ਅਧਿਐਨ ਲੇਖ 52
ਮਾਪਿਓ—ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ
“ਬੱਚੇ ਯਹੋਵਾਹ ਵੱਲੋਂ ਮਿਰਾਸ ਹਨ।”—ਜ਼ਬੂ. 127:3.
ਗੀਤ 41 ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰੋ
ਖ਼ਾਸ ਗੱਲਾਂa
1. ਯਹੋਵਾਹ ਮਾਪਿਆਂ ਨੂੰ ਕਿਹੜੀ ਜ਼ਿੰਮੇਵਾਰੀ ਦਿੰਦਾ ਹੈ?
ਯਹੋਵਾਹ ਨੇ ਪਹਿਲੇ ਜੋੜੇ ਨੂੰ ਬੱਚੇ ਪੈਦਾ ਕਰਨ ਦੀ ਇੱਛਾ ਨਾਲ ਬਣਾਇਆ ਸੀ। ਬਾਈਬਲ ਸਹੀ ਕਹਿੰਦੀ ਹੈ: “ਬੱਚੇ ਯਹੋਵਾਹ ਵੱਲੋਂ ਮਿਰਾਸ ਹਨ।” (ਜ਼ਬੂ. 127:3) ਇਸ ਦਾ ਕੀ ਮਤਲਬ ਹੈ? ਕਲਪਨਾ ਕਰੋ ਕਿ ਤੁਹਾਡਾ ਦੋਸਤ ਤੁਹਾਨੂੰ ਆਪਣੇ ਬਹੁਤ ਸਾਰੇ ਪੈਸਿਆਂ ਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਦਿੰਦਾ ਹੈ। ਤੁਹਾਨੂੰ ਕਿਵੇਂ ਲੱਗੇਗਾ? ਬਿਨਾਂ ਸ਼ੱਕ, ਤੁਹਾਨੂੰ ਮਾਣ ਹੋਵੇਗਾ ਕਿ ਉਸ ਨੂੰ ਤੁਹਾਡੇ ʼਤੇ ਭਰੋਸਾ ਹੈ। ਪਰ ਤੁਹਾਨੂੰ ਸ਼ਾਇਦ ਚਿੰਤਾ ਵੀ ਹੋਵੇ ਕਿ ਤੁਸੀਂ ਇੰਨੇ ਸਾਰੇ ਪੈਸਿਆਂ ਦੀ ਸੰਭਾਲ ਕਿਵੇਂ ਕਰੋਗੇ? ਸਾਡਾ ਸਭ ਤੋਂ ਕਰੀਬੀ ਦੋਸਤ ਯਹੋਵਾਹ ਮਾਪਿਆਂ ਨੂੰ ਪੈਸਿਆਂ ਨਾਲੋਂ ਵੀ ਜ਼ਿਆਦਾ ਕੀਮਤੀ ਚੀਜ਼ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਦਿੰਦਾ ਹੈ। ਉਹ ਮਾਪਿਆਂ ਨੂੰ ਜ਼ਿੰਮੇਵਾਰੀ ਦਿੰਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਅਤੇ ਉਨ੍ਹਾਂ ਨੂੰ ਖ਼ੁਸ਼ ਰੱਖਣ।
2. ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?
2 ਇਸ ਗੱਲ ਦਾ ਫ਼ੈਸਲਾ ਕਿਸ ਨੂੰ ਕਰਨਾ ਚਾਹੀਦਾ ਹੈ ਕਿ ਵਿਆਹੇ ਜੋੜਿਆਂ ਦੇ ਬੱਚੇ ਹੋਣੇ ਚਾਹੀਦੇ ਹਨ ਜਾਂ ਨਹੀਂ ਤੇ ਕਦੋਂ ਹੋਣੇ ਚਾਹੀਦੇ ਹਨ? ਨਾਲੇ ਮਾਪੇ ਆਪਣੇ ਬੱਚਿਆਂ ਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਦੇਣ ਲਈ ਕੀ ਕਰ ਸਕਦੇ ਹਨ? ਜ਼ਰਾ ਪਰਮੇਸ਼ੁਰ ਦੇ ਬਚਨ ਵਿੱਚੋਂ ਕੁਝ ਅਸੂਲਾਂ ʼਤੇ ਗੌਰ ਕਰੋ ਜੋ ਮਸੀਹੀ ਮਾਪਿਆਂ ਦੀ ਸਹੀ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੇ ਹਨ।
ਜੋੜੇ ਦੇ ਫ਼ੈਸਲੇ ਦਾ ਆਦਰ ਕਰੋ
3. (ੳ) ਕਿਸ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਇਕ ਜੋੜੇ ਦੇ ਬੱਚੇ ਹੋਣੇ ਚਾਹੀਦੇ ਹਨ ਜਾਂ ਨਹੀਂ? (ਅ) ਇਕ ਜੋੜੇ ਦੇ ਪਰਿਵਾਰ ਤੇ ਦੋਸਤਾਂ ਨੂੰ ਬਾਈਬਲ ਦਾ ਕਿਹੜਾ ਅਸੂਲ ਯਾਦ ਰੱਖਣਾ ਚਾਹੀਦਾ ਹੈ?
3 ਕੁਝ ਸਭਿਆਚਾਰਾਂ ਵਿਚ ਨਵੇਂ ਵਿਆਹੇ ਜੋੜਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵਿਆਹ ਤੋਂ ਛੇਤੀ ਬਾਅਦ ਬੱਚੇ ਪੈਦਾ ਕਰਨ। ਸ਼ਾਇਦ ਉਨ੍ਹਾਂ ਨੂੰ ਆਪਣੇ ਪਰਿਵਾਰ ਤੇ ਹੋਰਨਾਂ ਵੱਲੋਂ ਵੀ ਇੱਦਾਂ ਕਰਨ ਦਾ ਦਬਾਅ ਆਵੇ। ਏਸ਼ੀਆ ਤੋਂ ਜੇਥਰੋ ਨਾਂ ਦਾ ਇਕ ਭਰਾ ਦੱਸਦਾ ਹੈ: “ਮੰਡਲੀ ਵਿਚ ਜਿਨ੍ਹਾਂ ਜੋੜਿਆਂ ਦੇ ਬੱਚੇ ਹੁੰਦੇ ਹਨ, ਉਨ੍ਹਾਂ ਵਿੱਚੋਂ ਕੁਝ ਜਣੇ ਉਨ੍ਹਾਂ ਜੋੜਿਆਂ ʼਤੇ ਬੱਚੇ ਪੈਦਾ ਕਰਨ ਦਾ ਦਬਾਅ ਪਾਉਂਦੇ ਹਨ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ।” ਏਸ਼ੀਆ ਤੋਂ ਜੈਫ਼ਰੀ ਨਾਂ ਦਾ ਇਕ ਹੋਰ ਭਰਾ ਦੱਸਦਾ ਹੈ: “ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਉਨ੍ਹਾਂ ਨੂੰ ਕੁਝ ਜਣੇ ਕਹਿੰਦੇ ਹਨ ਕਿ ਬੁਢਾਪੇ ਵਿਚ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੋਵੇਗਾ।” ਪਰ ਹਰ ਜੋੜੇ ਨੂੰ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਹੋਣੇ ਚਾਹੀਦੇ ਹਨ ਜਾਂ ਨਹੀਂ। ਇਹ ਫ਼ੈਸਲਾ ਉਨ੍ਹਾਂ ਦਾ ਹੈ ਤੇ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੈ। (ਗਲਾ. 6:5) ਇਹ ਸੱਚ ਹੈ ਕਿ ਪਰਿਵਾਰ ਵਾਲੇ ਤੇ ਦੋਸਤ ਚਾਹੁੰਦੇ ਹਨ ਕਿ ਨਵੇਂ ਵਿਆਹੇ ਜੋੜੇ ਖ਼ੁਸ਼ ਰਹਿਣ। ਪਰ ਸਾਰਿਆਂ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਬੱਚੇ ਪੈਦਾ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਜੋੜੇ ਦਾ ਹੈ।—1 ਥੱਸ. 4:11.
4-5. ਇਕ ਜੋੜੇ ਨੂੰ ਕਿਹੜੇ ਦੋ ਸਵਾਲਾਂ ʼਤੇ ਚਰਚਾ ਕਰਨੀ ਚਾਹੀਦੀ ਹੈ ਅਤੇ ਕਦੋਂ ਕਰਨੀ ਚਾਹੀਦੀ ਹੈ? ਸਮਝਾਓ।
4 ਜਿਹੜਾ ਜੋੜਾ ਬੱਚੇ ਪੈਦਾ ਕਰਨ ਦਾ ਫ਼ੈਸਲਾ ਕਰਦਾ ਹੈ, ਉਸ ਨੂੰ ਇਨ੍ਹਾਂ ਦੋ ਅਹਿਮ ਸਵਾਲਾਂ ʼਤੇ ਚਰਚਾ ਕਰਨੀ ਚਾਹੀਦੀ ਹੈ: ਪਹਿਲਾ, ਉਸ ਨੂੰ ਕਦੋਂ ਬੱਚੇ ਪੈਦਾ ਕਰਨੇ ਚਾਹੀਦੇ ਹਨ? ਦੂਜਾ, ਉਹ ਕਿੰਨੇ ਬੱਚੇ ਚਾਹੁੰਦਾ ਹੈ? ਇਸ ਤਰ੍ਹਾਂ ਦੀਆਂ ਗੱਲਾਂ ʼਤੇ ਇਕ ਜੋੜੇ ਨੂੰ ਕਦੋਂ ਚਰਚਾ ਕਰਨੀ ਚਾਹੀਦੀ ਹੈ? ਨਾਲੇ ਇਹ ਦੋ ਸਵਾਲ ਇੰਨੇ ਜ਼ਰੂਰੀ ਕਿਉਂ ਹਨ?
5 ਜ਼ਿਆਦਾਤਰ ਮਾਮਲਿਆਂ ਵਿਚ ਇਕ ਜੋੜੇ ਨੂੰ ਬੱਚਿਆਂ ਬਾਰੇ ਵਿਆਹ ਤੋਂ ਪਹਿਲਾਂ ਹੀ ਗੱਲ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਇਹ ਜ਼ਰੂਰੀ ਹੈ ਕਿ ਉਹ ਇਸ ਵਿਸ਼ੇ ਬਾਰੇ ਇੱਕੋ ਜਿਹੀ ਸੋਚ ਰੱਖਣ। ਨਾਲੇ ਉਨ੍ਹਾਂ ਨੂੰ ਇਸ ਗੱਲ ʼਤੇ ਵੀ ਗੌਰ ਕਰਨਾ ਚਾਹੀਦਾ ਹੈ ਕਿ ਉਹ ਇਹ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਵੀ ਹਨ ਕਿ ਨਹੀਂ। ਕੁਝ ਜੋੜਿਆਂ ਨੇ ਆਪਣੇ ਵਿਆਹ ਤੋਂ ਘੱਟੋ-ਘੱਟ ਇਕ ਜਾਂ ਦੋ ਸਾਲ ਬਾਅਦ ਬੱਚੇ ਪੈਦਾ ਕਰਨ ਦਾ ਫ਼ੈਸਲਾ ਕੀਤਾ। ਕਿਉਂ? ਕਿਉਂਕਿ ਮਾਪੇ ਬਣਨ ਤੋਂ ਬਾਅਦ ਉਨ੍ਹਾਂ ਦਾ ਜ਼ਿਆਦਾ ਸਮਾਂ ਤੇ ਤਾਕਤ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਲੱਗੇਗੀ। ਨਾਲੇ ਉਹ ਸੋਚਦੇ ਹਨ ਕਿ ਇੰਤਜ਼ਾਰ ਕਰਨ ਕਰਕੇ ਉਹ ਆਪਣੇ ਵਿਆਹੁਤਾ ਰਿਸ਼ਤੇ ਵਿਚ ਢਲ਼ਣ ਲਈ ਇਕ-ਦੂਜੇ ਨਾਲ ਸਮਾਂ ਬਿਤਾ ਸਕਣਗੇ ਅਤੇ ਇਕ-ਦੂਜੇ ਦੇ ਜ਼ਿਆਦਾ ਨੇੜੇ ਆ ਸਕਣਗੇ।—ਅਫ਼. 5:33.
6. ਮੁਸੀਬਤਾਂ ਨਾਲ ਭਰੇ ਸਮੇਂ ਵਿਚ ਰਹਿਣ ਕਰਕੇ ਕੁਝ ਜੋੜਿਆਂ ਨੇ ਕੀ ਕਰਨ ਦਾ ਫ਼ੈਸਲਾ ਕੀਤਾ ਹੈ?
6 ਕਈ ਮਸੀਹੀਆਂ ਨੇ ਨੂਹ ਦੇ ਤਿੰਨ ਪੁੱਤਰਾਂ ਤੇ ਨੂੰਹਾਂ ਦੀ ਮਿਸਾਲ ʼਤੇ ਚੱਲਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਤਿੰਨ ਜੋੜਿਆਂ ਨੇ ਇਕਦਮ ਬੱਚੇ ਪੈਦਾ ਕਰਨ ਦਾ ਫ਼ੈਸਲਾ ਨਹੀਂ ਕੀਤਾ। (ਉਤ. 6:18; 9:18, 19; 10:1; 2 ਪਤ. 2:5) ਯਿਸੂ ਨੇ ਸਾਡੇ ਸਮੇਂ ਦੀ ਤੁਲਨਾ “ਨੂਹ ਦੇ ਦਿਨਾਂ” ਨਾਲ ਕੀਤੀ। ਬਿਨਾਂ ਸ਼ੱਕ, ਅਸੀਂ “ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਜੀ ਰਹੇ ਹਾਂ ਜਿਨ੍ਹਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (ਮੱਤੀ 24:37; 2 ਤਿਮੋ. 3:1) ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕੁਝ ਜੋੜਿਆਂ ਨੇ ਫ਼ੈਸਲਾ ਕੀਤਾ ਕਿ ਉਹ ਹਾਲੇ ਬੱਚੇ ਪੈਦਾ ਨਹੀਂ ਕਰਨਗੇ ਜਿਸ ਕਰਕੇ ਉਹ ਆਪਣਾ ਜ਼ਿਆਦਾ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਲਗਾ ਸਕਣ।
7. ਲੂਕਾ 14:28, 29 ਅਤੇ ਕਹਾਉਤਾਂ 21:5 ਵਿਚ ਦਿੱਤੇ ਅਸੂਲ ਇਕ ਜੋੜੇ ਦੀ ਕਿਵੇਂ ਮਦਦ ਕਰ ਸਕਦੇ ਹਨ?
7 ਜਦੋਂ ਜੋੜੇ ਫ਼ੈਸਲਾ ਕਰਦੇ ਹਨ ਕਿ ਉਹ ਬੱਚੇ ਪੈਦਾ ਕਰਨਗੇ ਜਾਂ ਨਹੀਂ ਅਤੇ ਕਿੰਨੇ ਕਰਨਗੇ, ਤਾਂ ਸਮਝਦਾਰ ਜੋੜੇ “ਪੂਰਾ ਹਿਸਾਬ” ਲਾਉਂਦੇ ਹਨ। (ਲੂਕਾ 14:28, 29 ਪੜ੍ਹੋ।) ਤਜਰਬੇਕਾਰ ਮਾਪੇ ਜਾਣਦੇ ਹਨ ਕਿ ਬੱਚਿਆਂ ਦੀ ਪਰਵਰਿਸ਼ ਕਰਨ ʼਤੇ ਸਿਰਫ਼ ਪੈਸਾ ਹੀ ਨਹੀਂ, ਸਗੋਂ ਸਮਾਂ ਤੇ ਤਾਕਤ ਵੀ ਲੱਗਦੀ ਹੈ। ਇਸ ਲਈ ਇਕ ਜੋੜੇ ਨੂੰ ਇਸ ਤਰ੍ਹਾਂ ਦੇ ਸਵਾਲਾਂ ʼਤੇ ਗੌਰ ਕਰਨਾ ਜ਼ਰੂਰੀ ਹੈ, ਜਿਵੇਂ ‘ਕੀ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਦੋਵਾਂ ਨੂੰ ਕੰਮ ਕਰਨਾ ਪਵੇਗਾ? ਕੀ ਅਸੀਂ ਸਹਿਮਤ ਹਾਂ ਕਿ ਸਾਡੀਆਂ “ਬੁਨਿਆਦੀ ਲੋੜਾਂ” ਕੀ ਹਨ? ਜੇ ਸਾਨੂੰ ਦੋਵਾਂ ਨੂੰ ਕੰਮ ਕਰਨਾ ਪਿਆ, ਤਾਂ ਸਾਡੇ ਬੱਚਿਆਂ ਦੀ ਦੇਖ-ਭਾਲ ਕੌਣ ਕਰੇਗਾ? ਅਸੀਂ ਉਨ੍ਹਾਂ ਦੀ ਸੋਚ ਤੇ ਕੰਮਾਂ ʼਤੇ ਕਿਨ੍ਹਾਂ ਦਾ ਅਸਰ ਪਾਉਣਾ ਚਾਹੁੰਦੇ ਹਾਂ?’ ਜਿਹੜੇ ਜੋੜੇ ਇਨ੍ਹਾਂ ਸਵਾਲਾਂ ʼਤੇ ਸ਼ਾਂਤੀ ਨਾਲ ਸੋਚ-ਵਿਚਾਰ ਕਰਦੇ ਹਨ, ਉਹ ਕਹਾਉਤਾਂ 21:5 (ਪੜ੍ਹੋ।) ਦੇ ਸ਼ਬਦਾਂ ਨੂੰ ਲਾਗੂ ਕਰਦੇ ਹਨ।
8. ਮਸੀਹੀ ਜੋੜਿਆਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਅਤੇ ਪਿਆਰ ਕਰਨ ਵਾਲਾ ਪਤੀ ਕੀ ਕਰੇਗਾ?
8 ਇਕ ਬੱਚੇ ਨੂੰ ਆਪਣੇ ਮਾਪਿਆਂ ਦੇ ਸਮੇਂ ਅਤੇ ਤਾਕਤ ਦੀ ਲੋੜ ਹੁੰਦੀ ਹੈ। ਇਹ ਉਸ ਦਾ ਹੱਕ ਵੀ ਹੈ। ਸੋ ਜੇ ਇਕ ਜੋੜੇ ਦੇ ਬੱਚਿਆਂ ਦੀ ਉਮਰ ਵਿਚ ਥੋੜ੍ਹਾ-ਬਹੁਤ ਹੀ ਫ਼ਰਕ ਹੋਵੇ, ਤਾਂ ਸ਼ਾਇਦ ਉਨ੍ਹਾਂ ਨੂੰ ਹਰ ਬੱਚੇ ਵੱਲ ਧਿਆਨ ਦੇਣਾ ਔਖਾ ਲੱਗੇ। ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ, ਉਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਹਿਣ ਜਾਂ ਕਰਨ। ਇਕ ਮਾਂ ਸ਼ਾਇਦ ਹਮੇਸ਼ਾ ਸਰੀਰਕ ਤੇ ਮਾਨਸਿਕ ਤੌਰ ʼਤੇ ਥੱਕੀ ਮਹਿਸੂਸ ਕਰੇ। ਉਹ ਸ਼ਾਇਦ ਇੰਨੀ ਜ਼ਿਆਦਾ ਥੱਕ ਜਾਵੇ ਕਿ ਉਸ ਕੋਲ ਸਟੱਡੀ ਤੇ ਪ੍ਰਾਰਥਨਾ ਕਰਨ ਅਤੇ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲੈਣ ਦੀ ਤਾਕਤ ਹੀ ਨਾ ਹੋਵੇ। ਨਾਲੇ ਸ਼ਾਇਦ ਉਸ ਲਈ ਮਸੀਹੀ ਸਭਾਵਾਂ ਵਿਚ ਧਿਆਨ ਲਾਉਣਾ ਅਤੇ ਇਨ੍ਹਾਂ ਤੋਂ ਫ਼ਾਇਦਾ ਲੈਣਾ ਵੀ ਔਖਾ ਹੋਵੇ। ਦਰਅਸਲ, ਜਦੋਂ ਬੱਚਿਆਂ ਨੂੰ ਸੰਭਾਲਣ ਦੀ ਗੱਲ ਆਉਂਦੀ ਹੈ, ਤਾਂ ਇਕ ਪਿਆਰ ਕਰਨ ਵਾਲਾ ਪਤੀ ਸਭਾਵਾਂ ਵਿਚ ਜਾਂ ਘਰ ਵਿਚ ਜ਼ਰੂਰ ਆਪਣੀ ਪਤਨੀ ਦੀ ਪੂਰੀ ਵਾਹ ਲਾ ਕੇ ਮਦਦ ਕਰੇਗਾ। ਮਿਸਾਲ ਲਈ, ਉਹ ਘਰ ਦੇ ਕੰਮਾਂ ਵਿਚ ਆਪਣੀ ਪਤਨੀ ਦਾ ਹੱਥ ਵਟਾ ਸਕਦਾ ਹੈ। ਉਹ ਇਸ ਗੱਲ ਦਾ ਪੂਰਾ ਧਿਆਨ ਰੱਖੇਗਾ ਕਿ ਉਸ ਦੇ ਪੂਰੇ ਪਰਿਵਾਰ ਨੂੰ ਪਰਿਵਾਰਕ ਸਟੱਡੀ ਤੋਂ ਫ਼ਾਇਦਾ ਹੋਵੇ। ਨਾਲੇ ਉਹ ਬਾਕਾਇਦਾ ਆਪਣੇ ਪਰਿਵਾਰ ਨਾਲ ਪ੍ਰਚਾਰ ʼਤੇ ਵੀ ਜਾਵੇਗਾ।
ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ
9-10. ਆਪਣੇ ਬੱਚਿਆਂ ਦੀ ਮਦਦ ਕਰਨ ਵਾਲੇ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ?
9 ਮਾਪੇ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦੇ ਬੱਚੇ ਯਹੋਵਾਹ ਨਾਲ ਪਿਆਰ ਕਰਨਾ ਸਿੱਖ ਸਕਣ? ਉਹ ਆਪਣੇ ਬੱਚਿਆਂ ਨੂੰ ਇਸ ਬੁਰੀ ਦੁਨੀਆਂ ਦੇ ਖ਼ਤਰਿਆਂ ਤੋਂ ਕਿਵੇਂ ਬਚਾ ਸਕਦੇ ਹਨ? ਜ਼ਰਾ ਕੁਝ ਕਦਮਾਂ ʼਤੇ ਗੌਰ ਕਰੋ।
10 ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰੋ। ਜ਼ਰਾ ਸਮਸੂਨ ਦੇ ਮਾਪਿਆਂ ਮਾਨੋਆਹ ਅਤੇ ਉਸ ਦੀ ਪਤਨੀ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਮਾਨੋਆਹ ਤੇ ਉਸ ਦੀ ਪਤਨੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਇਕ ਮੁੰਡੇ ਦਾ ਜਨਮ ਹੋਵੇਗਾ, ਤਾਂ ਉਸ ਨੇ ਬੱਚੇ ਦੀ ਪਰਵਰਿਸ਼ ਕਰਨ ਲਈ ਯਹੋਵਾਹ ਤੋਂ ਸੇਧ ਲਈ ਬੇਨਤੀ ਕੀਤੀ।
11. ਨਿਆਈਆਂ 13:8 ਅਨੁਸਾਰ ਮਾਪੇ ਮਾਨੋਆਹ ਦੀ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹਨ?
11 ਨਿਹਾਦ ਅਤੇ ਐਲਮਾ ਬੋਸਨੀਆ ਅਤੇ ਹਰਜ਼ੇਗੋਵੀਨਾ ਤੋਂ ਹਨ। ਉਨ੍ਹਾਂ ਨੇ ਮਾਨੋਆਹ ਦੀ ਮਿਸਾਲ ਤੋਂ ਸਿੱਖਿਆ। ਉਹ ਦੱਸਦੇ ਹਨ: “ਮਾਨੋਆਹ ਦੀ ਤਰ੍ਹਾਂ ਅਸੀਂ ਯਹੋਵਾਹ ਨੂੰ ਤਰਲੇ ਕੀਤੇ ਕਿ ਉਹ ਵਧੀਆ ਮਾਪੇ ਬਣਨ ਵਿਚ ਸਾਡੀ ਮਦਦ ਕਰੇ। ਯਹੋਵਾਹ ਨੇ ਅਲੱਗ-ਅਲੱਗ ਤਰੀਕਿਆਂ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਦਿੱਤੇ, ਜਿਵੇਂ ਬਾਈਬਲ, ਬਾਈਬਲ-ਆਧਾਰਿਤ ਪ੍ਰਕਾਸ਼ਨਾਂ, ਸਭਾਵਾਂ ਅਤੇ ਸੰਮੇਲਨਾਂ ਰਾਹੀਂ।”—ਨਿਆਈਆਂ 13:8 ਪੜ੍ਹੋ।
12. ਯੂਸੁਫ਼ ਤੇ ਮਰੀਅਮ ਨੇ ਆਪਣੇ ਬੱਚਿਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ?
12 ਆਪਣੀ ਮਿਸਾਲ ਰਾਹੀਂ ਸਿਖਾਓ। ਤੁਹਾਡੀਆਂ ਗੱਲਾਂ ਦਾ ਤੁਹਾਡੇ ਬੱਚਿਆਂ ʼਤੇ ਅਸਰ ਪੈਂਦਾ ਹੈ, ਪਰ ਤੁਹਾਡੀ ਕਰਨੀ ਦਾ ਉਨ੍ਹਾਂ ʼਤੇ ਕਿਤੇ ਜ਼ਿਆਦਾ ਅਸਰ ਪੈਂਦਾ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯੂਸੁਫ਼ ਤੇ ਮਰੀਅਮ ਨੇ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ ਸੀ ਜਿਸ ਵਿਚ ਯਿਸੂ ਵੀ ਸ਼ਾਮਲ ਸੀ। ਯੂਸੁਫ਼ ਨੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਵਿਚ ਸਖ਼ਤ ਮਿਹਨਤ ਕੀਤੀ। ਨਾਲੇ ਯੂਸੁਫ਼ ਨੇ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। (ਬਿਵ. 4:9, 10) ਯੂਸੁਫ਼ “ਹਰ ਸਾਲ” ਯਰੂਸ਼ਲਮ ਵਿਚ ਪਸਾਹ ਦਾ ਤਿਉਹਾਰ ਮਨਾਉਣ ਲਈ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ ਸੀ ਭਾਵੇਂ ਕਾਨੂੰਨ ਵਿਚ ਇਸ ਤਰ੍ਹਾਂ ਦੀ ਮੰਗ ਨਹੀਂ ਕੀਤੀ ਗਈ ਸੀ। (ਲੂਕਾ 2:41, 42) ਉਸ ਜ਼ਮਾਨੇ ਦੇ ਕੁਝ ਪਿਤਾ ਸ਼ਾਇਦ ਸੋਚਦੇ ਹੋਣੇ ਕਿ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਣਾ ਬਹੁਤ ਔਖਾ ਸੀ, ਸਮਾਂ ਲੱਗਦਾ ਸੀ ਅਤੇ ਮਹਿੰਗਾ ਪੈਂਦਾ ਸੀ। ਪਰ ਬਿਨਾਂ ਸ਼ੱਕ, ਯੂਸੁਫ਼ ਪਰਮੇਸ਼ੁਰੀ ਕੰਮਾਂ ਦੀ ਕਦਰ ਕਰਦਾ ਸੀ ਅਤੇ ਉਸ ਨੇ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਇਆ। ਨਾਲੇ ਮਰੀਅਮ ਧਰਮ-ਗ੍ਰੰਥ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਬਿਨਾਂ ਸ਼ੱਕ, ਉਸ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਨਾਲ ਪਿਆਰ ਕਰਨਾ ਸਿਖਾਇਆ।
13. ਇਕ ਜੋੜੇ ਨੇ ਯੂਸੁਫ਼ ਤੇ ਮਰੀਅਮ ਦੀ ਰੀਸ ਕਿਵੇਂ ਕੀਤੀ?
13 ਨਿਹਾਦ ਅਤੇ ਐਲਮਾ, ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਯੂਸੁਫ਼ ਤੇ ਮਰੀਅਮ ਦੀ ਰੀਸ ਕਰਨੀ ਚਾਹੁੰਦੇ ਸਨ। ਇਸ ਗੱਲ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਕਿ ਉਹ ਆਪਣੇ ਮੁੰਡੇ ਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਸਿਖਾਉਣ? ਉਨ੍ਹਾਂ ਨੇ ਦੱਸਿਆ: “ਅਸੀਂ ਆਪਣੀ ਕਰਨੀ ਰਾਹੀਂ ਆਪਣੇ ਮੁੰਡੇ ਨੂੰ ਦਿਖਾਇਆ ਕਿ ਯਹੋਵਾਹ ਦੇ ਅਸੂਲਾਂ ਅਨੁਸਾਰ ਜੀਉਣਾ ਕਿੰਨਾ ਹੀ ਵਧੀਆ ਹੈ।” ਨਿਹਾਦ ਅੱਗੇ ਦੱਸਦਾ ਹੈ: “ਖ਼ੁਦ ਉੱਦਾਂ ਦੇ ਇਨਸਾਨ ਬਣੋ, ਜਿੱਦਾਂ ਦਾ ਤੁਸੀਂ ਆਪਣੇ ਬੱਚੇ ਨੂੰ ਬਣਾਉਣਾ ਚਾਹੁੰਦੇ ਹੋ।”
14. ਮਾਪਿਆਂ ਨੂੰ ਜਾਣਨ ਦੀ ਕਿਉਂ ਲੋੜ ਹੈ ਕਿ ਉਨ੍ਹਾਂ ਦੇ ਬੱਚੇ ਕਿਨ੍ਹਾਂ ਨਾਲ ਸੰਗਤੀ ਕਰਦੇ ਹਨ?
14 ਸਹੀ ਦੋਸਤ ਚੁਣਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਮਾਤਾ ਤੇ ਪਿਤਾ ਦੋਵਾਂ ਨੂੰ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਦੇ ਬੱਚੇ ਕਿਨ੍ਹਾਂ ਨਾਲ ਸੰਗਤੀ ਕਰਦੇ ਹਨ ਅਤੇ ਉਹ ਕੀ ਕਰਦੇ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਦੇ ਬੱਚੇ ਸੋਸ਼ਲ ਮੀਡੀਆ ਅਤੇ ਮੋਬਾਇਲ ʼਤੇ ਕਿਨ੍ਹਾਂ ਨਾਲ ਗੱਲਾਂ ਕਰਦੇ ਹਨ। ਇਨ੍ਹਾਂ ਦੋਸਤਾਂ ਦਾ ਤੁਹਾਡੇ ਬੱਚਿਆਂ ਦੀ ਸੋਚ ਤੇ ਕੰਮਾਂ ʼਤੇ ਅਸਰ ਪੈ ਸਕਦਾ ਹੈ।—1 ਕੁਰਿੰ. 15:33.
15. ਮਾਪੇ ਜੱਸੀ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
15 ਜੇ ਮਾਪਿਆਂ ਨੂੰ ਕੰਪਿਊਟਰ ਜਾਂ ਮੋਬਾਇਲ ਵਗੈਰਾ ਬਾਰੇ ਜ਼ਿਆਦਾ ਕੁਝ ਨਹੀਂ ਪਤਾ, ਤਾਂ ਉਹ ਕੀ ਕਰ ਸਕਦੇ ਹਨ? ਫ਼ਿਲਪੀਨ ਵਿਚ ਰਹਿਣ ਵਾਲਾ ਜੱਸੀ ਨਾਂ ਦਾ ਇਕ ਪਿਤਾ ਦੱਸਦਾ ਹੈ: “ਚਾਹੇ ਸਾਨੂੰ ਇਲੈਕਟ੍ਰਾਨਿਕ ਚੀਜ਼ਾਂ ਬਾਰੇ ਥੋੜ੍ਹਾ-ਬਹੁਤਾ ਹੀ ਪਤਾ ਹੈ, ਪਰ ਫਿਰ ਵੀ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਨਾਲ ਸੰਬੰਧਿਤ ਖ਼ਤਰਿਆਂ ਤੋਂ ਖ਼ਬਰਦਾਰ ਕਰਦੇ ਰਹੇ।” ਭਾਵੇਂ ਜੱਸੀ ਨੂੰ ਇਲੈਕਟ੍ਰਾਨਿਕ ਚੀਜ਼ਾਂ ਬਾਰੇ ਜ਼ਿਆਦਾ ਕੁਝ ਨਹੀਂ ਪਤਾ ਸੀ, ਪਰ ਇਸ ਕਰਕੇ ਉਸ ਨੇ ਆਪਣੇ ਬੱਚਿਆਂ ਨੂੰ ਇਨ੍ਹਾਂ ਨੂੰ ਵਰਤਣ ਤੋਂ ਰੋਕਿਆ ਨਹੀਂ। ਉਹ ਦੱਸਦਾ ਹੈ: “ਮੈਂ ਆਪਣੇ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਨ੍ਹਾਂ ਨੂੰ ਵਰਤ ਕੇ ਨਵੀਂ ਭਾਸ਼ਾ ਸਿੱਖਣ, ਸਭਾਵਾਂ ਦੀ ਤਿਆਰੀ ਕਰਨ ਅਤੇ ਹਰ ਰੋਜ਼ ਬਾਈਬਲ ਪੜ੍ਹਨ।” ਜੇ ਤੁਸੀਂ ਮਾਪੇ ਹੋ, ਤਾਂ ਕੀ ਤੁਸੀਂ ਆਪਣੇ ਬੱਚਿਆਂ ਨਾਲ jw.org® ʼਤੇ “ਨੌਜਵਾਨਾਂ ਲਈ” ਸੈਕਸ਼ਨ ਹੇਠ, ਮੈਸਿਜ ਕਰਨ ਅਤੇ ਆਨ-ਲਾਈਨ ਫੋਟੋਆਂ ਪਾਉਣ ਸੰਬੰਧੀ ਦਿੱਤੀ ਵਧੀਆ ਸਲਾਹ ʼਤੇ ਚਰਚਾ ਕੀਤੀ ਹੈ? ਕੀ ਤੁਸੀਂ ਉਨ੍ਹਾਂ ਨਾਲ “ਕੀ ਤੁਸੀਂ ਇਲੈਕਟ੍ਰਾਨਿਕ ਚੀਜ਼ਾਂ ਦੇ ਗ਼ੁਲਾਮ ਹੋ?” ਅਤੇ “ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ” ਵੀਡੀਓ ʼਤੇ ਚਰਚਾ ਕੀਤੀ ਹੈ?b ਇਸ ਜਾਣਕਾਰੀ ਰਾਹੀਂ ਤੁਸੀਂ ਆਪਣੇ ਬੱਚਿਆਂ ਨੂੰ ਇਲੈਕਟ੍ਰਾਨਿਕ ਚੀਜ਼ਾਂ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਸਿਖਾ ਸਕਦੇ ਹੋ।—ਕਹਾ. 13:20.
16. ਬਹੁਤ ਸਾਰੇ ਮਾਪਿਆਂ ਨੇ ਕੀ ਕੀਤਾ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
16 ਬਹੁਤ ਸਾਰੇ ਮਾਪੇ ਇਹ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਦੀ ਸੇਵਾ ਵਿਚ ਵਧੀਆ ਮਿਸਾਲ ਰੱਖਣ ਵਾਲੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਸਕਣ। ਮਿਸਾਲ ਲਈ, ਕੋਟ ਡਿਵੁਆਰ ਦਾ ਰਹਿਣ ਵਾਲਾ ਨਡਾਨੀ ਅਤੇ ਬੋਮੀਨ ਨਾਂ ਦਾ ਜੋੜਾ ਅਕਸਰ ਆਪਣੇ ਘਰ ਸਰਕਟ ਓਵਰਸੀਅਰ ਨੂੰ ਰੱਖਦਾ ਸੀ। ਨਡਾਨੀ ਦੱਸਦਾ ਹੈ: “ਇਸ ਦਾ ਸਾਡੇ ਮੁੰਡੇ ʼਤੇ ਬਹੁਤ ਵਧੀਆ ਅਸਰ ਪਿਆ। ਉਸ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਅਤੇ ਹੁਣ ਉਹ ਕਦੇ-ਕਦੇ ਸਰਕਟ ਓਵਰਸੀਅਰ ਦੀ ਥਾਂ ਮੰਡਲੀ ਦਾ ਦੌਰਾ ਕਰਦਾ ਹੈ।” ਕੀ ਤੁਸੀਂ ਵੀ ਆਪਣੇ ਬੱਚਿਆਂ ਲਈ ਇਸ ਤਰ੍ਹਾਂ ਦੀ ਸੰਗਤੀ ਦਾ ਕੋਈ ਪ੍ਰਬੰਧ ਕਰ ਸਕਦੇ ਹੋ?
17-18. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਈ ਕਦੋਂ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ?
17 ਜਿੰਨੀ ਛੇਤੀ ਹੋ ਸਕੇ, ਆਪਣੇ ਬੱਚਿਆਂ ਨੂੰ ਸਿਖਲਾਈ ਦਿਓ। ਜਿੰਨੀ ਛੇਤੀ ਮਾਪੇ ਆਪਣੇ ਬੱਚਿਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰਨਗੇ, ਉੱਨਾ ਜ਼ਿਆਦਾ ਵਧੀਆ ਹੋਵੇਗਾ। (ਕਹਾ. 22:6) ਜ਼ਰਾ ਤਿਮੋਥਿਉਸ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੇ ਬਾਅਦ ਵਿਚ ਪੌਲੁਸ ਰਸੂਲ ਨਾਲ ਸਫ਼ਰ ਕੀਤਾ। ਤਿਮੋਥਿਉਸ ਦੀ ਮਾਤਾ ਯੂਨੀਕਾ ਅਤੇ ਉਸ ਦੀ ਨਾਨੀ ਲੋਇਸ ਨੇ ਉਸ ਨੂੰ “ਛੋਟੇ ਹੁੰਦਿਆਂ ਤੋਂ” ਹੀ ਸਿਖਲਾਈ ਦਿੱਤੀ।—2 ਤਿਮੋ. 1:5; 3:15.
18 ਕੋਟ ਡਿਵੁਆਰ ਤੋਂ ਜ਼ੋਨ-ਕਲੌਡ ਅਤੇ ਪੀਸ ਨਾਂ ਦਾ ਇਕ ਹੋਰ ਜੋੜਾ ਆਪਣੇ ਛੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਸਿਖਾ ਸਕਿਆ। ਕਿਸ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਉਨ੍ਹਾਂ ਨੇ ਯੂਨੀਕਾ ਅਤੇ ਲੋਇਸ ਦੀ ਮਿਸਾਲ ਦੀ ਰੀਸ ਕੀਤੀ। ਉਨ੍ਹਾਂ ਨੇ ਕਿਹਾ: “ਆਪਣੇ ਬੱਚਿਆਂ ਦੇ ਪੈਦਾ ਹੋਣ ਤੋਂ ਛੇਤੀ ਬਾਅਦ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਿਖਾਉਣਾ ਸ਼ੁਰੂ ਕਰ ਦਿੱਤਾ।”—ਬਿਵ. 6:6, 7.
19. ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਿਖਾਉਣ ਵਿਚ ਕੀ ਕੁਝ ਸ਼ਾਮਲ ਹੈ?
19 ਆਪਣੇ ਬੱਚਿਆਂ ਨੂੰ ਯਹੋਵਾਹ ਦੇ ਬਚਨ ਤੋਂ “ਸਿਖਲਾਓ” ਸ਼ਬਦ ਦਾ ਕੀ ਮਤਲਬ ਹੈ? “ਸਿਖਲਾਓ” ਸ਼ਬਦ ਦਾ ਮਤਲਬ ਹੈ, ‘ਵਾਰ-ਵਾਰ ਸਮਝਾਉਣਾ।’ ਇੱਦਾਂ ਕਰਨ ਲਈ ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਨਾਲ ਬਾਕਾਇਦਾ ਸਮਾਂ ਗੁਜ਼ਾਰਨ ਦੀ ਲੋੜ ਹੈ। ਕਦੀ-ਕਦਾਈਂ ਮਾਪੇ ਖਿੱਝ ਸਕਦੇ ਹਨ ਜਦੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਇੱਕੋ ਗੱਲ ਵਾਰ-ਵਾਰ ਦੱਸਣੀ ਪੈਂਦੀ ਹੈ। ਪਰ ਮਾਪੇ ਇਸ ਨੂੰ ਆਪਣੇ ਬੱਚਿਆਂ ਦੀ ਪਰਮੇਸ਼ੁਰ ਦਾ ਬਚਨ ਸਮਝਣ ਅਤੇ ਇਸ ਨੂੰ ਲਾਗੂ ਕਰਨ ਵਿਚ ਮਦਦ ਕਰਨ ਦਾ ਮੌਕਾ ਸਮਝ ਸਕਦੇ ਹਨ।
20. ਸਮਝਾਓ ਕਿ ਬੱਚਿਆਂ ਦੀ ਪਰਵਰਿਸ਼ ਕਰਨ ਸੰਬੰਧੀ ਜ਼ਬੂਰ 127:4 ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।
20 ਸਮਝਦਾਰ ਬਣੋ। ਜ਼ਬੂਰ 127 ਵਿਚ ਬੱਚਿਆਂ ਦੀ ਤੁਲਨਾ ਤੀਰਾਂ ਨਾਲ ਕੀਤੀ ਗਈ ਹੈ। (ਜ਼ਬੂਰਾਂ ਦੀ ਪੋਥੀ 127:4 ਪੜ੍ਹੋ।) ਜਿਸ ਤਰ੍ਹਾਂ ਤੀਰ ਅਲੱਗ-ਅਲੱਗ ਚੀਜ਼ਾਂ ਤੋਂ ਬਣਾਏ ਜਾ ਸਕਦੇ ਹਨ ਅਤੇ ਇਹ ਛੋਟੇ-ਵੱਡੇ ਹੋ ਸਕਦੇ ਹਨ, ਇਸੇ ਤਰ੍ਹਾਂ ਦੋ ਬੱਚੇ ਬਿਲਕੁਲ ਇੱਕੋ ਜਿਹੇ ਨਹੀਂ ਹੁੰਦੇ। ਇਸ ਲਈ ਮਾਪਿਆਂ ਨੂੰ ਦੇਖਣ ਦੀ ਲੋੜ ਹੈ ਕਿ ਉਹ ਆਪਣੇ ਹਰ ਬੱਚੇ ਨੂੰ ਕਿਵੇਂ ਸਿਖਲਾਈ ਦੇਣਗੇ। ਇਜ਼ਰਾਈਲ ਦੇ ਰਹਿਣ ਵਾਲੇ ਇਕ ਜੋੜੇ ਨੇ ਆਪਣੇ ਦੋ ਬੱਚਿਆਂ ਦੀ ਬਹੁਤ ਵਧੀਆ ਪਰਵਰਿਸ਼ ਕੀਤੀ ਜਿਸ ਕਰਕੇ ਬੱਚੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਉਹ ਦੱਸਦੇ ਹਨ ਕਿ ਕਿਹੜੀ ਚੀਜ਼ ਨੇ ਉਨ੍ਹਾਂ ਦੀ ਮਦਦ ਕੀਤੀ: “ਅਸੀਂ ਹਰ ਬੱਚੇ ਨਾਲ ਵੱਖੋ-ਵੱਖਰੇ ਸਮੇਂ ʼਤੇ ਸਟੱਡੀ ਕਰਦੇ ਸੀ।” ਅਸਲ ਵਿਚ, ਹਰ ਪਰਿਵਾਰ ਦਾ ਮੁਖੀ ਫ਼ੈਸਲਾ ਕਰੇਗਾ ਕਿ ਇਸ ਤਰ੍ਹਾਂ ਸਟੱਡੀ ਕਰਾਉਣੀ ਜ਼ਰੂਰੀ ਜਾਂ ਮੁਮਕਿਨ ਹੈ।
ਯਹੋਵਾਹ ਤੁਹਾਡੀ ਮਦਦ ਕਰੇਗਾ
21. ਮਾਪੇ ਯਹੋਵਾਹ ਤੋਂ ਕਿਸ ਤਰ੍ਹਾਂ ਦੀ ਮਦਦ ਦੀ ਉਮੀਦ ਰੱਖ ਸਕਦੇ ਹਨ?
21 ਮਾਪਿਆਂ ਨੂੰ ਸ਼ਾਇਦ ਕਦੀ-ਕਦਾਈਂ ਆਪਣੇ ਬੱਚਿਆਂ ਨੂੰ ਸਿਖਾਉਣਾ ਬਹੁਤ ਔਖਾ ਲੱਗੇ, ਪਰ ਬੱਚੇ ਯਹੋਵਾਹ ਵੱਲੋਂ ਤੋਹਫ਼ਾ ਹਨ। ਪਰਮੇਸ਼ੁਰ ਹਮੇਸ਼ਾ ਮਾਪਿਆਂ ਦੀ ਮਦਦ ਕਰਨ ਲਈ ਤਿਆਰ ਹੈ। ਉਹ ਖ਼ੁਸ਼ੀ-ਖ਼ੁਸ਼ੀ ਮਾਪਿਆਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। ਉਹ ਬਾਈਬਲ, ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਅਤੇ ਮੰਡਲੀ ਦੇ ਹੋਰ ਸਮਝਦਾਰ ਮਾਪਿਆਂ ਦੀਆਂ ਮਿਸਾਲਾਂ ਤੇ ਉਨ੍ਹਾਂ ਦੀਆਂ ਸਲਾਹਾਂ ਰਾਹੀਂ ਪ੍ਰਾਰਥਨਾਵਾਂ ਦੇ ਜਵਾਬ ਦਿੰਦਾ ਹੈ।
22. ਮਾਪੇ ਆਪਣੇ ਬੱਚਿਆਂ ਨੂੰ ਕਿਹੜੀਆਂ ਕੁਝ ਸਭ ਤੋਂ ਵਧੀਆ ਚੀਜ਼ਾਂ ਦੇ ਸਕਦੇ ਹਨ?
22 ਇਹ ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ਪਰਵਰਿਸ਼ ਕਰਨ ਦਾ ਕੰਮ 20 ਸਾਲਾਂ ਦਾ ਹੈ, ਪਰ ਮਾਪੇ ਆਪਣਾ ਫ਼ਰਜ਼ ਨਿਭਾਉਣਾ ਕਦੇ ਵੀ ਨਹੀਂ ਛੱਡਦੇ। ਉਹ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਚੀਜ਼ਾਂ ਦੇ ਸਕਦੇ ਹਨ, ਜਿਵੇਂ ਪਿਆਰ, ਸਮਾਂ ਅਤੇ ਬਾਈਬਲ-ਆਧਾਰਿਤ ਸਿਖਲਾਈ। ਹਰ ਬੱਚਾ ਸਿਖਲਾਈ ਪ੍ਰਤੀ ਵੱਖਰੇ ਤਰੀਕੇ ਨਾਲ ਹੁੰਗਾਰਾ ਭਰੇਗਾ। ਪਰ ਜਿਨ੍ਹਾਂ ਬੱਚਿਆਂ ਦੀ ਪਰਵਰਿਸ਼ ਯਹੋਵਾਹ ਨੂੰ ਪਿਆਰ ਕਰਨ ਵਾਲੇ ਮਾਪਿਆਂ ਨੇ ਕੀਤੀ ਹੈ, ਉਹ ਏਸ਼ੀਆ ਦੀ ਰਹਿਣ ਵਾਲੀ ਜੋਆਨਾ ਨਾਂ ਦੀ ਭੈਣ ਵਾਂਗ ਮਹਿਸੂਸ ਕਰਦੇ ਹਨ। ਉਸ ਨੇ ਕਿਹਾ: “ਜਦੋਂ ਮੈਂ ਆਪਣੇ ਮਾਪਿਆਂ ਵੱਲੋਂ ਮਿਲੀ ਸਿਖਲਾਈ ਬਾਰੇ ਸੋਚਦੀ ਹਾਂ, ਤਾਂ ਮੈਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਅਨੁਸ਼ਾਸਨ ਦਿੱਤਾ ਅਤੇ ਮੈਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਇਆ। ਉਨ੍ਹਾਂ ਨੇ ਮੈਨੂੰ ਸਿਰਫ਼ ਜ਼ਿੰਦਗੀ ਹੀ ਨਹੀਂ ਦਿੱਤੀ, ਸਗੋਂ ਇਕ ਮਕਸਦ ਭਰੀ ਜ਼ਿੰਦਗੀ ਦਿੱਤੀ ਹੈ।” (ਕਹਾ. 23:24, 25) ਲੱਖਾਂ ਹੀ ਭੈਣ-ਭਰਾ ਇਸੇ ਤਰੀਕੇ ਨਾਲ ਮਹਿਸੂਸ ਕਰਦੇ ਹਨ।
ਗੀਤ 9 ਯਹੋਵਾਹ ਦੀ ਜੈ ਜੈਕਾਰ ਕਰੋ!
a ਕੀ ਵਿਆਹੇ ਜੋੜਿਆਂ ਦੇ ਬੱਚੇ ਹੋਣੇ ਚਾਹੀਦੇ ਹਨ? ਜੇ ਹਾਂ, ਤਾਂ ਕਿੰਨੇ ਹੋਣੇ ਚਾਹੀਦੇ ਹਨ? ਉਹ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਕਿਵੇਂ ਸਿਖਾ ਸਕਦੇ ਹਨ? ਇਸ ਲੇਖ ਵਿਚ ਅੱਜ ਦੇ ਜ਼ਮਾਨੇ ਦੀਆਂ ਮਿਸਾਲਾਂ ਅਤੇ ਬਾਈਬਲ ਦੇ ਅਸੂਲ ਦਿੱਤੇ ਗਏ ਹਨ ਜੋ ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਵਿਚ ਸਾਡੀ ਮਦਦ ਕਰਨਗੇ।
b ਜੂਨ 2018 ਦੀ ਸਭਾ ਪੁਸਤਿਕਾ ਵਿੱਚੋਂ “ਸੋਸ਼ਲ ਨੈੱਟਵਰਕਿੰਗ—ਖ਼ਤਰਿਆਂ ਤੋਂ ਬਚੋ” ਨਾਂ ਦਾ ਲੇਖ ਵੀ ਦੇਖੋ।
c ਤਸਵੀਰਾਂ ਬਾਰੇ ਜਾਣਕਾਰੀ: ਇਕ ਜੋੜਾ ਇਹ ਚਰਚਾ ਕਰਦਾ ਹੋਇਆ ਕਿ ਉਹ ਬੱਚੇ ਪੈਦਾ ਕਰੇਗਾ ਜਾਂ ਨਹੀਂ। ਨਾਲੇ ਗੱਲ ਕਰਦਾ ਹੋਇਆ ਕਿ ਬੱਚੇ ਆਉਣ ਕਰਕੇ ਉਨ੍ਹਾਂ ਨੂੰ ਕਿਹੜੀਆਂ ਖ਼ੁਸ਼ੀਆਂ ਮਿਲਣਗੀਆਂ ਤੇ ਉਨ੍ਹਾਂ ʼਤੇ ਕਿਹੜੀਆਂ ਜ਼ਿੰਮੇਵਾਰੀਆਂ ਆਉਣਗੀਆਂ।
d ਤਸਵੀਰਾਂ ਬਾਰੇ ਜਾਣਕਾਰੀ: ਬੱਚਿਆਂ ਦੀ ਉਮਰ ਤੇ ਕਾਬਲੀਅਤਾਂ ਵੱਖੋ-ਵੱਖਰੀਆਂ ਹੋਣ ਕਰਕੇ ਮਾਪੇ ਬੱਚਿਆਂ ਨਾਲ ਅਲੱਗ-ਅਲੱਗ ਸਟੱਡੀ ਕਰਦੇ ਹੋਏ।