ਪਰਮੇਸ਼ੁਰ ਦੀ ਸ਼ਕਤੀ ਦਾ ਸਬੂਤ ਮਿਲਦਾ ਤਾਰਿਆਂ ਤੋਂ
“ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।”—ਯਸਾਯਾਹ 40:26.
ਸੂਰਜ ਸਿਰਫ਼ ਇਕ ਛੋਟਾ ਜਿਹਾ ਤਾਰਾ ਹੈ, ਫਿਰ ਵੀ ਇਸ ਦਾ ਪੁੰਜ ਧਰਤੀ ਦੇ ਪੁੰਜ ਨਾਲੋਂ 3,30,000 ਗੁਣਾ ਜ਼ਿਆਦਾ ਹੈ। ਧਰਤੀ ਦੇ ਲਾਗੇ ਬਾਕੀ ਦੇ ਤਾਰੇ ਸੂਰਜ ਦੀ ਤੁਲਨਾ ਵਿਚ ਛੋਟੇ ਹਨ। ਪਰ ਹੋਰ ਕਈ ਤਾਰੇ ਹਨ ਜਿਨ੍ਹਾਂ ਦਾ ਪੁੰਜ ਸਾਡੇ ਸੂਰਜ ਨਾਲੋਂ ਘੱਟੋ-ਘੱਟ 27 ਗੁਣਾ ਜ਼ਿਆਦਾ ਹੈ ਜਿਵੇਂ ਕਿ V382 ਸਿਗਨੀ ਨਾਮਕ ਤਾਰਾ।
ਸਾਡਾ ਸੂਰਜ ਕਿੰਨੀ ਕੁ ਊਰਜਾ ਪੈਦਾ ਕਰਦਾ ਹੈ? ਜ਼ਰਾ ਸੋਚੋ, ਜੇ ਤੁਸੀਂ ਕਿਸੇ ਅੱਗ ਦਾ ਸੇਕ 15 ਕਿਲੋਮੀਟਰ ਦੂਰ ਖੜੋ ਕੇ ਵੀ ਮਹਿਸੂਸ ਕਰ ਸਕੋ, ਤਾਂ ਉਸ ਦਾ ਸੇਕ ਕਿੰਨਾ ਤੇਜ਼ ਹੋਵੇਗਾ। ਸੂਰਜ ਧਰਤੀ ਤੋਂ ਤਕਰੀਬਨ 15 ਕਰੋੜ ਕਿਲੋਮੀਟਰ ਦੀ ਦੂਰੀ ਤੇ ਹੈ। ਇੰਨਾ ਦੂਰ ਹੋਣ ਦੇ ਬਾਵਜੂਦ ਵੀ ਇਸ ਦੀ ਤਪਦੀ ਧੁੱਪ ਸਾਡੀ ਚਮੜੀ ਨੂੰ ਲੂਸ ਕੇ ਛਾਲੇ ਪਾ ਸਕਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੂਰਜ ਦੀ ਊਰਜਾ ਦਾ ਬਹੁਤ ਹੀ ਛੋਟਾ ਜਿਹਾ ਹਿੱਸਾ ਸਾਡੀ ਧਰਤੀ ਤਕ ਪਹੁੰਚਦਾ ਹੈ। ਲੇਕਿਨ ਧਰਤੀ ਤੇ ਜੀਵਨ ਕਾਇਮ ਰੱਖਣ ਲਈ ਇੰਨੀ ਊਰਜਾ ਕਾਫ਼ੀ ਹੈ।
ਦਰਅਸਲ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਸਾਡੇ ਸੂਰਜ ਦੀ ਪੂਰੀ ਊਰਜਾ ਤੋਂ ਧਰਤੀ ਵਰਗੇ 31 ਲੱਖ ਕਰੋੜ ਗ੍ਰਹਿ ਕਾਇਮ ਰਹਿ ਸਕਦੇ ਹਨ। ਇਸ ਗੱਲ ਨੂੰ ਅਸੀਂ ਇਕ ਹੋਰ ਤਰੀਕੇ ਨਾਲ ਕਿਵੇਂ ਸਮਝਾ ਸਕਦੇ ਹਾਂ? ਜ਼ਰਾ ਸੋਚੋ, ਜੇ ਸਿਰਫ਼ ਇਕ ਸਕਿੰਟ ਲਈ ਸੂਰਜ ਦੀ ਊਰਜਾ ਇਕੱਠੀ ਕੀਤੀ ਜਾਵੇ, ਤਾਂ ਅਮਰੀਕਾ ਦੇ ਪੂਰੇ ਦੇਸ਼ ਲਈ “ਅਗਲੇ 90 ਲੱਖ ਸਾਲਾਂ ਜੋਗੀ ਊਰਜਾ ਕਾਫ਼ੀ ਹੋਵੇਗੀ।”—ਪੁਲਾੜੀ ਮੌਸਮੀ ਦੂਰਦਰਸ਼ੀ ਕੇਂਦਰ (SWPC) ਦੀ ਵੈੱਬ-ਸਾਈਟ।
ਸੂਰਜ ਦੀ ਊਰਜਾ ਉਸ ਦੇ ਕੇਂਦਰੀ ਭਾਗ ਵਿਚ ਪੈਦਾ ਹੁੰਦੀ ਹੈ। ਪਰ ਸੂਰਜ ਇੰਨਾ ਵੱਡਾ ਹੈ ਤੇ ਇਸ ਦਾ ਕੇਂਦਰੀ ਭਾਗ ਇੰਨਾ ਸੰਘਣਾ ਕਿ ਇਸ ਦੀ ਊਰਜਾ ਨੂੰ ਬਾਹਰ ਨਿਕਲਣ ਲਈ ਲੱਖਾਂ ਸਾਲ ਲੱਗ ਜਾਂਦੇ ਹਨ। SWPC ਦੀ ਵੈੱਬ-ਸਾਈਟ ਤੇ ਕਿਹਾ ਗਿਆ: “ਜੇ ਸੂਰਜ ਅੱਜ ਊਰਜਾ ਪੈਦਾ ਕਰਨੀ ਛੱਡ ਦੇਵੇ, ਤਾਂ ਪੰਜ ਕਰੋੜ ਸਾਲ ਬਾਅਦ ਜਾ ਕੇ ਧਰਤੀ ਤੇ ਇਸ ਦਾ ਕੋਈ ਅਸਰ ਦੇਖਿਆ ਜਾਵੇਗਾ!”
ਹੁਣ ਇਕ ਹੋਰ ਗੱਲ ʼਤੇ ਗੌਰ ਕਰੋ: ਜਦ ਤੁਸੀਂ ਰਾਤ ਨੂੰ ਅੱਖਾਂ ਚੁੱਕ ਕੇ ਆਸਮਾਨ ਵੱਲ ਦੇਖਦੇ ਹੋ, ਤਾਂ ਤੁਹਾਨੂੰ ਕਈ ਹਜ਼ਾਰ ਤਾਰੇ ਨਜ਼ਰ ਆਉਂਦੇ ਹਨ। ਇਹ ਤਾਰੇ ਸਾਡੇ ਸੂਰਜ ਵਾਂਗ ਊਰਜਾ ਪੈਦਾ ਕਰਦੇ ਹਨ। ਵਿਗਿਆਨੀਆਂ ਦੇ ਮੁਤਾਬਕ ਸਾਡੇ ਬ੍ਰਹਿਮੰਡ ਵਿਚ ਅਰਬਾਂ ਦੇ ਹਿਸਾਬ ਨਾਲ ਤਾਰੇ ਹਨ।
ਇਹ ਸਭ ਤਾਰੇ ਆਏ ਕਿੱਥੋਂ? ਜ਼ਿਆਦਾਤਰ ਖੋਜਕਾਰਾਂ ਦਾ ਮੰਨਣਾ ਹੈ ਕਿ ਅੱਜ ਤੋਂ ਤਕਰੀਬਨ 14 ਅਰਬ ਸਾਲ ਪਹਿਲਾਂ ਸਾਡਾ ਬ੍ਰਹਿਮੰਡ ਆਪੇ ਇਕਦਮ ਹੋਂਦ ਵਿਚ ਆਇਆ। ਪਰ ਇਹ ਕਿਵੇਂ ਹੋਇਆ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਬਾਈਬਲ ਵਿਚ ਕਿਹਾ ਗਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਬਿਨਾਂ ਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਊਰਜਾ ਪੈਦਾ ਕਰਨ ਵਾਲੀਆਂ ਮਸ਼ੀਨਾਂ, ਜਿਨ੍ਹਾਂ ਨੂੰ ਅਸੀਂ ਤਾਰੇ ਕਹਿੰਦੇ ਹਾਂ, ਦਾ ਬਣਾਉਣ ਵਾਲਾ “ਡਾਢੇ ਬਲ” ਦਾ ਮਾਲਕ ਹੈ।—ਯਸਾਯਾਹ 40:26.
ਰੱਬ ਆਪਣੀ ਸ਼ਕਤੀ ਦਾ ਪ੍ਰਯੋਗ ਕਿਵੇਂ ਕਰਦਾ ਹੈ?
ਯਹੋਵਾਹ ਆਪਣੀ ਸ਼ਕਤੀ ਦੁਆਰਾ ਉਨ੍ਹਾਂ ਨੂੰ ਸਹਾਰਾ ਦਿੰਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਦੇ ਹਨ। ਮਿਸਾਲ ਲਈ, ਪੌਲੁਸ ਰਸੂਲ ਨੇ ਤਨ-ਮਨ ਲਾ ਕੇ ਹੋਰਨਾਂ ਨੂੰ ਪਰਮੇਸ਼ੁਰ ਬਾਰੇ ਸਿਖਾਇਆ। ਭਾਵੇਂ ਉਹ ਸਾਡੇ ਵਰਗਾ ਮਾਮੂਲੀ ਇਨਸਾਨ ਸੀ, ਪਰ ਡਾਢੇ ਵਿਰੋਧ ਦੇ ਬਾਵਜੂਦ ਵੀ ਉਹ ਬਹੁਤ ਕੁਝ ਕਰ ਪਾਇਆ। ਉਸ ਨੂੰ ਇਹ ਸਭ ਕਰਨ ਦੀ ਸ਼ਕਤੀ ਕਿੱਥੋਂ ਮਿਲੀ ਸੀ? ਉਸ ਨੇ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੀ ਵੱਲੋਂ “ਮਹਾ-ਸ਼ਕਤੀ” ਮਿਲੀ।—2 ਕੁਰਿੰਥੁਸ 4:7-9, CL.
ਯਹੋਵਾਹ ਨੇ ਉਨ੍ਹਾਂ ਦਾ ਨਾਸ਼ ਕਰਨ ਲਈ ਵੀ ਆਪਣੀ ਸ਼ਕਤੀ ਵਰਤੀ ਹੈ ਜੋ ਇੰਨੇ ਬੇਸ਼ਰਮ ਸਨ ਕਿ ਉਨ੍ਹਾਂ ਨੂੰ ਉਸ ਦੇ ਧਰਮੀ ਅਸੂਲਾਂ ਦੀ ਕੋਈ ਪਰਵਾਹ ਨਹੀਂ ਸੀ। ਯਹੋਵਾਹ ਸਿਰਫ਼ ਦੁਸ਼ਟ ਲੋਕਾਂ ਨੂੰ ਹੀ ਨਾਸ਼ ਕਰਦਾ ਹੈ, ਨਾ ਕਿ ਸਭ ਨੂੰ। ਇਹ ਗੱਲ ਸਮਝਾਉਣ ਲਈ ਯਿਸੂ ਮਸੀਹ ਨੇ ਸਦੂਮ ਅਤੇ ਅਮੂਰਾਹ ਦੀ ਤਬਾਹੀ ਅਤੇ ਨੂਹ ਦੇ ਜ਼ਮਾਨੇ ਦੀ ਜਲ-ਪਰਲੋ ਦੀ ਮਿਸਾਲ ਦਿੱਤੀ। ਫਿਰ ਯਿਸੂ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ ਜਲਦੀ ਹੀ ਆਪਣੀ ਸ਼ਕਤੀ ਨਾਲ ਉਨ੍ਹਾਂ ਦਾ ਨਾਸ਼ ਕਰੇਗਾ ਜੋ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਨਜ਼ਰਅੰਦਾਜ਼ ਕਰਦੇ ਹਨ।—ਮੱਤੀ 24:3, 37-39; ਲੂਕਾ 17:26-30.
ਇਸ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ?
ਜਦ ਅਸੀਂ ਯਹੋਵਾਹ ਦੀ ਸ਼ਕਤੀ ਉੱਤੇ ਮਨਨ ਕਰਦੇ ਹਾਂ, ਜੋ ਸਾਨੂੰ ਤਾਰਿਆਂ ਤੋਂ ਨਜ਼ਰ ਆਉਂਦੀ ਹੈ, ਤਾਂ ਅਸੀਂ ਸ਼ਾਇਦ ਦਾਊਦ ਬਾਦਸ਼ਾਹ ਵਾਂਗ ਮਹਿਸੂਸ ਕਰੀਏ ਜਿਸ ਨੇ ਕਿਹਾ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?”—ਜ਼ਬੂਰਾਂ ਦੀ ਪੋਥੀ 8:3, 4.
ਇਸ ਵਿਸ਼ਾਲ ਬ੍ਰਹਿਮੰਡ ਦੀ ਤੁਲਨਾ ਵਿਚ ਇਨਸਾਨ ਵਾਕਈ ਕਿੰਨੇ ਮਾਮੂਲੀ ਜਿਹੇ ਹਨ। ਪਰ ਸਾਨੂੰ ਇਸ ਕਰਕੇ ਕਦੇ ਆਪਣੇ ਆਪ ਵਿਚ ਬੇਬੱਸ ਨਹੀਂ ਮਹਿਸੂਸ ਕਰਨਾ ਚਾਹੀਦਾ। ਯਹੋਵਾਹ ਨੇ ਆਪਣੇ ਨਬੀ ਯਸਾਯਾਹ ਦੇ ਜ਼ਰੀਏ ਦਿਲਾਸੇ-ਭਰੀ ਇਹ ਗੱਲ ਲਿਖਵਾਈ ਕਿ ਉਹ “ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।”—ਯਸਾਯਾਹ 40:29-31.
ਜੇ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਚੱਲਣਾ ਚਾਹੁੰਦੇ ਹੋ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਉਹ ਤੁਹਾਨੂੰ ਇਹ ਕਰਨ ਦੀ ਤਾਕਤ ਜ਼ਰੂਰ ਬਖ਼ਸ਼ੇਗਾ। ਪਰ ਇਸ ਲਈ ਤੁਹਾਨੂੰ ਦੁਆ ਕਰਨੀ ਪਵੇਗੀ। (ਲੂਕਾ 11:13) ਰੱਬ ਦੇ ਸਹਾਰੇ ਤੁਸੀਂ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹੋ ਕਿਉਂਕਿ ਉਹ ਤੁਹਾਨੂੰ ਸਹੀ ਰਾਹ ਤੇ ਤੁਰਦੇ ਰਹਿਣ ਲਈ ਬਲ ਦੇਵੇਗਾ।—ਫ਼ਿਲਿੱਪੀਆਂ 4:13. (w08 5/1)
[ਸਫ਼ਾ 7 ਸੁਰਖੀ]
ਰੱਬ ਦੇ ਸਹਾਰੇ ਤੁਸੀਂ ਸਹੀ ਰਾਹ ਤੇ ਤੁਰਦੇ ਰਹਿ ਸਕਦੇ ਹੋ
[ਸਫ਼ਾ 7 ਉੱਤੇ ਤਸਵੀਰਾਂ]
ਉੱਪਰ ਖੱਬਿਓਂ ਸੱਜੇ: ਵਰਲਪੂਲ ਗਲੈਕਸੀ, ਪਲੇਡੀਅਸ ਤਾਰਾ-ਝੁੰਡ, ਓਰਾਅਨ ਨੈਬੂਲਾ, ਐਂਡਰੋਮੀਡਾ ਗਲੈਕਸੀ
[ਸਫ਼ਾ 7 ਉੱਤੇ ਤਸਵੀਰਾਂ]
ਸੂਰਜ ਦਾ ਪੁੰਜ ਧਰਤੀ ਦੇ ਪੁੰਜ ਨਾਲੋਂ 3,30,000 ਗੁਣਾ ਜ਼ਿਆਦਾ ਹੈ
[ਸਫ਼ਾ 7 ਉੱਤੇ ਤਸਵੀਰਾਂ ਦੀਆਂ ਕ੍ਰੈਡਿਟ ਲਾਈਨਾਂ]
Pleiades: NASA, ESA and AURA/Caltech; all others above: National Optical Astronomy Observatories