ਪਰਮੇਸ਼ੁਰ ਨੂੰ ਜਾਣੋ
‘ਉਹ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ’
ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਸ ਦੇ ਭਗਤ ਜੋ ਕੁਝ ਕਰਦੇ ਹਨ, ਕੀ ਯਹੋਵਾਹ ਉਸ ਦੀ ਕਦਰ ਕਰਦਾ ਹੈ? ਕੁਝ ਸ਼ਾਇਦ ਕਹਿਣ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮੇਸ਼ੁਰ ਨੂੰ ਉਨ੍ਹਾਂ ਵਿਚ ਕੋਈ ਦਿਲਚਸਪੀ ਨਹੀਂ ਹੈ। ਪਰ ਉਹ ਪਰਮੇਸ਼ੁਰ ਬਾਰੇ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਹਿ ਕੇ ਉਸ ਨੂੰ ਬਦਨਾਮ ਕਰਦੇ ਹਨ। ਉਸ ਦਾ ਬਚਨ ਬਾਈਬਲ ਇਨ੍ਹਾਂ ਗੱਲਾਂ ਨੂੰ ਝੁਠਲਾਉਂਦਾ ਹੈ। ਇਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਯਹੋਵਾਹ ਉਸ ʼਤੇ ਨਿਹਚਾ ਕਰਨ ਵਾਲਿਆਂ ਦੇ ਜਤਨਾਂ ਦੀ ਕਦਰ ਕਰਦਾ ਹੈ। ਇਬਰਾਨੀਆਂ 11:6 ਵਿਚ ਪੌਲੁਸ ਰਸੂਲ ਦੇ ਕਹੇ ਸ਼ਬਦਾਂ ʼਤੇ ਗੌਰ ਕਰੋ।
ਯਹੋਵਾਹ ਨੂੰ ਖ਼ੁਸ਼ ਕਰਨ ਲਈ ਕੀ ਕਰਨ ਦੀ ਲੋੜ ਹੈ? ਪੌਲੁਸ ਲਿਖਦਾ ਹੈ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” ਧਿਆਨ ਦਿਓ ਕਿ ਪੌਲੁਸ ਇਹ ਨਹੀਂ ਕਹਿ ਰਿਹਾ ਕਿ ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਔਖਾ ਹੈ। ਇਸ ਦੀ ਬਜਾਇ, ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਕਰਨਾ ਨਾਮੁਮਕਿਨ ਹੈ। ਕਹਿਣ ਦਾ ਮਤਲਬ ਹੈ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਨਿਹਚਾ ਕਰਨੀ ਬਹੁਤ ਜ਼ਰੂਰੀ ਹੈ।
ਯਹੋਵਾਹ ਕਿਹੋ ਜਿਹੀ ਨਿਹਚਾ ਤੋਂ ਖ਼ੁਸ਼ ਹੁੰਦਾ ਹੈ? ਪਰਮੇਸ਼ੁਰ ʼਤੇ ਨਿਹਚਾ ਕਰਨ ਲਈ ਸਾਨੂੰ ਦੋ ਗੱਲਾਂ ਕਰਨ ਦੀ ਜ਼ਰੂਰਤ ਹੈ। ਪਹਿਲੀ ਗੱਲ, ਸਾਡੇ ਲਈ “ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ।” ਜੇ ਸਾਨੂੰ ਪਰਮੇਸ਼ੁਰ ਦੀ ਹੋਂਦ ਬਾਰੇ ਸ਼ੱਕ ਹੈ, ਤਾਂ ਅਸੀਂ ਉਸ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ? ਸਿਰਫ਼ ਨਿਹਚਾ ਕਰਨੀ ਹੀ ਕਾਫ਼ੀ ਨਹੀਂ ਹੈ ਕਿਉਂਕਿ ਦੁਸ਼ਟ ਦੂਤਾਂ ਨੂੰ ਵੀ ਵਿਸ਼ਵਾਸ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ। (ਯਾਕੂਬ 2:19) ਜੇ ਸਾਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਹੈ, ਤਾਂ ਸਾਨੂੰ ਇਸ ਵਿਸ਼ਵਾਸ ਮੁਤਾਬਕ ਕੁਝ ਕਰਨਾ ਵੀ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਕਿ ਸਾਨੂੰ ਆਪਣੀ ਨਿਹਚਾ ਦਾ ਸਬੂਤ ਦੇਣ ਲਈ ਅਜਿਹੇ ਢੰਗ ਨਾਲ ਜੀਉਣਾ ਚਾਹੀਦਾ ਹੈ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ।—ਯਾਕੂਬ 2:20, 26.
ਦੂਜੀ ਗੱਲ, ਸਾਡੇ ਲਈ “ਵਿਸ਼ਵਾਸ ਕਰਨਾ ਜ਼ਰੂਰੀ ਹੈ” ਕਿ ਪਰਮੇਸ਼ੁਰ “ਇਨਾਮ” ਦਿੰਦਾ ਹੈ। ਸੱਚੀ ਨਿਹਚਾ ਕਰਨ ਵਾਲੇ ਇਨਸਾਨ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਉਹ ਜ਼ਿੰਦਗੀ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜੋ ਵੀ ਕਰ ਰਿਹਾ ਹੈ, ਉਹ ਵਿਅਰਥ ਨਹੀਂ ਹੋਵੇਗਾ। (1 ਕੁਰਿੰਥੀਆਂ 15:58) ਜੇ ਸਾਨੂੰ ਪਰਮੇਸ਼ੁਰ ਦੀ ਇਨਾਮ ਦੇਣ ਦੀ ਕਾਬਲੀਅਤ ਜਾਂ ਇੱਛਾ ʼਤੇ ਸ਼ੱਕ ਹੈ, ਤਾਂ ਅਸੀਂ ਉਸ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ? (ਯਾਕੂਬ 1:17; 1 ਪਤਰਸ 5:7) ਜਿਹੜਾ ਇਨਸਾਨ ਇਹ ਸਿੱਟਾ ਕੱਢ ਲੈਂਦਾ ਹੈ ਕਿ ਪਰਮੇਸ਼ੁਰ ਪਰਵਾਹ ਨਹੀਂ ਕਰਦਾ, ਬੇਕਦਰਾ ਹੈ ਤੇ ਖੁੱਲ੍ਹ-ਦਿਲਾ ਨਹੀਂ ਹੈ, ਤਾਂ ਉਹ ਬਾਈਬਲ ਵਿਚ ਦੱਸੇ ਪਰਮੇਸ਼ੁਰ ਨੂੰ ਨਹੀਂ ਜਾਣਦਾ।
ਯਹੋਵਾਹ ਕਿਨ੍ਹਾਂ ਨੂੰ ਇਨਾਮ ਦਿੰਦਾ ਹੈ? ਇਕ ਬਾਈਬਲ ਮੁਤਾਬਕ ਇਸ ਆਇਤ ਵਿਚ ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ‘ਆਪਣੇ ਖੋਜਣ ਵਾਲਿਆਂ’ ਨੂੰ ਫਲ ਦਿੰਦਾ ਹੈ। ਬਾਈਬਲ ਦੇ ਅਨੁਵਾਦਕਾਂ ਲਈ ਇਕ ਕਿਤਾਬ ਦੱਸਦੀ ਹੈ ਕਿ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਖੋਜਣ” ਕੀਤਾ ਗਿਆ ਹੈ, ਉਸ ਦਾ ਮਤਲਬ “ਕਿਤੇ ਲੱਭਣ ਜਾਣਾ” ਨਹੀਂ ਹੈ। ਇਸ ਦਾ ਮਤਲਬ ਹੈ ਪਰਮੇਸ਼ੁਰ ਦੀ “ਭਗਤੀ” ਕਰਨ ਲਈ ਜਤਨ ਕਰਨਾ। ਇਕ ਹੋਰ ਕਿਤਾਬ ਦੱਸਦੀ ਹੈ ਕਿ ਇਸ ਯੂਨਾਨੀ ਕ੍ਰਿਆ ਦਾ ਮਤਲਬ ਹੈ ਕਿਸੇ ਚੀਜ਼ ਨੂੰ ਜੀ-ਜਾਨ ਲਾ ਕੇ ਜਾਂ ਵੱਡੇ ਜਤਨ ਨਾਲ ਲੱਭਣਾ। ਜੀ ਹਾਂ, ਯਹੋਵਾਹ ਉਨ੍ਹਾਂ ਲੋਕਾਂ ਨੂੰ ਇਨਾਮ ਦਿੰਦਾ ਹੈ ਜਿਨ੍ਹਾਂ ਦੀ ਨਿਹਚਾ ਉਨ੍ਹਾਂ ਨੂੰ ਉਸ ਦੀ ਭਗਤੀ ਪਿਆਰ ਤੇ ਜੋਸ਼ ਨਾਲ ਕਰਨ ਲਈ ਪ੍ਰੇਰਦੀ ਹੈ।—ਮੱਤੀ 22:37.
ਜੇ ਅਸੀਂ ਪਰਮੇਸ਼ੁਰ ਦੀ ਇਨਾਮ ਦੇਣ ਦੀ ਕਾਬਲੀਅਤ ਜਾਂ ਇੱਛਾ ʼਤੇ ਸ਼ੱਕ ਕਰਦੇ ਹਾਂ, ਤਾਂ ਅਸੀਂ ਉਸ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ?
ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਿਹੜਾ ਇਨਾਮ ਦਿੰਦਾ ਹੈ? ਉਸ ਨੇ ਉਨ੍ਹਾਂ ਨੂੰ ਸੁਨਹਿਰਾ ਭਵਿੱਖ ਯਾਨੀ ਸੋਹਣੀ ਧਰਤੀ ਉੱਤੇ ਦੁੱਖਾਂ-ਤਕਲੀਫ਼ਾਂ ਤੋਂ ਬਗੈਰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਖੁੱਲ੍ਹ-ਦਿਲਾ ਅਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। (ਪ੍ਰਕਾਸ਼ ਦੀ ਕਿਤਾਬ 21:3, 4) ਯਹੋਵਾਹ ਦੀ ਜੀ-ਜਾਨ ਨਾਲ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹੁਣ ਵੀ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਪਰਮੇਸ਼ੁਰ ਦੇ ਲੋਕ ਉਸ ਦੀ ਪਵਿੱਤਰ ਸ਼ਕਤੀ ਅਤੇ ਉਸ ਦੇ ਬਚਨ ਵਿਚ ਪਾਈ ਜਾਂਦੀ ਬੁੱਧ ਦੀ ਮਦਦ ਨਾਲ ਜ਼ਿੰਦਗੀ ਦੇ ਜਿਸ ਰਾਹ ʼਤੇ ਚੱਲ ਰਹੇ ਹਨ, ਉਸ ਕਰਕੇ ਉਹ ਖ਼ੁਸ਼ ਤੇ ਸੰਤੁਸ਼ਟ ਹਨ।—ਜ਼ਬੂਰਾਂ ਦੀ ਪੋਥੀ 144:15; ਮੱਤੀ 5:3.
ਵਾਕਈ, ਯਹੋਵਾਹ ਪਰਮੇਸ਼ੁਰ ਆਪਣੇ ਭਗਤਾਂ ਦੀ ਵਫ਼ਾਦਾਰੀ ਨਾਲ ਕੀਤੀ ਜਾਂਦੀ ਸੇਵਾ ਦੀ ਬਹੁਤ ਕਦਰ ਕਰਦਾ ਹੈ। ਇਹ ਜਾਣ ਕੇ ਕੀ ਤੁਸੀਂ ਉਸ ਦੇ ਨੇੜੇ ਨਹੀਂ ਜਾਣਾ ਚਾਹੁੰਦੇ? ਜੇ ਹਾਂ, ਤਾਂ ਕਿਉਂ ਨਾ ਇਸ ਬਾਰੇ ਹੋਰ ਜਾਣੋ ਕਿ ਤੁਸੀਂ ਅਜਿਹੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹੋ ਤੇ ਦਿਖਾ ਸਕਦੇ ਹੋ ਜਿਸ ਤੋਂ ਯਹੋਵਾਹ ਖ਼ੁਸ਼ ਹੋ ਕੇ ਤੁਹਾਨੂੰ ਇਨਾਮ ਦੇਵੇਗਾ? ▪ (w13-E 11/01)
ਸੁਝਾਅ:
ਬਾਈਬਲ ਵਿੱਚੋਂ ਤੀਤੁਸ 1-3; ਫਿਲੇਮੋਨ 1-25; ਇਬਰਾਨੀਆਂ 1-13–ਯਾਕੂਬ 1-5 ਅਧਿਆਇ ਪੜ੍ਹੋ