ਸ਼ਾਂਤੀ ਕਿੱਦਾਂ ਪਾਈਏ?
ਮੁਸ਼ਕਲਾਂ ਭਰੀ ਦੁਨੀਆਂ ਵਿਚ ਸ਼ਾਂਤੀ ਪਾਉਣ ਲਈ ਸਾਨੂੰ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ। ਭਾਵੇਂ ਸਾਡੇ ਕੋਲ ਥੋੜ੍ਹੀ-ਬਹੁਤੀ ਸ਼ਾਂਤੀ ਕਿਉਂ ਨਾ ਹੋਵੇ, ਪਰ ਇਸ ਨੂੰ ਬਣਾਈ ਰੱਖਣ ਲਈ ਸਾਨੂੰ ਅਕਸਰ ਜੱਦੋ-ਜਹਿਦ ਕਰਨੀ ਪੈਂਦੀ ਹੈ। ਸੱਚੀ ਤੇ ਹਮੇਸ਼ਾ ਤਕ ਰਹਿਣ ਵਾਲੀ ਸ਼ਾਂਤੀ ਪਾਉਣ ਵਿਚ ਪਰਮੇਸ਼ੁਰ ਦਾ ਬਚਨ ਸਾਡੀ ਕਿਵੇਂ ਮਦਦ ਕਰ ਸਕਦਾ ਹੈ? ਨਾਲੇ ਇਹੋ ਜਿਹੀ ਸ਼ਾਂਤੀ ਪਾਉਣ ਲਈ ਅਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
ਮਨ ਦੀ ਸ਼ਾਂਤੀ ਕਿਵੇਂ ਪਾਈਏ?
ਜੇ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਸਾਡੀ ਜ਼ਿੰਦਗੀ ਵਿਚ ਸਕੂਨ ਨਹੀਂ ਹੈ, ਤਾਂ ਸਾਨੂੰ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸਾਨੂੰ ਦੂਜਿਆਂ ਦੇ ਪੱਕੇ ਦੋਸਤ ਬਣਨ ਦੀ ਵੀ ਲੋੜ ਹੈ। ਜੇ ਅਸੀਂ ਹਮੇਸ਼ਾ ਲਈ ਸ਼ਾਂਤੀ ਪਾਉਣਾ ਚਾਹੁੰਦੇ ਹਾਂ, ਤਾਂ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਦੋਸਤ ਬਣੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਯਹੋਵਾਹ ਦੇ ਹੁਕਮਾਂ ਅਤੇ ਅਸੂਲਾਂ ਨੂੰ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ʼਤੇ ਭਰੋਸਾ ਰੱਖਦੇ ਹਾਂ ਅਤੇ ਉਸ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾਉਣਾ ਚਾਹੁੰਦੇ ਹਾਂ। (ਯਿਰ. 17:7, 8; ਯਾਕੂ. 2:22, 23) ਨਤੀਜੇ ਵਜੋਂ, ਉਹ ਸਾਡੇ ਨੇੜੇ ਆਉਂਦਾ ਹੈ ਅਤੇ ਸਾਨੂੰ ਮਨ ਦੀ ਸ਼ਾਂਤੀ ਬਖ਼ਸ਼ਦਾ ਹੈ। ਯਸਾਯਾਹ 32:17 ਵਿਚ ਲਿਖਿਆ ਹੈ: “ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ਼ਾ ਹੋਵੇਗਾ।” ਦਿਲੋਂ ਯਹੋਵਾਹ ਦਾ ਕਹਿਣਾ ਮੰਨ ਕੇ ਅਸੀਂ ਮਨ ਦੀ ਸ਼ਾਂਤੀ ਪਾ ਸਕਦੇ ਹਾਂ।—ਯਸਾ. 48:18, 19.
ਆਪਣੇ ਸਵਰਗੀ ਪਿਤਾ ਵੱਲੋਂ ਮਿਲੇ ਸ਼ਾਨਦਾਰ ਤੋਹਫ਼ੇ ਦੀ ਮਦਦ ਨਾਲ ਵੀ ਅਸੀਂ ਮਨ ਦੀ ਸ਼ਾਂਤੀ ਪਾ ਸਕਦੇ ਹਾਂ। ਉਹ ਤੋਹਫ਼ਾ ਹੈ, ਉਸ ਦੀ ਪਵਿੱਤਰ ਸ਼ਕਤੀ।—ਰਸੂ. 9:31.
ਪਵਿੱਤਰ ਸ਼ਕਤੀ ਦੀ ਮਦਦ ਨਾਲ ਸ਼ਾਂਤੀ ਪਾਓ
ਪੌਲੁਸ ਰਸੂਲ ਨੇ “ਪਵਿੱਤਰ ਸ਼ਕਤੀ” ਦੇ ਗੁਣਾਂ ਵਿਚ ਸ਼ਾਂਤੀ ਨੂੰ ਤੀਜੇ ਨੰਬਰ ʼਤੇ ਲਿਖਿਆ। (ਗਲਾ. 5:22, 23) ਸੱਚੀ ਸ਼ਾਂਤੀ ਪਰਮੇਸ਼ੁਰ ਦੀ ਸ਼ਕਤੀ ਨਾਲ ਪਾਈ ਜਾ ਸਕਦੀ ਹੈ। ਇਸ ਕਰਕੇ ਸੱਚੀ ਸ਼ਾਂਤੀ ਪਾਉਣ ਲਈ ਸਾਨੂੰ ਪਵਿੱਤਰ ਸ਼ਕਤੀ ਨੂੰ ਆਪਣੇ ʼਤੇ ਅਸਰ ਪਾਉਣ ਦੇਣਾ ਚਾਹੀਦਾ ਹੈ। ਆਓ ਆਪਾਂ ਦੇਖੀਏ ਕਿ ਕਿਨ੍ਹਾਂ ਦੋ ਤਰੀਕਿਆਂ ਨਾਲ ਪਰਮੇਸ਼ੁਰ ਦੀ ਸ਼ਕਤੀ ਸ਼ਾਂਤੀ ਪਾਉਣ ਵਿਚ ਸਾਡੀ ਮਦਦ ਕਰ ਸਕਦੀ ਹੈ।
ਪਹਿਲਾ, ਅਸੀਂ ਬਾਕਾਇਦਾ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸ਼ਾਂਤੀ ਪਾ ਸਕਦੇ ਹਾਂ। (ਜ਼ਬੂ. 1:2, 3) ਜਦੋਂ ਅਸੀਂ ਬਾਈਬਲ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਪਵਿੱਤਰ ਸ਼ਕਤੀ ਬਹੁਤ ਸਾਰੇ ਮਾਮਲਿਆਂ ਵਿਚ ਯਹੋਵਾਹ ਦਾ ਨਜ਼ਰੀਆ ਸਮਝਣ ਵਿਚ ਸਾਡੀ ਮਦਦ ਕਰਦੀ ਹੈ। ਮਿਸਾਲ ਲਈ, ਅਸੀਂ ਜਾਣਦੇ ਹਾਂ ਕਿ ਉਹ ਸ਼ਾਂਤੀ ਦਾ ਪਰਮੇਸ਼ੁਰ ਹੈ ਅਤੇ ਉਸ ਲਈ ਸ਼ਾਂਤੀ ਇੰਨੀ ਅਹਿਮੀਅਤ ਕਿਉਂ ਰੱਖਦੀ ਹੈ। ਪਰਮੇਸ਼ੁਰ ਦੇ ਬਚਨ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਲਾਗੂ ਕਰ ਕੇ ਸਾਨੂੰ ਹੋਰ ਜ਼ਿਆਦਾ ਸ਼ਾਂਤੀ ਮਿਲਦੀ ਹੈ।—ਕਹਾ. 3:1, 2.
ਦੂਜਾ, ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਲੂਕਾ 11:13) ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਉਸ ਤੋਂ ਮਦਦ ਮੰਗਦੇ ਹਾਂ, ਤਾਂ “ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ [ਸਾਡੇ] ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਜਦੋਂ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗਦੇ ਹਾਂ, ਤਾਂ ਉਹ ਸਾਨੂੰ ਮਨ ਦੀ ਸ਼ਾਂਤੀ ਦਿੰਦਾ ਹੈ। ਇਹ ਸ਼ਾਂਤੀ ਸਿਰਫ਼ ਉਨ੍ਹਾਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਪਰਮੇਸ਼ੁਰ ਨਾਲ ਪੱਕੀ ਦੋਸਤੀ ਹੈ।—ਰੋਮੀ. 15:13.
ਕੁਝ ਲੋਕਾਂ ਨੇ ਯਹੋਵਾਹ, ਖ਼ੁਦ ਨਾਲ ਅਤੇ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਬਾਈਬਲ ਦੀਆਂ ਇਹ ਸਲਾਹਾਂ ਲਾਗੂ ਕੀਤੀਆਂ ਹਨ। ਆਓ ਆਪਾਂ ਦੇਖੀਏ ਕਿ ਉਨ੍ਹਾਂ ਨੇ ਸ਼ਾਂਤੀ ਪਾਉਣ ਲਈ ਆਪਣੇ ਵਿਚ ਤਬਦੀਲੀਆਂ ਕਿਵੇਂ ਕੀਤੀਆਂ?
ਉਨ੍ਹਾਂ ਨੇ ਸ਼ਾਂਤੀ ਕਿਵੇਂ ਹਾਸਲ ਕੀਤੀ?
ਅੱਜ ਮਸੀਹੀ ਮੰਡਲੀਆਂ ਵਿਚ ਅਜਿਹੇ ਭੈਣ-ਭਰਾ ਹਨ ਜੋ ਪਹਿਲਾਂ “ਕ੍ਰੋਧੀ” ਸਨ, ਪਰ ਹੁਣ ਉਹ ਦੂਜਿਆਂ ਨਾਲ ਸਮਝਦਾਰੀ, ਦਇਆ, ਧੀਰਜ ਅਤੇ ਸ਼ਾਂਤੀ ਨਾਲ ਪੇਸ਼ ਆਉਂਦੇ ਹਨ।a (ਕਹਾ. 29:22) ਗੌਰ ਕਰੋ ਕਿ ਦੋ ਪ੍ਰਚਾਰਕਾਂ ਨੇ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾਇਆ ਅਤੇ ਉਹ ਦੂਜਿਆਂ ਨਾਲ ਸ਼ਾਂਤੀ ਕਿਵੇਂ ਕਾਇਮ ਕਰ ਸਕੇ।
ਡੇਵਿਡ ਦੇ ਬੁਰੇ ਰਵੱਈਏ ਨੇ ਉਸ ਦੀ ਬੋਲੀ ʼਤੇ ਅਸਰ ਪਾਇਆ। ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਪਹਿਲਾਂ ਉਹ ਅਕਸਰ ਦੂਜਿਆਂ ਦੀ ਨੁਕਤਾਚੀਨੀ ਕਰਦਾ ਸੀ ਅਤੇ ਆਪਣੇ ਪਰਿਵਾਰ ਨਾਲ ਬਹੁਤ ਬੁਰੇ ਤਰੀਕੇ ਨਾਲ ਗੱਲ ਕਰਦਾ ਸੀ। ਸਮੇਂ ਦੇ ਬੀਤਣ ਨਾਲ, ਡੇਵਿਡ ਨੂੰ ਪਤਾ ਲੱਗਾ ਕਿ ਉਸ ਨੂੰ ਆਪਣੇ ਵਿਚ ਤਬਦੀਲੀਆਂ ਕਰ ਕੇ ਸ਼ਾਂਤੀ ਕਾਇਮ ਕਰਨ ਦੀ ਲੋੜ ਹੈ। ਉਹ ਦੂਜਿਆਂ ਨਾਲ ਸ਼ਾਂਤੀ ਕਿਵੇਂ ਕਾਇਮ ਕਰ ਸਕਿਆ? ਉਹ ਦੱਸਦਾ ਹੈ: “ਮੈਂ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਲਾਗੂ ਕਰਨ ਲੱਗਾ। ਇਸ ਕਰਕੇ ਪਰਿਵਾਰ ਨਾਲ ਮੇਰਾ ਰਿਸ਼ਤਾ ਸੁਧਰਿਆ।”
ਰੇਚਲ ਦੇ ਪਰਿਵਾਰ ਦਾ ਅਸਰ ਉਸ ਦੇ ਰਵੱਈਏ ਉੱਤੇ ਪਿਆ। ਉਹ ਦੱਸਦੀ ਹੈ: “ਮੇਰੀ ਪਰਵਰਿਸ਼ ਇਹੋ ਜਿਹੇ ਪਰਿਵਾਰ ਵਿਚ ਹੋਈ ਜਿੱਥੇ ਸਾਰੇ ਹੀ ਗੁੱਸੇ ਵਿਚ ਭੜਕ ਜਾਂਦੇ ਸਨ। ਇਸ ਕਰਕੇ ਹੁਣ ਤਕ ਮੈਨੂੰ ਆਪਣੇ ਗੁੱਸੇ ʼਤੇ ਕਾਬੂ ਕਰਨ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ।” ਕਿਹੜੀ ਗੱਲ ਦੀ ਮਦਦ ਨਾਲ ਉਹ ਆਪਣੇ ਵਿਚ ਸ਼ਾਂਤੀ ਦਾ ਗੁਣ ਪੈਦਾ ਕਰ ਸਕੀ? ਉਹ ਦੱਸਦੀ ਹੈ: “ਮੈਂ ਬਾਕਾਇਦਾ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਸੀ ਅਤੇ ਉਸ ਤੋਂ ਮਦਦ ਮੰਗਦੀ ਸੀ।”
ਡੇਵਿਡ ਅਤੇ ਰੇਚਲ ਸਿਰਫ਼ ਦੋ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਅਤੇ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮੰਗ ਕੇ ਅਸੀਂ ਵੀ ਸ਼ਾਂਤੀ ਪਾ ਸਕਦੇ ਹਾਂ। ਇਸ ਤੋਂ ਪਤਾ ਲੱਗਦਾ ਹੈ ਕਿ ਬੇਰਹਿਮ ਦੁਨੀਆਂ ਵਿਚ ਰਹਿਣ ਦੇ ਬਾਵਜੂਦ ਵੀ ਅਸੀਂ ਮਨ ਦੀ ਸ਼ਾਂਤੀ ਪਾ ਸਕਦੇ ਹਾਂ ਜਿਸ ਕਰਕੇ ਅਸੀਂ ਆਪਣੇ ਪਰਿਵਾਰਾਂ ਅਤੇ ਮਸੀਹੀ ਭੈਣਾਂ-ਭਰਾਵਾਂ ਨਾਲ ਏਕਤਾ ਵਿਚ ਰਹਿ ਸਕਦੇ ਹਾਂ। ਪਰ ਯਹੋਵਾਹ ਸਾਰਿਆਂ ਨਾਲ “ਸ਼ਾਂਤੀ ਬਣਾਈ ਰੱਖਣ” ਦੀ ਹੱਲਾਸ਼ੇਰੀ ਦਿੰਦਾ ਹੈ। (ਰੋਮੀ. 12:18) ਕੀ ਇਸ ਤਰ੍ਹਾਂ ਕਰਨਾ ਵਾਕਈ ਮੁਮਕਿਨ ਹੈ? ਨਾਲੇ ਸ਼ਾਂਤੀ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਕਰਨ ਦੇ ਕਿਹੜੇ ਫ਼ਾਇਦੇ ਹੁੰਦੇ ਹਨ?
ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖੋਂ
ਪ੍ਰਚਾਰ ਕਰ ਕੇ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਪਰਮੇਸ਼ੁਰ ਦੇ ਰਾਜ ਬਾਰੇ ਸ਼ਾਂਤੀ ਦਾ ਸੰਦੇਸ਼ ਸੁਣ ਕੇ ਇਸ ਤੋਂ ਫ਼ਾਇਦਾ ਲੈਣ। (ਯਸਾ. 9:6, 7; ਮੱਤੀ 24:14) ਖ਼ੁਸ਼ੀ ਦੀ ਗੱਲ ਹੈ ਕਿ ਕਈਆਂ ਨੇ ਸਾਡਾ ਸੱਦਾ ਸਵੀਕਾਰ ਕੀਤਾ ਹੈ। ਇਸ ਕਰਕੇ ਉਹ ਹੁਣ ਆਪਣੇ ਆਲੇ-ਦੁਆਲੇ ਹੋ ਰਹੀਆਂ ਗੱਲਾਂ ਕਰਕੇ ਨਿਰਾਸ਼ ਜਾਂ ਗੁੱਸੇ ਨਹੀਂ ਹੁੰਦੇ। ਇਸ ਦੀ ਬਜਾਇ, ਉਨ੍ਹਾਂ ਕੋਲ ਭਵਿੱਖ ਲਈ ਇਕ ਵਧੀਆ ਉਮੀਦ ਹੈ ਜਿਸ ਕਰਕੇ ਉਹ ‘ਮੇਲ ਨੂੰ ਭਾਲਣ ਅਤੇ ਉਹ ਦਾ ਪਿੱਛਾ ਕਰਨ’ ਲਈ ਪ੍ਰੇਰਿਤ ਹੋਏ ਹਨ।—ਜ਼ਬੂ. 34:14.
ਪਰ ਸਾਰਿਆਂ ਨੇ ਪਹਿਲੀ ਵਾਰ ਹੀ ਸਾਡੇ ਸੰਦੇਸ਼ ਨੂੰ ਸਵੀਕਾਰ ਨਹੀਂ ਕਰ ਲਿਆ ਸੀ। (ਯੂਹੰ. 3:19) ਪਰ ਫਿਰ ਵੀ ਅਸੀਂ ਪਰਮੇਸ਼ੁਰ ਦੀ ਸ਼ਕਤੀ ਨਾਲ ਉਨ੍ਹਾਂ ਨੂੰ ਸ਼ਾਂਤੀ ਅਤੇ ਆਦਰ ਨਾਲ ਖ਼ੁਸ਼ ਖ਼ਬਰੀ ਸੁਣਾਈ। ਇੱਦਾਂ ਕਰ ਕੇ ਅਸੀਂ ਮੱਤੀ 10:11-13 ਵਿਚ ਪ੍ਰਚਾਰ ਸੰਬੰਧੀ ਯਿਸੂ ਦੀਆਂ ਹਿਦਾਇਤਾਂ ਨੂੰ ਮੰਨਿਆ ਜਿੱਥੇ ਲਿਖਿਆ ਹੈ: “ਜਦ ਤੁਸੀਂ ਕਿਸੇ ਦੇ ਘਰ ਜਾਓ, ਤਾਂ ਘਰ ਦੇ ਜੀਆਂ ਨੂੰ ਨਮਸਕਾਰ ਕਰੋ। ਜੇ ਉਹ ਤੁਹਾਡਾ ਸੁਆਗਤ ਕਰਨ, ਤਾਂ ਉਨ੍ਹਾਂ ਨੂੰ ਅਸੀਸ ਮਿਲੇਗੀ। ਪਰ ਜੇ ਉਹ ਤੁਹਾਡਾ ਸੁਆਗਤ ਨਾ ਕਰਨ, ਤਾਂ ਤੁਹਾਡੀ ਅਸੀਸ ਤੁਹਾਡੇ ਕੋਲ ਹੀ ਰਹੇਗੀ।” ਯਿਸੂ ਦੀਆਂ ਹਿਦਾਇਤਾਂ ਮੰਨ ਕੇ ਅਸੀਂ ਆਪਣੇ ਮਨ ਦੀ ਸ਼ਾਂਤੀ ਬਣਾਈ ਰੱਖ ਸਕਦੇ ਹਾਂ ਅਤੇ ਉਮੀਦ ਰੱਖ ਸਕਦੇ ਹਾਂ ਕਿ ਉਹ ਵਿਅਕਤੀ ਅਗਲੀ ਵਾਰ ਸਾਡੀ ਗੱਲ ਸੁਣੇਗਾ।
ਸਰਕਾਰੀ ਅਧਿਕਾਰੀਆਂ ਨਾਲ ਆਦਰਮਈ ਤਰੀਕੇ ਨਾਲ ਗੱਲ ਕਰ ਕੇ ਅਸੀਂ ਉਨ੍ਹਾਂ ਨਾਲ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਉਨ੍ਹਾਂ ਨਾਲ ਵੀ ਜੋ ਸਾਡੇ ਕੰਮ ਦਾ ਵਿਰੋਧ ਕਰਦੇ ਹਨ। ਮਿਸਾਲ ਲਈ, ਅਫ਼ਰੀਕਾ ਦੇ ਇਕ ਦੇਸ਼ ਦੀ ਸਰਕਾਰ ਨੇ ਪੱਖਪਾਤ ਕਰਕੇ ਕਿੰਗਡਮ ਹਾਲਾਂ ਦੀ ਉਸਾਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਮਾਮਲੇ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ ਕਰਨ ਲਈ ਇਕ ਭਰਾ ਨੂੰ ਉਸ ਦੇਸ਼ ਦੇ ਹਾਈ ਕਮਿਸ਼ਨਰ ਕੋਲ ਭੇਜਿਆ ਗਿਆ ਜੋ ਲੰਡਨ, ਇੰਗਲੈਂਡ ਵਿਚ ਸੀ। ਇਹ ਭਰਾ ਪਹਿਲਾਂ ਉਸ ਅਫ਼ਰੀਕੀ ਦੇਸ਼ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਚੁੱਕਾ ਸੀ। ਭਰਾ ਨੇ ਅਫ਼ਰੀਕੀ ਦੇਸ਼ ਵਿਚ ਸ਼ਾਂਤੀ ਨਾਲ ਕੀਤੇ ਜਾਂਦੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਬਾਰੇ ਅਧਿਕਾਰੀ ਨੂੰ ਦੱਸਣਾ ਸੀ। ਉਨ੍ਹਾਂ ਦੀ ਮੁਲਾਕਾਤ ਦਾ ਕੀ ਨਤੀਜਾ ਨਿਕਲਿਆ?
ਭਰਾ ਦੱਸਦਾ ਹੈ: “ਜਦੋਂ ਮੈਂ ਰਿਸੈਪਸ਼ਨ ʼਤੇ ਪਹੁੰਚਿਆ, ਤਾਂ ਮੈਂ ਰਿਸੈਪਸ਼ਨ ʼਤੇ ਬੈਠੀ ਔਰਤ ਦੇ ਕੱਪੜਿਆਂ ਤੋਂ ਪਛਾਣ ਲਿਆ ਕਿ ਉਹ ਕਿਸ ਕਬੀਲੇ ਤੋਂ ਸੀ। ਮੈਂ ਉਸ ਕਬੀਲੇ ਦੀ ਭਾਸ਼ਾ ਸਿੱਖੀ ਸੀ। ਇਸ ਲਈ ਮੈਂ ਉਸ ਦੀ ਭਾਸ਼ਾ ਵਿਚ ਉਸ ਨੂੰ ਦੁਆ-ਸਲਾਮ ਕੀਤੀ। ਉਹ ਹੈਰਾਨ ਰਹਿ ਗਈ ਅਤੇ ਉਸ ਨੇ ਮੈਨੂੰ ਪੁੱਛਿਆ, ‘ਤੁਸੀਂ ਕਿਸ ਨੂੰ ਮਿਲਣਾ ਹੈ?’ ਮੈਂ ਉਸ ਨੂੰ ਆਦਰ ਨਾਲ ਕਿਹਾ ਕਿ ਮੈਂ ਹਾਈ ਕਮਿਸ਼ਨਰ ਨੂੰ ਮਿਲਣਾ ਚਾਹੁੰਦਾ। ਉਸ ਨੇ ਅਧਿਕਾਰੀ ਨੂੰ ਫ਼ੋਨ ਕੀਤਾ ਅਤੇ ਉਹ ਅਧਿਕਾਰੀ ਬਾਹਰ ਆਇਆ ਤੇ ਉਸ ਨੇ ਮੈਨੂੰ ਆਪਣੀ ਭਾਸ਼ਾ ਵਿਚ ਦੁਆ-ਸਲਾਮ ਕੀਤੀ। ਇਸ ਤੋਂ ਬਾਅਦ, ਮੈਂ ਉਸ ਨੂੰ ਗਵਾਹਾਂ ਦੇ ਕੰਮਾਂ ਬਾਰੇ ਦੱਸਿਆ ਤੇ ਉਸ ਨੇ ਧਿਆਨ ਨਾਲ ਮੇਰੀ ਗੱਲ ਸੁਣੀ।”
ਭਰਾ ਦੇ ਆਦਰਮਈ ਤਰੀਕੇ ਨਾਲ ਗੱਲ ਕਰਨ ਕਰਕੇ ਕਮਿਸ਼ਨਰ ਦੇ ਮਨ ਵਿਚ ਗਵਾਹਾਂ ਬਾਰੇ ਜੋ ਵੀ ਗ਼ਲਤਫ਼ਹਿਮੀਆਂ ਸਨ ਉਹ ਕਾਫ਼ੀ ਹੱਦ ਤਕ ਦੂਰ ਹੋ ਗਈਆਂ ਅਤੇ ਪੱਖਪਾਤੀ ਨਜ਼ਰੀਆ ਵੀ ਕਾਫ਼ੀ ਹੱਦ ਤਕ ਘੱਟ ਗਿਆ। ਕੁਝ ਸਮੇਂ ਬਾਅਦ, ਉਸ ਅਫ਼ਰੀਕੀ ਦੇਸ਼ ਦੀ ਸਰਕਾਰ ਨੇ ਉਸਾਰੀ ਦੇ ਕੰਮਾਂ ਤੋਂ ਪਾਬੰਦੀ ਹਟਾ ਦਿੱਤੀ। ਸ਼ਾਂਤੀ ਨਾਲ ਮਸਲਾ ਹੱਲ ਹੋਣ ਕਰਕੇ ਭੈਣਾਂ-ਭਰਾਵਾਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ! ਵਾਕਈ, ਦੂਜਿਆਂ ਨਾਲ ਆਦਰ ਨਾਲ ਪੇਸ਼ ਆਉਣ ਕਰਕੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਅਤੇ ਸ਼ਾਂਤੀ ਬਣੀ ਰਹਿੰਦੀ ਹੈ।
ਹਮੇਸ਼ਾ ਲਈ ਸ਼ਾਂਤੀ ਦਾ ਆਨੰਦ ਮਾਣੋ
ਯਹੋਵਾਹ ਦੇ ਗਵਾਹ ਆਪਸ ਵਿਚ ਸੱਚੀ ਸ਼ਾਂਤੀ ਦਾ ਆਨੰਦ ਮਾਣਦੇ ਹਨ। ਆਪਣੀ ਜ਼ਿੰਦਗੀ ਵਿਚ ਪਵਿੱਤਰ ਸ਼ਕਤੀ ਦਾ ਇਹ ਫਲ ਪੈਦਾ ਕਰ ਕੇ ਤੁਸੀਂ ਇਹ ਸ਼ਾਂਤੀ ਬਣਾਈ ਰੱਖਣ ਵਿਚ ਯੋਗਦਾਨ ਪਾ ਸਕਦੇ ਹੋ। ਸਭ ਤੋਂ ਜ਼ਰੂਰੀ, ਤੁਸੀਂ ਯਹੋਵਾਹ ਦੀ ਮਿਹਰ ਪਾਓਗੇ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਬਹੁਤ ਜ਼ਿਆਦਾ ਅਤੇ ਹਮੇਸ਼ਾ ਲਈ ਸ਼ਾਂਤੀ ਦਾ ਆਨੰਦ ਮਾਣੋਗੇ।—2 ਪਤ. 3:13, 14.
a ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਗੁਣਾਂ ਦੀ ਲੜੀ ਦੇ ਅਗਲੇ ਲੇਖ ਵਿਚ ਦਇਆ ʼਤੇ ਚਰਚਾ ਕੀਤੀ ਜਾਵੇਗੀ।