ਦੁੱਖਾਂ ਨਾਲ ਭਰੀ ਦੁਨੀਆਂ ਵਿਚ ਉਮੀਦ
“ਆਮ ਲੋਕਾਂ ਕੋਲ ਸਮਾਜ ਦੀ ਭਲਾਈ ਕਰਨ ਤੇ ਸਮੱਸਿਆਵਾਂ ਸੁਲਝਾਉਣ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਾਕਤ ਹੈ।” ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਇਹ ਗੱਲ ਮਾਰਚ 2006 ਵਿਚ ਕੈਨੇਡਾ ਦੇ ਓਟਾਵਾ ਸ਼ਹਿਰ ਵਿਚ ਹੋਏ ਇਕ ਸਮਾਗਮ ਵਿਚ ਕਹੀ ਸੀ। ਉਸ ਨੇ ਆਪਣੇ ਭਾਸ਼ਣ ਦੇ ਅਖ਼ੀਰ ਵਿਚ ਕਿਹਾ ਕਿ 2004 ਵਿਚ ਸੁਨਾਮੀ ਲਹਿਰਾਂ ਦੁਆਰਾ ਮਚਾਈ ਤਬਾਹੀ ਤੋਂ ਬਾਅਦ ਲੋਕ ਇਕ-ਦੂਜੇ ਦੀ ਭਲਾਈ ਕਰਨ ਲਈ ਅੱਗੇ ਆ ਰਹੇ ਹਨ। ਫਿਰ ਉਸ ਨੇ ਕਿਹਾ ਕਿ ਇਸ ਤੋਂ ਆਸ ਬੱਝਦੀ ਹੈ ਕਿ ਦੁਨੀਆਂ ਦੇ ਸਾਰੇ ਦੇਸ਼ ਇਕ-ਦੂਸਰੇ ਤੇ ਅੱਗੇ ਨਾਲੋਂ ਜ਼ਿਆਦਾ ਨਿਰਭਰ ਹਨ।
ਕੀ ਕੁਦਰਤੀ ਆਫ਼ਤਾਂ ਕਰਕੇ ਹੀ ਲੋਕ ਇਕੱਠੇ ਹੋ ਕੇ ਦੁਨੀਆਂ ਦਾ ਭਵਿੱਖ ਸੰਵਾਰਨ ਲਈ ਤਿਆਰ ਹੋਣਗੇ? ਕੀ ਇਹ ਕਿਹਾ ਜਾ ਸਕਦਾ ਹੈ ਕਿ ਸਾਰੇ ਦੇਸ਼ ਇਕ-ਦੂਜੇ ਤੇ ਨਿਰਭਰ ਹੋਣ ਕਰਕੇ ਦੁਨੀਆਂ ਵਿਚ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰ ਸਕਣਗੇ?
ਸੱਚੀ ਉਮੀਦ ਦਾ ਸੋਮਾ
ਮਨੁੱਖਜਾਤੀ ਦੇ ਛੇ ਹਜ਼ਾਰ ਸਾਲ ਦੇ ਇਤਿਹਾਸ ਤੋਂ ਦੇਖਿਆ ਜਾ ਸਕਦਾ ਹੈ ਕਿ ਇਨਸਾਨਾਂ ਨੇ ਇਕ-ਦੂਜੇ ਨੂੰ ਦੁੱਖ ਹੀ ਦਿੱਤੇ ਹਨ। ਇਸੇ ਲਈ ਪਰਮੇਸ਼ੁਰ ਦਾ ਬਚਨ ਸਾਨੂੰ ਸਲਾਹ ਦਿੰਦਾ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” (ਜ਼ਬੂਰਾਂ ਦੀ ਪੋਥੀ 146:3) ਦੁਨੀਆਂ ਦੀਆਂ ਸੰਸਥਾਵਾਂ, ਇਸ ਦੇ ਟੀਚਿਆਂ ਅਤੇ ਧਨ-ਦੌਲਤ ਤੇ ਆਸਾਂ ਲਾਉਣ ਨਾਲ ਸਾਡੇ ਹੱਥ ਨਿਰਾਸ਼ਾ ਹੀ ਲੱਗੇਗੀ। ਕਿਉਂ? ਕਿਉਂਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ।”—1 ਯੂਹੰਨਾ 2:17.
ਦੂਜੇ ਪਾਸੇ, ਸਦੀਆਂ ਦੌਰਾਨ ਧਰਮੀ ਇਨਸਾਨ ਆਪਣੀ ਉਮੀਦ ਪਰਮੇਸ਼ੁਰ ਤੇ ਲਾਉਂਦੇ ਆਏ ਹਨ। ਬਾਈਬਲ ਪਰਮੇਸ਼ੁਰ ਬਾਰੇ ਕਹਿੰਦੀ ਹੈ ਕਿ ਉਹ ਪ੍ਰਾਚੀਨ “ਇਸਰਾਏਲ ਦੀ ਆਸਾ” ਅਤੇ “ਓਹਨਾਂ ਦੇ ਪਿਉ ਦਾਦਿਆਂ ਦੀ ਆਸ” ਰਿਹਾ ਹੈ। ਬਾਈਬਲ ਵਿਚ ਬਹੁਤ ਜਗ੍ਹਾ ਦੱਸਿਆ ਗਿਆ ਹੈ ਕਿ ਅਸੀਂ ਯਹੋਵਾਹ ਤੇ ਉਮੀਦ ਲਾ ਸਕਦੇ ਹਾਂ। (ਯਿਰਮਿਯਾਹ 14:8; 17:13; 50:7) ਇਸ ਲਈ ਸਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਤੇ ਆਸ਼ਾ ਰੱਖਣੀ ਚਾਹੀਦੀ ਹੈ।—ਜ਼ਬੂਰਾਂ ਦੀ ਪੋਥੀ 146:5.
ਕਹਾਉਤਾਂ 3:5, 6 ਵਿਚ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਅਸੀਂ ਯਹੋਵਾਹ ਦੇ ਇਸ ਵਾਅਦੇ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਉਹ ਕਦੇ ਵੀ ਆਪਣੀ ਗੱਲ ਤੋਂ ਮੁੱਕਰਦਾ ਨਹੀਂ, ਉਹ ਹਮੇਸ਼ਾ ਆਪਣੇ ਵਾਅਦਿਆਂ ਤੇ ਪੱਕਾ ਰਹਿੰਦਾ ਹੈ। (ਮਲਾਕੀ 3:6; ਯਾਕੂਬ 1:17) ਯਹੋਵਾਹ ਸਾਡਾ ਭਲਾ ਚਾਹੁੰਦਾ ਹੈ ਅਤੇ ਜੇ ਅਸੀਂ ਉਸ ਦੇ ਬਚਨ ਵਿਚ ਲਿਖੀਆਂ ਗੱਲਾਂ ਤੇ ਚੱਲਾਂਗੇ, ਤਾਂ ਇਨ੍ਹਾਂ ਭੈੜੇ ਸਮਿਆਂ ਵਿਚ ਰਹਿੰਦੇ ਹੋਏ ਵੀ ਖ਼ੁਸ਼ੀ ਪਾ ਸਕਾਂਗੇ।—ਯਸਾਯਾਹ 48:17, 18.
ਜੋ ਇਨਸਾਨ ਦਿਲ ਲਾ ਕੇ ਪਰਮੇਸ਼ੁਰ ਦੇ ਰਾਹਾਂ ਤੇ ਚੱਲਦਾ ਹੈ, ਉਹ ਇਸ ਵਾਅਦੇ ਤੇ ਭਰੋਸਾ ਰੱਖ ਸਕਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।” (ਯਸਾਯਾਹ 41:10) ਯਹੋਵਾਹ ਨਾਲ ਪ੍ਰਾਰਥਨਾ ਵਿਚ ਦਿਲ ਖੋਲ੍ਹ ਕੇ ਗੱਲ ਕਰਨ ਨਾਲ ਅਤੇ ਉਸ ਦੇ ਇਸ ਵਾਅਦੇ ਤੇ ਮਨਨ ਕਰਨ ਨਾਲ ਕਿ ਉਹ ਕਦੇ ਸਾਡਾ ਸਾਥ ਨਹੀਂ ਛੱਡੇਗਾ, ਅਸੀਂ ਮਨ ਦੀ ਸ਼ਾਂਤੀ ਪਾ ਸਕਦੇ ਹਾਂ। ਇਸ ਤੋਂ ਸਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਚਿੰਤਾਵਾਂ ਦਾ ਸਾਮ੍ਹਣਾ ਕਰਨ ਦੀ ਸ਼ਕਤੀ ਮਿਲੇਗੀ।
ਆਂਡ੍ਰੇਆ ਦੀ ਮਿਸਾਲ ਲੈ ਲਓ ਜੋ ਇਕ ਯਹੋਵਾਹ ਦੀ ਗਵਾਹ ਹੈ ਤੇ ਦੋ ਬੱਚਿਆਂ ਦੀ ਮਾਂ। ਉਹ ਕਹਿੰਦੀ ਹੈ: “ਜਦੋਂ ਮੇਰੀ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਉਦੋਂ ਮੈਂ ਯਹੋਵਾਹ ਦੇ ਵਾਅਦਿਆਂ ਤੇ ਵਿਚਾਰ ਕਰਦੀ ਹਾਂ ਤੇ ਉਸ ਅੱਗੇ ਪ੍ਰਾਰਥਨਾ ਕਰਦੀ ਹਾਂ। ਇੱਦਾਂ ਕਰਨ ਨਾਲ ਮੈਨੂੰ ਆਪਣੀਆਂ ਮੁਸ਼ਕਲਾਂ ਸਹਿਣ ਦੀ ਤਾਕਤ ਮਿਲਦੀ ਹੈ। ਨਾਲੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ ਮੈਂ ਜ਼ਿੰਦਗੀ ਦੇ ਹਰ ਔਖੇ ਮੋੜ ਤੇ ਡਾਵਾਂ-ਡੋਲ ਨਹੀਂ ਹੁੰਦੀ।”
ਯਹੋਵਾਹ ਤੇ ਉਮੀਦ ਪੱਕੀ ਕਰੋ
ਯਹੋਵਾਹ ਤੇ ਉਮੀਦ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ, ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।” (ਜ਼ਬੂਰਾਂ ਦੀ ਪੋਥੀ 119:165) ਜੇ ਅਸੀਂ ਦਿਲ ਲਾ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਾਂਗੇ, ਤਾਂ ਸਾਡਾ ਦਿਲ ਤੇ ਦਿਮਾਗ਼ ਪਰਮੇਸ਼ੁਰ ਦੀਆਂ ਗੱਲਾਂ ਨਾਲ ਭਰਿਆ ਰਹੇਗਾ। ਅਸੀਂ ਉਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿਚ ਬਿਠਾ ਪਾਵਾਂਗੇ “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ।” ਜੇਕਰ ਤੁਸੀਂ ਬਾਈਬਲ ਦੀਆਂ ਇਹ ਗੱਲਾਂ ਸਿੱਖ ਕੇ ਆਪਣੀ ਜ਼ਿੰਦਗੀ ਵਿਚ ਲਾਗੂ ਕਰੋਗੇ “ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ।”—ਫ਼ਿਲਿੱਪੀਆਂ 4:8, 9.
ਜੌਨ ਜੋ ਪਿੱਛਲੇ ਕਈ ਦਹਾਕਿਆਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਹੈ, ਨੇ ਕਿਹਾ: “ਚੰਗੇ ਭਵਿੱਖ ਦੀ ਆਸ ਰੱਖਣ ਲਈ ਬਹੁਤ ਜ਼ਰੂਰੀ ਸੀ ਕਿ ਮੈਂ ਪਹਿਲਾਂ ਆਪਣੀ ਸੋਚ ਅਤੇ ਸ਼ਖ਼ਸੀਅਤ ਨੂੰ ਬਦਲਾਂ। ਆਪਣੀ ਸੋਚ ਨੂੰ ਬਦਲ ਕੇ ਹੀ ਮੈਂ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਿਆ ਸੀ। ਇਹ ਮੈਂ ਉਦੋਂ ਕਰ ਪਾਇਆ ਜਦੋਂ ਮੈਂ ਪਰਮੇਸ਼ੁਰ ਬਾਰੇ ਸਿੱਖਣਾ ਸ਼ੁਰੂ ਕੀਤਾ। ਮੈਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਤੇ ਉਸ ਤੇ ਮਨਨ ਕਰ ਕੇ ਹੀ ਉਸ ਦਾ ਨਜ਼ਰੀਆ ਜਾਣ ਸਕਿਆ ਤੇ ਉਸ ਨਾਲ ਰਿਸ਼ਤਾ ਜੋੜ ਸਕਿਆ ਹਾਂ।”
ਜੇ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦਾ ਪਾਣੀ ਪੀਓਗੇ, ਤਾਂ ਤੁਸੀਂ ਅਖ਼ਬਾਰਾਂ-ਰਸਾਲਿਆਂ ਵਗੈਰਾ ਵਿਚ ਧੜਾਧੜ ਪੇਸ਼ ਕੀਤੀਆਂ ਜਾਂਦੀਆਂ ਗੰਦੀਆਂ ਗੱਲਾਂ ਤੋਂ ਬਚੇ ਰਹੋਗੇ। ਇਸ ਤੋਂ ਇਲਾਵਾ, ਬਾਈਬਲ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਤੇ ਤੁਹਾਡੇ ਪਰਿਵਾਰ ਵਿਚ ਪਿਆਰ ਵਧੇਗਾ ਅਤੇ ਚਿੰਤਾਵਾਂ ਵੀ ਦੂਰ ਹੋਣਗੀਆਂ। ਨਾਲੇ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ “ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ” ਦਿਖਾਵੇਗਾ। (2 ਇਤਹਾਸ 16:9) ਉਹ ਸਮੱਸਿਆਵਾਂ ਹੱਲ ਕਰ ਸਕਦਾ ਹੈ, ਇਸ ਕਰਕੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ।
ਫਿਨੇਹਾਸ ਨਾਂ ਦੇ ਮਸੀਹੀ ਨੇ ਲੜਾਈ ਤੇ ਕਤਲਾਮ ਦੇਖਿਆ ਹੈ। ਉਸ ਨੇ ਕਿਹਾ: “ਮੈਂ ਯਹੋਵਾਹ ਤੇ ਭਰੋਸਾ ਕਰਨਾ ਸਿੱਖਿਆ ਹੈ। ਬਾਈਬਲ ਦੇ ਅਸੂਲਾਂ ਤੇ ਚੱਲ ਕੇ ਮੈਂ ਆਪਣੇ ਆਪ ਨੂੰ ਕਈ ਮੁਸ਼ਕਲਾਂ ਤੋਂ ਬਚਾਇਆ ਹੈ।” ਹਾਂ, ਜੇ ਤੁਸੀਂ ਸੱਚ-ਮੁੱਚ ਯਹੋਵਾਹ ਪਰਮੇਸ਼ੁਰ ਤੇ ਭਰੋਸਾ ਕਰੋਗੇ, ਤਾਂ ਉਹ ਤੁਹਾਡੀ ਹਰ ਰੁਕਾਵਟ ਪਾਰ ਕਰਨ ਵਿਚ ਮਦਦ ਕਰੇਗਾ। (ਜ਼ਬੂਰਾਂ ਦੀ ਪੋਥੀ 18:29) ਬੱਚਾ ਆਪਣੇ ਮਾਪਿਆਂ ਤੇ ਪੂਰਾ ਭਰੋਸਾ ਰੱਖਦਾ ਹੈ। ਜੇ ਉਸ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਜੇ ਉਹ ਬੀਮਾਰ ਹੋ ਜਾਂਦਾ ਹੈ, ਤਾਂ ਉਸ ਨੂੰ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਦੇ ਮਾਂ-ਬਾਪ ਉਸ ਦੀ ਦੇਖ-ਭਾਲ ਕਰਨਗੇ। ਇਸੇ ਤਰ੍ਹਾਂ ਜੇ ਤੁਸੀਂ ਵੀ ਯਹੋਵਾਹ ਤੇ ਭਰੋਸਾ ਰੱਖੋਗੇ, ਤਾਂ ਤੁਹਾਨੂੰ ਵੀ ਬਿਨਾਂ ਵਜ੍ਹਾ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ।—ਜ਼ਬੂਰਾਂ ਦੀ ਪੋਥੀ 37:34.
ਪੱਕੀ ਉਮੀਦ ਲਾਉਣ ਦਾ ਕਾਰਨ
ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ,—ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਇਸ ਸਵਰਗੀ ਰਾਜ ਦਾ ਰਾਜਾ ਯਿਸੂ ਮਸੀਹ ਹੈ। ਇਸ ਰਾਜ ਦੇ ਜ਼ਰੀਏ ਪਰਮੇਸ਼ੁਰ ਦਿਖਾਵੇਗਾ ਕਿ ਉਸ ਨੂੰ ਧਰਤੀ ਤੇ ਰਾਜ ਕਰਨ ਦਾ ਪੂਰਾ-ਪੂਰਾ ਹੱਕ ਹੈ।—ਜ਼ਬੂਰਾਂ ਦੀ ਪੋਥੀ 2:7-12; ਦਾਨੀਏਲ 7:13, 14.
ਅੱਜ ਦੁਨੀਆਂ ਵਿਚ ਜੋ ਵੀ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਪਰਮੇਸ਼ੁਰ ਕੁਝ ਕਰੇ। ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਜਲਦੀ ਹੀ ਕੁਝ ਕਰਨ ਵਾਲਾ ਹੈ! ਹੁਣ ਪਰਮੇਸ਼ੁਰ ਨੇ ਯਿਸੂ ਨੂੰ ਸਿੰਘਾਸਣ ਤੇ ਬਿਠਾ ਦਿੱਤਾ ਹੈ, ਇਸ ਲਈ ਯਿਸੂ ਮਸੀਹ ਕੋਲ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਾਬਤ ਕਰਨ ਅਤੇ ਉਸ ਦੇ ਨਾਂ ਤੇ ਲੱਗੇ ਦੋਸ਼ਾਂ ਨੂੰ ਮਿਟਾਉਣ ਦਾ ਅਧਿਕਾਰ ਹੈ। (ਮੱਤੀ 28:18) ਇਸ ਰਾਜ ਦਾ ਰਾਜਾ ਜਲਦੀ ਹੀ ਲੋਕਾਂ ਦੀਆਂ ਜ਼ਿੰਦਗੀਆਂ ਵਿੱਚੋਂ ਸਾਰੇ ਡਰ ਤੇ ਚਿੰਤਾਵਾਂ ਕੱਢ ਦੇਵੇਗਾ। ਬਾਈਬਲ ਵਿਚ ਦੱਸਿਆ ਹੈ ਕਿ ਯਿਸੂ ਮਸੀਹ ਸਾਡੇ ਡਰ ਦੂਰ ਕਰਨ ਲਈ ਕਿਉਂ ਕਾਬਲ ਰਾਜਾ ਹੈ। ਮਿਸਾਲ ਲਈ ਉਸ ਨੂੰ “ਅਦਭੁੱਤ ਸਲਾਹਕਾਰ,” “ਅਨੰਤ ਪਿਤਾ,” ਤੇ “ਸ਼ਾਂਤੀ ਦਾ ਰਾਜ ਕੁਮਾਰ” ਕਿਹਾ ਗਿਆ ਹੈ।—ਯਸਾਯਾਹ 9:6, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਜ਼ਰਾ “ਅਨੰਤ ਪਿਤਾ” ਸ਼ਬਦਾਂ ਤੇ ਗੌਰ ਕਰੋ। “ਅਨੰਤ ਪਿਤਾ” ਹੋਣ ਕਰਕੇ ਯਿਸੂ ਕੋਲ ਆਗਿਆਕਾਰੀ ਇਨਸਾਨਾਂ ਨੂੰ ਅਨੰਤ ਜ਼ਿੰਦਗੀ ਦੇਣ ਦੀ ਤਾਕਤ ਅਤੇ ਅਧਿਕਾਰ ਹੈ। ਪਿਤਾ ਹੋਣ ਦੇ ਨਾਤੇ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ਣੀ ਚਾਹੁੰਦਾ ਹੈ। ਸੋ ਇਨਸਾਨਾਂ ਨੂੰ ਆਖ਼ਰਕਾਰ ਪਾਪ ਤੇ ਨਾਮੁਕੰਮਲਤਾ ਤੋਂ ਛੁਟਕਾਰਾ ਮਿਲੇਗਾ ਜੋ ਉਨ੍ਹਾਂ ਨੂੰ ਪਹਿਲੇ ਮਨੁੱਖ ਆਦਮ ਤੋਂ ਮਿਲੇ ਸਨ। (ਮੱਤੀ 20:28; ਰੋਮੀਆਂ 5:12; 6:23) ਪਰਮੇਸ਼ੁਰ ਤੋਂ ਮਿਲੀ ਤਾਕਤ ਨੂੰ ਵਰਤਦੇ ਹੋਏ ਉਹ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਵੀ ਕਰੇਗਾ।—ਯੂਹੰਨਾ 11:25, 26.
ਜਦੋਂ ਯਿਸੂ ਧਰਤੀ ਤੇ ਸੀ, ਤਾਂ ਉਹ “ਅਦਭੁੱਤ ਸਲਾਹਕਾਰ” ਸਾਬਤ ਹੋਇਆ। ਪਰਮੇਸ਼ੁਰ ਦੇ ਬਚਨ ਅਤੇ ਇਨਸਾਨੀ ਸੁਭਾਅ ਦਾ ਡੂੰਘਾ ਗਿਆਨ ਹੋਣ ਕਰਕੇ ਯਿਸੂ ਜ਼ਿੰਦਗੀ ਦੇ ਮਸਲਿਆਂ ਨੂੰ ਹੱਲ ਕਰਨਾ ਜਾਣਦਾ ਸੀ। ਸਵਰਗ ਵਿਚ ਰਾਜਾ ਬਣਨ ਤੋਂ ਬਾਅਦ, ਯਿਸੂ ਮਸੀਹ ਯਹੋਵਾਹ ਦੇ ਸੰਗਠਨ ਵਿਚ “ਅਦਭੁੱਤ ਸਲਾਹਕਾਰ” ਵਜੋਂ ਕੰਮ ਕਰ ਰਿਹਾ ਹੈ ਤੇ ਇਨਸਾਨਾਂ ਨੂੰ ਉਸ ਰਾਹੀਂ ਪਰਮੇਸ਼ੁਰ ਦੇ ਸੰਦੇਸ਼ ਮਿਲਦੇ ਹਨ। ਯਿਸੂ ਮਸੀਹ ਹਮੇਸ਼ਾ ਸੋਚ-ਸਮਝ ਕੇ ਸਹੀ ਸਲਾਹ ਦਿੰਦਾ ਹੈ। ਉਸ ਦੀਆਂ ਸਲਾਹਾਂ ਬਾਈਬਲ ਵਿਚ ਦਰਜ ਹਨ। ਉਨ੍ਹਾਂ ਸਲਾਹਾਂ ਤੇ ਚੱਲ ਕੇ ਅਸੀਂ ਜ਼ਿੰਦਗੀਆਂ ਦੀਆਂ ਚਿੰਤਾਵਾਂ ਤੇ ਡਰ ਤੋਂ ਬਚੇ ਰਹਿ ਸਕਦੇ ਹਾਂ।
ਯਸਾਯਾਹ 9:6 ਵਿਚ ਯਿਸੂ ਨੂੰ “ਸ਼ਾਂਤੀ ਦਾ ਰਾਜ ਕੁਮਾਰ” ਵੀ ਕਿਹਾ ਗਿਆ ਹੈ। ਸ਼ਾਂਤੀ ਦਾ ਰਾਜ ਕੁਮਾਰ ਹੋਣ ਕਰਕੇ ਯਿਸੂ ਮਸੀਹ ਦੁਨੀਆਂ ਵਿੱਚੋਂ ਰਾਜਨੀਤਿਕ, ਸਮਾਜਕ ਅਤੇ ਆਰਥਿਕ ਨਾਬਰਾਬਰੀ ਨੂੰ ਖ਼ਤਮ ਕਰ ਦੇਵੇਗਾ। ਕਿਵੇਂ? ਸਾਰੀ ਮਨੁੱਖਜਾਤੀ ਨੂੰ ਆਪਣੇ ਸ਼ਾਂਤਮਈ ਰਾਜ ਦੇ ਅਧੀਨ ਲਿਆ ਕੇ।—ਦਾਨੀਏਲ 2:44.
ਉਸ ਦੇ ਰਾਜ ਵਿਚ ਧਰਤੀ ਤੇ ਹਮੇਸ਼ਾ ਸ਼ਾਂਤੀ ਰਹੇਗੀ। ਅਸੀਂ ਇਹ ਗੱਲ ਕਿੱਦਾਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ? ਇਸ ਦਾ ਕਾਰਨ ਯਸਾਯਾਹ 11:9 ਵਿਚ ਦਿੱਤਾ ਗਿਆ ਹੈ ਜਿਸ ਵਿਚ ਲਿਖਿਆ ਗਿਆ ਹੈ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਰੋਇਆ ਹੈ।” ਅਜਿਹਾ ਸਮਾਂ ਆਵੇਗਾ ਜਦੋਂ ਧਰਤੀ ਤੇ ਹਰ ਇਨਸਾਨ ਨੂੰ ਪਰਮੇਸ਼ੁਰ ਦਾ ਸਹੀ ਗਿਆਨ ਹੋਵੇਗਾ ਅਤੇ ਉਸ ਦਾ ਆਗਿਆਕਾਰ ਹੋਵੇਗਾ। ਕੀ ਇਸ ਗੱਲੋਂ ਤੁਹਾਨੂੰ ਖ਼ੁਸ਼ੀ ਨਹੀਂ ਹੁੰਦੀ? ਜੇ ਹੁੰਦੀ ਹੈ, ਤਾਂ ‘ਯਹੋਵਾਹ ਦਾ ਗਿਆਨ’ ਲੈਣ ਵਿਚ ਦੇਰੀ ਨਾ ਕਰੋ।
ਬਾਈਬਲ ਅੱਜ ਸਾਡੇ ਸਮੇਂ ਬਾਰੇ ਤੇ ਆਉਣ ਵਾਲੇ ਸ਼ਾਨਦਾਰ ਭਵਿੱਖ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਦੀ ਹੈ। ਇਸ ਲਈ ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਮੁਫ਼ਤ ਬਾਈਬਲ ਦਾ ਅਧਿਐਨ ਕਰੋ। ਪਰਮੇਸ਼ੁਰ ਦਾ ਗਿਆਨ ਪ੍ਰਾਪਤ ਕਰ ਕੇ ਤੁਹਾਡਾ ਡਰ ਦੂਰ ਹੋਵੇਗਾ ਤੇ ਤੁਹਾਨੂੰ ਚੰਗੇ ਭਵਿੱਖ ਦੀ ਆਸ ਮਿਲੇਗੀ।
[ਸਫ਼ਾ 7 ਉੱਤੇ ਡੱਬੀ/ਤਸਵੀਰਾਂ]
ਪਰਮੇਸ਼ੁਰ ਦਾ ਰਾਜ ਸਾਡੀ ਇੱਕੋ-ਇਕ ਉਮੀਦ
ਯਿਸੂ ਮਸੀਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ। ਉਸ ਨੂੰ ਪੂਰੀ ਦੁਨੀਆਂ ਤੇ ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। (ਮੱਤੀ 28:18) ਉਹ ਧਰਤੀ ਉੱਤੇ ਖ਼ਰਾਬ ਹੋਏ ਵਾਤਾਵਰਣ ਨੂੰ ਠੀਕ ਕਰ ਦੇਵੇਗਾ। ਉਸ ਕੋਲ ਹਰ ਬੀਮਾਰੀ ਦਾ ਇਲਾਜ ਹੈ। ਧਰਤੀ ਤੇ ਰਹਿੰਦਿਆਂ ਯਿਸੂ ਮਸੀਹ ਨੇ ਜੋ ਵੀ ਚਮਤਕਾਰ ਕੀਤੇ ਸਨ, ਉਹ ਉਨ੍ਹਾਂ ਸਾਰੀਆਂ ਬਰਕਤਾਂ ਦੀ ਸਿਰਫ਼ ਝਲਕ ਹਨ ਜੋ ਉਹ ਆਪਣੇ ਰਾਜ ਵਿਚ ਇਨਸਾਨਾਂ ਨੂੰ ਦੇਵੇਗਾ। ਉਸ ਦੀਆਂ ਇਹ ਸਾਰੀਆਂ ਯੋਗਤਾਵਾਂ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਮਸੀਹ ਇਕ ਭਰੋਸੇਮੰਦ ਰਾਜਾ ਹੈ। ਯਿਸੂ ਮਸੀਹ ਦੇ ਕੁਝ ਗੁਣਾਂ ਦੀ ਸੂਚੀ ਥੱਲੇ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਕਿਹੜਾ ਗੁਣ ਤੁਹਾਨੂੰ ਖ਼ਾਸ ਤੌਰ ਤੇ ਚੰਗਾ ਲੱਗਦਾ ਹੈ?
▪ ਮਿਲਣਸਾਰ।—ਮਰਕੁਸ 10:13-16.
▪ ਸਮਝਦਾਰ ਤੇ ਨਿਰਪੱਖ।—ਮਰਕੁਸ 10:35-45.
▪ ਭਰੋਸੇਮੰਦ ਤੇ ਨਿਰਸੁਆਰਥੀ।—ਮੱਤੀ 4:5-7; ਲੂਕਾ 6:19.
▪ ਧਰਮੀ ਤੇ ਇਨਸਾਫ਼-ਪਸੰਦ।—ਯਸਾਯਾਹ 11:3-5; ਯੂਹੰਨਾ 5:30; 8:16.
▪ ਦੂਜਿਆਂ ਦੀ ਪਰਵਾਹ ਕਰਨ ਵਾਲਾ ਤੇ ਨਿਮਰ।—ਯੂਹੰਨਾ 13:3-15.
[ਸਫ਼ਾ 4 ਉੱਤੇ ਤਸਵੀਰ]
ਬਾਈਬਲ ਪੜ੍ਹ ਕੇ ਅਤੇ ਮਨਨ ਕਰ ਕੇ ਯਹੋਵਾਹ ਤੇ ਸਾਡਾ ਭਰੋਸਾ ਵਧਦਾ ਹੈ