“ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ”
ਡਾਇਨਾ 80 ਤੋਂ ਜ਼ਿਆਦਾ ਸਾਲਾਂ ਦੀ ਹੈ ਤੇ ਉਸ ਨੇ ਪਿਛਲੇ ਕੁਝ ਸਾਲਾਂ ਵਿਚ ਬਹੁਤ ਪਰੇਸ਼ਾਨੀਆਂ ਦਾ ਸਾਮ੍ਹਣਾ ਕੀਤਾ। ਉਸ ਦੇ ਪਤੀ ਨੂੰ ਭੁੱਲਣ ਦੀ ਬੀਮਾਰੀ (ਅਲਜ਼ਾਇਮਰ) ਸੀ ਜੋ ਆਪਣੀ ਮੌਤ ਤੋਂ ਕੁਝ ਸਾਲ ਪਹਿਲਾਂ ਬਿਰਧ ਆਸ਼ਰਮ ਵਿਚ ਸੀ। ਡਾਇਨਾ ਦੇ ਦੋ ਮੁੰਡਿਆਂ ਦੀ ਵੀ ਮੌਤ ਹੋ ਗਈ ਅਤੇ ਉਸ ਨੂੰ ਵੀ ਛਾਤੀ ਦਾ ਕੈਂਸਰ ਸੀ। ਪਰ ਜਦੋਂ ਭੈਣ-ਭਰਾ ਡਾਇਨਾ ਨੂੰ ਸਭਾਵਾਂ ਜਾਂ ਪ੍ਰਚਾਰ ਵਿਚ ਦੇਖਦੇ ਹਨ, ਤਾਂ ਉਹ ਹਮੇਸ਼ਾ ਖ਼ੁਸ਼ ਹੁੰਦੀ ਹੈ।
ਜੌਨ ਨੇ 43 ਤੋਂ ਜ਼ਿਆਦਾ ਸਾਲ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ। ਉਸ ਨੂੰ ਇਹ ਜ਼ਿੰਮੇਵਾਰੀ ਇੰਨੀ ਪਸੰਦ ਸੀ ਕਿ ਉਹ ਇਸ ਤੋਂ ਇਲਾਵਾ ਕੁਝ ਹੋਰ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਪਰ ਆਪਣੇ ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ ਕਰਨ ਕਰਕੇ ਉਸ ਨੂੰ ਇਹ ਜ਼ਿੰਮੇਵਾਰੀ ਛੱਡਣੀ ਪਈ। ਜੌਨ ਨੂੰ ਜਾਣਨ ਵਾਲੇ ਭੈਣ-ਭਰਾ ਜਦੋਂ ਵੀ ਉਸ ਨੂੰ ਸੰਮੇਲਨ ʼਤੇ ਮਿਲਦੇ ਹਨ, ਤਾਂ ਉਹ ਦੇਖਦੇ ਹਨ ਕਿ ਜੌਨ ਬਿਲਕੁਲ ਵੀ ਨਹੀਂ ਬਦਲਿਆ। ਉਹ ਹਾਲੇ ਵੀ ਪਹਿਲਾਂ ਵਾਂਗ ਬਹੁਤ ਖ਼ੁਸ਼ ਰਹਿੰਦਾ ਹੈ।
ਡਾਇਨਾ ਅਤੇ ਜੌਨ ਖ਼ੁਸ਼ ਕਿਉਂ ਹਨ? ਇੰਨੇ ਦੁੱਖਾਂ ਵਿਚ ਕੋਈ ਖ਼ੁਸ਼ ਕਿਵੇਂ ਰਹਿ ਸਕਦਾ ਹੈ? ਆਪਣੀ ਮਨਪਸੰਦ ਜ਼ਿੰਮੇਵਾਰੀ ਛੱਡ ਕੇ ਕੋਈ ਕਿਵੇਂ ਖ਼ੁਸ਼ ਰਹਿ ਸਕਦਾ ਹੈ? ਬਾਈਬਲ ਇਸ ਦਾ ਜਵਾਬ ਦਿੰਦੀ ਹੈ। ਇਹ ਕਹਿੰਦੀ ਹੈ: “ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ।” (ਜ਼ਬੂ. 64:10) ਅਸੀਂ ਇਹ ਜ਼ਰੂਰੀ ਸੱਚਾਈ ਤਾਂ ਹੀ ਸਮਝ ਸਕਦੇ ਹਾਂ ਜੇ ਸਾਨੂੰ ਪਤਾ ਹੈ ਕਿ ਕਿਨ੍ਹਾਂ ਗੱਲਾਂ ਤੋਂ ਹਮੇਸ਼ਾ ਲਈ ਖ਼ੁਸ਼ੀ ਮਿਲਦੀ ਹੈ ਤੇ ਕਿਨ੍ਹਾਂ ਤੋਂ ਨਹੀਂ।
ਖ਼ੁਸ਼ੀ ਜੋ ਥੋੜ੍ਹੇ ਸਮੇਂ ਲਈ ਰਹਿੰਦੀ ਹੈ
ਕਈ ਗੱਲਾਂ ਤੋਂ ਸਾਨੂੰ ਹਮੇਸ਼ਾ ਖ਼ੁਸ਼ੀ ਮਿਲਦੀ ਹੈ। ਮਿਸਾਲ ਲਈ, ਇਕ ਜੋੜੇ ਬਾਰੇ ਸੋਚੋ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਹੈ। ਜਾਂ ਜ਼ਰਾ ਉਸ ਵਿਅਕਤੀ ਬਾਰੇ ਸੋਚੋ ਜੋ ਮਾਂ ਜਾਂ ਬਾਪ ਬਣਦਾ ਹੈ ਜਾਂ ਜਿਸ ਨੂੰ ਯਹੋਵਾਹ ਦੀ ਸੇਵਾ ਵਿਚ ਕੋਈ ਨਵੀਂ ਜ਼ਿੰਮੇਵਾਰੀ ਮਿਲਦੀ ਹੈ। ਇਨ੍ਹਾਂ ਗੱਲਾਂ ਤੋਂ ਖ਼ੁਸ਼ੀ ਮਿਲਦੀ ਹੈ ਕਿਉਂਕਿ ਇਹ ਸਾਰੇ ਤੋਹਫ਼ੇ ਯਹੋਵਾਹ ਵੱਲੋਂ ਹਨ। ਉਸ ਨੇ ਹੀ ਵਿਆਹ ਦੀ ਸ਼ੁਰੂਆਤ ਕੀਤੀ, ਬੱਚੇ ਪੈਦਾ ਕਰਨ ਦੀ ਕਾਬਲੀਅਤ ਦਿੱਤੀ ਅਤੇ ਉਹ ਸੰਗਠਨ ਵਿਚ ਜ਼ਿੰਮੇਵਾਰੀਆਂ ਦਿੰਦਾ ਹੈ।—ਉਤ. 2:18, 22; ਜ਼ਬੂ. 127:3; 1 ਤਿਮੋ. 3:1.
ਪਰ ਕੁਝ ਚੀਜ਼ਾਂ ਤੋਂ ਬਸ ਥੋੜ੍ਹੇ ਸਮੇਂ ਲਈ ਹੀ ਖ਼ੁਸ਼ੀ ਮਿਲਦੀ ਹੈ। ਦੁੱਖ ਦੀ ਗੱਲ ਹੈ ਕਿ ਜੀਵਨ ਸਾਥੀ ਬੇਵਫ਼ਾਈ ਕਰ ਸਕਦਾ ਜਾਂ ਉਸ ਦੀ ਮੌਤ ਹੋ ਸਕਦੀ ਹੈ। (ਹਿਜ਼. 24:18; ਹੋਸ਼ੇ. 3:1) ਬੱਚੇ ਆਪਣੇ ਮਾਪਿਆਂ ਅਤੇ ਪਰਮੇਸ਼ੁਰ ਦਾ ਕਹਿਣਾ ਮੰਨਣਾ ਬੰਦ ਕਰ ਸਕਦੇ ਹਨ ਤੇ ਇੱਥੋਂ ਤਕ ਕਿ ਮੰਡਲੀ ਵਿੱਚੋਂ ਛੇਕੇ ਵੀ ਜਾ ਸਕਦੇ ਹਨ। ਮਿਸਾਲ ਲਈ, ਸਮੂਏਲ ਦੇ ਮੁੰਡਿਆਂ ਨੇ ਯਹੋਵਾਹ ਦੀ ਮਰਜ਼ੀ ਅਨੁਸਾਰ ਸੇਵਾ ਨਹੀਂ ਕੀਤੀ। ਬਥ-ਸ਼ਬਾ ਨਾਲ ਗ਼ਲਤ ਕੰਮ ਕਰਨ ਕਰਕੇ ਦਾਊਦ ਦੇ ਪਰਿਵਾਰ ʼਤੇ ਬਹੁਤ ਮੁਸ਼ਕਲਾਂ ਆਈਆਂ। (1 ਸਮੂ. 8:1-3; 2 ਸਮੂ. 12:11) ਇਸ ਤਰ੍ਹਾਂ ਹੋਣ ʼਤੇ ਖ਼ੁਸ਼ੀ ਨਹੀਂ, ਸਗੋਂ ਦੁੱਖ ਤੇ ਨਿਰਾਸ਼ਾ ਹੁੰਦੀ ਹੈ।
ਇਸੇ ਤਰ੍ਹਾਂ ਕਈ ਵਾਰ ਕਿਸੇ ਬੀਮਾਰੀ ਜਾਂ ਪਰਿਵਾਰ ਦੇ ਕਿਸੇ ਜੀਅ ਦੀ ਦੇਖ-ਭਾਲ ਕਰਨ ਜਾਂ ਸੰਗਠਨ ਵੱਲੋਂ ਕੀਤੀਆਂ ਜਾਂਦੀਆਂ ਤਬਦੀਲੀਆਂ ਕਰਕੇ ਸਾਨੂੰ ਯਹੋਵਾਹ ਦੀ ਸੇਵਾ ਵਿਚ ਆਪਣੀ ਜ਼ਿੰਮੇਵਾਰੀ ਛੱਡਣੀ ਪੈ ਸਕਦੀ ਹੈ। ਬਹੁਤ ਜਣੇ ਜਿਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਛੱਡਣੀ ਪਈ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਸੀ।
ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਕਾਰਨਾਂ ਕਰਕੇ ਮਿਲੀ ਖ਼ੁਸ਼ੀ ਹਮੇਸ਼ਾ ਨਹੀਂ ਰਹਿੰਦੀ। ਤਾਂ ਫਿਰ ਕੀ ਇਸ ਤਰ੍ਹਾਂ ਦੀ ਕੋਈ ਖ਼ੁਸ਼ੀ ਹੈ ਜੋ ਜ਼ਿੰਦਗੀ ਵਿਚ ਮੁਸ਼ਕਲਾਂ ਆਉਣ ʼਤੇ ਵੀ ਬਣੀ ਰਹਿੰਦੀ ਹੈ? ਇੱਦਾਂ ਦੀ ਖ਼ੁਸ਼ੀ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਸਮੂਏਲ, ਦਾਊਦ ਅਤੇ ਹੋਰ ਕਈ ਜਣੇ ਮੁਸ਼ਕਲਾਂ ਦੌਰਾਨ ਵੀ ਖ਼ੁਸ਼ ਰਹੇ।
ਖ਼ੁਸ਼ੀ ਜੋ ਹਮੇਸ਼ਾ ਰਹਿੰਦੀ ਹੈ
ਯਿਸੂ ਜਾਣਦਾ ਸੀ ਕਿ ਸੱਚੀ ਖ਼ੁਸ਼ੀ ਕੀ ਹੈ। ਬਾਈਬਲ ਦੱਸਦੀ ਹੈ ਕਿ ਧਰਤੀ ʼਤੇ ਆਉਣ ਤੋਂ ਪਹਿਲਾਂ ਉਹ ਹਰ ਦਿਨ ਯਹੋਵਾਹ ਅੱਗੇ ਖ਼ੁਸ਼ ਰਹਿੰਦਾ ਸੀ। (ਕਹਾ. 8:30) ਪਰ ਜਦੋਂ ਉਹ ਧਰਤੀ ʼਤੇ ਆਇਆ, ਤਾਂ ਉਸ ਨੂੰ ਕਈ ਵਾਰ ਡਾਢੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਪਰ ਯਿਸੂ ਨੂੰ ਯਹੋਵਾਹ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਸੀ। (ਯੂਹੰ. 4:34) ਉਸ ਦੇ ਦਰਦਨਾਕ ਆਖ਼ਰੀ ਘੰਟਿਆਂ ਬਾਰੇ ਕੀ? ਅਸੀਂ ਪੜ੍ਹਦੇ ਹਾਂ: “ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ . . . ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ।” (ਇਬ. 12:2) ਸੱਚੀ ਖ਼ੁਸ਼ੀ ਬਾਰੇ ਕਹੀਆਂ ਯਿਸੂ ਦੀਆਂ ਦੋ ਗੱਲਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।
ਇਕ ਵਾਰ ਪ੍ਰਚਾਰ ਕਰਨ ਤੋਂ ਬਾਅਦ ਯਿਸੂ ਦੇ 70 ਚੇਲੇ ਉਸ ਕੋਲ ਵਾਪਸ ਆਏ। ਉਹ ਬਹੁਤ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੇ ਚਮਤਕਾਰ ਕੀਤੇ ਸਨ, ਇੱਥੋਂ ਤਕ ਕਿ ਦੁਸ਼ਟ ਦੂਤਾਂ ਨੂੰ ਵੀ ਕੱਢਿਆ ਸੀ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਗੱਲ ʼਤੇ ਖ਼ੁਸ਼ ਨਾ ਹੋਵੋ ਕਿ ਦੁਸ਼ਟ ਦੂਤ ਤੁਹਾਡੇ ਅਧੀਨ ਕੀਤੇ ਗਏ ਹਨ, ਪਰ ਇਸ ਗੱਲ ʼਤੇ ਖ਼ੁਸ਼ੀਆਂ ਮਨਾਓ ਕਿ ਤੁਹਾਡੇ ਨਾਂ ਸਵਰਗ ਵਿਚ ਲਿਖੇ ਜਾ ਚੁੱਕੇ ਹਨ।” (ਲੂਕਾ 10:1-9, 17, 20) ਜੀ ਹਾਂ, ਯਹੋਵਾਹ ਦੀ ਮਨਜ਼ੂਰੀ ਪਾਉਣੀ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਤੋਂ ਸਾਨੂੰ ਉਹ ਖ਼ੁਸ਼ੀ ਮਿਲਦੀ ਹੈ ਜੋ ਕਿਸੇ ਖ਼ਾਸ ਜ਼ਿੰਮੇਵਾਰੀ ਮਿਲਣ ਤੇ ਵੀ ਨਹੀਂ ਮਿਲਦੀ।
ਇਕ ਹੋਰ ਸਮੇਂ ʼਤੇ ਯਿਸੂ ਭੀੜ ਨਾਲ ਗੱਲ ਕਰ ਰਿਹਾ ਸੀ। ਇਕ ਯਹੂਦੀ ਔਰਤ ਯਿਸੂ ਦੀਆਂ ਸਿੱਖਿਆਵਾਂ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਕਿਹਾ ਕਿ ਯਿਸੂ ਦੀ ਮਾਤਾ ਜ਼ਰੂਰ ਖ਼ੁਸ਼ ਹੋਣੀ। ਪਰ ਯਿਸੂ ਨੇ ਜਵਾਬ ਵਿਚ ਕਿਹਾ: “ਨਹੀਂ, ਸਗੋਂ ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!” (ਲੂਕਾ 11:27, 28) ਜਦੋਂ ਸਾਡੇ ਬੱਚੇ ਸਾਡੇ ਮਾਣ ਦਾ ਕਾਰਨ ਬਣਦੇ ਹਨ, ਤਾਂ ਸਾਨੂੰ ਖ਼ੁਸ਼ ਮਿਲ ਸਕਦੀ ਹੈ। ਪਰ ਹਮੇਸ਼ਾ ਰਹਿਣ ਵਾਲੀ ਖ਼ੁਸ਼ੀ ਸਾਨੂੰ ਯਹੋਵਾਹ ਦਾ ਕਹਿਣਾ ਮੰਨ ਕੇ ਅਤੇ ਉਸ ਨਾਲ ਚੰਗਾ ਰਿਸ਼ਤਾ ਬਣਾ ਕੇ ਹੀ ਮਿਲਦੀ ਹੈ।
ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਦੀ ਮਿਹਰ ਸਾਡੇ ʼਤੇ ਹੈ, ਤਾਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਚਾਹੇ ਅਜ਼ਮਾਇਸ਼ਾਂ ਆਉਣ ʼਤੇ ਸਾਨੂੰ ਖ਼ੁਸ਼ੀ ਨਹੀਂ ਹੁੰਦੀ, ਪਰ ਇਹ ਸਾਡੇ ਤੋਂ ਸਾਡੀ ਖ਼ੁਸ਼ੀ ਨਹੀਂ ਖੋਹ ਸਕਦੀਆਂ। ਦਰਅਸਲ, ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰ ਰਹਿਣ ʼਤੇ ਸਾਡੀ ਖ਼ੁਸ਼ੀ ਹੋਰ ਵਧਦੀ ਹੈ। (ਰੋਮੀ. 5:3-5) ਨਾਲੇ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦਿੰਦਾ ਹੈ ਜੋ ਉਸ ʼਤੇ ਭਰੋਸਾ ਰੱਖਦੇ ਹਨ। ਖ਼ੁਸ਼ੀ ਉਸ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਗਲਾ. 5:22) ਇਹ ਸਾਡੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਕਿਉਂ ਜ਼ਬੂਰ 64:10 ਵਿਚ ਕਿਹਾ ਗਿਆ ਹੈ: “ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ।”
ਇਸ ਤੋਂ ਸਾਡੀ ਇਹ ਵੀ ਸਮਝਣ ਵਿਚ ਮਦਦ ਹੁੰਦੀ ਹੈ ਕਿ ਡਾਇਨਾ ਅਤੇ ਜੌਨ ਮੁਸ਼ਕਲਾਂ ਦੌਰਾਨ ਕਿਉਂ ਖ਼ੁਸ਼ ਰਹਿ ਸਕੇ। ਡਾਇਨਾ ਕਹਿੰਦੀ ਹੈ: “ਜਿਵੇਂ ਇਕ ਬੱਚਾ ਆਪਣੇ ਪਿਤਾ ਵਿਚ ਪਨਾਹ ਲੈਂਦਾ ਹੈ, ਉਸੇ ਤਰ੍ਹਾਂ ਮੈਂ ਯਹੋਵਾਹ ਵਿਚ ਪਨਾਹ ਲਈ।” ਉਹ ਅੱਗੇ ਦੱਸਦੀ ਹੈ: “ਮੈਂ ਇਸ ਗੱਲ ਨੂੰ ਮਹਿਸੂਸ ਕਰਦੀ ਹਾਂ ਕਿ ਯਹੋਵਾਹ ਨੇ ਮੈਨੂੰ ਚਿਹਰੇ ʼਤੇ ਮੁਸਕਾਨ ਰੱਖਦਿਆਂ ਲਗਾਤਾਰ ਪ੍ਰਚਾਰ ਕਰਦੇ ਰਹਿਣ ਦੀ ਕਾਬਲੀਅਤ ਦਿੱਤੀ ਹੈ।” ਜ਼ਿੰਮੇਵਾਰੀ ਛੱਡਣ ਤੋਂ ਬਾਅਦ ਵੀ ਕਿਸ ਚੀਜ਼ ਨੇ ਜੌਨ ਦੀ ਖ਼ੁਸ਼ ਰਹਿਣ ਅਤੇ ਪ੍ਰਚਾਰ ਵਿਚ ਲੱਗੇ ਰਹਿਣ ਵਿਚ ਮਦਦ ਕੀਤੀ? ਉਹ ਕਹਿੰਦਾ ਹੈ: “1998 ਵਿਚ ਜਦੋਂ ਮੈਨੂੰ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਵਿਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਮਿਲੀ, ਤਾਂ ਮੈਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਿੱਜੀ ਅਧਿਐਨ ਕਰਨਾ ਸ਼ੁਰੂ ਕੀਤਾ।” ਉਹ ਦੱਸਦਾ ਹੈ ਕਿ ਉਸ ਲਈ ਅਤੇ ਉਸ ਦੀ ਪਤਨੀ ਲਈ ਇਹ ਤਬਦੀਲੀ ਕਰਨੀ ਸੌਖੀ ਸੀ ਕਿਉਂਕਿ ਉਹ ਯਹੋਵਾਹ ਵੱਲੋਂ ਮਿਲੀ ਕਿਸੇ ਵੀ ਜ਼ਿੰਮੇਵਾਰੀ ਨੂੰ ਖ਼ੁਸ਼ੀ-ਖ਼ੁਸ਼ੀ ਪੂਰਾ ਕਰਨ ਲਈ ਤਿਆਰ ਸਨ। ਉਹ ਅੱਗੇ ਦੱਸਦਾ ਹੈ: “ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰ ਸਕੇ ਤੇ ਸਾਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ।”
ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਜ਼ਬੂਰ 64:10 ਵਿਚ ਦੱਸੀ ਸੱਚਾਈ ਆਪਣੀ ਜ਼ਿੰਦਗੀ ਵਿਚ ਪੂਰੀ ਹੁੰਦੀ ਦੇਖੀ ਹੈ। ਮਿਸਾਲ ਲਈ, ਇਕ ਜੋੜੇ ਨੇ 30 ਤੋਂ ਜ਼ਿਆਦਾ ਸਾਲ ਅਮਰੀਕਾ ਦੇ ਬੈਥਲ ਵਿਚ ਸੇਵਾ ਕੀਤੀ। ਫਿਰ ਉਨ੍ਹਾਂ ਨੂੰ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ। ਉਹ ਮੰਨਦੇ ਹਨ: “ਕਿਸੇ ਪਿਆਰੀ ਚੀਜ਼ ਦੇ ਖੁੰਝ ਜਾਣ ʼਤੇ ਨਿਰਾਸ਼ ਹੋਣਾ ਸੁਭਾਵਕ ਹੈ।” ਪਰ ਉਨ੍ਹਾਂ ਨੇ ਅੱਗੇ ਕਿਹਾ: “ਤੁਸੀਂ ਹਮੇਸ਼ਾ ਲਈ ਨਿਰਾਸ਼ ਨਹੀਂ ਰਹਿ ਸਕਦੇ।” ਜਿੱਦਾਂ ਹੀ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ, ਉਨ੍ਹਾਂ ਨੇ ਮੰਡਲੀ ਨਾਲ ਮਿਲ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ: “ਅਸੀਂ ਕੁਝ ਖ਼ਾਸ ਗੱਲਾਂ ਬਾਰੇ ਪ੍ਰਾਰਥਨਾ ਕੀਤੀ। ਫਿਰ ਆਪਣੀਆਂ ਪ੍ਰਾਰਥਨਾਵਾਂ ਦੇ ਜਵਾਬ ਮਿਲਣ ʼਤੇ ਸਾਨੂੰ ਹੌਸਲਾ ਅਤੇ ਖ਼ੁਸ਼ੀ ਮਿਲੀ। ਮੰਡਲੀ ਵਿਚ ਪਹੁੰਚਣ ਤੋਂ ਜਲਦੀ ਬਾਅਦ ਮੰਡਲੀ ਦੇ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਨੂੰ ਦੋ ਤਰੱਕੀ ਕਰਨ ਵਾਲੀਆਂ ਬਾਈਬਲ ਸਟੱਡੀਆਂ ਮਿਲੀਆਂ।”
“ਜੁੱਗੋ ਜੁੱਗ ਖੁਸ਼ੀ ਮਨਾਓ”
ਇਹ ਗੱਲ ਤਾਂ ਸੱਚ ਹੈ ਕਿ ਹਮੇਸ਼ਾ ਖ਼ੁਸ਼ ਰਹਿਣਾ ਸੌਖਾ ਨਹੀਂ ਹੈ। ਕਈ ਵਾਰ ਅਸੀਂ ਉਦਾਸ ਵੀ ਹੁੰਦੇ ਹਾਂ। ਪਰ ਯਹੋਵਾਹ ਸਾਨੂੰ ਜ਼ਬੂਰ 64:10 ਦੇ ਸ਼ਬਦਾਂ ਰਾਹੀਂ ਭਰੋਸਾ ਦਿਵਾਉਂਦਾ ਹੈ। ਨਿਰਾਸ਼ ਹੋਣ ʼਤੇ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਮੁਸ਼ਕਲਾਂ ਦੌਰਾਨ ਵੀ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਤਾਂ ਅਸੀਂ ‘ਯਹੋਵਾਹ ਵਿੱਚ ਅਨੰਦ ਹੋਵਾਂਗੇ।’ ਅਸੀਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਸਕਦੇ ਹਾਂ ਜਦੋਂ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਸੰਬੰਧੀ ਯਹੋਵਾਹ ਦਾ ਵਾਅਦਾ ਪੂਰਾ ਹੋਵੇਗਾ। ਫਿਰ ਸਾਰੇ ਲੋਕ ਮੁਕੰਮਲ ਹੋਣਗੇ। ਨਾਲੇ ਯਹੋਵਾਹ ਜੋ ਵੀ ਸਾਡੇ ਲਈ ਕਰੇਗਾ, ਉਸ ਕਰਕੇ ਸਾਰੇ ਜਣੇ ‘ਜੁੱਗੋ ਜੁੱਗ ਖੁਸ਼ੀ ਮਨਾਉਣਗੇ ਅਤੇ ਬਾਗ ਬਾਗ ਹੋਣਗੇ।’—ਯਸਾ. 65:17, 18.
ਜ਼ਰਾ ਸੋਚੋ, ਉਹ ਕਿੱਦਾਂ ਦਾ ਸਮਾਂ ਹੋਵੇਗਾ ਜਦੋਂ ਸਾਰੇ ਜਣੇ ਤੰਦਰੁਸਤ ਹੋਣਗੇ ਅਤੇ ਹਰ ਰੋਜ਼ ਤਰੋ-ਤਾਜ਼ਾ ਉੱਠਣਗੇ। ਪੁਰਾਣੇ ਸਮੇਂ ਵਿਚ ਜਿਹੜੀਆਂ ਗੱਲਾਂ ਕਰਕੇ ਅਸੀਂ ਨਿਰਾਸ਼ ਹੁੰਦੇ ਸੀ, ਉਨ੍ਹਾਂ ਕਰਕੇ ਅਸੀਂ ਦੁਖੀ ਨਹੀਂ ਹੋਵਾਂਗੇ। ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” ਅਸੀਂ ਆਪਣੇ ਪਿਆਰਿਆਂ ਦਾ ਸੁਆਗਤ ਕਰਾਂਗੇ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ 12 ਸਾਲਾਂ ਦੀ ਕੁੜੀ ਦੇ ਮਾਪਿਆਂ ਵਾਂਗ ਮਹਿਸੂਸ ਕਰਾਂਗੇ ਜਿਨ੍ਹਾਂ ਦੀ ਧੀ ਨੂੰ ਯਿਸੂ ਨੇ ਜੀਉਂਦਾ ਕੀਤਾ ਸੀ: “ਕੁੜੀ ਦੇ ਮਾਤਾ-ਪਿਤਾ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ।” (ਮਰ. 5:42) ਅਖ਼ੀਰ ਧਰਤੀ ਉੱਤੇ ਹਰ ਇਨਸਾਨ ਧਰਮੀ ਹੋਵੇਗਾ ਅਤੇ ਹਮੇਸ਼ਾ ਲਈ “ਯਹੋਵਾਹ ਵਿੱਚ ਅਨੰਦ ਹੋਵੇਗਾ।”