‘ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ’
“[ਯਿਸੂ] ਨੇ ਉਨ੍ਹਾਂ ਨੂੰ ਕਿਹਾ: ‘. . . ਤੁਸੀਂ . . . ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।’”—ਰਸੂ. 1:7, 8.
1, 2. (ੳ) ਯਹੋਵਾਹ ਦਾ “ਵਫ਼ਾਦਾਰ ਤੇ ਸੱਚਾ ਗਵਾਹ” ਕੌਣ ਹੈ? (ਅ) ਯਿਸੂ ਦੇ ਨਾਂ ਦਾ ਕੀ ਮਤਲਬ ਹੈ ਅਤੇ ਪਰਮੇਸ਼ੁਰ ਦਾ ਪੁੱਤਰ ਆਪਣੇ ਨਾਂ ʼਤੇ ਪੂਰਾ ਕਿਵੇਂ ਉਤਰਿਆ?
ਜਦੋਂ ਯਿਸੂ ʼਤੇ ਮੁਕੱਦਮਾ ਚਲਾਇਆ ਗਿਆ ਸੀ, ਤਾਂ ਉਸ ਨੇ ਦਲੇਰੀ ਨਾਲ ਯਹੂਦੀਆ ਦੇ ਰਾਜਪਾਲ ਨੂੰ ਇਹ ਸ਼ਬਦ ਕਹੇ ਸਨ: “ਮੈਂ ਇਸ ਕਰਕੇ ਜਨਮ ਲਿਆ ਅਤੇ ਦੁਨੀਆਂ ਵਿਚ ਆਇਆ ਤਾਂਕਿ ਸੱਚਾਈ ਬਾਰੇ ਗਵਾਹੀ ਦੇ ਸਕਾਂ। ਜਿਹੜਾ ਵੀ ਸੱਚਾਈ ਵੱਲ ਹੈ, ਉਹ ਮੇਰੀ ਗੱਲ ਸੁਣਦਾ ਹੈ।” (ਯੂਹੰਨਾ 18:33-37 ਪੜ੍ਹੋ।) ਯਿਸੂ ਮਸੀਹ ਨੇ ਉਸ ਨੂੰ ਦੱਸਿਆ ਕਿ ਉਹ ਰਾਜਾ ਹੈ। ਸਾਲਾਂ ਬਾਅਦ ਪੌਲੁਸ ਰਸੂਲ ਨੇ ਯਿਸੂ ਦੀ ਦਲੇਰੀ ਦੀ ਮਿਸਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਨੇ “ਪੁੰਤੀਅਸ ਪਿਲਾਤੁਸ ਸਾਮ੍ਹਣੇ ਨਿਡਰ ਹੋ ਕੇ ਗਵਾਹੀ ਦਿੱਤੀ ਸੀ।” (1 ਤਿਮੋ. 6:13) ਦਰਅਸਲ ਸ਼ੈਤਾਨ ਦੀ ਨਫ਼ਰਤ ਭਰੀ ਦੁਨੀਆਂ ਵਿਚ ‘ਵਫ਼ਾਦਾਰ ਤੇ ਸੱਚੇ ਗਵਾਹ’ ਯਿਸੂ ਵਾਂਗ ਗਵਾਹੀ ਦਿੰਦੇ ਰਹਿਣ ਲਈ ਕਈ ਵੇਲੇ ਬਹੁਤ ਦਲੇਰੀ ਦੀ ਲੋੜ ਪੈਂਦੀ ਹੈ।—ਪ੍ਰਕਾ. 3:14.
2 ਯਹੂਦੀ ਕੌਮ ਦਾ ਮੈਂਬਰ ਹੋਣ ਕਰਕੇ ਯਿਸੂ ਜਨਮ ਤੋਂ ਹੀ ਯਹੋਵਾਹ ਦਾ ਗਵਾਹ ਸੀ। (ਯਸਾ. 43:10) ਪਰਮੇਸ਼ੁਰ ਦੇ ਨਾਂ ʼਤੇ ਗਵਾਹੀ ਦੇਣ ਵਾਲਿਆਂ ਵਿੱਚੋਂ ਯਿਸੂ ਮਸੀਹ ਸਭ ਤੋਂ ਵਧੀਆ ਗਵਾਹ ਸਾਬਤ ਹੋਇਆ। ਯਿਸੂ ਨੇ ਯਾਦ ਰੱਖਿਆ ਕਿ ਪਰਮੇਸ਼ੁਰ ਵੱਲੋਂ ਦਿੱਤੇ ਉਸ ਦੇ ਨਾਂ ਦਾ ਕੀ ਮਤਲਬ ਹੈ। ਯਿਸੂ ਦੇ ਜਨਮ ਤੋਂ ਪਹਿਲਾਂ ਇਕ ਦੂਤ ਨੇ ਉਸ ਦੇ ਇਨਸਾਨੀ ਪਿਤਾ ਯੂਸੁਫ਼ ਨੂੰ ਦੱਸਿਆ ਕਿ ਮਰੀਅਮ ਪਵਿੱਤਰ ਸ਼ਕਤੀ ਨਾਲ ਗਰਭਵਤੀ ਹੋਈ ਸੀ। ਦੂਤ ਨੇ ਇਹ ਵੀ ਕਿਹਾ: “ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਯਿਸੂ ਰੱਖੀਂ ਕਿਉਂਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।” (ਮੱਤੀ 1:20, 21; ਫੁਟਨੋਟ) ਬਾਈਬਲ ਦੇ ਵਿਦਵਾਨ ਇਸ ਗੱਲ ʼਤੇ ਸਹਿਮਤ ਹਨ ਕਿ ਯਿਸੂ ਦਾ ਇਬਰਾਨੀ ਨਾਂ ਯੇਸ਼ੂਆ ਹੈ। ਇਸ ਇਬਰਾਨੀ ਨਾਂ ਵਿਚ ਯਹੋਵਾਹ ਦੇ ਨਾਂ ਦਾ ਛੋਟਾ ਰੂਪ ‘ਯਾਹ’ ਹੈ ਤੇ ਇਸ ਦਾ ਮਤਲਬ ਹੈ “ਯਹੋਵਾਹ ਮੁਕਤੀਦਾਤਾ ਹੈ।” ਆਪਣੇ ਨਾਂ ਦੇ ਮਤਲਬ ʼਤੇ ਪੂਰਾ ਉੱਤਰਦਿਆਂ ਯਿਸੂ ਨੇ ‘ਭੇਡਾਂ ਵਾਂਗ ਭਟਕੇ ਹੋਏ ਇਜ਼ਰਾਈਲ ਦੇ ਘਰਾਣੇ ਦੇ ਲੋਕਾਂ’ ਦੀ ਤੋਬਾ ਕਰਨ ਤੇ ਪਰਮੇਸ਼ੁਰ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਮਦਦ ਕੀਤੀ। (ਮੱਤੀ 10:6; 15:24; ਲੂਕਾ 19:10) ਇਸ ਕਰਕੇ ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਜੋਸ਼ ਨਾਲ ਗਵਾਹੀ ਦਿੱਤੀ। ਇੰਜੀਲ ਦੇ ਲਿਖਾਰੀ ਮਰਕੁਸ ਨੇ ਦੱਸਿਆ: “ਯਿਸੂ ਗਲੀਲ ਵਿਚ ਗਿਆ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਕਹਿਣ ਲੱਗਾ: ‘ਮਿਥਿਆ ਹੋਇਆ ਸਮਾਂ ਆ ਪਹੁੰਚਿਆ ਹੈ, ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖ਼ੁਸ਼ ਖ਼ਬਰੀ ਵਿਚ ਨਿਹਚਾ ਕਰੋ।’” (ਮਰ. 1:14, 15) ਯਿਸੂ ਮਸੀਹ ਨੇ ਦਲੇਰੀ ਨਾਲ ਯਹੂਦੀ ਧਾਰਮਿਕ ਆਗੂਆਂ ਦੀ ਵੀ ਨਿੰਦਾ ਕੀਤੀ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ।—ਮਰ. 11:17, 18; 15:1-15.
‘ਪਰਮੇਸ਼ੁਰ ਦੇ ਸ਼ਾਨਦਾਰ ਕੰਮ’
3. ਯਿਸੂ ਦੀ ਮੌਤ ਤੋਂ ਤੀਜੇ ਦਿਨ ਬਾਅਦ ਕੀ ਹੋਇਆ ਸੀ?
3 ਤੀਜੇ ਦਿਨ ਯਹੋਵਾਹ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਦੁਬਾਰਾ ਜੀਉਂਦਾ ਕੀਤਾ। ਉਸ ਨੂੰ ਇਨਸਾਨੀ ਸਰੀਰ ਵਿਚ ਨਹੀਂ, ਸਗੋਂ ਅਮਰ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ ਗਿਆ। ਇਹ ਸਭ ਤੋਂ ਵੱਡਾ ਚਮਤਕਾਰ ਸੀ। (1 ਪਤ. 3:18) ਪਰ ਆਪਣੇ ਚੇਲਿਆਂ ਸਾਮ੍ਹਣੇ ਇਨਸਾਨੀ ਸਰੀਰ ਵਿਚ ਪ੍ਰਗਟ ਹੋ ਕੇ ਯਿਸੂ ਨੇ ਸਾਬਤ ਕੀਤਾ ਕਿ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ ਉਸੇ ਦਿਨ ਯਿਸੂ ਪੰਜ ਵਾਰੀ ਅਲੱਗ-ਅਲੱਗ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ।—ਮੱਤੀ 28:8-10; ਲੂਕਾ 24:13-16, 30-36; ਯੂਹੰ. 20:11-18.
4. ਜਦੋਂ ਯਿਸੂ ਪੰਜਵੀਂ ਵਾਰ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ, ਤਾਂ ਕੀ ਹੋਇਆ ਤੇ ਯਿਸੂ ਨੇ ਉਨ੍ਹਾਂ ਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ?
4 ਪੰਜਵੀਂ ਵਾਰ ਯਿਸੂ ਇਕ ਜਗ੍ਹਾ ਇਕੱਠੇ ਹੋਏ ਆਪਣੇ ਰਸੂਲਾਂ ਤੇ ਹੋਰ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ। ਉਸ ਯਾਦਗਾਰੀ ਮੌਕੇ ਤੇ ਉਸ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਗੱਲਾਂ ਦੱਸੀਆਂ। “ਉਸ ਨੇ ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ।” ਇਸ ਤਰ੍ਹਾਂ ਉਨ੍ਹਾਂ ਨੂੰ ਇਹ ਗੱਲ ਸਮਝ ਲੱਗੀ ਕਿ ਦੁਸ਼ਮਣਾਂ ਦੇ ਹੱਥੋਂ ਯਿਸੂ ਦੀ ਮੌਤ ਤੇ ਚਮਤਕਾਰੀ ਢੰਗ ਨਾਲ ਉਸ ਦੇ ਦੁਬਾਰਾ ਜੀ ਉੱਠਣ ਬਾਰੇ ਪਰਮੇਸ਼ੁਰ ਦੇ ਬਚਨ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ। ਇਸ ਮੁਲਾਕਾਤ ਦੇ ਅਖ਼ੀਰ ਵਿਚ ਯਿਸੂ ਨੇ ਉਨ੍ਹਾਂ ਨੂੰ ਇਕ ਜ਼ਿੰਮੇਵਾਰੀ ਦਿੰਦਿਆਂ ਕਿਹਾ: “ਸਾਰੀਆਂ ਕੌਮਾਂ ਵਿਚ ਉਸ ਦੇ ਨਾਂ ʼਤੇ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪਾਪਾਂ ਦੀ ਮਾਫ਼ੀ ਪਾਉਣ ਲਈ ਤੋਬਾ ਕੀਤੀ ਜਾਵੇ; ਯਰੂਸ਼ਲਮ ਤੋਂ ਸ਼ੁਰੂ ਕਰ ਕੇ ਤੁਸੀਂ ਇਨ੍ਹਾਂ ਗੱਲਾਂ ਦੀ ਗਵਾਹੀ ਦੇਣੀ।”—ਲੂਕਾ 24:44-48.
5, 6. (ੳ) ਯਿਸੂ ਨੇ ਕਿਉਂ ਕਿਹਾ ਸੀ: ‘ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ’? (ਅ) ਯਿਸੂ ਦੇ ਚੇਲਿਆਂ ਨੇ ਯਹੋਵਾਹ ਦੇ ਮਕਸਦ ਬਾਰੇ ਲੋਕਾਂ ਨੂੰ ਕਿਹੜੀ ਨਵੀਂ ਗੱਲ ਦੱਸਣੀ ਸੀ?
5 ਚਾਲੀ ਦਿਨਾਂ ਬਾਅਦ ਜਦ ਯਿਸੂ ਆਖ਼ਰੀ ਵਾਰ ਪ੍ਰਗਟ ਹੋਇਆ, ਤਾਂ ਰਸੂਲ ਉਸ ਦੇ ਇਸ ਹੁਕਮ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਣੇ: “ਤੁਸੀਂ ਯਰੂਸ਼ਲਮ, ਪੂਰੇ ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਯਿਸੂ ਨੇ ਕਿਉਂ ਕਿਹਾ ਸੀ: ‘ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ,’ ਨਾ ਕਿ ਯਹੋਵਾਹ ਬਾਰੇ? ਯਿਸੂ ਯਹੋਵਾਹ ਬਾਰੇ ਗਵਾਹੀ ਦੇਣ ਨੂੰ ਕਹਿ ਸਕਦਾ ਸੀ, ਪਰ ਜਿਨ੍ਹਾਂ ਨਾਲ ਉਹ ਗੱਲ ਕਰ ਰਿਹਾ ਸੀ ਉਹ ਇਜ਼ਰਾਈਲੀ ਸਨ। ਇਸ ਕਰਕੇ ਉਹ ਪਹਿਲਾਂ ਹੀ ਯਹੋਵਾਹ ਬਾਰੇ ਗਵਾਹੀ ਦੇ ਰਹੇ ਸਨ।
6 ਹੁਣ ਚੇਲਿਆਂ ਨੇ ਯਹੋਵਾਹ ਦੇ ਮਕਸਦ ਬਾਰੇ ਇਹ ਨਵੀਂ ਗੱਲ ਦੱਸਣੀ ਸੀ ਕਿ ਯਹੋਵਾਹ ਯਿਸੂ ਰਾਹੀਂ ਮਨੁੱਖਜਾਤੀ ਨੂੰ ਬਚਾਵੇਗਾ। ਇਹ ਮੁਕਤੀ ਉਸ ਛੁਟਕਾਰੇ ਤੋਂ ਕਿਤੇ ਹੀ ਜ਼ਿਆਦਾ ਮਹਾਨ ਹੈ ਜੋ ਇਜ਼ਰਾਈਲੀਆਂ ਨੂੰ ਮਿਸਰੀਆਂ ਤੋਂ ਮਿਲੀ ਸੀ। ਯਿਸੂ ਮਸੀਹ ਦੀ ਕੁਰਬਾਨੀ ਸਦਕਾ ਸਾਨੂੰ ਸਭ ਤੋਂ ਭੈੜੀ ਗ਼ੁਲਾਮੀ ਪਾਪ ਤੇ ਮੌਤ ਤੋਂ ਮੁਕਤੀ ਮਿਲੀ ਹੈ। ਪੰਤੇਕੁਸਤ 33 ਈਸਵੀ ਨੂੰ ਸਵਰਗੀ ਜ਼ਿੰਦਗੀ ਲਈ ਚੁਣੇ ਗਏ ਯਿਸੂ ਦੇ ਚੇਲਿਆਂ ਨੇ ਲੋਕਾਂ ਨੂੰ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਬਾਰੇ ਗਵਾਹੀ ਦਿੱਤੀ ਤੇ ਬਹੁਤ ਸਾਰੇ ਲੋਕਾਂ ਨੇ ਤੋਬਾ ਕਰ ਕੇ ਯਿਸੂ ਦੀ ਕੁਰਬਾਨੀ ʼਤੇ ਨਿਹਚਾ ਕੀਤੀ। ਸਵਰਗ ਜਾਣ ਤੋਂ ਬਾਅਦ ਯਿਸੂ ਨੂੰ ਨਵਾਂ ਅਧਿਕਾਰ ਮਿਲਿਆ ਅਤੇ ਯਹੋਵਾਹ ਉਸ ਰਾਹੀਂ ਹਜ਼ਾਰਾਂ ਲੋਕਾਂ ਨੂੰ ਬਚਾ ਰਿਹਾ ਸੀ।—ਰਸੂ. 2:5, 11, 37-41.
“ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ”
7. ਪੰਤੇਕੁਸਤ 33 ਈਸਵੀ ਵਾਲੇ ਦਿਨ ਵਾਪਰੀਆਂ ਘਟਨਾਵਾਂ ਨੇ ਕੀ ਸਾਬਤ ਕੀਤਾ?
7 ਪੰਤੇਕੁਸਤ 33 ਈਸਵੀ ਵਾਲੇ ਦਿਨ ਵਾਪਰੀਆਂ ਘਟਨਾਵਾਂ ਨੇ ਸਾਬਤ ਕੀਤਾ ਕਿ ਯਹੋਵਾਹ ਨੇ ਯਿਸੂ ਮਸੀਹ ਦੀ ਮੁਕੰਮਲ ਕੁਰਬਾਨੀ ਨੂੰ ਕਬੂਲ ਕਰ ਲਿਆ ਸੀ ਜੋ ਇਨਸਾਨਾਂ ਦੇ ਪਾਪਾਂ ਖ਼ਾਤਰ ਦਿੱਤੀ ਗਈ ਸੀ। (ਇਬ. 9:11, 12, 24) ਜਿਵੇਂ ਯਿਸੂ ਨੇ ਸਮਝਾਇਆ ਸੀ, ਉਹ “ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ” ਸੀ। (ਮੱਤੀ 20:28) ਕੀ ਇਸ ਕੁਰਬਾਨੀ ਤੋਂ ਸਿਰਫ਼ ਤੋਬਾ ਕਰਨ ਵਾਲੇ ਯਹੂਦੀਆਂ ਨੂੰ ਹੀ ਫ਼ਾਇਦਾ ਹੋਣਾ ਸੀ? ਨਹੀਂ। ਪਰਮੇਸ਼ੁਰ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ” ਕਿਉਂਕਿ ਇਹ ਕੁਰਬਾਨੀ ‘ਦੁਨੀਆਂ ਦੇ ਪਾਪ’ ਮਿਟਾਉਂਦੀ ਹੈ।—1 ਤਿਮੋ. 2:4-6; ਯੂਹੰ. 1:29.
8. ਯਿਸੂ ਮਸੀਹ ਦੇ ਚੇਲਿਆਂ ਨੇ ਕਿਸ ਹੱਦ ਤਕ ਗਵਾਹੀ ਦਿੱਤੀ ਸੀ ਤੇ ਉਹ ਇਹ ਕਿਵੇਂ ਕਰ ਸਕੇ?
8 ਕੀ ਯਿਸੂ ਦੇ ਮੁਢਲੇ ਚੇਲਿਆਂ ਵਿਚ ਗਵਾਹੀ ਦਿੰਦੇ ਰਹਿਣ ਦੀ ਦਲੇਰੀ ਸੀ? ਹਾਂ, ਉਨ੍ਹਾਂ ਵਿਚ ਦਲੇਰੀ ਸੀ, ਪਰ ਉਨ੍ਹਾਂ ਨੇ ਆਪਣੀ ਤਾਕਤ ਨਾਲ ਗਵਾਹੀ ਨਹੀਂ ਦਿੱਤੀ। ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਪ੍ਰੇਰਿਆ ਤੇ ਉਨ੍ਹਾਂ ਨੂੰ ਬਲ਼ ਦਿੱਤਾ ਕਿ ਉਹ ਗਵਾਹੀ ਦਿੰਦੇ ਰਹਿਣ। (ਰਸੂਲਾਂ ਦੇ ਕੰਮ 5:30-32 ਪੜ੍ਹੋ।) ਪੰਤੇਕੁਸਤ 33 ਈਸਵੀ ਤੋਂ ਲਗਭਗ 27 ਸਾਲ ਬਾਅਦ ਇਹ ਕਿਹਾ ਜਾ ਸਕਦਾ ਸੀ ਕਿ ‘ਸੱਚਾਈ ਦਾ ਸੰਦੇਸ਼ ਆਕਾਸ਼ ਹੇਠ ਪੂਰੀ ਦੁਨੀਆਂ ਵਿਚ’ ਯਹੂਦੀਆਂ ਤੇ ਗ਼ੈਰ-ਯਹੂਦੀਆਂ ਨੂੰ ਸੁਣਾਇਆ ਗਿਆ ਸੀ।—ਕੁਲੁ. 1:5, 23.
9. ਭਵਿੱਖਬਾਣੀਆਂ ਅਨੁਸਾਰ ਮੰਡਲੀਆਂ ਵਿਚ ਕੀ ਹੋਇਆ?
9 ਪਰ ਅਫ਼ਸੋਸ ਦੀ ਗੱਲ ਹੈ ਕਿ ਸਮੇਂ ਦੇ ਬੀਤਣ ਨਾਲ ਮੰਡਲੀਆਂ ਦੇ ਕੁਝ ਮੈਂਬਰ ਝੂਠੀਆਂ ਸਿੱਖਿਆਵਾਂ ਦੇਣ ਲੱਗ ਪਏ। (ਰਸੂ. 20:29, 30; 2 ਪਤ. 2:2, 3; ਯਹੂ. 3, 4) ਇਨ੍ਹਾਂ ਝੂਠੇ ਸਿੱਖਿਅਕਾਂ ਦਾ ਸਾਰੀਆਂ ਮੰਡਲੀਆਂ ʼਤੇ ਬੁਰਾ ਅਸਰ ਪਿਆ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ “ਸ਼ੈਤਾਨ” ਇਸ ਤਰ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਫੈਲਾਵੇਗਾ ਜਿਸ ਕਰਕੇ ‘ਯੁਗ ਦੇ ਆਖ਼ਰੀ ਸਮੇਂ’ ਤਕ ਸੱਚੇ ਮਸੀਹੀ ਧਰਮ ਦਾ ਪਤਾ ਹੀ ਨਹੀਂ ਲੱਗੇਗਾ। (ਮੱਤੀ 13:37-43) ਫਿਰ ਯਹੋਵਾਹ ਨੇ ਅਕਤੂਬਰ 1914 ਵਿਚ ਯਿਸੂ ਮਸੀਹ ਨੂੰ ਸਾਰੀ ਦੁਨੀਆਂ ʼਤੇ ਰਾਜਾ ਬਣਾਇਆ। ਉਸ ਸਮੇਂ ਤੋਂ ਸ਼ੈਤਾਨ ਦੀ ਦੁਨੀਆਂ ਦੇ “ਆਖ਼ਰੀ ਦਿਨ” ਸ਼ੁਰੂ ਹੋ ਗਏ।—2 ਤਿਮੋ. 3:1.
10. (ੳ) ਚੁਣੇ ਹੋਏ ਮਸੀਹੀਆਂ ਨੇ ਪਹਿਲਾਂ ਹੀ ਕਿਹੜੀ ਅਹਿਮ ਤਾਰੀਖ਼ ਬਾਰੇ ਦੱਸ ਦਿੱਤਾ ਸੀ? (ਅ) ਅਕਤੂਬਰ 1914 ਨੂੰ ਕੀ ਹੋਇਆ ਸੀ ਤੇ ਅਸੀਂ ਇਹ ਕਿਵੇਂ ਜਾਣਦੇ ਹਾਂ?
10 ਤੀਹ ਤੋਂ ਜ਼ਿਆਦਾ ਸਾਲ ਪਹਿਲਾਂ ਹੀ ਚੁਣੇ ਹੋਏ ਮਸੀਹੀਆਂ ਨੇ ਅਕਤੂਬਰ 1914 ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਅਹਿਮ ਤਾਰੀਖ਼ ਨੂੰ ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਇਹ ਗੱਲ ਦਾਨੀਏਲ ਦੀ ਇਕ ਭਵਿੱਖਬਾਣੀ ਦੇ ਆਧਾਰ ʼਤੇ ਕਹੀ ਸੀ। ਇਸ ਭਵਿੱਖਬਾਣੀ ਵਿਚ ਇਕ ਵੱਡੇ ਦਰਖ਼ਤ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਕੱਟਿਆ ਗਿਆ ਤੇ ਫਿਰ ‘ਸੱਤ ਸਮਿਆਂ’ ਬਾਅਦ ਇਹ ਦੁਬਾਰਾ ਵਧਣਾ ਸ਼ੁਰੂ ਹੋਇਆ। (ਦਾਨੀ. 4:16) ਆਪਣੀ ਮੌਜੂਦਗੀ ਤੇ “ਯੁਗ ਦੇ ਆਖ਼ਰੀ ਸਮੇਂ” ਬਾਰੇ ਭਵਿੱਖਬਾਣੀ ਕਰਦੇ ਹੋਏ ਯਿਸੂ ਮਸੀਹ ਨੇ ਇਸ ਸਮੇਂ ਨੂੰ “ਕੌਮਾਂ ਦਾ ਮਿਥਿਆ ਸਮਾਂ” ਕਿਹਾ ਸੀ। (ਮੱਤੀ 24:3, 7, 14; ਲੂਕਾ 21:24) ਇਸ ਲਈ ਅੱਜ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਦਾ ਪ੍ਰਚਾਰ ਕਰਦੇ ਹੋਏ ਅਸੀਂ ਇਹ ਵੀ ਦੱਸਦੇ ਹਾਂ ਕਿ ਯਹੋਵਾਹ ਨੇ ਯਿਸੂ ਨੂੰ 1914 ਵਿਚ ਰਾਜਾ ਬਣਾਇਆ ਸੀ।
11, 12. (ੳ) ਯਿਸੂ ਨੇ ਧਰਤੀ ਦਾ ਰਾਜਾ ਬਣਨ ਤੋਂ ਬਾਅਦ ਕੀ ਕਰਨਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਕੀ ਹੋਇਆ? (ਅ) 1935 ਵਿਚ ਹੋਰ ਕਿਸ ਗੱਲ ਦਾ ਪਤਾ ਲੱਗਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
11 ਧਰਤੀ ਦੇ ਨਵੇਂ ਰਾਜੇ ਯਿਸੂ ਮਸੀਹ ਨੇ ਜਲਦੀ ਹੀ ਆਪਣੇ ਚੁਣੇ ਹੋਏ ਚੇਲਿਆਂ ਨੂੰ “ਮਹਾਂ ਬਾਬਲ” ਦੀ ਗ਼ੁਲਾਮੀ ਤੋਂ ਛੁਡਾਉਣਾ ਸ਼ੁਰੂ ਕਰ ਦਿੱਤਾ। (ਪ੍ਰਕਾ. 18:2, 4) ਯੁੱਧ ਤੋਂ ਬਾਅਦ 1919 ਵਿਚ ਪੂਰੀ ਧਰਤੀ ʼਤੇ ਯਿਸੂ ਦੀ ਕੁਰਬਾਨੀ ਰਾਹੀਂ ਮਿਲਣ ਵਾਲੀ ਮੁਕਤੀ ਤੇ ਉਸ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਸੁਣਾਉਣ ਦਾ ਰਾਹ ਖੁੱਲ੍ਹਿਆ। ਚੁਣੇ ਹੋਏ ਮਸੀਹੀਆਂ ਨੇ ਗਵਾਹੀ ਦੇ ਇਸ ਮੌਕੇ ਦਾ ਫ਼ਾਇਦਾ ਉਠਾਇਆ। ਇਸ ਕਰਕੇ ਹਜ਼ਾਰਾਂ ਹੀ ਲੋਕਾਂ ਨੇ ਸੱਚਾਈ ਬਾਰੇ ਸਿੱਖਿਆ ਤੇ ਉਨ੍ਹਾਂ ਨੂੰ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਲਈ ਚੁਣਿਆ ਗਿਆ।
12 ਸਾਲ 1935 ਵਿਚ ਇਹ ਗੱਲ ਸਾਫ਼ ਹੋ ਗਈ ਕਿ ਯਿਸੂ ਮਸੀਹ ਨੇ ਦੁਨੀਆਂ ਭਰ ਵਿਚ ਆਪਣੀਆਂ “ਹੋਰ ਭੇਡਾਂ” ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਭੇਡਾਂ ਦੀ “ਵੱਡੀ ਭੀੜ” ਚੁਣੇ ਹੋਏ ਮਸੀਹੀਆਂ ਦੀ ਅਗਵਾਈ ਅਧੀਨ ਯਿਸੂ ਵਾਂਗ ਦਲੇਰੀ ਨਾਲ ਲੋਕਾਂ ਨੂੰ ਦੱਸ ਰਹੀ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਤੇ ਮਸੀਹ ਵੱਲੋਂ ਮੁਕਤੀ ਮਿਲੇਗੀ। ਇਹ ਮਸੀਹੀ ਜਾਣਦੇ ਹਨ ਕਿ ਗਵਾਹੀ ਦੇ ਕੰਮ ਵਿਚ ਲੱਗੇ ਰਹਿਣ ਤੇ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰਦੇ ਰਹਿਣ ਕਰਕੇ ਉਹ “ਮਹਾਂਕਸ਼ਟ” ਵਿੱਚੋਂ ਬਚ ਜਾਣਗੇ ਤੇ ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਰਹਿਣਗੇ।—ਯੂਹੰ. 10:16; ਪ੍ਰਕਾ. 7:9, 10, 14.
‘ਦਲੇਰ ਹੋ ਕੇ ਖ਼ੁਸ਼ ਖ਼ਬਰੀ ਸੁਣਾਓ’
13. ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ ਤੇ ਅਸੀਂ ਕਿਵੇਂ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਇਸ ਵਿਚ ਕਾਮਯਾਬ ਹੋਵਾਂਗੇ?
13 ਦੂਜਿਆਂ ਨੂੰ ਯਹੋਵਾਹ ਦੇ “ਸ਼ਾਨਦਾਰ ਕੰਮਾਂ” ਬਾਰੇ ਤੇ ਚੰਗੇ ਭਵਿੱਖ ਦੇ ਵਾਅਦਿਆਂ ਬਾਰੇ ਦੱਸਣਾ ਸਾਡੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ। ਇਹ ਸੱਚ ਹੈ ਕਿ ਇਨ੍ਹਾਂ ਗੱਲਾਂ ਬਾਰੇ ਗਵਾਹੀ ਦੇਣੀ ਹਮੇਸ਼ਾ ਸੌਖੀ ਨਹੀਂ ਹੁੰਦੀ। ਸਾਡੇ ਬਹੁਤ ਸਾਰੇ ਭੈਣ-ਭਰਾ ਅਜਿਹੇ ਇਲਾਕਿਆਂ ਵਿਚ ਪ੍ਰਚਾਰ ਕਰਦੇ ਹਨ ਜਿੱਥੇ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ, ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਜਾਂ ਉਨ੍ਹਾਂ ʼਤੇ ਅਤਿਆਚਾਰ ਕਰਦੇ ਹਨ। ਅਸੀਂ ਸਾਰੇ ਪੌਲੁਸ ਰਸੂਲ ਤੇ ਉਸ ਦੇ ਸਾਥੀਆਂ ਦੀ ਰੀਸ ਕਰ ਸਕਦੇ ਹਾਂ। ਉਸ ਨੇ ਕਿਹਾ: “ਅਸੀਂ ਪਰਮੇਸ਼ੁਰ ਦੀ ਮਦਦ ਨਾਲ ਦਲੇਰ ਹੋ ਕੇ ਸਖ਼ਤ ਵਿਰੋਧ ਦੇ ਬਾਵਜੂਦ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ।” (1 ਥੱਸ. 2:2) ਸੋ ਆਓ ਆਪਾਂ ਕਦੇ ਹਾਰ ਨਾ ਮੰਨੀਏ। ਇਸ ਦੀ ਬਜਾਇ, ਜਿਉਂ-ਜਿਉਂ ਸ਼ੈਤਾਨ ਦੀ ਦੁਨੀਆਂ ਨਾਸ਼ ਵੱਲ ਵਧ ਰਹੀ ਹੈ, ਆਓ ਆਪਾਂ ਆਪਣੇ ਸਮਰਪਣ ਦੇ ਵਾਅਦੇ ਨੂੰ ਨਿਭਾਉਂਦੇ ਰਹੀਏ। (ਯਸਾ. 6:11) ਅਸੀਂ ਇਹ ਆਪਣੀ ਤਾਕਤ ਨਾਲ ਨਹੀਂ ਕਰ ਸਕਦੇ, ਪਰ ਮੁਢਲੇ ਮਸੀਹੀਆਂ ਦੀ ਰੀਸ ਕਰਦਿਆਂ ਸਾਨੂੰ ਯਹੋਵਾਹ ਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।”—2 ਕੁਰਿੰਥੀਆਂ 4:1, 7 ਪੜ੍ਹੋ; ਲੂਕਾ 11:13.
14, 15. (ੳ) ਪਹਿਲੀ ਸਦੀ ਦੇ ਮਸੀਹੀਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਤੇ ਪਤਰਸ ਰਸੂਲ ਨੇ ਇਸ ਬਾਰੇ ਕੀ ਕਿਹਾ ਸੀ? (ਅ) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਜੇ ਸਾਡੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?
14 ਅੱਜ ਲੱਖਾਂ ਹੀ ਲੋਕ ਮਸੀਹੀ ਹੋਣ ਦਾ ਦਾਅਵਾ ਤਾਂ ਕਰਦੇ ਹਨ, “ਪਰ ਉਨ੍ਹਾਂ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਹੈ ਕਿਉਂਕਿ ਉਹ ਨੀਚ ਤੇ ਅਣਆਗਿਆਕਾਰ ਇਨਸਾਨ ਹਨ ਅਤੇ ਉਹ ਕੋਈ ਵੀ ਚੰਗਾ ਕੰਮ ਕਰਨ ਦੇ ਯੋਗ ਨਹੀਂ ਹਨ।” (ਤੀਤੁ. 1:16) ਅਸੀਂ ਯਾਦ ਰੱਖ ਸਕਦੇ ਹਾਂ ਕਿ ਪਹਿਲੀ ਸਦੀ ਵਿਚ ਬਹੁਤ ਸਾਰੇ ਲੋਕਾਂ ਨੇ ਸੱਚੇ ਮਸੀਹੀਆਂ ਨਾਲ ਨਫ਼ਰਤ ਕੀਤੀ ਸੀ। ਇਸ ਕਰਕੇ ਪਤਰਸ ਰਸੂਲ ਨੇ ਲਿਖਿਆ: ‘ਜੇ ਤੁਹਾਨੂੰ ਮਸੀਹ ਦੇ ਨਾਂ ਕਰਕੇ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਤੁਸੀਂ ਖ਼ੁਸ਼ ਹੋ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਰਹਿੰਦੀ ਹੈ।’—1 ਪਤ. 4:14.
15 ਕੀ ਇਹ ਸ਼ਬਦ ਅੱਜ ਵੀ ਯਹੋਵਾਹ ਦੇ ਗਵਾਹਾਂ ʼਤੇ ਲਾਗੂ ਹੁੰਦੇ ਹਨ? ਬਿਲਕੁਲ ਕਿਉਂਕਿ ਅਸੀਂ ਵੀ ਯਿਸੂ ਦੇ ਰਾਜ ਬਾਰੇ ਗਵਾਹੀ ਦਿੰਦੇ ਹਾਂ। ਇਸ ਲਈ ਜਿਵੇਂ ਯਹੋਵਾਹ ਦੇ ਨਾਂ ਕਰਕੇ ਸਾਡੇ ਨਾਲ ਨਫ਼ਰਤ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਸਾਨੂੰ “ਮਸੀਹ ਦੇ ਨਾਂ ਕਰਕੇ ਬੇਇੱਜ਼ਤ ਕੀਤਾ ਜਾਂਦਾ ਹੈ।” ਯਿਸੂ ਮਸੀਹ ਨੇ ਆਪਣੇ ਵਿਰੋਧੀਆਂ ਨੂੰ ਕਿਹਾ ਸੀ: “ਮੈਂ ਆਪਣੇ ਪਿਤਾ ਦੇ ਨਾਂ ʼਤੇ ਆਇਆ ਹਾਂ, ਪਰ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ।” (ਯੂਹੰ. 5:43) ਸੋ ਅਗਲੀ ਵਾਰ ਜਦੋਂ ਗਵਾਹੀ ਦੇਣ ਵੇਲੇ ਤੁਸੀਂ ਵਿਰੋਧ ਦਾ ਸਾਮ੍ਹਣਾ ਕਰੋ, ਤਾਂ ਹੌਸਲਾ ਰੱਖਿਓ। ਇਸ ਤਰ੍ਹਾਂ ਦਾ ਬੁਰਾ ਸਲੂਕ ਪਰਮੇਸ਼ੁਰ ਦੀ ਮਨਜ਼ੂਰੀ ਦਾ ਸਬੂਤ ਹੈ ਤੇ ਉਸ ਦੀ ਪਵਿੱਤਰ ਸ਼ਕਤੀ “ਤੁਹਾਡੇ ਉੱਤੇ ਰਹਿੰਦੀ ਹੈ।”
16, 17. (ੳ) ਦੁਨੀਆਂ ਵਿਚ ਬਹੁਤ ਸਾਰੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਕੀ ਤਜਰਬਾ ਹੋ ਰਿਹਾ ਹੈ? (ਅ) ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ?
16 ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਦੁਨੀਆਂ ਵਿਚ ਬਹੁਤ ਸਾਰੇ ਦੇਸ਼ਾਂ ਵਿਚ ਲੋਕ ਸੱਚਾਈ ਵਿਚ ਆ ਰਹੇ ਹਨ। ਜਿਨ੍ਹਾਂ ਇਲਾਕਿਆਂ ਵਿਚ ਕਈ ਵਾਰ ਪ੍ਰਚਾਰ ਹੋ ਚੁੱਕਾ ਹੈ, ਉਨ੍ਹਾਂ ਇਲਾਕਿਆਂ ਵਿਚ ਵੀ ਸਾਨੂੰ ਉਹ ਲੋਕ ਮਿਲਦੇ ਹਨ ਜੋ ਮੁਕਤੀ ਦਾ ਸੰਦੇਸ਼ ਸੁਣਨਾ ਚਾਹੁੰਦੇ ਹਨ। ਆਓ ਅਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਕੋਲ ਦੁਬਾਰਾ ਜਾਣ ਦੀ ਕੋਸ਼ਿਸ਼ ਕਰੀਏ ਤੇ ਜੇ ਹੋ ਸਕੇ, ਤਾਂ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਵਾ ਕੇ ਉਨ੍ਹਾਂ ਦੀ ਮਦਦ ਕਰੀਏ ਤਾਂਕਿ ਉਹ ਸਮਰਪਣ ਕਰ ਕੇ ਬਪਤਿਸਮਾ ਲੈ ਸਕਣ। ਤੁਹਾਨੂੰ ਇਹ ਕੰਮ ਕਰਕੇ ਕਿਵੇਂ ਲੱਗਦਾ ਹੈ? ਤੁਸੀਂ ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੀ ਭੈਣ ਸਾਰੀ ਵਾਂਗ ਮਹਿਸੂਸ ਕਰਦੇ ਹੋਵੋਗੇ ਜੋ 60 ਤੋਂ ਜ਼ਿਆਦਾ ਸਾਲਾਂ ਤੋਂ ਜੋਸ਼ ਨਾਲ ਗਵਾਹੀ ਦੇਣ ਦਾ ਕੰਮ ਕਰ ਰਹੀ ਹੈ। ਉਹ ਦੱਸਦੀ ਹੈ: “ਮੈਂ ਇਸ ਗੱਲ ਲਈ ਦਿਲੋਂ ਧੰਨਵਾਦ ਕਰਦੀ ਹਾਂ ਕਿ ਯਿਸੂ ਦੀ ਕੁਰਬਾਨੀ ਕਰਕੇ ਮੈਂ ਜਹਾਨ ਦੇ ਮਾਲਕ ਯਹੋਵਾਹ ਨਾਲ ਰਿਸ਼ਤਾ ਜੋੜ ਸਕੀ ਹਾਂ। ਨਾਲੇ ਮੈਂ ਇਸ ਲਈ ਵੀ ਖ਼ੁਸ਼ ਹਾਂ ਕਿ ਮੈਂ ਉਸ ਦੇ ਮਹਿਮਾਵਾਨ ਨਾਂ ਬਾਰੇ ਦੂਜਿਆਂ ਨੂੰ ਦੱਸ ਸਕਦੀ ਹਾਂ।” ਉਸ ਨੇ ਤੇ ਉਸ ਦੇ ਪਤੀ ਮਾਰਤੀਨਸ ਨੇ ਆਪਣੇ ਤਿੰਨ ਬੱਚਿਆਂ ਤੇ ਹੋਰ ਬਹੁਤ ਸਾਰੇ ਲੋਕਾਂ ਦੀ ਯਹੋਵਾਹ ਦੇ ਸੇਵਕ ਬਣਨ ਵਿਚ ਮਦਦ ਕੀਤੀ। ਭੈਣ ਸਾਰੀ ਅੱਗੇ ਦੱਸਦੀ ਹੈ: “ਮੈਨੂੰ ਹੋਰ ਕੋਈ ਵੀ ਕੰਮ ਕਰਕੇ ਇੰਨੀ ਖ਼ੁਸ਼ੀ ਨਹੀਂ ਮਿਲਦੀ ਅਤੇ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਸਾਰਿਆਂ ਨੂੰ ਤਾਕਤ ਦਿੰਦਾ ਹੈ ਕਿ ਅਸੀਂ ਇਹ ਜ਼ਿੰਦਗੀਆਂ ਬਚਾਉਣ ਵਾਲਾ ਕੰਮ ਕਰਦੇ ਰਹੀਏ।”
17 ਭਾਵੇਂ ਅਸੀਂ ਬਪਤਿਸਮਾ ਲਿਆ ਹੈ ਜਾਂ ਨਹੀਂ, ਪਰ ਸਾਨੂੰ ਸਾਰਿਆਂ ਨੂੰ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਨਾਲ ਸੰਗਤ ਕਰਨ ਦਾ ਮੌਕਾ ਦਿੱਤਾ ਹੈ। ਇਸ ਲਈ ਆਓ ਆਪਾਂ ਆਪਣੇ ਆਪ ਨੂੰ ਸ਼ੈਤਾਨ ਦੀ ਗੰਦੀ ਦੁਨੀਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਿਆਂ ਲਗਾਤਾਰ ਗਵਾਹੀ ਦਿੰਦੇ ਰਹੀਏ। ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਪਿਆਰੇ ਸਵਰਗੀ ਪਿਤਾ ਦੀ ਮਹਿਮਾ ਕਰਦੇ ਹਾਂ ਜਿਸ ਦੇ ਨਾਂ ʼਤੇ ਅਸੀਂ ਜਾਣੇ ਜਾਂਦੇ ਹਾਂ।