‘ਪਵਿੱਤਰ ਸ਼ਕਤੀ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ ਕਰ ਲੈਂਦੀ ਹੈ’
‘ਪਵਿੱਤਰ ਸ਼ਕਤੀ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦੀ ਹੈ।’—1 ਕੁਰਿੰ. 2:10.
1. ਪੌਲੁਸ ਨੇ 1 ਕੁਰਿੰਥੀਆਂ 2:10 ਵਿਚ ਪਵਿੱਤਰ ਸ਼ਕਤੀ ਦੇ ਕਿਹੜੇ ਕੰਮ ਬਾਰੇ ਦੱਸਿਆ ਅਤੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਦੇ ਕੰਮ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ! ਬਾਈਬਲ ਵਿਚ ਇਸ ਸ਼ਕਤੀ ਬਾਰੇ ਕਿਹਾ ਗਿਆ ਹੈ ਕਿ ਇਹ ਸਹਾਇਕ ਤੇ ਦਾਨ ਹੈ, ਸਾਖੀ ਦਿੰਦੀ ਹੈ ਅਤੇ ਸਾਡੇ ਲਈ ਸਿਫ਼ਾਰਸ਼ ਕਰਦੀ ਹੈ। (ਯੂਹੰ. 14:16; ਰਸੂ. 2:38; ਰੋਮੀ. 8:16, 26, 27) ਪੌਲੁਸ ਰਸੂਲ ਨੇ ਪਵਿੱਤਰ ਸ਼ਕਤੀ ਦੇ ਇਕ ਹੋਰ ਜ਼ਰੂਰੀ ਕੰਮ ਬਾਰੇ ਕਿਹਾ ਕਿ ਇਹ ‘ਸ਼ਕਤੀ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦੀ ਹੈ।’ (1 ਕੁਰਿੰ. 2:10) ਵਾਕਈ, ਯਹੋਵਾਹ ਆਪਣੀਆਂ ਡੂੰਘੀਆਂ ਸੱਚਾਈਆਂ ਪ੍ਰਗਟ ਕਰਨ ਲਈ ਆਪਣੀ ਪਵਿੱਤਰ ਸ਼ਕਤੀ ਵਰਤਦਾ ਹੈ। ਤੁਹਾਡੇ ਖ਼ਿਆਲ ਨਾਲ ਇਸ ਦੀ ਮਦਦ ਤੋਂ ਬਿਨਾਂ ਸਾਨੂੰ ਯਹੋਵਾਹ ਦੇ ਮਕਸਦਾਂ ਦੀ ਕਿੰਨੀ ਕੁ ਸਮਝ ਹੁੰਦੀ? (1 ਕੁਰਿੰਥੀਆਂ 2:9-12 ਪੜ੍ਹੋ।) ਫਿਰ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ: ‘ਪਵਿੱਤਰ ਸ਼ਕਤੀ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ’ ਜਾਂ ਗੱਲਾਂ ਦੀ ਕਿਵੇਂ ਜਾਂਚ ਕਰਦੀ ਹੈ? ਪਹਿਲੀ ਸਦੀ ਈਸਵੀ ਵਿਚ ਯਹੋਵਾਹ ਨੇ ਕਿਨ੍ਹਾਂ ਰਾਹੀਂ ਇਹ ਗੱਲਾਂ ਜ਼ਾਹਰ ਕੀਤੀਆਂ? ਅੱਜ ਪਵਿੱਤਰ ਸ਼ਕਤੀ ਕਿਵੇਂ ਅਤੇ ਕਿਨ੍ਹਾਂ ਰਾਹੀਂ ਇਨ੍ਹਾਂ ਡੂੰਘੀਆਂ ਗੱਲਾਂ ਦੀ ਜਾਂਚ ਕਰਦੀ ਹੈ?
2. ਪਵਿੱਤਰ ਸ਼ਕਤੀ ਨੇ ਕਿਨ੍ਹਾਂ ਦੋ ਤਰੀਕਿਆਂ ਨਾਲ ਕੰਮ ਕਰਨਾ ਸੀ?
2 ਯਿਸੂ ਨੇ ਦੱਸਿਆ ਕਿ ਪਵਿੱਤਰ ਸ਼ਕਤੀ ਦੋ ਤਰੀਕਿਆਂ ਨਾਲ ਕੰਮ ਕਰਦੀ ਹੈ। ਆਪਣੀ ਮੌਤ ਤੋਂ ਪਹਿਲਾਂ ਉਸ ਨੇ ਆਪਣੇ ਰਸੂਲਾਂ ਨੂੰ ਕਿਹਾ: ‘ਸਹਾਇਕ ਅਰਥਾਤ ਪਵਿੱਤ੍ਰ ਸ਼ਕਤੀ ਜਿਹ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗੀ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗੀ।’ (ਯੂਹੰ. 14:26) ਇਸ ਤਰ੍ਹਾਂ ਪਵਿੱਤਰ ਸ਼ਕਤੀ ਨੇ ਸਿਖਾਉਣ ਅਤੇ ਚੇਤੇ ਕਰਾਉਣ ਦਾ ਕੰਮ ਕਰਨਾ ਸੀ। ਸਿੱਖਿਅਕ ਵਜੋਂ ਇਸ ਨੇ ਮਸੀਹੀਆਂ ਨੂੰ ਡੂੰਘੀਆਂ ਗੱਲਾਂ ਦੀ ਸਮਝ ਦੇਣੀ ਸੀ ਜੋ ਪਹਿਲਾਂ ਸਮਝਣੀਆਂ ਔਖੀਆਂ ਸਨ। ਇਸ ਤੋਂ ਇਲਾਵਾ, ਇਸ ਸ਼ਕਤੀ ਨੇ ਪਹਿਲਾਂ ਸਿਖਾਈਆਂ ਗਈਆਂ ਗੱਲਾਂ ਨੂੰ ਚੇਤੇ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ।
ਪਹਿਲੀ ਸਦੀ ਵਿਚ
3. ਯਿਸੂ ਦੇ ਕਿਹੜੇ ਲਫ਼ਜ਼ਾਂ ਤੋਂ ਪਤਾ ਲੱਗਦਾ ਹੈ ਕਿ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਯਾਨੀ ਗੱਲਾਂ ਹੌਲੀ-ਹੌਲੀ ਪ੍ਰਗਟ ਹੋਣੀਆਂ ਸਨ?
3 ਯਿਸੂ ਨੇ ਆਪਣੇ ਚੇਲਿਆਂ ਨੂੰ ਕਈ ਸੱਚੀਆਂ ਗੱਲਾਂ ਸਿਖਾਈਆਂ ਜੋ ਉਨ੍ਹਾਂ ਵਾਸਤੇ ਨਵੀਆਂ ਸਨ। ਪਰ ਉਨ੍ਹਾਂ ਨੇ ਹਾਲੇ ਹੋਰ ਬਹੁਤ ਕੁਝ ਸਿੱਖਣਾ ਸੀ। ਯਿਸੂ ਨੇ ਰਸੂਲਾਂ ਨੂੰ ਕਿਹਾ: ‘ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ। ਪਰ ਜਦ ਉਹ ਅਰਥਾਤ ਸਚਿਆਈ ਦੀ ਸ਼ਕਤੀ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗੀ।’ (ਯੂਹੰ. 16:12, 13) ਇਸ ਤਰ੍ਹਾਂ ਯਿਸੂ ਨੇ ਸੰਕੇਤ ਕੀਤਾ ਕਿ ਪਵਿੱਤਰ ਸ਼ਕਤੀ ਦੇ ਜ਼ਰੀਏ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਹੌਲੀ-ਹੌਲੀ ਪ੍ਰਗਟ ਕੀਤੀਆਂ ਜਾਣਗੀਆਂ।
4. ਪੰਤੇਕੁਸਤ 33 ਈਸਵੀ ਦੇ ਦਿਨ ਪਵਿੱਤਰ ਸ਼ਕਤੀ ਨੇ ਕਿਵੇਂ ਗੱਲਾਂ ਸਿਖਾਈਆਂ ਤੇ ਚੇਤੇ ਕਰਾਈਆਂ?
4 ਪੰਤੇਕੁਸਤ 33 ਈਸਵੀ ਦੇ ਦਿਨ ‘ਸਚਿਆਈ ਦੀ ਸ਼ਕਤੀ’ ਯਰੂਸ਼ਲਮ ਵਿਚ ਇਕੱਠੇ ਹੋਏ 120 ਚੇਲਿਆਂ ਉੱਤੇ ਆਈ ਸੀ। ਉਨ੍ਹਾਂ ਨੇ ਇਸ ਦਾ ਸਬੂਤ ਦੇਖਿਆ ਜਦੋਂ ਉਨ੍ਹਾਂ ਨੇ ਅੱਗ ਦੀਆਂ ਜੋਤਾਂ ਦੇਖੀਆਂ ਅਤੇ ਹਨੇਰੀ ਵਗਣ ਦੀ ਆਵਾਜ਼ ਸੁਣੀ। (ਰਸੂ. 1:4, 5, 15; 2:1-4) ਚੇਲੇ ਕਈ ਭਾਸ਼ਾਵਾਂ ਵਿਚ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸ ਰਹੇ ਸਨ। (ਰਸੂ. 2:5-11) ਹੁਣ ਕੁਝ ਨਵਾਂ ਪ੍ਰਗਟ ਕਰਨ ਦਾ ਸਮਾਂ ਆ ਗਿਆ ਸੀ। ਨਬੀ ਯੋਏਲ ਨੇ ਇਸ ਪਵਿੱਤਰ ਸ਼ਕਤੀ ਦੇ ਪਾਏ ਜਾਣ ਬਾਰੇ ਭਵਿੱਖਬਾਣੀ ਕੀਤੀ ਸੀ। (ਯੋਏ. 2:28-32) ਦੇਖਣ ਵਾਲੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਭਵਿੱਖਬਾਣੀ ਇਸ ਤਰੀਕੇ ਨਾਲ ਪੂਰੀ ਹੋਵੇਗੀ। ਇਸ ਲਈ ਪਤਰਸ ਨੇ ਅੱਗੇ ਆ ਕੇ ਉਨ੍ਹਾਂ ਨੂੰ ਇਸ ਬਾਰੇ ਸਮਝਾਇਆ। (ਰਸੂਲਾਂ ਦੇ ਕਰਤੱਬ 2:14-18 ਪੜ੍ਹੋ।) ਇਸ ਤਰ੍ਹਾਂ ਪਵਿੱਤਰ ਸ਼ਕਤੀ ਨੇ ਸਿੱਖਿਅਕ ਵਜੋਂ ਪਤਰਸ ਨੂੰ ਸਾਫ਼-ਸਾਫ਼ ਜ਼ਾਹਰ ਕੀਤਾ ਕਿ ਚੇਲਿਆਂ ਨਾਲ ਜੋ ਕੁਝ ਹੋਇਆ, ਉਹ ਪੁਰਾਣੀ ਭਵਿੱਖਬਾਣੀ ਦੀ ਪੂਰਤੀ ਸੀ। ਸ਼ਕਤੀ ਨੇ ਪਤਰਸ ਨੂੰ ਪੁਰਾਣੀਆਂ ਗੱਲਾਂ ਵੀ ਚੇਤੇ ਕਰਾਈਆਂ ਕਿਉਂਕਿ ਪਤਰਸ ਨੇ ਨਾ ਸਿਰਫ਼ ਯੋਏਲ ਦੀ ਭਵਿੱਖਬਾਣੀ ਦਾ ਜ਼ਿਕਰ ਕੀਤਾ, ਸਗੋਂ ਉਸ ਨੇ ਦਾਊਦ ਦੇ ਦੋ ਭਜਨਾਂ ਦਾ ਹਵਾਲਾ ਵੀ ਦਿੱਤਾ। (ਜ਼ਬੂ. 16:8-11; 110:1; ਰਸੂ. 2:25-28, 34, 35) ਉੱਥੇ ਇਕੱਠੇ ਹੋਏ ਲੋਕਾਂ ਨੇ ਜੋ ਕੁਝ ਦੇਖਿਆ ਤੇ ਸੁਣਿਆ, ਉਹ ਸੱਚ-ਮੁੱਚ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਸਨ।
5, 6. (ੳ) ਪੰਤੇਕੁਸਤ 33 ਈਸਵੀ ਤੋਂ ਬਾਅਦ ਨਵੇਂ ਨੇਮ ਸੰਬੰਧੀ ਕਿਹੜੇ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਸੀ? (ਅ) ਕਿਨ੍ਹਾਂ ਨੇ ਇਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕੀਤਾ ਅਤੇ ਫ਼ੈਸਲੇ ਕਿਵੇਂ ਕੀਤੇ ਗਏ?
5 ਪਹਿਲੀ ਸਦੀ ਦੇ ਮਸੀਹੀਆਂ ਨੂੰ ਹਾਲੇ ਵੀ ਕਈ ਗੱਲਾਂ ਦੀ ਪੂਰੀ ਸਮਝ ਨਹੀਂ ਸੀ। ਮਿਸਾਲ ਲਈ, ਪੰਤੇਕੁਸਤ ਦੇ ਦਿਨ ਅਮਲ ਵਿਚ ਲਿਆਂਦੇ ਗਏ ਨਵੇਂ ਨੇਮ ਬਾਰੇ ਲੋਕਾਂ ਦੇ ਮਨਾਂ ਵਿਚ ਕੁਝ ਸਵਾਲ ਪੈਦਾ ਹੋਏ ਸਨ। ਕੀ ਨਵਾਂ ਨੇਮ ਸਿਰਫ਼ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਉੱਤੇ ਹੀ ਲਾਗੂ ਹੁੰਦਾ ਸੀ? ਕੀ ਹੋਰ ਕੌਮਾਂ ਦੇ ਲੋਕ ਵੀ ਇਸ ਨੇਮ ਵਿਚ ਸ਼ਾਮਲ ਹੋ ਸਕਦੇ ਸਨ ਅਤੇ ਪਵਿੱਤਰ ਸ਼ਕਤੀ ਨਾਲ ਮਸਹ ਕੀਤੇ ਜਾ ਸਕਦੇ ਸਨ? (ਰਸੂ. 10:45) ਕੀ ਹੋਰਨਾਂ ਕੌਮਾਂ ਦੇ ਆਦਮੀਆਂ ਨੂੰ ਪਹਿਲਾਂ ਸੁੰਨਤ ਕਰਾਉਣ ਅਤੇ ਫਿਰ ਮੂਸਾ ਦੀ ਬਿਵਸਥਾ ਦੇ ਅਧੀਨ ਹੋਣ ਦੀ ਲੋੜ ਸੀ? (ਰਸੂ. 15:1, 5) ਇਹ ਬਹੁਤ ਅਹਿਮ ਸਵਾਲ ਸਨ। ਇਨ੍ਹਾਂ ਡੂੰਘੀਆਂ ਗੱਲਾਂ ਦੀ ਜਾਂਚ ਕਰਨ ਲਈ ਯਹੋਵਾਹ ਦੀ ਸ਼ਕਤੀ ਦੀ ਜ਼ਰੂਰਤ ਸੀ। ਪਰ ਇਸ ਸ਼ਕਤੀ ਨੇ ਕਿਨ੍ਹਾਂ ਰਾਹੀਂ ਕੰਮ ਕਰਨਾ ਸੀ?
6 ਇਸ ਨੇ ਜ਼ਿੰਮੇਵਾਰ ਭਰਾਵਾਂ ਰਾਹੀਂ ਕੰਮ ਕਰਨਾ ਸੀ ਜਿਨ੍ਹਾਂ ਨੇ ਇਨ੍ਹਾਂ ਮਸਲਿਆਂ ਉੱਤੇ ਸੋਚ-ਵਿਚਾਰ ਕਰਨਾ ਸੀ। ਪਤਰਸ, ਪੌਲੁਸ ਅਤੇ ਬਰਨਬਾਸ ਪ੍ਰਬੰਧਕ ਸਭਾ ਦੀ ਮੀਟਿੰਗ ਵਿਚ ਮੌਜੂਦ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਯਹੋਵਾਹ ਕਿਵੇਂ ਬੇਸੁੰਨਤੇ ਲੋਕਾਂ ਨਾਲ ਪੇਸ਼ ਆ ਰਿਹਾ ਸੀ। (ਰਸੂ. 15:7-12) ਪ੍ਰਬੰਧਕ ਸਭਾ ਨੇ ਇਸ ਸਬੂਤ ਨੂੰ ਇਬਰਾਨੀ ਸ਼ਾਸਤਰ ਵਿਚ ਦੱਸੀਆਂ ਗੱਲਾਂ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਜਾਂਚਿਆ ਤੇ ਫਿਰ ਫ਼ੈਸਲਾ ਕੀਤਾ। ਇਸ ਫ਼ੈਸਲੇ ਬਾਰੇ ਉਨ੍ਹਾਂ ਨੇ ਕਲੀਸਿਯਾਵਾਂ ਨੂੰ ਚਿੱਠੀਆਂ ਲਿਖ ਕੇ ਦੱਸਿਆ।—ਰਸੂਲਾਂ ਦੇ ਕਰਤੱਬ 15:25-30; 16:4, 5 ਪੜ੍ਹੋ; ਅਫ਼. 3:5, 6.
7. ਕਿਸ ਤਰੀਕੇ ਨਾਲ ਡੂੰਘੀਆਂ ਸੱਚਾਈਆਂ ਪ੍ਰਗਟ ਕੀਤੀਆਂ ਗਈਆਂ?
7 ਕਈ ਹੋਰ ਮਸਲਿਆਂ ਨੂੰ ਯੂਹੰਨਾ, ਪਤਰਸ, ਯਾਕੂਬ ਅਤੇ ਪੌਲੁਸ ਦੀਆਂ ਲਿਖਤਾਂ ਵਿਚ ਸਪੱਸ਼ਟ ਕੀਤਾ ਗਿਆ ਸੀ। ਮਸੀਹੀ ਯੂਨਾਨੀ ਸ਼ਾਸਤਰ ਲਿਖੇ ਜਾਣ ਤੋਂ ਬਾਅਦ ਇਕ ਅਜਿਹਾ ਸਮਾਂ ਵੀ ਆਇਆ ਜਦੋਂ ਭਵਿੱਖਬਾਣੀ ਕਰਨ ਅਤੇ ਚਮਤਕਾਰੀ ਢੰਗ ਨਾਲ ਗਿਆਨ ਮਿਲਣ ਦੀਆਂ ਦਾਤਾਂ ਬੰਦ ਹੋ ਗਈਆਂ। (1 ਕੁਰਿੰ. 13:8) ਕੀ ਸ਼ਕਤੀ ਅੱਗੋਂ ਤੋਂ ਗੱਲਾਂ ਸਿਖਾਉਂਦੀ ਤੇ ਚੇਤੇ ਕਰਾਉਂਦੀ ਰਹੇਗੀ? ਕੀ ਸ਼ਕਤੀ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਜਾਂਚਣ ਵਿਚ ਮਸੀਹੀਆਂ ਦੀ ਮਦਦ ਕਰਦੀ ਰਹੇਗੀ? ਹਾਂ, ਸ਼ਕਤੀ ਇਵੇਂ ਕਰਦੀ ਰਹੇਗੀ ਜਿਵੇਂ ਅੱਗੇ ਦੱਸੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ।
ਅੰਤ ਦੇ ਸਮੇਂ ਦੌਰਾਨ
8, 9. ਅੰਤ ਦੇ ਸਮੇਂ ਦੌਰਾਨ ਕਿਹੜੇ ਬੁੱਧਵਾਨ ਲੋਕ “ਚਮਕਣਗੇ”?
8 ਅੰਤ ਦੇ ਸਮੇਂ ਬਾਰੇ ਗੱਲ ਕਰਦਿਆਂ ਦੂਤ ਨੇ ਭਵਿੱਖਬਾਣੀ ਕੀਤੀ: “ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ ਅਤੇ ਓਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁੱਗੋ ਜੁੱਗ ਤੀਕਰ। . . . ਅਤੇ ਵਿੱਦਿਆ ਵਧੇਗੀ।” (ਦਾਨੀ. 12:3, 4) ਕੌਣ ਬੁੱਧਵਾਨ ਹੋਣਗੇ ਤੇ ਕੌਣ ਚਮਕਣਗੇ? ਇਸ ਗੱਲ ਦਾ ਸੰਕੇਤ ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿਚ ਦਿੱਤਾ ਸੀ। ‘ਜੁਗ ਦੇ ਅੰਤ’ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ ਸੀ: “ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕਣਗੇ।” (ਮੱਤੀ 13:39, 43) ਇਸ ਗੱਲ ਨੂੰ ਸਮਝਾਉਂਦੇ ਵੇਲੇ ਯਿਸੂ ਨੇ ‘ਧਰਮੀ ਲੋਕਾਂ’ ਦੀ ਪਛਾਣ ‘ਰਾਜ ਦੇ ਪੁੱਤ੍ਰਾਂ’ ਵਜੋਂ ਕਰਾਈ ਜੋ ਕਿ ਮਸਹ ਕੀਤੇ ਹੋਏ ਮਸੀਹੀ ਹਨ।—ਮੱਤੀ 13:38.
9 ਕੀ ਸਾਰੇ ਮਸਹ ਕੀਤੇ ਹੋਏ ਮਸੀਹੀ “ਚਮਕਣਗੇ”? ਇਕ ਅਰਥ ਵਿਚ ਹਾਂ, ਕਿਉਂਕਿ ਸਾਰੇ ਹੀ ਮਸੀਹੀ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣਗੇ ਅਤੇ ਮੀਟਿੰਗਾਂ ਵਿਚ ਇਕ-ਦੂਜੇ ਦਾ ਹੌਸਲਾ ਵਧਾਉਣਗੇ। ਮਸਹ ਕੀਤੇ ਹੋਏ ਮਸੀਹੀ ਇਨ੍ਹਾਂ ਗੱਲਾਂ ਵਿਚ ਮਿਸਾਲੀ ਹੋਣਗੇ। (ਜ਼ਕ. 8:23) ਇਸ ਤੋਂ ਇਲਾਵਾ, ਅੰਤ ਦੇ ਸਮੇਂ ਦੌਰਾਨ ਡੂੰਘੀਆਂ ਗੱਲਾਂ ਪ੍ਰਗਟ ਕੀਤੀਆਂ ਜਾਣੀਆਂ ਸਨ। ਉਹ ਸਮਾਂ ਆਉਣ ਤਕ ਦਾਨੀਏਲ ਦੀ ਭਵਿੱਖਬਾਣੀ ਉੱਤੇ ‘ਮੋਹਰ ਲੱਗੀ ਰਹਿਣੀ ਸੀ।’ (ਦਾਨੀ. 12:9) ਪਵਿੱਤਰ ਸ਼ਕਤੀ ਕਿਵੇਂ ਅਤੇ ਕਿਨ੍ਹਾਂ ਰਾਹੀਂ ਇਨ੍ਹਾਂ ਡੂੰਘੀਆਂ ਗੱਲਾਂ ਦੀ ਜਾਂਚ ਕਰੇਗੀ?
10. (ੳ) ਅੰਤ ਦੇ ਦਿਨਾਂ ਦੌਰਾਨ ਸ਼ਕਤੀ ਕਿਨ੍ਹਾਂ ਰਾਹੀਂ ਡੂੰਘੀਆਂ ਸੱਚਾਈਆਂ ਪ੍ਰਗਟ ਕਰਦੀ ਹੈ? (ਅ) ਸਮਝਾਓ ਕਿ ਕਿਵੇਂ ਯਹੋਵਾਹ ਦੀ ਮਹਾਨ ਹੈਕਲ ਬਾਰੇ ਸੱਚਾਈਆਂ ਸਪੱਸ਼ਟ ਕੀਤੀਆਂ ਗਈਆਂ ਸਨ।
10 ਸਾਡੇ ਜ਼ਮਾਨੇ ਵਿਚ ਜਦ ਪਰਮੇਸ਼ੁਰ ਦੀਆਂ ਗੱਲਾਂ ਨੂੰ ਸਪੱਸ਼ਟ ਕੀਤਾ ਜਾਂਦਾ ਹੈ, ਤਾਂ ਪਵਿੱਤਰ ਸ਼ਕਤੀ ਵਰਲਡ ਹੈੱਡ-ਕੁਆਰਟਰ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਿੰਮੇਵਾਰ ਪ੍ਰਤਿਨਿਧੀਆਂ ਦੀ ਮਦਦ ਕਰਦੀ ਹੈ ਤਾਂਕਿ ਉਹ ਡੂੰਘੀਆਂ ਸੱਚਾਈਆਂ ਨੂੰ ਸਮਝ ਸਕਣ ਜੋ ਪਹਿਲਾਂ ਸਮਝਣੀਆਂ ਔਖੀਆਂ ਸਨ। (ਮੱਤੀ 24:45; 1 ਕੁਰਿੰ. 2:13) ਪ੍ਰਬੰਧਕ ਸਭਾ ਦੇ ਮੈਂਬਰ ਮਿਲ ਕੇ ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਹਨ ਜਿਨ੍ਹਾਂ ਗੱਲਾਂ ਦੀ ਸਮਝ ਥੋੜ੍ਹੀ-ਬਹੁਤ ਬਦਲ ਜਾਂਦੀ ਹੈ। (ਰਸੂ. 15:6) ਸਮਝ ਆ ਜਾਣ ਤੋਂ ਬਾਅਦ ਉਹ ਗੱਲਾਂ ਨੂੰ ਛਾਪ ਦਿੰਦੇ ਹਨ ਤਾਂਕਿ ਸਾਰਿਆਂ ਨੂੰ ਫ਼ਾਇਦਾ ਹੋਵੇ। (ਮੱਤੀ 10:27) ਸੋ ਜਿੱਦਾਂ-ਜਿੱਦਾਂ ਸਮਾਂ ਬੀਤਦਾ ਜਾਂਦਾ ਹੈ, ਉੱਦਾਂ-ਉੱਦਾਂ ਸ਼ਾਇਦ ਗੱਲਾਂ ਦੀ ਸਮਝ ਵਿਚ ਹੋਰ ਤਬਦੀਲੀ ਆਵੇ। ਪਰ ਇਨ੍ਹਾਂ ਗੱਲਾਂ ਨੂੰ ਵੀ ਸੱਚ-ਸੱਚ ਸਮਝਾਇਆ ਜਾਂਦਾ ਹੈ।—“ਪਵਿੱਤਰ ਸ਼ਕਤੀ ਨੇ ਹੈਕਲ ਦਾ ਮਤਲਬ ਕਿਵੇਂ ਪ੍ਰਗਟ ਕੀਤਾ” ਨਾਂ ਦੀ ਡੱਬੀ ਦੇਖੋ।
ਅੱਜ ਸ਼ਕਤੀ ਦੇ ਕੰਮ ਤੋਂ ਫ਼ਾਇਦਾ ਲਓ
11. ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਨੂੰ ਪ੍ਰਗਟ ਕਰਨ ਵਿਚ ਪਵਿੱਤਰ ਸ਼ਕਤੀ ਜੋ ਭੂਮਿਕਾ ਨਿਭਾਉਂਦੀ ਹੈ, ਉਸ ਤੋਂ ਸਾਰੇ ਮਸੀਹੀਆਂ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
11 ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਨੂੰ ਪ੍ਰਗਟ ਕਰਨ ਵਿਚ ਪਵਿੱਤਰ ਸ਼ਕਤੀ ਜੋ ਭੂਮਿਕਾ ਨਿਭਾਉਂਦੀ ਹੈ, ਉਸ ਤੋਂ ਸਾਰੇ ਵਫ਼ਾਦਾਰ ਮਸੀਹੀਆਂ ਨੂੰ ਫ਼ਾਇਦਾ ਹੁੰਦਾ ਹੈ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਅੱਜ ਅਧਿਐਨ ਕਰਦੇ ਹਾਂ ਅਤੇ ਪਵਿੱਤਰ ਸ਼ਕਤੀ ਜਿਸ ਜਾਣਕਾਰੀ ਨੂੰ ਸਮਝਣ ਵਿਚ ਸਾਡੀ ਮਦਦ ਕਰਦੀ ਹੈ, ਉਸ ਜਾਣਕਾਰੀ ਨੂੰ ਚੇਤੇ ਕਰ ਕੇ ਅਸੀਂ ਉਸ ਅਨੁਸਾਰ ਚੱਲਦੇ ਹਾਂ। (ਲੂਕਾ 12:11, 12) ਪ੍ਰਕਾਸ਼ਨਾਂ ਵਿਚ ਛਾਪੀਆਂ ਗਈਆਂ ਡੂੰਘੀਆਂ ਸੱਚਾਈਆਂ ਨੂੰ ਸਮਝਣ ਲਈ ਜ਼ਰੂਰੀ ਨਹੀਂ ਹੈ ਕਿ ਅਸੀਂ ਜ਼ਿਆਦਾ ਪੜ੍ਹੇ-ਲਿਖੇ ਹੋਈਏ। (ਰਸੂ. 4:13) ਪਰ ਅਸੀਂ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਬਾਰੇ ਆਪਣੀ ਸਮਝ ਨੂੰ ਵਧਾਉਣ ਲਈ ਕੀ ਕਰ ਸਕਦੇ ਹਾਂ? ਕੁਝ ਸੁਝਾਵਾਂ ਉੱਤੇ ਗੌਰ ਕਰੋ।
12. ਸਾਨੂੰ ਪਵਿੱਤਰ ਸ਼ਕਤੀ ਲਈ ਕਦੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ?
12 ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ। ਜਦ ਅਸੀਂ ਬਾਈਬਲ ਉੱਤੇ ਆਧਾਰਿਤ ਕਿਸੇ ਵੀ ਜਾਣਕਾਰੀ ਉੱਤੇ ਸੋਚ-ਵਿਚਾਰ ਕਰਨ ਲੱਗਦੇ ਹਾਂ, ਤਾਂ ਉਸ ਤੋਂ ਪਹਿਲਾਂ ਸਾਨੂੰ ਪਵਿੱਤਰ ਸ਼ਕਤੀ ਦੀ ਸੇਧ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਗੱਲ ਸਹੀ ਹੈ, ਭਾਵੇਂ ਅਸੀਂ ਇਕੱਲੇ ਹਾਂ ਜਾਂ ਸਾਡੇ ਕੋਲ ਬਹੁਤ ਘੱਟ ਸਮਾਂ ਹੈ। ਇਹੋ ਜਿਹੀਆਂ ਨਿਮਰਤਾ ਨਾਲ ਕੀਤੀਆਂ ਪ੍ਰਾਰਥਨਾਵਾਂ ਤੋਂ ਸਾਡਾ ਸਵਰਗੀ ਪਿਤਾ ਖ਼ੁਸ਼ ਹੁੰਦਾ ਹੈ। ਜਿਵੇਂ ਯਿਸੂ ਨੇ ਦੱਸਿਆ ਸੀ, ਯਹੋਵਾਹ ਸਾਨੂੰ ਖੁੱਲ੍ਹੇ ਦਿਲ ਨਾਲ ਪਵਿੱਤਰ ਸ਼ਕਤੀ ਦੇਵੇਗਾ ਜੇ ਅਸੀਂ ਦਿਲੋਂ ਇਸ ਦੀ ਮੰਗ ਕਰੀਏ।—ਲੂਕਾ 11:13.
13, 14. ਮੀਟਿੰਗਾਂ ਦੀ ਤਿਆਰੀ ਕਰਨ ਨਾਲ ਸਾਨੂੰ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਸਮਝਣ ਵਿਚ ਕਿਵੇਂ ਮਦਦ ਮਿਲਦੀ ਹੈ?
13 ਮੀਟਿੰਗਾਂ ਦੀ ਤਿਆਰੀ ਕਰੋ। ਮਾਤਬਰ ਨੌਕਰ ਸਾਨੂੰ ‘ਵੇਲੇ ਸਿਰ ਰਸਤ’ ਦਿੰਦਾ ਹੈ। ਇਹ “ਨੌਕਰ” ਬਾਈਬਲ ਉੱਤੇ ਆਧਾਰਿਤ ਜਾਣਕਾਰੀ ਦਿੰਦਾ ਹੈ ਅਤੇ ਅਧਿਐਨ ਕਰਨ ਅਤੇ ਮੀਟਿੰਗਾਂ ਵਾਸਤੇ ਪ੍ਰੋਗ੍ਰਾਮ ਤਿਆਰ ਕਰਦਾ ਹੈ। ਸੋ ਚੰਗੇ ਕਾਰਨਾਂ ਕਰਕੇ ਹੀ ਉਹ “ਭਾਈਆਂ” ਨੂੰ ਕਿਸੇ ਜਾਣਕਾਰੀ ਉੱਤੇ ਗੌਰ ਕਰਨ ਲਈ ਕਹਿੰਦੇ ਹਨ। (1 ਪਤ. 2:17; ਕੁਲੁ. 4:16; ਯਹੂ. 3) ਇਸ ਲਈ ਜਦ ਅਸੀਂ ਦਿੱਤੀਆਂ ਹਿਦਾਇਤਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹਾਂ।—ਪਰ. 2:29.
14 ਮਸੀਹੀ ਸਭਾਵਾਂ ਦੀ ਤਿਆਰੀ ਕਰਦਿਆਂ ਸਾਨੂੰ ਦਿੱਤੇ ਗਏ ਹਵਾਲੇ ਪੜ੍ਹਨੇ ਚਾਹੀਦੇ ਹਨ ਅਤੇ ਦੇਖਣਾ ਚਾਹੀਦਾ ਹੈ ਕਿ ਵਿਸ਼ੇ ਨਾਲ ਇਨ੍ਹਾਂ ਦਾ ਕੀ ਸੰਬੰਧ ਹੈ। ਇਸ ਤਰ੍ਹਾਂ ਕਰਦੇ ਰਹਿਣ ਨਾਲ ਹੌਲੀ-ਹੌਲੀ ਬਾਈਬਲ ਬਾਰੇ ਸਾਡੀ ਸਮਝ ਵਧੇਗੀ। (ਰਸੂ. 17:11, 12) ਜਦ ਅਸੀਂ ਹਵਾਲੇ ਦੇਖਦੇ ਹਾਂ, ਤਾਂ ਇਹ ਸਾਡੇ ਮਨ ਵਿਚ ਬੈਠ ਜਾਂਦੇ ਹਨ ਜਿਨ੍ਹਾਂ ਨੂੰ ਚੇਤੇ ਕਰਨ ਵਿਚ ਪਵਿੱਤਰ ਸ਼ਕਤੀ ਸਾਡੀ ਮਦਦ ਕਰ ਸਕਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਪਤਾ ਹੁੰਦਾ ਹੈ ਕਿ ਹਵਾਲਾ ਬਾਈਬਲ ਦੇ ਸਫ਼ੇ ਉੱਤੇ ਕਿੱਥੇ ਹੈ ਅਤੇ ਲੋੜ ਪੈਣ ਤੇ ਅਸੀਂ ਇਸ ਨੂੰ ਲੱਭ ਸਕਦੇ ਹਾਂ।
15. ਸਾਨੂੰ ਕਿਉਂ ਛਾਪੀ ਗਈ ਤਾਜ਼ੀ ਜਾਣਕਾਰੀ ਪੜ੍ਹਨੀ ਚਾਹੀਦੀ ਹੈ ਅਤੇ ਤੁਸੀਂ ਕਦੋਂ ਪੜ੍ਹਦੇ ਹੋ?
15 ਤਾਜ਼ੀ ਜਾਣਕਾਰੀ ਪੜ੍ਹੋ। ਪ੍ਰਕਾਸ਼ਨਾਂ ਵਿਚ ਛਪੀ ਕੁਝ ਜਾਣਕਾਰੀ ਦੀ ਮੀਟਿੰਗਾਂ ਵਿਚ ਚਰਚਾ ਨਹੀਂ ਹੁੰਦੀ। ਪਰ ਇਹ ਸਾਡੇ ਫ਼ਾਇਦੇ ਲਈ ਤਿਆਰ ਕੀਤੀ ਗਈ ਹੈ। ਜਿਹੜੇ ਰਸਾਲੇ ਅਸੀਂ ਲੋਕਾਂ ਨੂੰ ਦਿੰਦੇ ਹਾਂ, ਉਹ ਵੀ ਸਾਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਗਏ ਹਨ। ਇਸ ਤੇਜ਼ ਰਫ਼ਤਾਰ ਦੁਨੀਆਂ ਵਿਚ ਅਕਸਰ ਸਾਨੂੰ ਕਿਸੇ ਬੰਦੇ ਜਾਂ ਬੱਸ-ਗੱਡੀ ਦੀ ਉਡੀਕ ਕਰਨੀ ਪੈਂਦੀ ਹੈ। ਅਜਿਹੇ ਮੌਕਿਆਂ ਤੇ ਚੰਗਾ ਹੋਵੇਗਾ ਜੇ ਅਸੀਂ ਆਪਣੇ ਨਾਲ ਕੋਈ ਪ੍ਰਕਾਸ਼ਨ ਲੈ ਜਾਈਏ ਜੋ ਅਸੀਂ ਹਾਲੇ ਪੜ੍ਹਿਆ ਨਹੀਂ ਜਾਂ ਮਾੜਾ-ਮੋਟਾ ਹੀ ਪੜ੍ਹਿਆ ਹੈ। ਕੁਝ ਭੈਣ-ਭਰਾ ਤੁਰ ਕੇ ਜਾਂਦੇ ਵੇਲੇ ਜਾਂ ਬੱਸਾਂ-ਗੱਡੀਆਂ ਵਿਚ ਸਫ਼ਰ ਕਰਦਿਆਂ ਸਾਡੇ ਪ੍ਰਕਾਸ਼ਨਾਂ ਦੀਆਂ ਆਡੀਓ ਰਿਕਾਰਡਿੰਗਾਂ ਸੁਣ ਕੇ ਤਾਜ਼ੀ ਜਾਣਕਾਰੀ ਹਾਸਲ ਕਰਦੇ ਹਨ। ਬੜੇ ਧਿਆਨ ਨਾਲ ਖੋਜਬੀਨ ਕਰ ਕੇ ਇਹ ਜਾਣਕਾਰੀ ਆਮ ਪਾਠਕਾਂ ਵਾਸਤੇ ਲਿਖੀ ਗਈ ਹੈ। ਇਹ ਸਾਰੀ ਜਾਣਕਾਰੀ ਪਰਮੇਸ਼ੁਰ ਦੀਆਂ ਗੱਲਾਂ ਲਈ ਸਾਡੀ ਕਦਰਦਾਨੀ ਵਧਾਉਂਦੀ ਹੈ।—ਹਬ. 2:2.
16. ਮਨ ਵਿਚ ਪੈਦਾ ਹੋਏ ਸਵਾਲਾਂ ਨੂੰ ਲਿਖਣ ਅਤੇ ਉਨ੍ਹਾਂ ਬਾਰੇ ਖੋਜ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ?
16 ਮਨਨ ਕਰੋ। ਜਦੋਂ ਤੁਸੀਂ ਬਾਈਬਲ ਜਾਂ ਇਸ ਉੱਤੇ ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਦੇ ਹੋ, ਤਾਂ ਗੱਲਾਂ ਉੱਤੇ ਸੋਚ-ਵਿਚਾਰ ਵੀ ਕਰੋ। ਤਰਤੀਬਵਾਰ ਦੱਸੀਆਂ ਗੱਲਾਂ ਨੂੰ ਧਿਆਨ ਨਾਲ ਪੜ੍ਹਦਿਆਂ ਤੁਹਾਡੇ ਮਨ ਵਿਚ ਸ਼ਾਇਦ ਸਵਾਲ ਉੱਠਣਗੇ। ਤੁਸੀਂ ਇਨ੍ਹਾਂ ਸਵਾਲਾਂ ਨੂੰ ਲਿਖ ਸਕਦੇ ਹੋ ਤੇ ਬਾਅਦ ਵਿਚ ਇਨ੍ਹਾਂ ਬਾਰੇ ਖੋਜ ਕਰੋ। ਇਹ ਸਵਾਲ ਅਕਸਰ ਉਦੋਂ ਖੜ੍ਹੇ ਹੁੰਦੇ ਹਨ ਜਦ ਅਸੀਂ ਆਪਣੇ ਮਨ-ਪਸੰਦ ਵਿਸ਼ਿਆਂ ਦਾ ਡੂੰਘਾਈ ਨਾਲ ਅਧਿਐਨ ਕਰਦੇ ਹਾਂ। ਸਾਨੂੰ ਜੋ ਗੱਲਾਂ ਸਮਝ ਆ ਜਾਂਦੀਆਂ ਹਨ, ਉਹ ਉਸ ਖ਼ਜ਼ਾਨੇ ਵਿਚ ਜਮ੍ਹਾ ਹੋ ਜਾਂਦੀਆਂ ਹਨ ਜਿਸ ਨੂੰ ਲੋੜ ਪੈਣ ਤੇ ਅਸੀਂ ਇਸਤੇਮਾਲ ਕਰ ਸਕਦੇ ਹਾਂ।—ਮੱਤੀ 13:52.
17. ਇਕੱਲਿਆਂ ਜਾਂ ਪਰਿਵਾਰ ਦੇ ਤੌਰ ਤੇ ਅਧਿਐਨ ਕਰਨ ਲਈ ਤੁਸੀਂ ਕੀ ਕਰਦੇ ਹੋ?
17 ਪਰਿਵਾਰਕ ਸਟੱਡੀ ਲਈ ਸਮਾਂ ਨਿਸ਼ਚਿਤ ਕਰੋ। ਪ੍ਰਬੰਧਕ ਸਭਾ ਨੇ ਸਾਨੂੰ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਅਸੀਂ ਇਕੱਲਿਆਂ ਜਾਂ ਪਰਿਵਾਰ ਦੇ ਤੌਰ ਤੇ ਅਧਿਐਨ ਕਰਨ ਲਈ ਹਰ ਹਫ਼ਤੇ ਇਕ ਸ਼ਾਮ ਜਾਂ ਕੋਈ ਹੋਰ ਸਮਾਂ ਵੱਖਰਾ ਰੱਖੀਏ। ਮੀਟਿੰਗਾਂ ਵਿਚ ਆਈ ਤਬਦੀਲੀ ਕਾਰਨ ਅਸੀਂ ਇਸ ਸਲਾਹ ਨੂੰ ਮੰਨਾਂਗੇ। ਤੁਸੀਂ ਪਰਿਵਾਰਕ ਸਟੱਡੀ ਦੌਰਾਨ ਕੀ ਕੁਝ ਕਰਦੇ ਹੋ? ਕੁਝ ਭੈਣ-ਭਰਾ ਬਾਈਬਲ ਪੜ੍ਹਦੇ ਹਨ, ਉਨ੍ਹਾਂ ਆਇਤਾਂ ਉੱਤੇ ਖੋਜਬੀਨ ਕਰਦੇ ਹਨ ਜਿਨ੍ਹਾਂ ਕਾਰਨ ਉਨ੍ਹਾਂ ਦੇ ਮਨਾਂ ਵਿਚ ਸਵਾਲ ਉੱਠਦੇ ਹਨ ਅਤੇ ਸਮਝ ਆਈ ਜਾਣਕਾਰੀ ਨੂੰ ਸੰਖੇਪ ਵਿਚ ਬਾਈਬਲ ਵਿਚ ਲਿਖ ਲੈਂਦੇ ਹਨ। ਕਈ ਪਰਿਵਾਰ ਦੇਖਦੇ ਹਨ ਕਿ ਪੜ੍ਹੀ ਜਾਣਕਾਰੀ ਉਨ੍ਹਾਂ ਉੱਤੇ ਕਿਵੇਂ ਲਾਗੂ ਹੁੰਦੀ ਹੈ। ਕੁਝ ਪਰਿਵਾਰਾਂ ਦੇ ਮੁਖੀ ਅਜਿਹੀ ਜਾਣਕਾਰੀ ਚੁਣਦੇ ਹਨ ਜਿਸ ਉੱਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪਰਿਵਾਰ ਨੂੰ ਗੌਰ ਕਰਨ ਦੀ ਲੋੜ ਹੈ ਜਾਂ ਉਹ ਉਨ੍ਹਾਂ ਵਿਸ਼ਿਆਂ ਜਾਂ ਸਵਾਲਾਂ ਨਾਲ ਸੰਬੰਧਿਤ ਜਾਣਕਾਰੀ ਚੁਣਦੇ ਹਨ ਜਿਸ ਉੱਤੇ ਪਰਿਵਾਰ ਨੇ ਗੌਰ ਕਰਨ ਲਈ ਪੁੱਛਿਆ ਹੈ। ਬਿਨਾਂ ਸ਼ੱਕ, ਸਮੇਂ ਦੇ ਗੁਜ਼ਰਨ ਨਾਲ ਤੁਸੀਂ ਹੋਰਨਾਂ ਵਿਸ਼ਿਆਂ ਉੱਤੇ ਸੋਚ-ਵਿਚਾਰ ਕਰਨ ਬਾਰੇ ਸੋਚੋਗੇ।a
18. ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਸੱਚਾਈਆਂ ਦਾ ਅਧਿਐਨ ਕਰਨ ਤੋਂ ਕਿਉਂ ਨਹੀਂ ਕਤਰਾਉਣਾ ਚਾਹੀਦਾ?
18 ਯਿਸੂ ਨੇ ਕਿਹਾ ਸੀ ਕਿ ਪਵਿੱਤਰ ਸ਼ਕਤੀ ਸਹਾਇਕ ਵਜੋਂ ਕੰਮ ਕਰੇਗੀ। ਇਸ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਸੱਚਾਈਆਂ ਦਾ ਅਧਿਐਨ ਕਰਨ ਤੋਂ ਕਤਰਾਉਣਾ ਨਹੀਂ ਚਾਹੀਦਾ। ਇਹ ਸੱਚਾਈਆਂ “ਪਰਮੇਸ਼ੁਰ ਦੇ ਗਿਆਨ” ਦਾ ਹਿੱਸਾ ਹਨ ਅਤੇ ਸਾਨੂੰ ਇਨ੍ਹਾਂ ਬਾਰੇ ਖੋਜਬੀਨ ਕਰਨ ਲਈ ਕਿਹਾ ਗਿਆ ਹੈ। (ਕਹਾਉਤਾਂ 2:1-5 ਪੜ੍ਹੋ।) ਇਹ ਸੱਚਾਈਆਂ ਉਨ੍ਹਾਂ “ਵਸਤਾਂ” ਬਾਰੇ ਕਾਫ਼ੀ ਕੁਝ ਜ਼ਾਹਰ ਕਰਦੀਆਂ ਹਨ ਜੋ “ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ” ਹਨ। ਜਿਉਂ-ਜਿਉਂ ਅਸੀਂ ਯਹੋਵਾਹ ਦੇ ਬਚਨ ਬਾਰੇ ਜ਼ਿਆਦਾ ਸਿੱਖਣ ਦਾ ਜਤਨ ਕਰਦੇ ਹਾਂ, ਤਿਉਂ-ਤਿਉਂ ਪਵਿੱਤਰ ਸ਼ਕਤੀ ਸਾਡੀ ਮਦਦ ਕਰੇਗੀ ਕਿਉਂਕਿ ‘ਸ਼ਕਤੀ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦੀ ਹੈ।’—1 ਕੁਰਿੰ. 2:9, 10.
[ਫੁਟਨੋਟ]
ਤੁਸੀਂ ਕਿਵੇਂ ਜਵਾਬ ਦਿਓਗੇ?
• “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਜਾਂਚ ਕਰਨ ਵਿਚ ਸ਼ਕਤੀ ਕਿਹੜੇ ਦੋ ਤਰੀਕਿਆਂ ਨਾਲ ਸਾਡੀ ਮਦਦ ਕਰਦੀ ਹੈ?
• ਪਹਿਲੀ ਸਦੀ ਵਿਚ ਪਵਿੱਤਰ ਸ਼ਕਤੀ ਨੇ ਕਿਨ੍ਹਾਂ ਰਾਹੀਂ ਡੂੰਘੀਆਂ ਸੱਚਾਈਆਂ ਪ੍ਰਗਟ ਕੀਤੀਆਂ?
• ਸਾਡੇ ਜ਼ਮਾਨੇ ਵਿਚ ਗੱਲਾਂ ਸਪੱਸ਼ਟ ਕਰਨ ਲਈ ਪਵਿੱਤਰ ਸ਼ਕਤੀ ਕਿਵੇਂ ਕੰਮ ਕਰਦੀ ਹੈ?
• ਸ਼ਕਤੀ ਦੇ ਕੰਮ ਤੋਂ ਫ਼ਾਇਦਾ ਉਠਾਉਣ ਲਈ ਤੁਸੀਂ ਕੀ ਕਰ ਸਕਦੇ ਹੋ?
[ਸਫ਼ਾ 22 ਉੱਤੇ ਡੱਬੀ]
ਪਵਿੱਤਰ ਸ਼ਕਤੀ ਨੇ ਹੈਕਲ ਦਾ ਮਤਲਬ ਕਿਵੇਂ ਪ੍ਰਗਟ ਕੀਤਾ
ਪਹਿਲੀ ਸਦੀ ਦੌਰਾਨ ਪ੍ਰਗਟ ਕੀਤੀਆਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਵਿੱਚੋਂ ਇਕ ਇਹ ਸੀ ਕਿ ਇਸਰਾਏਲੀਆਂ ਦਾ ਡੇਹਰਾ ਅਤੇ ਬਾਅਦ ਵਿਚ ਬਣੇ ਹੈਕਲ ਸਿਰਫ਼ ਇਕ ਨਮੂਨਾ ਸਨ ਯਾਨੀ ਭਗਤੀ ਕਰਨ ਦੇ ਅਸਲੀ ਮੰਦਰ ਦਾ ਨਮੂਨਾ। ਪੌਲੁਸ ਨੇ ਇਸ ਨੂੰ ‘ਅਸਲ ਡੇਹਰਾ’ ਕਿਹਾ “ਜਿਹ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੁ ਨੇ ਗੱਡਿਆ।” (ਇਬ. 8:2) ਇਹ ਮੰਦਰ ਯਿਸੂ ਮਸੀਹ ਦੇ ਬਲੀਦਾਨ ਅਤੇ ਜਾਜਕ ਵਜੋਂ ਉਸ ਦੀ ਪਦਵੀ ਉੱਤੇ ਆਧਾਰਿਤ ਉਹ ਪ੍ਰਬੰਧ ਹੈ ਜਿਸ ਰਾਹੀਂ ਇਨਸਾਨ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਦੇ ਹਨ।
‘ਅਸਲ ਡੇਹਰਾ’ 29 ਈਸਵੀ ਨੂੰ ਹੋਂਦ ਵਿਚ ਆਇਆ ਜਦੋਂ ਯਿਸੂ ਨੇ ਬਪਤਿਸਮਾ ਲਿਆ ਅਤੇ ਯਹੋਵਾਹ ਨੇ ਉਸ ਨੂੰ ਕਬੂਲ ਕੀਤਾ ਤਾਂਕਿ ਉਹ ਮੁਕੰਮਲ ਬਲੀਦਾਨ ਬਣ ਸਕੇ। (ਇਬ. 10:5-10) ਮਰਨ ਅਤੇ ਜ਼ਿੰਦਾ ਹੋਣ ਤੋਂ ਬਾਅਦ ਯਿਸੂ ਇਸ ਮਹਾਨ ਮੰਦਰ ਦੇ ਅੱਤ ਪਵਿੱਤਰ ਅਸਥਾਨ ਅੰਦਰ ਗਿਆ ਅਤੇ “ਪਰਮੇਸ਼ੁਰ ਦੇ ਸਨਮੁਖ” ਪੇਸ਼ ਹੋ ਕੇ ਆਪਣੇ ਬਲੀਦਾਨ ਦੀ ਕੀਮਤ ਅਦਾ ਕੀਤੀ।—ਇਬ. 9:11, 12, 24.
ਬਾਈਬਲ ਵਿਚ ਇਕ ਹੋਰ ਜਗ੍ਹਾ ਪੌਲੁਸ ਰਸੂਲ ਨੇ ਮਸਹ ਕੀਤੇ ਹੋਏ ਮਸੀਹੀਆਂ ਬਾਰੇ ਲਿਖਿਆ ਕਿ ਉਹ ‘ਪ੍ਰਭੁ ਵਿੱਚ ਪਵਿੱਤਰ ਹੈਕਲ ਬਣਦੇ ਜਾਂਦੇ ਹਨ।’ (ਅਫ਼. 2:20-22) ਕੀ ਉਹ ਇੱਥੇ ਉਹੀ “ਅਸਲ ਡੇਹਰੇ” ਬਾਰੇ ਗੱਲ ਕਰ ਰਿਹਾ ਸੀ ਜਿਸ ਬਾਰੇ ਉਸ ਨੇ ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਸਮਝਾਇਆ ਸੀ? ਯਹੋਵਾਹ ਦੇ ਸੇਵਕ ਦਹਾਕਿਆਂ ਤਾਈਂ ਇਹੀ ਸਮਝਦੇ ਰਹੇ। ਇੱਦਾਂ ਜਾਪਦਾ ਸੀ ਕਿ ਮਸਹ ਕੀਤੇ ਹੋਏ ਮਸੀਹੀਆਂ ਨੂੰ ਯਹੋਵਾਹ ਦੇ ਸਵਰਗੀ ਮੰਦਰ ਦੇ “ਪੱਥਰ” ਬਣਨ ਲਈ ਧਰਤੀ ਉੱਤੇ ਤਿਆਰ ਕੀਤਾ ਜਾ ਰਿਹਾ ਸੀ।—1 ਪਤ 2:5.
ਪਰ, 1971 ਤੋਂ ਪਹਿਲਾਂ ਮਾਤਬਰ ਨੌਕਰ ਦੇ ਜ਼ਿੰਮੇਵਾਰ ਮੈਂਬਰਾਂ ਨੂੰ ਪਤਾ ਲੱਗਣ ਲੱਗਾ ਕਿ ਅਫ਼ਸੀਆਂ ਦੀ ਕਿਤਾਬ ਵਿਚ ਪੌਲੁਸ ਵੱਲੋਂ ਜ਼ਿਕਰ ਕੀਤੀ ਹੈਕਲ ਯਹੋਵਾਹ ਦਾ ਮਹਾਨ ਮੰਦਰ ਨਹੀਂ ਹੋ ਸਕਦਾ। ਜੇ ‘ਅਸਲ ਡੇਹਰਾ’ ਮੁੜ ਜ਼ਿੰਦਾ ਹੋਏ ਮਸਹ ਕੀਤੇ ਹੋਏ ਮਸੀਹੀਆਂ ਦਾ ਬਣਿਆ ਹੁੰਦਾ, ਤਾਂ ਇਸ ਡੇਹਰੇ ਨੇ “ਪ੍ਰਭੁ ਦੇ ਆਉਣ” ਦੇ ਸਮੇਂ ਦੌਰਾਨ ਇਨ੍ਹਾਂ ਮਸੀਹੀਆਂ ਦੇ ਜੀ ਉਠਾਏ ਜਾਣ ਤੋਂ ਬਾਅਦ ਹੋਂਦ ਵਿਚ ਆਉਣਾ ਸੀ। (1 ਥੱਸ. 4:15-17) ਪਰ ਡੇਹਰੇ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਲਿਖਿਆ ਕਿ ਇਹ ‘ਇਸ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ।’—ਇਬ. 9:9.
ਧਿਆਨ ਨਾਲ ਇਨ੍ਹਾਂ ਹਵਾਲਿਆਂ ਅਤੇ ਹੋਰਨਾਂ ਹਵਾਲਿਆਂ ਦੀ ਤੁਲਨਾ ਕਰਨ ਨਾਲ ਇਹ ਸਪੱਸ਼ਟ ਹੋ ਗਿਆ ਕਿ ਸਵਰਗੀ ਮੰਦਰ ਦੀ ਉਸਾਰੀ ਨਹੀਂ ਹੋ ਰਹੀ ਅਤੇ ਨਾ ਹੀ ਮਸਹ ਕੀਤੇ ਹੋਏ ਮਸੀਹੀਆਂ ਨੂੰ ਮੰਦਰ ਦੀ ਉਸਾਰੀ ਵਾਸਤੇ “ਪੱਥਰਾਂ” ਵਜੋਂ ਧਰਤੀ ਉੱਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਬਜਾਇ, ਮਸਹ ਕੀਤੇ ਹੋਏ ਮਸੀਹੀ ਮੰਦਰ ਦੇ ਵਿਹੜੇ ਅਤੇ ਇਸ ਦੇ ਪਵਿੱਤਰ ਅਸਥਾਨ ਅੰਦਰ ਸੇਵਾ ਕਰ ਰਹੇ ਹਨ ਅਤੇ ਹਰ ਰੋਜ਼ ਪਰਮੇਸ਼ੁਰ ਨੂੰ “ਉਸਤਤ ਦਾ ਬਲੀਦਾਨ” ਚੜ੍ਹਾ ਰਹੇ ਹਨ।—ਇਬ. 13:15.
[ਸਫ਼ਾ 23 ਉੱਤੇ ਤਸਵੀਰ]
ਅਸੀਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਬਾਰੇ ਆਪਣੀ ਸਮਝ ਹੋਰ ਕਿਵੇਂ ਵਧਾ ਸਕਦੇ ਹਾਂ?