ਪਾਠਕਾਂ ਵੱਲੋਂ ਸਵਾਲ
ਪੌਲੁਸ ਰਸੂਲ ਨੇ ਕਿਹਾ ਸੀ ਕਿ “ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ [ਯਹੋਵਾਹ] ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।” (1 ਕੁਰਿੰ. 10:13) ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਪਹਿਲਾਂ ਤੋਂ ਹੀ ਹਿਸਾਬ ਲਗਾ ਲੈਂਦਾ ਹੈ ਕਿ ਅਸੀਂ ਕਿੰਨਾ ਸਹਿ ਸਕਦੇ ਹਾਂ ਅਤੇ ਫਿਰ ਉਹ ਪਰੀਖਿਆਵਾਂ ਚੁਣਦਾ ਹੈ ਜੋ ਅਸੀਂ ਸਹਿ ਸਕਾਂਗੇ?
ਜੇ ਇਹ ਸੱਚ ਹੁੰਦਾ, ਤਾਂ ਸੋਚੋ ਇਸ ਦਾ ਸਾਡੀ ਜ਼ਿੰਦਗੀ ʼਤੇ ਕੀ ਅਸਰ ਪੈਣਾ ਸੀ। ਮਿਸਾਲ ਲਈ, ਇਕ ਭਰਾ ਦੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ ਅਤੇ ਉਸ ਨੇ ਆਪਣੇ ਆਪ ਤੋਂ ਪੁੱਛਿਆ: ‘ਕੀ ਯਹੋਵਾਹ ਨੇ ਪਹਿਲਾਂ ਹੀ ਹਿਸਾਬ ਲਗਾ ਲਿਆ ਸੀ ਕਿ ਮੈਂ ਤੇ ਮੇਰੀ ਪਤਨੀ ਆਪਣੇ ਮੁੰਡੇ ਦੀ ਮੌਤ ਦਾ ਗਮ ਸਹਿ ਸਕਾਂਗੇ? ਕੀ ਉਹ ਇਸ ਲਈ ਮਰਿਆ ਕਿਉਂਕਿ ਪਰਮੇਸ਼ੁਰ ਜਾਣਦਾ ਸੀ ਕਿ ਅਸੀਂ ਉਸ ਦੇ ਬਗੈਰ ਰਹਿ ਸਕਾਂਗੇ?’ ਸੋ ਕੀ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਸਾਡੀ ਜ਼ਿੰਦਗੀ ਵਿਚ ਜੋ ਵੀ ਹੁੰਦਾ ਹੈ, ਉਸ ਪਿੱਛੇ ਯਹੋਵਾਹ ਦਾ ਹੱਥ ਹੁੰਦਾ ਹੈ?
1 ਕੁਰਿੰਥੀਆਂ 10:13 ʼਤੇ ਗੌਰ ਕਰ ਕੇ ਅਸੀਂ ਜਾਣਾਂਗੇ ਕਿ ਬਾਈਬਲ ਤੋਂ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਯਹੋਵਾਹ ਪਹਿਲਾਂ ਤੋਂ ਹੀ ਜਾਣ ਲੈਂਦਾ ਹੈ ਕਿ ਅਸੀਂ ਕਿੰਨਾ ਦੁੱਖ ਸਹਿ ਸਕਦੇ ਹਾਂ ਅਤੇ ਫਿਰ ਇਸ ਆਧਾਰ ਤੇ ਸਾਡੇ ʼਤੇ ਪਰੀਖਿਆਵਾਂ ਲਿਆਉਂਦਾ ਹੈ। ਆਓ ਆਪਾਂ ਚਾਰ ਕਾਰਨਾਂ ʼਤੇ ਗੌਰ ਕਰੀਏ ਕਿ ਇਹ ਗੱਲ ਸੱਚ ਕਿਉਂ ਹੈ।
ਪਹਿਲਾ, ਯਹੋਵਾਹ ਨੇ ਇਨਸਾਨਾਂ ਨੂੰ ਆਜ਼ਾਦ ਮਰਜ਼ੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਫ਼ੈਸਲੇ ਖ਼ੁਦ ਕਰੀਏ। (ਬਿਵ. 30:19, 20; ਯਹੋ. 24:15) ਜੇ ਅਸੀਂ ਸਹੀ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਕਦਮਾਂ ਨੂੰ ਸੇਧ ਦੇਵੇਗਾ। (ਕਹਾ. 16:9) ਪਰ ਜੇ ਅਸੀਂ ਗ਼ਲਤ ਫ਼ੈਸਲੇ ਕਰਾਂਗੇ, ਤਾਂ ਸਾਨੂੰ ਇਨ੍ਹਾਂ ਦੇ ਅੰਜਾਮ ਭੁਗਤਣੇ ਪੈਣਗੇ। (ਗਲਾ. 6:7) ਸੋ ਜੇ ਯਹੋਵਾਹ ਚੁਣਦਾ ਹੈ ਕਿ ਸਾਡੇ ʼਤੇ ਕਿਹੜੀਆਂ ਪਰੀਖਿਆਵਾਂ ਆਉਣਗੀਆਂ, ਤਾਂ ਕੀ ਸਾਡੇ ਕੋਲ ਵਾਕਈ ਆਜ਼ਾਦ ਮਰਜ਼ੀ ਹੈ?
ਦੂਜਾ, ਯਹੋਵਾਹ ਸਾਨੂੰ ‘ਬੁਰੇ ਸਮਿਆਂ’ ਤੋਂ ਨਹੀਂ ਬਚਾਉਂਦਾ। (ਉਪ. 9:11, CL.) ਕਿਸੇ ਵੀ ਵਿਅਕਤੀ ਨਾਲ ਕਦੇ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ। ਯਿਸੂ ਨੇ ਇਕ ਹਾਦਸੇ ਦਾ ਜ਼ਿਕਰ ਕੀਤਾ ਸੀ ਜਿਸ ਵਿਚ ਇਕ ਬੁਰਜ ਡਿੱਗਣ ਕਰਕੇ 18 ਜਣੇ ਮਾਰੇ ਗਏ ਸਨ। ਉਸ ਨੇ ਸਾਫ਼-ਸਾਫ਼ ਸਮਝਾਇਆ ਕਿ ਉਨ੍ਹਾਂ ਦੀ ਮੌਤ ਪਿੱਛੇ ਰੱਬ ਦਾ ਹੱਥ ਨਹੀਂ ਸੀ। (ਲੂਕਾ 13:1-5) ਸੋ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਕੋਈ ਹਾਦਸਾ ਹੋਣ ਤੋਂ ਪਹਿਲਾਂ ਹੀ ਪਰਮੇਸ਼ੁਰ ਇਹ ਫ਼ੈਸਲਾ ਕਰ ਲੈਂਦਾ ਹੈ ਕਿ ਇਸ ਵਿਚ ਕੌਣ ਬਚੇਗਾ ਤੇ ਕੌਣ ਨਹੀਂ।
ਤੀਜਾ, ਸਾਨੂੰ ਸਾਰਿਆਂ ਨੂੰ ਯਹੋਵਾਹ ਪ੍ਰਤੀ ਖਰਿਆਈ ਬਣਾਈ ਰੱਖਣ ਦੀ ਲੋੜ ਹੈ। ਸ਼ੈਤਾਨ ਨੇ ਕਿਹਾ ਸੀ ਕਿ ਯਹੋਵਾਹ ਦੇ ਸੇਵਕ ਉਸ ਦੀ ਸੇਵਾ ਇਸ ਲਈ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਸਭ ਕੁਝ ਦਿੰਦਾ ਹੈ। ਸ਼ੈਤਾਨ ਨੇ ਦਾਅਵਾ ਕੀਤਾ ਸੀ ਕਿ ਅਜ਼ਮਾਇਸ਼ਾਂ ਆਉਣ ʼਤੇ ਅਸੀਂ ਯਹੋਵਾਹ ਦੇ ਵਫ਼ਾਦਾਰ ਨਹੀਂ ਰਹਾਂਗੇ। (ਅੱਯੂ. 1:9-11; 2:4; ਪ੍ਰਕਾ. 12:10) ਜੇ ਯਹੋਵਾਹ ਸਾਡੇ ʼਤੇ ਕੁਝ ਅਜ਼ਮਾਇਸ਼ਾਂ ਆਉਣ ਤੋਂ ਰੋਕਦਾ ਹੈ, ਤਾਂ ਲੱਗ ਸਕਦਾ ਹੈ ਕਿ ਸ਼ੈਤਾਨ ਦਾ ਦਾਅਵਾ ਸਹੀ ਹੈ।
ਚੌਥਾ, ਯਹੋਵਾਹ ਪਹਿਲਾਂ ਤੋਂ ਹੀ ਉਹ ਸਭ ਕੁਝ ਨਹੀਂ ਜਾਣ ਲੈਂਦਾ ਜੋ ਭਵਿੱਖ ਵਿਚ ਸਾਡੇ ਨਾਲ ਹੋਣਾ ਹੈ। ਬੇਸ਼ੱਕ, ਯਹੋਵਾਹ ਭਵਿੱਖ ਵਿਚ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਬਾਰੇ ਜਾਣ ਸਕਦਾ ਹੈ। (ਯਸਾ. 46:10) ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਨਹੀਂ ਕਰਦਾ। (ਉਤ. 18:20, 21; 22:12) ਯਹੋਵਾਹ ਪਿਆਰ ਕਰਨ ਵਾਲਾ ਅਤੇ ਧਰਮੀ ਪਰਮੇਸ਼ੁਰ ਹੈ। ਇਸ ਕਰਕੇ ਉਹ ਸਾਡੀ ਆਜ਼ਾਦ ਮਰਜ਼ੀ ਵਿਚ ਦਖ਼ਲਅੰਦਾਜ਼ੀ ਨਹੀਂ ਕਰਦਾ।—ਬਿਵ. 32:4; 2 ਕੁਰਿੰ. 3:17.
ਫਿਰ ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਜਦ ਉਸ ਨੇ ਕਿਹਾ ਕਿ “ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ [ਯਹੋਵਾਹ] ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ”? ਇੱਥੇ ਪੌਲੁਸ ਦੱਸ ਰਿਹਾ ਸੀ ਕਿ ਯਹੋਵਾਹ ਅਜ਼ਮਾਇਸ਼ਾਂ ਦੌਰਾਨ ਕੀ ਕਰਦਾ ਹੈ, ਨਾ ਕੀ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਕੀ ਕਰਦਾ।a ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਉਹ ਕਿਸੇ ਵੀ ਅਜ਼ਮਾਇਸ਼ ਦੌਰਾਨ ਸਾਡੀ ਮਦਦ ਕਰੇਗਾ। (ਜ਼ਬੂ. 55:22) ਹੁਣ ਅਸੀਂ ਦੋ ਕਾਰਨਾਂ ʼਤੇ ਗੌਰ ਕਰਾਂਗੇ ਕਿ ਪੌਲੁਸ ਇਹ ਗੱਲ ਕਿਉਂ ਕਹਿ ਸਕਿਆ।
ਪਹਿਲਾ, ਅਸੀਂ ਜਿਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਉਹ “ਦੂਸਰੇ ਲੋਕਾਂ ਉੱਤੇ” ਵੀ ਆਉਂਦੀਆਂ ਹਨ। ਇਸ ਦੁਨੀਆਂ ਵਿਚ ਰਹਿੰਦਿਆਂ ਸਾਨੂੰ ਸਾਰਿਆਂ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਅਜ਼ਮਾਇਸ਼ਾਂ ਸਹਿਣ ਦੇ ਨਾਲ-ਨਾਲ ਅਸੀਂ ਉਸ ਦੇ ਵਫ਼ਾਦਾਰ ਵੀ ਰਹਿ ਸਕਾਂਗੇ। (1 ਪਤ. 5:8, 9) ਪੌਲੁਸ ਨੇ 1 ਕੁਰਿੰਥੀਆਂ ਦੇ 10ਵੇਂ ਅਧਿਆਇ ਦੀਆਂ ਪਹਿਲੀਆਂ ਕੁਝ ਆਇਤਾਂ ਵਿਚ ਇਜ਼ਰਾਈਲੀਆਂ ਦੀਆਂ ਕੁਝ ਪਰੀਖਿਆਵਾਂ ਬਾਰੇ ਦੱਸਿਆ ਜੋ ਉਨ੍ਹਾਂ ਨੇ ਉਜਾੜ ਵਿਚ ਸਹੀਆਂ ਸਨ। (1 ਕੁਰਿੰ. 10:6-11) ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਇਨ੍ਹਾਂ ਅਜ਼ਮਾਇਸ਼ਾਂ ਨੂੰ ਸਹਿ ਸਕੇ। ਪਰ ਕੁਝ ਇਜ਼ਰਾਈਲੀਆਂ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਉਹ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ ਕਿਉਂਕਿ ਉਨ੍ਹਾਂ ਨੇ ਉਸ ʼਤੇ ਭਰੋਸਾ ਨਹੀਂ ਰੱਖਿਆ।
ਦੂਜਾ, “ਪਰਮੇਸ਼ੁਰ ਵਫ਼ਾਦਾਰ ਹੈ।” ਇਸ ਦਾ ਕੀ ਮਤਲਬ ਹੈ? ਜਦੋਂ ਅਸੀਂ ਇਤਿਹਾਸ ʼਤੇ ਨਜ਼ਰ ਮਾਰ ਕੇ ਦੇਖਦੇ ਹਾਂ ਕਿ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਦੀ ਕਿਵੇਂ ਦੇਖ-ਭਾਲ ਕੀਤੀ ਹੈ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਵਫ਼ਾਦਾਰੀ ਨਾਲ ਉਨ੍ਹਾਂ ਦੀ ਮਦਦ ਕਰਦਾ ਹੈ “ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ।” (ਬਿਵ. 7:9) ਨਾਲੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ। (ਯਹੋ. 23:14) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ (1) ਯਹੋਵਾਹ ਕਿਸੇ ਵੀ ਅਜ਼ਮਾਇਸ਼ ਨੂੰ ਇੰਨੀ ਨਹੀਂ ਵਧਣ ਦੇਵੇਗਾ ਕਿ ਅਸੀਂ ਸਹਿ ਨਾ ਸਕੀਏ ਅਤੇ (2) ਉਹ ਸਾਡੇ ਲਈ “ਰਾਹ ਵੀ ਖੋਲ੍ਹ ਦੇਵੇਗਾ।”
ਯਹੋਵਾਹ ਉਨ੍ਹਾਂ ਲਈ ‘ਰਾਹ ਕਿਵੇਂ ਖੋਲ੍ਹੇਗਾ’ ਜੋ ਉਸ ʼਤੇ ਭਰੋਸਾ ਰੱਖਦੇ ਹਨ? ਬੇਸ਼ੱਕ, ਉਹ ਸਾਡੀ ਅਜ਼ਮਾਇਸ਼ ਨੂੰ ਹਟਾ ਸਕਦਾ ਹੈ। ਪਰ ਪੌਲੁਸ ਦੇ ਸ਼ਬਦ ਯਾਦ ਕਰੋ ਕਿ ਯਹੋਵਾਹ “ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।” ਸੋ ਯਹੋਵਾਹ ਸਾਨੂੰ ਤਾਕਤ ਦੇ ਕੇ ਅਕਸਰ ਸਾਡੇ ਲਈ ਰਾਹ ਖੋਲ੍ਹਦਾ ਹੈ ਤਾਂਕਿ ਅਸੀਂ ਵਫ਼ਾਦਾਰ ਰਹਿ ਸਕੀਏ। ਆਓ ਆਪਾਂ ਗੌਰ ਕਰੀਏ ਕਿ ਉਹ ਕਿਨ੍ਹਾਂ ਕੁਝ ਤਰੀਕਿਆਂ ਨਾਲ ਸਾਡੇ ਲਈ ਰਾਹ ਖੋਲ੍ਹਦਾ ਹੈ।
ਯਹੋਵਾਹ “ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰ. 1:3, 4) ਉਹ ਬਾਈਬਲ, ਪਵਿੱਤਰ ਸ਼ਕਤੀ ਅਤੇ ਵਫ਼ਾਦਾਰ ਨੌਕਰ ਰਾਹੀਂ ਸਾਡੇ ਮਨ, ਦਿਲ ਅਤੇ ਜਜ਼ਬਾਤਾਂ ਨੂੰ ਸ਼ਾਂਤ ਕਰ ਸਕਦਾ ਹੈ।—ਮੱਤੀ 24:45; ਯੂਹੰ. 14:16; ਰੋਮੀ. 15:4.
ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਸੇਧ ਦੇ ਸਕਦਾ ਹੈ। (ਯੂਹੰ. 14:26) ਪਵਿੱਤਰ ਸ਼ਕਤੀ ਬਾਈਬਲ ਦੀਆਂ ਗੱਲਾਂ ਅਤੇ ਅਸੂਲ ਯਾਦ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ ਤਾਂਕਿ ਅਸੀਂ ਵਧੀਆ ਫ਼ੈਸਲੇ ਕਰ ਸਕੀਏ।
ਯਹੋਵਾਹ ਆਪਣੇ ਦੂਤਾਂ ਰਾਹੀਂ ਸਾਡੀ ਮਦਦ ਕਰ ਸਕਦਾ ਹੈ।—ਇਬ. 1:14.
ਯਹੋਵਾਹ ਸਾਡੇ ਭੈਣਾਂ-ਭਰਾਵਾਂ ਰਾਹੀਂ ਵੀ ਸਾਡੀ ਮਦਦ ਕਰ ਸਕਦਾ ਹੈ। ਉਹ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਸਾਨੂੰ ਮਜ਼ਬੂਤ ਕਰ ਸਕਦੇ ਹਨ।—ਕੁਲੁ. 4:11.
ਸੋ ਅਸੀਂ 1 ਕੁਰਿੰਥੀਆਂ 10:13 ਵਿਚ ਦਿੱਤੇ ਪੌਲੁਸ ਦੇ ਸ਼ਬਦਾਂ ਤੋਂ ਕੀ ਸਿੱਖਦੇ ਹਾਂ? ਯਹੋਵਾਹ ਇਹ ਫ਼ੈਸਲਾ ਨਹੀਂ ਕਰਦਾ ਕਿ ਸਾਡੇ ʼਤੇ ਕਿਹੜੀਆਂ ਅਜ਼ਮਾਇਸ਼ਾਂ ਆਉਣਗੀਆਂ। ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਅਸੀਂ ਹਰ ਅਜ਼ਮਾਇਸ਼ ਦਾ ਸਾਮ੍ਹਣਾ ਕਰ ਸਕਾਂਗੇ। ਅਸੀਂ ਜਾਣਦੇ ਹਾਂ ਕਿ ਯਹੋਵਾਹ ਹਮੇਸ਼ਾ ਸਾਡੇ ਲਈ ਰਾਹ ਖੋਲ੍ਹੇਗਾ ਤਾਂਕਿ ਅਸੀਂ ਉਸ ਦੇ ਵਫ਼ਾਦਾਰ ਰਹਿ ਸਕੀਏ।
a ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਪਰੀਖਿਆ” ਕੀਤਾ ਗਿਆ ਹੈ, ਉਸ ਦਾ ਮਤਲਬ “ਅਜ਼ਮਾਇਸ਼” ਵੀ ਹੋ ਸਕਦਾ ਹੈ।