“ਯਹੋਵਾਹ ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ”
“ਗਰਮਜੋਸ਼ੀ ਨਾਲ ਕੰਮ ਕਰੋ, ਆਲਸੀ ਨਾ ਬਣੋ। . . . ਯਹੋਵਾਹ ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ।”—ਰੋਮੀ. 12:11.
1. ਅਕਸਰ ਗ਼ੁਲਾਮ ਸ਼ਬਦ ਸੁਣਦਿਆਂ ਹੀ ਲੋਕਾਂ ਦੇ ਮਨ ਵਿਚ ਕੀ ਆਉਂਦਾ ਹੈ ਅਤੇ ਰੋਮੀਆਂ 12:11 ਵਿਚ ਕਿਸ ਤਰ੍ਹਾਂ ਦੀ ਗ਼ੁਲਾਮੀ ਬਾਰੇ ਗੱਲ ਕੀਤੀ ਗਈ ਹੈ?
ਗ਼ੁਲਾਮ ਸ਼ਬਦ ਸੁਣ ਕੇ ਸ਼ਾਇਦ ਲੋਕ ਦੱਬੇ-ਕੁਚਲ਼ੇ ਇਨਸਾਨਾਂ ਬਾਰੇ ਸੋਚਣ ਜਿਨ੍ਹਾਂ ਦੇ ਮਾਲਕ ਉਨ੍ਹਾਂ ਨਾਲ ਬੇਰਹਿਮੀ ਤੇ ਬੇਇਨਸਾਫ਼ੀ ਨਾਲ ਪੇਸ਼ ਆਉਂਦੇ ਹਨ। ਪਰ ਪਰਮੇਸ਼ੁਰ ਦੇ ਦਾਸ ਹੋਣ ਦਾ ਮਤਲਬ ਕੁਝ ਹੋਰ ਹੈ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਮਸੀਹੀ ਪਿਆਰ ਕਰਨ ਵਾਲੇ ਮਾਲਕ ਦੇ ਦਾਸ ਬਣ ਸਕਦੇ ਹਨ। ਜਦ ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ‘ਯਹੋਵਾਹ ਦੇ ਦਾਸ ਬਣਨ’ ਦੀ ਹੱਲਾਸ਼ੇਰੀ ਦਿੱਤੀ, ਤਾਂ ਉਹ ਕਹਿ ਰਿਹਾ ਸੀ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਇਸ ਲਈ ਕਰਨੀ ਚਾਹੀਦੀ ਹੈ ਕਿਉਂਕਿ ਉਹ ਉਸ ਨੂੰ ਪਿਆਰ ਕਰਦੇ ਹਨ। (ਰੋਮੀ. 12:11) ਸੋ ਪਰਮੇਸ਼ੁਰ ਦੇ ਦਾਸ ਹੋਣ ਦਾ ਕੀ ਮਤਲਬ ਹੈ? ਅਸੀਂ ਸ਼ੈਤਾਨ ਤੇ ਉਸ ਦੀ ਦੁਨੀਆਂ ਦੇ ਗ਼ੁਲਾਮ ਬਣਨ ਤੋਂ ਕਿਵੇਂ ਬਚ ਸਕਦੇ ਹਾਂ? ਅਤੇ ਯਹੋਵਾਹ ਦੇ ਵਫ਼ਾਦਾਰ ਦਾਸ ਬਣਨ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
‘ਮੈਂ ਆਪਣੇ ਸਵਾਮੀ ਨਾਲ ਪ੍ਰੇਮ ਕਰਦਾ ਹਾਂ’
2. (ੳ) ਇਕ ਇਜ਼ਰਾਈਲੀ ਸ਼ਾਇਦ ਗ਼ੁਲਾਮ ਬਣੇ ਰਹਿਣ ਦਾ ਫ਼ੈਸਲਾ ਕਿਉਂ ਕਰਦਾ ਸੀ? (ਅ) ਇਕ ਗ਼ੁਲਾਮ ਦੇ ਕੰਨ ਵਿੰਨ੍ਹੇ ਜਾਣ ਦਾ ਕੀ ਮਤਲਬ ਸੀ?
2 ਜੋ ਕਾਨੂੰਨ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਦਿੱਤਾ ਸੀ, ਉਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਦੇ ਦਾਸ ਹੋਣ ਦਾ ਕੀ ਮਤਲਬ ਹੈ। ਇਕ ਇਜ਼ਰਾਈਲੀ ਗ਼ੁਲਾਮ ਛੇ ਸਾਲ ਤਕ ਆਪਣੇ ਮਾਲਕ ਦੀ ਸੇਵਾ ਕਰਨ ਤੋਂ ਬਾਅਦ ਸੱਤਵੇਂ ਸਾਲ ਆਜ਼ਾਦ ਹੋ ਸਕਦਾ ਸੀ। (ਕੂਚ 21:2) ਪਰ ਯਹੋਵਾਹ ਨੇ ਇੰਤਜ਼ਾਮ ਕੀਤਾ ਕਿ ਜੇ ਗ਼ੁਲਾਮ ਆਪਣੇ ਮਾਲਕ ਨੂੰ ਦਿਲੋਂ ਪਿਆਰ ਕਰਦਾ ਸੀ, ਤਾਂ ਉਹ ਗ਼ੁਲਾਮ ਬਣਿਆ ਰਹਿ ਸਕਦਾ ਸੀ। ਕਾਨੂੰਨ ਮੁਤਾਬਕ ਮਾਲਕ ਆਪਣੇ ਗ਼ੁਲਾਮ ਨੂੰ ਦਰਵਾਜ਼ੇ ਜਾਂ ਚੁਗਾਠ ਕੋਲ ਲਿਆ ਕੇ ਉਸ ਦਾ ਕੰਨ ਵਿੰਨ੍ਹਦਾ ਸੀ। (ਕੂਚ 21:5, 6) ਕਿਉਂ? ਇਬਰਾਨੀ ਭਾਸ਼ਾ ਵਿਚ ਆਗਿਆਕਾਰ ਹੋਣ ਦਾ ਮਤਲਬ ਹੈ ਸੁਣਨਾ ਤੇ ਕਹਿਣਾ ਮੰਨਣਾ। ਸੋ ਕੰਨ ਵਿੰਨ੍ਹੇ ਜਾਣ ʼਤੇ ਗ਼ੁਲਾਮ ਦਿਖਾਉਂਦਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਮਾਲਕ ਦਾ ਕਹਿਣਾ ਮੰਨਦੇ ਹੋਏ ਉਸ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੁੰਦਾ ਸੀ। ਅਸੀਂ ਵੀ ਆਪਣੀ ਮਰਜ਼ੀ ਨਾਲ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪੀ ਹੈ। ਇਸ ਤਰ੍ਹਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਦਾ ਕਹਿਣਾ ਮੰਨਦੇ ਹਾਂ।
3. ਅਸੀਂ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਕਿਉਂ ਸੌਂਪੀ ਸੀ?
3 ਬਪਤਿਸਮਾ ਲੈਣ ਤੋਂ ਪਹਿਲਾਂ ਅਸੀਂ ਯਹੋਵਾਹ ਦੇ ਗ਼ੁਲਾਮ ਬਣ ਕੇ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ। ਉਸ ਨੂੰ ਆਪਣੀ ਜ਼ਿੰਦਗੀ ਸੌਂਪਦੇ ਵੇਲੇ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਉਸ ਦਾ ਕਹਿਣਾ ਮੰਨਾਂਗੇ ਤੇ ਉਸ ਦੀ ਇੱਛਾ ਮੁਤਾਬਕ ਚੱਲਾਂਗੇ। ਇਹ ਫ਼ੈਸਲਾ ਕਰਨ ਲਈ ਕਿਸੇ ਨੇ ਸਾਡੇ ਨਾਲ ਜ਼ਬਰਦਸਤੀ ਨਹੀਂ ਕੀਤੀ ਸੀ। ਇਸੇ ਤਰ੍ਹਾਂ ਨੌਜਵਾਨ ਭੈਣ-ਭਰਾ ਆਪਣੀ ਮਰਜ਼ੀ ਨਾਲ ਬਪਤਿਸਮਾ ਲੈਂਦੇ ਹਨ, ਨਾ ਕਿ ਆਪਣੇ ਮਾਪਿਆਂ ਨੂੰ ਖ਼ੁਸ਼ ਕਰਨ ਵਾਸਤੇ। ਹਰ ਮਸੀਹੀ ਆਪਣੇ ਮਾਲਕ ਯਹੋਵਾਹ ਨੂੰ ਆਪਣੀ ਜ਼ਿੰਦਗੀ ਇਸ ਲਈ ਸਮਰਪਿਤ ਕਰਦਾ ਹੈ ਕਿਉਂਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।”—1 ਯੂਹੰ. 5:3.
ਆਜ਼ਾਦ, ਪਰ ਫਿਰ ਵੀ ਗ਼ੁਲਾਮ
4. “ਧਾਰਮਿਕਤਾ ਦੇ ਗ਼ੁਲਾਮ” ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
4 ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਇੰਤਜ਼ਾਮ ਕੀਤਾ ਹੈ ਤਾਂਕਿ ਅਸੀਂ ਉਸ ਦੇ ਗ਼ੁਲਾਮ ਬਣ ਸਕੀਏ। ਮਸੀਹ ਦੀ ਕੁਰਬਾਨੀ ਵਿਚ ਨਿਹਚਾ ਕਰਨ ਨਾਲ ਹੀ ਅਸੀਂ ਪਾਪ ਦੀ ਗ਼ੁਲਾਮੀ ਤੋਂ ਛੁਟਕਾਰਾ ਪਾ ਸਕਦੇ ਹਾਂ। ਹਾਲਾਂਕਿ ਅਸੀਂ ਅਜੇ ਵੀ ਗ਼ਲਤੀਆਂ ਕਰਦੇ ਹਾਂ, ਫਿਰ ਵੀ ਅਸੀਂ ਖ਼ੁਸ਼ੀ-ਖ਼ੁਸ਼ੀ ਆਪਣੇ ਆਪ ਨੂੰ ਯਹੋਵਾਹ ਤੇ ਯਿਸੂ ਦੇ ਅਧੀਨ ਕੀਤਾ ਹੈ। ਪੌਲੁਸ ਨੇ ਇਹ ਗੱਲ ਆਪਣੀ ਇਕ ਚਿੱਠੀ ਵਿਚ ਸਾਫ਼-ਸਾਫ਼ ਸਮਝਾਈ ਜਦ ਉਸ ਨੇ ਲਿਖਿਆ: “ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਮਾਮਲੇ ਵਿਚ ਮਰੇ ਹੋਏ ਸਮਝੋ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀਓ ਕਿਉਂਕਿ ਤੁਸੀਂ ਮਸੀਹ ਯਿਸੂ ਦੇ ਚੇਲੇ ਹੋ।” ਫਿਰ ਉਸ ਨੇ ਚੇਤਾਵਨੀ ਦਿੱਤੀ: “ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਇਨਸਾਨ ਕਿਸੇ ਦਾ ਹੁਕਮ ਮੰਨਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਉਹ ਉਸ ਦਾ ਗ਼ੁਲਾਮ ਹੁੰਦਾ ਹੈ ਕਿਉਂਕਿ ਉਹ ਉਸ ਦਾ ਹੁਕਮ ਮੰਨਦਾ ਹੈ? ਇਸ ਲਈ, ਤੁਸੀਂ ਜਾਂ ਤਾਂ ਪਾਪ ਦੇ ਗ਼ੁਲਾਮ ਹੋ ਜਿਸ ਦਾ ਅੰਜਾਮ ਮੌਤ ਹੁੰਦਾ ਹੈ ਜਾਂ ਫਿਰ ਤੁਸੀਂ ਪਰਮੇਸ਼ੁਰ ਦੇ ਗ਼ੁਲਾਮ ਹੋ ਅਤੇ ਉਸ ਦਾ ਕਹਿਣਾ ਮੰਨਦੇ ਹੋ ਜਿਸ ਕਰਕੇ ਤੁਹਾਨੂੰ ਧਰਮੀ ਠਹਿਰਾਇਆ ਜਾਵੇਗਾ। ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਪਹਿਲਾਂ ਪਾਪ ਦੇ ਗ਼ੁਲਾਮ ਸੀ, ਪਰ ਹੁਣ ਤੁਸੀਂ ਉਸ ਸਿੱਖਿਆ ʼਤੇ ਦਿਲੋਂ ਚੱਲਦੇ ਹੋ ਜੋ ਸਿੱਖਿਆ ਤੁਹਾਨੂੰ ਸੌਂਪੀ ਗਈ ਸੀ। ਜੀ ਹਾਂ, ਤੁਹਾਨੂੰ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਕਰਾ ਲਿਆ ਗਿਆ ਹੈ, ਇਸ ਲਈ ਤੁਸੀਂ ਧਾਰਮਿਕਤਾ ਦੇ ਗ਼ੁਲਾਮ ਬਣ ਗਏ ਹੋ।” (ਰੋਮੀ. 6:11, 16-18) ਗੌਰ ਕਰੋ ਕਿ ਪੌਲੁਸ ਕਹਿੰਦਾ ਹੈ ਕਿ ਸਾਨੂੰ ਦਿਲੋਂ ਪਰਮੇਸ਼ੁਰ ਦਾ ਕਹਿਣਾ ਮੰਨਣਾ ਚਾਹੀਦਾ ਹੈ। ਵਾਕਈ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਅਸੀਂ “ਧਾਰਮਿਕਤਾ ਦੇ ਗ਼ੁਲਾਮ” ਬਣੇ ਹਾਂ।
5. ਅਸੀਂ ਕਿਹੜੀ ਲੜਾਈ ਲੜਦੇ ਹਾਂ ਅਤੇ ਕਿਉਂ?
5 ਫਿਰ ਵੀ ਪਰਮੇਸ਼ੁਰ ਨੂੰ ਕੀਤੇ ਆਪਣੇ ਵਾਅਦੇ ਮੁਤਾਬਕ ਚੱਲਣ ਲਈ ਸਾਨੂੰ ਦੋ ਗੱਲਾਂ ਨਾਲ ਜੂਝਣਾ ਪੈਂਦਾ ਹੈ। ਪਹਿਲੀ ਗੱਲ, ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ। ਪੌਲੁਸ ਨੂੰ ਵੀ ਇੱਦਾਂ ਕਰਨਾ ਪਿਆ। ਉਸ ਨੇ ਕਿਹਾ: “ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ। ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ। ਇਹ ਕਾਨੂੰਨ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ ਜੋ ਮੇਰੇ ਸਰੀਰ ਦੇ ਅੰਗਾਂ ਵਿਚ ਹੈ।” (ਰੋਮੀ. 7:22, 23) ਪਾਪੀ ਹੋਣ ਕਰਕੇ ਸਾਨੂੰ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਦੇ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲ ਸਕੀਏ। ਪਤਰਸ ਰਸੂਲ ਨੇ ਸਾਨੂੰ ਤਾਕੀਦ ਕੀਤੀ: “ਆਜ਼ਾਦ ਲੋਕਾਂ ਵਾਂਗ ਜੀਓ, ਪਰ ਆਪਣੀ ਆਜ਼ਾਦੀ ਨੂੰ ਗ਼ਲਤ ਕੰਮ ਕਰਨ ਲਈ ਨਾ ਵਰਤੋ, ਸਗੋਂ ਪਰਮੇਸ਼ੁਰ ਦੇ ਗ਼ੁਲਾਮ ਬਣੇ ਰਹੋ।”—1 ਪਤ. 2:16.
6, 7. ਸ਼ੈਤਾਨ ਸਾਨੂੰ ਆਪਣੇ ਵੱਲ ਖਿੱਚਣ ਲਈ ਦੁਨੀਆਂ ਨੂੰ ਕਿਵੇਂ ਵਰਤਦਾ ਹੈ?
6 ਦੂਜੀ ਗੱਲ, ਇਹ ਦੁਨੀਆਂ ਦੁਸ਼ਟ ਦੂਤਾਂ ਦੇ ਕੰਟ੍ਰੋਲ ਵਿਚ ਹੈ ਜਿਸ ਕਰਕੇ ਸਾਨੂੰ ਇਸ ਦੁਨੀਆਂ ਖ਼ਿਲਾਫ਼ ਵੀ ਲੜਨਾ ਪੈਂਦਾ ਹੈ। ਇਸ ਦੁਨੀਆਂ ਦਾ ਹਾਕਮ ਸ਼ੈਤਾਨ ਹਰ ਤਰ੍ਹਾਂ ਦਾ ਹੱਥਕੰਡਾ ਇਸਤੇਮਾਲ ਕਰਦਾ ਹੈ ਤਾਂਕਿ ਯਹੋਵਾਹ ਤੇ ਯਿਸੂ ਨਾਲ ਸਾਡਾ ਰਿਸ਼ਤਾ ਟੁੱਟ ਜਾਵੇ। ਉਹ ਸਾਨੂੰ ਭਰਮਾਉਂਦਾ ਹੈ ਤਾਂਕਿ ਅਸੀਂ ਉਸ ਦੇ ਗ਼ੁਲਾਮ ਬਣ ਕੇ ਇਸ ਦੁਨੀਆਂ ਦੇ ਲੋਕਾਂ ਵਰਗੇ ਬਣ ਜਾਈਏ। (ਅਫ਼ਸੀਆਂ 6:11, 12 ਪੜ੍ਹੋ।) ਸਾਨੂੰ ਆਪਣੇ ਜਾਲ਼ ਵਿਚ ਫਸਾਉਣ ਲਈ ਉਹ ਦੁਨੀਆਂ ਦੀਆਂ ਚੀਜ਼ਾਂ ਨੂੰ ਇੰਨੇ ਸੋਹਣੇ ਢੰਗ ਨਾਲ ਪੇਸ਼ ਕਰਦਾ ਹੈ ਕਿ ਸਾਡੇ ਮਨ ਵਿਚ ਇਨ੍ਹਾਂ ਨੂੰ ਪਾਉਣ ਦੀ ਖ਼ਾਹਸ਼ ਪੈਦਾ ਹੁੰਦੀ ਹੈ। ਯੂਹੰਨਾ ਰਸੂਲ ਨੇ ਸਾਨੂੰ ਖ਼ਬਰਦਾਰ ਕੀਤਾ: “ਤੁਸੀਂ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜਿਹੜਾ ਦੁਨੀਆਂ ਨੂੰ ਪਿਆਰ ਕਰਦਾ ਹੈ, ਉਸ ਦੇ ਦਿਲ ਵਿਚ ਪਿਤਾ ਲਈ ਪਿਆਰ ਨਹੀਂ ਹੈ; ਕਿਉਂਕਿ ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ ਅਤੇ ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ, ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।”—1 ਯੂਹੰ. 2:15, 16.
7 ਦੁਨੀਆਂ ਦੇ ਲੋਕਾਂ ʼਤੇ ਅਮੀਰ ਬਣਨ ਅਤੇ ਚੀਜ਼ਾਂ ਇਕੱਠੀਆਂ ਕਰਨ ਦਾ ਜਨੂਨ ਸਵਾਰ ਹੈ। ਸ਼ੈਤਾਨ ਲੋਕਾਂ ਨੂੰ ਇਹ ਧੋਖਾ ਦਿੰਦਾ ਹੈ: ਜਿੰਨਾ ਜ਼ਿਆਦਾ ਪੈਸਾ ਉੱਨੀ ਜ਼ਿਆਦਾ ਖ਼ੁਸ਼ੀ। ਜਿੱਥੇ ਕਿਤੇ ਵੀ ਦੇਖੋ ਵੱਡੀਆਂ-ਵੱਡੀਆਂ ਦੁਕਾਨਾਂ ਤੇ ਬਾਜ਼ਾਰ ਲੱਗੇ ਹੋਏ ਹਨ। ਮਸ਼ਹੂਰੀਆਂ ਵੀ ਲੋਕਾਂ ਨੂੰ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਲਈ ਉਕਸਾਉਂਦੀਆਂ ਹਨ। ਮਿਸਾਲ ਲਈ, ਟਰੈਵਲ ਏਜੈਂਟ ਸਾਨੂੰ ਲਲਚਾਉਂਦੇ ਹਨ ਕਿ ਅਸੀਂ ਬਾਹਰਲੇ ਦੇਸ਼ਾਂ ਵਿਚ ਜਾ ਕੇ ਜ਼ਿਆਦਾ ਪੈਸਾ ਕਮਾਈਏ ਜਿੱਥੇ ਸਾਡਾ ਵਾਹ ਦੁਨਿਆਵੀ ਲੋਕ ਨਾਲ ਪਵੇਗਾ। ਹਾਂ, ਸਾਨੂੰ ਹਮੇਸ਼ਾ ਇਹੀ ਦੱਸਿਆ ਜਾਂਦਾ ਹੈ ਕਿ ਜੇ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਬਣੀਏ, ਤਾਂ ਹੀ ਸਾਡੀ ਜ਼ਿੰਦਗੀ ਵਧੀਆ ਬਣੇਗੀ।
8, 9. ਸਾਨੂੰ ਕਿਹੜੀ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਅਤੇ ਕਿਉਂ?
8 ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਕੁਝ ਲੋਕਾਂ ਦੀ ਸੋਚ ਦੁਨੀਆਂ ਦੇ ਲੋਕਾਂ ਵਰਗੀ ਬਣ ਗਈ ਸੀ। ਇਸ ਲਈ ਪਤਰਸ ਨੇ ਮਸੀਹੀਆਂ ਨੂੰ ਖ਼ਬਰਦਾਰ ਕੀਤਾ: “ਇਨ੍ਹਾਂ ਆਦਮੀਆਂ ਨੂੰ ਦਿਨੇ ਹੀ ਅਯਾਸ਼ੀ ਵਿਚ ਮਸਤ ਰਹਿਣਾ ਚੰਗਾ ਲੱਗਦਾ ਹੈ। ਤੁਹਾਡੇ ਨਾਲ ਦਾਅਵਤਾਂ ਵਿਚ ਖਾਣ-ਪੀਣ ਵੇਲੇ ਇਨ੍ਹਾਂ ਦਾਗ਼ੀ ਅਤੇ ਕਲੰਕੀ ਆਦਮੀਆਂ ਨੂੰ ਆਪਣੀਆਂ ਝੂਠੀਆਂ ਸਿੱਖਿਆਵਾਂ ਫੈਲਾਉਣ ਅਤੇ ਦੂਜਿਆਂ ਨੂੰ ਗੁਮਰਾਹ ਕਰਨ ਵਿਚ ਬਹੁਤ ਖ਼ੁਸ਼ੀ ਹੁੰਦੀ ਹੈ। ਕਿਉਂਕਿ ਇਹ ਆਦਮੀ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰਦੇ ਹਨ, ਪਰ ਇਹ ਸਾਰੀਆਂ ਫੋਕੀਆਂ ਹਨ। ਇਹ ਸਰੀਰਕ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਹੱਲਾਸ਼ੇਰੀ ਦੇ ਕੇ ਅਤੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰ ਕੇ ਉਨ੍ਹਾਂ ਲੋਕਾਂ ਨੂੰ ਭਰਮਾਉਂਦੇ ਹਨ ਜਿਹੜੇ ਅਜਿਹੇ ਲੋਕਾਂ ਵਿੱਚੋਂ ਹੁਣੇ-ਹੁਣੇ ਨਿਕਲੇ ਹਨ ਜਿਨ੍ਹਾਂ ਦੀ ਜ਼ਿੰਦਗੀ ਗ਼ਲਤ ਕੰਮ ਕਰਨ ਵਿਚ ਹੀ ਨਿਕਲਦੀ ਹੈ। ਭਾਵੇਂ ਇਹ ਆਦਮੀ ਉਨ੍ਹਾਂ ਨਾਲ ਆਜ਼ਾਦੀ ਦਾ ਵਾਅਦਾ ਕਰਦੇ ਹਨ, ਪਰ ਇਹ ਆਪ ਹੀ ਗ਼ਲਤ ਕੰਮਾਂ ਦੇ ਗ਼ੁਲਾਮ ਹਨ। ਜੇ ਕੋਈ ਇਨਸਾਨ ਕਿਸੇ ਦੇ ਵੱਸ ਵਿਚ ਆ ਜਾਂਦਾ ਹੈ, ਤਾਂ ਉਹ ਇਨਸਾਨ ਉਸ ਦਾ ਗ਼ੁਲਾਮ ਬਣ ਜਾਂਦਾ ਹੈ।”—2 ਪਤ. 2:13, 18, 19.
9 “ਅੱਖਾਂ ਦੀ ਲਾਲਸਾ” ਪੂਰੀ ਕਰਨ ਨਾਲ ਆਜ਼ਾਦੀ ਨਹੀਂ ਮਿਲਦੀ, ਸਗੋਂ ਅਸੀਂ ਅਣਜਾਣੇ ਵਿਚ ਇਸ ਦੁਨੀਆਂ ਦੇ ਮਾਲਕ ਸ਼ੈਤਾਨ ਦੇ ਗ਼ੁਲਾਮ ਬਣ ਜਾਂਦੇ ਹਾਂ। (1 ਯੂਹੰ. 5:19) ਇਸ ਲਈ ਧਨ-ਦੌਲਤ ਦੇ ਗ਼ੁਲਾਮ ਬਣਨ ਤੋਂ ਖ਼ਬਰਦਾਰ ਰਹੋ ਕਿਉਂਕਿ ਇਸ ਦੀ ਗ਼ੁਲਾਮੀ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ।
ਪਰਮੇਸ਼ੁਰ ਦੀ ਸੇਵਾ ਨੂੰ ਆਪਣਾ ਕੈਰੀਅਰ ਬਣਾਓ
10, 11. ਸ਼ੈਤਾਨ ਨੇ ਅੱਜ ਕਿਨ੍ਹਾਂ ਨੂੰ ਆਪਣਾ ਖ਼ਾਸ ਨਿਸ਼ਾਨਾ ਬਣਾਇਆ ਹੈ ਅਤੇ ਜ਼ਿਆਦਾ ਪੜ੍ਹਾਈ-ਲਿਖਾਈ ਕਰਨ ਨਾਲ ਉਨ੍ਹਾਂ ਲਈ ਕੀ ਕਰਨਾ ਮੁਸ਼ਕਲ ਹੋ ਸਕਦਾ ਹੈ?
10 ਸ਼ੈਤਾਨ ਘੱਟ ਤਜਰਬੇ ਵਾਲੇ ਲੋਕਾਂ ਨੂੰ, ਖ਼ਾਸ ਕਰਕੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਜਦ ਅਜਿਹੇ ਭੈਣ-ਭਰਾ ਜਾਂ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪ ਕੇ ਉਸ ਦਾ ਗ਼ੁਲਾਮ ਬਣਦਾ ਹੈ, ਤਾਂ ਸ਼ੈਤਾਨ ਬਿਲਕੁਲ ਖ਼ੁਸ਼ ਨਹੀਂ ਹੁੰਦਾ। ਪਰਮੇਸ਼ੁਰ ਦਾ ਦੁਸ਼ਮਣ ਇਸ ਗੱਲ ʼਤੇ ਤੁਲਿਆ ਹੋਇਆ ਹੈ ਕਿ ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕ ਉਸ ਦੀ ਭਗਤੀ ਕਰਨੀ ਛੱਡ ਦੇਣ।
11 ਜ਼ਰਾ ਗ਼ੁਲਾਮ ਦੀ ਮਿਸਾਲ ਬਾਰੇ ਫਿਰ ਤੋਂ ਸੋਚੋ। ਕੰਨ ਵਿੰਨ੍ਹੇ ਜਾਣ ʼਤੇ ਉਸ ਨੂੰ ਥੋੜ੍ਹੀ ਦੇਰ ਲਈ ਦਰਦ ਜ਼ਰੂਰ ਹੁੰਦਾ ਸੀ, ਪਰ ਇਹ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਸ ਨੇ ਆਪਣੇ ਮਾਲਕ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ। ਇਸੇ ਤਰ੍ਹਾਂ ਸ਼ਾਇਦ ਨੌਜਵਾਨ ਭੈਣਾਂ-ਭਰਾਵਾਂ ਨੂੰ ਅਜਿਹੇ ਫ਼ੈਸਲੇ ਲੈਣੇ ਔਖੇ ਲੱਗਣ ਜੋ ਉਨ੍ਹਾਂ ਦੇ ਸਾਥੀਆਂ ਤੋਂ ਵੱਖਰੇ ਹਨ। ਮਿਸਾਲ ਲਈ, ਸ਼ੈਤਾਨ ਲੋਕਾਂ ਨੂੰ ਧੋਖਾ ਦਿੰਦਾ ਹੈ ਕਿ ਅਸਲੀ ਖ਼ੁਸ਼ੀ ਇਸ ਦੁਨੀਆਂ ਵਿਚ ਆਪਣਾ ਕੈਰੀਅਰ ਬਣਾ ਕੇ ਹੀ ਮਿਲਦੀ ਹੈ। ਪਰ ਸੱਚ ਤਾਂ ਇਹ ਹੈ ਕਿ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ ਹੀ ਖ਼ੁਸ਼ ਹੋ ਸਕਦੇ ਹਾਂ। ਯਿਸੂ ਨੇ ਕਿਹਾ ਸੀ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” (ਮੱਤੀ 5:3) ਮਸੀਹੀਆਂ ਨੇ ਸ਼ੈਤਾਨ ਦੀ ਨਹੀਂ, ਸਗੋਂ ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਕੀਤਾ ਹੈ। ਇਸ ਕਰਕੇ ਉਨ੍ਹਾਂ ਨੂੰ ਬਾਈਬਲ ਪੜ੍ਹਨ ਅਤੇ ਦਿਨ-ਰਾਤ ਇਸ ਉੱਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਣ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ।) ਪਰ ਜੇ ਕੋਈ ਮਸੀਹੀ ਜ਼ਿਆਦਾ ਪੜ੍ਹਾਈ-ਲਿਖਾਈ ਕਰਨ ਵਿਚ ਲੱਗ ਜਾਂਦਾ ਹੈ, ਤਾਂ ਉਸ ਕੋਲ ਪਰਮੇਸ਼ੁਰ ਦੇ ਬਚਨ ਉੱਤੇ ਸੋਚ-ਵਿਚਾਰ ਕਰਨ ਤੇ ਯਹੋਵਾਹ ਦੀ ਸੇਵਾ ਕਰਨ ਲਈ ਸਮਾਂ ਨਹੀਂ ਬਚੇਗਾ।
12. ਨੌਜਵਾਨ ਭੈਣਾਂ-ਭਰਾਵਾਂ ਨੂੰ ਕਿਹੜਾ ਫ਼ੈਸਲਾ ਕਰਨ ਦੀ ਲੋੜ ਹੈ?
12 ਪੌਲੁਸ ਨੇ ਕੁਰਿੰਥੀਆਂ ਨੂੰ ਆਪਣੀ ਪਹਿਲੀ ਚਿੱਠੀ ਵਿਚ ਕਿਹਾ: “ਕੀ ਤੁਹਾਨੂੰ ਗ਼ੁਲਾਮੀ ਦੀ ਹਾਲਤ ਵਿਚ ਸੱਦਿਆ ਗਿਆ ਸੀ?” ਫਿਰ ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ: “ਤੁਸੀਂ ਚਿੰਤਾ ਨਾ ਕਰੋ; ਪਰ ਜੇ ਤੁਸੀਂ ਆਜ਼ਾਦ ਹੋ ਸਕਦੇ ਹੋ, ਤਾਂ ਮੌਕਾ ਹੱਥੋਂ ਨਾ ਜਾਣ ਦਿਓ।” (1 ਕੁਰਿੰ. 7:21) ਜੇ ਇਕ ਮਸੀਹੀ ਗ਼ੁਲਾਮ ਦਾ ਦੁਨਿਆਵੀ ਮਾਲਕ ਉਸ ਦੀ ਜ਼ਿੰਦਗੀ ਜੀਣੀ ਮੁਹਾਲ ਕਰ ਰਿਹਾ ਸੀ, ਤਾਂ ਉਸ ਤੋਂ ਆਜ਼ਾਦ ਹੋਣ ਵਿਚ ਹੀ ਗ਼ੁਲਾਮ ਦੀ ਭਲਾਈ ਹੋਣੀ ਸੀ। ਅੱਜ ਕਈ ਦੇਸ਼ਾਂ ਵਿਚ ਇਹ ਕਾਨੂੰਨ ਹੈ ਕਿ ਬੱਚਿਆਂ ਲਈ ਕੁਝ ਸਾਲਾਂ ਤਕ ਸਕੂਲੇ ਪੜ੍ਹਾਈ ਕਰਨੀ ਲਾਜ਼ਮੀ ਹੈ। ਇਸ ਤੋਂ ਬਾਅਦ ਉਹ ਆਪ ਫ਼ੈਸਲਾ ਕਰ ਸਕਦੇ ਹਨ ਕਿ ਉਹ ਹੋਰ ਪੜ੍ਹਾਈ ਕਰਨੀ ਚਾਹੁੰਦੇ ਹਨ ਜਾਂ ਨਹੀਂ। ਪਰ ਜੇ ਇਕ ਮਸੀਹੀ ਇਸ ਦੁਨੀਆਂ ਵਿਚ ਕੈਰੀਅਰ ਬਣਾਉਣ ਲਈ ਹੋਰ ਪੜ੍ਹਾਈ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਉਹ ਸ਼ਾਇਦ ਪੂਰੇ-ਸਮੇਂ ਦੀ ਸੇਵਾ ਨਾ ਕਰ ਸਕੇ।—1 ਕੁਰਿੰਥੀਆਂ 7:23 ਪੜ੍ਹੋ।
ਦੁਨੀਆਂ ਦੀ ਸਿੱਖਿਆ ਜਾਂ ਪਰਮੇਸ਼ੁਰ ਦੀ?
13. ਕਿਹੜੀ ਪੜ੍ਹਾਈ-ਲਿਖਾਈ ਯਹੋਵਾਹ ਦੇ ਸੇਵਕਾਂ ਲਈ ਸਭ ਤੋਂ ਫ਼ਾਇਦੇਮੰਦ ਹੋਵੇਗੀ?
13 ਪੌਲੁਸ ਨੇ ਕੁਲੁੱਸੈ ਵਿਚ ਰਹਿੰਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ: “ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ। ਇਹ ਗਿਆਨ ਅਤੇ ਗੱਲਾਂ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ।” (ਕੁਲੁ. 2:8) ਅੱਜ ਵੀ ਮੰਨੇ-ਪ੍ਰਮੰਨੇ ਟੀਚਰ “ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ” ਸਿਖਾਉਂਦੇ ਹਨ ਜੋ ‘ਇਨਸਾਨਾਂ ਦੇ ਰੀਤਾਂ-ਰਿਵਾਜਾਂ ਉੱਤੇ ਆਧਾਰਿਤ ਹਨ।’ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਇਸ ਗੱਲ ʼਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਕਿ ਸਟੂਡੈਂਟਸ ਡਿਗਰੀਆਂ ਹਾਸਲ ਕਰਨ ਨਾ ਕਿ ਕੋਈ ਹੁਨਰ। ਇਸ ਕਰਕੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਟੂਡੈਂਟਸ ਅਕਸਰ ਜ਼ਿੰਦਗੀ ਦੀਆਂ ਚੁਣੌਤੀਆਂ ਲਈ ਤਿਆਰ ਨਹੀਂ ਹੁੰਦੇ। ਇਸ ਤੋਂ ਉਲਟ ਯਹੋਵਾਹ ਦੇ ਸੇਵਕ ਅਜਿਹੀ ਪੜ੍ਹਾਈ-ਲਿਖਾਈ ਕਰਦੇ ਹਨ ਜਿਸ ਤੋਂ ਉਨ੍ਹਾਂ ਨੂੰ ਕੋਈ ਹੁਨਰ ਸਿੱਖਣ ਨੂੰ ਮਿਲਦਾ ਹੈ। ਇੱਦਾਂ ਉਹ ਆਪਣੀ ਜ਼ਿੰਦਗੀ ਸਾਦੀ ਰੱਖ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਉਹ ਤਿਮੋਥਿਉਸ ਨੂੰ ਦਿੱਤੀ ਪੌਲੁਸ ਦੀ ਇਸ ਸਲਾਹ ਨੂੰ ਦਿਲੋਂ ਮੰਨਦੇ ਹਨ: “ਇਹ ਸੱਚ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਫ਼ਾਇਦਾ ਹੁੰਦਾ ਹੈ, ਬਸ਼ਰਤੇ ਕਿ ਜੋ ਕੁਝ ਸਾਡੇ ਕੋਲ ਹੈ, ਅਸੀਂ ਉਸੇ ਵਿਚ ਸੰਤੋਖ ਰੱਖੀਏ। ਇਸ ਲਈ, ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।” (1 ਤਿਮੋ. 6:6, 8) ਮਸੀਹੀ ਭੈਣ-ਭਰਾ ਡਿਗਰੀਆਂ ਲੈਣ ਜਾਂ ਇਸ ਦੁਨੀਆਂ ਵਿਚ ਵੱਡਾ ਨਾਂ ਕਮਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਦੀ ਬਜਾਇ ਉਹ ਪ੍ਰਚਾਰ ਵਿਚ ਪੂਰੀ ਵਾਹ ਲਾ ਕੇ “ਸਿਫ਼ਾਰਸ਼ੀ ਚਿੱਠੀਆਂ” ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਚਿੱਠੀਆਂ ਉਹ ਲੋਕ ਹਨ ਜਿਨ੍ਹਾਂ ਦੀ ਉਨ੍ਹਾਂ ਨੇ ਮਸੀਹੀ ਬਣਨ ਵਿਚ ਮਦਦ ਕੀਤੀ ਹੈ।—2 ਕੁਰਿੰਥੀਆਂ 3:1-3 ਪੜ੍ਹੋ।
14. ਫ਼ਿਲਿੱਪੀਆਂ 3:8 ਅਨੁਸਾਰ ਪਰਮੇਸ਼ੁਰ ਤੇ ਮਸੀਹ ਦੇ ਗ਼ੁਲਾਮ ਹੋਣ ਬਾਰੇ ਪੌਲੁਸ ਦਾ ਕੀ ਨਜ਼ਰੀਆ ਸੀ?
14 ਪੌਲੁਸ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਯਹੂਦੀ ਕਾਨੂੰਨ ਦੇ ਸਿੱਖਿਅਕ ਗਮਲੀਏਲ ਤੋਂ ਸਿੱਖਿਆ ਲਈ ਸੀ। ਇਹ ਸਿੱਖਿਆ ਅੱਜ ਯੂਨੀਵਰਸਿਟੀ ਜਾਣ ਦੇ ਬਰਾਬਰ ਸੀ। ਪਰ ਜਦ ਪੌਲੁਸ ਨੇ ਇਸ ਸਿੱਖਿਆ ਦੀ ਤੁਲਨਾ ਪਰਮੇਸ਼ੁਰ ਤੇ ਮਸੀਹ ਦੇ ਗ਼ੁਲਾਮ ਹੋਣ ਦੇ ਸਨਮਾਨ ਨਾਲ ਕੀਤੀ, ਤਾਂ ਉਸ ਨੇ ਕਿਹਾ: “ਮੈਂ ਆਪਣੇ ਪ੍ਰਭੂ ਮਸੀਹ ਯਿਸੂ ਦੇ ਅਨਮੋਲ ਗਿਆਨ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ . . . ਫ਼ਜ਼ੂਲ ਸਮਝਦਾ ਹਾਂ।” ਉਸ ਨੇ ਅੱਗੇ ਕਿਹਾ: “ਉਸੇ ਦੀ ਖ਼ਾਤਰ ਮੈਂ ਸਾਰੀਆਂ ਚੀਜ਼ਾਂ ਨੂੰ ਠੋਕਰ ਮਾਰੀ ਹੈ ਅਤੇ ਮੈਂ ਇਨ੍ਹਾਂ ਨੂੰ ਕੂੜੇ ਦਾ ਢੇਰ ਸਮਝਦਾ ਹਾਂ, ਤਾਂਕਿ ਮੈਂ ਮਸੀਹ ਨੂੰ ਪਾ ਲਵਾਂ।” (ਫ਼ਿਲਿ. 3:8) ਪੌਲੁਸ ਦੇ ਸ਼ਬਦ ਨੌਜਵਾਨ ਭੈਣਾਂ-ਭਰਾਵਾਂ ਤੇ ਉਨ੍ਹਾਂ ਦੇ ਮਾਪਿਆਂ ਦੀ ਮਦਦ ਕਰਦੇ ਹਨ ਤਾਂਕਿ ਉਹ ਪੜ੍ਹਾਈ-ਲਿਖਾਈ ਬਾਰੇ ਸਹੀ ਫ਼ੈਸਲੇ ਲੈ ਸਕਣ। (ਤਸਵੀਰਾਂ ਦੇਖੋ।)
ਸਭ ਤੋਂ ਵਧੀਆ ਸਿੱਖਿਆ ਦਾ ਫ਼ਾਇਦਾ ਉਠਾਓ
15, 16. ਯਹੋਵਾਹ ਦਾ ਸੰਗਠਨ ਸਾਨੂੰ ਕਿਹੜੀ ਸਿੱਖਿਆ ਦਿੰਦਾ ਹੈ ਅਤੇ ਅਸੀਂ ਇਹ ਸਿੱਖਿਆ ਕਿਉਂ ਲੈਂਦੇ ਹਾਂ?
15 ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਕਿੱਦਾਂ ਦਾ ਮਾਹੌਲ ਹੁੰਦਾ ਹੈ? ਅਕਸਰ ਇਨ੍ਹਾਂ ਥਾਵਾਂ ਵਿਚ ਲੋਕ ਸਰਕਾਰ ਤੇ ਹੋਰ ਅਧਿਕਾਰੀਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ। (ਅਫ਼. 2:2) ਇਸ ਦੇ ਉਲਟ ਯਹੋਵਾਹ ਦਾ ਸੰਗਠਨ ਸਾਨੂੰ ਮੰਡਲੀ ਦੇ ਸ਼ਾਂਤ ਮਾਹੌਲ ਵਿਚ ਸਭ ਤੋਂ ਵਧੀਆ ਸਿੱਖਿਆ ਦਿੰਦਾ ਹੈ। ਹਰ ਹਫ਼ਤੇ ਅਸੀਂ ਸਾਰੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਕਿੰਨਾ ਕੁਝ ਸਿੱਖਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਸਕੂਲ ਹਨ ਜਿਨ੍ਹਾਂ ਤੋਂ ਅਸੀਂ ਖ਼ਾਸ ਟ੍ਰੇਨਿੰਗ ਲੈ ਸਕਦੇ ਹਾਂ। ਮਿਸਾਲ ਲਈ, ਕੁਆਰੇ ਪਾਇਨੀਅਰ ਭਰਾ, ਭਰਾਵਾਂ ਲਈ ਬਾਈਬਲ ਸਕੂਲ ਜਾ ਸਕਦੇ ਹਨ ਅਤੇ ਵਿਆਹੇ ਪਾਇਨੀਅਰ ਜੋੜੇ, ਪਤੀ-ਪਤਨੀਆਂ ਲਈ ਬਾਈਬਲ ਸਕੂਲ ਜਾ ਸਕਦੇ ਹਨ। ਪਰਮੇਸ਼ੁਰ ਤੋਂ ਮਿਲਦੀ ਇਹ ਸਿੱਖਿਆ ਸਾਡੀ ਮਦਦ ਕਰਦੀ ਹੈ ਤਾਂਕਿ ਅਸੀਂ ਆਪਣੇ ਮਾਲਕ ਯਹੋਵਾਹ ਦੇ ਕਹਿਣੇ ਵਿਚ ਰਹੀਏ।
16 ਅਸੀਂ ਆਪਣੇ ਪ੍ਰਕਾਸ਼ਨਾਂ ਤੇ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਵਿਚ ਰੀਸਰਚ ਕਰ ਕੇ ਸੱਚਾਈ ਦਾ ਖ਼ਜ਼ਾਨਾ ਪਾ ਸਕਦੇ ਹਾਂ। ਬਾਈਬਲ ਤੋਂ ਸਿੱਖਿਆ ਲੈਣ ਦਾ ਮਕਸਦ ਇਹੀ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰੀਏ। ਇਸ ਸਿੱਖਿਆ ਰਾਹੀਂ ਅਸੀਂ ਦੂਜਿਆਂ ਦੀ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਵਿਚ ਮਦਦ ਕਰਦੇ ਹਾਂ। (2 ਕੁਰਿੰ. 5:20) ਫਿਰ ਉਹ ਵੀ ਇਹ ਗੱਲਾਂ ਹੋਰਨਾਂ ਨੂੰ ਸਿਖਾ ਸਕਣਗੇ।—2 ਤਿਮੋ. 2:2.
ਪਰਮੇਸ਼ੁਰ ਦੇ ਦਾਸ ਹੋਣ ਦੀਆਂ ਬਰਕਤਾਂ
17. ਸਭ ਤੋਂ ਵਧੀਆ ਸਿੱਖਿਆ ਲੈਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
17 ਯਿਸੂ ਨੇ ਚਾਂਦੀ ਦੇ ਸਿੱਕਿਆਂ ਬਾਰੇ ਇਕ ਮਿਸਾਲ ਦਿੱਤੀ ਜਿਸ ਵਿਚ ਮਾਲਕ ਆਪਣੇ ਦੋ ਵਫ਼ਾਦਾਰ ਨੌਕਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਸ਼ਾਬਾਸ਼ੀ ਦਿੰਦਾ ਹੈ। ਇਹ ਸੁਣ ਕੇ ਨੌਕਰ ਬਹੁਤ ਖ਼ੁਸ਼ ਹੁੰਦੇ ਹਨ। ਨਾਲੇ ਮਾਲਕ ਇੰਨਾ ਖ਼ੁਸ਼ ਹੁੰਦਾ ਹੈ ਕਿ ਉਹ ਉਨ੍ਹਾਂ ਨੂੰ ਹੋਰ ਵੀ ਜ਼ਿੰਮੇਵਾਰੀਆਂ ਦਿੰਦਾ ਹੈ। (ਮੱਤੀ 25:21, 23 ਪੜ੍ਹੋ।) ਜੇ ਅਸੀਂ ਪਰਮੇਸ਼ੁਰ ਤੋਂ ਮਿਲਦੀ ਸਭ ਤੋਂ ਵਧੀਆ ਸਿੱਖਿਆ ਲਵਾਂਗੇ, ਤਾਂ ਅਸੀਂ ਵੀ ਬਰਕਤਾਂ ਪਾਵਾਂਗੇ। ਮਾਈਕਲ ਨਾਂ ਦੇ ਭਰਾ ਦੀ ਮਿਸਾਲ ਲਓ। ਉਸ ਨੇ ਸਕੂਲ ਵਿਚ ਇੰਨੇ ਚੰਗੇ ਨੰਬਰ ਲਏ ਕਿ ਟੀਚਰਾਂ ਨੇ ਉਸ ਨਾਲ ਮੀਟਿੰਗ ਕੀਤੀ ਤੇ ਉਸ ਨੂੰ ਪੜ੍ਹਾਈ ਲਈ ਯੂਨੀਵਰਸਿਟੀ ਜਾਣ ਦੀ ਸਲਾਹ ਦਿੱਤੀ। ਪਰ ਜਦ ਭਰਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਯੂਨੀਵਰਸਿਟੀ ਜਾਣ ਦੀ ਬਜਾਇ ਇਕ ਛੋਟਾ ਕੋਰਸ ਕਰਨਾ ਚਾਹੁੰਦਾ ਸੀ, ਤਾਂ ਉਹ ਹੱਕੇ-ਬੱਕੇ ਰਹਿ ਗਏ। ਇਸ ਭਰਾ ਨੇ ਕੋਰਸ ਕਰਨ ਤੋਂ ਬਾਅਦ ਅਜਿਹਾ ਕੰਮ ਲੱਭਿਆ ਜਿਸ ਨਾਲ ਉਹ ਪਾਇਨੀਅਰਿੰਗ ਕਰਦਿਆਂ ਆਪਣਾ ਗੁਜ਼ਾਰਾ ਤੋਰ ਸਕੇ। ਕੀ ਮਾਈਕਲ ਨੇ ਗ਼ਲਤ ਫ਼ੈਸਲਾ ਕੀਤਾ? ਉਹ ਕਹਿੰਦਾ ਹੈ: “ਮੈਨੂੰ ਪਾਇਨੀਅਰਿੰਗ ਕਰਦਿਆਂ ਤੇ ਹੁਣ ਮੰਡਲੀ ਵਿਚ ਇਕ ਬਜ਼ੁਰਗ ਵਜੋਂ ਕੰਮ ਕਰਦਿਆਂ ਬੇਸ਼ਕੀਮਤੀ ਸਿੱਖਿਆ ਮਿਲੀ ਹੈ। ਜੇ ਮੈਂ ਦੁਨੀਆਂ ਵਿਚ ਧਨ-ਦੌਲਤ ਕਮਾ ਵੀ ਲੈਂਦਾ, ਤਾਂ ਉਸ ਦੀ ਕੀਮਤ ਪਰਮੇਸ਼ੁਰ ਤੋਂ ਮਿਲਦੀਆਂ ਬਰਕਤਾਂ ਤੇ ਜ਼ਿੰਮੇਵਾਰੀਆਂ ਸਾਮ੍ਹਣੇ ਕੱਖ ਵੀ ਨਹੀਂ ਹੋਣੀ ਸੀ। ਮੈਂ ਦਿਲੋਂ ਖ਼ੁਸ਼ ਹਾਂ ਕਿ ਮੈਂ ਯੂਨੀਵਰਸਿਟੀ ਨਹੀਂ ਗਿਆ।”
18. ਸਾਨੂੰ ਸਭ ਤੋਂ ਵਧੀਆ ਸਿੱਖਿਆ ਕਿਉਂ ਲੈਣੀ ਚਾਹੀਦੀ ਹੈ?
18 ਸਭ ਤੋਂ ਵਧੀਆ ਸਿੱਖਿਆ ਸਾਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਿਖਾਉਂਦੀ ਹੈ ਅਤੇ ਯਹੋਵਾਹ ਦੇ ਗ਼ੁਲਾਮ ਬਣੇ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਨਾਲੇ ਇਸ ਰਾਹੀਂ ਸਾਨੂੰ ਉਮੀਦ ਮਿਲਦੀ ਹੈ ਕਿ ਅਸੀਂ ਭਵਿੱਖ ਵਿਚ “ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਪਾਵਾਂਗੇ। (ਰੋਮੀ. 8:21) ਸਭ ਤੋਂ ਵਧ ਇਹ ਸਿੱਖਿਆ ਲੈ ਕੇ ਅਸੀਂ ਆਪਣੇ ਮਾਲਕ ਯਹੋਵਾਹ ਦਾ ਦਿਲ ਖ਼ੁਸ਼ ਕਰ ਸਕਾਂਗੇ।—ਕੂਚ 21:5.