ਆਪਣੇ ਬੱਚਿਆਂ ਨੂੰ ਸਿਖਾਓ
ਯਿਸੂ ਨੇ ਆਗਿਆਕਾਰੀ ਸਿੱਖੀ
ਕੀ ਕਦੇ-ਕਦੇ ਤੁਹਾਨੂੰ ਆਖੇ ਲੱਗਣਾ ਮੁਸ਼ਕਲ ਲੱਗਦਾ ਹੈ?—a ਜੇ ਹਾਂ, ਤਾਂ ਇਹ ਹੈਰਾਨੀ ਦੀ ਗੱਲ ਨਹੀਂ। ਸਾਨੂੰ ਸਾਰਿਆਂ ਨੂੰ ਕਦੇ-ਕਦੇ ਕਹਿਣਾ ਮੰਨਣਾ ਮੁਸ਼ਕਲ ਲੱਗਦਾ ਹੈ। ਕੀ ਤੁਹਾਨੂੰ ਪਤਾ ਕਿ ਯਿਸੂ ਨੂੰ ਵੀ ਆਗਿਆਕਾਰੀ ਸਿੱਖਣੀ ਪਈ ਸੀ?—
ਕੀ ਤੁਸੀਂ ਜਾਣਦੇ ਹੋ ਕਿ ਸਾਰੇ ਬੱਚਿਆਂ ਨੂੰ ਕਿਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ?— ਹਾਂ, ਆਪਣੇ ਮੰਮੀ-ਡੈਡੀ ਦਾ। ਬਾਈਬਲ ਕਹਿੰਦੀ ਹੈ: “ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ।” (ਅਫ਼ਸੀਆਂ 6:1) ਯਿਸੂ ਦਾ ਪਿਤਾ ਕੌਣ ਹੈ?— ਯਹੋਵਾਹ ਪਰਮੇਸ਼ੁਰ। ਉਹ ਸਾਡਾ ਵੀ ਪਿਤਾ ਹੈ। (ਮੱਤੀ 6:9, 10) ਪਰ ਜੇ ਤੁਸੀਂ ਕਿਹਾ ਕਿ ਯਿਸੂ ਦਾ ਪਿਤਾ ਯੂਸੁਫ਼ ਸੀ ਤੇ ਮਰਿਯਮ ਉਸ ਦੀ ਮਾਂ ਸੀ, ਤਾਂ ਤੁਹਾਡਾ ਇਹ ਜਵਾਬ ਵੀ ਸਹੀ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹ ਉਸ ਦੇ ਮਾਂ-ਬਾਪ ਕਿਵੇਂ ਬਣੇ?—
ਜਬਰਾਏਲ ਨਾਂ ਦੇ ਫ਼ਰਿਸ਼ਤੇ ਨੇ ਮਰਿਯਮ ਨੂੰ ਦੱਸਿਆ ਕਿ ਕੁਆਰੀ ਹੋਣ ਦੇ ਬਾਵਜੂਦ ਉਹ ਮਾਂ ਬਣੇਗੀ। ਯਹੋਵਾਹ ਨੇ ਚਮਤਕਾਰ ਕੀਤਾ ਤਾਂਕਿ ਮਰਿਯਮ ਗਰਭਵਤੀ ਹੋ ਸਕੇ। ਜਬਰਾਏਲ ਨੇ ਮਰਿਯਮ ਨੂੰ ਸਮਝਾਇਆ: “ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।”—ਲੂਕਾ 1:30-35.
ਪਰਮੇਸ਼ੁਰ ਨੇ ਸਵਰਗ ਵਿਚ ਆਪਣੇ ਪੁੱਤਰ ਦੀ ਜਾਨ ਮਰਿਯਮ ਦੀ ਕੁੱਖ ਵਿਚ ਪਾ ਦਿੱਤੀ। ਫਿਰ ਜਿੱਦਾਂ ਹੋਰ ਬੱਚੇ ਮਾਂ ਦੀ ਕੁੱਖ ਵਿਚ ਪਲਦੇ ਹਨ, ਉੱਦਾਂ ਹੀ ਯਿਸੂ ਵੀ ਪਲਿਆ। ਨੌਂ ਕੁ ਮਹੀਨਿਆਂ ਬਾਅਦ ਯਿਸੂ ਪੈਦਾ ਹੋਇਆ। ਉਸ ਦੇ ਪੈਦਾ ਹੋਣ ਤੋਂ ਪਹਿਲਾਂ ਯੂਸੁਫ਼ ਨੇ ਮਰਿਯਮ ਨਾਲ ਵਿਆਹ ਕਰਾ ਲਿਆ ਸੀ ਅਤੇ ਲੋਕ ਇਹੀ ਸਮਝਦੇ ਸਨ ਕਿ ਯੂਸੁਫ਼ ਹੀ ਯਿਸੂ ਦਾ ਅਸਲੀ ਪਿਤਾ ਹੈ। ਪਰ ਅਸਲ ਵਿਚ ਉਸ ਨੇ ਪਿਤਾ ਦੇ ਤੌਰ ਤੇ ਯਿਸੂ ਦੀ ਪਰਵਰਿਸ਼ ਹੀ ਕੀਤੀ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਦੇ ਦੋ ਪਿਤਾ ਸਨ!
ਜਦ ਯਿਸੂ ਸਿਰਫ਼ 12 ਸਾਲਾਂ ਦਾ ਸੀ, ਤਾਂ ਉਸ ਨੇ ਅਜਿਹਾ ਕੁਝ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਕਿੰਨਾ ਪਿਆਰ ਕਰਦਾ ਸੀ। ਉਸ ਵੇਲੇ ਯਿਸੂ ਦਾ ਪਰਿਵਾਰ ਹਰ ਸਾਲ ਵਾਂਗ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਗਿਆ ਸੀ। ਬਾਅਦ ਵਿਚ ਘਰ ਵਾਪਸ ਜਾਂਦੇ ਹੋਏ ਯੂਸੁਫ਼ ਤੇ ਮਰਿਯਮ ਨੂੰ ਪਤਾ ਨਾ ਲੱਗਾ ਕਿ ਯਿਸੂ ਉਨ੍ਹਾਂ ਦੇ ਨਾਲ ਨਹੀਂ ਸੀ। ਤੁਸੀਂ ਸ਼ਾਇਦ ਸੋਚੋ ਕਿ ਇਹ ਕਿੱਦਾਂ ਹੋ ਸਕਦਾ ਸੀ?—
ਉਸ ਸਮੇਂ ਤਕ ਯੂਸੁਫ਼ ਤੇ ਮਰਿਯਮ ਦੇ ਹੋਰ ਵੀ ਬੱਚੇ ਸਨ। (ਮੱਤੀ 13:55, 56) ਹੋ ਸਕਦਾ ਹੈ ਕਿ ਉਨ੍ਹਾਂ ਦੇ ਨਾਲ ਹੋਰ ਵੀ ਕਈ ਰਿਸ਼ਤੇਦਾਰ ਸਫ਼ਰ ਕਰ ਰਹੇ ਸਨ ਜਿਵੇਂ ਕਿ ਯਾਕੂਬ ਅਤੇ ਯੂਹੰਨਾ, ਉਨ੍ਹਾਂ ਦਾ ਪਿਤਾ ਜ਼ਬਦੀ ਅਤੇ ਮਾਂ ਸਲੋਮੀ ਜੋ ਸ਼ਾਇਦ ਮਰਿਯਮ ਦੀ ਭੈਣ ਸੀ। ਸੋ ਮਰਿਯਮ ਨੇ ਸ਼ਾਇਦ ਸੋਚਿਆ ਹੋਣਾ ਕਿ ਯਿਸੂ ਕਿਸੇ ਰਿਸ਼ਤੇਦਾਰ ਨਾਲ ਸੀ।—ਮੱਤੀ 27:56; ਮਰਕੁਸ 15:40; ਯੂਹੰਨਾ 19:25.
ਜਦ ਯੂਸੁਫ਼ ਤੇ ਮਰਿਯਮ ਨੂੰ ਅਹਿਸਾਸ ਹੋਇਆ ਕਿ ਯਿਸੂ ਉਨ੍ਹਾਂ ਦੇ ਨਾਲ ਨਹੀਂ ਸੀ, ਤਾਂ ਉਹ ਯਰੂਸ਼ਲਮ ਵਾਪਸ ਗਏ। ਉਨ੍ਹਾਂ ਨੇ ਹਰ ਪਾਸੇ ਯਿਸੂ ਨੂੰ ਲੱਭਿਆ। ਤੀਜੇ ਦਿਨ, ਉਹ ਉਨ੍ਹਾਂ ਨੂੰ ਮੰਦਰ ਵਿਚ ਲੱਭਾ। ਮਰਿਯਮ ਨੇ ਕਿਹਾ: “ਪੁੱਤਰ ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ, ਦੇਖ ਤੇਰੇ ਪਿਤਾ ਜੀ ਅਤੇ ਮੈਂ ਕਿੰਨੇਂ ਦੁੱਖੀ ਹਾਂ। ਅਸੀਂ ਤੈਨੂੰ ਲੱਭ ਰਹੇ ਸਾਂ।” ਪਰ ਯਿਸੂ ਨੇ ਜਵਾਬ ਦਿੱਤਾ: “ਤੁਸੀਂ ਮੈਨੂੰ ਕਿਉਂ ਲੱਭ ਰਹੇ ਸਾਉ? ਕੀ ਤੁਸੀਂ ਨਹੀਂ ਜਾਣਦੇ ਸਾਉ ਕਿ ਮੇਰੇ ਲਈ ਆਪਣੇ ਪਿਤਾ ਦੇ ਘਰ ਵਿਚ ਹੋਣਾ ਜ਼ਰੂਰੀ ਸੀ?”—ਲੂਕਾ 2:45-50, CL.
ਤੁਹਾਨੂੰ ਕੀ ਲੱਗਦਾ ਹੈ? ਕੀ ਯਿਸੂ ਲਈ ਇਸ ਤਰ੍ਹਾਂ ਆਪਣੀ ਮਾਂ ਨੂੰ ਜਵਾਬ ਦੇਣਾ ਗ਼ਲਤ ਸੀ?— ਉਸ ਦੇ ਮਾਤਾ-ਪਿਤਾ ਜਾਣਦੇ ਸਨ ਕਿ ਉਹ ਪਰਮੇਸ਼ੁਰ ਦੇ ਘਰ ਵਿਚ ਭਗਤੀ ਕਰਨੀ ਪਸੰਦ ਕਰਦਾ ਸੀ। (ਜ਼ਬੂਰਾਂ ਦੀ ਪੋਥੀ 122:1) ਤਾਂ ਫਿਰ ਯਿਸੂ ਨੇ ਠੀਕ ਹੀ ਕਿਹਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪਰਮੇਸ਼ੁਰ ਦੇ ਮੰਦਰ ਵਿਚ ਉਸ ਨੂੰ ਲੱਭਣਾ ਚਾਹੀਦਾ ਸੀ, ਹੈ ਨਾ?— ਬਾਅਦ ਵਿਚ ਮਰਿਯਮ ਯਿਸੂ ਦੀ ਇਸ ਗੱਲ ਬਾਰੇ ਸੋਚਦੀ ਰਹੀ।
ਯੂਸੁਫ਼ ਅਤੇ ਮਰਿਯਮ ਬਾਰੇ ਯਿਸੂ ਦਾ ਕੀ ਰਵੱਈਆ ਸੀ?— ਬਾਈਬਲ ਕਹਿੰਦੀ ਹੈ: ‘ਯਿਸੂ ਉਨ੍ਹਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ।’ (ਲੂਕਾ 2:51, 52) ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?— ਇਹੀ ਕਿ ਸਾਨੂੰ ਵੀ ਆਪਣੇ ਮਾਪਿਆਂ ਦੇ ਆਖੇ ਲੱਗਣਾ ਚਾਹੀਦਾ ਹੈ।
ਫਿਰ ਵੀ ਯਿਸੂ ਲਈ ਹਮੇਸ਼ਾ ਆਪਣੇ ਮਾਪਿਆਂ ਅਤੇ ਯਹੋਵਾਹ ਦੇ ਕਹਿਣੇ ਵਿਚ ਰਹਿਣਾ ਸੌਖਾ ਨਹੀਂ ਸੀ।
ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਯਹੋਵਾਹ ਨੂੰ ਕਿਹਾ ਕਿ ਜੇ ਹੋ ਸਕੇ, ਤਾਂ ਉਹ ਉਸ ਤੋਂ ਉਹ ਕੰਮ ਨਾ ਕਰਾਵੇ ਜੋ ਉਹ ਚਾਹੁੰਦਾ ਸੀ। (ਲੂਕਾ 22:42) ਭਾਵੇਂ ਯਿਸੂ ਲਈ ਸੌਖਾ ਨਹੀਂ ਸੀ, ਫਿਰ ਵੀ ਉਸ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਇਹ ਕੰਮ ਕੀਤਾ। ਬਾਈਬਲ ਦੱਸਦੀ ਹੈ ਕਿ “ਜਿਹੜੇ ਉਹ ਨੇ ਦੁਖ ਭੋਗੇ ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।” (ਇਬਰਾਨੀਆਂ 5:8) ਕੀ ਅਸੀਂ ਵੀ ਯਹੋਵਾਹ ਦੇ ਕਹਿਣੇ ਵਿਚ ਰਹਾਂਗੇ ਭਾਵੇਂ ਇਹ ਸਾਡੇ ਲਈ ਮੁਸ਼ਕਲ ਹੋਵੇ?— (w10-E 04/01)
a ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ, ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।