ਕੀ ਤੁਸੀਂ ਧੀਰਜ ਨਾਲ ਉਡੀਕ ਕਰਦੇ ਹੋ?
“ਤੁਸੀਂ ਵੀ ਧੀਰਜ ਰੱਖੋ।”—ਯਾਕੂ. 5:8.
1, 2. (ੳ) ਸ਼ਾਇਦ ਕਿਹੜੇ ਕਾਰਨ ਕਰਕੇ ਅਸੀਂ ਇਹ ਸਵਾਲ ਪੁੱਛੀਏ ‘ਹੇ ਯਹੋਵਾਹ ਹੋਰ ਕਿੰਨਾ ਚਿਰ?’ (ਅ) ਪੁਰਾਣੇ ਸਮੇਂ ਦੇ ਸੇਵਕਾਂ ਦੀਆਂ ਮਿਸਾਲਾਂ ਤੋਂ ਸਾਨੂੰ ਹੌਸਲਾ ਕਿਉਂ ਮਿਲਦਾ ਹੈ?
ਨਬੀ ਯਸਾਯਾਹ ਅਤੇ ਹਬੱਕੂਕ ਨੇ ਅੱਕ ਕੇ ਪੁੱਛਿਆ ‘ਹੇ ਯਹੋਵਾਹ, ਕਦੋਂ ਤੀਕ?’ (ਯਸਾ. 6:11; ਹਬ. 1:2) ਰਾਜਾ ਦਾਊਦ ਨੇ ਜ਼ਬੂਰ 13 ਲਿਖਦਿਆਂ ਚਾਰ ਵਾਰੀ ਯਹੋਵਾਹ ਤੋਂ ਪੁੱਛਿਆ: “ਕਦ ਤੀਕ?” (ਜ਼ਬੂ. 13: 1, 2) ਜਦੋਂ ਯਿਸੂ ਅਵਿਸ਼ਵਾਸੀ ਲੋਕਾਂ ਨਾਲ ਘਿਰਿਆ ਹੋਇਆ ਸੀ, ਤਾਂ ਉਸ ਨੇ ਵੀ ਪੁੱਛਿਆ: “ਹੋਰ ਕਿੰਨਾ ਚਿਰ?” (ਮੱਤੀ 17:17) ਸ਼ਾਇਦ ਅਸੀਂ ਵੀ ਕਈ ਵਾਰ ਇਹੀ ਸਵਾਲ ਪੁੱਛਿਆ ਹੋਵੇ।
2 ਸ਼ਾਇਦ ਕਿਹੜੇ ਕਾਰਨ ਕਰਕੇ ਅਸੀਂ ਇਹ ਸਵਾਲ ਪੁੱਛੀਏ ‘ਹੇ ਯਹੋਵਾਹ ਹੋਰ ਕਿੰਨਾ ਚਿਰ?’ ਹੋ ਸਕਦਾ ਹੈ ਕਿ ਸਾਡੇ ਨਾਲ ਅਨਿਆਂ ਹੋ ਰਿਹਾ ਹੈ। ਸ਼ਾਇਦ ਬੀਮਾਰੀ ਕਰਕੇ ਸਾਡਾ ਸਰੀਰ ਜਵਾਬ ਦੇ ਰਿਹਾ ਹੈ ਜਾਂ ਅਸੀਂ ਬੁਢਾਪੇ ਦੀ ਮਾਰ ਝੱਲ ਰਹੇ ਹਾਂ। “ਮੁਸੀਬਤਾਂ ਨਾਲ ਭਰੇ” ਦਿਨਾਂ ਕਰਕੇ ਸ਼ਾਇਦ ਅਸੀਂ ਪਰੇਸ਼ਾਨੀਆਂ ਵਿਚ ਡੁੱਬੇ ਹੋਏ ਹਾਂ। (2 ਤਿਮੋ. 3:1) ਜਾਂ ਆਲੇ-ਦੁਆਲੇ ਦੇ ਲੋਕਾਂ ਦੇ ਬੁਰੇ ਰਵੱਈਏ ਕਰਕੇ ਅਸੀਂ ਅੱਕ ਚੁੱਕੇ ਹਾਂ। ਕਾਰਨ ਜੋ ਮਰਜ਼ੀ ਹੋਵੇ, ਪਰ ਇਕ ਗੱਲ ਜਾਣ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਜਦੋਂ ਯਹੋਵਾਹ ਦੇ ਪੁਰਾਣੇ ਵਫ਼ਾਦਾਰ ਸੇਵਕਾਂ ਨੇ ਇਹੋ ਜਿਹੇ ਸਵਾਲ ਪੁੱਛੇ, ਤਾਂ ਉਹ ਉਨ੍ਹਾਂ ਨਾਲ ਗੁੱਸੇ ਨਹੀਂ ਸੀ ਹੋਇਆ।
3. ਔਖੀਆਂ ਘੜੀਆਂ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
3 ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਯਿਸੂ ਦੇ ਮਤਰੇਏ ਭਰਾ ਯਾਕੂਬ ਨੇ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਿਖਿਆ: “ਇਸ ਲਈ, ਭਰਾਵੋ, ਮਸੀਹ ਦੀ ਮੌਜੂਦਗੀ ਦੇ ਸ਼ੁਰੂ ਹੋਣ ਤਕ ਧੀਰਜ ਰੱਖੋ!” (ਯਾਕੂ. 5:7) ਸਾਨੂੰ ਸਾਰਿਆਂ ਨੂੰ ਧੀਰਜ ਰੱਖਣ ਦੀ ਲੋੜ ਹੈ। ਪਰ ਧੀਰਜ ਰੱਖਣ ਦਾ ਕੀ ਮਤਲਬ ਹੈ ਅਤੇ ਇਹ ਸ਼ਾਨਦਾਰ ਗੁਣ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ?
ਧੀਰਜ ਰੱਖਣ ਦਾ ਕੀ ਮਤਲਬ ਹੈ?
4, 5. (ੳ) ਧੀਰਜ ਰੱਖਣ ਦਾ ਮਤਲਬ ਕੀ ਹੈ ਅਤੇ ਅਸੀਂ ਧੀਰਜ ਕਿਵੇਂ ਰੱਖ ਸਕਦੇ ਹਾਂ? (ਅ) ਯਾਕੂਬ ਨੇ ਧੀਰਜ ਰੱਖਣ ਬਾਰੇ ਕੀ ਸਮਝਾਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
4 ਬਾਈਬਲ ਕਹਿੰਦੀ ਹੈ ਕਿ ਧੀਰਜ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। ਪਾਪੀ ਹੋਣ ਕਰਕੇ ਮੁਸ਼ਕਲ ਹਾਲਾਤਾਂ ਵਿਚ ਸਾਡੇ ਲਈ ਧੀਰਜ ਰੱਖਣਾ ਔਖਾ ਹੋ ਸਕਦਾ ਹੈ। ਇਸ ਲਈ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਧੀਰਜ ਦਾ ਗੁਣ ਪਰਮੇਸ਼ੁਰ ਵੱਲੋਂ ਤੋਹਫ਼ਾ ਹੈ। ਧੀਰਜ ਰੱਖ ਕੇ ਅਸੀਂ ਪਰਮੇਸ਼ੁਰ ਅਤੇ ਦੂਜਿਆਂ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। ਪਰ ਜਦੋਂ ਅਸੀਂ ਧੀਰਜ ਨਹੀਂ ਰੱਖਦੇ, ਤਾਂ ਸਾਡੇ ਰਿਸ਼ਤਿਆਂ ਵਿਚ ਦਰਾੜ ਆ ਸਕਦੀ ਹੈ। (1 ਕੁਰਿੰ. 13:4; ਗਲਾ. 5:22) ਪਰ ਧੀਰਜ ਰੱਖਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਬੁਰੇ ਹਾਲਾਤਾਂ ਵਿਚ ਵੀ ਸਹੀ ਨਜ਼ਰੀਆ ਰੱਖਣਾ। (ਕੁਲੁ. 1:11; ਯਾਕੂ. 1:3, 4) ਅਲੱਗ-ਅਲੱਗ ਮੁਸ਼ਕਲਾਂ ਵਿਚ ਵੀ ਧੀਰਜ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ। ਨਾਲੇ ਜਦੋਂ ਸਾਨੂੰ ਸਤਾਇਆ ਜਾਂਦਾ ਹੈ, ਤਾਂ ਧੀਰਜ ਸਾਨੂੰ ਬਦਲਾ ਲੈਣ ਤੋਂ ਰੋਕਦਾ ਹੈ। ਬਾਈਬਲ ਸਾਨੂੰ ਕਹਿੰਦੀ ਹੈ ਕਿ ਸਾਨੂੰ ਉਡੀਕ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਅਸੀਂ ਇਹ ਅਹਿਮ ਸਬਕ ਯਾਕੂਬ 5:7, 8 (ਪੜ੍ਹੋ) ਤੋਂ ਸਿੱਖਦੇ ਹਾਂ।
5 ਸਾਨੂੰ ਯਹੋਵਾਹ ਦੀ ਉਡੀਕ ਕਿਉਂ ਕਰਦੇ ਰਹਿਣਾ ਚਾਹੀਦਾ ਹੈ? ਯਾਕੂਬ ਨੇ ਸਾਡੇ ਹਾਲਤਾਂ ਦੀ ਤੁਲਨਾ ਇਕ ਕਿਸਾਨ ਨਾਲ ਕੀਤੀ। ਬੀ ਬੀਜਣ ਲਈ ਕਿਸਾਨ ਬਹੁਤ ਮਿਹਨਤ ਕਰਦਾ ਹੈ। ਪਰ ਉਹ ਨਾ ਤਾਂ ਫ਼ਸਲ ਨੂੰ ਛੇਤੀ ਵਧਾ ਸਕਦਾ ਹੈ ਤੇ ਨਾ ਹੀ ਮੌਸਮ ਉੱਤੇ ਉਸ ਦਾ ਕੋਈ ਵੱਸ ਚੱਲਦਾ ਹੈ। ਉਹ ਜਿੰਨਾ ਮਰਜ਼ੀ ਚਾਹੇ, ਪਰ ਸਮੇਂ ਨੇ ਛੇਤੀ ਨਹੀਂ ਬੀਤਣਾ। ਨਾਲੇ ਉਹ ਵਾਢੀ ਦਾ ਸਮਾਂ ਵੀ ਛੇਤੀ ਨਹੀਂ ਲਿਆ ਸਕਦਾ। ਕਿਸਾਨ ਨੂੰ “ਜ਼ਮੀਨ ਦੀ ਕੀਮਤੀ ਪੈਦਾਵਾਰ ਵਾਸਤੇ ਧੀਰਜ” ਨਾਲ ਉਡੀਕ ਕਰਨੀ ਪੈਂਦੀ ਹੈ। ਇਸੇ ਤਰ੍ਹਾਂ, ਅਸੀਂ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਾ ਹੋਣ ਦੀ ਉਡੀਕ ਕਰ ਰਹੇ ਹਾਂ। ਪਰ ਸਾਡੀ ਜ਼ਿੰਦਗੀ ਵਿਚ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਉੱਤੇ ਸਾਡਾ ਕੋਈ ਵੱਸ ਨਹੀਂ ਚੱਲਦਾ। (ਮਰ. 13:32, 33; ਰਸੂ. 1:7) ਉਸ ਕਿਸਾਨ ਵਾਂਗ ਸਾਨੂੰ ਵੀ ਧੀਰਜ ਨਾਲ ਉਡੀਕ ਕਰਨ ਦੀ ਲੋੜ ਹੈ।
6. ਮੀਕਾਹ ਨਬੀ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?
6 ਮੀਕਾਹ ਨਬੀ ਨੇ ਸਾਡੇ ਵਾਂਗ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਉਸ ਸਮੇਂ ਦੁਸ਼ਟ ਰਾਜਾ ਆਹਾਜ਼ ਰਾਜ ਕਰ ਰਿਹਾ ਸੀ। ਬਾਈਬਲ ਦੱਸਦੀ ਹੈ ਉਸ ਸਮੇਂ ਹਾਲਾਤ ਇੰਨੇ ਭੈੜੇ ਸਨ ਕਿ ਲੋਕਾਂ ਦੇ “ਹੱਥ ਬਦੀ ਕਰਨ” ਲਈ ਹੀ ਉੱਠਦੇ ਸਨ। (ਮੀਕਾਹ 7:1-3 ਪੜ੍ਹੋ।) ਮੀਕਾਹ ਜਾਣਦਾ ਸੀ ਕਿ ਉਹ ਹਾਲਾਤ ਬਦਲ ਨਹੀਂ ਸੀ ਸਕਦਾ। ਫਿਰ ਉਹ ਕੀ ਕਰ ਸਕਦਾ ਸੀ? ਉਸ ਨੇ ਦੱਸਿਆ: “ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।” (ਮੀਕਾ. 7:7) ਮੀਕਾਹ ਵਾਂਗ ਸਾਨੂੰ ਵੀ “ਉਡੀਕ” ਕਰਨ ਦੀ ਲੋੜ ਹੈ।
7. ਸਾਨੂੰ ਯਹੋਵਾਹ ਦੀ ਉਡੀਕ ਕਿਵੇਂ ਕਰਨੀ ਚਾਹੀਦੀ ਹੈ?
7 ਜੇ ਅਸੀਂ ਮੀਕਾਹ ਵਾਂਗ ਨਿਹਚਾ ਰੱਖਾਂਗੇ, ਤਾਂ ਅਸੀਂ ਯਹੋਵਾਹ ਦੀ ਉਡੀਕ ਕਰਦਿਆਂ ਅੱਕ ਨਹੀਂ ਜਾਵਾਂਗੇ। ਇਸ ਦੀ ਬਜਾਇ, ਅਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਉਡੀਕ ਕਰਾਂਗੇ। ਸਾਡੇ ਹਾਲਾਤ ਕੈਦੀਆਂ ਵਰਗੇ ਨਹੀਂ ਹਨ ਜੋ ਜੇਲ੍ਹ ਵਿਚ ਬੈਠੇ ਆਪਣੀ ਮੌਤ ਦੀ ਸਜ਼ਾ ਦੀ ਉਡੀਕ ਕਰਦੇ ਹਨ। ਉਨ੍ਹਾਂ ਨੂੰ ਇਹ ਦਿਨ ਮਜਬੂਰੀ ਨਾਲ ਕੱਟਣੇ ਪੈਂਦੇ ਹਨ ਕਿਉਂਕਿ ਉਨ੍ਹਾਂ ਕੋਲ ਭਵਿੱਖ ਲਈ ਕੋਈ ਆਸ ਨਹੀਂ ਹੁੰਦੀ। ਪਰ ਸਾਡੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਹਨ, ਸਗੋਂ ਅਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਉਡੀਕ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਸਹੀ ਸਮੇਂ ʼਤੇ ਪੂਰਾ ਕਰੇਗਾ। ਇਸ ਲਈ ਅਸੀਂ “ਧੀਰਜ ਅਤੇ ਖ਼ੁਸ਼ੀ ਨਾਲ ਸਾਰੀਆਂ ਗੱਲਾਂ” ਸਹਿੰਦੇ ਹਾਂ। (ਕੁਲੁ. 1:11, 12) ਉਡੀਕ ਕਰਦਿਆਂ ਅਸੀਂ ਇਹ ਸ਼ਿਕਾਇਤ ਨਹੀਂ ਕਰਦੇ ਕਿ ਯਹੋਵਾਹ ਕਦਮ ਚੁੱਕਣ ਵਿਚ ਦੇਰ ਲਾ ਰਿਹਾ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਯਹੋਵਾਹ ਖ਼ੁਸ਼ ਨਹੀਂ ਹੋਵੇਗਾ।—ਕੁਲੁ. 3:12.
ਧੀਰਜ ਦੀਆਂ ਮਿਸਾਲਾਂ
8. ਪੁਰਾਣੇ ਸਮੇਂ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
8 ਖ਼ੁਸ਼ੀ ਨਾਲ ਉਡੀਕ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ? ਪੁਰਾਣੇ ਸਮੇਂ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀਆਂ ਮਿਸਾਲਾਂ ʼਤੇ ਗੌਰ ਕਰੋ ਜਿਨ੍ਹਾਂ ਨੇ ਯਹੋਵਾਹ ਦੇ ਵਾਅਦੇ ਪੂਰੇ ਹੁੰਦੇ ਦੇਖਣ ਲਈ ਧੀਰਜ ਨਾਲ ਉਡੀਕ ਕੀਤੀ। (ਰੋਮੀ. 15:4) ਉਨ੍ਹਾਂ ਦੀ ਮਿਸਾਲਾਂ ʼਤੇ ਗੌਰ ਕਰਦਿਆਂ ਸੋਚੋ ਕਿ ਉਨ੍ਹਾਂ ਨੇ ਕਿੰਨੀ ਦੇਰ ਉਡੀਕ ਕੀਤੀ, ਉਨ੍ਹਾਂ ਨੇ ਖ਼ੁਸ਼ੀ ਨਾਲ ਉਡੀਕ ਕਿਉਂ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਧੀਰਜ ਰੱਖਣ ਦਾ ਕੀ ਫਲ ਦਿੱਤਾ।
9, 10. ਅਬਰਾਹਾਮ ਅਤੇ ਸਾਰਾਹ ਨੇ ਯਹੋਵਾਹ ਦੇ ਵਾਅਦੇ ਪੂਰੇ ਹੁੰਦੇ ਦੇਖਣ ਲਈ ਕਿੰਨੀ ਦੇਰ ਉਡੀਕ ਕੀਤੀ?
9 ਅਬਰਾਹਾਮ ਅਤੇ ਸਾਰਾਹ ਦੀ ਮਿਸਾਲ ʼਤੇ ਗੌਰ ਕਰੋ। ਉਨ੍ਹਾਂ ਨੇ “ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ” ਕੀਤੀਆਂ। ਬਾਈਬਲ ਦੱਸਦੀ ਹੈ ਕਿ “ਅਬਰਾਹਾਮ ਦੇ ਧੀਰਜ ਰੱਖਣ ਤੋਂ ਬਾਅਦ” ਯਹੋਵਾਹ ਨੇ ਉਸ ਨੂੰ ਬਰਕਤਾਂ ਦੇਣ ਅਤੇ ਇਕ ਵੱਡੀ ਕੌਮ ਦਾ ਪਿਤਾ ਬਣਾਉਣ ਦਾ ਵਾਅਦਾ ਕੀਤਾ। (ਇਬ. 6:12, 15) ਅਬਰਾਹਾਮ ਨੂੰ ਧੀਰਜ ਰੱਖਣ ਦੀ ਕਿਉਂ ਲੋੜ ਸੀ? ਕਿਉਂਕਿ ਵਾਅਦੇ ਨੂੰ ਪੂਰਾ ਹੋਣ ਲਈ ਕਾਫ਼ੀ ਸਮਾਂ ਲੱਗਣਾ ਸੀ। 14 ਨੀਸਾਨ 1943 ਈਸਵੀ ਪੂਰਵ ਤੋਂ ਇਹ ਵਾਅਦਾ ਪੂਰਾ ਹੋਣਾ ਸ਼ੁਰੂ ਹੋ ਗਿਆ। ਇਸ ਦਿਨ ਅਬਰਾਹਾਮ ਅਤੇ ਸਾਰਾਹ ਨੇ ਆਪਣੇ ਪਰਿਵਾਰ ਸਮੇਤ ਫ਼ਰਾਤ ਦਰਿਆ ਪਾਰ ਕਰ ਕੇ ਵਾਅਦਾ ਕੀਤੇ ਦੇਸ਼ ਵਿਚ ਕਦਮ ਰੱਖਿਆ। ਪਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਦੇ ਜਨਮ ਲਈ 25 ਸਾਲ ਉਡੀਕ ਕੀਤੀ ਜੋ 1918 ਈਸਵੀ ਪੂਰਵ ਵਿਚ ਪੈਦਾ ਹੋਇਆ ਸੀ। ਨਾਲੇ ਅਬਰਾਹਾਮ ਨੇ ਆਪਣੇ ਪੋਤਿਆਂ ਏਸਾਓ ਅਤੇ ਯਾਕੂਬ ਦੇ ਜਨਮ ਲਈ 60 ਸਾਲ ਉਡੀਕ ਕੀਤੀ ਜੋ 1858 ਈਸਵੀ ਪੂਰਵ ਵਿਚ ਪੈਦਾ ਹੋਏ ਸਨ।—ਇਬ. 11:9.
10 ਅਬਰਾਹਾਮ ਨੂੰ ਵਾਅਦਾ ਕੀਤੇ ਦੇਸ਼ ਦਾ ਕਿੰਨਾ ਕੁ ਹਿੱਸਾ ਮਿਲਿਆ? ਬਾਈਬਲ ਦੱਸਦੀ ਹੈ ਕਿ ਯਹੋਵਾਹ ਨੇ “ਉਸ ਨੂੰ ਵਿਰਾਸਤ ਦੇ ਤੌਰ ਤੇ ਇਸ ਦੇਸ਼ ਵਿਚ ਕੋਈ ਜ਼ਮੀਨ ਨਾ ਦਿੱਤੀ, ਇੱਥੋਂ ਤਕ ਕਿ ਪੈਰ ਰੱਖਣ ਜੋਗੀ ਵੀ ਥਾਂ ਨਾ ਦਿੱਤੀ; ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਇਹ ਦੇਸ਼ ਉਸ ਨੂੰ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ ਨੂੰ ਦਿੱਤਾ ਜਾਵੇਗਾ, ਭਾਵੇਂ ਕਿ ਉਸ ਵੇਲੇ ਉਸ ਦੇ ਕੋਈ ਔਲਾਦ ਨਹੀਂ ਸੀ।” (ਰਸੂ. 7:5) ਅਬਰਾਹਾਮ ਦੇ ਫ਼ਰਾਤ ਦਰਿਆ ਨੂੰ ਪਾਰ ਕਰਨ ਤੋਂ 430 ਸਾਲ ਬਾਅਦ ਉਸ ਦੀ ਸੰਤਾਨ ਉਹ ਕੌਮ ਬਣੀ ਜਿਸ ਨੇ ਵਾਅਦਾ ਕੀਤੇ ਦੇਸ਼ ਵਿਚ ਵੱਸਣਾ ਸੀ।—ਕੂਚ 12:40-42; ਗਲਾ. 3:17.
11. ਅਬਰਾਹਾਮ ਯਹੋਵਾਹ ਦੀ ਉਡੀਕ ਕਰਨ ਲਈ ਕਿਉਂ ਤਿਆਰ ਸੀ? ਉਸ ਨੂੰ ਧੀਰਜ ਰੱਖਣ ਦਾ ਕੀ ਇਨਾਮ ਮਿਲੇਗਾ?
11 ਅਬਰਾਹਾਮ ਉਡੀਕ ਕਰਨ ਲਈ ਤਿਆਰ ਸੀ ਕਿਉਂਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। ਉਸ ਨੂੰ ਯਹੋਵਾਹ ʼਤੇ ਨਿਹਚਾ ਸੀ। (ਇਬਰਾਨੀਆਂ 11:8-12 ਪੜ੍ਹੋ।) ਅਬਰਾਹਾਮ ਨੇ ਖ਼ੁਸ਼ੀ-ਖ਼ੁਸ਼ੀ ਉਡੀਕ ਕੀਤੀ ਭਾਵੇਂ ਉਸ ਨੇ ਜੀਉਂਦੇ-ਜੀ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੁੰਦੇ ਨਹੀਂ ਦੇਖੇ। ਅਬਰਾਹਾਮ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਓ ਜਦੋਂ ਉਹ ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦਾ ਹੋਵੇਗਾ। ਉਸ ਨੂੰ ਕਿੰਨੀ ਹੈਰਾਨੀ ਹੋਵੇਗੀ ਜਦੋਂ ਉਹ ਬਾਈਬਲ ਦੇ ਕਈ ਹਿੱਸਿਆਂ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਾਰੇ ਪੜ੍ਹੇਗਾ।a ਜ਼ਰਾ ਸੋਚੋ, ਉਸ ਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਉਸ ਨੂੰ ਪਹਿਲੀ ਵਾਰ ਪਤਾ ਲੱਗੇਗਾ ਕਿ ਮਸੀਹ ਸੰਬੰਧੀ ਯਹੋਵਾਹ ਦਾ ਮਕਸਦ ਪੂਰਾ ਕਰਨ ਵਿਚ ਉਸ ਦੀ ਅਹਿਮ ਭੂਮਿਕਾ ਸੀ। ਉਸ ਨੂੰ ਕਿੰਨਾ ਚੰਗਾ ਲੱਗੇਗਾ ਕਿ ਉਸ ਨੇ ਯਹੋਵਾਹ ਦੀ ਉਡੀਕ ਕਰਨੀ ਨਹੀਂ ਛੱਡੀ!
12, 13. ਯੂਸੁਫ਼ ਨੂੰ ਧੀਰਜ ਰੱਖਣ ਦੀ ਕਿਉਂ ਲੋੜ ਸੀ? ਕਿੱਦਾਂ ਪਤਾ ਲੱਗਦਾ ਹੈ ਕਿ ਉਸ ਨੇ ਸਹੀ ਨਜ਼ਰੀਆ ਰੱਖਿਆ?
12 ਅਬਰਾਹਾਮ ਦੇ ਪੜਪੋਤੇ ਯੂਸੁਫ਼ ਨੇ ਵੀ ਉਡੀਕ ਕੀਤੀ ਸੀ। ਉਸ ਨਾਲ ਬਹੁਤ ਵਾਰ ਬੇਇਨਸਾਫ਼ੀ ਹੋਈ। 17 ਸਾਲ ਦੀ ਉਮਰ ਵਿਚ ਉਸ ਦੇ ਭਰਾਵਾਂ ਨੇ ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਫਿਰ ਉਸ ʼਤੇ ਝੂਠਾ ਦੋਸ਼ ਲਾਇਆ ਗਿਆ ਕਿ ਉਸ ਨੇ ਆਪਣੇ ਮਾਲਕ ਦੀ ਪਤਨੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਰਕੇ ਉਸ ਨੂੰ ਕੈਦ ਵਿਚ ਸੁੱਟਿਆ ਗਿਆ। (ਉਤ. 39:11-20; ਜ਼ਬੂ. 105:17, 18) ਭਾਵੇਂ ਯੂਸੁਫ਼ ਪਰਮੇਸ਼ੁਰ ਦਾ ਵਫ਼ਾਦਾਰ ਭਗਤ ਸੀ, ਫਿਰ ਵੀ ਇੱਦਾਂ ਲੱਗ ਸਕਦਾ ਹੈ ਕਿ ਬਰਕਤਾਂ ਦੀ ਬਜਾਇ ਉਸ ਨੂੰ ਸਿਰਫ਼ ਦੁੱਖ ਹੀ ਮਿਲੇ। ਪਰ 13 ਸਾਲ ਬਾਅਦ ਸਭ ਕੁਝ ਬਦਲ ਗਿਆ। ਯੂਸੁਫ਼ ਕੈਦ ਵਿੱਚੋਂ ਰਿਹਾ ਹੋ ਗਿਆ ਅਤੇ ਮਿਸਰ ਦੇਸ਼ ਵਿਚ ਦੂਜੇ ਦਰਜੇ ਦਾ ਸ਼ਕਤੀਸ਼ਾਲੀ ਹਾਕਮ ਬਣ ਗਿਆ।—ਉਤ. 41:14, 37-43; ਰਸੂ. 7:9, 10.
13 ਕੀ ਵਾਰ-ਵਾਰ ਬੇਇਨਸਾਫ਼ੀ ਹੋਣ ਕਰਕੇ ਉਸ ਦਾ ਦਿਲ ਕੁੜੱਤਣ ਨਾਲ ਭਰ ਗਿਆ ਸੀ? ਕੀ ਉਸ ਨੂੰ ਇੱਦਾਂ ਲੱਗਾ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਸੀ? ਨਹੀਂ। ਯੂਸੁਫ਼ ਨੇ ਧੀਰਜ ਨਾਲ ਉਡੀਕ ਕੀਤੀ। ਕਿਸ ਗੱਲ ਨੇ ਉਸ ਦੀ ਮਦਦ ਕੀਤੀ? ਯਹੋਵਾਹ ਉੱਤੇ ਨਿਹਚਾ ਰੱਖਣ ਕਰ ਕੇ ਉਸ ਦੀ ਮਦਦ ਹੋਈ। ਉਹ ਜਾਣਦਾ ਸੀ ਕਿ ਯਹੋਵਾਹ ਸਾਰਾ ਕੁਝ ਦੇਖ ਰਿਹਾ ਸੀ। ਅਸੀਂ ਇਹ ਗੱਲ ਉਸ ਦੇ ਭਰਾਵਾਂ ਨਾਲ ਹੋਈ ਗੱਲਬਾਤ ਤੋਂ ਦੇਖ ਸਕਦੇ ਹਾਂ: “ਡਰੋ ਨਹੀਂ, ਮੈਂ ਪਰਮੇਸ਼ੁਰ ਨਹੀਂ ਹਾਂ। ਬੇਸ਼ੱਕ ਤੁਸੀਂ ਮੇਰੇ ਨਾਲ ਬੁਰਾ ਕਰਨਾ ਚਾਹਿਆ, ਪਰ ਪਰਮੇਸ਼ੁਰ ਉਹੋ ਹੀ ਕਈ ਲੋਕਾਂ ਦੀ ਭਲਾਈ ਵਿਚ ਬਦਲ ਦਿੱਤਾ। ਤੁਹਾਡੇ ਕੀਤੇ ਦੇ ਕਾਰਨ ਹੀ ਅੱਜ ਬਹੁਤ ਸਾਰੀਆਂ ਜਾਨਾਂ ਜੀਉਂਦੀਆਂ ਹਨ।” (ਉਤ. 50:19, 20, CL) ਯੂਸੁਫ਼ ਜਾਣਦਾ ਸੀ ਕਿ ਯਹੋਵਾਹ ਦੀ ਉਡੀਕ ਕਰਨੀ ਬੇਕਾਰ ਨਹੀਂ ਸੀ।
14, 15. (ੳ) ਦਾਊਦ ਦੇ ਧੀਰਜ ਬਾਰੇ ਪੜ੍ਹ ਕੇ ਅਸੀਂ ਹੈਰਾਨ ਕਿਉਂ ਹੁੰਦੇ ਹਾਂ? (ਅ) ਕਿਹੜੀ ਗੱਲ ਨੇ ਦਾਊਦ ਦੀ ਉਡੀਕ ਕਰਨ ਵਿਚ ਮਦਦ ਕੀਤੀ?
14 ਰਾਜਾ ਦਾਊਦ ਨਾਲ ਵੀ ਕਈ ਵਾਰ ਅਨਿਆਂ ਹੋਇਆ। ਯਹੋਵਾਹ ਨੇ ਉਸ ਨੂੰ ਛੋਟੀ ਉਮਰ ਵਿਚ ਹੀ ਇਜ਼ਰਾਈਲ ਕੌਮ ਉੱਤੇ ਰਾਜ ਕਰਨ ਲਈ ਚੁਣਿਆ ਸੀ। ਪਰ ਆਪਣੇ ਹੀ ਗੋਤ ਉੱਤੇ ਰਾਜ ਕਰਨ ਲਈ ਉਸ ਨੂੰ 15 ਸਾਲ ਉਡੀਕ ਕਰਨੀ ਪਈ। (2 ਸਮੂ. 2:3, 4) ਇਸ ਸਮੇਂ ਦੌਰਾਨ ਉਸ ਨੂੰ ਕੁਝ ਸਾਲਾਂ ਲਈ ਭੱਜਣਾ ਪਿਆ ਕਿਉਂਕਿ ਰਾਜਾ ਸ਼ਾਊਲ ਉਸ ਦੇ ਖ਼ੂਨ ਦਾ ਪਿਆਸਾ ਸੀ।b ਇਸ ਕਰਕੇ ਦਾਊਦ ਨੂੰ ਭਗੌੜੇ ਦੀ ਜ਼ਿੰਦਗੀ ਜੀਉਣੀ ਪਈ। ਉਸ ਨੂੰ ਕਦੀ-ਕਦੀ ਦੂਸਰੇ ਦੇਸ਼ਾਂ ਵਿਚ ਅਤੇ ਕਈ ਵਾਰ ਉਜਾੜ ਥਾਵਾਂ ਦੀਆਂ ਗੁਫ਼ਾਵਾਂ ਵਿਚ ਲੁਕਣਾ ਪਿਆ। ਅਖ਼ੀਰ ਰਾਜਾ ਸ਼ਾਊਲ ਯੁੱਧ ਵਿਚ ਮਾਰਿਆ ਗਿਆ। ਪਰ ਫਿਰ ਵੀ ਇਜ਼ਰਾਈਲ ਦਾ ਰਾਜਾ ਬਣਨ ਲਈ ਦਾਊਦ ਨੂੰ ਸੱਤ ਸਾਲ ਤੋਂ ਜ਼ਿਆਦਾ ਉਡੀਕ ਕਰਨੀ ਪਈ।—2 ਸਮੂ. 5:4, 5.
15 ਦਾਊਦ ਉਡੀਕ ਕਰਨ ਲਈ ਕਿਉਂ ਤਿਆਰ ਸੀ? ਇਸ ਦਾ ਜਵਾਬ ਅਸੀਂ 13ਵੇਂ ਜ਼ਬੂਰ ਵਿੱਚੋਂ ਪੜ੍ਹ ਸਕਦੇ ਹਾਂ, ਜਿੱਥੇ ਉਸ ਨੇ ਚਾਰ ਵਾਰ ਇਹ ਪੁੱਛਿਆ: “ਕਦ ਤੀਕ?” ਉਹ ਕਹਿੰਦਾ ਹੈ: “ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ। ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ।” (ਜ਼ਬੂ. 13:5, 6) ਦਾਊਦ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਦਾ ਸਾਥ ਕਦੇ ਨਹੀਂ ਛੱਡੇਗਾ। ਦਾਊਦ ਨੇ ਉਨ੍ਹਾਂ ਸਮਿਆਂ ਨੂੰ ਯਾਦ ਕੀਤਾ ਜਦੋਂ ਯਹੋਵਾਹ ਨੇ ਉਸ ਦੀ ਮਦਦ ਕੀਤੀ ਅਤੇ ਉਹ ਉਸ ਦਿਨ ਦੀ ਉਡੀਕ ਕਰਦਾ ਰਿਹਾ ਜਦੋਂ ਯਹੋਵਾਹ ਉਸ ਦੇ ਸਾਰੇ ਦੁੱਖਾਂ ਦਾ ਖ਼ਾਤਮਾ ਕਰੇਗਾ। ਦਾਊਦ ਜਾਣਦਾ ਸੀ ਕਿ ਯਹੋਵਾਹ ਦੀ ਉਡੀਕ ਕਰਨੀ ਬੇਕਾਰ ਨਹੀਂ ਸੀ।
ਯਹੋਵਾਹ ਸਾਨੂੰ ਕਦੀ ਵੀ ਅਜਿਹਾ ਕੰਮ ਕਰਨ ਲਈ ਨਹੀਂ ਕਹੇਗਾ ਜੋ ਉਹ ਖ਼ੁਦ ਕਰਨ ਲਈ ਤਿਆਰ ਨਹੀਂ।
16, 17. ਧੀਰਜ ਰੱਖਣ ਵਿਚ ਯਹੋਵਾਹ ਅਤੇ ਯਿਸੂ ਨੇ ਸਭ ਤੋਂ ਉੱਤਮ ਮਿਸਾਲ ਕਿਵੇਂ ਰੱਖੀ?
16 ਯਹੋਵਾਹ ਸਾਨੂੰ ਕਦੀ ਵੀ ਅਜਿਹਾ ਕੰਮ ਕਰਨ ਲਈ ਨਹੀਂ ਕਹੇਗਾ ਜੋ ਉਹ ਖ਼ੁਦ ਕਰਨ ਲਈ ਤਿਆਰ ਨਹੀਂ। ਜਿੰਨੀ ਯਹੋਵਾਹ ਨੇ ਉਡੀਕ ਕੀਤੀ ਹੈ, ਉੱਨੀ ਉਡੀਕ ਕਿਸੇ ਨੇ ਵੀ ਨਹੀਂ ਕੀਤੀ। (2 ਪਤਰਸ 3:9 ਪੜ੍ਹੋ।) ਮਿਸਾਲ ਲਈ, ਹਜ਼ਾਰਾਂ ਸਾਲ ਪਹਿਲਾਂ ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਯਹੋਵਾਹ ਉੱਤੇ ਦੋਸ਼ ਲਾਇਆ ਕਿ ਉਹ ਚੰਗਾ ਰਾਜਾ ਨਹੀਂ ਹੈ। ਯਹੋਵਾਹ ਉਸ ਦਿਨ ਨੂੰ ਧੀਰਜ ਨਾਲ “ਉਡੀਕਦਾ” ਹੈ ਜਦੋਂ ਉਸ ਦੇ ਨਾਂ ਉੱਤੇ ਲੱਗਾ ਕਲੰਕ ਮਿਟਾਇਆ ਜਾਵੇਗਾ। ਨਤੀਜੇ ਵਜੋਂ, ਜਿਹੜੇ ਯਹੋਵਾਹ ਨੂੰ “ਉਡੀਕਦੇ” ਹਨ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ।—ਯਸਾ. 30:18.
17 ਯਿਸੂ ਨੇ ਵੀ ਕਈ ਸਾਲਾਂ ਤਕ ਉਡੀਕ ਕੀਤੀ। ਭਾਵੇਂ ਉਹ ਧਰਤੀ ਉੱਤੇ ਆਪਣੀ ਮੌਤ ਤਕ ਵਫ਼ਾਦਾਰ ਰਿਹਾ ਅਤੇ 33 ਈਸਵੀ ਵਿਚ ਉਸ ਨੇ ਆਪਣੇ ਬਲੀਦਾਨ ਦੀ ਕੀਮਤ ਸਵਰਗ ਵਿਚ ਯਹੋਵਾਹ ਅੱਗੇ ਪੇਸ਼ ਕੀਤੀ, ਫਿਰ ਵੀ ਉਸ ਨੂੰ ਰਾਜਾ ਬਣਨ ਲਈ 1914 ਤਕ ਉਡੀਕ ਕਰਨੀ ਪਈ। (ਰਸੂ. 2:33-35; ਇਬ. 10:12, 13) ਯਿਸੂ ਹਾਲੇ ਵੀ ਉਡੀਕ ਕਰ ਰਿਹਾ ਹੈ ਕਿਉਂਕਿ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਹੀ ਉਸ ਦੇ ਸਾਰੇ ਦੁਸ਼ਮਣਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਹੋਵੇਗਾ। (1 ਕੁਰਿੰ. 15:25) ਉਡੀਕ ਕਰਨ ਲਈ ਕਿੰਨਾ ਹੀ ਲੰਬਾ ਸਮਾਂ! ਪਰ ਉਸ ਦੀ ਉਡੀਕ ਕਰਨੀ ਬੇਕਾਰ ਨਹੀਂ ਜਾਵੇਗੀ।
ਅਸੀਂ ਕਿਵੇਂ ਧੀਰਜ ਰੱਖ ਸਕਦੇ ਹਾਂ?
18, 19. ਧੀਰਜ ਨਾਲ ਉਡੀਕ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ?
18 ਇਹ ਗੱਲ ਸਾਫ਼ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਧੀਰਜ ਰੱਖੀਏ ਅਤੇ ਉਡੀਕ ਕਰਨ ਲਈ ਤਿਆਰ ਰਹੀਏ। ਇਸ ਤਰ੍ਹਾਂ ਕਰਨ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ? ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਾਦ ਰੱਖੋ ਕਿ ਧੀਰਜ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਅਫ਼. 3:16; 6:18; 1 ਥੱਸ. 5:17-19) ਇਸ ਲਈ ਯਹੋਵਾਹ ਨੂੰ ਤਰਲੇ ਕਰੋ ਤਾਂਕਿ ਤੁਸੀਂ ਹਰ ਮੁਸੀਬਤ ਨੂੰ ਧੀਰਜ ਨਾਲ ਝੱਲ ਸਕੋ।
19 ਕਿਹੜੀਆਂ ਗੱਲਾਂ ਨੇ ਅਬਰਾਹਾਮ, ਯੂਸੁਫ਼ ਅਤੇ ਦਾਊਦ ਦੀ ਧੀਰਜ ਰੱਖਣ ਵਿਚ ਮਦਦ ਕੀਤੀ? ਯਹੋਵਾਹ ਉੱਤੇ ਉਨ੍ਹਾਂ ਦੀ ਨਿਹਚਾ ਅਤੇ ਭਰੋਸੇ ਨੇ। ਉਨ੍ਹਾਂ ਨੇ ਸਿਰਫ਼ ਆਪਣੇ ਬਾਰੇ ਜਾਂ ਆਪਣੇ ਹਾਲਾਤਾਂ ਬਾਰੇ ਹੀ ਨਹੀਂ ਸੋਚਿਆ। ਸੋਚੋ ਕਿ ਯਹੋਵਾਹ ਨੇ ਕਿਸ ਤਰ੍ਹਾਂ ਉਨ੍ਹਾਂ ਦੇ ਹਾਲਾਤ ਬਦਲ ਦਿੱਤੇ। ਇਸ ਗੱਲ ਬਾਰੇ ਸੋਚ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਵੀ ਧੀਰਜ ਨਾਲ ਉਡੀਕ ਕਰੀਏ।
20. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?
20 ਚਾਹੇ ਅਸੀਂ ਦੁੱਖਾਂ ਦੀ ਮਾਰ ਝੱਲ ਰਹੇ ਹਾਂ, ਫਿਰ ਵੀ ਅਸੀਂ ਧੀਰਜ ਨਾਲ ਉਡੀਕ ਕਰਨ ਦਾ ਪੱਕਾ ਇਰਾਦਾ ਕਰ ਸਕਦੇ ਹਾਂ। ਸ਼ਾਇਦ ਅਸੀਂ ਯਹੋਵਾਹ ਨੂੰ ਕਦੀ-ਕਦੀ ਪੁੱਛੀਏ: “ਕਦੋਂ ਤੀਕ, ਹੇ ਪ੍ਰਭੁ?” (ਯਸਾ. 6:11) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਯਿਰਮਿਯਾਹ ਨਬੀ ਵਾਂਗ ਕਹਿ ਸਕਾਂਗੇ: “ਯਹੋਵਾਹ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਏਸ ਲਈ ਮੈਨੂੰ ਉਸ ਦੇ ਉੱਤੇ ਆਸਾ ਹੈ।”—ਵਿਰ. 3:21, 24.
a ਉਤਪਤ ਦੀ ਕਿਤਾਬ ਦੇ ਲਗਭਗ 15 ਅਧਿਆਵਾਂ ਵਿਚ ਅਬਰਾਹਾਮ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ। ਇਸ ਦੇ ਨਾਲ-ਨਾਲ ਮੂਲ ਮਸੀਹੀ ਯੂਨਾਨੀ ਲਿਖਤਾਂ ਦੇ ਲੇਖਕਾਂ ਨੇ 70 ਤੋਂ ਜ਼ਿਆਦਾ ਵਾਰ ਅਬਰਾਹਾਮ ਦਾ ਜ਼ਿਕਰ ਕੀਤਾ।
b ਦੋ ਸਾਲ ਰਾਜ ਕਰਨ ਤੋਂ ਥੋੜ੍ਹੇ ਚਿਰ ਬਾਅਦ ਹੀ ਯਹੋਵਾਹ ਨੇ ਸ਼ਾਊਲ ਨੂੰ ਰਾਜੇ ਵਜੋਂ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਉਹ 38 ਸਾਲ ਰਾਜ ਕਰਦਾ ਰਿਹਾ। ਉਸ ਨੇ ਆਪਣੀ ਮੌਤ ਤਕ ਰਾਜ ਕੀਤਾ।—1 ਸਮੂ. 13:1; ਰਸੂ. 13:21.