ਨੌਜਵਾਨੋ—ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ
“ਤੁਹਾਡੀ ਗੱਲ ਬਾਤ ਸਦਾ . . . ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।”—ਕੁਲੁ. 4:6.
1, 2. ਬਹੁਤ ਸਾਰੇ ਨੌਜਵਾਨ ਵੱਖਰੇ ਦਿਸਣ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਅਤੇ ਕਿਉਂ?
ਕੋਈ ਸ਼ੱਕ ਨਹੀਂ ਕਿ ਤੁਸੀਂ “ਹਾਣੀਆਂ ਦਾ ਦਬਾਅ” ਸ਼ਬਦ ਨਾ ਸਿਰਫ਼ ਸੁਣੇ ਹਨ ਬਲਕਿ ਤੁਹਾਡੇ ਉੱਤੇ ਇਹ ਦਬਾਅ ਆਇਆ ਵੀ ਹੈ। ਤੁਹਾਨੂੰ ਸ਼ਾਇਦ ਕਦੇ ਨਾ ਕਦੇ ਕਿਸੇ ਨੇ ਕੁਝ ਅਜਿਹਾ ਕਰਨ ਨੂੰ ਕਿਹਾ ਹੋਣਾ ਜੋ ਤੁਹਾਨੂੰ ਪਤਾ ਹੈ ਕਿ ਗ਼ਲਤ ਹੈ। ਜਦ ਇਸ ਤਰ੍ਹਾਂ ਹੁੰਦਾ ਹੈ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? 14 ਸਾਲ ਦਾ ਕ੍ਰਿਸਟਫਰ ਕਹਿੰਦਾ ਹੈ, “ਕਦੇ-ਕਦੇ ਮੈਂ ਚਾਹੁੰਦਾ ਹਾਂ ਕਿ ਉੱਥੋਂ ਅਲੋਪ ਹੀ ਹੋ ਜਾਵਾਂ ਜਾਂ ਸਕੂਲ ਦੇ ਬਾਕੀ ਮੁੰਡੇ-ਕੁੜੀਆਂ ਵਰਗਾ ਬਣ ਜਾਵਾਂ ਤਾਂਕਿ ਮੈਂ ਵੱਖਰਾ ਨਾ ਦਿਸਾਂ।”
2 ਕੀ ਤੁਹਾਡੇ ਹਾਣੀ ਤੁਹਾਡੇ ਉੱਤੇ ਜ਼ਬਰਦਸਤ ਪ੍ਰਭਾਵ ਪਾਉਂਦੇ ਹਨ? ਜੇਕਰ ਹਾਂ, ਤਾਂ ਕਿਉਂ? ਕੀ ਇਸ ਲਈ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਨੂੰ ਪਸੰਦ ਕਰਨ? ਇਹ ਇੱਛਾ ਆਪਣੇ ਆਪ ਵਿਚ ਗ਼ਲਤ ਨਹੀਂ ਹੈ। ਅਸਲ ਵਿਚ ਵੱਡੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਹਾਣੀ ਉਨ੍ਹਾਂ ਨੂੰ ਸਵੀਕਾਰ ਕਰਨ। ਕੋਈ ਵੀ ਨਹੀਂ ਚਾਹੁੰਦਾ ਕਿ ਉਸ ਨੂੰ ਕੋਈ ਨਾਪਸੰਦ ਕਰੇ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ। ਪਰ ਅਸਲ ਗੱਲ ਤਾਂ ਇਹ ਹੈ ਕਿ ਹਮੇਸ਼ਾ ਦੂਸਰੇ ਤੁਹਾਡੀ ਤਾਰੀਫ਼ ਨਹੀਂ ਕਰਨਗੇ ਜਦੋਂ ਤੁਸੀਂ ਸਹੀ ਕੰਮ ਕਰਨ ਲਈ ਦ੍ਰਿੜ੍ਹ ਰਹਿੰਦੇ ਹੋ। ਯਿਸੂ ਨੂੰ ਵੀ ਇਸ ਅਸਲੀਅਤ ਦਾ ਸਾਮ੍ਹਣਾ ਕਰਨਾ ਪਿਆ ਸੀ। ਫਿਰ ਵੀ ਯਿਸੂ ਹਮੇਸ਼ਾ ਸਹੀ ਕੰਮ ਕਰਦਾ ਸੀ। ਕੁਝ ਲੋਕਾਂ ਨੇ ਉਸ ਦੀ ਗੱਲ ਸੁਣੀ ਅਤੇ ਉਸ ਦੇ ਚੇਲੇ ਬਣ ਗਏ, ਜਦ ਕਿ ਹੋਰਨਾਂ ਨੇ ਪਰਮੇਸ਼ੁਰ ਦੇ ਪੁੱਤਰ ਨਾਲ ਨਫ਼ਰਤ ਕੀਤੀ ਅਤੇ “ਉਸ ਦੀ ਕਦਰ ਨਾ ਕੀਤੀ।”—ਯਸਾ. 53:3.
ਹਾਣੀਆਂ ਵਰਗੇ ਬਣਨ ਦਾ ਦਬਾਅ ਕਿੰਨਾ ਕੁ ਜ਼ਬਰਦਸਤ ਹੈ?
3. ਆਪਣੇ ਹਾਣੀਆਂ ਦੇ ਮਿਆਰਾਂ ਅਨੁਸਾਰ ਚੱਲਣਾ ਗ਼ਲਤ ਕਿਉਂ ਹੈ?
3 ਕਦੇ-ਕਦੇ ਤੁਸੀਂ ਸ਼ਾਇਦ ਆਪਣੇ ਹਾਣੀਆਂ ਦੇ ਮਿਆਰਾਂ ਅਨੁਸਾਰ ਚੱਲਣਾ ਚਾਹੋ ਤਾਂਕਿ ਉਹ ਤੁਹਾਨੂੰ ਠੁਕਰਾ ਨਾ ਦੇਣ। ਇਹ ਤੁਹਾਡੀ ਗ਼ਲਤੀ ਹੋਵੇਗੀ। ਮਸੀਹੀਆਂ ਨੂੰ ਨਿਆਣੇ ਨਹੀਂ ਬਣਨਾ ਚਾਹੀਦਾ ਜਿਹੜੇ “ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।” (ਅਫ਼. 4:14) ਛੋਟੇ-ਛੋਟੇ ਨਿਆਣਿਆਂ ਨੂੰ ਦੂਸਰੇ ਆਸਾਨੀ ਨਾਲ ਭਰਮਾ ਸਕਦੇ ਹਨ। ਪਰ ਤੁਸੀਂ ਛੋਟੇ ਬੱਚੇ ਨਹੀਂ ਹੋ, ਸਗੋਂ ਬਾਲਗ ਅਵਸਥਾ ਵੱਲ ਵਧ ਰਹੇ ਹੋ। ਇਸ ਲਈ ਜੇ ਤੁਸੀਂ ਮੰਨਦੇ ਹੋ ਕਿ ਯਹੋਵਾਹ ਦੇ ਮਿਆਰ ਤੁਹਾਡੇ ਭਲੇ ਲਈ ਹਨ, ਤਾਂ ਤੁਸੀਂ ਆਪਣੇ ਵਿਸ਼ਵਾਸਾਂ ਅਨੁਸਾਰ ਜੀਣਾ ਆਪਣਾ ਫ਼ਰਜ਼ ਸਮਝਦੇ ਹੋ। (ਬਿਵ. 10:12, 13) ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਤੁਸੀਂ ਆਪਣੇ ਢੰਗ ਨਾਲ ਜ਼ਿੰਦਗੀ ਨਹੀਂ ਜੀਓਗੇ। ਅਸਲ ਵਿਚ ਜਦੋਂ ਤੁਸੀਂ ਦੂਜਿਆਂ ਦੇ ਦਬਾਅ ਹੇਠ ਆ ਜਾਂਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਜਾਂਦੇ ਹੋ।—2 ਪਤਰਸ 2:19 ਪੜ੍ਹੋ।
4, 5. (ੳ) ਹਾਰੂਨ ਕਿਸ ਤਰ੍ਹਾਂ ਦਬਾਅ ਹੇਠ ਆ ਗਿਆ ਅਤੇ ਤੁਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹੋ? (ਅ) ਤੁਹਾਡੇ ਹਾਣੀ ਤੁਹਾਡੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਨ ਲਈ ਸ਼ਾਇਦ ਕਿਹੜੇ ਤਰੀਕੇ ਵਰਤਣ?
4 ਇਕ ਮੌਕੇ ਤੇ ਮੂਸਾ ਦਾ ਭਰਾ ਹਾਰੂਨ ਹਾਣੀਆਂ ਦੇ ਦਬਾਅ ਅੱਗੇ ਝੁਕ ਗਿਆ। ਜਦੋਂ ਇਸਰਾਏਲੀਆਂ ਨੇ ਆਪਣੇ ਵਾਸਤੇ ਉਸ ਨੂੰ ਦੇਵਤਾ ਬਣਾਉਣ ਲਈ ਕਿਹਾ, ਤਾਂ ਹਾਰੂਨ ਨੇ ਬਣਾ ਦਿੱਤਾ। ਪਰ ਹਾਰੂਨ ਕਮਜ਼ੋਰ ਬੰਦਾ ਨਹੀਂ ਸੀ। ਇਸ ਤੋਂ ਪਹਿਲਾਂ ਉਸ ਨੇ ਮੂਸਾ ਦਾ ਸਾਥ ਦਿੱਤਾ ਸੀ ਅਤੇ ਉਸ ਨੇ ਮਿਸਰ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਫ਼ਿਰਊਨ ਦਾ ਸਾਮ੍ਹਣਾ ਕੀਤਾ ਸੀ। ਹਾਰੂਨ ਨੇ ਫ਼ਿਰਊਨ ਨਾਲ ਦਲੇਰੀ ਨਾਲ ਗੱਲ ਕੀਤੀ ਅਤੇ ਉਸ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਇਆ। ਪਰ ਜਦੋਂ ਇਸਰਾਏਲੀਆਂ ਨੇ ਉਸ ਉੱਤੇ ਦਬਾਅ ਪਾਇਆ, ਤਾਂ ਉਹ ਉਨ੍ਹਾਂ ਅੱਗੇ ਝੁਕ ਗਿਆ। ਹਾਣੀਆਂ ਦਾ ਦਬਾਅ ਕਿੰਨਾ ਜ਼ਬਰਦਸਤ ਹੋ ਸਕਦਾ ਹੈ! ਹਾਰੂਨ ਨੂੰ ਆਪਣੇ ਲੋਕਾਂ ਦੀ ਬਜਾਇ ਮਿਸਰ ਦੇ ਰਾਜੇ ਅੱਗੇ ਦ੍ਰਿੜ੍ਹ ਰਹਿਣਾ ਜ਼ਿਆਦਾ ਸੌਖਾ ਲੱਗਾ।—ਕੂਚ 7:1, 2; 32:1-4.
5 ਹਾਰੂਨ ਦੀ ਮਿਸਾਲ ਦਿਖਾਉਂਦੀ ਹੈ ਕਿ ਹਾਣੀਆਂ ਦਾ ਦਬਾਅ ਸਿਰਫ਼ ਨੌਜਵਾਨਾਂ ਜਾਂ ਬੁਰਾਈ ਕਰਨ ਦਾ ਝੁਕਾਅ ਰੱਖਣ ਵਾਲਿਆਂ ਉੱਤੇ ਹੀ ਨਹੀਂ ਪੈਂਦਾ। ਹਾਣੀਆਂ ਦਾ ਦਬਾਅ ਉਨ੍ਹਾਂ ਉੱਤੇ ਵੀ ਪੈਂਦਾ ਹੈ ਜੋ ਸਹੀ ਕੰਮ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਵਿਚ ਤੁਸੀਂ ਵੀ ਸ਼ਾਮਲ ਹੋ। ਤੁਹਾਡੇ ਹਾਣੀ ਤੁਹਾਨੂੰ ਡਰਾ ਕੇ, ਤੁਹਾਡੇ ਤੇ ਦੋਸ਼ ਲਾ ਕੇ ਜਾਂ ਤਾਅਨੇ ਮਾਰ ਕੇ ਸ਼ਾਇਦ ਤੁਹਾਡੇ ਤੋਂ ਜ਼ਬਰਦਸਤੀ ਕੋਈ ਗ਼ਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਨ। ਦਬਾਅ ਭਾਵੇਂ ਕਿਸੇ ਵੀ ਰੂਪ ਵਿਚ ਆਵੇ, ਇਸ ਦਾ ਸਾਮ੍ਹਣਾ ਕਰਨਾ ਮੁਸ਼ਕਲ ਹੁੰਦਾ ਹੈ। ਤੁਸੀਂ ਤਾਂ ਹੀ ਸਫ਼ਲਤਾ ਨਾਲ ਇਸ ਦਾ ਸਾਮ੍ਹਣਾ ਕਰ ਸਕਦੇ ਹੋ ਜੇ ਤੁਸੀਂ ਆਪਣੇ ਯਕੀਨ ਨੂੰ ਪੱਕਾ ਕਰਦੇ ਹੋ ਕਿ ਤੁਸੀਂ ਜੋ ਵੀ ਵਿਸ਼ਵਾਸ ਕਰਦੇ ਹੋ ਉਹ ਸਹੀ ਹੈ।
“ਆਪਣੇ ਆਪ ਨੂੰ ਪਰਖੋ”
6, 7. (ੳ) ਤੁਹਾਨੂੰ ਆਪਣੇ ਵਿਸ਼ਵਾਸਾਂ ਦਾ ਪੱਕਾ ਯਕੀਨ ਹੋਣਾ ਕਿਉਂ ਜ਼ਰੂਰੀ ਹੈ ਅਤੇ ਤੁਸੀਂ ਇਸ ਯਕੀਨ ਨੂੰ ਪੱਕਾ ਕਿਵੇਂ ਕਰ ਸਕਦੇ ਹੋ? (ਅ) ਆਪਣੇ ਵਿਸ਼ਵਾਸ ਨੂੰ ਪੱਕਾ ਕਰਨ ਲਈ ਤੁਸੀਂ ਆਪਣੇ ਤੋਂ ਕਿਹੜੇ ਸਵਾਲ ਪੁੱਛ ਸਕਦੇ ਹੋ?
6 ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ, ਪਹਿਲਾਂ ਤੁਹਾਨੂੰ ਯਕੀਨ ਕਰਨ ਦੀ ਲੋੜ ਹੈ ਕਿ ਤੁਹਾਡੇ ਵਿਸ਼ਵਾਸ ਅਤੇ ਮਿਆਰ ਸਹੀ ਹਨ। (2 ਕੁਰਿੰਥੀਆਂ 13:5 ਪੜ੍ਹੋ।) ਤੁਹਾਡਾ ਪੱਕਾ ਵਿਸ਼ਵਾਸ ਦਲੇਰ ਬਣਨ ਵਿਚ ਤੁਹਾਡੀ ਮਦਦ ਕਰੇਗਾ ਭਾਵੇਂ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ। (2 ਤਿਮੋ. 1:7, 8) ਪਰ ਜੇ ਕੋਈ ਵਿਅਕਤੀ ਦਲੇਰ ਹੁੰਦਾ ਵੀ ਹੈ, ਉਸ ਲਈ ਵੀ ਦ੍ਰਿੜ੍ਹ ਰਹਿਣਾ ਮੁਸ਼ਕਲ ਹੋ ਸਕਦਾ ਹੈ ਜੇ ਉਹ ਅੱਧੇ ਮਨ ਨਾਲ ਕਿਸੇ ਗੱਲ ਵਿਚ ਵਿਸ਼ਵਾਸ ਰੱਖਦਾ ਹੈ। ਇਸ ਲਈ ਕਿਉਂ ਨਾ ਸਾਬਤ ਕਰ ਕੇ ਦਿਖਾਓ ਕਿ ਬਾਈਬਲ ਤੋਂ ਤੁਹਾਨੂੰ ਜੋ ਕੁਝ ਸਿਖਾਇਆ ਗਿਆ ਹੈ, ਉਹ ਵਾਕਈ ਸੱਚਾਈ ਹੈ? ਆਪਣੇ ਬੁਨਿਆਦੀ ਵਿਸ਼ਵਾਸਾਂ ਤੋਂ ਪਰਖਣਾ ਸ਼ੁਰੂ ਕਰੋ। ਮਿਸਾਲ ਲਈ, ਤੁਸੀਂ ਰੱਬ ਵਿਚ ਵਿਸ਼ਵਾਸ ਕਰਦੇ ਹੋ ਅਤੇ ਤੁਸੀਂ ਦੂਜਿਆਂ ਨੂੰ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਨੂੰ ਕਿਉਂ ਯਕੀਨ ਹੈ ਕਿ ਰੱਬ ਹੈ। ਤਾਂ ਫਿਰ ਆਪਣੇ ਤੋਂ ਪੁੱਛੋ, ‘ਕਿਹੜੀ ਗੱਲ ਮੈਨੂੰ ਯਕੀਨ ਦਿਵਾਉਂਦੀ ਹੈ ਕਿ ਰੱਬ ਹੈ?’ ਇਹ ਸਵਾਲ ਪੁੱਛਣ ਦਾ ਮਕਸਦ ਸ਼ੱਕ ਪੈਦਾ ਕਰਨਾ ਨਹੀਂ ਹੈ, ਸਗੋਂ ਤੁਹਾਡੇ ਵਿਸ਼ਵਾਸ ਨੂੰ ਪੱਕਾ ਕਰਨਾ ਹੈ। ਇਸੇ ਤਰ੍ਹਾਂ ਆਪਣੇ ਤੋਂ ਪੁੱਛੋ, ‘ਮੈਨੂੰ ਕਿਵੇਂ ਪਤਾ ਹੈ ਕਿ ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ?’ (2 ਤਿਮੋ. 3:16) ‘ਮੈਨੂੰ ਕਿਉਂ ਪੱਕਾ ਯਕੀਨ ਹੈ ਕਿ ਇਹ ‘ਅੰਤ ਦੇ ਦਿਨ’ ਹਨ?’ (2 ਤਿਮੋ. 3:1-5) ‘ਮੈਂ ਕਿਹੜੀ ਗੱਲ ਕਰਕੇ ਮੰਨਦਾ ਹਾਂ ਕਿ ਯਹੋਵਾਹ ਦੇ ਮਿਆਰ ਮੇਰੇ ਭਲੇ ਲਈ ਹਨ?’—ਯਸਾ. 48:17, 18.
7 ਤੁਸੀਂ ਸ਼ਾਇਦ ਇਸ ਡਰੋਂ ਆਪਣੇ ਤੋਂ ਇਹ ਸਵਾਲ ਪੁੱਛਣ ਤੋਂ ਹਿਚਕਿਚਾਓ ਕਿ ਤੁਹਾਨੂੰ ਇਨ੍ਹਾਂ ਦਾ ਜਵਾਬ ਨਹੀਂ ਮਿਲਣਾ। ਪਰ ਇਹ ਤਾਂ ਆਪਣੀ ਕਾਰ ਦੇ ਡੈਸ਼ਬੋਰਡ ਉੱਤੇ ਪਟਰੋਲ ਦੀ ਸੂਈ ਦੇਖਣ ਤੋਂ ਹਿਚਕਿਚਾਉਣ ਦੇ ਬਰਾਬਰ ਹੋਵੇਗਾ ਕਿ ਕਿਤੇ ਇਹ ਟੈਂਕੀ ਨੂੰ “ਖਾਲੀ” ਤਾਂ ਨਹੀਂ ਦਿਖਾ ਰਹੀ! ਜੇ ਟੈਂਕੀ ਵਿਚ ਪਟਰੋਲ ਨਹੀਂ ਹੈ, ਤਾਂ ਤੁਹਾਨੂੰ ਇਸ ਬਾਰੇ ਕੁਝ ਕਰਨਾ ਪਵੇਗਾ। ਇਸੇ ਤਰ੍ਹਾਂ, ਤੁਹਾਨੂੰ ਦੇਖਣ ਦੀ ਲੋੜ ਹੈ ਕਿ ਕਿਸ ਗੱਲੋਂ ਤੁਹਾਡੇ ਵਿਚ ਵਿਸ਼ਵਾਸ ਦੀ ਘਾਟ ਹੈ, ਫਿਰ ਇਸ ਨੂੰ ਮਜ਼ਬੂਤ ਕਰਨ ਲਈ ਕੁਝ ਕਰੋ।—ਰਸੂ. 17:11.
8. ਸਮਝਾਓ ਕਿ ਤੁਸੀਂ ਆਪਣੇ ਇਸ ਭਰੋਸੇ ਨੂੰ ਕਿਵੇਂ ਪੱਕਾ ਕਰੋਗੇ ਕਿ ਹਰਾਮਕਾਰੀ ਤੋਂ ਦੂਰ ਰਹਿਣ ਬਾਰੇ ਪਰਮੇਸ਼ੁਰ ਦੇ ਹੁਕਮ ਉੱਤੇ ਚੱਲਣਾ ਅਕਲਮੰਦੀ ਦੀ ਗੱਲ ਹੈ।
8 ਇਕ ਮਿਸਾਲ ਉੱਤੇ ਗੌਰ ਕਰੋ। ਬਾਈਬਲ ਤੁਹਾਨੂੰ ਤਾਕੀਦ ਕਰਦੀ ਹੈ ਕਿ “ਹਰਾਮਕਾਰੀ ਤੋਂ ਭੱਜੋ।” ਆਪਣੇ ਤੋਂ ਪੁੱਛੋ, ‘ਇਸ ਹੁਕਮ ਉੱਤੇ ਚੱਲਣਾ ਅਕਲਮੰਦੀ ਦੀ ਗੱਲ ਕਿਉਂ ਹੈ?’ ਉਨ੍ਹਾਂ ਸਾਰੇ ਕਾਰਨਾਂ ਬਾਰੇ ਸੋਚੋ ਕਿ ਤੁਹਾਡੇ ਹਾਣੀ ਕਿਉਂ ਇਸ ਤਰ੍ਹਾਂ ਦੇ ਕੰਮ ਕਰਦੇ ਹਨ। ਹੋਰ ਵੱਖੋ-ਵੱਖਰੇ ਕਾਰਨਾਂ ਉੱਤੇ ਸੋਚ-ਵਿਚਾਰ ਕਰੋ ਕਿ ਹਰਾਮਕਾਰੀ ਕਰਨ ਵਾਲਾ ਵਿਅਕਤੀ ਕਿਉਂ “ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।” (1 ਕੁਰਿੰ. 6:18) ਹੁਣ ਇਨ੍ਹਾਂ ਕਾਰਨਾਂ ਨੂੰ ਜਾਂਚੋ ਅਤੇ ਆਪਣੇ ਤੋਂ ਪੁੱਛੋ: ‘ਕਿਹੜੇ ਰਸਤੇ ਉੱਤੇ ਚੱਲਣਾ ਸਭ ਤੋਂ ਵਧੀਆ ਹੈ? ਕੀ ਅਨੈਤਿਕ ਕੰਮ ਕਰਨ ਦਾ ਸੱਚ-ਮੁੱਚ ਕੋਈ ਫ਼ਾਇਦਾ ਹੈ?’ ਇਸ ਬਾਰੇ ਹੋਰ ਵੀ ਡੂੰਘਾਈ ਨਾਲ ਸੋਚੋ ਅਤੇ ਆਪਣੇ ਤੋਂ ਪੁੱਛੋ, ‘ਮੈਂ ਕਿਸ ਤਰ੍ਹਾਂ ਮਹਿਸੂਸ ਕਰਾਂਗਾ ਜੇ ਮੈਂ ਅਨੈਤਿਕ ਕੰਮ ਅੱਗੇ ਝੁਕ ਗਿਆ?’ ਇਸ ਕਾਰਨ ਤੁਹਾਡੇ ਦੋਸਤ ਸ਼ਾਇਦ ਤੁਹਾਨੂੰ ਪਸੰਦ ਕਰਨ, ਪਰ ਬਾਅਦ ਵਿਚ ਤੁਸੀਂ ਕਿਵੇਂ ਮਹਿਸੂਸ ਕਰੋਗੇ ਜਦੋਂ ਤੁਸੀਂ ਆਪਣੇ ਮਾਪਿਆਂ ਨਾਲ ਜਾਂ ਕਿੰਗਡਮ ਹਾਲ ਵਿਚ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਹੋਵੋਗੇ? ਤੁਸੀਂ ਅੰਦਰੋਂ ਕਿਵੇਂ ਮਹਿਸੂਸ ਕਰੋਗੇ ਜਦੋਂ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰੋਗੇ? ਕੀ ਤੁਸੀਂ ਸਿਰਫ਼ ਆਪਣੀ ਕਲਾਸ ਦੇ ਮੁੰਡੇ-ਕੁੜੀਆਂ ਨੂੰ ਖ਼ੁਸ਼ ਕਰਨ ਲਈ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਬਲੀ ਚਾੜ੍ਹਨ ਲਈ ਸੱਚ-ਮੁੱਚ ਤਿਆਰ ਹੋਵੋਗੇ?
9, 10. ਆਪਣੇ ਵਿਸ਼ਵਾਸਾਂ ਦੇ ਪੱਕੇ ਹੋਣ ਕਰਕੇ ਤੁਸੀਂ ਆਪਣੇ ਹਾਣੀਆਂ ਨਾਲ ਹੁੰਦਿਆਂ ਹੋਰ ਵੀ ਭਰੋਸੇ ਨਾਲ ਕਿਵੇਂ ਗੱਲ ਕਰ ਸਕੋਗੇ?
9 ਜੇ ਤੁਸੀਂ ਅੱਲ੍ਹੜ ਉਮਰ ਦੇ ਹੋ, ਤਾਂ ਤੁਸੀਂ ਜ਼ਿੰਦਗੀ ਦੇ ਅਜਿਹੇ ਪੜਾਅ ਤੇ ਹੋ ਜਦੋਂ ਤੁਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਪਣੀ ਸੋਚਣ-ਸਮਝਣ ਦੀ ਸ਼ਕਤੀ ਵਧਾ ਰਹੇ ਹੋ। (ਰੋਮੀਆਂ 12:1, 2 ਪੜ੍ਹੋ।) ਇਸ ਸਮੇਂ ਦੌਰਾਨ ਗੰਭੀਰਤਾ ਨਾਲ ਸੋਚੋ ਕਿ ਤੁਹਾਡੇ ਲਈ ਯਹੋਵਾਹ ਦਾ ਗਵਾਹ ਹੋਣਾ ਕੀ ਮਾਅਨੇ ਰੱਖਦਾ ਹੈ। ਇਸ ਤਰ੍ਹਾਂ ਸੋਚ-ਵਿਚਾਰ ਕਰਨ ਨਾਲ ਤੁਸੀਂ ਆਪਣੇ ਭਰੋਸੇ ਨੂੰ ਪੱਕਾ ਕਰੋਗੇ ਕਿ ਤੁਸੀਂ ਜੋ ਵੀ ਵਿਸ਼ਵਾਸ ਕਰਦੇ ਹੋ, ਉਹ ਸਹੀ ਹੈ। ਫਿਰ ਜਦੋਂ ਤੁਹਾਡੇ ʼਤੇ ਹਾਣੀਆਂ ਦਾ ਦਬਾਅ ਆਵੇਗਾ, ਤਾਂ ਤੁਸੀਂ ਤੁਰੰਤ ਭਰੋਸੇ ਨਾਲ ਜਵਾਬ ਦੇ ਸਕੋਗੇ। ਤੁਸੀਂ ਇਸ ਮਸੀਹੀ ਭੈਣ ਵਾਂਗ ਮਹਿਸੂਸ ਕਰੋਗੇ ਜੋ ਕਹਿੰਦੀ ਹੈ: “ਜਦੋਂ ਮੈਂ ਦਬਾਅ ਦਾ ਸਾਮ੍ਹਣਾ ਕਰਦੀ ਹਾਂ, ਤਾਂ ਦੂਜਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਕੌਣ ਹਾਂ। ਇਹ ਕੋਈ ਨਾਂ-ਮਾਤਰ ਧਰਮ ਨਹੀਂ ਹੈ। ਮੇਰੀ ਸੋਚ, ਮੇਰੇ ਟੀਚੇ, ਮਿਆਰ ਅਤੇ ਜ਼ਿੰਦਗੀ, ਸਾਰਾ ਕੁਝ ਇਸ ਤੋਂ ਪ੍ਰਭਾਵਿਤ ਹੈ।”
10 ਹਾਂ, ਸਹੀ ਕੰਮ ਕਰਨ ਵਾਸਤੇ ਦ੍ਰਿੜ੍ਹ ਰਹਿਣ ਲਈ ਜਤਨ ਕਰਨਾ ਪੈਂਦਾ ਹੈ। (ਲੂਕਾ 13:24) ਇਸ ਲਈ ਤੁਸੀਂ ਸ਼ਾਇਦ ਸੋਚੋ ਕਿ ਇਸ ਤਰ੍ਹਾਂ ਕਰਨ ਦਾ ਕੋਈ ਫ਼ਾਇਦਾ ਹੋਵੇਗਾ ਜਾਂ ਨਹੀਂ। ਪਰ ਇਹ ਗੱਲ ਯਾਦ ਰੱਖੋ: ਜੇ ਤੁਹਾਡੇ ਹਾਵਾਂ-ਭਾਵਾਂ ਤੋਂ ਲੱਗਦਾ ਹੈ ਕਿ ਤੁਸੀਂ ਸਹੀ ਕੰਮ ਕਰਨ ਲਈ ਜੋ ਕਦਮ ਚੁੱਕਿਆ ਹੈ, ਉਸ ਦਾ ਤੁਹਾਨੂੰ ਪਛਤਾਵਾ ਹੈ ਜਾਂ ਤੁਸੀਂ ਸ਼ਰਮਿੰਦਾ ਹੋ, ਤਾਂ ਦੂਸਰਿਆਂ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਅਤੇ ਉਹ ਤੁਹਾਡੇ ʼਤੇ ਹੋਰ ਦਬਾਅ ਪਾ ਸਕਦੇ ਹਨ। ਜੇ ਤੁਸੀਂ ਯਕੀਨ ਨਾਲ ਬੋਲੋਗੇ, ਤਾਂ ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਕਿੰਨੀ ਛੇਤੀ ਤੁਹਾਡੇ ਹਾਣੀ ਤੁਹਾਡੇ ਉੱਤੇ ਦਬਾਅ ਪਾਉਣੋ ਹਟ ਗਏ।—ਹੋਰ ਜਾਣਕਾਰੀ ਲਈ ਲੂਕਾ 4:12, 13 ਦੇਖੋ।
‘ਸੋਚ ਕੇ ਉੱਤਰ ਦਿਓ’
11. ਹਾਣੀਆਂ ਦੇ ਦਬਾਅ ਲਈ ਪਹਿਲਾਂ ਤੋਂ ਤਿਆਰ ਹੋਣ ਦਾ ਕੀ ਫ਼ਾਇਦਾ ਹੈ?
11 ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਇਕ ਹੋਰ ਜ਼ਰੂਰੀ ਕਦਮ ਹੈ, ਤਿਆਰੀ ਕਰਨੀ। (ਕਹਾਉਤਾਂ 15:28 ਪੜ੍ਹੋ।) ਤਿਆਰੀ ਕਰਨ ਦਾ ਮਤਲਬ ਹੈ, ਪਹਿਲਾਂ ਤੋਂ ਸੋਚ ਕੇ ਰੱਖਣਾ ਕਿ ਕਿਹੜੇ ਹਾਲਾਤ ਪੈਦਾ ਹੋ ਸਕਦੇ ਹਨ। ਕਦੇ-ਕਦੇ ਪਹਿਲਾਂ ਤੋਂ ਸੋਚਣ ਨਾਲ ਤੁਸੀਂ ਵੱਡੀ ਮੁਸ਼ਕਲ ਵਿਚ ਪੈਣ ਤੋਂ ਬਚ ਸਕਦੇ ਹੋ। ਮਿਸਾਲ ਲਈ, ਫ਼ਰਜ਼ ਕਰੋ ਕਿ ਤੁਸੀਂ ਆਪਣੇ ਅੱਗੇ ਸਕੂਲ ਦੇ ਕੁਝ ਮੁੰਡੇ-ਕੁੜੀਆਂ ਨੂੰ ਦੇਖਦੇ ਹੋ ਜੋ ਸਿਗਰਟ ਪੀ ਰਹੇ ਹਨ। ਤੁਹਾਨੂੰ ਕਿੰਨੀ ਕੁ ਸੰਭਾਵਨਾ ਹੈ ਕਿ ਉਹ ਤੁਹਾਨੂੰ ਸਿਗਰਟ ਪੀਣ ਲਈ ਕਹਿਣਗੇ? ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸਮੱਸਿਆ ਆਵੇਗੀ, ਤਾਂ ਤੁਸੀਂ ਕੀ ਕਰ ਸਕਦੇ ਹੋ? ਕਹਾਉਤਾਂ 22:3 ਕਹਿੰਦਾ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” ਤੁਸੀਂ ਹੋਰ ਰਸਤਾ ਫੜ ਕੇ ਸ਼ਾਇਦ ਉਨ੍ਹਾਂ ਦਾ ਸਾਮ੍ਹਣਾ ਕਰਨ ਤੋਂ ਬਚ ਸਕਦੇ ਹੋ। ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਡਰ ਗਏ ਹੋ, ਸਗੋਂ ਤੁਸੀਂ ਅਕਲ ਤੋਂ ਕੰਮ ਲਿਆ ਹੈ।
12. ਜਦ ਤੁਹਾਨੂੰ ਕੋਈ ਤਾਅਨਾ ਮਾਰਦਾ ਹੈ, ਤਾਂ ਉਸ ਨੂੰ ਜਵਾਬ ਦੇਣ ਦਾ ਵਧੀਆ ਤਰੀਕਾ ਕਿਹੜਾ ਹੈ?
12 ਜੇ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਦਾ ਸਾਮ੍ਹਣਾ ਕਰਨ ਤੋਂ ਨਹੀਂ ਬਚ ਸਕਦੇ ਹੋ, ਤਾਂ ਕੀ ਕਰੋਗੇ? ਮੰਨ ਲਓ ਕਿ ਤੁਹਾਡਾ ਕੋਈ ਹਾਣੀ ਹੈਰਾਨ ਹੋ ਕੇ ਕਹਿੰਦਾ ਹੈ, “ਕੀ ਤੂੰ ਹਾਲੇ ਵੀ ਕੁਆਰਾ ਜਾਂ ਕੁਆਰੀ ਹੈ?” ਇਸ ਦਾ ਜਵਾਬ ਦੇਣ ਲਈ ਕੁਲੁੱਸੀਆਂ 4:6 ਵਿਚ ਦਿੱਤੀ ਸਲਾਹ ਨੂੰ ਮੰਨੋ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਜਿਸ ਢੰਗ ਨਾਲ ਜਵਾਬ ਦਿਓਗੇ, ਉਹ ਤੁਹਾਡੇ ਹਾਲਾਤਾਂ ਉੱਤੇ ਨਿਰਭਰ ਕਰੇਗਾ। ਤੁਹਾਨੂੰ ਬਾਈਬਲ ਬਾਰੇ ਲੰਬਾ-ਚੌੜਾ ਭਾਸ਼ਣ ਦੇਣ ਦੀ ਲੋੜ ਨਹੀਂ ਹੈ। ਸ਼ਾਇਦ ਦ੍ਰਿੜ੍ਹਤਾ ਨਾਲ ਦਿੱਤਾ ਸਾਧਾਰਣ ਜਵਾਬ ਕਾਫ਼ੀ ਹੋਵੇਗਾ। ਮਿਸਾਲ ਲਈ, ਕੁਆਰੇਪਣ ਦੇ ਸਵਾਲ ਦੇ ਜਵਾਬ ਵਿਚ ਤੁਸੀਂ ਬਸ ਇੱਦਾਂ ਕਹਿ ਸਕਦੇ ਹੋ, “ਹਾਂ ਮੈਂ ਕੁਆਰਾ/ਕੁਆਰੀ ਹਾਂ,” ਜਾਂ “ਇਹ ਮੇਰਾ ਨਿੱਜੀ ਮਾਮਲਾ ਹੈ।”
13. ਜਦ ਕੋਈ ਹਾਣੀ ਮਜ਼ਾਕ ਕਰਦਾ ਹੈ, ਤਾਂ ਜਵਾਬ ਦੇਣ ਵੇਲੇ ਸਮਝਦਾਰੀ ਵਰਤਣੀ ਕਿਉਂ ਜ਼ਰੂਰੀ ਹੈ?
13 ਯਿਸੂ ਅਕਸਰ ਛੋਟਾ ਜਿਹਾ ਜਵਾਬ ਦਿੰਦਾ ਹੁੰਦਾ ਸੀ ਜਦ ਉਸ ਨੂੰ ਪਤਾ ਹੁੰਦਾ ਸੀ ਕਿ ਜ਼ਿਆਦਾ ਬੋਲਣ ਦਾ ਕੋਈ ਫ਼ਾਇਦਾ ਨਹੀਂ ਹੋਣਾ। ਦਰਅਸਲ ਜਦੋਂ ਹੇਰੋਦੇਸ ਨੇ ਯਿਸੂ ਤੋਂ ਸਵਾਲ ਪੁੱਛੇ, ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। (ਲੂਕਾ 23:8, 9) ਬੇਤੁਕੇ ਸਵਾਲਾਂ ਦੇ ਜਵਾਬ ਦੇਣ ਨਾਲੋਂ ਅਕਸਰ ਚੁੱਪ ਰਹਿਣਾ ਚੰਗਾ ਹੁੰਦਾ ਹੈ। (ਕਹਾ. 26:4; ਉਪ. 3:1, 7) ਦੂਜੇ ਪਾਸੇ, ਤੁਹਾਨੂੰ ਸ਼ਾਇਦ ਅਹਿਸਾਸ ਹੋਵੇ ਕਿ ਕੋਈ ਬੰਦਾ ਸੱਚ-ਮੁੱਚ ਤੁਹਾਡੇ ਵਿਸ਼ਵਾਸਾਂ ਬਾਰੇ ਜਾਣਨਾ ਚਾਹੁੰਦਾ ਹੈ, ਭਾਵੇਂ ਕਿ ਉਸ ਨੇ ਪਹਿਲਾਂ ਤੁਹਾਨੂੰ ਬੁਰਾ-ਭਲਾ ਕਿਹਾ ਹੋਵੇ। ਉਹ ਸ਼ਾਇਦ ਇਸ ਲਈ ਉਲਝਣ ਵਿਚ ਹੋਵੇ ਕਿ ਤੁਸੀਂ ਹਾਲੇ ਤਕ ਕਿਉਂ ਕੁਆਰੇ ਹੋ। (1 ਪਤ. 4:4) ਇਸ ਮਾਮਲੇ ਬਾਰੇ ਤੁਹਾਨੂੰ ਸ਼ਾਇਦ ਬਾਈਬਲ ਤੋਂ ਚੰਗੀ ਤਰ੍ਹਾਂ ਸਮਝਾਉਣ ਦੀ ਲੋੜ ਪਵੇ। ਜੇ ਇਸ ਤਰ੍ਹਾਂ ਹੈ, ਤਾਂ ਡਰਦੇ ਮਾਰੇ ਦੱਸਣ ਤੋਂ ਪਿੱਛੇ ਨਾ ਹਟੋ। ਹਮੇਸ਼ਾ ‘ਉੱਤਰ ਦੇਣ ਨੂੰ ਤਿਆਰ ਰਹੋ।’—1 ਪਤ. 3:15.
14. ਕੁਝ ਹਾਲਾਤਾਂ ਵਿਚ ਤੁਸੀਂ ਕਿਵੇਂ ਸਮਝਦਾਰੀ ਨਾਲ ਦਬਾਅ ਪਾਉਣ ਵਾਲੇ ਨੂੰ ਸੋਚਣ ਲਈ ਮਜਬੂਰ ਕਰ ਸਕਦੇ ਹੋ?
14 ਕੁਝ ਹਾਲਾਤਾਂ ਵਿਚ ਤੁਸੀਂ ਸ਼ਾਇਦ ਦਬਾਅ ਪਾਉਣ ਵਾਲੇ ਨੂੰ ਸੋਚਣ ਲਈ ਮਜਬੂਰ ਕਰ ਸਕਦੇ ਹੋ ਕਿ ਉਹ ਕੋਈ ਕੰਮ ਕਿਉਂ ਕਰਦਾ ਹੈ। ਪਰ ਤੁਹਾਨੂੰ ਸਮਝਦਾਰੀ ਨਾਲ ਇਸ ਤਰ੍ਹਾਂ ਕਰਨ ਦੀ ਲੋੜ ਹੈ। ਮਿਸਾਲ ਲਈ, ਜੇ ਸਕੂਲ ਦਾ ਕੋਈ ਵਿਦਿਆਰਥੀ ਤੁਹਾਨੂੰ ਕਹਿੰਦਾ ਹੈ ਕਿ ਜੇ ਹਿੰਮਤ ਹੈ, ਤਾਂ ਸਿਗਰਟ ਪੀ ਕੇ ਦਿਖਾ, ਤਾਂ ਤੁਸੀਂ ਕਹਿ ਸਕਦੇ ਹੋ, “ਨੋ ਥੈਂਕਸ।” ਫਿਰ ਕਹੋ, “ਮੈਂ ਤਾਂ ਸੋਚਿਆ ਸੀ ਕਿ ਤੂੰ ਤਾਂ ਬਹੁਤ ਹੀ ਅਕਲਮੰਦ ਹੈ, ਫਿਰ ਵੀ ਸਿਗਰਟ ਪੀਂਦਾ!” ਕੀ ਤੁਸੀਂ ਦੇਖਦੇ ਹੋ ਕਿ ਤੁਸੀਂ ਉਸ ਨੂੰ ਕਿਵੇਂ ਸੋਚਣ ਲਈ ਮਜਬੂਰ ਕੀਤਾ ਹੈ? ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਪਈ ਕਿ ਤੁਸੀਂ ਸਿਗਰਟ ਕਿਉਂ ਨਹੀਂ ਪੀਂਦੇ, ਬਲਕਿ ਤੁਸੀਂ ਆਪਣੇ ਹਾਣੀ ਨੂੰ ਸੋਚਾਂ ਵਿਚ ਪਾ ਦਿੱਤਾ ਕਿ ਉਹ ਕਿਉਂ ਸਿਗਰਟ ਪੀਂਦਾ ਹੈ।a
15. ਦਬਾਅ ਪਾਉਣ ਵਾਲੇ ਹਾਣੀਆਂ ਕੋਲੋਂ ਚਲੇ ਜਾਣਾ ਕਦੋਂ ਢੁਕਵਾਂ ਹੈ ਤੇ ਕਿਉਂ?
15 ਉਦੋਂ ਕੀ ਜੇ ਤੁਹਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਣੀ ਤੁਹਾਡੇ ਉੱਤੇ ਦਬਾਅ ਪਾਉਂਦੇ ਰਹਿੰਦੇ ਹਨ? ਉਸ ਵੇਲੇ ਉੱਥੋਂ ਚਲੇ ਜਾਣਾ ਬਿਹਤਰ ਹੋਵੇਗਾ। ਜੇ ਤੁਸੀਂ ਉੱਥੇ ਖੜ੍ਹੇ ਰਹੇ, ਤਾਂ ਤੁਹਾਡੀ ਉਨ੍ਹਾਂ ਅੱਗੇ ਝੁਕਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਲਈ ਉੱਥੋਂ ਚਲੇ ਜਾਓ। ਉੱਥੋਂ ਜਾਣ ਵੇਲੇ ਇਹ ਨਾ ਸੋਚੋ ਕਿ ਤੁਸੀਂ ਹਾਰ ਗਏ ਹੋ। ਦਰਅਸਲ ਤੁਸੀਂ ਹਾਲਾਤ ਅੱਗੇ ਝੁਕੇ ਨਹੀਂ, ਸਗੋਂ ਤੁਸੀਂ ਹਾਲਾਤ ਨਾਲ ਨਿਪਟ ਲਿਆ। ਤੁਸੀਂ ਹਾਣੀਆਂ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣੇ ਅਤੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕੀਤਾ।—ਕਹਾ. 27:11.
‘ਸਫ਼ਲ ਹੋਣ ਲਈ ਯੋਜਨਾਵਾਂ’ ਬਣਾਓ
16. ਕੁਝ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਤੋਂ ਦਬਾਅ ਕਿਵੇਂ ਆ ਸਕਦਾ ਹੈ?
16 ਕਦੇ-ਕਦੇ ਨੁਕਸਾਨਦੇਹ ਕੰਮ ਕਰਨ ਦਾ ਦਬਾਅ ਉਨ੍ਹਾਂ ਨੌਜਵਾਨਾਂ ਤੋਂ ਆਉਂਦਾ ਹੈ ਜੋ ਯਹੋਵਾਹ ਦੇ ਸੇਵਕ ਹੋਣ ਦਾ ਦਾਅਵਾ ਕਰਦੇ ਹਨ। ਮਿਸਾਲ ਲਈ, ਉਦੋਂ ਕੀ ਜੇ ਤੁਸੀਂ ਅਜਿਹੇ ਵਿਅਕਤੀ ਵੱਲੋਂ ਰੱਖੀ ਪਾਰਟੀ ਤੇ ਜਾਂਦੇ ਹੋ ਜਿਸ ਉੱਤੇ ਕੋਈ ਵੀ ਨਿਗਰਾਨੀ ਰੱਖਣ ਵਾਲਾ ਸਿਆਣਾ ਬੰਦਾ ਨਹੀਂ ਹੈ? ਜਾਂ ਉਦੋਂ ਕੀ ਜਦ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਾ ਨੌਜਵਾਨ ਪਾਰਟੀ ਤੇ ਸ਼ਰਾਬ ਲੈ ਕੇ ਆਉਂਦਾ ਹੈ, ਪਰ ਕਾਨੂੰਨੀ ਤੌਰ ਤੇ ਤੁਹਾਡੀ ਤੇ ਦੂਜਿਆਂ ਦੀ ਉਮਰ ਘੱਟ ਹੋਣ ਕਰਕੇ ਤੁਹਾਨੂੰ ਸ਼ਰਾਬ ਪੀਣ ਦੀ ਮਨਾਹੀ ਹੈ? ਕਈ ਹਾਲਾਤ ਖੜ੍ਹੇ ਹੋ ਸਕਦੇ ਹਨ ਜਿਨ੍ਹਾਂ ਵਿਚ ਤੁਹਾਨੂੰ ਆਪਣੀ ਬਾਈਬਲ ਅਨੁਸਾਰ ਸਿਖਾਈ ਜ਼ਮੀਰ ਦੀ ਸੁਣਨ ਦੀ ਲੋੜ ਪਵੇਗੀ। ਇਕ ਅੱਲ੍ਹੜ ਉਮਰ ਦੀ ਮਸੀਹੀ ਭੈਣ ਕਹਿੰਦੀ ਹੈ: “ਮੈਂ ਤੇ ਮੇਰੀ ਭੈਣ ਸਿਨੇਮੇ ਵਿੱਚੋਂ ਬਾਹਰ ਆ ਗਈਆਂ ਕਿਉਂਕਿ ਫ਼ਿਲਮ ਵਿਚ ਗੰਦੀ ਭਾਸ਼ਾ ਬੋਲੀ ਜਾਂਦੀ ਸੀ। ਗਰੁੱਪ ਦੇ ਬਾਕੀ ਮੁੰਡੇ-ਕੁੜੀਆਂ ਨੇ ਬੈਠੇ ਰਹਿਣ ਦਾ ਫ਼ੈਸਲਾ ਕੀਤਾ। ਸਾਡੇ ਮਾਪਿਆਂ ਨੇ ਸਾਡੀ ਸ਼ਲਾਘਾ ਕੀਤੀ ਕਿ ਅਸੀਂ ਉੱਠ ਕੇ ਆ ਗਈਆਂ। ਪਰ ਗਰੁੱਪ ਦੇ ਬਾਕੀ ਮੁੰਡੇ-ਕੁੜੀਆਂ ਸਾਡੇ ਨਾਲ ਗੁੱਸੇ ਹੋ ਗਏ ਕਿ ਅਸੀਂ ਉਨ੍ਹਾਂ ਨੂੰ ਦੂਸਰਿਆਂ ਦੀਆਂ ਨਜ਼ਰਾਂ ਵਿਚ ਬੁਰਾ ਬਣਾ ਦਿੱਤਾ।”
17. ਜਦੋਂ ਤੁਸੀਂ ਪਾਰਟੀ ਤੇ ਜਾਂਦੇ ਹੋ, ਤਾਂ ਪਰਮੇਸ਼ੁਰ ਦੇ ਅਸੂਲਾਂ ਤੇ ਚੱਲਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ?
17 ਇਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਮੁਤਾਬਕ ਢਾਲ਼ੀ ਆਪਣੀ ਜ਼ਮੀਰ ਦੀ ਸੁਣਨ ਨਾਲ ਤੁਸੀਂ ਦੂਜਿਆਂ ਸਾਮ੍ਹਣੇ ਬੁਰੇ ਬਣ ਸਕਦੇ ਹੋ। ਪਰ ਤੁਸੀਂ ਉਹੀ ਕਰੋ ਜੋ ਤੁਹਾਨੂੰ ਪਤਾ ਕਿ ਸਹੀ ਹੈ। ਤਿਆਰ ਰਹੋ। ਜੇ ਤੁਸੀਂ ਕਿਸੇ ਅਜਿਹੀ ਪਾਰਟੀ ਤੇ ਜਾ ਰਹੇ ਹੋ ਅਤੇ ਉੱਥੇ ਸਭ ਕੁਝ ਉਸੇ ਤਰ੍ਹਾਂ ਨਹੀਂ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਸੋਚਿਆ ਸੀ, ਤਾਂ ਉੱਥੋਂ ਨਿਕਲਣ ਦੀ ਯੋਜਨਾ ਬਣਾ ਕੇ ਰੱਖੋ। ਕੁਝ ਨੌਜਵਾਨਾਂ ਨੇ ਆਪਣੇ ਮਾਪਿਆਂ ਨਾਲ ਸਲਾਹ ਕੀਤੀ ਹੈ ਕਿ ਜਦੋਂ ਉਹ ਫ਼ੋਨ ਕਰਨਗੇ, ਤਾਂ ਉਹ ਉਨ੍ਹਾਂ ਨੂੰ ਜਲਦੀ ਆ ਕੇ ਘਰ ਲੈ ਜਾਣ। (ਜ਼ਬੂ. 26:4, 5) ਅਜਿਹੀਆਂ ‘ਯੋਜਨਾਵਾਂ ਸਫ਼ਲ ਹੋਣ ਲਈ’ ਬਣਾਓ।—ਕਹਾ. 21:5, CL.
“ਆਪਣੀ ਜੁਆਨੀ ਵਿੱਚ ਮੌਜ ਕਰ”
18, 19. (ੳ) ਤੁਸੀਂ ਕਿਉਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ? (ਅ) ਪਰਮੇਸ਼ੁਰ ਉਨ੍ਹਾਂ ਬਾਰੇ ਕਿਵੇਂ ਸੋਚਦਾ ਹੈ ਜਿਹੜੇ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਦੇ ਹਨ?
18 ਯਹੋਵਾਹ ਨੇ ਤੁਹਾਨੂੰ ਜ਼ਿੰਦਗੀ ਦਾ ਮਜ਼ਾ ਲੈਣ ਲਈ ਬਣਾਇਆ ਹੈ ਅਤੇ ਉਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। (ਉਪਦੇਸ਼ਕ ਦੀ ਪੋਥੀ 11:9 ਪੜ੍ਹੋ।) ਯਾਦ ਰੱਖੋ ਕਿ ਤੁਹਾਡੇ ਕਈ ਹਾਣੀ ਜੋ ਕੁਝ ਕਰ ਰਹੇ ਹਨ, ਉਹ ‘ਥੋੜੇ ਚਿਰ ਲਈ ਪਾਪ ਦਾ ਭੋਗ ਬਿਲਾਸ’ ਹੈ। (ਇਬ. 11:25) ਸੱਚਾ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਇਸ ਨਾਲੋਂ ਕਿਤੇ ਜ਼ਿਆਦਾ ਆਨੰਦ ਮਾਣੋ। ਉਹ ਚਾਹੁੰਦਾ ਹੈ ਕਿ ਤੁਸੀਂ ਹਮੇਸ਼ਾ ਲਈ ਖ਼ੁਸ਼ ਰਹੋ। ਇਸ ਲਈ ਜਦ ਤੁਹਾਡੇ ਉੱਤੇ ਕੁਝ ਅਜਿਹਾ ਕਰਨ ਦਾ ਪਰਤਾਵਾ ਆਉਂਦਾ ਹੈ ਜੋ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੁਰਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਜੋ ਵੀ ਕਰਨ ਲਈ ਕਹਿੰਦਾ ਹੈ ਉਹ ਹਮੇਸ਼ਾ ਤੁਹਾਡੇ ਭਲੇ ਲਈ ਹੁੰਦਾ ਹੈ।
19 ਨੌਜਵਾਨ ਹੋਣ ਕਰਕੇ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਜੇ ਤੁਸੀਂ ਆਪਣੇ ਹਾਣੀਆਂ ਵਰਗੇ ਕੰਮ ਕਰ ਕੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਚੰਗੇ ਬਣ ਵੀ ਜਾਂਦੇ ਹੋ, ਪਰ ਸਾਲਾਂ ਬਾਅਦ ਉਨ੍ਹਾਂ ਵਿੱਚੋਂ ਕਈਆਂ ਨੂੰ ਤੁਹਾਡਾ ਨਾਂ ਵੀ ਯਾਦ ਨਹੀਂ ਰਹਿਣਾ। ਇਸ ਦੇ ਉਲਟ, ਜਦੋਂ ਤੁਸੀਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਦੇ ਹੋ, ਤਾਂ ਯਹੋਵਾਹ ਦੇਖਦਾ ਹੈ ਤੇ ਉਹ ਕਦੇ ਵੀ ਤੁਹਾਨੂੰ ਅਤੇ ਤੁਹਾਡੀ ਵਫ਼ਾਦਾਰੀ ਨੂੰ ਨਹੀਂ ਭੁੱਲੇਗਾ। ਉਹ ‘ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹ ਦੇਵੇਗਾ ਅਤੇ ਬਰਕਤ ਵਰ੍ਹਾਵੇਗਾ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!’ (ਮਲਾ. 3:10) ਇਸ ਤੋਂ ਇਲਾਵਾ, ਉਹ ਖੁੱਲ੍ਹੇ ਦਿਲ ਨਾਲ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਤੁਹਾਨੂੰ ਤਾਕਤ ਦਿੰਦਾ ਹੈ ਜਦੋਂ ਵੀ ਤੁਸੀਂ ਕਮਜ਼ੋਰ ਮਹਿਸੂਸ ਕਰਦੇ ਹੋ। ਜੀ ਹਾਂ, ਯਹੋਵਾਹ ਤੁਹਾਡੇ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਤੁਹਾਡੀ ਮਦਦ ਕਰ ਸਕਦਾ ਹੈ!
[ਫੁਟਨੋਟ]
a ਨੌਜਵਾਨਾਂ ਦੇ ਸਵਾਲ, ਭਾਗ 2 ਕਿਤਾਬ (ਅੰਗ੍ਰੇਜ਼ੀ) ਦੇ ਸਫ਼ੇ 132 ਅਤੇ 133 ʼਤੇ “ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਸੁਝਾਅ” ਨਾਂ ਦਾ ਚਾਰਟ ਦੇਖੋ।
ਕੀ ਤੁਹਾਨੂੰ ਯਾਦ ਹੈ?
• ਹਾਣੀਆਂ ਦਾ ਦਬਾਅ ਕਿੰਨਾ ਕੁ ਜ਼ਬਰਦਸਤ ਹੋ ਸਕਦਾ ਹੈ?
• ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਵਿਚ ਸਾਡਾ ਵਿਸ਼ਵਾਸ ਕਿਹੜੀ ਭੂਮਿਕਾ ਨਿਭਾਉਂਦਾ ਹੈ?
• ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਤੁਸੀਂ ਕਿਵੇਂ ਤਿਆਰੀ ਕਰ ਸਕਦੇ ਹੋ?
• ਤੁਸੀਂ ਕਿਵੇਂ ਜਾਣਦੇ ਹੋ ਕਿ ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ?
[ਸਫ਼ਾ 8 ਉੱਤੇ ਤਸਵੀਰ]
ਹਾਰੂਨ ਸੋਨੇ ਦਾ ਵੱਛਾ ਬਣਾਉਣ ਲਈ ਕਿਉਂ ਤਿਆਰ ਹੋ ਗਿਆ?
[ਸਫ਼ਾ 10 ਉੱਤੇ ਤਸਵੀਰ]
ਤਿਆਰ ਰਹੋ—ਪਹਿਲਾਂ ਤੋਂ ਸੋਚ ਕੇ ਰੱਖੋ ਕਿ ਤੁਸੀਂ ਕੀ ਕਹੋਗੇ