ਮੂਸਾ ਦੀ ਨਿਹਚਾ ਦੀ ਰੀਸ ਕਰੋ
“ਨਿਹਚਾ ਨਾਲ ਮੂਸਾ ਨੇ, ਜਦੋਂ ਵੱਡਾ ਹੋਇਆ, ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ।”—ਇਬ. 11:24.
1, 2. (ੳ) 40 ਸਾਲਾਂ ਦੀ ਉਮਰ ਵਿਚ ਮੂਸਾ ਨੇ ਕਿਹੜਾ ਫ਼ੈਸਲਾ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਸਹਿਣ ਦਾ ਫ਼ੈਸਲਾ ਕਿਉਂ ਕੀਤਾ?
ਮੂਸਾ ਜਾਣਦਾ ਸੀ ਕਿ ਮਿਸਰ ਵਿਚ ਰਹਿ ਕੇ ਉਸ ਦਾ ਭਵਿੱਖ ਸ਼ਾਨਦਾਰ ਹੋ ਸਕਦਾ ਸੀ। ਉਸ ਨੇ ਅਮੀਰ ਲੋਕਾਂ ਨੂੰ ਆਲੀਸ਼ਾਨ ਕੋਠੀਆਂ ਵਿਚ ਰਹਿੰਦਿਆਂ ਦੇਖਿਆ ਸੀ। ਉਹ ਆਪ ਵੀ ਸ਼ਾਹੀ ਪਰਿਵਾਰ ਨਾਲ ਰਹਿੰਦਾ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ਗੋਦ ਲਿਆ ਸੀ। ਉਸ ਨੂੰ “ਮਿਸਰੀਆਂ ਦਾ ਹਰ ਤਰ੍ਹਾਂ ਦਾ ਗਿਆਨ ਦਿੱਤਾ ਗਿਆ” ਜਿਵੇਂ ਕਿ ਕਲਾ, ਖਗੋਲ-ਵਿਗਿਆਨ, ਹਿਸਾਬ-ਕਿਤਾਬ ਅਤੇ ਸਾਇੰਸ। (ਰਸੂ. 7:22) ਉਸ ਨੂੰ ਦੌਲਤ-ਸ਼ੌਹਰਤ, ਤਾਕਤ ਅਤੇ ਹੋਰ ਅਧਿਕਾਰ ਬੜੀ ਆਸਾਨੀ ਨਾਲ ਮਿਲ ਸਕਦੇ ਸਨ ਜਿਨ੍ਹਾਂ ਦਾ ਆਮ ਮਿਸਰੀ ਲੋਕ ਸਿਰਫ਼ ਸੁਪਨਾ ਹੀ ਦੇਖ ਸਕਦੇ ਸਨ।
2 ਪਰ ਮੂਸਾ ਨੇ 40 ਸਾਲਾਂ ਦੀ ਉਮਰ ਵਿਚ ਇਕ ਅਜਿਹਾ ਫ਼ੈਸਲਾ ਕੀਤਾ ਜਿਸ ਨੇ ਮਿਸਰ ਦੇ ਪੂਰੇ ਸ਼ਾਹੀ ਪਰਿਵਾਰ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਹੋਣਾ। ਉਸ ਨੇ ਮਿਸਰ ਦੀ ਹਰ ਚੀਜ਼ ਨੂੰ ਠੋਕਰ ਮਾਰ ਦਿੱਤੀ ਅਤੇ ਉਸ ਨੇ ਆਮ ਮਿਸਰੀਆਂ ਵਾਂਗ ਜ਼ਿੰਦਗੀ ਬਿਤਾਉਣ ਤੋਂ ਵੀ ਇਨਕਾਰ ਕੀਤਾ। ਇਸ ਦੀ ਬਜਾਇ, ਉਸ ਨੇ ਗ਼ੁਲਾਮਾਂ ਵਾਲੀ ਜ਼ਿੰਦਗੀ ਜੀਉਣ ਦਾ ਫ਼ੈਸਲਾ ਕੀਤਾ। ਪਰ ਕਿਉਂ? ਮੂਸਾ ਨੂੰ ਯਹੋਵਾਹ ʼਤੇ ਨਿਹਚਾ ਸੀ। (ਇਬਰਾਨੀਆਂ 11:24-26 ਪੜ੍ਹੋ।) ਆਪਣੀ ਨਿਹਚਾ ਕਾਰਨ ਮਾਨੋ ਉਹ “ਅਦਿੱਖ ਪਰਮੇਸ਼ੁਰ” ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦਾ ਸੀ ਅਤੇ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ।—ਇਬ. 11:27.
3. ਇਸ ਲੇਖ ਵਿਚ ਅਸੀਂ ਕਿਨ੍ਹਾਂ ਤਿੰਨ ਸਵਾਲਾਂ ʼਤੇ ਗੌਰ ਕਰਾਂਗੇ?
3 ਮੂਸਾ ਵਾਂਗ ਸਾਨੂੰ ਵੀ ਦੁਨੀਆਂ ਦੀਆਂ ਚੀਜ਼ਾਂ ʼਤੇ ਧਿਆਨ ਲਾਉਣ ਦੀ ਬਜਾਇ ਯਹੋਵਾਹ ʼਤੇ ਧਿਆਨ ਲਾਉਣਾ ਚਾਹੀਦਾ ਹੈ। ਸਾਨੂੰ “ਨਿਹਚਾ ਕਰਨ ਵਾਲੇ ਇਨਸਾਨ” ਬਣਨਾ ਚਾਹੀਦਾ ਹੈ। (ਇਬ. 10:38, 39) ਪਰ ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ? ਆਓ ਆਪਾਂ ਇਬਰਾਨੀਆਂ 11:24-26 ਵਿਚ ਮੂਸਾ ਬਾਰੇ ਲਿਖੀਆਂ ਗੱਲਾਂ ʼਤੇ ਗੌਰ ਕਰੀਏ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੀਏ: ਨਿਹਚਾ ਦੀ ਮਦਦ ਨਾਲ ਮੂਸਾ ਸਰੀਰਕ ਇੱਛਾਵਾਂ ਕਿਵੇਂ ਠੁਕਰਾ ਸਕਿਆ? ਵਿਰੋਧ ਦਾ ਸਾਮ੍ਹਣਾ ਕਰਦੇ ਵੇਲੇ ਉਸ ਨੇ ਨਿਹਚਾ ਦੀ ਮਦਦ ਨਾਲ ਪਰਮੇਸ਼ੁਰ ਤੋਂ ਮਿਲੇ ਸਨਮਾਨ ਦੀ ਕਦਰ ਕਿਵੇਂ ਕੀਤੀ? ਨਾਲੇ ਮੂਸਾ ਨੇ “ਬੇਸਬਰੀ ਨਾਲ ਇਨਾਮ ਪਾਉਣ ਦੀ ਉਡੀਕ” ਕਿਉਂ ਕੀਤੀ?
ਉਸ ਨੇ ਸਰੀਰਕ ਇੱਛਾਵਾਂ ਨੂੰ ਠੁਕਰਾ ਦਿੱਤਾ
4. ਮੂਸਾ “ਪਾਪ ਦਾ ਮਜ਼ਾ ਲੈਣ” ਬਾਰੇ ਕਿਹੜੀ ਗੱਲ ਸਮਝਦਾ ਸੀ?
4 ਮੂਸਾ ਦੀ ਨਿਹਚਾ ਪੱਕੀ ਸੀ ਜਿਸ ਕਰਕੇ ਉਹ ਸਮਝਦਾ ਸੀ ਕਿ ‘ਪਾਪ ਦਾ ਮਜ਼ਾ ਲੈਣਾ’ ਥੋੜ੍ਹੇ ਪਲਾਂ ਦਾ ਹੁੰਦਾ ਹੈ। ਪਰ ਦੂਜੇ ਲੋਕਾਂ ਨੇ ਸ਼ਾਇਦ ਮੂਸਾ ਤੋਂ ਉਲਟ ਸੋਚਿਆ ਹੋਣਾ। ਕਿਉਂ? ਕਿਉਂਕਿ ਉਨ੍ਹਾਂ ਨੇ ਦੇਖਿਆ ਹੋਣਾ ਕਿ ਭਾਵੇਂ ਮਿਸਰ ਵਿਚ ਮੂਰਤੀ-ਪੂਜਾ ਅਤੇ ਜਾਦੂ-ਟੂਣਾ ਹੁੰਦਾ ਸੀ, ਫਿਰ ਵੀ ਮਿਸਰ ਦੁਨੀਆਂ ਦੀ ਤਾਕਤਵਰ ਕੌਮ ਬਣ ਚੁੱਕਾ ਸੀ। ਦੂਜੇ ਪਾਸੇ, ਯਹੋਵਾਹ ਦੇ ਲੋਕ ਗ਼ੁਲਾਮਾਂ ਵਜੋਂ ਜ਼ੁਲਮ ਸਹਿ ਰਹੇ ਸਨ। ਪਰ ਮੂਸਾ ਜਾਣਦਾ ਸੀ ਕਿ ਪਰਮੇਸ਼ੁਰ ਹਾਲਾਤਾਂ ਨੂੰ ਬਦਲ ਸਕਦਾ ਸੀ। ਹਾਲਾਂਕਿ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲੇ ਲੋਕ ਦਿਨ-ਬਦਿਨ ਕਾਮਯਾਬ ਹੁੰਦੇ ਨਜ਼ਰ ਆ ਰਹੇ ਸਨ, ਪਰ ਮੂਸਾ ਨੂੰ ਪੂਰੀ ਨਿਹਚਾ ਸੀ ਕਿ ਬੁਰੇ ਲੋਕਾਂ ਦਾ ਖ਼ਾਤਮਾ ਜ਼ਰੂਰ ਹੋਵੇਗਾ। ਇਸ ਕਰਕੇ ਉਹ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ” ਲੈਣ ਦੇ ਫੰਦੇ ਵਿਚ ਨਹੀਂ ਫਸਿਆ।
5. ਤੁਸੀਂ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ” ਲੈਣ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹੋ?
5 ਤੁਸੀਂ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ” ਲੈਣ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹੋ? ਇਹ ਕਦੇ ਨਾ ਭੁੱਲੋ ਕਿ ਪਾਪ ਦਾ ਮਜ਼ਾ ਸਿਰਫ਼ ਦੋ ਕੁ ਪਲਾਂ ਦਾ ਹੁੰਦਾ ਹੈ। ਨਿਹਚਾ ਨਾਲ ਦੇਖੋ ਕਿ “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ।” (1 ਯੂਹੰ. 2:15-17) ਜ਼ਰਾ ਸੋਚੋ ਜੋ ਲੋਕ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰਦੇ, ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ। ਉਹ ‘ਤਿਲਕਣਿਆਂ ਥਾਵਾਂ ʼਤੇ ਖੜ੍ਹੇ ਹਨ ਅਤੇ ਮਿਟਾਏ ਜਾਣਗੇ।’ (ਜ਼ਬੂ. 73:18, 19) ਜੇ ਤੁਹਾਡੇ ਮਨ ਵਿਚ ਪਾਪ ਕਰਨ ਦਾ ਜ਼ਰਾ ਵੀ ਖ਼ਿਆਲ ਆਉਂਦਾ ਹੈ, ਤਾਂ ਖ਼ੁਦ ਨੂੰ ਪੁੱਛੋ: ‘ਮੈਂ ਆਪਣੇ ਵਾਸਤੇ ਕਿਹੋ ਜਿਹਾ ਭਵਿੱਖ ਚਾਹੁੰਦਾ ਹਾਂ?’
6. (ੳ) ਮੂਸਾ ਨੇ “ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ” ਕਿਉਂ ਕੀਤਾ? (ਅ) ਤੁਹਾਨੂੰ ਕਿਉਂ ਲੱਗਦਾ ਹੈ ਕਿ ਮੂਸਾ ਦਾ ਫ਼ੈਸਲਾ ਸਹੀ ਸੀ?
6 ਨਿਹਚਾ ਹੋਣ ਕਰਕੇ ਮੂਸਾ ਨੇ ਫ਼ੈਸਲਾ ਕੀਤਾ ਕਿ ਉਹ ਜ਼ਿੰਦਗੀ ਵਿਚ ਅੱਗੇ ਜਾ ਕੇ ਕੀ ਕਰੇਗਾ। “ਨਿਹਚਾ ਨਾਲ ਮੂਸਾ ਨੇ, ਜਦੋਂ ਵੱਡਾ ਹੋਇਆ, ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ।” (ਇਬ. 11:24) ਮੂਸਾ ਨੇ ਇਹ ਨਹੀਂ ਸੋਚਿਆ ਕਿ ਉਹ ਸ਼ਾਹੀ ਦਰਬਾਰ ਵਿਚ ਖ਼ਾਸ ਰੁਤਬਾ ਹਾਸਲ ਕਰ ਕੇ ਪਰਮੇਸ਼ੁਰ ਦੀ ਸੇਵਾ ਕਰੇਗਾ। ਫਿਰ ਉਹ ਪੈਸੇ ਤੇ ਤਾਕਤ ਦੇ ਦਮ ਨਾਲ ਆਪਣੇ ਇਜ਼ਰਾਈਲੀ ਭਰਾਵਾਂ ਦੀ ਮਦਦ ਕਰੇਗਾ। ਇਸ ਦੀ ਬਜਾਇ, ਮੂਸਾ ਨੇ ਠਾਣਿਆ ਕਿ ਉਹ ਯਹੋਵਾਹ ਨੂੰ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ ਤੇ ਪੂਰੀ ਸ਼ਕਤੀ ਨਾਲ ਪਿਆਰ ਕਰੇਗਾ। (ਬਿਵ. 6:5) ਮੂਸਾ ਦੇ ਇਸ ਫ਼ੈਸਲੇ ਨੇ ਉਸ ਨੂੰ ਮੁਸੀਬਤਾਂ ਵਿਚ ਪੈਣ ਤੋਂ ਬਚਾਇਆ। ਆਖ਼ਰ ਵਿਚ ਇਜ਼ਰਾਈਲੀਆਂ ਨੇ ਹੀ ਮਿਸਰ ਦੇ ਖ਼ਜ਼ਾਨਿਆਂ ਨੂੰ ਲੁੱਟ ਲਿਆ। (ਕੂਚ 12:35, 36) ਨਾਲੇ ਫ਼ਿਰਊਨ ਨੂੰ ਸ਼ਰਮਿੰਦਗੀ ਸਹਿਣੀ ਪਈ ਤੇ ਉਸ ਨੂੰ ਮੌਤ ਦੀ ਸਜ਼ਾ ਮਿਲੀ। (ਜ਼ਬੂ. 136:15) ਪਰ ਮੂਸਾ ਬਾਰੇ ਕੀ? ਪਰਮੇਸ਼ੁਰ ਨੇ ਉਸ ਨੂੰ ਇਜ਼ਰਾਈਲੀ ਕੌਮ ਦੀ ਹਿਫਾਜ਼ਤ ਅਤੇ ਅਗਵਾਈ ਕਰਨ ਲਈ ਵਰਤਿਆ। ਵਾਕਈ ਉਹ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋਇਆ।
7. (ੳ) ਮੱਤੀ 6:19-21 ਮੁਤਾਬਕ ਸਾਨੂੰ ਆਪਣਾ ਧਿਆਨ ਹਮੇਸ਼ਾ ਦੀ ਜ਼ਿੰਦਗੀ ਵੱਲ ਕਿਉਂ ਲਾਉਣਾ ਚਾਹੀਦਾ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਧਰਤੀ ਉੱਤੇ ਧਨ ਜੋੜਨ ਤੇ ਸਵਰਗ ਵਿਚ ਧਨ ਜੋੜਨ ਵਿਚ ਕੀ ਫ਼ਰਕ ਹੈ।
7 ਨੌਜਵਾਨੋ, ਯਹੋਵਾਹ ਦੀ ਸੇਵਾ ਕਰਦਿਆਂ ਨਿਹਚਾ ਦਾ ਗੁਣ ਕੈਰੀਅਰ ਚੁਣਨ ਵਿਚ ਤੁਹਾਡੀ ਕਿੱਦਾਂ ਮਦਦ ਕਰ ਸਕਦਾ ਹੈ? ਆਪਣੇ ਭਵਿੱਖ ਬਾਰੇ ਸੋਚਣਾ ਅਕਲਮੰਦੀ ਦੀ ਗੱਲ ਹੈ। ਪਰ ਕੀ ਤੁਸੀਂ ਇਸ ਦੁਨੀਆਂ ਵਿਚ ਥੋੜ੍ਹੇ ਸਮੇਂ ਦੀ ਜ਼ਿੰਦਗੀ ਜੀਣੀ ਚਾਹੋਗੇ ਜਾਂ ਪਰਮੇਸ਼ੁਰ ਦੇ ਵਾਅਦਿਆਂ ਵਿਚ ਨਿਹਚਾ ਰੱਖਦੇ ਹੋਏ ਹਮੇਸ਼ਾ ਦੀ ਜ਼ਿੰਦਗੀ? (ਮੱਤੀ 6:19-21 ਪੜ੍ਹੋ।) ਕੁਝ ਇਸੇ ਤਰ੍ਹਾਂ ਦਾ ਫ਼ੈਸਲਾ ਸੋਫ਼ੀ ਨਾਂ ਦੀ ਇਕ ਕਾਬਲ ਡਾਂਸਰ ਨੂੰ ਕਰਨਾ ਪਿਆ। ਅਮਰੀਕਾ ਦੀਆਂ ਵੱਡੀਆਂ-ਵੱਡੀਆਂ ਡਾਂਸ ਕੰਪਨੀਆਂ ਨੇ ਉਸ ਨੂੰ ਸਕਾਲਰਸ਼ਿਪ ਅਤੇ ਦੌਲਤ-ਸ਼ੌਹਰਤ ਕਮਾਉਣ ਦੇ ਮੌਕੇ ਦਿੱਤੇ। ਉਹ ਮੰਨਦੀ ਹੈ: “ਲੋਕ ਮੇਰੀ ਵਾਹ-ਵਾਹ ਕਰਦੇ ਸਨ ਤੇ ਇਹ ਦੇਖ ਕੇ ਮੇਰੇ ਪੈਰ ਜ਼ਮੀਨ ʼਤੇ ਨਹੀਂ ਸੀ ਲੱਗਦੇ। ਮੈਨੂੰ ਲੱਗਾ ਕਿ ਮੇਰੇ ਵਰਗਾ ਕੋਈ ਨਹੀਂ। ਪਰ ਮੈਂ ਸੱਚ ਦੱਸਾਂ ਮੈਂ ਦਿਲੋਂ ਖ਼ੁਸ਼ ਨਹੀਂ ਸੀ।” ਫਿਰ ਸੋਫ਼ੀ ਨੇ ਨੌਜਵਾਨ ਪੁੱਛਦੇ ਹਨ—ਮੈਂ ਜ਼ਿੰਦਗੀ ਵਿਚ ਕੀ ਬਣਾਂ? (ਅੰਗ੍ਰੇਜ਼ੀ) ਨਾਂ ਦਾ ਵੀਡੀਓ ਦੇਖਿਆ। ਉਹ ਕਹਿੰਦੀ ਹੈ: “ਮੈਨੂੰ ਮਹਿਸੂਸ ਹੋਇਆ ਕਿ ਇਸ ਦੁਨੀਆਂ ਵਿਚ ਮੈਨੂੰ ਕਾਮਯਾਬੀ ਤਾਂ ਮਿਲ ਰਹੀ ਸੀ ਅਤੇ ਮੇਰੇ ਚਾਹੁਣ ਵਾਲਿਆਂ ਦੀ ਵਾਹ-ਵਾਹ, ਪਰ ਮੈਂ ਯਹੋਵਾਹ ਦੀ ਦਿਲੋ-ਜਾਨ ਨਾਲ ਭਗਤੀ ਨਹੀਂ ਕਰ ਰਹੀ ਸੀ। ਇਸ ਲਈ ਮੈਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕੀਤੀ। ਫਿਰ ਆਖ਼ਰ ਵਿਚ ਮੈਂ ਇਕ ਡਾਂਸਰ ਵਜੋਂ ਆਪਣਾ ਕੈਰੀਅਰ ਛੱਡ ਦਿੱਤਾ।” ਉਹ ਆਪਣੇ ਇਸ ਫ਼ੈਸਲੇ ਬਾਰੇ ਕਿਵੇਂ ਮਹਿਸੂਸ ਕਰਦੀ ਹੈ? “ਮੈਂ ਪੁਰਾਣੀ ਜ਼ਿੰਦਗੀ ਨੂੰ ਜ਼ਰਾ ਵੀ ਯਾਦ ਨਹੀਂ ਕਰਦੀ। ਅੱਜ ਮੈਂ ਬਹੁਤ ਖ਼ੁਸ਼ ਹਾਂ। ਮੈਂ ਆਪਣੇ ਪਤੀ ਨਾਲ ਪਾਇਨੀਅਰਿੰਗ ਕਰਦੀ ਹਾਂ। ਅਸੀਂ ਦੁਨੀਆਂ ਵਿਚ ਮਸ਼ਹੂਰ ਨਹੀਂ ਹਾਂ ਅਤੇ ਸਾਡੇ ਕੋਲ ਬਹੁਤਾ ਪੈਸਾ ਨਹੀਂ ਹੈ। ਪਰ ਸਾਡੇ ਕੋਲ ਯਹੋਵਾਹ ਹੈ, ਬਾਈਬਲ ਸਟੱਡੀਆਂ ਹਨ ਅਤੇ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖੇ ਹਨ। ਬੀਤੀ ਜ਼ਿੰਦਗੀ ਨੂੰ ਪਿੱਛੇ ਛੱਡਣ ਦਾ ਮੈਨੂੰ ਜ਼ਰਾ ਵੀ ਪਛਤਾਵਾ ਨਹੀਂ ਹੈ।”
8. ਕੈਰੀਅਰ ਚੁਣਨ ਦੇ ਮਾਮਲੇ ਵਿਚ ਬਾਈਬਲ ਨੌਜਵਾਨਾਂ ਨੂੰ ਕਿਹੜੀ ਸਲਾਹ ਦਿੰਦੀ ਹੈ?
8 ਯਹੋਵਾਹ ਜਾਣਦਾ ਹੈ ਕਿ ਤੁਹਾਡੀ ਭਲਾਈ ਕਿਸ ਚੀਜ਼ ਵਿਚ ਹੈ। ਮੂਸਾ ਨੇ ਕਿਹਾ: “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਥੋਂ ਹੋਰ ਕੀ ਚਾਹੁੰਦਾ ਹੈ ਭਈ ਕੇਵਲ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਭੈ ਖਾਓ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਡੀ ਭਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ।” (ਬਿਵ. 10:12, 13) ਨੌਜਵਾਨੋ, ਅਜਿਹਾ ਕੈਰੀਅਰ ਚੁਣੋ ਜੋ ਤੁਹਾਨੂੰ “ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ” ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਸੇਵਾ ਕਰਨ ਵਿਚ ਮਦਦ ਕਰੇਗਾ। ਨਾਲੇ ਯਕੀਨ ਰੱਖੋ ਕਿ ਇਸੇ ਵਿਚ “ਤੁਹਾਡੀ ਭਲਿਆਈ” ਹੈ।
ਉਸ ਨੇ ਸੇਵਾ ਕਰਨ ਦੇ ਸਨਮਾਨ ਦੀ ਕਦਰ ਕੀਤੀ
9. ਸਮਝਾਓ ਕਿ ਮੂਸਾ ਲਈ ਯਹੋਵਾਹ ਤੋਂ ਮਿਲੀ ਜ਼ਿੰਮੇਵਾਰੀ ਸਵੀਕਾਰ ਕਰਨੀ ਔਖੀ ਕਿਉਂ ਹੋ ਸਕਦੀ ਸੀ।
9 ਮੂਸਾ ਨੇ “ਪਰਮੇਸ਼ੁਰ ਦੇ ਚੁਣੇ ਹੋਏ ਸੇਵਕ ਦੇ ਤੌਰ ਤੇ ਬੇਇੱਜ਼ਤੀ ਸਹਾਰਨ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਕੀਮਤੀ ਸਮਝਿਆ।” (ਇਬ. 11:26) ਜੀ ਹਾਂ, ਉਸ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਗ਼ੁਲਾਮੀ ਵਿੱਚੋਂ ਛੁਡਾਉਣ ਤੇ ਉਨ੍ਹਾਂ ਦੀ ਅਗਵਾਈ ਕਰਨ ਲਈ ਚੁਣਿਆ ਸੀ। ਮੂਸਾ ਜਾਣਦਾ ਸੀ ਕਿ ਇਹ ਜ਼ਿੰਮੇਵਾਰੀ ਨਿਭਾਉਣੀ ਔਖੀ ਹੋਵੇਗੀ ਅਤੇ ਉਸ ਨੂੰ “ਬੇਇੱਜ਼ਤੀ” ਵੀ ਸਹਿਣੀ ਪਵੇਗੀ। ਉਸ ਨੂੰ ਪਹਿਲਾਂ ਹੀ ਇਕ ਇਜ਼ਰਾਈਲੀ ਨੇ ਤਾਅਨਾ ਮਾਰਿਆ ਸੀ: “ਤੈਨੂੰ ਕਿਸ ਨੇ ਸਾਡੇ ਉੱਤੇ ਸਰਦਾਰ ਅਤੇ ਨਿਆਈ ਬਣਾ ਦਿੱਤਾ?” (ਕੂਚ 2:13, 14) ਬਾਅਦ ਵਿਚ ਮੂਸਾ ਨੇ ਆਪ ਯਹੋਵਾਹ ਨੂੰ ਪੁੱਛਿਆ: “ਫਿਰਊਨ ਕਿਵੇਂ ਮੇਰੀ ਸੁਣੇਗਾ”? (ਕੂਚ 6:12) ਬੇਇੱਜ਼ਤੀ ਸਹਾਰਨ ਅਤੇ ਆਪਣਾ ਮਨ ਤਿਆਰ ਕਰਨ ਲਈ ਉਸ ਨੇ ਯਹੋਵਾਹ ਨੂੰ ਆਪਣਾ ਡਰ ਤੇ ਆਪਣੀਆਂ ਸਾਰੀਆਂ ਚਿੰਤਾਵਾਂ ਦੱਸੀਆਂ। ਯਹੋਵਾਹ ਨੇ ਮੂਸਾ ਨੂੰ ਇਹ ਔਖੀ ਜ਼ਿੰਮੇਵਾਰੀ ਨਿਭਾਉਣ ਵਿਚ ਕਿਵੇਂ ਮਦਦ ਦਿੱਤੀ?
10. ਯਹੋਵਾਹ ਨੇ ਮੂਸਾ ਨੂੰ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਕਿਵੇਂ ਬਣਾਇਆ?
10 ਪਹਿਲਾ, ਯਹੋਵਾਹ ਨੇ ਮੂਸਾ ਨੂੰ ਯਕੀਨ ਦਿਵਾਇਆ: ‘ਮੈਂ ਤੇਰੇ ਨਾਲ ਹੋਵਾਂਗਾ।’ (ਕੂਚ 3:12) ਦੂਜਾ, ਯਹੋਵਾਹ ਨੇ ਮੂਸਾ ਦੀ ਹਿੰਮਤ ਵਧਾਉਣ ਲਈ ਉਸ ਨੂੰ ਆਪਣੇ ਨਾਂ ਬਾਰੇ ਇਕ ਖ਼ਾਸ ਗੱਲ ਸਮਝਾਉਂਦੇ ਹੋਏ ਕਿਹਾ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।”a (ਕੂਚ 3:14, NW) ਤੀਜਾ, ਉਸ ਨੇ ਮੂਸਾ ਨੂੰ ਚਮਤਕਾਰ ਕਰਨ ਦੀ ਸ਼ਕਤੀ ਦਿੱਤੀ ਜਿਸ ਤੋਂ ਸਾਬਤ ਹੋਇਆ ਕਿ ਉਸ ਨੂੰ ਪਰਮੇਸ਼ੁਰ ਨੇ ਹੀ ਭੇਜਿਆ ਸੀ। (ਕੂਚ 4:2-5) ਚੌਥਾ, ਯਹੋਵਾਹ ਨੇ ਹਾਰੂਨ ਨੂੰ ਮੂਸਾ ਨਾਲ ਭੇਜਿਆ ਤਾਂਕਿ ਉਹ ਉਸ ਵੱਲੋਂ ਬੋਲੇ ਤੇ ਜ਼ਿੰਮੇਵਾਰੀ ਨਿਭਾਉਣ ਵਿਚ ਉਸ ਦੀ ਮਦਦ ਕਰੇ। (ਕੂਚ 4:14-16) ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਤਕ ਮੂਸਾ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਜੋ ਜ਼ਿੰਮੇਵਾਰੀਆਂ ਦਿੰਦਾ ਹੈ, ਉਹ ਉਨ੍ਹਾਂ ਨੂੰ ਨਿਭਾਉਣ ਦੇ ਕਾਬਲ ਵੀ ਬਣਾਉਂਦਾ ਹੈ। ਮੂਸਾ ਤੋਂ ਬਾਅਦ ਯਹੋਸ਼ੁਆ ਨੇ ਇਜ਼ਰਾਈਲੀਆਂ ਦੀ ਅਗਵਾਈ ਕਰਨੀ ਸੀ। ਮੂਸਾ ਨੂੰ ਯਹੋਵਾਹ ʼਤੇ ਇੰਨਾ ਭਰੋਸਾ ਸੀ ਕਿ ਉਸ ਨੇ ਯਹੋਸ਼ੁਆ ਨੂੰ ਕਿਹਾ: “ਯਹੋਵਾਹ ਉਹ ਹੈ ਜਿਹੜਾ ਤੁਹਾਡੇ ਅੱਗੇ ਅੱਗੇ ਜਾਂਦਾ ਹੈ। ਉਹ ਤੇਰੇ ਨਾਲ ਹੋਵੇਗਾ। ਉਹ ਤੈਨੂੰ ਨਾ ਛੱਡੇਗਾ ਅਤੇ ਨਾ ਤੈਨੂੰ ਤਿਆਗੇਗਾ। ਨਾ ਡਰੀਂ ਅਤੇ ਨਾ ਓਦਰੀਂ!”—ਬਿਵ. 31:8.
11. ਮੂਸਾ ਨੇ ਆਪਣੀ ਜ਼ਿੰਮੇਵਾਰੀ ਦੀ ਦਿਲੋਂ ਕਦਰ ਕਿਉਂ ਕੀਤੀ?
11 ਯਹੋਵਾਹ ਦੀ ਮਦਦ ਨਾਲ ਮੂਸਾ ਇਸ ਔਖੀ ਜ਼ਿੰਮੇਵਾਰੀ ਨੂੰ ਨਿਭਾ ਸਕਿਆ। ਉਸ ਨੇ ਇਸ ਸਨਮਾਨ ਦੀ ਦਿਲੋਂ ਕਦਰ ਕੀਤੀ ਅਤੇ ਇਸ ਨੂੰ “ਮਿਸਰ ਦੇ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਕੀਮਤੀ ਸਮਝਿਆ।” ਫ਼ਿਰਊਨ ਦੀ ਸੇਵਾ ਕਰਨ ਨਾਲੋਂ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਸੇਵਾ ਕਰਨੀ ਕਿਤੇ ਵਧੀਆ ਗੱਲ ਸੀ। ਨਾਲੇ ਮਿਸਰ ਵਿਚ ਇਕ ਰਾਜਕੁਮਾਰ ਹੋਣ ਨਾਲੋਂ ਯਹੋਵਾਹ ਵੱਲੋਂ ਚੁਣਿਆ ਜਾਣਾ ਇਕ ਸਨਮਾਨ ਦੀ ਗੱਲ ਸੀ। ਮੂਸਾ ਨੇ ਇਸ ਜ਼ਿੰਮੇਵਾਰੀ ਨੂੰ ਬੜੇ ਮਾਣ ਦੀ ਗੱਲ ਸਮਝਿਆ ਜਿਸ ਕਾਰਨ ਉਸ ਨੂੰ ਇਨਾਮ ਮਿਲਿਆ। ਕਿਵੇਂ? ਉਸ ਦਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਸੀ ਅਤੇ ਪਰਮੇਸ਼ੁਰ ਨੇ ਉਸ ਨੂੰ ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਤਕ ਲੈ ਜਾਣ ਲਈ ਵੱਡੇ-ਵੱਡੇ ਕੰਮ ਕਰਨ ਦੀ ਤਾਕਤ ਬਖ਼ਸ਼ੀ ਸੀ।—ਬਿਵ. 34:10-12.
12. ਯਹੋਵਾਹ ਨੇ ਸਾਨੂੰ ਕਿਹੜੇ ਸਨਮਾਨ ਦਿੱਤੇ ਹਨ ਜਿਨ੍ਹਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ?
12 ਯਹੋਵਾਹ ਨੇ ਸਾਨੂੰ ਵੀ ਇਕ ਜ਼ਿੰਮੇਵਾਰੀ ਸੌਂਪੀ ਹੈ। ਜਿੱਦਾਂ ਉਸ ਨੇ ਪੌਲੁਸ ਰਸੂਲ ਅਤੇ ਦੂਜਿਆਂ ਨੂੰ ਪ੍ਰਚਾਰ ਦਾ ਕੰਮ ਸੌਂਪਿਆ ਸੀ ਉਸੇ ਤਰ੍ਹਾਂ ਉਸ ਨੇ ਆਪਣੇ ਬੇਟੇ ਰਾਹੀਂ ਸਾਨੂੰ ਵੀ ਇਹ ਜ਼ਿੰਮੇਵਾਰੀ ਦਿੱਤੀ ਹੈ। (1 ਤਿਮੋਥਿਉਸ 1:12-14 ਪੜ੍ਹੋ।) ਸਾਡੇ ਸਾਰਿਆਂ ਕੋਲ ਖ਼ੁਸ਼ ਖ਼ਬਰੀ ਸੁਣਾਉਣ ਦਾ ਸਨਮਾਨ ਹੈ। (ਮੱਤੀ 24:14; 28:19, 20) ਸਾਡੇ ਵਿੱਚੋਂ ਕੁਝ ਜਣੇ ਪੂਰੇ ਸਮੇਂ ਦੇ ਸੇਵਕ ਹਨ। ਨਾਲੇ ਬਪਤਿਸਮਾ ਲੈਣ ਤੋਂ ਬਾਅਦ ਸਮਝਦਾਰ ਭਰਾ ਮੰਡਲੀ ਵਿਚ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਵਜੋਂ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ। ਪਰ ਹੋ ਸਕਦਾ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਜੋ ਸੱਚਾਈ ਵਿਚ ਨਹੀਂ ਹਨ ਅਤੇ ਦੂਜੇ ਲੋਕ ਇਨ੍ਹਾਂ ਸਨਮਾਨਾਂ ਦੀ ਕਦਰ ਨਾ ਕਰਨ। ਸ਼ਾਇਦ ਉਹ ਤੁਹਾਡੀ ਨੁਕਤਾਚੀਨੀ ਕਰਨ ਕਿ ਯਹੋਵਾਹ ਲਈ ਕੁਰਬਾਨੀਆਂ ਕਰਨ ਦਾ ਕੀ ਫ਼ਾਇਦਾ। (ਮੱਤੀ 10:34-37) ਜੇ ਤੁਸੀਂ ਉਨ੍ਹਾਂ ਦੀਆਂ ਗੱਲਾਂ ਕਾਰਨ ਹੌਸਲਾ ਹਾਰ ਬੈਠਦੇ ਹੋ, ਤਾਂ ਤੁਸੀਂ ਸ਼ਾਇਦ ਸੋਚੋ ਕਿ ਵਾਕਈ ਕੁਰਬਾਨੀਆਂ ਕਰਨ ਦਾ ਕੋਈ ਫ਼ਾਇਦਾ ਨਹੀਂ ਜਾਂ ਤੁਹਾਨੂੰ ਲੱਗੇ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੋਗੇ। ਜੇ ਤੁਹਾਡੇ ਨਾਲ ਇੱਦਾਂ ਹੁੰਦਾ ਹੈ, ਤਾਂ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਵਿਚ ਨਿਹਚਾ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
13. ਯਹੋਵਾਹ ਤੁਹਾਨੂੰ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਕਾਬਲ ਕਿਵੇਂ ਬਣਾਉਂਦਾ ਹੈ?
13 ਯਹੋਵਾਹ ʼਤੇ ਪੂਰੀ ਨਿਹਚਾ ਰੱਖਦਿਆਂ ਉਸ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਮਦਦ ਕਰੇ। ਆਪਣੇ ਮਨ ਦੇ ਸਾਰੇ ਡਰ ਅਤੇ ਸਾਰੀਆਂ ਚਿੰਤਾਵਾਂ ਉਸ ਨੂੰ ਦੱਸੋ। ਆਖ਼ਰ ਯਹੋਵਾਹ ਨੇ ਹੀ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਤੁਹਾਡੀ ਕਾਮਯਾਬ ਹੋਣ ਵਿਚ ਜ਼ਰੂਰ ਮਦਦ ਕਰੇਗਾ। ਕਿਵੇਂ? ਉਸੇ ਤਰ੍ਹਾਂ ਜਿਸ ਤਰ੍ਹਾਂ ਉਸ ਨੇ ਮੂਸਾ ਦੀ ਮਦਦ ਕੀਤੀ ਸੀ। ਪਹਿਲੀ ਗੱਲ, ਯਹੋਵਾਹ ਤੁਹਾਡੇ ਨਾਲ ਇਹ ਵਾਅਦਾ ਕਰਦਾ ਹੈ: “ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।” (ਯਸਾ. 41:10) ਦੂਜੀ ਗੱਲ, ਉਹ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਤੁਸੀਂ ਉਸ ਦੇ ਵਾਅਦਿਆਂ ʼਤੇ ਭਰੋਸਾ ਕਰ ਸਕਦੇ ਹੋ: “ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।” (ਯਸਾ. 46:11) ਤੀਜੀ ਗੱਲ, ਯਹੋਵਾਹ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਤੁਹਾਨੂੰ ‘ਉਹ ਤਾਕਤ ਦਿੰਦਾ ਹੈ ਜੋ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।’ (2 ਕੁਰਿੰ. 4:7) ਚੌਥੀ ਗੱਲ, ਸਾਡੇ ਪਿਆਰੇ ਪਿਤਾ ਨੇ ਸਾਨੂੰ ਦੁਨੀਆਂ ਭਰ ਵਿਚ ਰਹਿੰਦੇ ਸਾਡੇ ਭੈਣਾਂ-ਭਰਾਵਾਂ ਦਾ ਸਾਥ ਦਿੱਤਾ ਹੈ ਜਿਨ੍ਹਾਂ ਨਾਲ ਮਿਲ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ ਅਤੇ ਜੋ ‘ਇਕ-ਦੂਜੇ ਨੂੰ ਦਿਲਾਸਾ ਦਿੰਦੇ ਹਨ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਹਨ।’ ਇੱਦਾਂ ਤੁਹਾਨੂੰ ਇਸ ਕੰਮ ਵਿਚ ਲੱਗੇ ਰਹਿਣ ਵਿਚ ਮਦਦ ਮਿਲਦੀ ਹੈ। (1 ਥੱਸ. 5:11) ਜਿੱਦਾਂ-ਜਿੱਦਾਂ ਯਹੋਵਾਹ ਤੁਹਾਨੂੰ ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਤਾਕਤ ਬਖ਼ਸ਼ੇਗਾ, ਉੱਦਾਂ-ਉੱਦਾਂ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਫਿਰ ਤੁਸੀਂ ਦੁਨੀਆਂ ਵਿਚ ਮਿਲਣ ਵਾਲੀ ਕਿਸੇ ਵੀ ਚੀਜ਼ ਨਾਲੋਂ ਇਨ੍ਹਾਂ ਸਨਮਾਨਾਂ ਦੀ ਜ਼ਿਆਦਾ ਕਦਰ ਕਰੋਗੇ।
“ਉਸ ਨੇ ਬੇਸਬਰੀ ਨਾਲ ਇਨਾਮ ਪਾਉਣ ਦੀ ਉਡੀਕ ਕੀਤੀ”
14. ਮੂਸਾ ਨੂੰ ਯਕੀਨ ਕਿਉਂ ਸੀ ਕਿ ਉਸ ਨੂੰ ਇਨਾਮ ਜ਼ਰੂਰ ਮਿਲੇਗਾ?
14 ਮੂਸਾ ਨੇ “ਬੇਸਬਰੀ ਨਾਲ ਇਨਾਮ ਪਾਉਣ ਦੀ ਉਡੀਕ ਕੀਤੀ।” (ਇਬ. 11:26) ਹਾਲਾਂਕਿ ਮੂਸਾ ਭਵਿੱਖ ਬਾਰੇ ਹਰ ਗੱਲ ਨਹੀਂ ਜਾਣਦਾ ਸੀ, ਪਰ ਉਹ ਜਿੰਨਾ ਵੀ ਜਾਣਦਾ ਸੀ ਉਸ ਮੁਤਾਬਕ ਉਸ ਨੇ ਸਹੀ ਫ਼ੈਸਲੇ ਕੀਤੇ। ਆਪਣੇ ਪੂਰਵਜ ਅਬਰਾਹਾਮ ਵਾਂਗ ਮੂਸਾ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਸੀ। (ਲੂਕਾ 20:37, 38; ਇਬ. 11:17-19) ਮੂਸਾ ਨੇ ਮਿਸਰ ਤੋਂ ਭੱਜ ਕੇ 40 ਸਾਲ ਮਿਦਯਾਨ ਵਿਚ ਬਿਤਾਏ ਅਤੇ 40 ਸਾਲ ਉਜਾੜ ਵਿਚ। ਪਰ ਉਸ ਨੇ ਇਹ ਨਹੀਂ ਸੋਚਿਆ ਕਿ ਉਸ ਦੀ ਜ਼ਿੰਦਗੀ ਦੇ ਉਹ ਸਾਰੇ ਸਾਲ ਬਰਬਾਦ ਹੋ ਗਏ, ਸਗੋਂ ਉਸ ਨੇ ਆਪਣਾ ਧਿਆਨ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ʼਤੇ ਲਾਈ ਰੱਖਿਆ। ਹਾਲਾਂਕਿ ਉਸ ਨੂੰ ਇਹ ਨਹੀਂ ਸੀ ਪਤਾ ਕਿ ਯਹੋਵਾਹ ਆਪਣੇ ਵਾਅਦੇ ਕਿਵੇਂ ਪੂਰੇ ਕਰੇਗਾ, ਪਰ ਯਹੋਵਾਹ ʼਤੇ ਉਸ ਦੀ ਨਿਹਚਾ ਇੰਨੀ ਪੱਕੀ ਸੀ ਕਿ ਉਸ ਨੂੰ ਭਵਿੱਖ ਵਿਚ ਮਿਲਣ ਵਾਲੇ ਇਨਾਮ ਬਾਰੇ ਕੋਈ ਸ਼ੱਕ ਨਹੀਂ ਸੀ।
15, 16. (ੳ) ਸਾਨੂੰ ਆਪਣੇ ਇਨਾਮ ʼਤੇ ਨਜ਼ਰ ਟਿਕਾਈ ਰੱਖਣ ਦੀ ਲੋੜ ਕਿਉਂ ਹੈ? (ਅ) ਤੁਸੀਂ ਪਰਮੇਸ਼ੁਰ ਦੇ ਰਾਜ ਵਿਚ ਕਿਹੜੀਆਂ ਬਰਕਤਾਂ ਦਾ ਮਜ਼ਾ ਲੈਣ ਲਈ ਉਤਾਵਲੇ ਹੋ?
15 ਕੀ ਤੁਸੀਂ “ਬੇਸਬਰੀ ਨਾਲ ਇਨਾਮ ਪਾਉਣ ਦੀ ਉਡੀਕ” ਕਰਦੇ ਹੋ? ਮੂਸਾ ਵਾਂਗ ਅਸੀਂ ਸਾਰਾ ਕੁਝ ਨਹੀਂ ਜਾਣਦੇ ਕਿ ਪਰਮੇਸ਼ੁਰ ਆਪਣੇ ਵਾਅਦੇ ਕਿਵੇਂ ਪੂਰੇ ਕਰੇਗਾ। ਮਿਸਾਲ ਲਈ, ਅਸੀਂ ਮਹਾਂ ਕਸ਼ਟ ਦੇ ‘ਦਿਨ ਜਾਂ ਵੇਲੇ ਨੂੰ ਨਹੀਂ ਜਾਣਦੇ।’ (ਮਰ. 13:32, 33) ਫਿਰ ਵੀ ਸਾਨੂੰ ਮੂਸਾ ਨਾਲੋਂ ਜ਼ਿਆਦਾ ਪਤਾ ਹੈ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਕਿੱਦਾਂ ਦੀ ਹੋਵੇਗੀ। ਯਹੋਵਾਹ ਨੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਹਨ ਕਿ ਉਸ ਦੇ ਰਾਜ ਵਿਚ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ। ਇਸ ਕਰਕੇ ਅਸੀਂ ਉਸ ਦੇ ਰਾਜ ਦੀ ‘ਬੇਸਬਰੀ ਨਾਲ ਉਡੀਕ’ ਕਰਦੇ ਹਾਂ। ਜੇ ਅਸੀਂ ਆਪਣੇ ਮਨ ਵਿਚ ਨਵੀਂ ਦੁਨੀਆਂ ਨੂੰ ਸਾਫ਼-ਸਾਫ਼ ਦੇਖਾਂਗੇ, ਤਾਂ ਇੱਦਾਂ ਅਸੀਂ ਪੂਰੇ ਦਿਲ ਨਾਲ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਵਾਂਗੇ। ਕਿਵੇਂ? ਮਿਸਾਲ ਲਈ, ਤੁਸੀਂ ਤਦ ਹੀ ਕੋਈ ਮਕਾਨ ਖ਼ਰੀਦੋਗੇ ਜੇ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਹੋਵੇਗੀ। ਇਸੇ ਤਰ੍ਹਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣਾ ਸਮਾਂ ਤੇ ਤਾਕਤ ਲਾਉਂਦੇ ਹਾਂ ਕਿਉਂਕਿ ਸਾਨੂੰ ਨਵੀਂ ਦੁਨੀਆਂ ਬਾਰੇ ਜਾਣਕਾਰੀ ਹੈ। ਸੋ ਨਿਹਚਾ ਰੱਖ ਕੇ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਆਪਣੀ ਉਮੀਦ ਹੋਰ ਪੱਕੀ ਕਰ ਸਕਦੇ ਹਾਂ।
16 ਆਪਣੇ ਦਿਲ-ਦਿਮਾਗ਼ ਵਿਚ ਪਰਮੇਸ਼ੁਰ ਦੇ ਰਾਜ ਦੀ ਸੋਹਣੀ ਤਸਵੀਰ ਬਿਠਾਉਣ ਲਈ ਸੋਚੋ ਕਿ ਨਵੀਂ ਦੁਨੀਆਂ ਵਿਚ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਮਿਸਾਲ ਲਈ, ਜਦ ਤੁਸੀਂ ਉਨ੍ਹਾਂ ਲੋਕਾਂ ਬਾਰੇ ਪੜ੍ਹਦੇ ਹੋ ਜੋ ਯਿਸੂ ਦੇ ਜ਼ਮਾਨੇ ਤੋਂ ਪਹਿਲਾਂ ਰਹਿੰਦੇ ਸਨ, ਤਾਂ ਸੋਚੋ ਕਿ ਤੁਸੀਂ ਉਨ੍ਹਾਂ ਦੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਉਨ੍ਹਾਂ ਤੋਂ ਕੀ ਪੁੱਛੋਗੇ। ਕਲਪਨਾ ਕਰੋ ਕਿ ਉਹ ਤੁਹਾਨੂੰ ਪੁੱਛਣਗੇ ਕਿ ਤੁਸੀਂ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਕੀ-ਕੀ ਕੀਤਾ। ਜ਼ਰਾ ਸੋਚੋ ਕਿ ਤੁਹਾਨੂੰ ਸਦੀਆਂ ਪਹਿਲਾਂ ਗੁਜ਼ਰ ਚੁੱਕੇ ਆਪਣੇ ਦਾਦੇ-ਪੜਦਾਦਿਆਂ ਨੂੰ ਮਿਲ ਕੇ ਕਿੰਨੀ ਖ਼ੁਸ਼ੀ ਹੋਵੇਗੀ। ਤੁਸੀਂ ਉਨ੍ਹਾਂ ਨੂੰ ਸਿਖਾ ਸਕੋਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਲਈ ਕੀ ਕੁਝ ਕੀਤਾ ਹੈ। ਮਨ ਦੀਆਂ ਅੱਖਾਂ ਨਾਲ ਦੇਖੋ ਕਿ ਸੋਹਣੀ ਤੇ ਸ਼ਾਂਤ ਧਰਤੀ ਉੱਤੇ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਬਾਰੇ ਸਿੱਖ ਕੇ ਤੁਹਾਨੂੰ ਕਿੰਨਾ ਮਜ਼ਾ ਆਵੇਗਾ। ਸੋਚੋ ਕਿ ਜਿੱਦਾਂ-ਜਿੱਦਾਂ ਤੁਸੀਂ ਮੁਕੰਮਲ ਹੁੰਦੇ ਜਾਓਗੇ, ਉੱਦਾਂ-ਉੱਦਾਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿੰਨਾ ਮਜ਼ਬੂਤ ਹੁੰਦਾ ਜਾਵੇਗਾ।
17. ਭਵਿੱਖ ਵਿਚ ਮਿਲਣ ਵਾਲੇ ਇਨਾਮ ਦੀ ਮਨ ਵਿਚ ਤਸਵੀਰ ਬਣਾਉਣ ਨਾਲ ਸਾਨੂੰ ਕੀ ਫ਼ਾਇਦਾ ਹੋਵੇਗਾ?
17 ਭਵਿੱਖ ਵਿਚ ਮਿਲਣ ਵਾਲੇ ਆਪਣੇ ਇਨਾਮ ਦੀ ਮਨ ਵਿਚ ਤਸਵੀਰ ਬਣਾਉਣ ਨਾਲ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ, ਖ਼ੁਸ਼ ਰਹਿਣ ਅਤੇ ਸਹੀ ਫ਼ੈਸਲੇ ਕਰਨ ਵਿਚ ਮਦਦ ਮਿਲੇਗੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਵਾਂਗੇ। ਪੌਲੁਸ ਨੇ ਚੁਣੇ ਹੋਏ ਮਸੀਹੀਆਂ ਨੂੰ ਇਹ ਗੱਲ ਲਿਖੀ: “ਜੇ ਅਸੀਂ ਉਸ ਚੀਜ਼ ਦੀ ਉਮੀਦ ਰੱਖਦੇ ਹਾਂ, ਜਿਹੜੀ ਸਾਨੂੰ ਨਹੀਂ ਮਿਲੀ ਹੈ, ਤਾਂ ਅਸੀਂ ਦੁੱਖ ਸਹਿੰਦੇ ਹੋਏ ਉਸ ਉਮੀਦ ਦੇ ਪੂਰਾ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਾਂ।” (ਰੋਮੀ. 8:25) ਇਹ ਗੱਲ ਸਿਰਫ਼ ਚੁਣੇ ਹੋਏ ਮਸੀਹੀਆਂ ʼਤੇ ਹੀ ਨਹੀਂ, ਸਗੋਂ ਉਨ੍ਹਾਂ ਮਸੀਹੀਆਂ ʼਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਦੀ ਉਮੀਦ ਇਸ ਧਰਤੀ ʼਤੇ ਰਹਿਣ ਦੀ ਹੈ। ਹਾਲਾਂਕਿ ਸਾਨੂੰ ਅਜੇ ਆਪਣਾ ਇਨਾਮ ਨਹੀਂ ਮਿਲਿਆ ਹੈ, ਪਰ ਸਾਡੀ ਨਿਹਚਾ ਇੰਨੀ ਮਜ਼ਬੂਤ ਹੈ ਕਿ ਅਸੀਂ ਬੜੇ ਧੀਰਜ ਨਾਲ “ਇਨਾਮ ਪਾਉਣ ਦੀ ਉਡੀਕ” ਕਰਦੇ ਹਾਂ। ਮੂਸਾ ਵਾਂਗ ਅਸੀਂ ਯਹੋਵਾਹ ਦੀ ਸੇਵਾ ਵਿਚ ਬਿਤਾਏ ਕਿਸੇ ਵੀ ਸਾਲ ਨੂੰ ਬੇਕਾਰ ਨਹੀਂ ਸਮਝਦੇ। ਇਸ ਦੀ ਬਜਾਇ ਸਾਨੂੰ ਪੂਰਾ ਯਕੀਨ ਹੈ ਕਿ “ਦਿਸਣ ਵਾਲੀਆਂ ਚੀਜ਼ਾਂ ਥੋੜ੍ਹੇ ਸਮੇਂ ਲਈ ਹਨ, ਪਰ ਨਾ ਦਿਸਣ ਵਾਲੀਆਂ ਚੀਜ਼ਾਂ ਹਮੇਸ਼ਾ ਰਹਿਣਗੀਆਂ।”—2 ਕੁਰਿੰਥੀਆਂ 4:16-18 ਪੜ੍ਹੋ।
18, 19. (ੳ) ਸਾਨੂੰ ਆਪਣੀ ਨਿਹਚਾ ਤਕੜੀ ਰੱਖਣ ਲਈ ਮਿਹਨਤ ਕਰਨ ਦੀ ਕਿਉਂ ਲੋੜ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਸਿੱਖਾਂਗੇ?
18 ਨਿਹਚਾ ਹੋਣ ਕਰਕੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਾਮ ਜ਼ਰੂਰ ਮਿਲੇਗਾ, ‘ਭਾਵੇਂ ਅਸੀਂ ਉਸ ਨੂੰ ਦੇਖ ਨਹੀਂ ਸਕਦੇ।’ (ਇਬ. 11:1) ਆਪਣੀਆਂ ਇੱਛਾਵਾਂ ਮੁਤਾਬਕ ਚੱਲਣ ਵਾਲਾ ਇਨਸਾਨ ਇਹ ਨਹੀਂ ਦੇਖ ਸਕਦਾ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਕਿੰਨੀ ਅਨਮੋਲ ਹੈ। ਅਜਿਹੇ ਇਨਸਾਨ ਲਈ ਪਰਮੇਸ਼ੁਰ ਦੀ ਸੇਵਾ ਵਿਚ ਮਿਲੇ ਸਨਮਾਨ “ਮੂਰਖਤਾ” ਦੀ ਗੱਲ ਹੈ। (1 ਕੁਰਿੰ. 2:14) ਪਰ ਸਾਨੂੰ ਉਮੀਦ ਹੈ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਵਾਂਗੇ ਅਤੇ ਮਰੇ ਹੋਇਆਂ ਨੂੰ ਦੁਬਾਰਾ ਜੀਉਂਦੇ ਹੁੰਦਿਆਂ ਦੇਖਾਂਗੇ। ਦੁਨੀਆਂ ਦੇ ਲੋਕ ਇਨ੍ਹਾਂ ਗੱਲਾਂ ਦੀ ਕਲਪਨਾ ਵੀ ਨਹੀਂ ਕਰ ਸਕਦੇ। ਜਿੱਦਾਂ ਪੌਲੁਸ ਦੇ ਦਿਨਾਂ ਵਿਚ ਕੁਝ ਫ਼ਿਲਾਸਫ਼ਰਾਂ ਨੇ ਉਸ ਨੂੰ “ਬਕਵਾਸ ਕਰਨ ਵਾਲਾ” ਕਿਹਾ ਸੀ, ਉੱਦਾਂ ਹੀ ਅੱਜ ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਜਿਸ ਉਮੀਦ ਬਾਰੇ ਅਸੀਂ ਉਨ੍ਹਾਂ ਨੂੰ ਦੱਸਦੇ ਹਾਂ, ਉਹ ਵੀ ਫ਼ਜ਼ੂਲ ਹੈ।—ਰਸੂ. 17:18.
19 ਅੱਜ ਅਸੀਂ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਪਰਮੇਸ਼ੁਰ ʼਤੇ ਨਿਹਚਾ ਨਹੀਂ ਕਰਦੇ, ਇਸ ਲਈ ਸਾਨੂੰ ਆਪਣੀ ਨਿਹਚਾ ਤਕੜੀ ਰੱਖਣ ਲਈ ਮਿਹਨਤ ਕਰਨ ਦੀ ਲੋੜ ਹੈ। ਯਹੋਵਾਹ ਨੂੰ ਮਦਦ ਲਈ ਬੇਨਤੀ ਕਰੋ ਤਾਂਕਿ ਤੁਸੀਂ ‘ਨਿਹਚਾ ਕਰਨੀ ਨਾ ਛੱਡੋ।’ (ਲੂਕਾ 22:32) ਮੂਸਾ ਵਾਂਗ ਪਾਪ ਕਰਨ ਦੇ ਅੰਜਾਮਾਂ ਬਾਰੇ ਪਹਿਲਾਂ ਤੋਂ ਹੀ ਸੋਚੋ ਅਤੇ ਆਪਣਾ ਧਿਆਨ ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ʼਤੇ ਲਾਈ ਰੱਖੋ। ਇੱਦਾਂ ਅਸੀਂ ਮੂਸਾ ਦੀ ਰੀਸ ਕਰ ਰਹੇ ਹੋਵਾਂਗੇ। ਪਰ ਕੀ ਅਸੀਂ ਮੂਸਾ ਦੀ ਮਿਸਾਲ ਤੋਂ ਕੁਝ ਹੋਰ ਵੀ ਸਿੱਖ ਸਕਦੇ ਹਾਂ? ਜੀ ਹਾਂ, ਅਗਲੇ ਲੇਖ ਵਿਚ ਅਸੀਂ ਸਿੱਖਾਂਗੇ ਕਿ ਮੂਸਾ ਦੀ ਨਿਹਚਾ ਇੰਨੀ ਪੱਕੀ ਸੀ ਕਿ ਉਹ ‘ਅਦਿੱਖ ਪਰਮੇਸ਼ੁਰ ਨੂੰ ਦੇਖ’ ਸਕਿਆ।—ਇਬ. 11:27.