ਪ੍ਰਸ਼ਨ ਡੱਬੀ
◼ ਜਦੋਂ ਅਸੀਂ ਬ੍ਰਾਂਚ ਆਫਿਸ, ਅਸੈਂਬਲੀ ਹਾਲ, ਬੈਥਲ ਘਰ ਵਗੈਰਾ ਦੇਖਣ ਜਾਂਦੇ ਹਾਂ, ਤਾਂ ਸਾਡਾ ਪਹਿਰਾਵਾ ਕਿਹੋ ਜਿਹਾ ਹੋਣਾ ਚਾਹੀਦਾ ਹੈ?
ਦੁਨੀਆਂ ਭਰ ਵਿਚ ਕਿੰਗਡਮ ਹਾਲ, ਅਸੈਂਬਲੀ ਹਾਲ, ਬੈਥਲ ਘਰ ਤੇ ਬ੍ਰਾਂਚ ਆਫਿਸ ਖ਼ਾਸ ਥਾਵਾਂ ਹਨ ਜਿਨ੍ਹਾਂ ਨੂੰ ਯਹੋਵਾਹ ਦੀ ਭਗਤੀ ਦੇ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸ਼ਤਾਨ ਦੀ ਦੁਨੀਆਂ ਤੋਂ ਉਲਟ, ਇਹ ਥਾਵਾਂ ਸਾਫ਼-ਸੁਥਰੀਆਂ ਹੁੰਦੀਆਂ ਹਨ ਤੇ ਇਨ੍ਹਾਂ ਦੀ ਆਪਣੀ ਸ਼ਾਨ ਹੁੰਦੀ ਹੈ। ਸੋ ਜਦੋਂ ਅਸੀਂ ਇਹ ਥਾਵਾਂ ਦੇਖਣ ਜਾਂਦੇ ਹਾਂ, ਤਾਂ ਸਾਨੂੰ ਦੇਖ ਕੇ ਦੂਸਰਿਆਂ ਨੂੰ ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰਨ ਵਾਲੇ ਲੋਕ ਹਾਂ।
ਮਸੀਹੀ ਹੋਣ ਕਰਕੇ ਸਾਡਾ ਪਹਿਰਾਵਾ ਇੱਦਾਂ ਦਾ ਹੋਣਾ ਚਾਹੀਦਾ ਹੈ ਜੋ “ਪਰਮੇਸ਼ੁਰ ਦੇ ਸੇਵਕਾਂ ਦੇ ਜੋਗ” ਹੋਵੇ। (2 ਕੁਰਿੰ. 6:3, 4) ਸਾਨੂੰ ਸਲੀਕੇ ਨਾਲ ਵੀ ਪੇਸ਼ ਆਉਣਾ ਚਾਹੀਦਾ ਹੈ। ਹਰ ਸਮੇਂ ਸਾਡੇ ਪਹਿਰਾਵੇ ਤੋਂ ਸ਼ਿਸ਼ਟਾਚਾਰ ਝਲਕਣਾ ਚਾਹੀਦਾ ਹੈ ਜੋ ਯਹੋਵਾਹ ਪਰਮੇਸ਼ੁਰ ਦੇ ਸੇਵਕਾਂ ਦੇ ਯੋਗ ਹੈ। ਇਹ ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਸੰਸਥਾ ਦਾ ਹੈੱਡ-ਕੁਆਰਟਰ ਜਾਂ ਬ੍ਰਾਂਚ ਆਫਿਸ ਦੇਖਣ ਜਾਂਦੇ ਹਾਂ।
ਸੁਚੱਜੇ ਪਹਿਰਾਵੇ ਦੀ ਅਹਿਮੀਅਤ ਬਾਰੇ ਸਮਝਾਉਂਦਿਆਂ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਵਿਚ ਪ੍ਰਚਾਰ ਕਰਦਿਆਂ ਤੇ ਸਭਾਵਾਂ ਵਿਚ ਆਉਣ ਵੇਲੇ ਸਰੀਰ ਨੂੰ ਸਾਫ਼-ਸੁਥਰਾ ਰੱਖਣ, ਸੁਚੱਜੇ ਕੱਪੜੇ ਪਾਉਣ ਤੇ ਢੰਗ ਨਾਲ ਹਾਰ-ਸ਼ਿੰਗਾਰ ਕਰਨ ਬਾਰੇ ਦੱਸਿਆ ਗਿਆ ਹੈ। ਫਿਰ ਸਫ਼ਾ 138, ਪੈਰਾ 3 ਵਿਚ ਕਿਹਾ ਗਿਆ ਹੈ: “ਯਾਦ ਰੱਖੋ ਕਿ ਬੈਥਲ ਦਾ ਮਤਲਬ ਹੈ ‘ਪਰਮੇਸ਼ੁਰ ਦਾ ਘਰ।’ ਇਸ ਲਈ ਬੈਥਲ ਦਾ ਦੌਰਾ ਕਰਨ ਵੇਲੇ ਸਾਡਾ ਪਹਿਰਾਵਾ, ਹਾਰ-ਸ਼ਿੰਗਾਰ ਤੇ ਵਤੀਰਾ ਬਿਲਕੁਲ ਉੱਦਾਂ ਦਾ ਹੀ ਹੋਣਾ ਚਾਹੀਦਾ ਹੈ ਜਿੱਦਾਂ ਦਾ ਕਿੰਗਡਮ ਹਾਲ ਵਿਚ ਮੀਟਿੰਗਾਂ ਵਿਚ ਜਾਣ ਵੇਲੇ ਹੁੰਦਾ ਹੈ।” ਭੈਣ-ਭਰਾ ਚਾਹੇ ਬੈਥਲ ਦੇ ਲਾਗੇ ਰਹਿੰਦੇ ਹਨ ਜਾਂ ਫਿਰ ਦੂਰ, ਉਨ੍ਹਾਂ ਸਾਰਿਆਂ ਨੂੰ ਬੈਥਲ ਆਉਣ ਵੇਲੇ ਇਨ੍ਹਾਂ ਉੱਚੇ ਅਸੂਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਬੈਥਲ ਆਉਣ ਵਾਲੇ ਲੋਕ ਆਪਣੀ ਸ਼ੁਕਰਗੁਜ਼ਾਰੀ ਤੇ ਸਤਿਕਾਰ ਜ਼ਾਹਰ ਕਰਦੇ ਹਨ।—ਜ਼ਬੂ. 29:2.
ਸਾਡੇ ਪਹਿਰਾਵੇ ਤੋਂ ਜ਼ਾਹਰ ਹੋਣਾ ਚਾਹੀਦਾ ਹੈ ਕਿ ਅਸੀਂ “ਪਰਮੇਸ਼ੁਰ ਦੀ ਭਗਤੀ” ਕਰਦੇ ਹਾਂ। (1 ਤਿਮੋ. 2:10) ਸਾਡੇ ਸੁਚੱਜੇ ਪਹਿਰਾਵੇ ਤੇ ਹਾਰ-ਸ਼ਿੰਗਾਰ ਨੂੰ ਦੇਖ ਕੇ ਦੂਸਰੇ ਸਾਡੀ ਭਗਤੀ ਬਾਰੇ ਚੰਗੀ ਰਾਇ ਕਾਇਮ ਕਰਨਗੇ। ਪਰ ਇਹ ਦੇਖਿਆ ਗਿਆ ਹੈ ਕਿ ਯਹੋਵਾਹ ਦੀ ਸੇਵਾ ਕਰਨ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਥਾਵਾਂ ਦਾ ਦੌਰਾ ਕਰਦਿਆਂ ਕੁਝ ਭੈਣ-ਭਰਾ ਢੰਗ ਦੇ ਕੱਪੜੇ ਪਾ ਕੇ ਨਹੀਂ ਆਉਂਦੇ। ਅਜਿਹੇ ਕੱਪੜੇ ਮਸੀਹੀਆਂ ਨੂੰ ਨਹੀਂ ਫੱਬਦੇ। ਮਸੀਹੀਆਂ ਦੇ ਤੌਰ ਤੇ ਅਸੀਂ ਹਰ ਮਾਮਲੇ ਵਿਚ, ਪਹਿਰਾਵੇ ਦੇ ਮਾਮਲੇ ਵਿਚ ਵੀ ਉੱਚੇ ਮਿਆਰਾਂ ਨੂੰ ਧਿਆਨ ਵਿਚ ਰੱਖਣਾ ਚਾਹਾਂਗੇ ਕਿਉਂਕਿ ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ।—ਰੋਮੀ. 12:2; 1 ਕੁਰਿੰ. 10:31.
ਇਸ ਲਈ, ਜਦ ਅਸੀਂ ਹੈੱਡ-ਕੁਆਰਟਰ ਜਾਂ ਕਿਸੇ ਬ੍ਰਾਂਚ ਆਫ਼ਿਸ ਦਾ ਦੌਰਾ ਕਰਨ ਦੀ ਖ਼ਾਸ ਯੋਜਨਾ ਬਣਾਉਂਦੇ ਹਾਂ ਜਾਂ ਫਿਰ ਸੈਰ-ਸਪਾਟੇ ਦੌਰਾਨ ਅਚਾਨਕ ਇਨ੍ਹਾਂ ਥਾਵਾਂ ਦਾ ਦੌਰਾ ਕਰਨ ਦਾ ਮਨ ਬਣਾਉਂਦੇ ਹਾਂ, ਤਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਜਦੋਂ ਮੈਂ ਬੈਥਲ ਜਾਵਾਂਗਾ, ਤਾਂ ਕੀ ਮੇਰੇ ਪਹਿਰਾਵੇ ਤੇ ਹਾਰ-ਸ਼ਿੰਗਾਰ ਤੋਂ ਸ਼ਾਲੀਨਤਾ, ਸਵੱਛਤਾ ਤੇ ਸਤਿਕਾਰ ਝਲਕੇਗਾ? ਕੀ ਇਸ ਨਾਲ ਪਰਮੇਸ਼ੁਰ ਦਾ ਨਾਂ ਤਾਂ ਬਦਨਾਮ ਨਹੀਂ ਹੋਵੇਗਾ? ਕੀ ਮੇਰੇ ਪਹਿਰਾਵੇ ਤੋਂ ਲੋਕਾਂ ਨੂੰ ਪਰੇਸ਼ਾਨੀ ਜਾਂ ਸ਼ਰਮਿੰਦਗੀ ਤਾਂ ਮਹਿਸੂਸ ਨਹੀਂ ਹੋਵੇਗੀ?’ ਆਓ ਆਪਾਂ ਹਮੇਸ਼ਾ ਆਪਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ਰਾਹੀਂ ‘ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰੀਏ’!—ਤੀਤੁ. 2:10.