ਕੀ ਤੁਹਾਡੇ “ਸਰੀਰ ਵਿੱਚ ਇੱਕ ਕੰਡਾ” ਹੈ?
1 ਸਾਡੀ ਤੀਬਰ ਇੱਛਾ ਹੈ ਕਿ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਆਪਣੀ ਕਾਰਜ-ਨਿਯੁਕਤੀ ਨੂੰ ਪੂਰਾ ਕਰਨ ਲਈ ਆਪਣੀ ਯੋਗਤਾ ਅਨੁਸਾਰ ਜਿੰਨਾ ਹੋ ਸਕੇ ਉੱਨਾ ਕਰੀਏ। ਪਰੰਤੂ, ਸਾਡੇ ਬਹੁਤ ਸਾਰੇ ਪਿਆਰੇ ਭੈਣ-ਭਰਾ ਇਸ ਵਿਚ ਪੂਰੀ ਤਰ੍ਹਾਂ ਹਿੱਸਾ ਲੈਣਾ ਮੁਸ਼ਕਲ ਪਾਉਂਦੇ ਹਨ ਕਿਉਂਕਿ ਗੰਭੀਰ ਸਰੀਰਕ ਬੀਮਾਰੀਆਂ ਜਾਂ ਅਪਾਹਜਪੁਣਾ ਇਸ ਵਿਚ ਵਿਘਨ ਪਾਉਂਦਾ ਹੈ, ਜਿਸ ਕਰਕੇ ਉਹ ਜਿੰਨਾ ਕਰਨਾ ਚਾਹੁੰਦੇ ਹਨ ਉੱਨਾ ਨਹੀਂ ਕਰ ਸਕਦੇ ਹਨ। ਉਨ੍ਹਾਂ ਲਈ ਨਿਰਉਤਸ਼ਾਹ ਦੀਆਂ ਭਾਵਨਾਵਾਂ ਨਾਲ ਨਜਿੱਠਣਾ ਇਕ ਚੁਣੌਤੀ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਉਹ ਆਪਣੇ ਇਰਦ-ਗਿਰਦ ਦੂਜਿਆਂ ਨੂੰ ਸੇਵਕਾਈ ਵਿਚ ਇੰਨਾ ਸਰਗਰਮ ਦੇਖਦੇ ਹਨ।—1 ਕੁਰਿੰ. 9:16.
2 ਰੀਸ ਕਰਨ ਲਈ ਇਕ ਮਿਸਾਲ: ਰਸੂਲ ਪੌਲੁਸ ਨੂੰ “ਸਰੀਰ ਵਿੱਚ ਇੱਕ ਕੰਡਾ” ਸਹਿਣਾ ਪਿਆ ਸੀ। ਉਸ ਨੇ ਤਿੰਨ ਵਾਰ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਕਿ ਇਸ ਦੁਖਦਾਈ ਅੜਿੱਕੇ ਨੂੰ ਦੂਰ ਕੀਤਾ ਜਾਵੇ, ਜਿਸ ਨੂੰ ਉਸ ਨੇ ‘ਸ਼ਤਾਨ ਦੇ ਘੱਲੇ ਹੋਏ’ ਵਜੋਂ ਵਰਣਨ ਕੀਤਾ ਜੋ ਉਸ ਨੂੰ ਲਗਾਤਾਰ ਹੂਰੇ ਮਾਰਦਾ ਸੀ। ਫਿਰ ਵੀ, ਇਸ ਦੇ ਬਾਵਜੂਦ, ਪੌਲੁਸ ਨੇ ਸਹਿਣ ਕੀਤਾ ਅਤੇ ਆਪਣੀ ਸੇਵਕਾਈ ਵਿਚ ਅੱਗੇ ਵਧਦਾ ਗਿਆ। ਉਸ ਨੇ ਆਪਣੇ ਉੱਤੇ ਤਰਸ ਨਹੀਂ ਖਾਧਾ ਅਤੇ ਨਾ ਹੀ ਉਹ ਹਮੇਸ਼ਾ ਆਪਣਾ ਦੁਖੜਾ ਰੋਂਦਾ ਸੀ। ਉਸ ਨੇ ਆਪਣੀ ਸਾਰੀ ਵਾਹ ਲਾ ਦਿੱਤੀ। ਇਸ ਨਾਲ ਨਜਿੱਠਣ ਵਿਚ ਉਸ ਦੀ ਸਫ਼ਲਤਾ ਦਾ ਰਾਜ਼ ਸੀ ਪਰਮੇਸ਼ੁਰ ਵੱਲੋਂ ਇਹ ਭਰੋਸਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” ਪੌਲੁਸ ਦੀ ਨਿਰਬਲਤਾਈ ਉਦੋਂ ਸ਼ਕਤੀ ਬਣ ਗਈ ਜਦੋਂ ਉਸ ਨੇ ਆਪਣੀ ਸਥਿਤੀ ਨੂੰ ਕਬੂਲ ਕਰਨਾ ਸਿੱਖਿਆ ਅਤੇ ਸਹਿਣ ਕਰਨ ਲਈ ਯਹੋਵਾਹ ਤੇ ਪਵਿੱਤਰ ਆਤਮਾ ਉੱਤੇ ਭਰੋਸਾ ਰੱਖਣਾ ਸਿੱਖਿਆ।—2 ਕੁਰਿੰ. 12:7-10.
3 ਤੁਸੀਂ ਕਿਵੇਂ ਸਹਿਣ ਕਰ ਸਕਦੇ ਹੋ: ਕੀ ਮਾਨਵੀ ਕਮਜ਼ੋਰੀ ਪਰਮੇਸ਼ੁਰ ਪ੍ਰਤੀ ਤੁਹਾਡੀ ਸੇਵਾ ਉੱਤੇ ਪਾਬੰਦੀ ਲਗਾਉਂਦੀ ਹੈ? ਜੇਕਰ ਹਾਂ, ਤਾਂ ਪੌਲੁਸ ਦੇ ਦ੍ਰਿਸ਼ਟੀਕੋਣ ਨੂੰ ਅਪਣਾਓ। ਭਾਵੇਂ ਇਸ ਰੀਤੀ-ਵਿਵਸਥਾ ਵਿਚ ਤੁਹਾਡੀ ਬੀਮਾਰੀ ਜਾਂ ਅਪਾਹਜਪੁਣੇ ਦਾ ਕੋਈ ਸਥਾਈ ਇਲਾਜ ਨਹੀਂ ਹੈ, ਫਿਰ ਵੀ ਤੁਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਸਕਦੇ ਹੋ, ਜੋ ਤੁਹਾਡੀਆਂ ਜ਼ਰੂਰਤਾਂ ਨੂੰ ਸਮਝਦਾ ਹੈ ਅਤੇ “ਸਮਰੱਥਾ ਦਾ ਅੱਤ ਵੱਡਾ ਮਹਾਤਮ” ਪ੍ਰਦਾਨ ਕਰਦਾ ਹੈ। (2 ਕੁਰਿੰ. 4:7) ਕਲੀਸਿਯਾ ਵਿਚ ਤੁਹਾਡੇ ਲਈ ਉਪਲਬਧ ਮਦਦ ਦਾ ਪੂਰਾ ਫ਼ਾਇਦਾ ਉਠਾਓ, ਅਤੇ ਆਪਣੇ ਆਪ ਨੂੰ ਵੱਖਰਾ ਨਾ ਕਰੋ। (ਕਹਾ. 18:1) ਜੇਕਰ ਤੁਸੀਂ ਘਰ-ਘਰ ਦੀ ਸੇਵਕਾਈ ਵਿਚ ਭਾਗ ਲੈਣਾ ਮੁਸ਼ਕਲ ਪਾਉਂਦੇ ਹੋ, ਤਾਂ ਗ਼ੈਰ-ਰਸਮੀ ਜਾਂ ਟੈਲੀਫ਼ੋਨ ਗਵਾਹੀ ਕਾਰਜ ਵਿਚ ਭਾਗ ਲੈਣ ਦੇ ਵਿਵਹਾਰਕ ਤਰੀਕੇ ਲੱਭੋ।
4 ਭਾਵੇਂ ਸਰੀਰ ਵਿਚ ਇਕ ਕੰਡੇ ਕਾਰਨ ਤੁਸੀਂ ਸੇਵਕਾਈ ਵਿਚ ਜ਼ਿਆਦਾ ਕੁਝ ਨਹੀਂ ਕਰ ਸਕਦੇ ਹੋ, ਫਿਰ ਵੀ ਤੁਹਾਨੂੰ ਅਜਿਹਾ ਮਹਿਸੂਸ ਕਰਨ ਦੀ ਲੋੜ ਨਹੀਂ ਕਿ ਤੁਸੀਂ ਕੁਝ ਵੀ ਨਹੀਂ ਕਰ ਰਹੇ ਹੋ। ਪੌਲੁਸ ਦੀ ਤਰ੍ਹਾਂ, ਤੁਸੀਂ ਵੀ ਆਪਣੀ ਤਾਕਤ ਅਤੇ ਪਰਿਸਥਿਤੀ ਅਨੁਸਾਰ, “ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ” ਦੇ ਸਕਦੇ ਹੋ। (ਰਸੂ. 20:24) ਜਿਉਂ-ਜਿਉਂ ਤੁਸੀਂ ਆਪਣੀ ਸੇਵਕਾਈ ਪੂਰੀ ਕਰਨ ਦਾ ਜਤਨ ਕਰਦੇ ਹੋ, ਨਿਸ਼ਚਿਤ ਹੋਵੋ ਕਿ ਯਹੋਵਾਹ ਤੁਹਾਡੇ ਤੋਂ ਬਹੁਤ ਖ਼ੁਸ਼ ਹੈ।—ਇਬ. 6:10.