ਕੀ ਤੁਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਆਪਣੀ ਅਗਵਾਈ ਕਰਨ ਦਿੰਦੇ ਹੋ?
“[ਤੇਰੀ ਪਵਿੱਤਰ ਸ਼ਕਤੀ] ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ।”—ਜ਼ਬੂ. 143:10.
1, 2. (ੳ) ਕੁਝ ਮੌਕਿਆਂ ਬਾਰੇ ਦੱਸੋ ਜਦੋਂ ਯਹੋਵਾਹ ਨੇ ਆਪਣੇ ਸੇਵਕਾਂ ਲਈ ਪਵਿੱਤਰ ਸ਼ਕਤੀ ਵਰਤੀ? (ਅ) ਕੀ ਪਵਿੱਤਰ ਸ਼ਕਤੀ ਸਿਰਫ਼ ਖ਼ਾਸ ਮੌਕਿਆਂ ਤੇ ਕੰਮ ਕਰਦੀ ਹੈ? ਸਮਝਾਓ।
ਤੁਹਾਡੇ ਮਨ ਵਿਚ ਕੀ ਆਉਂਦਾ ਹੈ ਜਦੋਂ ਤੁਸੀਂ ਪਵਿੱਤਰ ਸ਼ਕਤੀ ਦੇ ਕੰਮ ਬਾਰੇ ਸੋਚਦੇ ਹੋ? ਕੀ ਤੁਹਾਡੇ ਮਨ ਵਿਚ ਗਿਦਾਊਨ ਅਤੇ ਸਮਸੂਨ ਦੇ ਕੀਤੇ ਵੱਡੇ-ਵੱਡੇ ਕੰਮ ਆਉਂਦੇ ਹਨ? (ਨਿਆ. 6:33, 34; 15:14, 15) ਸ਼ਾਇਦ ਤੁਸੀਂ ਮੁਢਲੇ ਮਸੀਹੀਆਂ ਦੀ ਦਲੇਰੀ ਜਾਂ ਮਹਾਸਭਾ ਅੱਗੇ ਖੜ੍ਹੇ ਸ਼ਾਂਤ ਇਸਤੀਫ਼ਾਨ ਬਾਰੇ ਸੋਚੋ। (ਰਸੂ. 4:31; 6:15) ਆਧੁਨਿਕ ਸਮਿਆਂ ਵਿਚ ਸਾਡੇ ਅੰਤਰ-ਰਾਸ਼ਟਰੀ ਸੰਮੇਲਨਾਂ ਵਿਚ ਨਜ਼ਰ ਆਉਂਦੀ ਖ਼ੁਸ਼ੀ, ਭਰਾਵਾਂ ਦੀ ਵਫ਼ਾਦਾਰੀ ਜੋ ਨਿਰਪੱਖਤਾ ਕਾਰਨ ਜੇਲ੍ਹਾਂ ਵਿਚ ਹਨ ਅਤੇ ਪ੍ਰਚਾਰ ਦੇ ਕੰਮ ਵਿਚ ਹੋਏ ਸ਼ਾਨਦਾਰ ਵਾਧੇ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਸਾਰੀਆਂ ਮਿਸਾਲਾਂ ਪਵਿੱਤਰ ਸ਼ਕਤੀ ਦੇ ਕੰਮ ਦਾ ਸਬੂਤ ਦਿੰਦੀਆਂ ਹਨ।
2 ਕੀ ਪਵਿੱਤਰ ਸ਼ਕਤੀ ਸਿਰਫ਼ ਖ਼ਾਸ ਮੌਕਿਆਂ ਤੇ ਜਾਂ ਅਸਾਧਾਰਣ ਹਲਾਤਾਂ ਵਿਚ ਕੰਮ ਕਰਦੀ ਹੈ? ਨਹੀਂ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਮਸੀਹੀ ‘ਪਵਿੱਤਰ ਸ਼ਕਤੀ ਦੁਆਰਾ ਚੱਲਦੇ,’ ‘ਸ਼ਕਤੀ ਦੀ ਅਗਵਾਈ ਨਾਲ ਚੱਲਦੇ’ ਅਤੇ ‘ਸ਼ਕਤੀ ਦੁਆਰਾ ਜੀਉਂਦੇ’ ਹਨ। (ਗਲਾ. 5:16, 18, 25) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਵਿੱਤਰ ਸ਼ਕਤੀ ਸਾਡੀਆਂ ਜ਼ਿੰਦਗੀਆਂ ਉੱਤੇ ਲਗਾਤਾਰ ਅਸਰ ਪਾ ਸਕਦੀ ਹੈ। ਸਾਨੂੰ ਹਰ ਰੋਜ਼ ਯਹੋਵਾਹ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਸਾਡੀ ਸੋਚ, ਬੋਲੀ ਅਤੇ ਕੰਮਾਂ ਨੂੰ ਢਾਲ਼ੇ। (ਜ਼ਬੂਰਾਂ ਦੀ ਪੋਥੀ 143:10 ਪੜ੍ਹੋ।) ਜਦੋਂ ਅਸੀਂ ਪਵਿੱਤਰ ਸ਼ਕਤੀ ਨੂੰ ਆਪਣੀਆਂ ਜ਼ਿੰਦਗੀਆਂ ਉੱਤੇ ਅਸਰ ਕਰਨ ਦਿੰਦੇ ਹਾਂ, ਤਾਂ ਇਹ ਸਾਡੇ ਵਿਚ ਫਲ ਪੈਦਾ ਕਰੇਗੀ ਜਿਸ ਤੋਂ ਦੂਜਿਆਂ ਨੂੰ ਤਾਜ਼ਗੀ ਮਿਲੇਗੀ ਤੇ ਯਹੋਵਾਹ ਦੀ ਵਡਿਆਈ ਹੋਵੇਗੀ।
3. (ੳ) ਸਾਨੂੰ ਪਵਿੱਤਰ ਸ਼ਕਤੀ ਦੀ ਅਗਵਾਈ ਅਨੁਸਾਰ ਚੱਲਣ ਦੀ ਕਿਉਂ ਲੋੜ ਹੈ? (ਅ) ਅਸੀਂ ਕਿਹੜੇ ਸਵਾਲਾਂ ਉੱਤੇ ਗੌਰ ਕਰਾਂਗੇ?
3 ਸਾਡੇ ਲਈ ਪਵਿੱਤਰ ਸ਼ਕਤੀ ਦੀ ਅਗਵਾਈ ਅਨੁਸਾਰ ਚੱਲਣਾ ਕਿਉਂ ਜ਼ਰੂਰੀ ਹੈ? ਕਿਉਂਕਿ ਇਕ ਹੋਰ ਤਾਕਤ ਸਾਨੂੰ ਆਪਣੇ ਵੱਸ ਵਿਚ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਪਵਿੱਤਰ ਸ਼ਕਤੀ ਦੇ ਉਲਟ ਕੰਮ ਕਰਦੀ ਹੈ। ਬਾਈਬਲ ਇਸ ਤਾਕਤ ਨੂੰ “ਸਰੀਰ” ਕਹਿੰਦੀ ਹੈ ਜੋ ਸਾਡੇ ਪਾਪੀ ਝੁਕਾਵਾਂ ਨੂੰ ਦਰਸਾਉਂਦਾ ਹੈ। ਆਦਮ ਦੀ ਔਲਾਦ ਹੋਣ ਕਰਕੇ ਇਹ ਪਾਪੀ ਸਰੀਰ ਸਾਨੂੰ ਵਿਰਸੇ ਵਿਚ ਮਿਲਿਆ ਹੈ। (ਗਲਾਤੀਆਂ 5:17 ਪੜ੍ਹੋ।) ਤਾਂ ਫਿਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਚੱਲਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਕੀ ਅਸੀਂ ਆਪਣੇ ਪਾਪੀ ਸਰੀਰ ਦੀ ਖਿੱਚ ਨੂੰ ਨਕਾਰਾ ਬਣਾਉਣ ਲਈ ਕੋਈ ਕਦਮ ਚੁੱਕ ਸਕਦੇ ਹਾਂ? ਆਓ ਆਪਾਂ ਇਨ੍ਹਾਂ ਸਵਾਲਾਂ ਉੱਤੇ ਗੌਰ ਕਰੀਏ ਜਿਉਂ-ਜਿਉਂ ਅਸੀਂ ‘ਸ਼ਕਤੀ ਦੇ ਫਲ’ ਦੇ ਬਾਕੀ ਛੇ ਪਹਿਲੂਆਂ ਉੱਤੇ ਚਰਚਾ ਕਰਾਂਗੇ ਜਿਵੇਂ “ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ [‘ਨਿਹਚਾ,’ NW], ਨਰਮਾਈ, ਸੰਜਮ।”—ਗਲਾ. 5:22, 23.
ਨਰਮਾਈ ਅਤੇ ਧੀਰਜ ਨਾਲ ਕਲੀਸਿਯਾ ਵਿਚ ਸ਼ਾਂਤੀ ਵਧਦੀ ਹੈ
4. ਨਰਮਾਈ ਅਤੇ ਧੀਰਜ ਕਲੀਸਿਯਾ ਦੀ ਸ਼ਾਂਤੀ ਵਿਚ ਕਿਵੇਂ ਯੋਗਦਾਨ ਪਾਉਂਦੇ ਹਨ?
4 ਕੁਲੁੱਸੀਆਂ 3:12, 13 ਪੜ੍ਹੋ। ਕਲੀਸਿਯਾ ਵਿਚ ਨਰਮਾਈ ਅਤੇ ਧੀਰਜ ਦੇ ਗੁਣ ਇਕੱਠੇ ਦਿਖਾਉਣ ਨਾਲ ਸ਼ਾਂਤੀ ਵਧਦੀ ਹੈ। ਜਦੋਂ ਦੂਜੇ ਕੁਝ ਕਹਿੰਦੇ ਹਨ ਜਾਂ ਕੁਝ ਮਾੜਾ ਕਰਦੇ ਹਨ, ਤਾਂ ਸ਼ਕਤੀ ਦੇ ਫਲ ਦੇ ਇਹ ਦੋਵੇਂ ਪਹਿਲੂ ਦੂਜਿਆਂ ਨਾਲ ਸਲੀਕੇ ਨਾਲ ਪੇਸ਼ ਆਉਣ, ਗੁੱਸਾ ਆਉਣ ਤੇ ਸ਼ਾਂਤ ਰਹਿਣ ਅਤੇ ਬਦਲਾ ਲੈਣ ਤੋਂ ਪਰਹੇਜ਼ ਕਰਨ ਵਿਚ ਮਦਦ ਕਰਦੇ ਹਨ। ਜੇ ਕਿਸੇ ਭੈਣ-ਭਰਾ ਨਾਲ ਸਾਡੇ ਮਤਭੇਦ ਹੋ ਜਾਂਦੇ ਹਨ, ਤਾਂ ਧੀਰਜ ਰੱਖਣ ਨਾਲ ਅਸੀਂ ਇਹ ਨਹੀਂ ਸੋਚਾਂਗੇ ਕਿ ਉਸ ਨਾਲ ਗੱਲ ਕਰਨੀ ਬੇਕਾਰ ਹੈ, ਸਗੋਂ ਅਸੀਂ ਸ਼ਾਂਤੀ ਬਣਾਉਣ ਲਈ ਜੋ ਕੁਝ ਕਰ ਸਕਦੇ ਹਾਂ ਕਰਾਂਗੇ। ਕੀ ਕਲੀਸਿਯਾ ਵਿਚ ਸੱਚ-ਮੁੱਚ ਨਰਮਾਈ ਅਤੇ ਧੀਰਜ ਦਿਖਾਉਣ ਦੀ ਲੋੜ ਹੈ? ਜੀ ਹਾਂ, ਕਿਉਂਕਿ ਅਸੀਂ ਸਾਰੇ ਭੁੱਲਣਹਾਰ ਹਾਂ।
5. ਪੌਲੁਸ ਅਤੇ ਬਰਨਬਾਸ ਵਿਚਕਾਰ ਕੀ ਹੋਇਆ ਅਤੇ ਇਹ ਘਟਨਾ ਕਿਸ ਗੱਲ ਉੱਤੇ ਜ਼ੋਰ ਦਿੰਦੀ ਹੈ?
5 ਧਿਆਨ ਦਿਓ ਕਿ ਪੌਲੁਸ ਅਤੇ ਬਰਨਬਾਸ ਵਿਚ ਕੀ ਹੋਇਆ। ਉਹ ਦੋਵੇਂ ਖ਼ੁਸ਼ ਖ਼ਬਰੀ ਫੈਲਾਉਣ ਲਈ ਸਾਲਾਂ ਤੋਂ ਇਕ-ਦੂਜੇ ਨਾਲ ਕੰਮ ਕਰ ਰਹੇ ਸਨ। ਦੋਵਾਂ ਵਿਚ ਚੰਗੇ ਗੁਣ ਸਨ। ਪਰ ਇਕ ਮੌਕੇ ਤੇ ਉਨ੍ਹਾਂ ਵਿਚ “ਐੱਨਾ ਵਿਗਾੜ ਹੋਇਆ ਜੋ ਇੱਕ ਦੂਜੇ ਤੋਂ ਵੱਖ ਹੋ ਗਏ।” (ਰਸੂ. 15:36-39) ਇਹ ਘਟਨਾ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਵਿਚਕਾਰ ਵੀ ਕਦੇ-ਕਦੇ ਮਤਭੇਦ ਪੈਦਾ ਹੋ ਸਕਦੇ ਹਨ ਜੋ ਤਨ-ਮਨ ਲਾ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਜੇ ਕਿਸੇ ਭੈਣ-ਭਰਾ ਨੂੰ ਕਿਸੇ ਦੂਜੇ ਭੈਣ-ਭਰਾ ਬਾਰੇ ਗ਼ਲਤਫ਼ਹਿਮੀ ਹੋ ਜਾਂਦੀ ਹੈ, ਤਾਂ ਕਿਹੜੀ ਗੱਲ ਸਥਿਤੀ ਨੂੰ ਵਿਗੜਨ ਤੋਂ ਰੋਕ ਸਕਦੀ ਹੈ ਤਾਂਕਿ ਉਨ੍ਹਾਂ ਵਿਚ ਗਰਮਾ-ਗਰਮੀ ਨਾ ਹੋਵੇ ਅਤੇ ਉਨ੍ਹਾਂ ਦੇ ਰਿਸ਼ਤੇ ਵਿਚ ਕੋਈ ਦਰਾੜ ਨਾ ਪਵੇ?
6, 7. (ੳ) ਕਿਸੇ ਭੈਣ-ਭਰਾ ਨਾਲ ਗਰਮਾ-ਗਰਮੀ ਹੋਣ ਤੋਂ ਪਹਿਲਾਂ ਅਸੀਂ ਬਾਈਬਲ ਦੀ ਕਿਹੜੀ ਸਲਾਹ ʼਤੇ ਚੱਲ ਸਕਦੇ ਹਾਂ? (ਅ) ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਣ’ ਦੇ ਕਿਹੜੇ ਫ਼ਾਇਦੇ ਹੁੰਦੇ ਹਨ?
6 ਉਨ੍ਹਾਂ ਵਿਚ ਹੋਏ ‘ਐਨੇ ਵਿਗਾੜ’ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਅਤੇ ਬਰਨਬਾਸ ਵਿਚਕਾਰ ਅਚਾਨਕ ਮਤਭੇਦ ਪੈਦਾ ਹੋਏ ਸਨ ਜਿਨ੍ਹਾਂ ਕਾਰਨ ਉਨ੍ਹਾਂ ਵਿਚ ਗਰਮਾ-ਗਰਮੀ ਹੋ ਗਈ। ਜੇ ਇਕ ਮਸੀਹੀ ਨੂੰ ਲੱਗਦਾ ਹੈ ਕਿ ਕਿਸੇ ਭੈਣ-ਭਰਾ ਨਾਲ ਕਿਸੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਉਸ ਨੂੰ ਗੁੱਸਾ ਆ ਰਿਹਾ ਹੈ, ਤਾਂ ਉਸ ਲਈ ਯਾਕੂਬ 1:19, 20 ਵਿਚ ਦਿੱਤੀ ਸਲਾਹ ਨੂੰ ਮੰਨਣਾ ਅਕਲਮੰਦੀ ਦੀ ਗੱਲ ਹੈ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ। ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।” ਹਾਲਾਤਾਂ ਦੇ ਹਿਸਾਬ ਨਾਲ ਉਹ ਗੱਲਬਾਤ ਦੇ ਵਿਸ਼ੇ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦਾ ਹੈ, ਹੋਰ ਸਮੇਂ ਤੇ ਗੱਲਬਾਤ ਕਰ ਸਕਦਾ ਹੈ ਜਾਂ ਗਰਮਾ-ਗਰਮੀ ਹੋਣ ਤੋਂ ਪਹਿਲਾਂ ਉੱਥੋਂ ਜਾ ਸਕਦਾ ਹੈ।—ਕਹਾ. 12:16; 17:14; 29:11.
7 ਇਹ ਸਲਾਹ ਮੰਨਣ ਦੇ ਕੀ ਫ਼ਾਇਦੇ ਹਨ? ਕੁਝ ਸਮੇਂ ਲਈ ਆਪਣੇ ਗੁੱਸੇ ਨੂੰ ਠੰਢਾ ਹੋਣ, ਮਾਮਲੇ ਬਾਰੇ ਪ੍ਰਾਰਥਨਾ ਕਰਨ ਅਤੇ ਸੋਚ ਕੇ ਜਵਾਬ ਦੇਣ ਨਾਲ ਇਕ ਮਸੀਹੀ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਅਨੁਸਾਰ ਚੱਲਦਾ ਹੈ। (ਕਹਾ. 15:1, 28) ਪਵਿੱਤਰ ਸ਼ਕਤੀ ਦੇ ਅਸਰ ਅਧੀਨ ਉਹ ਨਰਮਾਈ ਅਤੇ ਧੀਰਜ ਦਿਖਾ ਸਕਦਾ ਹੈ। ਇਸ ਤਰ੍ਹਾਂ ਉਹ ਅਫ਼ਸੀਆਂ 4:26, 29 ਵਿਚ ਦਿੱਤੀ ਸਲਾਹ ਮੰਨਣ ਲਈ ਤਿਆਰ ਹੋ ਜਾਂਦਾ ਹੈ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ . . . ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।” ਵਾਕਈ, ਜਦੋਂ ਅਸੀਂ ਨਰਮਾਈ ਅਤੇ ਧੀਰਜ ਨੂੰ ਪਹਿਨ ਲੈਂਦੇ ਹਾਂ, ਤਾਂ ਅਸੀਂ ਕਲੀਸਿਯਾ ਵਿਚ ਸ਼ਾਂਤੀ ਅਤੇ ਏਕਤਾ ਵਧਾਉਂਦੇ ਹਾਂ।
ਦਿਆਲਗੀ ਅਤੇ ਭਲਿਆਈ ਨਾਲ ਆਪਣੇ ਪਰਿਵਾਰ ਨੂੰ ਤਰੋਤਾਜ਼ਾ ਕਰੋ
8, 9. ਦਿਆਲਗੀ ਅਤੇ ਭਲਿਆਈ ਦਾ ਕੀ ਮਤਲਬ ਹੈ ਅਤੇ ਘਰ ਦੇ ਮਾਹੌਲ ਉੱਤੇ ਇਨ੍ਹਾਂ ਦਾ ਕੀ ਅਸਰ ਪੈਂਦਾ ਹੈ?
8 ਅਫ਼ਸੀਆਂ 4:31, 32; 5:8, 9 ਪੜ੍ਹੋ। ਗਰਮੀ ਦੇ ਦਿਨ ਨਿੰਮੀ-ਨਿੰਮੀ ਹਵਾ ਅਤੇ ਠੰਢੇ ਪਾਣੀ ਦੀ ਤਰ੍ਹਾਂ ਦਿਆਲਗੀ ਅਤੇ ਭਲਿਆਈ ਦੇ ਗੁਣ ਤਰੋਤਾਜ਼ਾ ਕਰਦੇ ਹਨ। ਇਹ ਗੁਣ ਪਰਿਵਾਰ ਦੇ ਮਾਹੌਲ ਨੂੰ ਸੁਹਾਵਣਾ ਬਣਾਉਂਦੇ ਹਨ। ਦਿਆਲਗੀ ਦਾ ਵਧੀਆ ਗੁਣ ਦੂਜਿਆਂ ਵਿਚ ਸੱਚੀ ਦਿਲਚਸਪੀ ਦਿਖਾਉਣ ਨਾਲ ਪੈਦਾ ਹੁੰਦਾ ਹੈ। ਅਜਿਹੀ ਦਿਲਚਸਪੀ ਮਦਦਗਾਰ ਕੰਮ ਕਰਨ ਅਤੇ ਚੰਗੇ ਬੋਲ ਬੋਲਣ ਨਾਲ ਦਿਖਾਈ ਜਾਂਦੀ ਹੈ। ਭਲਿਆਈ ਵੀ ਦਿਆਲਗੀ ਦੀ ਤਰ੍ਹਾਂ ਚੰਗਾ ਗੁਣ ਹੈ ਜੋ ਦੂਜਿਆਂ ਦੇ ਫ਼ਾਇਦੇ ਲਈ ਕੰਮ ਕਰ ਕੇ ਦਿਖਾਇਆ ਜਾਂਦਾ ਹੈ। ਇਹ ਗੁਣ ਦਿਖਾਉਣ ਵਾਲਾ ਭੈਣ-ਭਰਾ ਖੁੱਲ੍ਹ-ਦਿਲਾ ਹੁੰਦਾ ਹੈ। (ਰਸੂ. 9:36, 39; 16:14, 15) ਪਰ ਭਲਿਆਈ ਕਰਨ ਲਈ ਕੁਝ ਹੋਰ ਵੀ ਕਰਨ ਦੀ ਲੋੜ ਹੈ।
9 ਭਲਿਆਈ ਦਾ ਮਤਲਬ ਹੈ ਨੈਤਿਕਤਾ ਦੇ ਉੱਚੇ-ਸੁੱਚੇ ਅਸੂਲਾਂ ਉੱਤੇ ਚੱਲਣਾ। ਇਸ ਵਿਚ ਸਿਰਫ਼ ਇਹੀ ਸ਼ਾਮਲ ਨਹੀਂ ਹੈ ਕਿ ਅਸੀਂ ਕੀ ਕੁਝ ਕਰਦੇ ਹਾਂ, ਪਰ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਮਿਸਾਲ ਲਈ, ਕਲਪਨਾ ਕਰੋ ਕਿ ਇਕ ਤੀਵੀਂ ਆਪਣੇ ਪਰਿਵਾਰ ਲਈ ਫਲ ਕੱਟ ਰਹੀ ਹੈ। ਕੱਟਦੇ ਸਮੇਂ ਉਹ ਧਿਆਨ ਨਾਲ ਦੇਖਦੀ ਹੈ ਕਿ ਫਲ ਮਿੱਠਾ ਹੈ ਅਤੇ ਪੱਕਿਆ ਹੋਇਆ ਹੈ ਤੇ ਅੰਦਰੋਂ-ਬਾਹਰੋਂ ਕਿਤਿਓਂ ਗਲਿਆ ਹੋਇਆ ਨਹੀਂ ਹੈ। ਸਾਰੇ ਚੰਗੇ ਫਲ ਦੀ ਤਰ੍ਹਾਂ ਭਲਿਆਈ ਦਾ ਗੁਣ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਤੋਂ ਨਜ਼ਰ ਆਉਣਾ ਚਾਹੀਦਾ ਹੈ ਜੋ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਪੈਦਾ ਹੁੰਦਾ ਹੈ।
10. ਸ਼ਕਤੀ ਦਾ ਫਲ ਪੈਦਾ ਕਰਨ ਵਿਚ ਪਰਿਵਾਰ ਦੇ ਮੈਂਬਰਾਂ ਦੀ ਕਿਹੜੀ ਗੱਲ ਮਦਦ ਕਰ ਸਕਦੀ ਹੈ?
10 ਕਿਹੜੀ ਗੱਲ ਦੀ ਮਦਦ ਨਾਲ ਮਸੀਹੀ ਪਰਿਵਾਰ ਦੇ ਮੈਂਬਰ ਇਕ-ਦੂਜੇ ਨਾਲ ਦਿਆਲਗੀ ਨਾਲ ਪੇਸ਼ ਆ ਸਕਦੇ ਹਨ ਅਤੇ ਭਲਿਆਈ ਕਰ ਸਕਦੇ ਹਨ? ਇਸ ਤਰ੍ਹਾਂ ਕਰਨ ਵਿਚ ਪਰਮੇਸ਼ੁਰ ਦੇ ਬਚਨ ਦਾ ਸੱਚਾ ਗਿਆਨ ਅਹਿਮ ਭੂਮਿਕਾ ਨਿਭਾਉਂਦਾ ਹੈ। (ਕੁਲੁ. 3:9, 10) ਕੁਝ ਪਰਿਵਾਰਾਂ ਦੇ ਮੁਖੀ ਆਪਣੀ ਹਫ਼ਤਾਵਾਰ ਪਰਿਵਾਰਕ ਸਟੱਡੀ ਵਿਚ ਪਵਿੱਤਰ ਸ਼ਕਤੀ ਦੇ ਫਲ ਯਾਨੀ ਗੁਣਾਂ ਦਾ ਅਧਿਐਨ ਕਰਦੇ ਹਨ। ਇਸ ਤਰ੍ਹਾਂ ਕਰਨਾ ਔਖਾ ਨਹੀਂ ਹੈ। ਆਪਣੀ ਭਾਸ਼ਾ ਵਿਚ ਉਪਲਬਧ ਪ੍ਰਕਾਸ਼ਨਾਂ ਵਿੱਚੋਂ ਸ਼ਕਤੀ ਦੇ ਫਲ ਦੇ ਇਕ-ਇਕ ਗੁਣ ਬਾਰੇ ਦਿੱਤੀ ਜਾਣਕਾਰੀ ਚੁਣੋ। ਤੁਸੀਂ ਹਰ ਹਫ਼ਤੇ ਕੁਝ ਪੈਰਿਆਂ ਉੱਤੇ ਚਰਚਾ ਕਰ ਸਕਦੇ ਹੋ ਅਤੇ ਹਰ ਗੁਣ ਉੱਤੇ ਕਈ ਹਫ਼ਤੇ ਬਿਤਾ ਸਕਦੇ ਹੋ। ਅਧਿਐਨ ਕਰਦੇ ਸਮੇਂ ਦਿੱਤੇ ਗਏ ਹਵਾਲਿਆਂ ਨੂੰ ਪੜ੍ਹੋ ਅਤੇ ਉਨ੍ਹਾਂ ਉੱਤੇ ਚਰਚਾ ਕਰੋ। ਦੇਖੋ ਕਿ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਸਿੱਖੀਆਂ ਗੱਲਾਂ ਲਾਗੂ ਕਰ ਸਕਦੇ ਹੋ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਹਾਡੇ ਜਤਨਾਂ ਉੱਤੇ ਬਰਕਤ ਪਾਵੇ। (1 ਤਿਮੋ. 4:15; 1 ਯੂਹੰ. 5:14, 15) ਕੀ ਇਸ ਤਰ੍ਹਾਂ ਅਧਿਐਨ ਕਰਨ ਨਾਲ ਤੁਹਾਡੇ ਪਰਿਵਾਰ ਦੇ ਇਕ-ਦੂਜੇ ਨਾਲ ਪੇਸ਼ ਆਉਣ ਦੇ ਤਰੀਕੇ ਉੱਤੇ ਅਸਰ ਪੈ ਸਕਦਾ ਹੈ?
11, 12. ਦਿਆਲਤਾ ਦੇ ਗੁਣ ਬਾਰੇ ਅਧਿਐਨ ਕਰਨ ਦਾ ਦੋ ਮਸੀਹੀ ਜੋੜਿਆਂ ਨੂੰ ਕੀ ਫ਼ਾਇਦਾ ਹੋਇਆ?
11 ਇਕ ਨੌਜਵਾਨ ਵਿਆਹੁਤਾ ਜੋੜਾ ਆਪਣੇ ਵਿਆਹੁਤਾ-ਜੀਵਨ ਨੂੰ ਸਫ਼ਲ ਬਣਾਉਣਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੇ ਸ਼ਕਤੀ ਦੇ ਫਲ ਦਾ ਡੂੰਘਾਈ ਨਾਲ ਅਧਿਐਨ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ? ਪਤਨੀ ਕਹਿੰਦੀ ਹੈ: “ਅਸੀਂ ਸਿੱਖਿਆ ਹੈ ਕਿ ਦਿਆਲਤਾ ਵਿਚ ਭਰੋਸਾ ਅਤੇ ਵਫ਼ਾਦਾਰੀ ਦੇ ਗੁਣ ਸਮਾਏ ਹੋਏ ਹਨ ਅਤੇ ਉਦੋਂ ਤੋਂ ਲੈ ਕੇ ਹੁਣ ਤਾਈਂ ਅਸੀਂ ਇਕ-ਦੂਜੇ ਨਾਲ ਪੇਸ਼ ਆਉਣ ਵੇਲੇ ਇਹ ਗੁਣ ਦਿਖਾਉਂਦੇ ਹਾਂ। ਅਸੀਂ ਸਿੱਖਿਆ ਕਿ ਅਸੀਂ ਆਪਣੀ ਗੱਲ ʼਤੇ ਅੜੇ ਨਹੀਂ ਰਹਾਂਗੇ ਤੇ ਇਕ-ਦੂਜੇ ਨੂੰ ਮਾਫ਼ ਕਰਾਂਗੇ। ਅਧਿਐਨ ਦੀ ਮਦਦ ਨਾਲ ਅਸੀਂ ਇਕ-ਦੂਜੇ ਨੂੰ ‘ਧੰਨਵਾਦ’ ਅਤੇ ‘ਮਾਫ਼ ਕਰੋ’ ਕਹਿਣਾ ਸਿੱਖਿਆ ਜਦੋਂ ਵੀ ਢੁਕਵਾਂ ਹੋਵੇ।”
12 ਇਕ ਹੋਰ ਮਸੀਹੀ ਜੋੜਾ ਆਪਣੀ ਸ਼ਾਦੀ-ਸ਼ੁਦਾ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਰਿਸ਼ਤੇ ਵਿਚ ਦਿਆਲਗੀ ਦੀ ਘਾਟ ਸੀ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਦਿਆਲਗੀ ਦੇ ਗੁਣ ਬਾਰੇ ਇਕੱਠੇ ਅਧਿਐਨ ਕਰਨਗੇ। ਨਤੀਜਾ ਕੀ ਨਿਕਲਿਆ? ਪਤੀ ਚੇਤੇ ਕਰਦਾ ਹੈ: “ਦਿਆਲਗੀ ਬਾਰੇ ਅਧਿਐਨ ਕਰਨ ਨਾਲ ਅਸੀਂ ਦੇਖਿਆ ਕਿ ਅਸੀਂ ਇਕ-ਦੂਜੇ ਦੇ ਉਦੇਸ਼ਾਂ ਨੂੰ ਗ਼ਲਤ ਨਹੀਂ ਕਹਾਂਗੇ, ਬਲਕਿ ਨੇਕ ਇਰਾਦੇ ਨਾਲ ਚੰਗੇ ਗੁਣ ਦੇਖਾਂਗੇ। ਅਸੀਂ ਇਕ-ਦੂਜੇ ਦੀਆਂ ਲੋੜਾਂ ਵੱਲ ਹੋਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮੇਰੇ ਲਈ ਦਿਆਲੂ ਹੋਣ ਦਾ ਮਤਲਬ ਸੀ ਕਿ ਆਪਣੀ ਪਤਨੀ ਦੀ ਕਹੀ ਗੱਲ ਤੋਂ ਨਾਰਾਜ਼ ਹੋਣ ਦੀ ਬਜਾਇ ਉਸ ਨੂੰ ਕਹਾਂ ਕਿ ਉਹ ਬਿਨਾਂ ਝਿਜਕੇ ਆਪਣੀ ਰਾਇ ਦੇਵੇ। ਇਸ ਦੇ ਲਈ ਮੈਨੂੰ ਆਪਣਾ ਘਮੰਡ ਛੱਡਣਾ ਪਿਆ। ਜਦੋਂ ਅਸੀਂ ਆਪਣੀ ਸ਼ਾਦੀ-ਸ਼ੁਦਾ ਜ਼ਿੰਦਗੀ ਵਿਚ ਦਿਆਲਤਾ ਦਾ ਗੁਣ ਦਿਖਾਉਣ ਲੱਗ ਪਏ, ਤਾਂ ਹੌਲੀ-ਹੌਲੀ ਅਸੀਂ ਬਹਿਸ ਕਰਨੀ ਛੱਡ ਦਿੱਤੀ। ਅਸੀਂ ਸੁੱਖ ਦਾ ਸਾਹ ਲਿਆ।” ਕੀ ਤੁਹਾਡੇ ਪਰਿਵਾਰ ਨੂੰ ਸ਼ਕਤੀ ਦੇ ਫਲ ਬਾਰੇ ਅਧਿਐਨ ਕਰਨ ਦਾ ਫ਼ਾਇਦਾ ਹੋਵੇਗਾ?
ਦੂਜਿਆਂ ਦੀਆਂ ਨਜ਼ਰਾਂ ਤੋਂ ਓਹਲੇ ਹੁੰਦਿਆਂ ਵੀ ਨਿਹਚਾ ਦਿਖਾਓ
13. ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਕਿਹੜੇ ਖ਼ਤਰੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ?
13 ਮਸੀਹੀਆਂ ਨੂੰ ਲੋਕਾਂ ਦੇ ਸਾਮ੍ਹਣੇ ਹੁੰਦਿਆਂ ਅਤੇ ਇਕੱਲੇ ਹੁੰਦਿਆਂ ਹੋਇਆਂ ਵੀ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਅਨੁਸਾਰ ਚੱਲਣ ਦੀ ਲੋੜ ਹੈ। ਸ਼ਤਾਨ ਦੀ ਦੁਨੀਆਂ ਵਿਚ ਅੱਜ ਜਿੱਧਰ ਵੀ ਨਜ਼ਰ ਮਾਰੋ, ਗੰਦੀਆਂ ਤਸਵੀਰਾਂ ਅਤੇ ਘਟੀਆ ਮਨੋਰੰਜਨ ਨਜ਼ਰ ਆਉਂਦਾ ਹੈ। ਇਸ ਕਾਰਨ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਇਕ ਮਸੀਹੀ ਨੂੰ ਕੀ ਕਰਨ ਦੀ ਲੋੜ ਹੈ? ਪਰਮੇਸ਼ੁਰ ਦਾ ਬਚਨ ਸਾਨੂੰ ਤਾੜਨਾ ਦਿੰਦਾ ਹੈ: “ਹਰ ਪਰਕਾਰ ਦੇ ਗੰਦ ਮੰਦ ਅਤੇ ਬਦੀ ਦੀ ਵਾਫ਼ਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸੱਕਦਾ ਹੈ ਨਰਮਾਈ ਨਾਲ ਕਬੂਲ ਕਰ ਲਓ।” (ਯਾਕੂ. 1:21) ਆਓ ਆਪਾਂ ਦੇਖੀਏ ਕਿ ਸ਼ਕਤੀ ਦੇ ਫਲ ਦਾ ਇਕ ਹੋਰ ਪਹਿਲੂ ਯਾਨੀ ਨਿਹਚਾ ਯਹੋਵਾਹ ਅੱਗੇ ਸ਼ੁੱਧ ਰਹਿਣ ਵਿਚ ਸਾਡੀ ਕਿਵੇਂ ਮਦਦ ਕਰ ਸਕਦਾ ਹੈ।
14. ਨਿਹਚਾ ਦੀ ਘਾਟ ਕਾਰਨ ਕਿਵੇਂ ਕੋਈ ਗ਼ਲਤ ਕੰਮਾਂ ਵਿਚ ਪੈ ਸਕਦਾ ਹੈ?
14 ਨਿਹਚਾ ਕਰਨ ਦਾ ਮਤਲਬ ਹੈ ਕਿ ਯਹੋਵਾਹ ਪਰਮੇਸ਼ੁਰ ਸਾਡੇ ਲਈ ਅਸਲੀ ਹੈ। ਜੇ ਪਰਮੇਸ਼ੁਰ ਸਾਡੇ ਲਈ ਅਸਲੀ ਨਹੀਂ ਹੈ, ਤਾਂ ਅਸੀਂ ਆਸਾਨੀ ਨਾਲ ਗ਼ਲਤ ਕੰਮਾਂ ਵਿਚ ਪੈ ਸਕਦੇ ਹਾਂ। ਧਿਆਨ ਦਿਓ ਕਿ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕੀ ਕੀਤਾ ਸੀ। ਲੋਕਾਂ ਦੇ ਘਰਾਂ ਵਿਚ ਹੋ ਰਹੇ ਘਿਣਾਉਣੇ ਕੰਮਾਂ ਬਾਰੇ ਹਿਜ਼ਕੀਏਲ ਨਬੀ ਨੂੰ ਦੱਸਦੇ ਹੋਏ ਯਹੋਵਾਹ ਨੇ ਕਿਹਾ: “ਹੇ ਆਦਮੀ ਦੇ ਪੁੱਤ੍ਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਅਨ੍ਹੇਰੇ ਵਿੱਚ ਅਰਥਾਤ ਆਪਣੀ ਆਪਣੀ ਚਿਤ੍ਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ।” (ਹਿਜ਼. 8:12) ਕੀ ਤੁਸੀਂ ਧਿਆਨ ਦਿੱਤਾ ਕਿ ਉਨ੍ਹਾਂ ਦੀ ਸਮੱਸਿਆ ਨੂੰ ਕਿਹੜੀ ਗੱਲ ਨੇ ਵਧਾਇਆ? ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਕਿ ਉਹ ਜੋ ਕੁਝ ਕਰ ਰਹੇ ਸਨ, ਉਸ ਨੂੰ ਯਹੋਵਾਹ ਦੇਖ ਰਿਹਾ ਸੀ। ਯਹੋਵਾਹ ਉਨ੍ਹਾਂ ਵਾਸਤੇ ਅਸਲੀ ਨਹੀਂ ਸੀ।
15. ਯਹੋਵਾਹ ਉੱਤੇ ਪੱਕੀ ਨਿਹਚਾ ਸਾਡੀ ਕਿਵੇਂ ਰੱਖਿਆ ਕਰਦੀ ਹੈ?
15 ਇਸ ਦੇ ਉਲਟ, ਯੂਸੁਫ਼ ਦੀ ਮਿਸਾਲ ਉੱਤੇ ਗੌਰ ਕਰੋ। ਭਾਵੇਂ ਕਿ ਉਹ ਆਪਣੇ ਪਰਿਵਾਰ ਅਤੇ ਲੋਕਾਂ ਤੋਂ ਦੂਰ ਸੀ, ਫਿਰ ਵੀ ਉਸ ਨੇ ਪੋਟੀਫ਼ਰ ਦੀ ਪਤਨੀ ਨਾਲ ਵਿਭਚਾਰ ਕਰਨ ਤੋਂ ਇਨਕਾਰ ਕੀਤਾ। ਕਿਉਂ? ਉਸ ਨੇ ਕਿਹਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” (ਉਤ. 39:7-9) ਜੀ ਹਾਂ, ਯਹੋਵਾਹ ਉਸ ਲਈ ਅਸਲੀ ਸੀ। ਜੇ ਪਰਮੇਸ਼ੁਰ ਸਾਡੇ ਲਈ ਅਸਲੀ ਹੈ, ਤਾਂ ਅਸੀਂ ਗੰਦੀਆਂ ਫ਼ਿਲਮਾਂ ਅਤੇ ਨਾਟਕ ਵਗੈਰਾ ਨਹੀਂ ਦੇਖਾਂਗੇ ਜਾਂ ਇਕੱਲੇ ਹੁੰਦਿਆਂ ਅਜਿਹਾ ਕੁਝ ਨਹੀਂ ਕਰਾਂਗੇ ਜੋ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਨੂੰ ਪਸੰਦ ਨਹੀਂ ਹੈ। ਸਾਡਾ ਇਰਾਦਾ ਜ਼ਬੂਰਾਂ ਦੇ ਲਿਖਾਰੀ ਵਰਗਾ ਹੋਵੇਗਾ ਜਿਸ ਨੇ ਗਾਇਆ: “ਮੈਂ ਆਪਣੇ ਘਰ ਵਿੱਚ [ਵਫ਼ਾਦਾਰੀ] ਨਾਲ ਫਿਰਾਂਗਾ। ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ।”—ਜ਼ਬੂ. 101:2, 3.
ਸੰਜਮ ਰੱਖ ਕੇ ਆਪਣੇ ਦਿਲ ਦੀ ਰਾਖੀ ਕਰੋ
16, 17. (ੳ) ਕਹਾਉਤਾਂ ਦੀ ਕਿਤਾਬ ਵਿਚ ਜਿਵੇਂ ਦੱਸਿਆ ਗਿਆ ਹੈ, ‘ਨਿਰਬੁੱਧ ਨੌਜਵਾਨ’ ਕਿਵੇਂ ਪਾਪ ਕਰਨ ਦੇ ਫੰਦੇ ਵਿਚ ਫਸ ਗਿਆ? (ਅ) ਜਿਵੇਂ ਸਫ਼ਾ 26 ਉੱਤੇ ਦਿਖਾਇਆ ਗਿਆ ਹੈ, ਅੱਜ ਕਿਸੇ ਨਾਲ ਕਿਵੇਂ ਕੁਝ ਇਸੇ ਤਰ੍ਹਾਂ ਦਾ ਹੋ ਸਕਦਾ ਹੈ ਭਾਵੇਂ ਉਸ ਦੀ ਉਮਰ ਜਿੰਨੀ ਮਰਜ਼ੀ ਹੋਵੇ?
16 ਪਵਿੱਤਰ ਸ਼ਕਤੀ ਦੇ ਫਲ ਦਾ ਆਖ਼ਰੀ ਪਹਿਲੂ ਹੈ ਸੰਜਮ ਜਿਸ ਸਦਕਾ ਅਸੀਂ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੇ ਹਾਂ ਜਿਨ੍ਹਾਂ ਦੀ ਪਰਮੇਸ਼ੁਰ ਨਿੰਦਿਆ ਕਰਦਾ ਹੈ। ਇਸ ਦੀ ਮਦਦ ਨਾਲ ਅਸੀਂ ਦਿਲ ਦੀ ਰਾਖੀ ਕਰ ਸਕਦੇ ਹਾਂ। (ਕਹਾ. 4:23) ਜ਼ਰਾ ਕਹਾਉਤਾਂ 7:6-23 ਵਿਚ ਦੱਸੀ ਸਥਿਤੀ ਉੱਤੇ ਗੌਰ ਕਰੋ ਜਿਸ ਵਿਚ ‘ਨਿਰਬੁੱਧ ਨੌਜਵਾਨ’ ਇਕ ਵੇਸਵਾ ਦੀਆਂ ਚਿਕਣੀਆਂ-ਚੁਪੜੀਆਂ ਗੱਲਾਂ ਵਿਚ ਆ ਗਿਆ। ਇਸ ਫੰਦੇ ਵਿਚ ਉਹ ‘ਤੀਵੀਂ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਣ’ ਤੋਂ ਬਾਅਦ ਫਸਿਆ ਸੀ। ਉਹ ਸ਼ਾਇਦ ਉਸ ਤੀਵੀਂ ਦੇ ਆਂਢ-ਗੁਆਂਢ ਦੇ ਮਾਹੌਲ ਨੂੰ ਦੇਖਣ ਦੀ ਉਤਸੁਕਤਾ ਨਾਲ ਉੱਥੇ ਗਿਆ ਹੋਣਾ। ਉਸ ਨਾਲ ਸਭ ਕੁਝ ਇੰਨੀ ਜਲਦੀ ਹੋਇਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਿਹੜੇ ਵੇਲੇ ਮੂਰਖਤਾ ਦੇ ਰਾਹ ਉੱਤੇ ਚਲਾ ਗਿਆ ਜਿਸ ਵਿਚ ‘ਉਸ ਦੀ ਜਾਨ’ ਨੂੰ ਖ਼ਤਰਾ ਸੀ।
17 ਇਹ ਨੌਜਵਾਨ ਵੱਡੀ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦਾ ਸੀ? ਇਹ ਚੇਤਾਵਨੀ ਮੰਨ ਕੇ ਕਿ “ਤੂੰ ਉਹ ਦੇ ਪਹਿਆਂ ਵਿੱਚ ਨਾ ਭਟਕਦਾ ਫਿਰੀਂ।” (ਕਹਾ. 7:25) ਅਸੀਂ ਇਸ ਤੋਂ ਕੁਝ ਸਿੱਖ ਸਕਦੇ ਹਾਂ: ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਅਗਵਾਈ ਕਰੇ, ਤਾਂ ਅਸੀਂ ਲੁਭਾਉਣ ਵਾਲੀਆਂ ਸਥਿਤੀਆਂ ਤੋਂ ਦੂਰ ਰਹਾਂਗੇ। ‘ਨਿਰਬੁੱਧ ਨੌਜਵਾਨ’ ਦੇ ਮੂਰਖਤਾ ਭਰੇ ਰਾਹ ਉੱਤੇ ਅਜਿਹਾ ਕੋਈ ਵੀ ਵਿਅਕਤੀ ਜਾ ਸਕਦਾ ਹੈ ਜੋ ਬਿਨਾਂ ਮਤਲਬ ਦੇ ਟੈਲੀਵਿਯਨ ਦੇ ਚੈਨਲ ਬਦਲਦਾ ਰਹਿੰਦਾ ਹੈ ਜਾਂ ਐਵੇਂ ਬੈਠ ਕੇ ਇੰਟਰਨੈੱਟ ਦੇਖਦਾ ਰਹਿੰਦਾ ਹੈ। ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਉਸ ਦੀਆਂ ਨਜ਼ਰਾਂ ਅਜਿਹੇ ਦ੍ਰਿਸ਼ਾਂ ਉੱਤੇ ਪੈ ਸਕਦੀਆਂ ਹਨ ਜੋ ਉਸ ਦੀਆਂ ਕਾਮੁਕ ਇੱਛਾਵਾਂ ਜਗਾ ਸਕਦੇ ਹਨ। ਹੌਲੀ-ਹੌਲੀ ਉਸ ਨੂੰ ਪੋਰਨੋਗ੍ਰਾਫੀ ਦੇਖਣ ਦੀ ਗੰਦੀ ਆਦਤ ਪੈ ਸਕਦੀ ਹੈ ਜਿਸ ਦਾ ਉਸ ਦੀ ਜ਼ਮੀਰ ਅਤੇ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਉੱਤੇ ਤਬਾਹਕੁਨ ਅਸਰ ਪੈ ਸਕਦਾ ਹੈ। ਇਸ ਤਰ੍ਹਾਂ ਉਸ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ।—ਰੋਮੀਆਂ 8:5-8 ਪੜ੍ਹੋ।
18. ਇਕ ਮਸੀਹੀ ਆਪਣੇ ਦਿਲ ਦੀ ਰਾਖੀ ਕਰਨ ਲਈ ਕਿਹੜੇ ਕਦਮ ਚੁੱਕ ਸਕਦਾ ਹੈ ਅਤੇ ਇਨ੍ਹਾਂ ਵਾਸਤੇ ਸੰਜਮ ਦੀ ਕਿਉਂ ਲੋੜ ਹੈ?
18 ਜਦੋਂ ਸਾਡੀਆਂ ਨਜ਼ਰਾਂ ਕਿਸੇ ਅਸ਼ਲੀਲ ਤਸਵੀਰ ਉੱਤੇ ਪੈ ਜਾਂਦੀਆਂ ਹਨ, ਤਾਂ ਅਸੀਂ ਫਟਾਫਟ ਕਦਮ ਚੁੱਕ ਕੇ ਸੰਜਮ ਦਿਖਾ ਸਕਦੇ ਹਾਂ ਤੇ ਦਿਖਾਉਣਾ ਵੀ ਚਾਹੀਦਾ ਹੈ। ਪਰ ਕਿੰਨਾ ਚੰਗਾ ਹੋਵੇਗਾ ਜੇ ਅਸੀਂ ਇਸ ਤਰ੍ਹਾਂ ਦੀ ਸਥਿਤੀ ਤੋਂ ਪਹਿਲਾਂ ਹੀ ਬਚ ਕੇ ਰਹੀਏ! (ਕਹਾ. 22:3) ਅਸੀਂ ਕੁਝ ਢੁਕਵੇਂ ਕਦਮ ਚੁੱਕ ਕੇ ਅਤੇ ਫਿਰ ਉਨ੍ਹਾਂ ਅਨੁਸਾਰ ਚੱਲ ਕੇ ਸੰਜਮ ਦਿਖਾ ਸਕਦੇ ਹਾਂ। ਮਿਸਾਲ ਲਈ, ਅਸੀਂ ਕੰਪਿਊਟਰ ਨੂੰ ਅਜਿਹੀ ਜਗ੍ਹਾ ਰੱਖ ਸਕਦੇ ਹਾਂ ਜਿੱਥੇ ਦੂਸਰੇ ਸਾਨੂੰ ਦੇਖ ਸਕਣ ਤੇ ਇਸ ਨਾਲ ਸਾਡੀ ਰੱਖਿਆ ਹੋਵੇਗੀ। ਕੁਝ ਕਹਿੰਦੇ ਹਨ ਕਿ ਉਸ ਵੇਲੇ ਕੰਪਿਊਟਰ ਵਰਤਣਾ ਜਾਂ ਟੈਲੀਵਿਯਨ ਦੇਖਣਾ ਸਭ ਤੋਂ ਵਧੀਆ ਗੱਲ ਹੈ ਜਦੋਂ ਦੂਸਰੇ ਘਰ ਹੁੰਦੇ ਹਨ। ਦੂਜਿਆਂ ਨੇ ਇੰਟਰਨੈੱਟ ਨਾ ਲਗਵਾਉਣ ਦਾ ਫ਼ੈਸਲਾ ਕੀਤਾ ਹੈ। (ਮੱਤੀ 5:27-30 ਪੜ੍ਹੋ।) ਆਓ ਆਪਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕੀਏ ਤਾਂਕਿ ਅਸੀਂ “ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ” ਨਾਲ ਯਹੋਵਾਹ ਦੀ ਭਗਤੀ ਕਰ ਸਕੀਏ।—1 ਤਿਮੋ. 1:5.
19. ਪਵਿੱਤਰ ਸ਼ਕਤੀ ਦੀ ਅਗਵਾਈ ਅਨੁਸਾਰ ਚੱਲਣ ਦੇ ਕਿਹੜੇ ਫ਼ਾਇਦੇ ਹਨ?
19 ਪਵਿੱਤਰ ਸ਼ਕਤੀ ਦੇ ਜ਼ਰੀਏ ਪੈਦਾ ਹੋਏ ਫਲ ਦੇ ਕਈ ਫ਼ਾਇਦੇ ਹਨ। ਨਰਮਾਈ ਅਤੇ ਧੀਰਜ ਦਿਖਾਉਣ ਨਾਲ ਕਲੀਸਿਯਾ ਵਿਚ ਸ਼ਾਂਤੀ ਵਧਦੀ ਹੈ। ਦਿਆਲਗੀ ਅਤੇ ਭਲਿਆਈ ਦਿਖਾਉਣ ਨਾਲ ਪਰਿਵਾਰ ਖ਼ੁਸ਼ ਰਹਿੰਦਾ ਹੈ। ਨਿਹਚਾ ਅਤੇ ਸੰਜਮ ਦਿਖਾਉਣ ਨਾਲ ਯਹੋਵਾਹ ਦੇ ਨੇੜੇ ਰਹਿਣ ਅਤੇ ਉਸ ਅੱਗੇ ਸ਼ੁਧ ਰਹਿਣ ਵਿਚ ਸਾਨੂੰ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਗਲਾਤੀਆਂ 6:8 ਸਾਨੂੰ ਭਰੋਸਾ ਦਿਵਾਉਂਦਾ ਹੈ: “ਜਿਹੜਾ [ਪਵਿੱਤਰ ਸ਼ਕਤੀ] ਲਈ ਬੀਜਦਾ ਹੈ ਉਹ [ਪਵਿੱਤਰ ਸ਼ਕਤੀ] ਤੋਂ ਸਦੀਪਕ ਜੀਵਨ ਨੂੰ ਵੱਢੇਗਾ।” ਜੀ ਹਾਂ, ਮਸੀਹ ਦੀ ਕੁਰਬਾਨੀ ਦੇ ਆਧਾਰ ਤੇ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਵਰਤ ਕੇ ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜੋ ਇਸ ਸ਼ਕਤੀ ਦੀ ਅਗਵਾਈ ਅਨੁਸਾਰ ਚੱਲਦੇ ਹਨ।
ਤੁਸੀਂ ਕਿਵੇਂ ਜਵਾਬ ਦਿਓਗੇ?
• ਨਰਮਾਈ ਅਤੇ ਧੀਰਜ ਦਿਖਾਉਣ ਨਾਲ ਕਲੀਸਿਯਾ ਵਿਚ ਕਿਵੇਂ ਸ਼ਾਂਤੀ ਵਧਦੀ ਹੈ?
• ਘਰ ਵਿਚ ਦਿਆਲਗੀ ਅਤੇ ਭਲਿਆਈ ਦਿਖਾਉਣ ਵਿਚ ਕਿਹੜੀ ਗੱਲ ਮਸੀਹੀਆਂ ਦੀ ਮਦਦ ਕਰ ਸਕਦੀ ਹੈ?
• ਨਿਹਚਾ ਅਤੇ ਸੰਜਮ ਦਿਖਾਉਣ ਨਾਲ ਇਕ ਮਸੀਹੀ ਨੂੰ ਆਪਣੇ ਦਿਲ ਦੀ ਰਾਖੀ ਕਰਨ ਵਿਚ ਕਿਵੇਂ ਮਦਦ ਮਿਲਦੀ ਹੈ?
[ਸਫ਼ਾ 24 ਉੱਤੇ ਤਸਵੀਰ]
ਤੁਸੀਂ ਗੱਲਬਾਤ ਨੂੰ ਗਰਮਾ-ਗਰਮੀ ਵਿਚ ਬਦਲਣ ਤੋਂ ਕਿਵੇਂ ਰੋਕ ਸਕਦੇ ਹੋ?
[ਸਫ਼ਾ 25 ਉੱਤੇ ਤਸਵੀਰ]
ਪਵਿੱਤਰ ਸ਼ਕਤੀ ਦੇ ਫਲ ਦਾ ਅਧਿਐਨ ਕਰਨ ਨਾਲ ਤੁਹਾਡੇ ਪਰਿਵਾਰ ਨੂੰ ਫ਼ਾਇਦਾ ਹੋ ਸਕਦਾ ਹੈ
[ਸਫ਼ਾ 26 ਉੱਤੇ ਤਸਵੀਰ]
ਨਿਹਚਾ ਅਤੇ ਸੰਜਮ ਦਿਖਾਉਣ ਨਾਲ ਅਸੀਂ ਕਿਹੜੇ ਖ਼ਤਰਿਆਂ ਤੋਂ ਬਚਦੇ ਹਾਂ?