ਕੀ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਸਹੀ ਢੰਗ ਨਾਲ ਵਰਤ ਰਹੇ ਹੋ?
1 ਯਿਸੂ ਮਸੀਹ ਉਹ ਸਰਬ ਮਹਾਨ ਸਿੱਖਿਅਕ ਹੈ ਜੋ ਧਰਤੀ ਉੱਤੇ ਕਦੀ ਜੀਉਂਦਾ ਰਿਹਾ। ਉਹ ਅਜਿਹੇ ਢੰਗ ਨਾਲ ਬੋਲਿਆ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਛੋਹਿਆ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਉਕਸਾਇਆ, ਅਤੇ ਉਨ੍ਹਾਂ ਨੂੰ ਭਲੇ ਕੰਮ ਕਰਨ ਲਈ ਪ੍ਰੇਰਿਤ ਕੀਤਾ। (ਮੱਤੀ 7:28, 29) ਉਸ ਨੇ ਹਮੇਸ਼ਾ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਸਿੱਖਿਆ ਦੇ ਆਧਾਰ ਵਜੋਂ ਇਸਤੇਮਾਲ ਕੀਤਾ। (ਲੂਕਾ 24:44, 45) ਉਹ ਜੋ ਕੁਝ ਜਾਣਦਾ ਸੀ ਅਤੇ ਸਿਖਾਉਣ ਦੇ ਯੋਗ ਸੀ, ਇਸ ਸਭ ਦਾ ਸਿਹਰਾ ਉਸ ਨੇ ਯਹੋਵਾਹ ਪਰਮੇਸ਼ੁਰ ਦੇ ਸਿਰ ਦਿੱਤਾ। (ਯੂਹੰ. 7:16) ਯਿਸੂ ਨੇ ਪਰਮੇਸ਼ੁਰ ਦੇ ਬਚਨ ਨੂੰ ਸਹੀ ਢੰਗ ਨਾਲ ਵਰਤਣ ਦੁਆਰਾ ਆਪਣੇ ਪੈਰੋਕਾਰਾਂ ਲਈ ਉੱਤਮ ਮਿਸਾਲ ਰੱਖੀ।—2 ਤਿਮੋ. 2:15, ਨਿ ਵ.
2 ਰਸੂਲ ਪੌਲੁਸ ਨੇ ਵੀ ਪਰਮੇਸ਼ੁਰ ਦੇ ਬਚਨ ਨੂੰ ਪ੍ਰਭਾਵਕ ਤੌਰ ਤੇ ਵਰਤਣ ਦੁਆਰਾ ਇਕ ਸਿਰਕੱਢਵੀਂ ਮਿਸਾਲ ਪੇਸ਼ ਕੀਤੀ। ਉਸ ਨੇ ਕੇਵਲ ਦੂਜਿਆਂ ਲਈ ਸ਼ਾਸਤਰ ਹੀ ਨਹੀਂ ਪੜ੍ਹਿਆ; ਉਸ ਨੇ ਪਰਮੇਸ਼ੁਰ ਦੇ ਬਚਨ ਤੋਂ ਸਬੂਤ ਪੇਸ਼ ਕਰਦੇ ਹੋਏ ਕਿ ਯਿਸੂ ਹੀ ਮਸੀਹ ਸੀ, ਪੜ੍ਹੀਆਂ ਗਈਆਂ ਗੱਲਾਂ ਨੂੰ ਸਮਝਾਇਆ ਅਤੇ ਉਨ੍ਹਾਂ ਉੱਤੇ ਤਰਕ ਕੀਤਾ। (ਰਸੂ. 17:2-4) ਇਸੇ ਤਰ੍ਹਾਂ, ਸੁਵਕਤਾ ਚੇਲਾ ਅਪੁੱਲੋਸ “ਲਿਖਤਾਂ ਵਿੱਚ ਵੱਡਾ ਸੁਚੇਤ ਸੀ,” ਅਤੇ ਉਸ ਨੇ ਸੱਚਾਈ ਦੀ ਸ਼ਕਤੀਸ਼ਾਲੀ ਪੇਸ਼ਕਾਰੀ ਦੇਣ ਵਿਚ ਇਨ੍ਹਾਂ ਨੂੰ ਸਹੀ ਢੰਗ ਨਾਲ ਵਰਤਿਆ।—ਰਸੂ. 18:24, 28.
3 ਪਰਮੇਸ਼ੁਰ ਦੇ ਬਚਨ ਦਾ ਸਿੱਖਿਅਕ ਬਣੋ: ਆਧੁਨਿਕ-ਦਿਨ ਦੇ ਰਾਜ ਘੋਸ਼ਕਾਂ ਨੇ ਬਾਈਬਲ ਵਿੱਚੋਂ ਹਵਾਲੇ ਦੇਣ ਅਤੇ ਤਰਕ ਕਰਨ ਦੁਆਰਾ ਸੁਹਿਰਦ ਲੋਕਾਂ ਨੂੰ ਸਿਖਾਉਣ ਵਿਚ ਸ਼ਾਨਦਾਰ ਸਫ਼ਲਤਾ ਦਾ ਆਨੰਦ ਮਾਣਿਆ ਹੈ। ਇਕ ਮੌਕੇ ਤੇ, ਇਕ ਭਰਾ ਹਿਜ਼ਕੀਏਲ 18:4 ਅਤੇ ਇਸ ਨਾਲ ਸੰਬੰਧਿਤ ਸ਼ਾਸਤਰਵਚਨਾਂ ਨੂੰ ਇਸਤੇਮਾਲ ਕਰਦੇ ਹੋਏ, ਇਕ ਪਾਸਟਰ ਅਤੇ ਉਸ ਦੇ ਪੈਰਿਸ਼ ਦੇ ਤਿੰਨ ਵਸਨੀਕਾਂ ਨਾਲ ਦੁਸ਼ਟ ਅਤੇ ਧਰਮੀ ਲੋਕਾਂ ਦੀ ਹੋਣੀ ਉੱਤੇ ਤਰਕ ਕਰ ਸਕਿਆ। ਸਿੱਟੇ ਵਜੋਂ, ਗਿਰਜੇ ਦੇ ਕੁਝ ਸਦੱਸਾਂ ਨੇ ਅਧਿਐਨ ਕਰਨਾ ਆਰੰਭ ਕੀਤਾ, ਅਤੇ ਉਨ੍ਹਾਂ ਵਿੱਚੋਂ ਇਕ ਨੇ ਆਖ਼ਰਕਾਰ ਸੱਚਾਈ ਨੂੰ ਸਵੀਕਾਰ ਕੀਤਾ। ਇਕ ਹੋਰ ਮੌਕੇ ਤੇ, ਇਕ ਭੈਣ ਨੂੰ ਇਕ ਰੁਚੀ ਰੱਖਣ ਵਾਲੀ ਔਰਤ ਦੇ ਵਿਰੋਧੀ ਪਤੀ ਨੂੰ ਇਹ ਸਮਝਾਉਣ ਲਈ ਆਖਿਆ ਗਿਆ ਕਿ ਕਿਉਂ ਯਹੋਵਾਹ ਦੇ ਗਵਾਹ ਕ੍ਰਿਸਮਸ ਅਤੇ ਜਨਮ-ਦਿਨ ਨਹੀਂ ਮਨਾਉਂਦੇ ਹਨ। ਜਿਉਂ-ਜਿਉਂ ਉਸ ਨੇ ਸਿੱਧਾ ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਵਿੱਚੋਂ ਸ਼ਾਸਤਰ ਸੰਬੰਧੀ ਜਵਾਬ ਪੜ੍ਹੇ, ਉਸ ਆਦਮੀ ਨੇ ਆਪਣੀ ਸਹਿਮਤੀ ਵਿਅਕਤ ਕੀਤੀ। ਉਸ ਦੀ ਪਤਨੀ ਉਸ ਦੀ ਸਹਿਮਤੀ ਤੇ ਇੰਨੀ ਖ਼ੁਸ਼ ਹੋਈ ਕਿ ਉਸ ਨੇ ਕਿਹਾ: “ਅਸੀਂ ਤੁਹਾਡੀਆਂ ਸਭਾਵਾਂ ਲਈ ਆਵਾਂਗੇ।” ਅਤੇ ਪਤੀ ਸਹਿਮਤ ਹੋਇਆ!
4 ਉਪਲਬਧ ਮਦਦ ਦੀ ਵਰਤੋਂ ਕਰੋ: ਸਾਡੀ ਰਾਜ ਸੇਵਕਾਈ ਅਤੇ ਸੇਵਾ ਸਭਾ ਕਾਰਜਕ੍ਰਮ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਸਹੀ ਢੰਗ ਨਾਲ ਵਰਤਣ ਵਿਚ ਮਦਦ ਦੇਣ ਲਈ ਵਧੀਆ ਨਿਰਦੇਸ਼ਨ ਪੇਸ਼ ਕਰਦੇ ਹਨ। ਅਨੇਕ ਪ੍ਰਕਾਸ਼ਕਾਂ ਨੇ ਸੁਝਾਉ ਦਿੱਤੀਆਂ ਗਈਆਂ ਉਨ੍ਹਾਂ ਵਿਵਿਧ ਪੇਸ਼ਕਾਰੀਆਂ ਲਈ ਕਦਰਦਾਨੀ ਪ੍ਰਗਟ ਕੀਤੀ ਹੈ ਜੋ ਸਾਡੇ ਫ਼ਾਇਦੇ ਲਈ ਪ੍ਰਕਾਸ਼ਿਤ ਅਤੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ ਅਤੇ ਜੋ ਬਹੁਤ ਹੀ ਸਮੇਂ-ਅਨੁਕੂਲ ਅਤੇ ਪ੍ਰਭਾਵਕ ਸਾਬਤ ਹੋਈਆਂ ਹਨ। ਉਨ੍ਹਾਂ 70 ਤੋਂ ਵੱਧ ਮੁੱਖ ਵਿਸ਼ੇ ਜਿਨ੍ਹਾਂ ਦੀ ਚਰਚਾ ਪਰਮੇਸ਼ੁਰ ਦੇ ਬਚਨ ਵਿਚ ਕੀਤੀ ਗਈ ਹੈ, ਦੀ ਸਹੀ ਢੰਗ ਨਾਲ ਕਿਵੇਂ ਵਿਆਖਿਆ ਕਰਨੀ ਹੈ, ਬਾਰੇ ਸ਼ਾਸਤਰ ਵਿੱਚੋਂ ਤਰਕ ਕਰਨਾ ਵਿਚ ਸੁਝਾਵਾਂ ਦਾ ਭੰਡਾਰ ਪਾਇਆ ਜਾਂਦਾ ਹੈ। ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਉਨ੍ਹਾਂ ਸਾਰੀਆਂ ਮੂਲ ਬਾਈਬਲ ਸਿੱਖਿਆਵਾਂ ਦਾ ਇਕ ਸੰਖਿਪਤ ਸਾਰਾਂਸ਼ ਪੇਸ਼ ਕਰਦੀ ਹੈ ਜਿਨ੍ਹਾਂ ਬਾਰੇ ਨਵੇਂ ਵਿਅਕਤੀਆਂ ਨੂੰ ਸਮਝਣ ਦੀ ਲੋੜ ਹੈ। ਦੈਵ-ਸ਼ਾਸਕੀ ਸੇਵਕਾਈ ਸਕੂਲ ਗਾਈਡਬੁੱਕ (ਅੰਗ੍ਰੇਜ਼ੀ) ਵਿਚ ਪਾਠ 24 ਅਤੇ 25 ਸਾਨੂੰ ਦਿਖਾਉਂਦੇ ਹਨ ਕਿ ਨਿਪੁੰਨ ਸਿੱਖਿਅਕ ਕਿਵੇਂ ਸ਼ਾਸਤਰਵਚਨਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਦੇ, ਪੜ੍ਹਦੇ, ਅਤੇ ਲਾਗੂ ਕਰਦੇ ਹਨ। ਸਾਨੂੰ ਇਸ ਸਾਰੀ ਮਦਦ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਾਡੇ ਲਈ ਸਹਿਜੇ ਹੀ ਉਪਲਬਧ ਹਨ।
5 ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਸਹੀ ਢੰਗ ਨਾਲ ਵਰਤਦੇ ਹਾਂ, ਤਾਂ ਅਸੀਂ ਪਾਵਾਂਗੇ ਕਿ ਇਹ ‘ਜੀਉਂਦਾ ਅਤੇ ਗੁਣਕਾਰ ਹੈ’ ਅਤੇ ਉਨ੍ਹਾਂ ਦੇ “ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ” ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ। (ਇਬ. 4:12) ਇਸ ਨਾਲ ਜੋ ਸਫ਼ਲਤਾ ਦਾ ਆਨੰਦ ਅਸੀਂ ਮਾਣਦੇ ਹਾਂ, ਉਹ ਸਾਨੂੰ ਹੋਰ ਵੀ ਜ਼ਿਆਦਾ ਦਲੇਰੀ ਨਾਲ ਸੱਚਾਈ ਦੱਸਣ ਲਈ ਪ੍ਰੇਰਿਤ ਕਰੇਗੀ!—ਰਸੂ. 4:31.