ਸਦਾ ਦੀ ਜ਼ਿੰਦਗੀ ਪਾਉਣ ਵਾਸਤੇ ਤੁਸੀਂ ਕਿਹੜੀਆਂ ਕੁਰਬਾਨੀਆਂ ਕਰੋਗੇ?
“ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?”—ਮੱਤੀ 16:26.
1. ਯਿਸੂ ਨੇ ਪਤਰਸ ਨੂੰ ਕਿਉਂ ਝਿੜਕਿਆ ਸੀ?
ਪਤਰਸ ਰਸੂਲ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਹੀ ਨਹੀਂ ਹੋਇਆ। ਉਸ ਦੇ ਆਗੂ ਯਿਸੂ ਮਸੀਹ ਨੇ ਸਾਫ਼-ਸਾਫ਼ ਦੱਸਿਆ ਕਿ ਉਹ ਬਹੁਤ ਸਾਰੇ ਦੁੱਖ ਝੱਲੇਗਾ ਤੇ ਮਾਰਿਆ ਜਾਵੇਗਾ! ਪਤਰਸ ਨੇ ਯਿਸੂ ਦਾ ਭਲਾ ਸੋਚਦੇ ਹੋਏ ਉਸ ਨੂੰ ਕਿਹਾ: “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!” ਯਿਸੂ ਨੇ ਪਤਰਸ ਵੱਲ ਪਿੱਠ ਕਰ ਕੇ ਹੋਰਨਾਂ ਚੇਲਿਆਂ ਵੱਲ ਦੇਖਿਆ। ਸ਼ਾਇਦ ਉਹ ਵੀ ਪਤਰਸ ਵਾਂਗ ਸੋਚਦੇ ਸਨ। ਫਿਰ ਉਸ ਨੇ ਪਤਰਸ ਨੂੰ ਕਿਹਾ: “ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।”—ਮਰ. 8:32, 33; ਮੱਤੀ 16:21-23.
2. ਯਿਸੂ ਦੇ ਚੇਲੇ ਬਣਨ ਲਈ ਕੀ-ਕੀ ਕਰਨ ਦੀ ਲੋੜ ਹੈ?
2 ਯਿਸੂ ਨੇ ਅੱਗੇ ਜੋ ਸ਼ਬਦ ਕਹੇ, ਉਨ੍ਹਾਂ ਤੋਂ ਪਤਰਸ ਨੂੰ ਪਤਾ ਲੱਗਾ ਕਿ ਯਿਸੂ ਨੇ ਉਸ ਨੂੰ ਕਿਉਂ ਝਿੜਕਿਆ ਸੀ। ‘ਯਿਸੂ ਨੇ ਭੀੜ ਨੂੰ ਆਪਣੇ ਚੇਲਿਆਂ ਸਣੇ ਕੋਲ ਸੱਦਿਆ’ ਅਤੇ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਅਤੇ ਇੰਜੀਲ ਦੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਬਚਾਵੇਗਾ।” (ਮਰ. 8:34, 35) ਯਿਸੂ ਨਾ ਸਿਰਫ਼ ਆਪਣੀ ਜਾਨ ਕੁਰਬਾਨ ਕਰਨ ਵਾਲਾ ਸੀ, ਸਗੋਂ ਚਾਹੁੰਦਾ ਸੀ ਕਿ ਉਸ ਦੇ ਪਿੱਛੇ ਚੱਲਣ ਵਾਲੇ ਵੀ ਪਰਮੇਸ਼ੁਰ ਦੀ ਸੇਵਾ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਰਹਿਣ। ਜੇ ਉਹ ਇਸ ਤਰ੍ਹਾਂ ਕਰਦੇ, ਤਾਂ ਉਨ੍ਹਾਂ ਨੂੰ ਢੇਰ ਸਾਰੀਆਂ ਬਰਕਤਾਂ ਮਿਲਣੀਆਂ ਸਨ।—ਮੱਤੀ 16:27 ਪੜ੍ਹੋ।
3. (ੳ) ਯਿਸੂ ਨੇ ਆਪਣੇ ਸੁਣਨ ਵਾਲਿਆਂ ਤੋਂ ਕਿਹੜੇ ਸਵਾਲ ਪੁੱਛੇ ਸਨ? (ਅ) ਯਿਸੂ ਦੇ ਦੂਜੇ ਸਵਾਲ ਤੋਂ ਲੋਕਾਂ ਨੂੰ ਸ਼ਾਇਦ ਕਿਹੜੀ ਗੱਲ ਚੇਤੇ ਆਈ ਹੋਵੇ?
3 ਉਸੇ ਮੌਕੇ ʼਤੇ ਯਿਸੂ ਨੇ ਦੋ ਦਿਲਚਸਪ ਸਵਾਲ ਪੁੱਛੇ: “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ?” ਅਤੇ “ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ?” (ਮਰ. 8:36, 37) ਜਵਾਬ ਸਾਫ਼ ਹੈ। ਜੇ ਇਨਸਾਨ ਸਾਰੀ ਦੁਨੀਆਂ ਨੂੰ ਪਾ ਲਵੇ, ਪਰ ਆਪਣੀ ਜਾਨ ਗੁਆ ਬੈਠੇ, ਤਾਂ ਇਸ ਦਾ ਉਸ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਇਨਸਾਨ ਚੀਜ਼ਾਂ ਦਾ ਆਨੰਦ ਤਾਂ ਹੀ ਲੈ ਸਕਦਾ ਹੈ ਜੇ ਉਹ ਜੀਉਂਦਾ ਹੈ। ਯਿਸੂ ਦਾ ਦੂਜਾ ਸਵਾਲ ਹੈ: “ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ?” ਇਹ ਸਵਾਲ ਸੁਣ ਕੇ ਸ਼ਾਇਦ ਲੋਕਾਂ ਦੇ ਮਨਾਂ ਵਿਚ ਅੱਯੂਬ ਉੱਤੇ ਲਾਇਆ ਸ਼ਤਾਨ ਦਾ ਇਹ ਇਲਜ਼ਾਮ ਚੇਤੇ ਆਇਆ ਹੋਵੇ: “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂ. 2:4) ਸ਼ਤਾਨ ਦੇ ਇਹ ਲਫ਼ਜ਼ ਸ਼ਾਇਦ ਉਨ੍ਹਾਂ ਉੱਤੇ ਢੁਕਦੇ ਹਨ ਜੋ ਯਹੋਵਾਹ ਦੀ ਪੂਜਾ ਨਹੀਂ ਕਰਦੇ। ਕਈ ਆਪਣੀ ਜਾਨ ਦੇ ਬਦਲੇ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਤੇ ਕਿਸੇ ਵੀ ਅਸੂਲ ਦੀ ਕੋਈ ਪਰਵਾਹ ਨਹੀਂ ਕਰਦੇ। ਪਰ ਯਹੋਵਾਹ ਦੇ ਭਗਤ ਇੱਦਾਂ ਨਹੀਂ ਕਰਦੇ।
4. ਮਸੀਹੀਆਂ ਲਈ ਯਿਸੂ ਦੇ ਸਵਾਲ ਕੀ ਅਰਥ ਰੱਖਦੇ ਹਨ?
4 ਸਾਨੂੰ ਪਤਾ ਹੈ ਕਿ ਯਿਸੂ ਸਾਨੂੰ ਇਸ ਦੁਨੀਆਂ ਵਿਚ ਚੰਗੀ ਸਿਹਤ, ਧਨ-ਦੌਲਤ ਤੇ ਲੰਬੀ ਉਮਰ ਦੇਣ ਲਈ ਨਹੀਂ ਆਇਆ ਸੀ। ਉਹ ਸਾਨੂੰ ਨਵੀਂ ਦੁਨੀਆਂ ਵਿਚ ਸਦਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦੇਣ ਆਇਆ ਸੀ ਜਿਸ ਦੀ ਅਸੀਂ ਬਹੁਤ ਕਦਰ ਕਰਦੇ ਹਾਂ। (ਯੂਹੰ. 3:16) ਯਿਸੂ ਦੇ ਪਹਿਲੇ ਸਵਾਲ ਦਾ ਮਤਲਬ ਮਸੀਹੀ ਇਸ ਤਰ੍ਹਾਂ ਸਮਝਣਗੇ ਕਿ “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਗੁਆ ਬੈਠੇ?” ਕੋਈ ਲਾਭ ਨਹੀਂ ਹੋਵੇਗਾ। (1 ਯੂਹੰ. 2:15-17) ਯਿਸੂ ਦੇ ਦੂਜੇ ਸਵਾਲ ਦਾ ਜਵਾਬ ਪਾਉਣ ਲਈ ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ, ‘ਨਵੀਂ ਦੁਨੀਆਂ ਵਿਚ ਜ਼ਿੰਦਗੀ ਪਾਉਣ ਲਈ ਮੈਂ ਹੁਣ ਕੀ ਕੁਝ ਕੁਰਬਾਨ ਕਰਨ ਲਈ ਤਿਆਰ ਹਾਂ?’ ਇਸ ਸਵਾਲ ਦਾ ਜਵਾਬ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਅਸੀਂ ਹੁਣ ਕਿਹੋ ਜਿਹੀ ਜ਼ਿੰਦਗੀ ਜੀਉਂਦੇ ਹਾਂ।—ਹੋਰ ਜਾਣਕਾਰੀ ਲਈ ਯੂਹੰਨਾ 12:25 ਦੇਖੋ।
5. ਅਸੀਂ ਸਦਾ ਦੀ ਜ਼ਿੰਦਗੀ ਕਿਵੇਂ ਪਾ ਸਕਦੇ ਹਾਂ?
5 ਬੇਸ਼ੱਕ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਆਪਣੇ ਜਤਨਾਂ ਸਦਕਾ ਪਾ ਸਕਦੇ ਹਾਂ। ਇਸ ਦੁਨੀਆਂ ਵਿਚ ਸਾਡੀ ਛੋਟੀ ਜਿਹੀ ਜ਼ਿੰਦਗੀ ਵੀ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ। ਅਸੀਂ ਇਸ ਨੂੰ ਨਾ ਤਾਂ ਖ਼ਰੀਦ ਸਕਦੇ ਹਾਂ ਤੇ ਨਾ ਹੀ ਇਸ ਦੇ ਹੱਕਦਾਰ ਹਾਂ। ਅਸੀਂ ਸਿਰਫ਼ ਇੱਕੋ ਤਰੀਕੇ ਨਾਲ ਸਦਾ ਦੀ ਜ਼ਿੰਦਗੀ ਪਾ ਸਕਦੇ ਹਾਂ। ਉਹ ਹੈ “ਮਸੀਹ ਯਿਸੂ ਉੱਤੇ ਨਿਹਚਾ” ਕਰਨ ਦੇ ਨਾਲ-ਨਾਲ ਯਹੋਵਾਹ ਉੱਤੇ ਨਿਹਚਾ ਕਰਨੀ ਜੋ “ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।” (ਗਲਾ. 2:16; ਇਬ. 11:6) ਨਾਲੇ ਅਸੀਂ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ ਕਿਉਂਕਿ “ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।” (ਯਾਕੂ. 2:26) ਜਦੋਂ ਅਸੀਂ ਯਿਸੂ ਦੇ ਦੂਜੇ ਸਵਾਲ ʼਤੇ ਹੋਰ ਮਨਨ ਕਰਦੇ ਹਾਂ, ਤਾਂ ਸਾਨੂੰ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਦੁਨੀਆਂ ਵਿਚ ਕੀ ਕੁਝ ਤਿਆਗ ਸਕਦੇ ਹਾਂ ਅਤੇ ਯਹੋਵਾਹ ਦੀ ਸੇਵਾ ਵਿਚ ਕੀ ਕੁਝ ਕਰ ਸਕਦੇ ਹਾਂ। ਇਸ ਤੋਂ ਪਤਾ ਲੱਗੇਗਾ ਕਿ ਸਾਡੀ ਨਿਹਚਾ ਕਿੰਨੀ ਕੁ ਤਕੜੀ ਹੈ।
“ਮਸੀਹ ਨੇ ਆਪਣੇ ਹੀ ਭਲੇ ਬਾਰੇ ਨਹੀਂ ਸੋਚਿਆ”
6. ਯਿਸੂ ਨੇ ਕਿਹੜੀ ਚੀਜ਼ ਨੂੰ ਪਹਿਲ ਦਿੱਤੀ?
6 ਯਿਸੂ ਨੇ ਆਪਣਾ ਧਿਆਨ ਦੁਨੀਆਂ ਦੀਆਂ ਚੀਜ਼ਾਂ ਉੱਤੇ ਨਹੀਂ ਸੀ ਲਾਇਆ, ਸਗੋਂ ਹੋਰ ਜ਼ਰੂਰੀ ਗੱਲਾਂ ਉੱਤੇ ਲਾਇਆ। ਉਹ ਧਨ-ਦੌਲਤ ਇਕੱਠਾ ਕਰਨ ਦੇ ਪਰਤਾਵੇ ਵਿਚ ਨਹੀਂ ਪਿਆ, ਸਗੋਂ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਦੇ ਲੇਖੇ ਲਾ ਦਿੱਤੀ ਸੀ। ਆਪਣੇ ਆਪ ਨੂੰ ਖ਼ੁਸ਼ ਕਰਨ ਦੀ ਬਜਾਇ ਉਸ ਨੇ ਕਿਹਾ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।” (ਯੂਹੰ. 8:29) ਪਰਮੇਸ਼ੁਰ ਵਾਸਤੇ ਉਹ ਕੀ ਕੁਝ ਕਰਨ ਲਈ ਤਿਆਰ ਸੀ?
7, 8. (ੳ) ਯਿਸੂ ਨੇ ਕਿਹੜੀ ਕੁਰਬਾਨੀ ਕੀਤੀ ਅਤੇ ਉਸ ਨੂੰ ਕੀ ਇਨਾਮ ਮਿਲਿਆ? (ਅ) ਸਾਨੂੰ ਆਪਣੇ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?
7 ਇਕ ਮੌਕੇ ʼਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28) ਪਹਿਲਾਂ ਵੀ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਹ ‘ਆਪਣੀ ਜਾਨ ਦੇ ਦੇਵੇਗਾ,’ ਤਾਂ ਪਤਰਸ ਨੇ ਉਸ ਨੂੰ ਕਿਹਾ ਸੀ ਕਿ ਉਹ ਇੱਦਾਂ ਨਾ ਕਰੇ। ਪਰ ਯਿਸੂ ਉਸ ਦੀਆਂ ਗੱਲਾਂ ਵਿਚ ਨਹੀਂ ਆਇਆ। ਉਸ ਨੇ ਇਨਸਾਨਾਂ ਲਈ ਆਪਣਾ ਮੁਕੰਮਲ ਜੀਵਨ ਵਾਰ ਦਿੱਤਾ। ਇਹ ਉਸ ਨੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਲਈ ਕੀਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਭਵਿੱਖ ਵਿਚ ਉਸ ਨੂੰ ਕੀ ਇਨਾਮ ਮਿਲੇਗਾ। ਉਸ ਨੂੰ ਯਹੋਵਾਹ ਨੇ ਜੀ ਉਠਾਇਆ ਤੇ ‘ਆਪਣੇ ਸੱਜੇ ਹੱਥ ਕੋਲ ਉਸ ਨੂੰ ਅੱਤ ਉੱਚਾ ਕੀਤਾ।’ (ਰਸੂ. 2:32, 33) ਇਸ ਤਰ੍ਹਾਂ ਯਿਸੂ ਨੇ ਸਾਡੇ ਲਈ ਬਿਹਤਰੀਨ ਮਿਸਾਲ ਕਾਇਮ ਕੀਤੀ।
8 ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਨਸੀਹਤ ਦਿੱਤੀ ਸੀ ਕਿ ‘ਉਹ ਕੇਵਲ ਆਪਣੇ ਭਲੇ ਬਾਰੇ ਨਾ ਸੋਚਣ’ ਅਤੇ ਉਨ੍ਹਾਂ ਨੂੰ ਚੇਤੇ ਕਰਾਇਆ ਕਿ “ਮਸੀਹ ਨੇ ਵੀ ਆਪਣੇ ਹੀ ਭਲੇ ਬਾਰੇ ਨਾ ਸੋਚਿਆ।” (ਰੋਮੀ. 15:1-3, CL) ਤਾਂ ਫਿਰ ਅਸੀਂ ਰਸੂਲਾਂ ਦੀ ਸਲਾਹ ਨੂੰ ਕਿਸ ਹੱਦ ਤਕ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ ਤਾਂਕਿ ਅਸੀਂ ਮਸੀਹ ਦੇ ਨਕਸ਼ੇ-ਕਦਮਾਂ ʼਤੇ ਚੱਲ ਸਕੀਏ?
ਯਹੋਵਾਹ ਨੂੰ ਵਧੀਆ ਬਲੀਦਾਨ ਚੜ੍ਹਾਓ
9. ਜਦ ਇਕ ਮਸੀਹੀ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪਦਾ ਹੈ, ਤਾਂ ਉਹ ਅਸਲ ਵਿਚ ਕੀ ਕਰਦਾ ਹੈ?
9 ਪ੍ਰਾਚੀਨ ਇਸਰਾਏਲ ਵਿਚ ਮੂਸਾ ਦੀ ਬਿਵਸਥਾ ਅਨੁਸਾਰ ਇਬਰਾਨੀ ਗ਼ੁਲਾਮ ਨੂੰ ਉਸ ਦੀ ਗ਼ੁਲਾਮੀ ਦੇ ਸੱਤਵੇਂ ਵਰ੍ਹੇ ਜਾਂ ਆਨੰਦ ਦੇ ਵਰ੍ਹੇ ਆਜ਼ਾਦ ਕੀਤਾ ਜਾਂਦਾ ਸੀ। ਪਰ ਉਹ ਚੋਣ ਕਰ ਸਕਦਾ ਸੀ। ਜੇ ਉਹ ਆਪਣੇ ਮਾਲਕ ਨੂੰ ਪਿਆਰ ਕਰਦਾ ਸੀ, ਤਾਂ ਉਹ ਸਾਰੀ ਉਮਰ ਉਸ ਦੇ ਘਰ ਗ਼ੁਲਾਮ ਰਹਿ ਸਕਦਾ ਸੀ। (ਬਿਵਸਥਾ ਸਾਰ 15:12, 16, 17 ਪੜ੍ਹੋ।) ਅਸੀਂ ਵੀ ਆਪਣੀ ਮਰਜ਼ੀ ਨਾਲ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਦੇ ਹਾਂ। ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਬਜਾਇ ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਲਈ ਆਪਣੇ ਗਹਿਰੇ ਪਿਆਰ ਦਾ ਸਬੂਤ ਦਿੰਦੇ ਹਾਂ ਅਤੇ ਹਮੇਸ਼ਾ ਲਈ ਉਸ ਦੀ ਭਗਤੀ ਕਰਨੀ ਚਾਹੁੰਦੇ ਹਾਂ।
10. ਅਸੀਂ ਯਹੋਵਾਹ ਦੀ ਅਮਾਨਤ ਕਿਵੇਂ ਹਾਂ ਅਤੇ ਇਸ ਦਾ ਸਾਡੀ ਸੋਚ ਅਤੇ ਕੰਮਾਂ ʼਤੇ ਕੀ ਅਸਰ ਪੈਣਾ ਚਾਹੀਦਾ ਹੈ?
10 ਜੇ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੇ ਹੋ, ਪ੍ਰਚਾਰ ਕਰਦੇ ਹੋ ਅਤੇ ਮੀਟਿੰਗਾਂ ਵਿਚ ਆਉਂਦੇ ਹੋ, ਤਾਂ ਤੁਸੀਂ ਤਾਰੀਫ਼ ਦੇ ਕਾਬਲ ਹੋ। ਸਾਨੂੰ ਉਮੀਦ ਹੈ ਕਿ ਤੁਸੀਂ ਜਲਦੀ ਹੀ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰੋਗੇ ਅਤੇ ਉਹ ਸਵਾਲ ਪੁੱਛੋਗੇ ਜੋ ਹਬਸ਼ੀ ਖੋਜੇ ਨੇ ਫ਼ਿਲਿੱਪੁਸ ਨੂੰ ਪੁੱਛਿਆ ਸੀ: “ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” (ਰਸੂ. 8:35, 36) ਯਹੋਵਾਹ ਨਾਲ ਤੁਹਾਡਾ ਨਾਤਾ ਉਨ੍ਹਾਂ ਮਸੀਹੀਆਂ ਵਰਗਾ ਹੋਵੇਗਾ ਜਿਨ੍ਹਾਂ ਨੂੰ ਪੌਲੁਸ ਨੇ ਲਿਖਿਆ: ‘ਤੁਸੀਂ ਆਪਣੇ ਆਪ ਦੇ ਨਹੀਂ ਹੋ। ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ।’ (1 ਕੁਰਿੰ. 6:19, 20) ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ, ਇਸ ਲਈ ਉਹੀ ਸਾਡਾ ਮਾਲਕ ਹੈ ਭਾਵੇਂ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ਉੱਤੇ ਰਹਿਣ ਦੀ ਹੋਵੇ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਸੁਆਰਥੀ ਇੱਛਾਵਾਂ ਨੂੰ ਦਬਾ ਦੇਈਏ ਤੇ ‘ਮਨੁੱਖਾਂ ਦੇ ਗੁਲਾਮ ਨਾ ਬਣੀਏ’! (1 ਕੁਰਿੰ. 7:23) ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨਾ ਸਾਡੇ ਲਈ ਕਿੰਨੀ ਮਾਣ ਦੀ ਗੱਲ ਹੈ! ਉਹ ਜਿਵੇਂ ਚਾਹੇ ਸਾਨੂੰ ਵਰਤ ਸਕਦਾ ਹੈ।
11. ਮਸੀਹੀਆਂ ਨੂੰ ਕਿਹੜਾ ਬਲੀਦਾਨ ਦੇਣ ਲਈ ਕਿਹਾ ਗਿਆ ਹੈ? ਇਸ ਬਲੀਦਾਨ ਦਾ ਕੀ ਮਤਲਬ ਹੈ ਜਿਵੇਂ ਮੂਸਾ ਦੀ ਬਿਵਸਥਾ ਅਨੁਸਾਰ ਚੜ੍ਹਾਏ ਜਾਂਦੇ ਬਲੀਦਾਨਾਂ ਦੀ ਮਿਸਾਲ ਦੇ ਕੇ ਸਮਝਾਇਆ ਗਿਆ ਹੈ?
11 ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਕਿਹਾ: “ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ।” (ਰੋਮੀ. 12:1) ਇਨ੍ਹਾਂ ਸ਼ਬਦਾਂ ਨੇ ਮਸੀਹੀ ਬਣੇ ਯਹੂਦੀਆਂ ਨੂੰ ਉਨ੍ਹਾਂ ਬਲੀਆਂ ਬਾਰੇ ਯਾਦ ਕਰਾਇਆ ਹੋਵੇਗਾ ਜੋ ਉਹ ਯਿਸੂ ਦੇ ਚੇਲੇ ਬਣਨ ਤੋਂ ਪਹਿਲਾਂ ਚੜ੍ਹਾਉਂਦੇ ਹੁੰਦੇ ਸਨ। ਮੂਸਾ ਦੀ ਬਿਵਸਥਾ ਅਨੁਸਾਰ ਉਨ੍ਹਾਂ ਨੇ ਯਹੋਵਾਹ ਦੀ ਜਗਵੇਦੀ ਉੱਤੇ ਵਧੀਆ ਤੋਂ ਵਧੀਆ ਜਾਨਵਰਾਂ ਦੀ ਬਲੀ ਚੜ੍ਹਾਉਣੀ ਸੀ। ਕੋਈ ਵੀ ਘਟੀਆ ਬਲੀ ਯਹੋਵਾਹ ਨੂੰ ਨਾਮਨਜ਼ੂਰ ਸੀ। (ਮਲਾ. 1:8, 13) ਅਸੀਂ ਵੀ ਆਪਣੇ ਆਪ ਨੂੰ ‘ਜੀਉਂਦਾ ਬਲੀਦਾਨ’ ਕਰਕੇ ਚੜ੍ਹਾਉਂਦੇ ਹਾਂ ਜਦੋਂ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣਾ ਤਨ-ਮਨ ਲਾਉਂਦੇ ਹਾਂ। ਅਸੀਂ ਯਹੋਵਾਹ ਨੂੰ ਉਹ ਬਚਿਆ-ਖੁਚਿਆ ਸਮਾਂ ਨਹੀਂ ਦਿੰਦੇ ਜੋ ਆਪਣੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਕਰਨ ਤੋਂ ਬਾਅਦ ਸਾਡੇ ਕੋਲ ਬਚ ਜਾਂਦਾ ਹੈ। ਜਦੋਂ ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸੌਂਪਦੇ ਹਾਂ, ਤਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣੀ ਤਾਕਤ, ਚੀਜ਼ਾਂ ਅਤੇ ਕਾਬਲੀਅਤਾਂ ਵਰਤਦੇ ਹਾਂ। (ਕੁਲੁ. 3:23) ਅਸੀਂ ਇਨ੍ਹਾਂ ਨੂੰ ਕਿਵੇਂ ਵਰਤ ਸਕਦੇ ਹਾਂ?
ਸੋਚ-ਸਮਝ ਕੇ ਆਪਣਾ ਸਮਾਂ ਵਰਤੋ
12, 13. ਯਹੋਵਾਹ ਨੂੰ ਵਧੀਆ ਬਲੀਦਾਨ ਚੜ੍ਹਾਉਣ ਦਾ ਇਕ ਤਰੀਕਾ ਕੀ ਹੈ?
12 ਯਹੋਵਾਹ ਨੂੰ ਵਧੀਆ ਬਲੀਦਾਨ ਚੜ੍ਹਾਉਣ ਦਾ ਇਕ ਤਰੀਕਾ ਹੈ ਆਪਣੇ ਸਮੇਂ ਨੂੰ ਸੋਚ-ਸਮਝ ਕੇ ਵਰਤਣਾ। (ਅਫ਼ਸੀਆਂ 5:15, 16 ਪੜ੍ਹੋ।) ਇੱਦਾਂ ਕਰਨਾ ਸੌਖਾ ਨਹੀਂ ਹੈ। ਦੁਨੀਆਂ ਦੇ ਅਸਰਾਂ ਦੇ ਨਾਲ-ਨਾਲ ਸਾਡੀ ਨਾਮੁਕੰਮਲਤਾ ਕਰਕੇ ਅਕਸਰ ਸਾਡਾ ਸਮਾਂ ਮਨੋਰੰਜਨ ਕਰਨ ਜਾਂ ਆਪਣੇ ਫ਼ਾਇਦੇ ਦੇ ਕੰਮਾਂ ਵਿਚ ਲੱਗ ਜਾਂਦਾ ਹੈ। ਮੰਨਿਆ ਕਿ “ਹਰੇਕ ਕੰਮ ਦਾ ਇੱਕ ਸਮਾ ਹੈ” ਜਿਸ ਵਿਚ ਮਨੋਰੰਜਨ ਕਰਨ ਅਤੇ ਗੁਜ਼ਾਰਾ ਤੋਰਨ ਲਈ ਕੰਮ ਵਗੈਰਾ ਕਰਨਾ ਸ਼ਾਮਲ ਹੈ। (ਉਪ. 3:1) ਪਰ ਮਸੀਹੀਆਂ ਨੂੰ ਇਨ੍ਹਾਂ ਕੰਮਾਂ ਵਿਚ ਹੱਦੋਂ ਵੱਧ ਆਪਣਾ ਸਮਾਂ ਨਹੀਂ ਲਾਉਣਾ ਚਾਹੀਦਾ।
13 ਜਦੋਂ ਪੌਲੁਸ ਅਥੇਨੈ ਵਿਚ ਸੀ, ਤਾਂ ਉਸ ਨੇ ਦੇਖਿਆ ਕਿ “ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ ਨਵੀਆਂ ਨਵੀਆਂ ਗੱਲਾਂ ਸੁਣਨ ਅਥਵਾ ਸੁਣਾਉਣ ਤੋਂ ਬਿਨਾ ਆਪਣਾ ਵੇਲਾ ਹੋਰ ਕਿਸੇ ਕੰਮ ਵਿੱਚ ਨਹੀਂ ਕੱਟਦੇ ਸਨ।” (ਰਸੂ. 17:21) ਅੱਜ ਵੀ ਕਈ ਆਪਣਾ ਕੀਮਤੀ ਸਮਾਂ ਬਰਬਾਦ ਕਰ ਦਿੰਦੇ ਹਨ। ਉਹ ਟੀ. ਵੀ. ਦੇਖਣ, ਵਿਡਿਓ ਗੇਮਾਂ ਖੇਡਣ ਅਤੇ ਇੰਟਰਨੈੱਟ ʼਤੇ ਆਪਣਾ ਸਮਾਂ ਜਾਇਆ ਕਰਦੇ ਹਨ। ਹੋਰ ਵੀ ਬੇਸ਼ੁਮਾਰ ਚੀਜ਼ਾਂ ਸਾਡਾ ਧਿਆਨ ਖਿੱਚਦੀਆਂ ਹਨ। ਜੇ ਅਸੀਂ ਇਨ੍ਹਾਂ ਚੀਜ਼ਾਂ ਵਿਚ ਫਸ ਗਏ, ਤਾਂ ਸਾਡੇ ਕੋਲ ਪਰਮੇਸ਼ੁਰ ਲਈ ਕੋਈ ਸਮਾਂ ਨਹੀਂ ਬਚੇਗਾ। ਅਸੀਂ ਸ਼ਾਇਦ ਸੋਚੀਏ ਕਿ ਅਸੀਂ ਆਪਣੇ ਕੰਮਾਂ ਵਿਚ ਇੰਨੇ ਰੁੱਝੇ ਹੋਏ ਹਾਂ ਕਿ ਸਾਡੇ ਕੋਲ “ਚੰਗ ਚੰਗੇਰੀਆਂ ਗੱਲਾਂ” ਯਾਨੀ ਪਰਮੇਸ਼ੁਰ ਦੇ ਕੰਮਾਂ ਲਈ ਸਮਾਂ ਨਹੀਂ ਹੈ।—ਫ਼ਿਲਿ. 1:9, 10.
14. ਸਾਨੂੰ ਕਿਹੜੇ ਸਵਾਲਾਂ ਉੱਤੇ ਗੌਰ ਕਰਨਾ ਚਾਹੀਦਾ ਹੈ?
14 ਯਹੋਵਾਹ ਦੇ ਭਗਤ ਹੋਣ ਦੇ ਨਾਤੇ, ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਰੋਜ਼ ਬਾਈਬਲ ਪੜ੍ਹਨ ਅਤੇ ਮਨਨ ਕਰਨ ਅਤੇ ਪ੍ਰਾਰਥਨਾ ਕਰਨ ਲਈ ਸਮਾਂ ਕੱਢਦਾ ਹਾਂ?’ (ਜ਼ਬੂ. 77:12; 119:97; 1 ਥੱਸ. 5:17) ‘ਕੀ ਮੈਂ ਮੀਟਿੰਗਾਂ ਦੀ ਤਿਆਰੀ ਕਰਨ ਲਈ ਸਮਾਂ ਕੱਢਦਾ ਹਾਂ? ਕੀ ਮੈਂ ਮੀਟਿੰਗਾਂ ਵਿਚ ਟਿੱਪਣੀਆਂ ਕਰ ਕੇ ਦੂਜਿਆਂ ਦਾ ਹੌਸਲਾ ਵਧਾਉਂਦਾ ਹਾਂ?’ (ਜ਼ਬੂ. 122:1; ਇਬ. 2:12) ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਪੌਲੁਸ ਅਤੇ ਬਰਨਬਾਸ ‘ਬਹੁਤ ਦਿਨ ਪ੍ਰਭੁ ਦੇ ਆਸਰੇ ਬੇਧੜਕ ਉਪਦੇਸ਼ ਕਰਦੇ ਰਹੇ।’ (ਰਸੂ. 14:3) ਕੀ ਤੁਸੀਂ ਵੀ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕਰ ਕੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਾ ਸਕਦੇ ਹੋ ਜਾਂ ਸ਼ਾਇਦ ਪਾਇਨੀਅਰ ਬਣ ਸਕਦੇ ਹੋ?—ਇਬਰਾਨੀਆਂ 13:15 ਪੜ੍ਹੋ।
15. ਬਜ਼ੁਰਗ ਆਪਣੇ ਸਮੇਂ ਦੀ ਚੰਗੀ ਵਰਤੋਂ ਕਿਵੇਂ ਕਰਦੇ ਹਨ?
15 ਜਦੋਂ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਦੀ ਕਲੀਸਿਯਾ ਵਿਚ ਗਏ ਸਨ, ਤਾਂ ਉਹ “ਚੇਲਿਆਂ ਦੇ ਨਾਲ ਬਹੁਤ ਚਿਰ ਠਹਿਰੇ” ਤਾਂਕਿ ਉਹ ਉਨ੍ਹਾਂ ਨੂੰ ਤਕੜਿਆਂ ਕਰ ਸਕਣ। (ਰਸੂ. 14:28) ਅੱਜ ਵੀ ਬਜ਼ੁਰਗ ਦੂਜਿਆਂ ਦਾ ਹੌਸਲਾ ਵਧਾਉਣ ਲਈ ਕਾਫ਼ੀ ਸਮਾਂ ਕੱਢਦੇ ਹਨ। ਪ੍ਰਚਾਰ ਕਰਨ ਤੋਂ ਇਲਾਵਾ, ਉਹ ਕਲੀਸਿਯਾ ਦੀ ਅਗਵਾਈ ਕਰਨ, ਯਹੋਵਾਹ ਤੋਂ ਦੂਰ ਹੋ ਚੁੱਕੇ ਭੈਣ-ਭਰਾਵਾਂ ਨੂੰ ਵਾਪਸ ਲਿਆਉਣ, ਬੀਮਾਰਾਂ ਦੀ ਮਦਦ ਕਰਨ ਅਤੇ ਕਲੀਸਿਯਾ ਦੀਆਂ ਹੋਰ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਸਮਾਂ ਕੱਢਦੇ ਹਨ। ਭਰਾਵੋ, ਜੇ ਤੁਸੀਂ ਬਪਤਿਸਮਾ ਲਿਆ ਹੋਇਆ ਹੈ, ਤਾਂ ਕੀ ਤੁਸੀਂ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਅੱਗੇ ਆ ਸਕਦੇ ਹੋ?
16. ਅਸੀਂ ਕਿਨ੍ਹਾਂ ਤਰੀਕਿਆਂ ਨਾਲ ‘ਨਿਹਚਾਵਾਨਾਂ ਦਾ ਭਲਾ’ ਕਰ ਸਕਦੇ ਹਾਂ?
16 ਕਈ ਭੈਣ-ਭਰਾ ਖ਼ੁਸ਼ੀ ਨਾਲ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ ਜੋ ਇਨਸਾਨਾਂ ਦੁਆਰਾ ਲਿਆਂਦੀਆਂ ਤਬਾਹੀਆਂ ਜਾਂ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਏ ਹਨ। ਮਿਸਾਲ ਲਈ, ਬੈਥਲ ਵਿਚ ਕੰਮ ਕਰਦੀ ਇਕ 65 ਕੁ ਸਾਲਾਂ ਦੀ ਭੈਣ ਕਦੇ-ਕਦਾਈਂ ਦੂਰ-ਦੂਰ ਜਾ ਕੇ ਭੈਣਾਂ-ਭਰਾਵਾਂ ਦੀ ਮਦਦ ਕਰਦੀ ਹੈ। ਉਹ ਆਪਣੀਆਂ ਛੁੱਟੀਆਂ ਇਸ ਕੰਮ ਵਿਚ ਕਿਉਂ ਲਾਉਂਦੀ ਹੈ? ਉਹ ਕਹਿੰਦੀ ਹੈ: “ਭਾਵੇਂ ਕਿ ਮੇਰੇ ਕੋਲ ਕੋਈ ਖ਼ਾਸ ਹੁਨਰ ਨਹੀਂ ਹੈ, ਪਰ ਫਿਰ ਵੀ ਮੈਂ ਆਪਣੇ ਭੈਣ-ਭਰਾਵਾਂ ਦੇ ਕੰਮ ਆ ਸਕੀ। ਮੈਨੂੰ ਉਨ੍ਹਾਂ ਭੈਣਾਂ-ਭਰਾਵਾਂ ਦੀ ਤਕੜੀ ਨਿਹਚਾ ਦੇਖ ਕੇ ਬਹੁਤ ਹੌਸਲਾ ਮਿਲਿਆ ਜਿਨ੍ਹਾਂ ਦਾ ਸਾਰਾ ਕੁਝ ਨੁਕਸਾਨਿਆ ਗਿਆ।” ਇਸ ਤੋਂ ਇਲਾਵਾ, ਦੁਨੀਆਂ ਭਰ ਵਿਚ ਹਜ਼ਾਰਾਂ ਹੀ ਭੈਣ-ਭਰਾ ਕਿੰਗਡਮ ਹਾਲ ਅਤੇ ਅਸੈਂਬਲੀ ਹਾਲ ਬਣਾਉਣ ਵਿਚ ਮਦਦ ਕਰਦੇ ਹਨ। ਇਨ੍ਹਾਂ ਕੰਮਾਂ ਵਿਚ ਹਿੱਸਾ ਲੈ ਕੇ ਅਸੀਂ ‘ਨਿਹਚਾਵਾਨਾਂ ਦਾ ਭਲਾ ਕਰਦੇ ਹਾਂ।’—ਗਲਾ. 6:10.
“ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ”
17. ਸਦਾ ਦੀ ਜ਼ਿੰਦਗੀ ਪਾਉਣ ਲਈ ਤੁਸੀਂ ਕੀ ਕੁਝ ਕੁਰਬਾਨ ਕਰਨ ਲਈ ਤਿਆਰ ਹੋ?
17 ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਲੋਕਾਂ ਦਾ ਜਲਦੀ ਹੀ ਨਾਸ਼ ਹੋਣ ਵਾਲਾ ਹੈ। ਸਾਨੂੰ ਇਹ ਨਹੀਂ ਪਤਾ ਕਿ ਇਹ ਕਿਸ ਘੜੀ ਹੋਵੇਗਾ। ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ “ਸਮਾ ਘਟਾਇਆ ਗਿਆ ਹੈ” ਅਤੇ “ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” (1 ਕੁਰਿੰਥੀਆਂ 7:29-31 ਪੜ੍ਹੋ।) ਇਹ ਜਾਣਦੇ ਹੋਏ ਸਾਡੇ ਲਈ ਯਿਸੂ ਦੇ ਇਸ ਸਵਾਲ ʼਤੇ ਗੌਰ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ: “ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?” “ਅਸਲ ਜੀਵਨ” ਪਾਉਣ ਲਈ ਅਸੀਂ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਜੋ ਯਹੋਵਾਹ ਸਾਡੇ ਤੋਂ ਚਾਹੁੰਦਾ ਹੈ। (1 ਤਿਮੋ. 6:19) ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਕਹਿਣੇ ਅਨੁਸਾਰ ‘ਉਸ ਦੇ ਪਿੱਛੇ ਚੱਲਦੇ ਰਹੀਏ’ ਅਤੇ ‘ਪਹਿਲਾਂ ਰਾਜ ਨੂੰ ਭਾਲਦੇ ਰਹੀਏ।’—ਮੱਤੀ 6:31-33; 24:13.
18. ਸਾਨੂੰ ਕਿਸ ਗੱਲ ਦਾ ਭਰੋਸਾ ਹੈ ਤੇ ਕਿਉਂ?
18 ਯਿਸੂ ਦੀ ਪੈੜ ʼਤੇ ਚੱਲਣਾ ਹਮੇਸ਼ਾ ਸੌਖਾ ਨਹੀਂ ਹੈ ਕਿਉਂਕਿ ਕਈਆਂ ਨੇ ਇੱਦਾਂ ਕਰਦਿਆਂ ਆਪਣੀ ਜਾਨ ਵੀ ਗੁਆਈ ਹੈ। ਫਿਰ ਵੀ ਅਸੀਂ ਯਿਸੂ ਦੀ ਤਰ੍ਹਾਂ ਆਪਾ ਵਾਰਨ ਲਈ ਤਿਆਰ ਰਹਿੰਦੇ ਹਾਂ। ਸਾਨੂੰ ਵੀ ਇਹੀ ਭਰੋਸਾ ਹੈ ਜੋ ਯਿਸੂ ਨੇ ਪਹਿਲੀ ਸਦੀ ਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਿਵਾਇਆ ਸੀ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:20) ਸੋ ਆਓ ਆਪਾਂ ਯਹੋਵਾਹ ਦੀ ਸੇਵਾ ਵਿਚ ਆਪਣੀ ਤਾਕਤ, ਆਪਣਾ ਸਮਾਂ ਅਤੇ ਕਾਬਲੀਅਤਾਂ ਵਰਤਦੇ ਰਹੀਏ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ ਕਿ ਉਹ ਸਾਨੂੰ ਵੱਡੀ ਬਿਪਤਾ ਵਿੱਚੋਂ ਬਚਾਵੇਗਾ ਜਾਂ ਨਵੀਂ ਦੁਨੀਆਂ ਵਿਚ ਸਾਨੂੰ ਜੀਉਂਦਾ ਕਰੇਗਾ। (ਇਬ. 6:10) ਉਸ ਵੇਲੇ ਅਸੀਂ ਦਿਖਾ ਚੁੱਕੇ ਹੋਵਾਂਗੇ ਕਿ ਅਸੀਂ ਜ਼ਿੰਦਗੀ ਨੂੰ ਅਨਮੋਲ ਸਮਝਦੇ ਹਾਂ।
ਤੁਸੀਂ ਕਿਵੇਂ ਜਵਾਬ ਦਿਓਗੇ?
• ਯਿਸੂ ਨੇ ਪਰਮੇਸ਼ੁਰ ਅਤੇ ਇਨਸਾਨਾਂ ਦੀ ਸੇਵਾ ਕਿਵੇਂ ਕੀਤੀ?
• ਸਾਨੂੰ ਆਪਣੇ ਆਪ ਦਾ ਇਨਕਾਰ ਕਿਉਂ ਕਰਨਾ ਚਾਹੀਦਾ ਹੈ ਤੇ ਕਿਵੇਂ?
• ਪ੍ਰਾਚੀਨ ਇਸਰਾਏਲ ਵਿਚ ਯਹੋਵਾਹ ਨੂੰ ਕਿਹੜੀਆਂ ਬਲੀਆਂ ਮਨਜ਼ੂਰ ਸਨ ਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
• ਅਸੀਂ ਕਿਹੜੇ ਤਰੀਕਿਆਂ ਨਾਲ ਆਪਣੇ ਸਮੇਂ ਨੂੰ ਸੋਚ-ਸਮਝ ਕੇ ਵਰਤ ਸਕਦੇ ਹਾਂ?
[ਸਫ਼ਾ 26 ਉੱਤੇ ਤਸਵੀਰਾਂ]
ਯਿਸੂ ਹਮੇਸ਼ਾ ਉਹੀ ਕਰਦਾ ਸੀ ਜਿਸ ਤੋਂ ਪਰਮੇਸ਼ੁਰ ਖ਼ੁਸ਼ ਸੀ
[ਸਫ਼ਾ 28 ਉੱਤੇ ਤਸਵੀਰ]
ਸ਼ੁਕਰਗੁਜ਼ਾਰ ਇਸਰਾਏਲੀਆਂ ਨੇ ਯਹੋਵਾਹ ਨੂੰ ਸਭ ਤੋਂ ਵਧੀਆ ਬਲੀਦਾਨ ਚੜ੍ਹਾਏ
[ਸਫ਼ਾ 29 ਉੱਤੇ ਤਸਵੀਰਾਂ]
ਸੋਚ-ਸਮਝ ਕੇ ਸਮੇਂ ਨੂੰ ਵਰਤਣ ਨਾਲ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਾਂ