ਯਹੋਵਾਹ ਨੂੰ ਉਡੀਕਦੇ ਰਹੋ
1. ਜ਼ਿਲ੍ਹਾ ਸੰਮੇਲਨ ਦਾ ਵਿਸ਼ਾ ਕੀ ਹੈ ਤੇ ਇਹ ਢੁਕਵਾਂ ਕਿਉਂ ਹੈ?
1 ਯਸਾਯਾਹ ਨੇ ਲਿਖਿਆ: “ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਓਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ!” (ਯਸਾ. 30:18) ਬਾਈਬਲ ਵਿਚ ਕਈ ਬਿਰਤਾਂਤ ਹਨ ਜਿਨ੍ਹਾਂ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਨੇ ਆਪਣੇ ਦੁਸ਼ਮਣਾਂ ਨੂੰ ਕਿਵੇਂ ਸਜ਼ਾ ਦਿੱਤੀ ਅਤੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਮੁਕਤੀ ਦਿਵਾਈ। ਇਨ੍ਹਾਂ ਬਿਰਤਾਂਤਾਂ ਤੋਂ ਅੱਜ ਯਹੋਵਾਹ ਦੇ ਭਗਤ ਕੀ ਸਿੱਖਦੇ ਹਨ? ਅੱਜ ਅਸੀਂ “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਲਈ ਤਿਆਰ ਹੋਣ ਵਾਸਤੇ ਕੀ ਕਰ ਸਕਦੇ ਹਾਂ? (ਯੋਏ. 2:31, 32) “ਸਾਡਾ ਛੁਟਕਾਰਾ ਨੇੜੇ ਹੈ!” ਨਾਮਕ ਜ਼ਿਲ੍ਹਾ ਸੰਮੇਲਨ ਸਾਨੂੰ ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰਨ ਅਤੇ ਆਪਣੀ ਜਾਂਚ ਕਰਨ ਲਈ ਪ੍ਰੇਰਿਤ ਕਰੇਗਾ। ਇਹ ਯਹੋਵਾਹ ਨੂੰ ਉਡੀਕਦੇ ਰਹਿਣ ਵਿਚ ਸਾਡੀ ਮਦਦ ਕਰੇਗਾ।
2. ਅਸੀਂ ਆਪਣੇ ਜ਼ਿਲ੍ਹਾ ਸੰਮੇਲਨ ਲਈ ਕਦਰ ਕਿਵੇਂ ਜ਼ਾਹਰ ਕਰ ਸਕਦੇ ਹਾਂ?
2 ਕੀ ਤੁਸੀਂ ਤਿੰਨੇ ਦਿਨ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋ ਕੇ ਲਾਭ ਹਾਸਲ ਕਰਨ ਦੇ ਇੰਤਜ਼ਾਮ ਕਰ ਲਏ ਹਨ? ਮਿਸਾਲ ਲਈ, ਕੀ ਤੁਸੀਂ ਆਪਣੇ ਮਾਲਕ ਨਾਲ ਛੁੱਟੀ ਲੈਣ ਬਾਰੇ ਗੱਲ ਕੀਤੀ ਹੈ? ਇਸ ਗੱਲ ਨੂੰ ਆਖ਼ਰੀ ਵਕਤ ਤਕ ਟਾਲਦੇ ਨਾ ਰਹੋ। ਪਹਿਲਾਂ ਇਸ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਤੇ ਫਿਰ ਮਾਲਕ ਨਾਲ ਛੁੱਟੀ ਬਾਰੇ ਗੱਲ ਕਰੋ। (ਨਹ. 2:4, 5) ਇਸੇ ਤਰ੍ਹਾਂ ਸਾਨੂੰ ਆਉਣ-ਜਾਣ ਅਤੇ ਰਹਿਣ ਦਾ ਇੰਤਜ਼ਾਮ ਕਰਨ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਤੇ ਹੋਰਨਾਂ ਜ਼ਰੂਰੀ ਗੱਲਾਂ ਨੂੰ ਟਾਲਦੇ ਨਹੀਂ ਰਹਿਣਾ ਚਾਹੀਦਾ। ਪਹਿਲਾਂ ਤੋਂ ਚੰਗੀ ਤਿਆਰੀ ਕਰਨ ਨਾਲ ਅਸੀਂ ਯਹੋਵਾਹ ਵੱਲੋਂ ਕੀਤੇ ਅਧਿਆਤਮਿਕ ਪ੍ਰਬੰਧਾਂ ਲਈ ਗਹਿਰੀ ਕਦਰ ਜ਼ਾਹਰ ਕਰਦੇ ਹਾਂ। ਬਜ਼ੁਰਗਾਂ ਨੂੰ ਸੰਮੇਲਨ ਲਈ ਤਿਆਰੀਆਂ ਕਰਨ ਸੰਬੰਧੀ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਖ਼ਾਸਕਰ ਕਲੀਸਿਯਾ ਦੇ ਬਿਰਧ ਭੈਣਾਂ-ਭਰਾਵਾਂ ਦੀ।—ਗਲਾ. 6:10.
3. ਸੰਮੇਲਨ ਵਾਲੇ ਸ਼ਹਿਰ ਵਿਚ ਯਹੋਵਾਹ ਦੇ ਲੋਕਾਂ ਨੂੰ ਕਿਹੜੇ ਗੁਣ ਜ਼ਾਹਰ ਕਰਨੇ ਚਾਹੀਦੇ ਹਨ?
3 ਚੰਗਾ ਚਾਲ-ਚਲਣ ਰੱਖਣ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ: ਜਦੋਂ ਅਸੀਂ ਸੰਮੇਲਨਾਂ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੁੰਦੇ ਹਾਂ, ਤਾਂ ਸਾਡਾ ਚੰਗਾ ਚਾਲ-ਚਲਣ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਗਵਾਹੀ ਮਿਲਦੀ ਹੈ। ਇਸ ਦੇ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸੰਮੇਲਨ ਵਾਲੇ ਸ਼ਹਿਰ ਵਿਚ ਅਸੀਂ ਭਾਵੇਂ ਹੋਟਲਾਂ, ਰੈਸਤੋਰਾਂ ਜਾਂ ਸ਼ਾਪਿੰਗ ਸੈਂਟਰਾਂ ਵਿਚ ਹੋਈਏ, ਪਰ ਲੋਕਾਂ ਨਾਲ ਪੇਸ਼ ਆਉਣ ਵੇਲੇ ਸਾਡੇ ਮਸੀਹੀ ਗੁਣ ਝਲਕਣੇ ਚਾਹੀਦੇ ਹਨ ਜਿਵੇਂ ਧੀਰਜ, ਨਰਮਾਈ, ਸੰਜਮ ਤੇ ਖਿਮਾ। (ਗਲਾ. 5:22, 23; ਫ਼ਿਲਿ. 4:5) ਸਾਨੂੰ ਸਾਰਿਆਂ ਨੂੰ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿਉਂਕਿ ਪਿਆਰ ‘ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ ਅਤੇ ਚਿੜ੍ਹਦਾ ਨਹੀਂ।’ ਮੁਸ਼ਕਲਾਂ ਖੜ੍ਹੀਆਂ ਹੋਣ ਤੇ ਵੀ ਅਸੀਂ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰਾਂਗੇ।’—1 ਕੁਰਿੰ. 10:31; 13:5.
4. ਮਾਪੇ ਅਜਿਹਾ ਵਤੀਰਾ ਰੱਖਣ ਵਿਚ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ ਜਿਸ ਨਾਲ ਯਹੋਵਾਹ ਦੀ ਮਹਿਮਾ ਹੋਵੇ?
4 ਇਕ ਸੰਮੇਲਨ ਤੋਂ ਬਾਅਦ ਇਕ ਹੋਟਲ ਦਾ ਮੈਨੇਜਰ ਗਵਾਹਾਂ ਦੇ ਬੱਚਿਆਂ ਦੇ ਚਾਲ-ਚਲਣ ਅਤੇ ਸਾਫ਼-ਸੁਥਰੀ ਦਿੱਖ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਕਿਹਾ, “ਮੈਂ ਤਾਂ ਇਹੋ ਚਾਹਾਂਗਾ ਕਿ ਯਹੋਵਾਹ ਦੇ ਗਵਾਹ ਹਮੇਸ਼ਾ ਮੇਰੇ ਹੋਟਲ ਵਿਚ ਹੀ ਰਿਹਾ ਕਰਨ।” ਕਿੰਨੀ ਖ਼ੁਸ਼ੀ ਦੀ ਗੱਲ ਹੈ ਇਹ! ਇਸ ਗੱਲ ਦਾ ਸਿਹਰਾ ਮਾਪਿਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਸਿਖਲਾਈ ਤੇ ਅਨੁਸ਼ਾਸਨ ਦਿੱਤਾ। ਬੱਚਿਆਂ ਨੂੰ ਹੋਟਲ ਵਿਚ ਬੇਮੁਹਾਰੇ ਛੱਡਣਾ ਮਾਪਿਆਂ ਲਈ ਚੰਗੀ ਗੱਲ ਨਹੀਂ ਹੋਵੇਗੀ। ਉਨ੍ਹਾਂ ਦੀ ਹਮੇਸ਼ਾ ਨਿਗਰਾਨੀ ਕਰਨੀ ਚਾਹੀਦੀ ਹੈ। (ਕਹਾ. 29:15) ਸਾਡੀ ਇਹੀ ਕਾਮਨਾ ਹੈ ਕਿ ਸਾਡੇ ਬੱਚਿਆਂ ਦੇ ਚੰਗੇ ਚਾਲ-ਚਲਣ ਨਾਲ ਯਹੋਵਾਹ ਦੀ ਮਹਿਮਾ ਹੋਵੇ ਤੇ ਉਸ ਦਾ ਜੀ ਖ਼ੁਸ਼ ਹੋਵੇ।—ਕਹਾ. 27:11.
5. ਅਸੀਂ ਆਪਣੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਰਾਹੀਂ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ?
5 ਢੁਕਵੇਂ ਕੱਪੜੇ ਤੇ ਹਾਰ-ਸ਼ਿੰਗਾਰ: ਸੰਮੇਲਨ ਦੀ ਸ਼ੋਭਾ ਵਧਾਉਣ ਵਿਚ ਅਸੀਂ ਸਾਰੇ ਯੋਗਦਾਨ ਪਾ ਸਕਦੇ ਹਾਂ, ਇਸ ਲਈ ਅਸੀਂ ਬੇਢੰਗੇ, ਭੜਕੀਲੇ ਅਤੇ ਅਸ਼ਲੀਲ ਕੱਪੜੇ ਨਹੀਂ ਪਾਵਾਂਗੇ ਅਤੇ ਬੇਹੁਦਾ ਹਾਰ-ਸ਼ਿੰਗਾਰ ਨਹੀਂ ਕਰਾਂਗੇ। ਸਫ਼ਰ ਦੌਰਾਨ, ਸੰਮੇਲਨ ਦੀ ਥਾਂ ਨੂੰ ਤਿਆਰ ਕਰਨ ਵਿਚ ਮਦਦ ਕਰਦੇ ਵੇਲੇ ਅਤੇ ਸੰਮੇਲਨ ਦੇ ਸੈਸ਼ਨਾਂ ਵਿਚ ਹਾਜ਼ਰ ਹੁੰਦੇ ਸਮੇਂ ਵੀ ਸਾਡਾ ਪਹਿਰਾਵਾ ਢੁਕਵਾਂ ਹੋਣਾ ਚਾਹੀਦਾ ਹੈ। ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਸਾਡੀ ਪਹਿਲੀ ਚਿੰਤਾ ਪਰਮੇਸ਼ੁਰ ਦਾ ਨਾਂ ਅਤੇ ਉਸ ਦੀ ਵਡਿਆਈ ਹੋਣੀ ਚਾਹੀਦੀ ਹੈ, ਨਾ ਕਿ ਸਾਡੀ ਪਸੰਦ ਜਾਂ ਸੁਖ-ਆਰਾਮ। ਪਰਿਵਾਰ ਦੇ ਮੁਖੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਪਹਿਰਾਵੇ ਤੋਂ ਹਰ ਵੇਲੇ ਲਾਜ ਤੇ ਸੰਜਮ ਝਲਕੇ।—1 ਤਿਮੋ. 2:9.
6. ਸਾਨੂੰ ਵਿਹਲੇ ਸਮੇਂ ਦੌਰਾਨ ਵੀ ਉਹੀ ਦਿੱਖ ਬਣਾ ਕੇ ਕਿਉਂ ਰੱਖਣੀ ਚਾਹੀਦੀ ਹੈ ਜੋ ਸੰਮੇਲਨ ਵਿਚ ਸੀ?
6 ਇਸੇ ਤਰ੍ਹਾਂ ਹੋਟਲਾਂ ਵਿਚ ਵਿਹਲੇ ਸਮੇਂ ਦੌਰਾਨ, ਖ਼ਰੀਦਦਾਰੀ ਕਰਦਿਆਂ ਅਤੇ ਰੈਸਤੋਰਾਂ ਵਿਚ ਖਾਣਾ ਖਾਣ ਜਾਣ ਵੇਲੇ ਸਾਡੇ ਕੱਪੜੇ ਢੰਗ ਦੇ ਹੋਣੇ ਚਾਹੀਦੇ ਹਨ। ਜੇ ਅਸੀਂ ਸੈਸ਼ਨਾਂ ਤੋਂ ਬਾਅਦ ਖਾਣਾ ਖਾਣ ਜਾਂਦੇ ਹਾਂ, ਤਾਂ ਚੰਗਾ ਹੋਵੇਗਾ ਕਿ ਅਸੀਂ ਉਨ੍ਹਾਂ ਕੱਪੜਿਆਂ ਵਿਚ ਹੀ ਜਾਈਏ ਜੋ ਅਸੀਂ ਸੰਮੇਲਨ ਵਿਚ ਪਾਏ ਸਨ। ਆਪਣਾ ਬੈਜ ਕਾਰਡ ਲਾ ਕੇ ਰੱਖਣ ਨਾਲ ਸਾਨੂੰ ਲੋਕਾਂ ਨੂੰ ਗਵਾਹੀ ਦੇਣ ਦੇ ਮੌਕੇ ਮਿਲਣਗੇ।—2 ਕੁਰਿੰ. 6:3, 4.
7. ਸੰਮੇਲਨ ਦੇ ਚੰਗੇ ਪ੍ਰਬੰਧ ਅਤੇ ਖ਼ੁਸ਼ੀ ਵਿਚ ਅਸੀਂ ਕਿਵੇਂ ਯੋਗਦਾਨ ਪਾ ਸਕਦੇ ਹਾਂ? (“ਸੰਮੇਲਨ ਵਿਚ ਯਾਦ ਰੱਖਣ ਵਾਲੀਆਂ ਗੱਲਾਂ” ਦੇਖੋ।)
7 ਯਸਾਯਾਹ ਨੇ ਕਿਹਾ ਸੀ: “ਯਹੋਵਾਹ ਉਡੀਕਦਾ ਹੈ, ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ, . . . ਉਹ ਤੁਹਾਡੇ ਉੱਤੇ ਰਹਮ ਕਰੇ।” (ਯਸਾ. 30:18ੳ) ਯਹੋਵਾਹ ਦੇ ਰਹਿਮ ਅਤੇ ਪਿਆਰ ਤੋਂ ਸਾਨੂੰ ਸੰਮੇਲਨਾਂ ਵਿਚ ਆਪਣੇ ਚਾਲ-ਚਲਣ ਅਤੇ ਪਹਿਰਾਵੇ ਰਾਹੀਂ ਉਸ ਦੀ ਮਹਿਮਾ ਕਰਨ ਦੀ ਪ੍ਰੇਰਣਾ ਮਿਲਣੀ ਚਾਹੀਦੀ ਹੈ। ਸਾਡੀ ਇਹੋ ਮਨੋਕਾਮਨਾ ਹੈ ਕਿ ਇਸ ਜ਼ਿਲ੍ਹਾ ਸੰਮੇਲਨ ਵਿਚ ਪਰਮੇਸ਼ੁਰ ਦੀ ਮਹਿਮਾ ਹੋਵੇ ਅਤੇ ਉਸ ਨੂੰ ਉਡੀਕਦੇ ਰਹਿਣ ਵਿਚ ਸਾਨੂੰ ਮਦਦ ਮਿਲੇ।
[ਸਫ਼ੇ 5 ਉੱਤੇ ਡੱਬੀ]
ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
◼ ਪ੍ਰੋਗ੍ਰਾਮ ਦਾ ਸਮਾਂ: ਤਿੰਨੇ ਦਿਨ ਪ੍ਰੋਗ੍ਰਾਮ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਹਾਲ ਦੇ ਦਰਵਾਜ਼ੇ 8:00 ਵਜੇ ਖੋਲ੍ਹੇ ਜਾਣਗੇ। ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਸੰਗੀਤ ਚਲਾਇਆ ਜਾਵੇਗਾ ਅਤੇ ਇਸ ਦੌਰਾਨ ਚੇਅਰਮੈਨ ਸਟੇਜ ਤੇ ਬੈਠਾ ਰਹੇਗਾ। ਉਸ ਵੇਲੇ ਸਾਨੂੰ ਸਾਰਿਆਂ ਨੂੰ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਆਦਰਯੋਗ ਤਰੀਕੇ ਨਾਲ ਸ਼ੁਰੂ ਹੋ ਸਕੇ। ਸ਼ੁੱਕਰਵਾਰ ਨੂੰ ਪ੍ਰੋਗ੍ਰਾਮ ਸ਼ਾਮੀਂ 5:15 ਤੇ, ਸ਼ਨੀਵਾਰ ਨੂੰ 5:05 ਤੇ ਅਤੇ ਐਤਵਾਰ ਨੂੰ ਸ਼ਾਮ 4:10 ਤੇ ਖ਼ਤਮ ਹੋਵੇਗਾ।
◼ ਪਾਰਕਿੰਗ: ਕਈ ਸੰਮੇਲਨ ਥਾਵਾਂ ਤੇ ਪਾਰਕਿੰਗ ਦੀ ਜਗ੍ਹਾ ਹੈ ਜਿੱਥੇ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਭੈਣ-ਭਰਾਵਾਂ ਦੇ ਬੈਜ ਕਾਰਡਾਂ ਤੋਂ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਗੱਡੀ ਖੜ੍ਹੀ ਕਰਨ ਦੀ ਥਾਂ ਦਿੱਤੀ ਜਾਵੇਗੀ। ਪਾਰਕਿੰਗ ਦੀ ਥਾਂ ਘੱਟ ਹੋਣ ਕਰਕੇ ਚੰਗਾ ਹੋਵੇਗਾ ਜੇ ਕੁਝ ਭੈਣ-ਭਰਾ ਮਿਲ ਕੇ ਇਕ ਕਾਰ ਵਿਚ ਆਉਣ, ਇਸ ਦੀ ਬਜਾਇ ਕਿ ਹਰ ਜਣਾ ਆਪਣੀ ਕਾਰ ਲੈ ਕੇ ਆਵੇ।
◼ ਸੀਟਾਂ: ਕੇਵਲ ਆਪਣੇ ਘਰਦਿਆਂ ਲਈ ਹੀ ਸੀਟਾਂ ਰੱਖੋ।
◼ ਦੁਪਹਿਰ ਦਾ ਖਾਣਾ: ਬਾਹਰ ਜਾ ਕੇ ਖਾਣ ਦੀ ਬਜਾਇ, ਕਿਰਪਾ ਕਰ ਕੇ ਸਾਦਾ ਖਾਣਾ ਨਾਲ ਲੈ ਕੇ ਆਓ। ਤੁਸੀਂ ਛੋਟੀਆਂ ਟੋਕਰੀਆਂ ਤੇ ਖਾਣੇ ਦੇ ਡੱਬੇ ਲਿਆ ਸਕਦੇ ਹੋ ਜੋ ਸੀਟ ਥੱਲੇ ਫਿੱਟ ਹੋ ਸਕਣ। ਤੁਹਾਨੂੰ ਵੱਡੀਆਂ ਟੋਕਰੀਆਂ ਕਲੋਕਰੂਮ ਵਿਚ ਰੱਖਵਾਉਣੀਆਂ ਪੈਣਗੀਆਂ।
◼ ਦਾਨ: ਜ਼ਿਲ੍ਹਾ ਸੰਮੇਲਨ ਦੇ ਇੰਤਜ਼ਾਮਾਂ ਤੇ ਕਾਫ਼ੀ ਖ਼ਰਚਾ ਆਉਂਦਾ ਹੈ। ਕਿੰਗਡਮ ਹਾਲ ਜਾਂ ਸੰਮੇਲਨ ਵਿਚ ਆਪਣੀ ਖ਼ੁਸ਼ੀ ਨਾਲ ਦਾਨ ਦੇ ਕੇ ਅਸੀਂ ਇਸ ਸੰਮੇਲਨ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ। ਜੇ ਸੰਮੇਲਨ ਵਿਚ ਤੁਸੀਂ ਚੈੱਕ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ Watch Tower ਦੇ ਨਾਂ ਤੇ ਚੈੱਕ ਬਣਾਓ।
◼ ਦੁਰਘਟਨਾ ਤੇ ਐਮਰਜੈਂਸੀ: ਜੇ ਹਾਲ ਵਿਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ, ਤਾਂ ਕਿਸੇ ਅਟੈਂਡੰਟ ਨੂੰ ਬੁਲਾਓ ਜੋ ਤੁਰੰਤ ਫਸਟ ਏਡ ਵਿਭਾਗ ਨੂੰ ਸੂਚਿਤ ਕਰੇਗਾ। ਹਾਲ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕਾਬਲ ਭੈਣ-ਭਰਾ ਮੌਜੂਦ ਹੋਣਗੇ।
◼ ਬੋਲ਼ਿਆਂ ਲਈ ਇੰਤਜ਼ਾਮ: ਸਿਕੰਦਰਾਬਾਦ ਵਿਚ ਅੰਗ੍ਰੇਜ਼ੀ ਸੰਮੇਲਨ ਵਿਚ ਸੈਨਤ ਭਾਸ਼ਾ ਦੇ ਸੈਸ਼ਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
◼ ਰਿਕਾਰਡਿੰਗ: ਹਾਲ ਦੇ ਇਲੈਕਟ੍ਰਿਕ ਜਾਂ ਸਾਊਂਡ ਸਿਸਟਮ ਨਾਲ ਕਿਸੇ ਵੀ ਪ੍ਰਕਾਰ ਦਾ ਰਿਕਾਰਡਰ ਨਾ ਲਾਓ। ਧਿਆਨ ਰੱਖੋ ਕਿ ਪ੍ਰੋਗ੍ਰਾਮ ਰਿਕਾਰਡ ਕਰਨ ਵੇਲੇ ਦੂਸਰਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
◼ ਫ਼ੋਟੋਆਂ ਖਿੱਚਣੀਆਂ: ਸੈਸ਼ਨ ਦੌਰਾਨ ਫੋਟੋਆਂ ਖਿੱਚਦੇ ਸਮੇਂ ਫਲੈਸ਼ ਇਸਤੇਮਾਲ ਨਾ ਕਰੋ।
◼ ਪੇਜਰ ਤੇ ਮੋਬਾਇਲ ਫ਼ੋਨ: ਪੇਜਰ ਤੇ ਮੋਬਾਇਲ ਫ਼ੋਨ ਇਸ ਤਰੀਕੇ ਨਾਲ ਸੈੱਟ ਕਰੋ ਕਿ ਇਨ੍ਹਾਂ ਨਾਲ ਦੂਸਰਿਆਂ ਦਾ ਧਿਆਨ ਭੰਗ ਨਾ ਹੋਵੇ।
◼ ਪਰਫਿਊਮ: ਕੁਝ ਸੰਮੇਲਨ ਬੰਦ ਹਾਲਾਂ ਵਿਚ ਹੁੰਦੇ ਹਨ ਜਿੱਥੇ ਅਸੀਂ ਹਵਾ ਵਾਸਤੇ ਏ. ਸੀ. ਤੇ ਨਿਰਭਰ ਕਰਦੇ ਹਾਂ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਸਟ੍ਰਾਂਗ ਸੈਂਟ ਦੀ ਘੱਟ ਵਰਤੋਂ ਕਰੀਏ ਕਿਉਂਕਿ ਇਸ ਨਾਲ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦਿੱਕਤ ਹੋਵੇਗੀ ਜੋ ਸਾਹ ਦੀਆਂ ਬੀਮਾਰੀਆਂ ਤੋਂ ਪੀੜਿਤ ਹਨ।—1 ਕੁਰਿੰ. 10:24.
◼ “ਇਨ੍ਹਾਂ ਨੂੰ ਮਿਲੋ” ਫਾਰਮ: ਜਦੋਂ ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਕਿਸੇ ਨੂੰ ਗਵਾਹੀ ਦਿੰਦੇ ਹਾਂ ਅਤੇ ਉਹ ਵਿਅਕਤੀ ਹੋਰ ਜਾਣਨ ਵਿਚ ਦਿਲਚਸਪੀ ਰੱਖਦਾ ਹੈ, ਤਾਂ ਸਾਨੂੰ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਭਰਨਾ ਚਾਹੀਦਾ ਹੈ। ਪ੍ਰਕਾਸ਼ਕਾਂ ਨੂੰ ਸੰਮੇਲਨ ਵਿਚ ਆਪਣੇ ਨਾਲ ਇਕ-ਦੋ ਫਾਰਮ ਲਿਆਉਣੇ ਚਾਹੀਦੇ ਹਨ। ਇਹ ਫਾਰਮ ਸੰਮੇਲਨ ਦੇ ਬੁੱਕ ਰੂਮ ਵਿਭਾਗ ਵਿਚ ਵੀ ਉਪਲਬਧ ਹੋਣਗੇ। ਫਾਰਮ ਭਰ ਕੇ ਬੁੱਕ ਰੂਮ ਵਿਭਾਗ ਨੂੰ ਦਿੱਤੇ ਜਾ ਸਕਦੇ ਹਨ ਜਾਂ ਸੰਮੇਲਨ ਤੋਂ ਵਾਪਸ ਜਾ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦਿੱਤੇ ਜਾ ਸਕਦੇ ਹਨ।—ਫਰਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 6 ਦੇਖੋ।
◼ ਰੈਸਤੋਰਾਂ: ਕਈ ਥਾਵਾਂ ਤੇ ਗਾਹਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਸਰਵਿਸ ਦੇ ਹਿਸਾਬ ਨਾਲ ਵੇਟਰਾਂ ਨੂੰ 15 ਤੋਂ 20 ਪ੍ਰਤਿਸ਼ਤ ਟਿੱਪ ਦੇਣ।
◼ ਹੋਟਲ: (1) ਜਿੰਨੇ ਕਮਰੇ ਤੁਹਾਨੂੰ ਚਾਹੀਦੇ ਹਨ, ਉਸ ਤੋਂ ਜ਼ਿਆਦਾ ਬੁੱਕ ਨਾ ਕਰੋ ਅਤੇ ਜਿੰਨੇ ਵਿਅਕਤੀਆਂ ਨੂੰ ਇਕ ਕਮਰੇ ਵਿਚ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ। (2) ਜੇ ਜਾਇਜ਼ ਕਾਰਨਾਂ ਕਰਕੇ ਕਮਰਾ ਕੈਂਸਲ ਕਰਨਾ ਪਵੇ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ। (3) ਉਦੋਂ ਹੀ ਸਾਮਾਨ ਢੋਣ ਵਾਲੀ ਟ੍ਰਾਲੀ ਲਓ ਜਦੋਂ ਤੁਸੀਂ ਸਾਮਾਨ ਲੈ ਜਾਣ ਲਈ ਤਿਆਰ ਹੁੰਦੇ ਹੋ। (4) ਜਿਨ੍ਹਾਂ ਹੋਟਲਾਂ ਦੇ ਕਮਰਿਆਂ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਉੱਥੇ ਖਾਣਾ ਨਾ ਪਕਾਓ। (5) ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਰੋਜ਼ ਟਿੱਪ ਦਿਓ। (6) ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾਓ। (7) ਹੋਟਲ ਦੇ ਕਰਮਚਾਰੀਆਂ ਨਾਲ ਪੇਸ਼ ਆਉਂਦੇ ਸਮੇਂ ਆਤਮਾ ਦੇ ਫਲ ਦਿਖਾਓ, ਖ਼ਾਸ ਕਰਕੇ ਉਦੋਂ ਜਦੋਂ ਰਸੈਪਸ਼ਨ ਤੇ ਭੀੜ ਲੱਗੀ ਹੁੰਦੀ ਹੈ।