ਪਰਮੇਸ਼ੁਰ ਨੂੰ ਜਾਣੋ
“ਯਹੋਵਾਹ ਰਿਦੇ ਨੂੰ ਵੇਖਦਾ ਹੈ”
ਬਾਹਰਲੇ ਰੂਪ ਤੋਂ ਪਤਾ ਨਹੀਂ ਲੱਗਦਾ ਕਿ ਇਨਸਾਨ ਅੰਦਰੋਂ ਕਿਹੋ ਜਿਹਾ ਹੈ। ਆਮ ਕਰਕੇ ਅਸੀਂ ਸਿਰਫ਼ ਕਿਸੇ ਦਾ ਬਾਹਰਲਾ ਰੂਪ ਦੇਖ ਕੇ ਉਸ ਬਾਰੇ ਅੰਦਾਜ਼ਾ ਲਾਉਂਦੇ ਹਾਂ। ਪਰ ਸ਼ੁਕਰ ਹੈ ਕਿ ਯਹੋਵਾਹ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਕਰਦਾ, ਸਗੋਂ ਉਹ ਰਿਦੇ ਯਾਨੀ ਦਿਲ ਨੂੰ ਦੇਖਦਾ ਹੈ। ਇਹ ਗੱਲ 1 ਸਮੂਏਲ 16:1-12 ਤੋਂ ਸਾਫ਼-ਸਾਫ਼ ਦੇਖੀ ਜਾ ਸਕਦੀ ਹੈ।
ਜ਼ਰਾ ਕਲਪਨਾ ਕਰੋ: ਯਹੋਵਾਹ ਇਸਰਾਏਲ ਕੌਮ ਉੱਤੇ ਰਾਜ ਕਰਨ ਲਈ ਨਵਾਂ ਰਾਜਾ ਚੁਣਨ ਵਾਲਾ ਸੀ। ਪਰਮੇਸ਼ੁਰ ਨੇ ਆਪਣੇ ਨਬੀ ਸਮੂਏਲ ਨੂੰ ਕਿਹਾ: “ਮੈਂ ਤੈਨੂੰ ਬੈਤਲਹਮੀ ਯੱਸੀ ਦੇ ਕੋਲ ਘੱਲਦਾ ਹਾਂ ਕਿਉਂ ਜੋ ਉਹ ਦੇ ਪੁੱਤ੍ਰਾਂ ਵਿੱਚੋਂ ਇੱਕ ਨੂੰ ਮੈਂ ਆਪਣੇ ਲਈ ਪਾਤਸ਼ਾਹ ਠਹਿਰਾਇਆ ਹੈ।” (ਆਇਤ 1) ਯਹੋਵਾਹ ਨੇ ਕਿਸੇ ਦਾ ਨਾਂ ਨਹੀਂ ਦਿੱਤਾ, ਪਰ ਉਸ ਨੇ ਸਿਰਫ਼ ਇੰਨਾ ਕਿਹਾ ਕਿ ਚੁਣਿਆ ਹੋਇਆ ਰਾਜਾ ਯੱਸੀ ਦੇ ਪੁੱਤਰਾਂ ਵਿੱਚੋਂ ਹੈ। ਬੈਤਲਹਮ ਜਾਂਦੇ ਹੋਏ ਸ਼ਾਇਦ ਸਮੂਏਲ ਸੋਚਦਾ ਹੋਵੇ, ‘ਮੈਨੂੰ ਕਿੱਦਾਂ ਪਤਾ ਲੱਗੇਗਾ ਕਿ ਯਹੋਵਾਹ ਨੇ ਯੱਸੀ ਦੇ ਕਿਹੜੇ ਪੁੱਤਰ ਨੂੰ ਚੁਣਿਆ ਹੈ?’
ਬੈਤਲਹਮ ਪਹੁੰਚ ਕੇ ਸਮੂਏਲ ਨੇ ਯਹੋਵਾਹ ਨੂੰ ਭੇਟ ਚੜ੍ਹਾਇਆ ਅਤੇ ਇਸ ਵਿੱਚੋਂ ਯੱਸੀ ਦੇ ਪਰਿਵਾਰ ਨਾਲ ਖਾਧਾ। ਜਦ ਯੱਸੀ ਦਾ ਸਭ ਤੋਂ ਵੱਡਾ ਮੁੰਡਾ ਅਲੀਆਬ ਆਇਆ, ਤਾਂ ਸਮੂਏਲ ਉਹ ਨੂੰ ਦੇਖ ਕੇ ਪ੍ਰਭਾਵਿਤ ਹੋਇਆ। ਅਲੀਆਬ ਇੰਨਾ ਉੱਚਾ-ਲੰਬਾ ਤੇ ਸੋਹਣਾ-ਸੁਨੱਖਾ ਸੀ ਅਤੇ ਦੇਖਣ ਨੂੰ ਰਾਜਾ ਲੱਗਦਾ ਸੀ। ਇਸ ਲਈ ਸਮੂਏਲ ਨੇ ਸੋਚਿਆ ਕਿ ਯਹੋਵਾਹ ਨੇ ਇਸੇ ਨੂੰ ਚੁਣਿਆ ਹੋਣਾ। ਉਸ ਨੇ ਆਪਣੇ ਆਪ ਨੂੰ ਕਿਹਾ: “ਠੀਕ ਯਹੋਵਾਹ ਦੇ ਅੱਗੇ ਏਹ ਉਹ ਦਾ ਮਸੀਹ ਹੈ।”—ਆਇਤ 6.
ਪਰ ਯਹੋਵਾਹ ਦਾ ਨਜ਼ਰੀਆ ਵੱਖਰਾ ਸੀ। ਉਸ ਨੇ ਸਮੂਏਲ ਨੂੰ ਕਿਹਾ: “ਉਹ ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ।” (ਆਇਤ 7) ਯਹੋਵਾਹ ਅਲੀਆਬ ਦਾ ਬਾਹਰਲਾ ਰੂਪ ਦੇਖ ਕੇ ਪ੍ਰਭਾਵਿਤ ਨਹੀਂ ਹੋਇਆ। ਉਸ ਦੀਆਂ ਅੱਖਾਂ ਧੁਰ ਦਿਲ ਤਕ ਦੇਖ ਸਕਦੀਆਂ ਹਨ ਜਿੱਥੇ ਅਸਲੀ ਖੂਬਸੂਰਤੀ ਹੁੰਦੀ ਹੈ।
ਯਹੋਵਾਹ ਨੇ ਸਮੂਏਲ ਨੂੰ ਸਮਝਾਇਆ: “ਯਹੋਵਾਹ . . . ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (ਆਇਤ 7) ਜੀ ਹਾਂ, ਯਹੋਵਾਹ ਕਿਸੇ ਦਾ ਦਿਲ ਯਾਨੀ ਅੰਦਰਲਾ ਸੁਭਾਅ, ਸੋਚਣੀ, ਰਵੱਈਆ ਤੇ ਜਜ਼ਬਾਤ ਦੇਖਦਾ ਹੈ। ‘ਮਨਾਂ ਦੇ ਪਰਖਣ ਵਾਲੇ’ ਯਹੋਵਾਹ ਨੇ ਅਲੀਆਬ ਅਤੇ ਯੱਸੀ ਦੇ ਛੇ ਹੋਰ ਪੁੱਤਰਾਂ ਨੂੰ ਰਾਜਾ ਬਣਨ ਲਈ ਨਹੀਂ ਚੁਣਿਆ।—ਕਹਾਉਤਾਂ 17:3.
ਪਰ ਯੱਸੀ ਦਾ ਇਕ ਹੋਰ ਵੀ ਮੁੰਡਾ ਸੀ। ਉਹ ਸਭ ਤੋਂ ਛੋਟਾ ਸੀ, ਦਾਊਦ, ਜੋ ਉਸ ਵੇਲੇ “ਇੱਜੜ ਨੂੰ ਚਰਾਉਂਦਾ” ਸੀ। (ਆਇਤ 11) ਸੋ ਦਾਊਦ ਨੂੰ ਸਮੂਏਲ ਕੋਲ ਬੁਲਾਇਆ ਗਿਆ। ਫਿਰ ਯਹੋਵਾਹ ਨੇ ਸਮੂਏਲ ਨੂੰ ਹੁਕਮ ਦਿੱਤਾ: “ਉੱਠ ਅਤੇ ਇਹ ਨੂੰ ਮਸਹ ਕਰ ਕਿਉਂ ਜੋ ਇਹੋ ਹੀ ਹੈ।” (ਆਇਤ 12) ਇਹ ਗੱਲ ਸੱਚ ਹੈ ਕਿ ਦਾਊਦ “ਸੁੰਦਰ ਅੱਖੀਆਂ ਅਤੇ ਵੇਖਣ ਵਿੱਚ ਚੰਗਾ” ਸੀ, ਪਰ ਯਹੋਵਾਹ ਨੂੰ ਉਸ ਦਾ ਦਿਲ ਚੰਗਾ ਲੱਗਾ।—1 ਸਮੂਏਲ 13:14.
ਅੱਜ ਦੀ ਦੁਨੀਆਂ ਵਿਚ ਬਾਹਰਲੀ ਖੂਬਸੂਰਤੀ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਪਰ ਸਾਨੂੰ ਇਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ ਕਿ ਯਹੋਵਾਹ ਪਰਮੇਸ਼ੁਰ ਕਿਸੇ ਦਾ ਬਾਹਰਲਾ ਰੂਪ ਦੇਖ ਕੇ ਪ੍ਰਭਾਵਿਤ ਨਹੀਂ ਹੁੰਦਾ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਲੰਬੇ ਹੋ ਜਾਂ ਦੂਸਰਿਆਂ ਦੀਆਂ ਨਜ਼ਰਾਂ ਵਿਚ ਤੁਸੀਂ ਸੋਹਣੇ-ਸੁਨੱਖੇ ਜਾਂ ਸੁੰਦਰ ਹੋ। ਯਹੋਵਾਹ ਤਾਂ ਤੁਹਾਡਾ ਦਿਲ ਦੇਖਦਾ ਹੈ। ਤਾਂ ਫਿਰ ਕੀ ਤੁਸੀਂ ਉਹ ਗੁਣ ਨਹੀਂ ਪੈਦਾ ਕਰਨੇ ਚਾਹੁੰਦੇ ਜੋ ਤੁਹਾਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੁੰਦਰ ਬਣਾਉਣਗੇ? (w10-E 03/01)