ਕੀ ਤੁਸੀਂ ਯਹੋਵਾਹ ਦੇ ਦਿਨ ਲਈ ਤਿਆਰ ਹੋ?
“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।”—ਸਫ਼ਨਯਾਹ 1:14.
1-3. (ੳ) ਬਾਈਬਲ ਵਿਚ ਯਹੋਵਾਹ ਦੇ ਦਿਨ ਬਾਰੇ ਕੀ ਲਿਖਿਆ ਹੈ? (ਅ) ਭਵਿੱਖ ਵਿਚ ਯਹੋਵਾਹ ਦਾ ਕਿਹੜਾ ਦਿਨ ਆਉਣ ਵਾਲਾ ਹੈ?
ਯਹੋਵਾਹ ਦਾ ਦਿਨ 24 ਘੰਟਿਆਂ ਦਾ ਦਿਨ ਨਹੀਂ। ਇਹ ਸਮੇਂ ਦੀ ਉਸ ਅਵਧੀ ਨੂੰ ਸੰਕੇਤ ਕਰਦਾ ਹੈ ਜਿਸ ਦੌਰਾਨ ਪਰਮੇਸ਼ੁਰ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ। ਉਸ ਦਿਨ ਜਿਹੜੇ ਲੋਕ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ ਹੋਣਗੇ, ਉਹ ਪਰਮੇਸ਼ੁਰ ਦੇ ਭਖਦੇ ਗੁੱਸੇ ਨਾਲ ਭਸਮ ਹੋ ਜਾਣਗੇ। ਉਨ੍ਹਾਂ ਲਈ ਉਹ ਦਿਨ ਹਨੇਰ, ਕਹਿਰ, ਦੁੱਖ ਅਤੇ ਬਰਬਾਦੀ ਦਾ ਦਿਨ ਸਾਬਤ ਹੋਵੇਗਾ। (ਯਸਾਯਾਹ 13:9; ਆਮੋਸ 5:18-20; ਸਫ਼ਨਯਾਹ 1:15) ਯੋਏਲ ਨਬੀ ਨੇ ਆਪਣੀ ਭਵਿੱਖਬਾਣੀ ਵਿਚ ਕਿਹਾ: “ਹਾਇ ਉਸ ਦਿਨ ਨੂੰ! ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ ਰਿਹਾ ਹੈ!” (ਯੋਏਲ 1:15) ਪਰ ਉਸ ਮਹਾਨ ਦਿਨ ਨੂੰ ਯਹੋਵਾਹ ਪਰਮੇਸ਼ੁਰ ‘ਸਿੱਧੇ ਮਨ’ ਵਾਲਿਆਂ ਨੂੰ ਬਚਾਵੇਗਾ।—ਜ਼ਬੂਰਾਂ ਦੀ ਪੋਥੀ 7:10.
2 ਉਨ੍ਹਾਂ ਵੱਖ-ਵੱਖ ਸਮਿਆਂ ਨੂੰ ਵੀ “ਯਹੋਵਾਹ ਦਾ ਦਿਨ” ਕਿਹਾ ਗਿਆ ਹੈ ਜਦ ਯਹੋਵਾਹ ਨੇ ਅਣਆਗਿਆਕਾਰ ਲੋਕਾਂ ਨੂੰ ਸਜ਼ਾ ਦਿੱਤੀ ਸੀ। ਮਿਸਾਲ ਲਈ, 607 ਈਸਵੀ ਪੂਰਵ ਵਿਚ ਯਰੂਸ਼ਲਮ ਦੇ ਵਾਸੀਆਂ ਤੇ “ਯਹੋਵਾਹ ਦਾ ਦਿਨ” ਆਇਆ ਸੀ ਜਦ ਯਹੋਵਾਹ ਨੇ ਬਾਬਲੀਆਂ ਦੇ ਹੱਥੋਂ ਉਨ੍ਹਾਂ ਨੂੰ ਸਜ਼ਾ ਦਿਵਾਈ। (ਸਫ਼ਨਯਾਹ 1:4-7) ਇਸੇ ਤਰ੍ਹਾਂ 70 ਈਸਵੀ ਵਿਚ ਯਹੋਵਾਹ ਨੇ ਯਹੂਦੀ ਕੌਮ ਨੂੰ ਰੋਮੀਆਂ ਦੇ ਹੱਥੋਂ ਸਜ਼ਾ ਦਿਵਾਈ ਕਿਉਂਕਿ ਉਸ ਕੌਮ ਨੇ ਉਸ ਦੇ ਪੁੱਤਰ ਨੂੰ ਠੁਕਰਾਇਆ ਸੀ। (ਦਾਨੀਏਲ 9:24-27; ਯੂਹੰਨਾ 19:15) ਬਾਈਬਲ ਵਿਚ ਯਹੋਵਾਹ ਦੇ ਇਕ ਹੋਰ ਦਿਨ ਬਾਰੇ ਦੱਸਿਆ ਗਿਆ ਹੈ ਜਦ ਯਹੋਵਾਹ ਦੁਨੀਆਂ ਦੀਆਂ ਸਾਰੀਆਂ “ਕੌਮਾਂ ਨਾਲ ਜੁੱਧ ਕਰੇਗਾ।” (ਜ਼ਕਰਯਾਹ 14:1-3) ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ਪਰਮੇਸ਼ੁਰ ਦੇ ਇਸ ਦਿਨ ਦਾ ਸੰਬੰਧ ਯਿਸੂ ਦੇ ਆਉਣ ਯਾਨੀ 1914 ਵਿਚ ਉਸ ਦੇ ਸਵਰਗ ਵਿਚ ਰਾਜਾ ਬਣਨ ਨਾਲ ਜੋੜਿਆ ਸੀ। (2 ਥੱਸਲੁਨੀਕੀਆਂ 2:1, 2) ਜੀ ਹਾਂ, ਯਹੋਵਾਹ ਦਾ ਦਿਨ ਤੇਜ਼ੀ ਨਾਲ ਆ ਰਿਹਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ 2007 ਲਈ ਚੁਣਿਆ ਗਿਆ ਬਾਈਬਲ ਦਾ ਹਵਾਲਾ ਬਹੁਤ ਢੁਕਵਾਂ ਸੀ। ਇਹ ਸਫ਼ਨਯਾਹ 1:14 ਤੋਂ ਲਿਆ ਗਿਆ ਸੀ ਜਿਸ ਵਿਚ ਅਸੀਂ ਪੜ੍ਹਦੇ ਹਾਂ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।”
3 ਇਹ ਦਿਨ ਨੇੜੇ ਹੋਣ ਕਰਕੇ ਸਾਨੂੰ ਆਪਣੇ ਆਪ ਨੂੰ ਤਿਆਰ ਕਰਨ ਦਾ ਵੇਲਾ ਹੁਣੇ ਹੈ। ਅਸੀਂ ਉਸ ਦਿਨ ਵਾਸਤੇ ਤਿਆਰ ਹੋਣ ਲਈ ਕੀ ਕਰ ਸਕਦੇ ਹਾਂ? ਸਾਨੂੰ ਯਹੋਵਾਹ ਦੇ ਦਿਨ ਲਈ ਤਿਆਰ ਹੋਣ ਵਾਸਤੇ ਕਿਹੜੇ ਕਦਮ ਚੁੱਕਣ ਦੀ ਲੋੜ ਹੈ?
ਤਿਆਰ ਰਹੋ
4. ਯਿਸੂ ਨੇ ਕਿਹੜੀ ਪਰੀਖਿਆ ਦਾ ਸਾਮ੍ਹਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕੀਤਾ ਸੀ?
4 ਯਿਸੂ ਮਸੀਹ ਨੇ ਦੁਨੀਆਂ ਦੇ ਅੰਤ ਬਾਰੇ ਭਵਿੱਖਬਾਣੀ ਕਰਦੇ ਹੋਏ ਆਪਣੇ ਚੇਲਿਆਂ ਨੂੰ ਕਿਹਾ: ‘ਤੁਸੀਂ ਤਿਆਰ ਰਹੋ।’ (ਮੱਤੀ 24:44) ਇਹ ਲਫ਼ਜ਼ ਕਹਿਣ ਵੇਲੇ ਯਿਸੂ ਖ਼ੁਦ ਇਕ ਵੱਡੀ ਪਰੀਖਿਆ ਦਾ ਸਾਮ੍ਹਣਾ ਕਰਨ ਲਈ ਤਿਆਰ ਸੀ। ਉਹ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਤਿਆਰ ਸੀ। (ਮੱਤੀ 20:28) ਯਿਸੂ ਨੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਇਸ ਵੱਡੀ ਪਰੀਖਿਆ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ ਸੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
5, 6. (ੳ) ਪਰਮੇਸ਼ੁਰ ਅਤੇ ਗੁਆਂਢੀਆਂ ਲਈ ਪਿਆਰ ਯਹੋਵਾਹ ਦੇ ਦਿਨ ਲਈ ਤਿਆਰ ਰਹਿਣ ਵਾਸਤੇ ਸਾਡੀ ਮਦਦ ਕਿਵੇਂ ਕਰਦਾ ਹੈ? (ਅ) ਲੋਕਾਂ ਨਾਲ ਪਿਆਰ ਕਰਨ ਦੇ ਸੰਬੰਧ ਵਿਚ ਅਸੀਂ ਯਿਸੂ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਾਂ?
5 ਯਿਸੂ ਤਹਿ ਦਿਲੋਂ ਯਹੋਵਾਹ ਅਤੇ ਉਸ ਦੇ ਧਰਮੀ ਮਿਆਰਾਂ ਨੂੰ ਪਿਆਰ ਕਰਦਾ ਸੀ। ਇਬਰਾਨੀਆਂ 1:9 ਵਿਚ ਯਿਸੂ ਬਾਰੇ ਲਿਖਿਆ ਹੈ: “ਤੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।” ਯਿਸੂ ਆਪਣੇ ਸਵਰਗੀ ਪਿਤਾ ਨਾਲ ਇੰਨਾ ਪਿਆਰ ਕਰਦਾ ਸੀ ਕਿ ਕੋਈ ਵੀ ਚੀਜ਼ ਉਸ ਨੂੰ ਆਪਣੇ ਪਿਤਾ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਤੋਂ ਨਾ ਰੋਕ ਸਕੀ। ਜੇ ਅਸੀਂ ਵੀ ਪਰਮੇਸ਼ੁਰ ਨੂੰ ਅਜਿਹਾ ਪਿਆਰ ਕਰਦੇ ਹਾਂ ਤੇ ਉਸ ਦੀ ਮਰਜ਼ੀ ਅਨੁਸਾਰ ਚੱਲਦੇ ਹਾਂ, ਤਾਂ ਉਹ ਸਾਡੀ ਰਾਖੀ ਕਰੇਗਾ। (ਜ਼ਬੂਰਾਂ ਦੀ ਪੋਥੀ 31:23) ਯਹੋਵਾਹ ਦੇ ਵੱਡੇ ਦਿਨ ਲਈ ਤਿਆਰ ਹੋਣ ਵਾਸਤੇ ਇਹ ਪਿਆਰ ਤੇ ਆਗਿਆਕਾਰਤਾ ਸਾਡੀ ਮਦਦ ਕਰਨਗੇ।
6 ਯਿਸੂ ਦੀ ਇਕ ਖ਼ਾਸੀਅਤ ਸੀ ਕਿ ਉਹ ਲੋਕਾਂ ਨਾਲ ਬਹੁਤ ਹੀ ਪਿਆਰ ਕਰਦਾ ਸੀ। ਇਸ ਲਈ “ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਨਤੀਜੇ ਵਜੋਂ, ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ। ਅਸੀਂ ਵੀ ਲੋਕਾਂ ਨੂੰ ਪਿਆਰ ਕਰਦੇ ਹਾਂ ਜਿਸ ਕਰਕੇ ਅਸੀਂ ਉਨ੍ਹਾਂ ਨੂੰ ਰੱਬ ਬਾਰੇ ਦੱਸਦੇ ਹਾਂ। ਪਰਮੇਸ਼ੁਰ ਅਤੇ ਗੁਆਂਢੀਆਂ ਨਾਲ ਪਿਆਰ ਕਰਨ ਸਦਕਾ ਅਸੀਂ ਪ੍ਰਚਾਰ ਕਰਨ ਵਿਚ ਰੁੱਝੇ ਰਹਿੰਦੇ ਹਾਂ। ਇਸ ਤਰੀਕੇ ਨਾਲ ਅਸੀਂ ਯਹੋਵਾਹ ਦੇ ਵੱਡੇ ਦਿਨ ਲਈ ਤਿਆਰ ਹੁੰਦੇ ਹਾਂ।—ਮੱਤੀ 22:37-39.
7. ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ?
7 ਯਹੋਵਾਹ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਯਿਸੂ ਬਹੁਤ ਖ਼ੁਸ਼ ਸੀ। (ਜ਼ਬੂਰਾਂ ਦੀ ਪੋਥੀ 40:8) ਜੇ ਅਸੀਂ ਵੀ ਯਿਸੂ ਵਾਂਗ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ, ਤਾਂ ਸਾਨੂੰ ਵੀ ਖ਼ੁਸ਼ੀ ਮਿਲੇਗੀ। ਯਿਸੂ ਵਾਂਗ ਖੁੱਲ੍ਹੇ ਦਿਲ ਨਾਲ ਦੂਸਰਿਆਂ ਦਾ ਭਲਾ ਕਰ ਕੇ ਸਾਨੂੰ ਬੇਹੱਦ ਖ਼ੁਸ਼ੀ ਮਿਲੇਗੀ ਕਿਉਂਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਆਨੰਦ ਹੈ। (ਰਸੂਲਾਂ ਦੇ ਕਰਤੱਬ 20:35) ਜੀ ਹਾਂ, “ਯਹੋਵਾਹ ਦਾ ਅਨੰਦ [ਸਾਡਾ] ਬਲ ਹੈ” ਕਿਉਂਕਿ ਇਸ ਆਨੰਦ ਸਦਕਾ ਅਸੀਂ ਪਰਮੇਸ਼ੁਰ ਦੇ ਦਿਨ ਲਈ ਤਿਆਰ ਰਹਾਂਗੇ।—ਨਹਮਯਾਹ 8:10.
8. ਸਾਨੂੰ ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਿਉਂ ਕਾਇਮ ਰੱਖਣਾ ਚਾਹੀਦਾ ਹੈ?
8 ਯਿਸੂ ਨੂੰ ਪਰਮੇਸ਼ੁਰ ਅੱਗੇ ਦਿਲੋਂ ਦੁਆ ਕਰ ਕੇ ਮਦਦ ਮਿਲੀ। ਜਦ ਯੂਹੰਨਾ ਨੇ ਉਸ ਨੂੰ ਬਪਤਿਸਮਾ ਦਿੱਤਾ, ਤਾਂ ਯਿਸੂ ਪ੍ਰਾਰਥਨਾ ਕਰ ਰਿਹਾ ਸੀ। ਆਪਣੇ ਰਸੂਲਾਂ ਨੂੰ ਚੁਣਨ ਤੋਂ ਪਹਿਲਾਂ ਯਿਸੂ ਨੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ। (ਲੂਕਾ 6:12-16) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਯਿਸੂ ਨੂੰ ਪ੍ਰਾਰਥਨਾ ਰਾਹੀਂ ਤਾਕਤ ਮਿਲੀ। ਉਸ ਨੇ ਧਰਤੀ ਤੇ ਆਪਣੀ ਆਖ਼ਰੀ ਰਾਤ ਪਰਮੇਸ਼ੁਰ ਨਾਲ ਦਿਲ ਖੋਲ੍ਹ ਕੇ ਪ੍ਰਾਰਥਨਾ ਵਿਚ ਗੱਲ ਕਰਦਿਆਂ ਬਤੀਤ ਕੀਤੀ। ਬਾਈਬਲ ਵਿਚ ਇਨ੍ਹਾਂ ਪ੍ਰਾਰਥਨਾਵਾਂ ਨੂੰ ਪੜ੍ਹ ਕੇ ਹਰ ਕਿਸੇ ਤੇ ਡੂੰਘਾ ਪ੍ਰਭਾਵ ਪਵੇਗਾ। (ਮਰਕੁਸ 14:32-42; ਯੂਹੰਨਾ 17:1-26) ਕੀ ਅਸੀਂ ਯਿਸੂ ਵਾਂਗ ਪ੍ਰਾਰਥਨਾ ਕਰਦੇ ਹਾਂ? ਉਸ ਨੇ ਯਹੋਵਾਹ ਨੂੰ ਅਕਸਰ ਪ੍ਰਾਰਥਨਾ ਕੀਤੀ, ਇਸ ਵਿਚ ਸਮਾਂ ਲਾਇਆ, ਪਵਿੱਤਰ ਆਤਮਾ ਦੀ ਮਦਦ ਮੰਗੀ ਅਤੇ ਪਰਮੇਸ਼ੁਰ ਤੋਂ ਸੇਧ ਮਿਲਣ ਤੇ ਉਸ ਨੂੰ ਫਟਾਫਟ ਕਬੂਲ ਕੀਤਾ। ਸਾਨੂੰ ਵੀ ਯਿਸੂ ਵਾਂਗ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਰੱਖੀਏ ਕਿਉਂਕਿ ਉਸ ਦਾ ਦਿਨ ਤੇਜ਼ੀ ਨਾਲ ਨੇੜੇ ਆ ਰਿਹਾ ਹੈ। ਤਾਂ ਫਿਰ, ਯਹੋਵਾਹ ਨੂੰ ਪ੍ਰਾਰਥਨਾ ਕਰਨੋਂ ਨਾ ਝਿਜਕੋ, ਸਗੋਂ ਇਸ ਦੇ ਜ਼ਰੀਏ ਉਸ ਦੇ ਨੇੜੇ ਜਾਓ।—ਯਾਕੂਬ 4:8.
9. ਯਹੋਵਾਹ ਦੇ ਨਾਂ ਤੇ ਲੱਗੇ ਕਲੰਕ ਨੂੰ ਮਿਟਾਉਣ ਵਿਚ ਦਿਲਚਸਪੀ ਰੱਖਣੀ ਕਿੰਨੀ ਕੁ ਜ਼ਰੂਰੀ ਹੈ?
9 ਯਹੋਵਾਹ ਦੇ ਨਾਂ ਤੇ ਲੱਗੇ ਕਲੰਕ ਨੂੰ ਮਿਟਾਉਣ ਵਿਚ ਦਿਲਚਸਪੀ ਰੱਖਣ ਕਰਕੇ ਵੀ ਯਿਸੂ ਨੂੰ ਅਜ਼ਮਾਇਸ਼ਾਂ ਸਹਿਣ ਲਈ ਤਿਆਰ ਹੋਣ ਵਾਸਤੇ ਮਦਦ ਮਿਲੀ ਸੀ। ਦਰਅਸਲ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਵਿਚ ਇਹ ਬੇਨਤੀ ਵੀ ਸ਼ਾਮਲ ਹੋਣੀ ਚਾਹੀਦੀ ਹੈ: “ਤੇਰਾ ਨਾਮ ਪਾਕ ਮੰਨਿਆ ਜਾਵੇ। ” (ਮੱਤੀ 6:9) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦਾ ਨਾਂ ਪਾਕ ਮੰਨਿਆ ਜਾਵੇ, ਤਾਂ ਅਸੀਂ ਕੋਈ ਵੀ ਅਜਿਹਾ ਕੰਮ ਨਹੀਂ ਕਰਾਂਗੇ ਜਿਸ ਨਾਲ ਉਸ ਦਾ ਨਾਂ ਬਦਨਾਮ ਹੋਵੇ। ਨਤੀਜੇ ਵਜੋਂ, ਅਸੀਂ ਯਹੋਵਾਹ ਦੇ ਵੱਡੇ ਦਿਨ ਲਈ ਹੋਰ ਵੀ ਚੰਗੀ ਤਰ੍ਹਾਂ ਤਿਆਰ ਹੋਵਾਂਗੇ।
ਕੀ ਸਾਨੂੰ ਕੁਝ ਤਬਦੀਲੀਆਂ ਕਰਨ ਦੀ ਲੋੜ ਹੈ?
10. ਸਾਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?
10 ਜੇ ਯਹੋਵਾਹ ਦਾ ਦਿਨ ਕੱਲ੍ਹ ਨੂੰ ਆ ਜਾਵੇ, ਤਾਂ ਕੀ ਅਸੀਂ ਇਸ ਵਾਸਤੇ ਤਿਆਰ ਹੋਵਾਂਗੇ? ਸਾਨੂੰ ਸਾਰਿਆਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵੱਲ ਧਿਆਨ ਦੇਣ ਦੀ ਲੋੜ ਹੈ ਤਾਂਕਿ ਅਸੀਂ ਦੇਖ ਸਕੀਏ ਕਿ ਸਾਨੂੰ ਆਪਣੀਆਂ ਕਰਨੀਆਂ ਜਾਂ ਸੋਚਾਂ ਵਿਚ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਸਾਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਪਲ-ਭਰ ਦੀ ਹੈ ਤੇ ਇਸ ਦਾ ਕੋਈ ਭਰੋਸਾ ਨਹੀਂ ਹੈ। ਇਸ ਕਰਕੇ ਸਾਨੂੰ ਹਰ ਰੋਜ਼ ਦੇਖਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਰੱਖ ਸਕਦੇ ਹਾਂ। (ਉਪਦੇਸ਼ਕ ਦੀ ਪੋਥੀ 9:11, 12; ਯਾਕੂਬ 4:13-15) ਤਾਂ ਫਿਰ, ਆਓ ਆਪਾਂ ਕੁਝ ਜ਼ਰੂਰੀ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਵੱਲ ਸਾਨੂੰ ਸ਼ਾਇਦ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।
11. ਬਾਈਬਲ ਪੜ੍ਹਨ ਸੰਬੰਧੀ ਤੁਸੀਂ ਕਿਹੜਾ ਟੀਚਾ ਰੱਖਿਆ ਹੈ?
11 ਇਕ ਜ਼ਰੂਰੀ ਗੱਲ ਇਹ ਹੈ ਕਿ ਅਸੀਂ ‘ਮਾਤਬਰ ਨੌਕਰ’ ਦੀ ਸਲਾਹ ਮੁਤਾਬਕ ਰੋਜ਼ ਬਾਈਬਲ ਪੜ੍ਹੀਏ। (ਮੱਤੀ 24:45) ਅਸੀਂ ਹਰ ਸਾਲ ਉਤਪਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤਕ ਪੂਰੀ ਬਾਈਬਲ ਧਿਆਨ ਲਾ ਕੇ ਪੜ੍ਹਨ ਦਾ ਟੀਚਾ ਰੱਖ ਸਕਦੇ ਹਾਂ। ਹਰ ਰੋਜ਼ ਬਾਈਬਲ ਦੇ ਤਕਰੀਬਨ ਚਾਰ ਅਧਿਆਇ ਪੜ੍ਹ ਕੇ ਅਸੀਂ ਇਕ ਸਾਲ ਵਿਚ ਇਸ ਦੇ 1,189 ਅਧਿਆਇ ਪੂਰੇ ਕਰ ਪਾਵਾਂਗੇ। ਇਸਰਾਏਲ ਦੇ ਹਰ ਰਾਜੇ ਨੂੰ ਆਪਣੇ “ਜੀਵਨ ਦੇ ਸਾਰੇ ਦਿਨ” ਯਹੋਵਾਹ ਦੀ ਬਿਵਸਥਾ ਪੜ੍ਹਨ ਦਾ ਹੁਕਮ ਦਿੱਤਾ ਗਿਆ ਸੀ। ਯਹੋਸ਼ੁਆ ਨੇ ਇਸੇ ਤਰ੍ਹਾਂ ਕੀਤਾ ਸੀ। (ਬਿਵਸਥਾ ਸਾਰ 17:14-20; ਯਹੋਸ਼ੁਆ 1:7, 8) ਕਲੀਸਿਯਾ ਦੇ ਨਿਗਾਹਬਾਨਾਂ ਲਈ ਰੋਜ਼ ਬਾਈਬਲ ਪੜ੍ਹਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ “ਖਰੀ ਸਿੱਖਿਆ” ਦੇਣ ਵਿਚ ਮਦਦ ਮਿਲੇਗੀ।—ਤੀਤੁਸ 2:1.
12. ਯਹੋਵਾਹ ਦਾ ਦਿਨ ਨੇੜੇ ਆਉਂਦਾ ਦੇਖ ਕੇ ਸਾਨੂੰ ਕਿਹੋ ਜਿਹੇ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ?
12 ਯਹੋਵਾਹ ਦਾ ਦਿਨ ਬਹੁਤ ਨੇੜੇ ਹੋਣ ਕਰਕੇ ਸਾਨੂੰ ਮੀਟਿੰਗਾਂ ਵਿਚ ਲਗਾਤਾਰ ਜਾਣਾ ਤੇ ਉਨ੍ਹਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। (ਇਬਰਾਨੀਆਂ 10:24, 25) ਇਸ ਤਰ੍ਹਾਂ ਕਰਨ ਨਾਲ ਅਸੀਂ ਪ੍ਰਚਾਰ ਕਰਨ ਦੇ ਆਪਣੇ ਹੁਨਰ ਨੂੰ ਸੁਧਾਰ ਸਕਾਂਗੇ ਅਤੇ ਉਨ੍ਹਾਂ ਲੋਕਾਂ ਦੀ ਭਾਲ ਕਰ ਸਕਾਂਗੇ ਜੋ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹਨ। ਪ੍ਰਚਾਰ ਕਰਨ ਤੋਂ ਇਲਾਵਾ, ਅਸੀਂ ਕਲੀਸਿਯਾ ਵਿਚ ਹੋਰ ਵੀ ਕਈ ਕੰਮ ਕਰ ਸਕਦੇ ਹਾਂ ਜਿਵੇਂ ਕਿਸੇ ਸਿਆਣੇ ਭੈਣ-ਭਰਾ ਦੀ ਮਦਦ ਕਰਨੀ ਜਾਂ ਕਿਸੇ ਨੌਜਵਾਨ ਨੂੰ ਹੌਸਲਾ ਦੇਣਾ। ਇਨ੍ਹਾਂ ਕੰਮਾਂ ਵਿਚ ਹਿੱਸਾ ਲੈ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ!
ਦੂਸਰਿਆਂ ਨਾਲ ਸਾਡਾ ਰਿਸ਼ਤਾ
13. ਨਵੀਂ ਇਨਸਾਨੀਅਤ ਪਹਿਨਣ ਦੇ ਸੰਬੰਧ ਵਿਚ ਅਸੀਂ ਆਪਣੇ ਆਪ ਨੂੰ ਕਿਹੜੇ ਸਵਾਲ ਪੁੱਛ ਸਕਦੇ ਹਾਂ?
13 ਯਹੋਵਾਹ ਦਾ ਦਿਨ ਅਤਿ ਨੇੜੇ ਹੈ। ਤਾਂ ਫਿਰ, ਕੀ ਸਾਨੂੰ ‘ਨਵੀਂ ਇਨਸਾਨੀਅਤ ਨੂੰ ਪਹਿਨਣ ਲਈ’ ਜ਼ਿਆਦਾ ਜਤਨ ਕਰਨ ਦੀ ਲੋੜ ਨਹੀਂ ਹੈ ਜਿਹੜੀ ‘ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ’ ਹੈ? (ਅਫ਼ਸੀਆਂ 4:20-24) ਜਦ ਅਸੀਂ ਆਪਣੇ ਵਿਚ ਪਰਮੇਸ਼ੁਰ ਵਰਗੇ ਗੁਣ ਪੈਦਾ ਕਰਦੇ ਹਾਂ, ਤਾਂ ਲੋਕ ਦੇਖ ਸਕਦੇ ਹਨ ਕਿ ਅਸੀਂ ਪਰਮੇਸ਼ੁਰ ਦੀ ‘ਆਤਮਾ ਦੁਆਰਾ ਚੱਲ’ ਰਹੇ ਹਾਂ ਤੇ ਉਸ ਦੇ ਫਲ ਪੈਦਾ ਕਰ ਰਹੇ ਹਾਂ। (ਗਲਾਤੀਆਂ 5:16, 22-25) ਕੀ ਅਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਕਿਸੇ ਪਹਿਲੂ ਵੱਲ ਸੰਕੇਤ ਕਰ ਸਕਦੇ ਹਾਂ ਜਿਸ ਤੋਂ ਸਾਨੂੰ ਸਾਫ਼ ਜ਼ਾਹਰ ਹੁੰਦਾ ਹੈ ਕਿ ਅਸੀਂ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਹੈ? (ਕੁਲੁੱਸੀਆਂ 3:9, 10) ਮਿਸਾਲ ਲਈ, ਕੀ ਅਸੀਂ ਦੂਸਰਿਆਂ ਦਾ ਭਲਾ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਹਾਂ? (ਗਲਾਤੀਆਂ 6:10) ਬਾਕਾਇਦਾ ਬਾਈਬਲ ਦੀ ਸਟੱਡੀ ਕਰਨ ਨਾਲ ਅਸੀਂ ਪਰਮੇਸ਼ੁਰ ਵਰਗੇ ਗੁਣ ਪੈਦਾ ਕਰਨ ਵਿਚ ਕਾਮਯਾਬ ਹੋਵਾਂਗੇ ਜੋ ਯਹੋਵਾਹ ਦੇ ਦਿਨ ਲਈ ਤਿਆਰ ਰਹਿਣ ਵਿਚ ਸਾਡੇ ਕੰਮ ਆਉਣਗੇ।
14. ਸੰਜਮ ਰੱਖਣ ਲਈ ਸਾਨੂੰ ਪਵਿੱਤਰ ਆਤਮਾ ਲਈ ਦੁਆ ਕਿਉਂ ਕਰਨੀ ਚਾਹੀਦੀ ਹੈ?
14 ਜੇ ਸਾਨੂੰ ਜਲਦੀ ਗੁੱਸਾ ਆ ਜਾਂਦਾ ਹੈ ਜਿਸ ਤੇ ਕਾਬੂ ਪਾਉਣ ਲਈ ਸਾਨੂੰ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਆਪਣੇ ਤੇ ਕੰਟ੍ਰੋਲ ਯਾਨੀ ਸੰਜਮ ਰੱਖਣ ਦੀ ਲੋੜ ਹੈ ਜੋ ਕਿ ਪਵਿੱਤਰ ਆਤਮਾ ਦਾ ਫਲ ਹੈ। ਪਵਿੱਤਰ ਆਤਮਾ ਸਾਡੇ ਵਿਚ ਇਹ ਗੁਣ ਪੈਦਾ ਕਰ ਸਕਦੀ ਹੈ। ਇਸ ਲਈ ਸਾਨੂੰ ਯਿਸੂ ਦੇ ਸ਼ਬਦਾਂ ਮੁਤਾਬਕ ਪਰਮੇਸ਼ੁਰ ਦੀ ਆਤਮਾ ਲਈ ਦੁਆ ਕਰਨੀ ਚਾਹੀਦੀ ਹੈ: “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। . . . ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!”—ਲੂਕਾ 11:9-13.
15. ਜੇ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਅਣਬਣ ਹੋ ਜਾਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
15 ਜੇ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਅਣਬਣ ਹੋ ਜਾਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਸ ਨਾਲ ਸੁਲ੍ਹਾ ਕਰਨ ਅਤੇ ਰਿਸ਼ਤੇ ਨੂੰ ਸੁਧਾਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਕਲੀਸਿਯਾ ਵਿਚ ਸ਼ਾਂਤੀ ਤੇ ਏਕਤਾ ਬਣੀ ਰਹੇ। (ਜ਼ਬੂਰਾਂ ਦੀ ਪੋਥੀ 133:1-3) ਸਾਨੂੰ ਮੱਤੀ 5:23, 24 ਜਾਂ ਮੱਤੀ 18:15-17 ਵਿਚ ਪਾਈ ਜਾਂਦੀ ਯਿਸੂ ਦੀ ਨਸੀਹਤ ਉੱਤੇ ਚੱਲਣ ਦੀ ਲੋੜ ਹੈ। ਜੇ ਸੂਰਜ ਡੁੱਬਣ ਤਕ ਅਸੀਂ ਅਜੇ ਵੀ ਕ੍ਰੋਧ ਵਿਚ ਹਾਂ, ਤਾਂ ਮਸਲੇ ਨੂੰ ਸੁਲਝਾਉਣ ਲਈ ਸਾਨੂੰ ਤੁਰੰਤ ਕੁਝ ਕਰਨਾ ਚਾਹੀਦਾ ਹੈ। ਬੱਸ ਸਾਨੂੰ ਗੁੱਸਾ ਥੁੱਕ ਕੇ ਇਕ-ਦੂਜੇ ਨੂੰ ਮਾਫ਼ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ। ਪੌਲੁਸ ਰਸੂਲ ਨੇ ਲਿਖਿਆ: “ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।”—ਅਫ਼ਸੀਆਂ 4:25, 26, 32.
16. ਪਤੀ-ਪਤਨੀ ਇਕ-ਦੂਜੇ ਲਈ ਹਮਦਰਦੀ ਕਿਵੇਂ ਦਿਖਾ ਸਕਦੇ ਹਨ?
16 ਇਹ ਠੀਕ ਹੈ ਕਿ ਪਤੀ-ਪਤਨੀ ਨੂੰ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ, ਪਰ ਕਦੇ-ਕਦੇ ਉਨ੍ਹਾਂ ਨੂੰ ਇਕ-ਦੂਜੇ ਨੂੰ ਮਾਫ਼ ਕਰਨ ਦੀ ਵੀ ਲੋੜ ਪੈਂਦੀ ਹੈ। ਜੇਕਰ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਹੋਰ ਪਿਆਰ ਤੇ ਹਮਦਰਦੀ ਜਤਾਉਣ ਦੀ ਲੋੜ ਹੈ, ਤਾਂ ਤੁਸੀਂ ਬਾਈਬਲ ਦੀ ਸਲਾਹ ਲਾਗੂ ਕਰ ਕੇ ਇਹ ਲੋੜ ਵੀ ਪੂਰੀ ਕਰ ਸਕਦੇ ਹੋ। ਕੀ ਤੁਹਾਨੂੰ 1 ਕੁਰਿੰਥੀਆਂ 7:1-5 ਵਿਚ ਦਿੱਤੀ ਸਲਾਹ ਮੁਤਾਬਕ ਇਕ-ਦੂਜੇ ਦਾ ਹੱਕ ਪੂਰਾ ਕਰਨ ਦੀ ਲੋੜ ਹੈ ਤਾਂਕਿ ਤੁਹਾਡਾ ਪਤੀ-ਪਤਨੀ ਦਾ ਰਿਸ਼ਤਾ ਠੀਕ ਰਹੇ ਤੇ ਤੁਹਾਡੇ ਵਿੱਚੋਂ ਕੋਈ ਬੇਵਫ਼ਾਈ ਨਾ ਕਰ ਬੈਠੇ? ਯਕੀਨਨ ਪਤੀ-ਪਤਨੀ ਆਪਣੇ ਰਿਸ਼ਤੇ ਦੇ ਇਸ ਪਹਿਲੂ ਵਿਚ ਸੁਧਾਰ ਕਰ ਕੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਨ ਤੇ ਹਮਦਰਦੀ ਦਿਖਾ ਸਕਦੇ ਹਨ।
17. ਜੇ ਕਿਸੇ ਨੇ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਉਸ ਨੂੰ ਕਿਹੜੇ ਠੋਸ ਕਦਮ ਚੁੱਕਣ ਦੀ ਲੋੜ ਹੈ?
17 ਪਰ ਜੇ ਤੁਸੀਂ ਕੋਈ ਗੰਭੀਰ ਪਾਪ ਕਰ ਬੈਠੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜਿੰਨੀ ਜਲਦੀ ਹੋ ਸਕਦਾ ਹੈ, ਠੋਸ ਕਦਮ ਚੁੱਕੋ। ਕਲੀਸਿਯਾ ਦੇ ਨਿਗਾਹਬਾਨਾਂ ਤੋਂ ਸਹਾਇਤਾ ਮੰਗੋ। ਉਹ ਤੁਹਾਨੂੰ ਸਲਾਹ ਦੇ ਕੇ ਅਤੇ ਤੁਹਾਡੇ ਲਈ ਪ੍ਰਾਰਥਨਾ ਕਰ ਕੇ ਤੁਹਾਡੀ ਮਦਦ ਕਰ ਸਕਦੇ ਹਨ। (ਯਾਕੂਬ 5:13-16) ਦਿਲੋਂ ਪਛਤਾਵਾ ਕਰਦੇ ਹੋਏ ਯਹੋਵਾਹ ਨੂੰ ਪ੍ਰਾਰਥਨਾ ਕਰੋ। ਜੇ ਤੁਸੀਂ ਇਸ ਤਰ੍ਹਾਂ ਨਾ ਕੀਤਾ, ਤਾਂ ਤੁਹਾਡੀ ਜ਼ਮੀਰ ਤੁਹਾਨੂੰ ਲਾਹਨਤਾਂ ਪਾਉਂਦੀ ਰਹੇਗੀ ਤੇ ਤੁਸੀਂ ਦੋਸ਼ੀ ਮਹਿਸੂਸ ਕਰੋਗੇ। ਦਾਊਦ ਨਾਲ ਇੱਦਾਂ ਹੀ ਹੋਇਆ ਸੀ, ਪਰ ਜਦ ਉਸ ਨੇ ਯਹੋਵਾਹ ਅੱਗੇ ਆਪਣਾ ਦੋਸ਼ ਕਬੂਲ ਕੀਤਾ, ਤਾਂ ਉਸ ਨੂੰ ਚੈਨ ਮਿਲਿਆ। ਉਸ ਨੇ ਲਿਖਿਆ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ, ਜਿਹ ਦਾ ਪਾਪ ਢੱਕਿਆ ਹੋਇਆ ਹੈ। ਧੰਨ ਹੈ ਉਹ ਆਦਮੀ ਜਿਹ ਦੀ ਬਦੀ ਯਹੋਵਾਹ ਉਹ ਦੇ ਲੇਖੇ ਨਹੀਂ ਲਾਉਂਦਾ, ਅਤੇ ਜਿਹ ਦੇ ਆਤਮਾ ਵਿੱਚ ਕਪਟ ਨਹੀਂ।” (ਜ਼ਬੂਰਾਂ ਦੀ ਪੋਥੀ 32:1-5) ਸੱਚੇ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਯਹੋਵਾਹ ਮਾਫ਼ ਕਰਦਾ ਹੈ।—ਜ਼ਬੂਰਾਂ ਦੀ ਪੋਥੀ 103:8-14; ਕਹਾਉਤਾਂ 28:13.
ਦੁਨੀਆਂ ਦੇ ਰੰਗ ਵਿਚ ਨਾ ਰੰਗੋ
18. ਦੁਨੀਆਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
18 ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਉਸ ਸ਼ਾਨਦਾਰ ਨਵੀਂ ਦੁਨੀਆਂ ਵਿਚ ਜੀਉਣ ਦੀ ਉਮੀਦ ਰੱਖਦੇ ਹਾਂ ਜਿਸ ਦਾ ਸਾਡੇ ਸਵਰਗੀ ਪਿਤਾ ਯਹੋਵਾਹ ਨੇ ਵਾਅਦਾ ਕੀਤਾ ਹੈ। ਪਰ ਪਰਮੇਸ਼ੁਰ ਤੋਂ ਦੂਰ ਹੋਈ ਇਸ ਦੁਸ਼ਟ ਦੁਨੀਆਂ ਬਾਰੇ ਸਾਡਾ ਕੀ ਨਜ਼ਰੀਆ ਹੈ? ਇਸ ਦੁਨੀਆਂ ਦੇ “ਸਰਦਾਰ” ਸ਼ਤਾਨ ਦਾ ਯਿਸੂ ਮਸੀਹ ਉੱਤੇ ਕੋਈ ਵੱਸ ਨਹੀਂ ਚੱਲਿਆ। (ਯੂਹੰਨਾ 12:31; 14:30) ਅਸੀਂ ਵੀ ਸ਼ਤਾਨ ਦੀ ਇਸ ਦੁਨੀਆਂ ਦੇ ਵੱਸ ਵਿਚ ਨਹੀਂ ਪੈਣਾ ਚਾਹੁੰਦੇ। ਇਸ ਲਈ ਸਾਨੂੰ ਯੂਹੰਨਾ ਰਸੂਲ ਦੀ ਸਲਾਹ ਉੱਤੇ ਚੱਲਣ ਦੀ ਲੋੜ ਹੈ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ।” ਇਹ ਬਹੁਤ ਹੀ ਵਧੀਆ ਸਲਾਹ ਹੈ ਕਿਉਂਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:15-17.
19. ਬੱਚਿਆਂ ਨੂੰ ਕਿਹੋ ਜਿਹੇ ਟੀਚੇ ਰੱਖਣ ਦਾ ਉਤਸ਼ਾਹ ਦਿੱਤਾ ਜਾਂਦਾ ਹੈ?
19 ਕੀ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਰ ਰਹੇ ਹੋ ਕਿ ਉਹ “ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ” ਰੱਖਣ? (ਯਾਕੂਬ 1:27) ਜਿਵੇਂ ਕੋਈ ਬੰਦਾ ਕੁੰਡੀ ਨਾਲ ਮੱਛੀਆਂ ਨੂੰ ਫੜਦਾ ਹੈ, ਤਿਵੇਂ ਸ਼ਤਾਨ ਸਾਡੇ ਬੱਚਿਆਂ ਨੂੰ ਆਪਣੀ ਕੁੰਡੀ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। ਤਰ੍ਹਾਂ-ਤਰ੍ਹਾਂ ਦੇ ਕਲੱਬਾਂ ਅਤੇ ਸੰਗਠਨਾਂ ਦਾ ਮਕਸਦ ਹੀ ਇਹ ਹੈ ਕਿ ਨੌਜਵਾਨ ਸ਼ਤਾਨ ਦੀ ਦੁਨੀਆਂ ਵਿਚ ਰੰਗੇ ਜਾਣ। ਪਰ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਪਹਿਲਾਂ ਹੀ ਅਜਿਹੇ ਸੰਗਠਨ ਦੇ ਮੈਂਬਰ ਹਾਂ ਜਿਸ ਨੇ ਸ਼ਤਾਨ ਦੀ ਦੁਨੀਆਂ ਦੇ ਖ਼ਾਤਮੇ ਤੋਂ ਬਾਅਦ ਵੀ ਕਾਇਮ ਰਹਿਣਾ ਹੈ। ਇਸ ਲਈ ਬੱਚਿਆਂ ਨੂੰ “ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ” ਰਹਿਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। (1 ਕੁਰਿੰਥੀਆਂ 15:58) ਮਾਂ-ਬਾਪ ਆਪਣੇ ਬੱਚਿਆਂ ਦੀ ਅਜਿਹੇ ਟੀਚੇ ਰੱਖਣ ਵਿਚ ਮਦਦ ਕਰ ਸਕਦੇ ਹਨ ਜਿਨ੍ਹਾਂ ਸਦਕਾ ਬੱਚੇ ਖ਼ੁਸ਼ੀ-ਖ਼ੁਸ਼ੀ ਆਪਣੀ ਜ਼ਿੰਦਗੀ ਯਹੋਵਾਹ ਪਰਮੇਸ਼ੁਰ ਦੀ ਭਗਤੀ ਵਿਚ ਲਾ ਸਕਦੇ ਹਨ ਅਤੇ ਉਸ ਦੇ ਦਿਨ ਲਈ ਤਿਆਰ ਰਹਿ ਸਕਦੇ ਹਨ।
ਨਵੀਂ ਦੁਨੀਆਂ ਤੇ ਨਜ਼ਰ ਰੱਖੋ
20. ਸਾਨੂੰ ਹਮੇਸ਼ਾ ਦੀ ਜ਼ਿੰਦਗੀ ਤੇ ਨਜ਼ਰ ਕਿਉਂ ਰੱਖਣੀ ਚਾਹੀਦੀ ਹੈ?
20 ਜੇ ਅਸੀਂ ਨਵੀਂ ਦੁਨੀਆਂ ਵਿਚ ਮਿਲਣ ਵਾਲੀ ਹਮੇਸ਼ਾ ਦੀ ਜ਼ਿੰਦਗੀ ਤੇ ਨਜ਼ਰ ਰੱਖਾਂਗੇ, ਤਾਂ ਅਸੀਂ ਧੀਰਜ ਨਾਲ ਯਹੋਵਾਹ ਦੇ ਦਿਨ ਦਾ ਇੰਤਜ਼ਾਰ ਕਰ ਸਕਾਂਗੇ। (ਯਹੂਦਾਹ 20, 21) ਨਵੀਂ ਦੁਨੀਆਂ ਵਿਚ ਅਸੀਂ ਨੌਂ-ਬਰ-ਨੌਂ ਹੋ ਜਾਵਾਂਗੇ ਅਤੇ ਜਵਾਨੀਆਂ ਮਾਣਾਂਗੇ। ਉਸ ਸਮੇਂ ਸਾਡੇ ਕੋਲ ਨਵੀਆਂ ਤੋਂ ਨਵੀਆਂ ਚੀਜ਼ਾਂ ਦੀ ਖੋਜ ਕਰਨ ਅਤੇ ਯਹੋਵਾਹ ਬਾਰੇ ਹੋਰ ਜ਼ਿਆਦਾ ਸਿੱਖਣ ਲਈ ਬਹੁਤ ਸਾਰਾ ਸਮਾਂ ਹੋਵੇਗਾ। ਯਹੋਵਾਹ ਬਾਰੇ ਅਸੀਂ ਹਮੇਸ਼ਾ ਸਿੱਖਦੇ ਰਹਾਂਗੇ ਕਿਉਂਕਿ ਹੁਣ ਤਾਂ ਅਸੀਂ “ਉਹ ਦੇ ਰਾਹਾਂ ਦੇ ਕੰਢੇ” ਹੀ ਜਾਣਦੇ ਹਾਂ। (ਅੱਯੂਬ 26:14) ਉਹ ਸਮਾਂ ਦੇਖਣ ਲਈ ਅਸੀਂ ਕਿੰਨੇ ਹੀ ਉਤਾਵਲੇ ਹਾਂ!
21, 22. ਸਾਨੂੰ ਸ਼ਾਇਦ ਜੀ ਉਠਾਏ ਗਏ ਲੋਕਾਂ ਦੀ ਮਦਦ ਕਰਨ ਦੇ ਕਿਹੜੇ ਮੌਕੇ ਮਿਲਣ?
21 ਨਵੀਂ ਦੁਨੀਆਂ ਵਿਚ ਅਸੀਂ ਹੋਰ ਵੀ ਬਹੁਤ ਕੁਝ ਸਿੱਖ ਸਕਾਂਗੇ। ਉਸ ਸਮੇਂ ਮੁਰਦਿਆਂ ਵਿੱਚੋਂ ਜੀ ਉਠਾਏ ਗਏ ਲੋਕ ਸਾਨੂੰ ਅਤੀਤ ਵਿਚ ਹੋਈਆਂ ਉਨ੍ਹਾਂ ਗੱਲਾਂ ਬਾਰੇ ਦੱਸਣਗੇ ਜੋ ਅਸੀਂ ਨਹੀਂ ਜਾਣਦੇ। ਹਨੋਕ ਸਾਨੂੰ ਦੱਸ ਸਕੇਗਾ ਕਿ ਉਸ ਨੇ ਬਹਾਦਰੀ ਨਾਲ ਪਾਪੀਆਂ ਨੂੰ ਯਹੋਵਾਹ ਦੀ ਸਜ਼ਾ ਕਿਵੇਂ ਸੁਣਾਈ ਸੀ। (ਯਹੂਦਾਹ 14, 15) ਨੂਹ ਤੋਂ ਅਸੀਂ ਜਾਣ ਸਕਾਂਗੇ ਕਿ ਬੇੜੀ ਕਿਵੇਂ ਬਣਾਈ ਗਈ ਸੀ। ਅਬਰਾਹਾਮ ਤੇ ਸਾਰਾਹ ਤੋਂ ਸਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਊਰ ਵਿਚ ਆਪਣਾ ਘਰ-ਬਾਰ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਤੰਬੂਆਂ ਵਿਚ ਰਹਿਣਾ ਕਿਵੇਂ ਲੱਗਾ। ਜ਼ਰਾ ਸੋਚੋ ਕਿ ਅਸਤਰ ਸਾਨੂੰ ਉਸ ਸਮੇਂ ਬਾਰੇ ਕੀ ਕੁਝ ਦੱਸ ਸਕੇਗੀ ਜਦ ਉਸ ਨੇ ਹਾਮਾਨ ਦਾ ਭੇਤ ਖੋਲ੍ਹ ਦਿੱਤਾ ਜਿਸ ਕਾਰਨ ਯਹੂਦੀਆਂ ਖ਼ਿਲਾਫ਼ ਘੜੀ ਹਾਮਾਨ ਦੀ ਸਾਜ਼ਸ਼ ਨਾਕਾਮ ਰਹੀ। (ਅਸਤਰ 7:1-6) ਅਸੀਂ ਧਿਆਨ ਨਾਲ ਯੂਨਾਹ ਦੀ ਗੱਲ ਸੁਣਾਂਗੇ ਜਦ ਉਹ ਸਾਨੂੰ ਦੱਸੇਗਾ ਕਿ ਉਸ ਨੇ ਮੱਛੀ ਦੇ ਢਿੱਡ ਵਿਚ ਤਿੰਨ ਦਿਨ ਕਿਵੇਂ ਗੁਜ਼ਾਰੇ ਸਨ। ਯੂਹੰਨਾ ਸਾਨੂੰ ਸਮਝਾਏਗਾ ਕਿ ਉਸ ਨੇ ਕਿਵੇਂ ਮਹਿਸੂਸ ਕੀਤਾ ਜਦ ਯਿਸੂ ਉਸ ਕੋਲ ਬਪਤਿਸਮਾ ਲੈਣ ਆਇਆ ਸੀ। (ਲੂਕਾ 3:21, 22; 7:28) ਅਸੀਂ ਇਨ੍ਹਾਂ ਦਿਲਚਸਪ ਗੱਲਾਂ ਨੂੰ ਜਾਣਨ ਲਈ ਬਹੁਤ ਉਤਸੁਕ ਹਾਂ!
22 ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ, ਸਾਨੂੰ ਸ਼ਾਇਦ ਜੀ ਉਠਾਏ ਗਏ ਲੋਕਾਂ ਦੀ ਮਦਦ ਕਰਨ ਦਾ ਮੌਕਾ ਮਿਲੇ ਤਾਂਕਿ ਉਹ ‘ਪਰਮੇਸ਼ੁਰ ਦਾ ਗਿਆਨ’ ਪ੍ਰਾਪਤ ਕਰ ਸਕਣ। (ਕਹਾਉਤਾਂ 2:1-6) ਅੱਜ ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਜਦ ਕੋਈ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਦਾ ਹੈ ਤੇ ਫਿਰ ਉਸ ਸਿੱਖਿਆ ਤੇ ਅਮਲ ਕਰਦਾ ਹੈ। ਪਰ ਜ਼ਰਾ ਆਪਣੀ ਉਸ ਖ਼ੁਸ਼ੀ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰੋ ਜਦੋਂ ਨਵੀਂ ਦੁਨੀਆਂ ਵਿਚ ਅਸੀਂ ਉਨ੍ਹਾਂ ਇਨਸਾਨਾਂ ਨੂੰ ਯਹੋਵਾਹ ਬਾਰੇ ਸਿਖਾ ਸਕਾਂਗੇ ਜੋ ਸਦੀਆਂ ਪਹਿਲਾਂ ਰਹਿੰਦੇ ਸਨ ਅਤੇ ਉਹ ਯਹੋਵਾਹ ਦੀ ਮਰਜ਼ੀ ਅਨੁਸਾਰ ਚੱਲਣ ਲਈ ਤਿਆਰ ਹੋਣਗੇ!
23. ਸਾਨੂੰ ਕੀ ਕਰਦੇ ਰਹਿਣ ਲਈ ਮਨ ਬਣਾ ਲੈਣਾ ਚਾਹੀਦਾ ਹੈ?
23 ਯਹੋਵਾਹ ਤੋਂ ਮਿਲੀਆਂ ਇੰਨੀਆਂ ਬਰਕਤਾਂ ਨੂੰ ਅਸੀਂ ਗਿਣ ਵੀ ਨਹੀਂ ਸਕਦੇ ਤੇ ਨਾ ਹੀ ਸ਼ਬਦਾਂ ਵਿਚ ਬਿਆਨ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 40:5) ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਅਤੇ ਆਪਣੇ ਫ਼ਰਿਸ਼ਤਿਆਂ ਦੇ ਜ਼ਰੀਏ ਵੀ ਸਾਡੀ ਮਦਦ ਕੀਤੀ ਹੈ। ਖ਼ਾਸਕਰ ਸਾਨੂੰ ਬਾਈਬਲ, ਕਿਤਾਬਾਂ ਤੇ ਮੀਟਿੰਗਾਂ ਵਗੈਰਾ ਤੋਂ ਲਾਭ ਹੋਇਆ ਹੈ। (ਯਸਾਯਾਹ 48:17, 18) ਸਾਡੇ ਹਾਲਾਤ ਭਾਵੇਂ ਜੋ ਮਰਜ਼ੀ ਹਨ, ਆਓ ਆਪਾਂ ਯਹੋਵਾਹ ਦੇ ਮਹਾਨ ਦਿਨ ਦੀ ਉਡੀਕ ਕਰਦਿਆਂ ਜੀ-ਜਾਨ ਨਾਲ ਉਸ ਦੀ ਸੇਵਾ ਕਰਦੇ ਰਹੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
• “ਯਹੋਵਾਹ ਦਾ ਦਿਨ” ਕੀ ਹੈ?
• ਅਸੀਂ ਯਹੋਵਾਹ ਦੇ ਦਿਨ ਲਈ ਤਿਆਰ ਕਿਵੇਂ ਰਹਿ ਸਕਦੇ ਹਾਂ?
• ਪਰਮੇਸ਼ੁਰ ਦਾ ਦਿਨ ਨੇੜੇ ਆਉਂਦਾ ਦੇਖ ਕੇ ਸਾਨੂੰ ਕਿਹੋ ਜਿਹੀਆਂ ਤਬਦੀਲੀਆਂ ਕਰਨ ਦੀ ਲੋੜ ਹੈ?
• ਨਵੀਂ ਦੁਨੀਆਂ ਵਿਚ ਤੁਸੀਂ ਕੀ ਦੇਖਣ ਲਈ ਉਤਾਵਲੇ ਹੋ?
[ਸਫ਼ਾ 12 ਉੱਤੇ ਤਸਵੀਰ]
ਯਿਸੂ ਨੇ ਪਰੀਖਿਆ ਦਾ ਸਾਮ੍ਹਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕੀਤਾ ਸੀ
[ਸਫ਼ਾ 15 ਉੱਤੇ ਤਸਵੀਰ]
ਅਸੀਂ ਪਰਮੇਸ਼ੁਰ ਦਾ ਗਿਆਨ ਪ੍ਰਾਪਤ ਕਰਨ ਵਿਚ ਜੀ ਉਠਾਏ ਗਏ ਲੋਕਾਂ ਦੀ ਮਦਦ ਕਰ ਸਕਾਂਗੇ