ਪਰਮੇਸ਼ੁਰ ਨੂੰ ਜਾਣੋ
“ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ”
ਲੇਵੀਆਂ 19 ਅਧਿਆਇ
‘ਪਵਿੱਤਰ, ਪਵਿੱਤਰ, ਪਵਿੱਤਰ ਹੈ ਯਹੋਵਾਹ ਪਰਮੇਸ਼ੁਰ।’ (ਪਰਕਾਸ਼ ਦੀ ਪੋਥੀ 4:8) ਇਨ੍ਹਾਂ ਸ਼ਬਦਾਂ ਦਾ ਮਤਲਬ ਹੈ ਕਿ ਯਹੋਵਾਹ ਪਰਮੇਸ਼ੁਰ ਸ਼ੁੱਧ ਅਤੇ ਨਿਹਕਲੰਕ ਹੈ ਤੇ ਉਸ ਜਿੰਨਾ ਪਵਿੱਤਰ ਹੋਰ ਕੋਈ ਨਹੀਂ ਹੈ। ਪਰਮੇਸ਼ੁਰ ਵਿਚ ਨਾ ਤਾਂ ਕੋਈ ਪਾਪ ਹੈ ਤੇ ਨਾ ਹੀ ਉਸ ਉੱਤੇ ਪਾਪ ਦਾ ਦਾਗ਼ ਲੱਗ ਸਕਦਾ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਪਾਪੀ ਇਨਸਾਨਾਂ ਲਈ ਯਹੋਵਾਹ ਨਾਲ ਰਿਸ਼ਤਾ ਜੋੜਨ ਦੀ ਕੋਈ ਉਮੀਦ ਨਹੀਂ? ਨਹੀਂ। ਆਓ ਆਪਾਂ ਲੇਵੀਆਂ ਦੇ 19ਵੇਂ ਅਧਿਆਇ ਤੋਂ ਦੇਖੀਏ ਕਿ ਇਨਸਾਨਾਂ ਲਈ ਕੀ ਉਮੀਦ ਹੈ।
ਯਹੋਵਾਹ ਨੇ ਮੂਸਾ ਨੂੰ ਕਿਹਾ: “ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਐਉਂ ਬੋਲ, ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।” ਮੂਸਾ ਦੇ ਇਹ ਸ਼ਬਦ ਪੂਰੀ ਕੌਮ ਉੱਤੇ ਲਾਗੂ ਹੁੰਦੇ ਸਨ। (ਆਇਤ 2) ਹਰ ਇਸਰਾਏਲੀ ਨੂੰ ਪਵਿੱਤਰ ਹੋਣ ਦੀ ਲੋੜ ਸੀ। ਇਹ ਪਰਮੇਸ਼ੁਰ ਵੱਲੋਂ ਸੁਝਾਅ ਹੀ ਨਹੀਂ, ਸਗੋਂ ਇਕ ਹੁਕਮ ਸੀ। ਪਰ ਕੀ ਪਰਮੇਸ਼ੁਰ ਇਸਰਾਏਲੀਆਂ ਤੋਂ ਅਜਿਹੀ ਮੰਗ ਕਰ ਰਿਹਾ ਸੀ ਜੋ ਉਨ੍ਹਾਂ ਲਈ ਪੂਰੀ ਕਰਨੀ ਨਾਮੁਮਕਿਨ ਸੀ?
ਧਿਆਨ ਦਿਓ ਕਿ ਯਹੋਵਾਹ ਨੇ ਆਪਣੀ ਮਿਸਾਲ ਦੇ ਕੇ ਪਵਿੱਤਰ ਹੋਣ ਦਾ ਹੁਕਮ ਦਿੱਤਾ ਸੀ। ਪਰ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਪਾਪੀ ਇਸਰਾਏਲੀਆਂ ਨੂੰ ਉਸ ਜਿੰਨਾ ਪਵਿੱਤਰ ਹੋਣ ਦੀ ਲੋੜ ਸੀ। ਇਹ ਤਾਂ ਨਾਮੁਮਕਿਨ ਸੀ ਕਿਉਂਕਿ ਯਹੋਵਾਹ ਪਵਿੱਤਰਤਾਈ ਵਿਚ ਸਭ ਤੋਂ ਉੱਤਮ ਹੈ। (ਕਹਾਉਤਾਂ 30:3) ਖ਼ੁਦ ਪਵਿੱਤਰ ਹੋਣ ਕਰਕੇ ਯਹੋਵਾਹ ਪਾਪੀ ਇਨਸਾਨਾਂ ਤੋਂ ਵੀ ਇਹੀ ਉਮੀਦ ਰੱਖਦਾ ਹੈ ਕਿ ਉਹ ਵੀ ਪਵਿੱਤਰ ਹੋਣ ਦੀ ਪੂਰੀ ਕੋਸ਼ਿਸ਼ ਕਰਨ। ਪਰ ਇਸਰਾਏਲੀ ਕਿਵੇਂ ਦਿਖਾ ਸਕਦੇ ਸਨ ਕਿ ਉਹ ਪਵਿੱਤਰ ਸਨ?
ਪਵਿੱਤਰ ਹੋਣ ਦਾ ਹੁਕਮ ਦੇਣ ਤੋਂ ਬਾਅਦ ਯਹੋਵਾਹ ਨੇ ਮੂਸਾ ਰਾਹੀਂ ਹੋਰ ਵੀ ਹੁਕਮ ਦਿੱਤੇ ਜੋ ਇਸਰਾਏਲੀਆਂ ਦੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਲਾਗੂ ਹੁੰਦੇ ਸਨ। ਇਨ੍ਹਾਂ ਵਿੱਚੋਂ ਕੁਝ ਸਨ: ਆਪਣੇ ਮਾਪਿਆਂ ਤੇ ਬਜ਼ੁਰਗਾਂ ਦੀ ਇੱਜ਼ਤ ਕਰਨੀ (ਆਇਤ 3, 32); ਅੰਨ੍ਹਿਆਂ, ਬੋਲਿਆਂ ਤੇ ਗ਼ਰੀਬ ਲੋਕਾਂ ਦੀ ਮਦਦ ਕਰਨੀ (ਆਇਤ 9, 10, 14); ਸੱਚ ਬੋਲਣਾ ਤੇ ਈਮਾਨਦਾਰੀ ਨਾਲ ਪੇਸ਼ ਆਉਣਾ (ਆਇਤ 11-13, 15, 35, 36); ਅਤੇ ਆਪਣੇ ਭਰਾ ਨਾਲ ਆਪਣੇ ਜਿਹਾ ਪਿਆਰ ਕਰਨਾ। (ਆਇਤ 18) ਇਨ੍ਹਾਂ ਤੇ ਹੋਰਨਾਂ ਹੁਕਮਾਂ ਉੱਤੇ ਚੱਲ ਕੇ ਇਸਰਾਏਲੀ “ਆਪਣੇ ਪਰਮੇਸ਼ੁਰ ਲਈ ਪਵਿੱਤ੍ਰ” ਹੋ ਸਕਦੇ ਸਨ।—ਗਿਣਤੀ 15:40.
ਪਵਿੱਤਰ ਹੋਣ ਦੇ ਹੁਕਮ ਤੋਂ ਅਸੀਂ ਯਹੋਵਾਹ ਦੀਆਂ ਸੋਚਾਂ ਤੇ ਉਸ ਦੇ ਕੰਮਾਂ ਬਾਰੇ ਸਿੱਖਦੇ ਹਾਂ। ਇਕ ਗੱਲ ਜੋ ਅਸੀਂ ਸਿੱਖਦੇ ਹਾਂ ਇਹ ਹੈ ਕਿ ਯਹੋਵਾਹ ਨਾਲ ਇਕ ਨਜ਼ਦੀਕ ਰਿਸ਼ਤਾ ਜੋੜਨ ਲਈ ਸਾਨੂੰ ਆਪਣੀ ਪੂਰੀ ਵਾਹ ਲਾ ਕੇ ਉਸ ਦੇ ਪਵਿੱਤਰ ਮਿਆਰਾਂ ਉੱਤੇ ਚੱਲਣਾ ਚਾਹੀਦਾ ਹੈ। (1 ਪਤਰਸ 1:15, 16) ਇਸ ਤਰ੍ਹਾਂ ਯਹੋਵਾਹ ਦਾ ਕਹਿਣਾ ਮੰਨ ਕੇ ਅਸੀਂ ਇਕ ਵਧੀਆ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ।—ਯਸਾਯਾਹ 48:17.
ਪਵਿੱਤਰ ਹੋਣ ਦੇ ਹੁਕਮ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਉੱਤੇ ਭਰੋਸਾ ਰੱਖਦਾ ਹੈ। ਯਹੋਵਾਹ ਸਾਡੇ ਤੋਂ ਉੱਨਾ ਹੀ ਕਰਨ ਦੀ ਉਮੀਦ ਰੱਖਦਾ ਹੈ ਜਿੰਨਾ ਅਸੀਂ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 103:13, 14) ਉਹ ਜਾਣਦਾ ਹੈ ਕਿ ਇਨਸਾਨ ਉਸ ਦੇ ਸਰੂਪ ʼਤੇ ਬਣਾਏ ਗਏ ਹਨ ਅਤੇ ਉਨ੍ਹਾਂ ਵਿਚ ਪਵਿੱਤਰ ਹੋਣ ਦੀ ਕਾਬਲੀਅਤ ਹੈ। (ਉਤਪਤ 1:26) ਇਹ ਸਭ ਕੁਝ ਜਾਣ ਕੇ ਕੀ ਤੁਸੀਂ ਵੀ ਪਵਿੱਤਰ ਪਰਮੇਸ਼ੁਰ ਯਹੋਵਾਹ ਦੇ ਨੇੜੇ ਹੋਣਾ ਚਾਹੁੰਦੇ ਹੋ? (w09 7/1)
[ਸਫ਼ਾ 30 ਉੱਤੇ ਤਸਵੀਰ]
ਸਾਡੇ ਸਾਰਿਆਂ ਵਿਚ ਪਵਿੱਤਰ ਹੋਣ ਦੀ ਕਾਬਲੀਅਤ ਹੈ