ਕੀ ਤੁਸੀਂ ਅੱਗੇ ਵਧ ਕੇ ਭੈਣਾਂ-ਭਰਾਵਾਂ ਦਾ ਆਦਰ ਕਰਦੇ ਹੋ?
“ਇਕ ਦੂਜੇ ਨਾਲ ਭਰਾਵਾਂ ਵਾਲਾ ਪਿਆਰ ਕਰੋ। ਆਦਰ ਕਰਨ ਵਿਚ ਇਕ ਦੂਜੇ ਨਾਲੋਂ ਅੱਗੇ ਵਧੋ।”—ਰੋਮ 12:10, CL.
1, 2. (ੳ) ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਕਿਹੜੀ ਸਲਾਹ ਦਿੰਦਾ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕਰਾਂਗੇ?
ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਜ਼ੋਰ ਦਿੰਦਾ ਹੈ ਕਿ ਮਸੀਹੀ ਹੋਣ ਕਰਕੇ ਸਾਡੇ ਲਈ ਕਲੀਸਿਯਾ ਵਿਚ ਪਿਆਰ ਦਿਖਾਉਣਾ ਕਿੰਨਾ ਜ਼ਰੂਰੀ ਹੈ। ਉਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡਾ ਪਿਆਰ “ਨਿਸ਼ਕਪਟ” ਹੋਣਾ ਚਾਹੀਦਾ ਹੈ। ਉਹ “ਭਰੱਪਣ ਦੇ ਪ੍ਰੇਮ” ਦਾ ਜ਼ਿਕਰ ਕਰਦਾ ਹੈ ਅਤੇ ‘ਗੂੜ੍ਹਾ ਹਿਤ ਰੱਖਣ’ ਲਈ ਕਹਿੰਦਾ ਹੈ।—ਰੋਮੀ. 12:9, 10ੳ.
2 ਭਰਾਵਾਂ ਵਰਗਾ ਪਿਆਰ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਦੂਜਿਆਂ ਪ੍ਰਤਿ ਸਿਰਫ਼ ਪਿਆਰ ਦੀਆਂ ਭਾਵਨਾਵਾਂ ਰੱਖੀਏ। ਸਾਨੂੰ ਇਹ ਪਿਆਰ ਕੰਮਾਂ ਦੇ ਜ਼ਰੀਏ ਦਿਖਾਉਣ ਦੀ ਲੋੜ ਹੈ। ਜੇ ਅਸੀਂ ਕੰਮਾਂ ਰਾਹੀਂ ਨਹੀਂ ਦਿਖਾਉਂਦੇ, ਤਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਇਸ ਲਈ ਪੌਲੁਸ ਅੱਗੋਂ ਸਲਾਹ ਦਿੰਦਾ ਹੈ: “ਆਦਰ ਕਰਨ ਵਿਚ ਇਕ ਦੂਜੇ ਨਾਲੋਂ ਅੱਗੇ ਵਧੋ।” (ਰੋਮ 12:10ਅ, CL) ਆਦਰ ਦਿਖਾਉਣ ਵਿਚ ਕੀ ਕੁਝ ਸ਼ਾਮਲ ਹੈ? ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਅੱਗੇ ਵਧ ਕੇ ਭੈਣਾਂ-ਭਰਾਵਾਂ ਦਾ ਆਦਰ ਕਰੀਏ? ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ?
ਆਦਰ-ਸਨਮਾਨ
3. ਬਾਈਬਲ ਦੀਆਂ ਮੂਲ ਭਾਸ਼ਾਵਾਂ ਵਿਚ “ਆਦਰ” ਲਫ਼ਜ਼ ਕੀ ਭਾਵ ਰੱਖਦਾ ਹੈ?
3 “ਆਦਰ” ਲਈ ਵਰਤੇ ਮੁੱਖ ਇਬਰਾਨੀ ਸ਼ਬਦ ਦਾ ਮਤਲਬ ਹੈ “ਭਾਰਾਪਣ।” ਜਿਸ ਬੰਦੇ ਦਾ ਅਸੀਂ ਆਦਰ ਕਰਦੇ ਹਾਂ, ਉਸ ਨੂੰ ਅਸੀਂ ਵੱਡਾ ਜਾਂ ਮਹੱਤਵਪੂਰਣ ਸਮਝਦੇ ਹਾਂ। ਇਸੇ ਇਬਰਾਨੀ ਸ਼ਬਦ ਨੂੰ ਅਕਸਰ ਬਾਈਬਲ ਵਿਚ “ਪਰਤਾਪ” ਵੀ ਅਨੁਵਾਦ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿਸੇ ਵਿਅਕਤੀ ਦਾ ਬਹੁਤਾ ਆਦਰ ਕਰਨਾ। (ਉਤ. 45:13) ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਆਦਰ” ਕੀਤਾ ਗਿਆ ਹੈ, ਉਹ ਸ਼ਬਦ ਉੱਚਾ, ਮਹੱਤਵਪੂਰਣ ਅਤੇ ਅਨਮੋਲ ਆਦਿ ਸ਼ਬਦਾਂ ਦਾ ਭਾਵ ਰੱਖਦਾ ਹੈ। (ਲੂਕਾ 14:10) ਹਾਂ, ਜਿਨ੍ਹਾਂ ਦਾ ਅਸੀਂ ਆਦਰ ਕਰਦੇ ਹਾਂ, ਉਨ੍ਹਾਂ ਨੂੰ ਅਸੀਂ ਮਹੱਤਵਪੂਰਣ ਅਤੇ ਅਨਮੋਲ ਸਮਝਦੇ ਹਾਂ।
4, 5. ਆਦਰ ਤੇ ਸਨਮਾਨ ਦਾ ਇਕ-ਦੂਜੇ ਨਾਲ ਕੀ ਤਅੱਲਕ ਹੈ? ਸਮਝਾਓ।
4 ਦੂਜਿਆਂ ਦਾ ਸਨਮਾਨ ਕਰਨ ਦਾ ਕੀ ਮਤਲਬ ਹੈ? ਇਹ ਆਦਰ ਨਾਲ ਸ਼ੁਰੂ ਹੁੰਦਾ ਹੈ। ਦਰਅਸਲ, ਆਦਰ-ਸਨਮਾਨ ਸ਼ਬਦ ਅਕਸਰ ਇਕੱਠੇ ਵਰਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਦਾ ਇਕ-ਦੂਜੇ ਨਾਲ ਗਹਿਰਾ ਤਅੱਲਕ ਹੈ। ਜਦ ਅਸੀਂ ਕਿਸੇ ਨੂੰ ਸਨਮਾਨ ਬਖ਼ਸ਼ਦੇ ਹਾਂ, ਤਾਂ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ਉਸ ਦਾ ਆਦਰ ਕਰਦੇ ਹਾਂ। ਦੂਜੇ ਸ਼ਬਦਾਂ ਵਿਚ, ਆਦਰ ਕਰਨ ਨਾਲ ਅਸੀਂ ਮੁੱਖ ਤੌਰ ਤੇ ਦਿਖਾਉਂਦੇ ਹਾਂ ਕਿ ਆਪਣੇ ਭਰਾ ਪ੍ਰਤਿ ਸਾਡਾ ਕਿਹੋ ਜਿਹਾ ਨਜ਼ਰੀਆ ਹੈ, ਜਦ ਕਿ ਸਨਮਾਨ ਕਰਨ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਭਰਾ ਨਾਲ ਕਿਹੋ ਜਿਹਾ ਸਲੂਕ ਕਰਦੇ ਹਾਂ।
5 ਇਕ ਮਸੀਹੀ ਆਪਣੇ ਭੈਣਾਂ-ਭਰਾਵਾਂ ਦਾ ਕਿਵੇਂ ਸਨਮਾਨ ਕਰ ਸਕਦਾ ਹੈ ਜੇ ਉਸ ਦੇ ਦਿਲ ਵਿਚ ਉਨ੍ਹਾਂ ਲਈ ਆਦਰ ਹੀ ਨਹੀਂ ਹੈ? (3 ਯੂਹੰ. 9, 10) ਇਕ ਪੌਦਾ ਤਾਹੀਓਂ ਵਧ-ਫੁੱਲ ਸਕਦਾ ਅਤੇ ਜ਼ਿੰਦਾ ਰਹਿ ਸਕਦਾ ਹੈ ਜੇ ਇਸ ਨੇ ਚੰਗੀ ਮਿੱਟੀ ਵਿਚ ਜੜ੍ਹ ਫੜੀ ਹੋਈ ਹੈ। ਇਸੇ ਤਰ੍ਹਾਂ ਜੇ ਸਾਡੇ ਦਿਲ ਵਿਚ ਕਿਸੇ ਲਈ ਆਦਰ ਹੈ, ਤਾਹੀਓਂ ਅਸੀਂ ਕਿਸੇ ਦਾ ਦਿਲੋਂ ਸਨਮਾਨ ਕਰ ਸਕਦੇ ਹਾਂ ਤੇ ਕਰਦੇ ਰਹਿ ਸਕਦੇ ਹਾਂ। ਜੇ ਅਸੀਂ ਦਿਖਾਵੇ ਲਈ ਕਿਸੇ ਦਾ ਸਨਮਾਨ ਕਰਦੇ ਹਾਂ, ਤਾਂ ਇਹ ਅੱਜ ਜਾਂ ਕੱਲ੍ਹ ਪੌਦੇ ਦੀ ਤਰ੍ਹਾਂ ਮੁਰਝਾ ਜਾਵੇਗਾ। ਇਸੇ ਕਰਕੇ ਪੌਲੁਸ ਨੇ ਸਾਫ਼ ਸ਼ਬਦਾਂ ਵਿਚ ਪਹਿਲਾਂ ਆਦਰ ਕਰਨ ਸੰਬੰਧੀ ਇਹ ਸਲਾਹ ਦਿੱਤੀ ਸੀ: “[ਤੁਹਾਡਾ] ਪ੍ਰੇਮ ਨਿਸ਼ਕਪਟ ਹੋਵੇ।”—ਰੋਮੀ. 12:9; 1 ਪਤਰਸ 1:22 ਪੜ੍ਹੋ।
“ਪਰਮੇਸ਼ੁਰ ਦੇ ਸਰੂਪ ਉੱਤੇ” ਬਣਾਏ ਮਨੁੱਖਾਂ ਦਾ ਆਦਰ ਕਰੋ
6, 7. ਸਾਨੂੰ ਦੂਜਿਆਂ ਦਾ ਆਦਰ ਕਰਨ ਦੀ ਕਿਉਂ ਲੋੜ ਹੈ?
6 ਕਿਸੇ ਦਾ ਸਨਮਾਨ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਦਿਲੋਂ ਉਸ ਦਾ ਆਦਰ ਕਰੀਏ, ਇਸ ਲਈ ਸਾਨੂੰ ਆਪਣੇ ਸਾਰੇ ਭਰਾਵਾਂ ਦਾ ਆਦਰ ਕਰਨ ਬਾਰੇ ਬਾਈਬਲ ਵਿਚ ਦਿੱਤੇ ਕਾਰਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਤਾਂ ਫਿਰ ਆਓ ਆਪਾਂ ਉਨ੍ਹਾਂ ਵਿੱਚੋਂ ਦੋ ਕਾਰਨਾਂ ਉੱਤੇ ਗੌਰ ਕਰੀਏ।
7 ਧਰਤੀ ਉੱਤੇ ਦੂਸਰੇ ਜੀਵ-ਜੰਤੂਆਂ ਦੇ ਉਲਟ ਸਿਰਫ਼ ਇਨਸਾਨਾਂ ਨੂੰ “ਪਰਮੇਸ਼ੁਰ ਦੇ ਸਰੂਪ ਉੱਤੇ” ਬਣਾਇਆ ਗਿਆ ਸੀ। (ਯਾਕੂ. 3:9) ਇਸ ਲਈ ਸਾਡੇ ਵਿਚ ਪਿਆਰ, ਬੁੱਧ ਅਤੇ ਨਿਆਂ ਆਦਿ ਪਰਮੇਸ਼ੁਰੀ ਗੁਣ ਹਨ। ਧਿਆਨ ਦਿਓ ਕਿ ਸਾਨੂੰ ਆਪਣੇ ਸ੍ਰਿਸ਼ਟੀਕਰਤਾ ਤੋਂ ਹੋਰ ਕੀ ਕੁਝ ਮਿਲਿਆ ਹੈ। ਜ਼ਬੂਰ ਕਹਿੰਦਾ ਹੈ: “ਹੇ ਯਹੋਵਾਹ, . . . ਜਿਹ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ! . . . ਤੈਂ [ਇਨਸਾਨ] ਨੂੰ ਪਰਮੇਸ਼ੁਰ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ, ਅਤੇ ਮਹਿਮਾ ਅਰ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ!” (ਜ਼ਬੂ. 8:1, 4, 5; 104:1)a ਪਰਮੇਸ਼ੁਰ ਨੇ ਇਨਸਾਨਾਂ ਨੂੰ ਕੁਝ ਹੱਦ ਤਕ ਮਹਿਮਾ, ਮਾਣ ਅਤੇ ਆਦਰ ਬਖ਼ਸ਼ਿਆ ਹੈ। ਇਸ ਲਈ ਜਦ ਅਸੀਂ ਕਿਸੇ ਦੂਸਰੇ ਇਨਸਾਨ ਦਾ ਆਦਰ-ਮਾਣ ਕਰਦੇ ਹਾਂ, ਤਾਂ ਅਸੀਂ ਮੰਨਦੇ ਹਾਂ ਕਿ ਇਹ ਯੋਗਤਾ ਯਹੋਵਾਹ ਨੇ ਇਨਸਾਨਾਂ ਨੂੰ ਦਿੱਤੀ ਹੈ। ਜੇ ਸਾਡੇ ਕੋਲ ਸਾਰੇ ਲੋਕਾਂ ਦਾ ਆਦਰ ਕਰਨ ਦੇ ਜਾਇਜ਼ ਕਾਰਨ ਹਨ, ਤਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਦਾ ਤਾਂ ਹੋਰ ਵੀ ਆਦਰ ਕਰਨਾ ਚਾਹੀਦਾ ਹੈ!—ਯੂਹੰ. 3:16; ਗਲਾ. 6:10.
ਇੱਕੋ ਪਰਿਵਾਰ ਦੇ ਮੈਂਬਰ
8, 9. ਪੌਲੁਸ ਰਸੂਲ ਨੇ ਇਕ-ਦੂਜੇ ਦਾ ਆਦਰ ਕਰਨ ਸੰਬੰਧੀ ਕਿਹੜਾ ਕਾਰਨ ਦੱਸਿਆ?
8 ਪੌਲੁਸ ਨੇ ਇਕ ਹੋਰ ਕਾਰਨ ਦੱਸਿਆ ਕਿ ਅਸੀਂ ਕਿਉਂ ਇਕ-ਦੂਜੇ ਦਾ ਆਦਰ ਕਰਦੇ ਹਾਂ। ਆਦਰ ਕਰਨ ਬਾਰੇ ਸਲਾਹ ਦੇਣ ਤੋਂ ਪਹਿਲਾਂ ਉਹ ਕਹਿੰਦਾ ਹੈ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ।” ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਗੂੜ੍ਹਾ ਹਿਤ” ਕੀਤਾ ਗਿਆ ਹੈ, ਉਹ ਉਸ ਮਜ਼ਬੂਤ ਬੰਧਨ ਨੂੰ ਸੰਕੇਤ ਕਰਦਾ ਹੈ ਜੋ ਪਿਆਰ ਕਰਨ ਵਾਲੇ ਅਤੇ ਇਕ-ਦੂਜੇ ਦਾ ਸਾਥ ਦੇਣ ਵਾਲੇ ਪਰਿਵਾਰ ਨੂੰ ਇਕ ਕਰਦਾ ਹੈ। ਇਸ ਤਰ੍ਹਾਂ ਪੌਲੁਸ ਇਹ ਸ਼ਬਦ ਵਰਤ ਕੇ ਇਸ ਗੱਲ ʼਤੇ ਜ਼ੋਰ ਦਿੰਦਾ ਹੈ ਕਿ ਕਲੀਸਿਯਾ ਵਿਚ ਮਸੀਹੀਆਂ ਦਾ ਰਿਸ਼ਤਾ ਪਰਿਵਾਰ ਦੀ ਤਰ੍ਹਾਂ ਮਜ਼ਬੂਤ ਅਤੇ ਪਿਆਰ ਭਰਿਆ ਹੋਣਾ ਚਾਹੀਦਾ ਹੈ। (ਰੋਮੀ. 12:5) ਇਸ ਤੋਂ ਇਲਾਵਾ, ਇਹ ਵੀ ਧਿਆਨ ਵਿਚ ਰੱਖੋ ਕਿ ਪੌਲੁਸ ਨੇ ਇਹ ਸ਼ਬਦ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖੇ ਸਨ ਅਤੇ ਉਨ੍ਹਾਂ ਸਾਰਿਆਂ ਨੂੰ ਇੱਕੋ ਪਿਤਾ ਯਹੋਵਾਹ ਨੇ ਆਪਣੇ ਬੱਚਿਆਂ ਵਜੋਂ ਗੋਦ ਲਿਆ ਸੀ। ਇਸ ਤਰ੍ਹਾਂ ਇਕ ਬਹੁਤ ਹੀ ਖ਼ਾਸ ਅਰਥ ਵਿਚ ਉਹ ਪਰਿਵਾਰ ਦੇ ਤੌਰ ਤੇ ਕਰੀਬੀ ਰਿਸ਼ਤੇ ਵਿਚ ਬੱਝ ਚੁੱਕੇ ਸਨ। ਇਸ ਲਈ ਪੌਲੁਸ ਦੇ ਜ਼ਮਾਨੇ ਦੇ ਮਸਹ ਕੀਤੇ ਹੋਏ ਮਸੀਹੀਆਂ ਕੋਲ ਇਕ-ਦੂਜੇ ਦਾ ਆਦਰ ਕਰਨ ਦਾ ਜ਼ਬਰਦਸਤ ਕਾਰਨ ਸੀ। ਇਹ ਗੱਲ ਅੱਜ ਦੇ ਮਸਹ ਕੀਤੇ ਹੋਏ ਮਸੀਹੀਆਂ ਬਾਰੇ ਵੀ ਸੱਚ ਹੈ।
9 “ਹੋਰ ਭੇਡਾਂ” ਬਾਰੇ ਕੀ ਕਿਹਾ ਜਾ ਸਕਦਾ ਹੈ? (ਯੂਹੰ. 10:16) ਭਾਵੇਂ ਕਿ ਉਨ੍ਹਾਂ ਨੂੰ ਹਾਲੇ ਪਰਮੇਸ਼ੁਰ ਦੇ ਬੱਚਿਆਂ ਵਜੋਂ ਗੋਦ ਨਹੀਂ ਲਿਆ ਗਿਆ ਹੈ, ਫਿਰ ਵੀ ਉਹ ਜਾਇਜ਼ ਤੌਰ ਤੇ ਇਕ-ਦੂਸਰੇ ਨੂੰ ਭੈਣ-ਭਰਾ ਕਹਿ ਸਕਦੇ ਹਨ ਕਿਉਂਕਿ ਉਹ ਇੱਕੋ ਵਿਸ਼ਵ-ਵਿਆਪੀ ਮਸੀਹੀ ਪਰਿਵਾਰ ਦੇ ਮੈਂਬਰ ਹਨ। (1 ਪਤ. 2:17; 5:9) ਹੋਰ ਭੇਡਾਂ ਵਿਚ ਗਿਣੇ ਜਾਂਦੇ ਮਸੀਹੀ ਜੇ ਇਹ ਗੱਲ ਚੰਗੀ ਤਰ੍ਹਾਂ ਸਮਝਣ ਕਿ ਉਹ ਇਕ-ਦੂਜੇ ਨੂੰ “ਭਰਾ” ਜਾਂ “ਭੈਣ” ਕਿਉਂ ਕਹਿੰਦੇ ਹਨ, ਤਾਂ ਉਨ੍ਹਾਂ ਕੋਲ ਵੀ ਆਪਣੇ ਨਾਲ ਦੇ ਮਸੀਹੀਆਂ ਦਾ ਦਿਲੋਂ ਆਦਰ ਕਰਨ ਦਾ ਜ਼ਬਰਦਸਤ ਕਾਰਨ ਹੈ।—1 ਪਤਰਸ 3:8 ਪੜ੍ਹੋ।
ਆਦਰ ਕਰਨਾ ਕਿਉਂ ਜ਼ਰੂਰੀ ਹੈ?
10, 11. ਆਦਰ-ਸਨਮਾਨ ਕਰਨਾ ਕਿਉਂ ਇੰਨਾ ਜ਼ਰੂਰੀ ਹੈ?
10 ਆਦਰ-ਸਨਮਾਨ ਕਰਨਾ ਇੰਨਾ ਜ਼ਰੂਰੀ ਕਿਉਂ ਹੈ? ਇਸ ਕਾਰਨ: ਆਪਣੇ ਭੈਣਾਂ-ਭਰਾਵਾਂ ਦਾ ਸਨਮਾਨ ਕਰਨ ਨਾਲ ਅਸੀਂ ਸਾਰੀ ਕਲੀਸਿਯਾ ਦੀ ਭਲਾਈ ਕਰਨ ਅਤੇ ਏਕਤਾ ਵਧਾਉਣ ਵਿਚ ਕਾਫ਼ੀ ਯੋਗਦਾਨ ਪਾਉਂਦੇ ਹਾਂ।
11 ਅਸੀਂ ਮੰਨਦੇ ਹਾਂ ਕਿ ਸਾਨੂੰ ਸੱਚੇ ਮਸੀਹੀਆਂ ਨੂੰ ਦੋ ਜ਼ਬਰਦਸਤ ਚੀਜ਼ਾਂ ਤੋਂ ਤਾਕਤ ਮਿਲਦੀ ਹੈ—ਯਹੋਵਾਹ ਨਾਲ ਸਾਡਾ ਗੂੜ੍ਹਾ ਰਿਸ਼ਤਾ ਤੇ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ। (ਜ਼ਬੂ. 36:7; ਯੂਹੰ. 14:26) ਇਸ ਦੇ ਨਾਲ-ਨਾਲ ਜਦੋਂ ਸਾਡੇ ਭੈਣ-ਭਰਾ ਦਿਖਾਉਂਦੇ ਹਨ ਕਿ ਉਹ ਸਾਡੀ ਕਦਰ ਕਰਦੇ ਹਨ, ਤਾਂ ਸਾਨੂੰ ਹੌਸਲਾ ਮਿਲਦਾ ਹੈ। (ਕਹਾ. 25:11) ਅਸੀਂ ਖ਼ੁਸ਼ ਹੁੰਦੇ ਹਾਂ ਜਦ ਕੋਈ ਅਜਿਹਾ ਕੁਝ ਕਹਿੰਦਾ ਜਾਂ ਕਰਦਾ ਹੈ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਸਾਡਾ ਆਦਰ ਕਰਦਾ ਹੈ। ਇਸ ਨਾਲ ਸਾਨੂੰ ਖ਼ੁਸ਼ੀ ਅਤੇ ਪੱਕੇ ਇਰਾਦੇ ਨਾਲ ਜ਼ਿੰਦਗੀ ਦੇ ਰਾਹ ਉੱਤੇ ਤੁਰਦੇ ਰਹਿਣ ਲਈ ਹੋਰ ਜ਼ਿਆਦਾ ਤਾਕਤ ਮਿਲਦੀ ਹੈ। ਤੁਸੀਂ ਖ਼ੁਦ ਇਹ ਅਨੁਭਵ ਕੀਤਾ ਹੋਵੇਗਾ।
12. ਸਾਡੇ ਵਿੱਚੋਂ ਹਰ ਕੋਈ ਕਿਵੇਂ ਕਲੀਸਿਯਾ ਦੇ ਪਿਆਰ ਭਰੇ ਮਾਹੌਲ ਵਿਚ ਯੋਗਦਾਨ ਪਾ ਸਕਦਾ ਹੈ?
12 ਯਹੋਵਾਹ ਸਾਡੀ ਇਸ ਪੈਦਾਇਸ਼ੀ ਜ਼ਰੂਰਤ ਨੂੰ ਜਾਣਦਾ ਹੈ ਕਿ ਅਸੀਂ ਆਦਰ ਪਾਉਣਾ ਚਾਹੁੰਦੇ ਹਾਂ, ਇਸ ਲਈ ਆਪਣੇ ਬਚਨ ਰਾਹੀਂ ਉਹ ਸਾਨੂੰ ਠੀਕ ਹੀ ਤਾਕੀਦ ਕਰਦਾ ਹੈ ਕਿ “ਆਦਰ ਕਰਨ ਵਿਚ ਇਕ ਦੂਜੇ ਨਾਲੋਂ ਅੱਗੇ ਵਧੋ।” (ਰੋਮ 12:10; ਮੱਤੀ 7:12 ਪੜ੍ਹੋ।) ਹਮੇਸ਼ਾ ਕੰਮ ਆਉਣ ਵਾਲੀ ਇਸ ਸਲਾਹ ਨੂੰ ਮੰਨਣ ਵਾਲੇ ਸਾਰੇ ਭੈਣ-ਭਰਾ ਮਸੀਹੀ ਭਾਈਚਾਰੇ ਦੇ ਪਿਆਰ ਭਰੇ ਮਾਹੌਲ ਵਿਚ ਯੋਗਦਾਨ ਪਾਉਂਦੇ ਹਨ। ਤਾਂ ਫਿਰ ਚੰਗਾ ਹੋਵੇਗਾ ਜੇ ਅਸੀਂ ਆਪਣੇ ਤੋਂ ਪੁੱਛੀਏ, ‘ਮੈਂ ਕਦੋਂ ਕਲੀਸਿਯਾ ਵਿਚ ਆਪਣੀ ਕਹਿਣੀ ਅਤੇ ਕਰਨੀ ਦੁਆਰਾ ਕਿਸੇ ਭਰਾ ਜਾਂ ਭੈਣ ਲਈ ਦਿਲੋਂ ਆਦਰ ਦਿਖਾਇਆ?’—ਰੋਮੀ. 13:8.
ਸਾਰਿਆਂ ਦੀ ਖ਼ਾਸ ਜ਼ਿੰਮੇਵਾਰੀ
13. (ੳ) ਕਿਨ੍ਹਾਂ ਨੂੰ ਆਦਰ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ? (ਅ) ਰੋਮੀਆਂ 1:7 ਵਿਚ ਪਾਏ ਜਾਂਦੇ ਪੌਲੁਸ ਦੇ ਸ਼ਬਦਾਂ ਤੋਂ ਕੀ ਪਤਾ ਲੱਗਦਾ ਹੈ?
13 ਕਿਨ੍ਹਾਂ ਨੂੰ ਆਦਰ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ? ਪੌਲੁਸ ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਮਸੀਹੀ ਬਜ਼ੁਰਗਾਂ ਨੂੰ ‘ਆਗੂ’ ਕਹਿੰਦਾ ਹੈ ਕਿਉਂਕਿ ਉਹ ਸਾਡੀ ਅਗਵਾਈ ਕਰਦੇ ਹਨ। (ਇਬ. 13:17) ਇਹ ਸੱਚ ਹੈ ਕਿ ਬਜ਼ੁਰਗ ਕਈ ਕੰਮਾਂ ਵਿਚ ਅਗਵਾਈ ਕਰਦੇ ਹਨ। ਫਿਰ ਵੀ ਇੱਜੜ ਦੇ ਚਰਵਾਹੇ ਹੋਣ ਕਰਕੇ, ਉਨ੍ਹਾਂ ਨੂੰ ਭੈਣਾਂ-ਭਰਾਵਾਂ ਅਤੇ ਆਪਣੇ ਨਾਲ ਦੇ ਬਜ਼ੁਰਗਾਂ ਦਾ ਆਦਰ ਕਰਨ ਵਿਚ ਅੱਗੇ ਹੋਣਾ ਚਾਹੀਦਾ ਹੈ। ਮਿਸਾਲ ਲਈ, ਜਦੋਂ ਬਜ਼ੁਰਗ ਕਲੀਸਿਯਾ ਦੀਆਂ ਲੋੜਾਂ ਬਾਰੇ ਗੱਲ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਉਹ ਆਪਣੇ ਨਾਲ ਦੇ ਕਿਸੇ ਵੀ ਬਜ਼ੁਰਗ ਦੀਆਂ ਕਹੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਦੁਆਰਾ ਇਕ-ਦੂਜੇ ਦਾ ਆਦਰ ਕਰਦੇ ਹਨ। ਇਸ ਤੋਂ ਇਲਾਵਾ, ਉਹ ਫ਼ੈਸਲਾ ਕਰਨ ਲੱਗਿਆਂ ਸਾਰੇ ਬਜ਼ੁਰਗਾਂ ਦੇ ਵਿਚਾਰਾਂ ਨੂੰ ਧਿਆਨ ਵਿਚ ਰੱਖ ਕੇ ਆਦਰ ਕਰਦੇ ਹਨ। (ਰਸੂ. 15:6-15) ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੋਮੀਆਂ ਨੂੰ ਲਿਖੀ ਚਿੱਠੀ ਸਿਰਫ਼ ਬਜ਼ੁਰਗਾਂ ਲਈ ਨਹੀਂ ਸੀ, ਸਗੋਂ ਸਾਰੀ ਕਲੀਸਿਯਾ ਵਾਸਤੇ ਸੀ। (ਰੋਮੀ. 1:7) ਇਸ ਤਰ੍ਹਾਂ ਆਦਰ ਕਰਨ ਲਈ ਅੱਗੇ ਹੋਣ ਬਾਰੇ ਦਿੱਤੀ ਸਲਾਹ ਅੱਜ ਸਾਡੇ ਸਾਰਿਆਂ ਉੱਤੇ ਲਾਗੂ ਹੁੰਦੀ ਹੈ।
14. (ੳ) ਮਿਸਾਲ ਦੇ ਕੇ ਸਮਝਾਓ ਕਿ ਆਦਰ ਕਰਨ ਅਤੇ ਅੱਗੇ ਹੋ ਕੇ ਆਦਰ ਕਰਨ ਵਿਚ ਕੀ ਫ਼ਰਕ ਹੈ। (ਅ) ਅਸੀਂ ਆਪਣੇ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ?
14 ਪੌਲੁਸ ਦੀ ਸਲਾਹ ਦੇ ਇਸ ਪਹਿਲੂ ਉੱਤੇ ਵੀ ਧਿਆਨ ਦਿਓ। ਉਸ ਨੇ ਰੋਮ ਦੇ ਭੈਣਾਂ-ਭਰਾਵਾਂ ਨੂੰ ਸਿਰਫ਼ ਆਦਰ ਕਰਨ ਦੀ ਤਾਕੀਦ ਨਹੀਂ ਕੀਤੀ ਸੀ, ਸਗੋਂ ਆਦਰ ਕਰਨ ਲਈ ਅੱਗੇ ਹੋਣ ਵਾਸਤੇ ਕਿਹਾ ਸੀ। ਕੀ ਇਸ ਨਾਲ ਕੋਈ ਫ਼ਰਕ ਪੈਂਦਾ ਹੈ? ਇਸ ਮਿਸਾਲ ਉੱਤੇ ਗੌਰ ਕਰੋ। ਕੀ ਇਕ ਅਧਿਆਪਕ ਪੜ੍ਹੇ-ਲਿਖੇ ਵਿਦਿਆਰਥੀਆਂ ਨੂੰ ਪੜ੍ਹਨਾ ਸਿੱਖਣ ਵਾਸਤੇ ਕਹੇਗਾ? ਨਹੀਂ। ਉਹ ਪਹਿਲਾਂ ਹੀ ਪੜ੍ਹਨਾ ਜਾਣਦੇ ਹਨ। ਇਸ ਦੀ ਬਜਾਇ, ਅਧਿਆਪਕ ਵਧੀਆਂ ਤਰੀਕੇ ਨਾਲ ਪੜ੍ਹਨ ਵਿਚ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੇਗਾ। ਇਸੇ ਤਰ੍ਹਾਂ, ਸੱਚੇ ਮਸੀਹੀ ਪਹਿਲਾਂ ਹੀ ਇਕ-ਦੂਜੇ ਨੂੰ ਪਿਆਰ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਹਨ। ਇਸੇ ਸਦਕਾ ਉਹ ਹੋਰਨਾਂ ਦਾ ਆਦਰ ਕਰਦੇ ਹਨ। (ਯੂਹੰ. 13:35) ਪਰ ਜਿਸ ਤਰ੍ਹਾਂ ਪੜ੍ਹੇ-ਲਿਖੇ ਵਿਦਿਆਰਥੀ ਆਪਣੀ ਪੜ੍ਹਨ ਦੀ ਕਲਾ ਨੂੰ ਸੁਧਾਰ ਕੇ ਅੱਗੋਂ ਤਰੱਕੀ ਕਰ ਸਕਦੇ ਹਨ, ਉਸੇ ਤਰ੍ਹਾਂ ਅਸੀਂ ਆਦਰ ਕਰਨ ਲਈ ਅੱਗੇ ਹੋਣ ਦੁਆਰਾ ਹੋਰ ਤਰੱਕੀ ਕਰ ਸਕਦੇ ਹਾਂ। (1 ਥੱਸ. 4:9, 10) ਇਹ ਸਾਡੇ ਸਾਰਿਆਂ ਵਿੱਚੋਂ ਹਰੇਕ ਦੀ ਖ਼ਾਸ ਜ਼ਿੰਮੇਵਾਰੀ ਹੈ। ਅਸੀਂ ਆਪਣੇ ਤੋਂ ਪੁੱਛ ਸਕਦੇ ਹਾਂ, ‘ਕੀ ਮੈਂ ਆਪਣੀ ਕਲੀਸਿਯਾ ਵਿਚ ਅੱਗੇ ਹੋ ਕੇ ਦੂਜਿਆਂ ਦਾ ਆਦਰ ਕਰਦਾ ਹਾਂ?’
ਨੀਵਿਆਂ ਦਾ ਆਦਰ ਕਰੋ
15, 16. (ੳ) ਆਦਰ ਕਰਨ ਲੱਗਿਆਂ ਸਾਨੂੰ ਕਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਕਿਉਂ? (ਅ) ਕਿਹੜੀ ਗੱਲ ਤੋਂ ਸ਼ਾਇਦ ਜ਼ਾਹਰ ਹੋਵੇ ਕਿ ਅਸੀਂ ਦਿਲੋਂ ਸਾਰੇ ਭੈਣਾਂ-ਭਰਾਵਾਂ ਦਾ ਆਦਰ ਕਰਦੇ ਹਾਂ?
15 ਆਦਰ ਕਰਨ ਲੱਗਿਆਂ, ਸਾਨੂੰ ਕਲੀਸਿਯਾ ਵਿਚ ਕਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ? ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” (ਕਹਾ. 19:17) ਇਨ੍ਹਾਂ ਸ਼ਬਦਾਂ ਵਿਚ ਪਾਏ ਜਾਂਦੇ ਸਿਧਾਂਤ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ ਜਦੋਂ ਅਸੀਂ ਅੱਗੇ ਹੋ ਕੇ ਆਦਰ ਕਰਨ ਦੀ ਕੋਸ਼ਿਸ਼ ਕਰਦੇ ਹਾਂ?
16 ਤੁਸੀਂ ਸਹਿਮਤ ਹੋਵੋਗੇ ਕਿ ਜ਼ਿਆਦਾਤਰ ਲੋਕ ਆਪਣੇ ਤੋਂ ਵੱਡੀ ਪਦਵੀ ਵਾਲਿਆਂ ਦਾ ਆਦਰ ਕਰਨ ਲਈ ਤਿਆਰ ਹੁੰਦੇ ਹਨ, ਪਰ ਇਹੀ ਲੋਕ ਉਨ੍ਹਾਂ ਲੋਕਾਂ ਦਾ ਬਹੁਤ ਘੱਟ ਜਾਂ ਬਿਲਕੁਲ ਵੀ ਆਦਰ ਨਹੀਂ ਕਰਦੇ ਜਿਨ੍ਹਾਂ ਨੂੰ ਸ਼ਾਇਦ ਉਹ ਆਪਣੇ ਤੋਂ ਨੀਵਾਂ ਸਮਝਦੇ ਹਨ। ਪਰ ਯਹੋਵਾਹ ਇਸ ਤਰ੍ਹਾਂ ਦਾ ਨਹੀਂ ਹੈ। ਉਹ ਕਹਿੰਦਾ ਹੈ: “ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਨ੍ਹਾਂ ਦਾ ਆਦਰ ਕਰਾਂਗਾ।” (1 ਸਮੂ. 2:30; ਜ਼ਬੂ. 113:5-7) ਯਹੋਵਾਹ ਉਨ੍ਹਾਂ ਸਾਰਿਆਂ ਦਾ ਆਦਰ ਕਰਦਾ ਹੈ ਜੋ ਉਸ ਦੀ ਸੇਵਾ ਅਤੇ ਆਦਰ ਕਰਦੇ ਹਨ। ਉਹ “ਅੱਝਿਆਂ” ਯਾਨੀ ਨੀਵਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। (ਯਸਾਯਾਹ 57:15 ਪੜ੍ਹੋ; 2 ਇਤ. 16:9) ਹਾਂ, ਅਸੀਂ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਾਂ। ਇਸ ਲਈ ਜੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਅਸੀਂ ਦੂਜਿਆਂ ਦਾ ਦਿਲੋਂ ਕਿੰਨਾ ਕੁ ਆਦਰ ਕਰਦੇ ਹਾਂ, ਤਾਂ ਚੰਗਾ ਹੋਵੇਗਾ ਕਿ ਅਸੀਂ ਆਪਣੇ ਤੋਂ ਪੁੱਛੀਏ, ‘ਅਸੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ ਜਿਨ੍ਹਾਂ ਕੋਲ ਕਲੀਸਿਯਾ ਵਿਚ ਵੱਡੇ-ਵੱਡੇ ਸਨਮਾਨ ਜਾਂ ਜ਼ਿੰਮੇਵਾਰੀਆਂ ਨਹੀਂ ਹਨ?’ (ਯੂਹੰ. 13:14, 15) ਇਸ ਸਵਾਲ ਦੇ ਜਵਾਬ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਹੋਰਨਾਂ ਦਾ ਦਿਲੋਂ ਕਿੰਨਾ ਕੁ ਆਦਰ ਕਰਦੇ ਹਾਂ।—ਫ਼ਿਲਿੱਪੀਆਂ 2:3, 4 ਪੜ੍ਹੋ।
ਆਪਣਾ ਸਮਾਂ ਦੇ ਕੇ ਆਦਰ ਦਿਖਾਓ
17. ਕਿਹੜੇ ਮੁੱਖ ਤਰੀਕੇ ਨਾਲ ਅਸੀਂ ਅੱਗੇ ਹੋ ਕੇ ਆਦਰ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ?
17 ਕਿਹੜੇ ਮੁੱਖ ਤਰੀਕੇ ਨਾਲ ਅਸੀਂ ਕਲੀਸਿਯਾ ਵਿਚ ਅੱਗੇ ਹੋ ਕੇ ਸਾਰਿਆਂ ਦਾ ਆਦਰ ਕਰ ਸਕਦੇ ਹਾਂ? ਆਪਣਾ ਸਮਾਂ ਹੋਰਨਾਂ ਨੂੰ ਦੇ ਕੇ। ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ? ਮਸੀਹੀ ਹੋਣ ਕਰਕੇ ਅਸੀਂ ਬਹੁਤ ਰੁੱਝੇ ਹੋਏ ਹਾਂ ਅਤੇ ਕਲੀਸਿਯਾ ਦੇ ਬਹੁਤ ਸਾਰੇ ਜ਼ਰੂਰੀ ਕੰਮ ਕਰਨ ਵਿਚ ਸਾਡਾ ਬਹੁਤ ਸਾਰਾ ਸਮਾਂ ਲੱਗ ਜਾਂਦਾ ਹੈ। ਇਸ ਲਈ ਅਸੀਂ ਸਮੇਂ ਨੂੰ ਬਹੁਤ ਕੀਮਤੀ ਸਮਝਦੇ ਹਾਂ। ਸਾਨੂੰ ਇਹ ਵੀ ਪਤਾ ਹੈ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਤੋਂ ਹੱਦੋਂ ਵਧ ਸਮਾਂ ਨਹੀਂ ਮੰਗਣਾ ਚਾਹੀਦਾ। ਇਸੇ ਤਰ੍ਹਾਂ ਅਸੀਂ ਚਾਹਾਂਗੇ ਕਿ ਕਲੀਸਿਯਾ ਵਿਚ ਦੂਸਰੇ ਵੀ ਇਸ ਗੱਲ ਨੂੰ ਸਮਝਣ ਕਿ ਉਹ ਸਾਡੇ ਤੋਂ ਹੱਦੋਂ ਜ਼ਿਆਦਾ ਸਮਾਂ ਨਹੀਂ ਮੰਗਣਾ ਚਾਹੁਣਗੇ।
18. ਜਿਵੇਂ ਸਫ਼ਾ 18 ਉੱਤੇ ਦਿਖਾਇਆ ਗਿਆ ਹੈ, ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਕੁਝ ਸਮਾਂ ਕੱਢਣ ਲਈ ਤਿਆਰ ਹਾਂ?
18 ਅਸੀਂ (ਖ਼ਾਸਕਰ ਜੋ ਕਲੀਸਿਯਾ ਵਿਚ ਚਰਵਾਹਿਆਂ ਵਜੋਂ ਸੇਵਾ ਕਰਦੇ ਹਾਂ) ਜਾਣਦੇ ਹਾਂ ਕਿ ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਕੁਝ ਸਮਾਂ ਦੇਣ ਲਈ ਆਪਣੇ ਕੰਮਾਂ-ਕਾਰਾਂ ਨੂੰ ਵਿਚਕਾਰ ਹੀ ਛੱਡ ਦਿੰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ। ਉਹ ਕਿਵੇਂ? ਆਪਣੇ ਭੈਣਾਂ-ਭਰਾਵਾਂ ਨੂੰ ਕੁਝ ਸਮਾਂ ਦੇਣ ਲਈ ਆਪਣੇ ਕੰਮਾਂ ਨੂੰ ਵਿਚਕਾਰ ਹੀ ਛੱਡ ਕੇ ਅਸਲ ਵਿਚ ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ: ‘ਤੁਸੀਂ ਮੇਰੀਆਂ ਨਜ਼ਰਾਂ ਵਿਚ ਇੰਨੇ ਅਨਮੋਲ ਹੋ ਕਿ ਮੇਰੇ ਲਈ ਕੰਮ ਨਾਲੋਂ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਲਈ ਕੁਝ ਸਮਾਂ ਕੱਢਣਾ।’ (ਮਰ. 6:30-34) ਇਸ ਤੋਂ ਉਲਟ ਵੀ ਸਹੀ ਹੈ। ਜੇ ਅਸੀਂ ਆਪਣੇ ਭਰਾ ਲਈ ਕੁਝ ਸਮਾਂ ਕੱਢਣ ਦੀ ਬਜਾਇ ਆਪਣੇ ਕੰਮਾਂ ਨੂੰ ਰੋਕਦੇ ਨਹੀਂ, ਤਾਂ ਅਸੀਂ ਸ਼ਾਇਦ ਉਸ ਨੂੰ ਅਹਿਸਾਸ ਕਰਾਈਏ ਕਿ ਅਸੀਂ ਉਸ ਨੂੰ ਇੰਨਾ ਅਨਮੋਲ ਨਹੀਂ ਸਮਝਦੇ। ਹਾਂ, ਇਹ ਗੱਲ ਤਾਂ ਅਸੀਂ ਸਮਝਦੇ ਹਾਂ ਕਿ ਕਦੇ-ਕਦੇ ਕਿਸੇ ਜ਼ਰੂਰੀ ਕੰਮ ਨੂੰ ਰੋਕਿਆ ਨਹੀਂ ਜਾ ਸਕਦਾ। ਫਿਰ ਵੀ, ਦੂਜਿਆਂ ਲਈ ਕੁਝ ਸਮਾਂ ਕੱਢਣ ਜਾਂ ਨਾ ਕੱਢਣ ਨਾਲ ਜ਼ਾਹਰ ਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਦਿਲੋਂ ਕਿੰਨਾ ਕੁ ਆਦਰ ਕਰਦੇ ਹਾਂ।—1 ਕੁਰਿੰ. 10:24.
ਅੱਗੇ ਹੋ ਕੇ ਆਦਰ ਕਰਨ ਦਾ ਪੱਕਾ ਇਰਾਦਾ ਕਰੋ
19. ਆਪਣਾ ਸਮਾਂ ਦੇਣ ਤੋਂ ਇਲਾਵਾ ਹੋਰ ਕਿਹੜੇ ਤਰੀਕੇ ਨਾਲ ਅਸੀਂ ਭੈਣਾਂ-ਭਰਾਵਾਂ ਦਾ ਆਦਰ ਕਰ ਸਕਦੇ ਹਾਂ?
19 ਹੋਰ ਵੀ ਮਹੱਤਵਪੂਰਣ ਤਰੀਕਿਆਂ ਨਾਲ ਅਸੀਂ ਭੈਣਾਂ-ਭਰਾਵਾਂ ਦਾ ਆਦਰ ਕਰ ਸਕਦੇ ਹਾਂ। ਮਿਸਾਲ ਲਈ ਜਦੋਂ ਅਸੀਂ ਉਨ੍ਹਾਂ ਨੂੰ ਆਪਣਾ ਸਮਾਂ ਦਿੰਦੇ ਹਾਂ, ਤਾਂ ਸਾਨੂੰ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਸ ਮਾਮਲੇ ਵਿਚ ਵੀ ਯਹੋਵਾਹ ਚੰਗੀ ਮਿਸਾਲ ਹੈ। ਜ਼ਬੂਰ ਦਾਊਦ ਕਹਿੰਦਾ ਹੈ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (ਜ਼ਬੂ. 34:15) ਅਸੀਂ ਯਹੋਵਾਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਭਰਾਵਾਂ ਵੱਲ ਪੂਰਾ ਧਿਆਨ ਦਿੰਦੇ ਹਾਂ, ਖ਼ਾਸਕਰ ਉਨ੍ਹਾਂ ਵੱਲ ਜੋ ਸਾਡੇ ਤੋਂ ਮਦਦ ਲੈਣ ਆਉਂਦੇ ਹਨ। ਇੱਦਾਂ ਕਰ ਕੇ ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ।
20. ਆਦਰ ਕਰਨ ਸੰਬੰਧੀ ਕਿਹੜੀਆਂ ਗੱਲਾਂ ਅਸੀਂ ਯਾਦ ਰੱਖਣੀਆਂ ਚਾਹੁੰਦੇ ਹਾਂ?
20 ਅਸੀਂ ਦੇਖਿਆ ਹੈ ਕਿ ਅਸੀਂ ਯਾਦ ਰੱਖਣਾ ਚਾਹੁੰਦੇ ਹਾਂ ਕਿ ਸਾਨੂੰ ਕਿਉਂ ਭੈਣਾਂ-ਭਰਾਵਾਂ ਦਾ ਦਿਲੋਂ ਆਦਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਅਸੀਂ ਪਹਿਲ ਕਰ ਕੇ ਸਾਰਿਆਂ ਦਾ ਆਦਰ ਕਰਨ ਦੇ ਮੌਕੇ ਭਾਲਾਂਗੇ ਜਿਨ੍ਹਾਂ ਵਿਚ ਉਹ ਭੈਣ-ਭਰਾ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਸ਼ਾਇਦ ਨੀਵਾਂ ਸਮਝਿਆ ਜਾਵੇ। ਇਹ ਕਦਮ ਚੁੱਕ ਕੇ ਅਸੀਂ ਕਲੀਸਿਯਾ ਵਿਚ ਭਰਾਵਾਂ ਦੇ ਪਿਆਰ ਦੇ ਬੰਧਨ ਨੂੰ ਮਜ਼ਬੂਤ ਕਰਾਂਗੇ ਅਤੇ ਏਕਤਾ ਵਧਾਵਾਂਗੇ। ਇਸ ਲਈ ਆਓ ਆਪਾਂ ਸਾਰੇ ਨਾ ਸਿਰਫ਼ ਆਦਰ ਕਰੀਏ, ਸਗੋਂ ਖ਼ਾਸਕਰ ਅੱਗੇ ਹੋ ਕੇ ਇਕ-ਦੂਜੇ ਦਾ ਆਦਰ ਕਰੀਏ। ਕੀ ਤੁਸੀਂ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
[ਫੁਟਨੋਟ]
a ਜ਼ਬੂਰਾਂ ਦੀ ਪੋਥੀ ਦੇ 8ਵੇਂ ਅਧਿਆਇ ਵਿਚ ਪਾਏ ਜਾਂਦੇ ਸ਼ਬਦ ਇਕ ਭਵਿੱਖਬਾਣੀ ਵੀ ਹੈ ਜੋ ਮੁਕੰਮਲ ਇਨਸਾਨ ਯਿਸੂ ਮਸੀਹ ਵੱਲ ਸੰਕੇਤ ਕਰਦੀ ਹੈ।—ਇਬ. 2:6-9.
ਕੀ ਤੁਹਾਨੂੰ ਯਾਦ ਹੈ?
• ਆਦਰ ਅਤੇ ਸਨਮਾਨ ਦਾ ਇਕ-ਦੂਜੇ ਨਾਲ ਕੀ ਸੰਬੰਧ ਹੈ?
• ਭੈਣਾਂ-ਭਰਾਵਾਂ ਦਾ ਆਦਰ ਕਰਨ ਲਈ ਸਾਡੇ ਕੋਲ ਕਿਹੜੇ ਕਾਰਨ ਹਨ?
• ਇਕ-ਦੂਜੇ ਦਾ ਆਦਰ ਕਰਨਾ ਕਿੰਨਾ ਕੁ ਜ਼ਰੂਰੀ ਹੈ?
• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਭੈਣਾਂ-ਭਰਾਵਾਂ ਦਾ ਆਦਰ ਕਰ ਸਕਦੇ ਹਾਂ?
[ਸਫ਼ਾ 18 ਉੱਤੇ ਤਸਵੀਰ]
ਅਸੀਂ ਭੈਣਾਂ-ਭਰਾਵਾਂ ਦਾ ਕਿਵੇਂ ਆਦਰ ਕਰ ਸਕਦੇ ਹਾਂ?