਇਨ੍ਹਾਂ ਚੀਜ਼ਾਂ ਵਿਚ ਜਿੰਨਾ ਮਰਜ਼ੀ ਸਮਾਂ ਲਾਉਣਾ ਚਾਹੀਏ ਲਾ ਸਕਾਂਗੇ।
ਕੇਮਬ੍ਰਿਜ ਯੂਨੀਵਰਸਿਟੀ ਦਾ ਔਬਰੀ ਡ ਗ੍ਰੇ ਨਾਮਕ ਵਿਗਿਆਨੀ ਇਹ ਖੋਜ ਕਰਨ ਵਿਚ ਲੱਗਾ ਹੋਇਆ ਹੈ ਕਿ ਲੋਕ ਲੰਬੀ ਜ਼ਿੰਦਗੀ ਕਿਵੇਂ ਜੀ ਸਕਦੇ ਹਨ। ਉਹ ਕਹਿੰਦਾ ਹੈ: “ਅੱਜ ਚੰਗੇ ਪੜ੍ਹੇ-ਲਿਖੇ ਲੋਕ ਆਪਣੇ ਗਿਆਨ ਦਾ ਇਸਤੇਮਾਲ ਕਰਨ ਵਿਚ ਇੰਨਾ ਸਮਾਂ ਲਾਉਂਦੇ ਹਨ ਕਿ ਉਹ ਕਦੇ ਬੋਰ ਨਹੀਂ ਹੁੰਦੇ ਅਤੇ ਉਹ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਖੋਜ ਕਰਨ ਵਾਸਤੇ ਉਨ੍ਹਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਦੀ ਕਦੇ ਕੋਈ ਘਾਟ ਮਹਿਸੂਸ ਹੋਵੇਗੀ।” ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦੇ ਬਾਵਜੂਦ ਵੀ ‘ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸਕੇਗਾ।’—ਉਪਦੇਸ਼ਕ ਦੀ ਪੋਥੀ 3:11.