ਆਪਣੇ ਅਨਮੋਲ ਖ਼ਜ਼ਾਨੇ ਨੂੰ ਦੂਸਰਿਆਂ ਨਾਲ ਸਾਂਝਾ ਕਰੋ
1 ਪਰਮੇਸ਼ੁਰ ਦੇ ਬਚਨ ਵਿਚ ਅਨਮੋਲ ਸਿੱਖਿਆਵਾਂ ਦਾ ਭੰਡਾਰ ਹੈ ਜਿਸ ਦੀ ਅਸੀਂ ਬਹੁਤ ਕਦਰ ਕਰਦੇ ਹਾਂ। (ਜ਼ਬੂ. 12:6; 119:11, 14) ਪਰਮੇਸ਼ੁਰ ਦੇ ਰਾਜ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਸਮਝਾਉਣ ਲਈ ਯਿਸੂ ਦ੍ਰਿਸ਼ਟਾਂਤ ਵਰਤਦਾ ਹੁੰਦਾ ਸੀ। ਇਕ ਮੌਕੇ ʼਤੇ ਦ੍ਰਿਸ਼ਟਾਂਤ ਦੇ ਕੇ ਉਸ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਕੀ ਤੁਸਾਂ ਇਹ ਸੱਭੋ ਕੁਝ ਸਮਝਿਆ?” ਉਨ੍ਹਾਂ ਦਾ ਹਾਂ ਵਿਚ ਜਵਾਬ ਸੁਣ ਕੇ ਯਿਸੂ ਨੇ ਕਿਹਾ: “ਇਸ ਲਈ ਹਰੇਕ ਗ੍ਰੰਥੀ ਜਿਹ ਨੇ ਸੁਰਗ ਦੇ ਰਾਜ ਦੀ ਸਿੱਖਿਆ ਪਾਈ ਹੈ ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ।”—ਮੱਤੀ 13:1-52.
2 ਜਦੋਂ ਅਸੀਂ ਸੱਚਾਈ ਵਿਚ ਆਏ ਸੀ, ਤਾਂ ਅਸੀਂ ਬਹੁਤ ਕੁਝ ਸਿੱਖਿਆ ਸੀ। ਪਹਿਲਾਂ ਸਿੱਖੀਆਂ ਗੱਲਾਂ ਦੀ ਤੁਲਨਾ ਅਸੀਂ ਪੁਰਾਣੇ ਖ਼ਜ਼ਾਨਿਆਂ ਨਾਲ ਕਰ ਸਕਦੇ ਹਾਂ। ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਦੀ ਸਟੱਡੀ ਕਰ ਕੇ ਸਾਨੂੰ ਹੋਰ ਵੀ ਅਨਮੋਲ ਸਿੱਖਿਆਵਾਂ ਪਤਾ ਚੱਲੀਆਂ ਹਨ ਜੋ ਸਾਡੇ ਲਈ ਨਵਾਂ ਖ਼ਜ਼ਾਨਾ ਹਨ। (1 ਕੁਰਿੰ. 2:7) ਇਸ ਦੇ ਨਾਲ-ਨਾਲ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਵੀ ਅਸੀਂ ਨਵੀਆਂ ਗੱਲਾਂ ਸਿੱਖਦੇ ਹਾਂ।—ਮੱਤੀ 24:45.
3 ਚਾਹੇ ਪੁਰਾਣੀਆਂ ਚਾਹੇ ਨਵੀਆਂ, ਅਸੀਂ ਇਨ੍ਹਾਂ ਅਨਮੋਲ ਸੱਚਾਈਆਂ ਦੀ ਬਹੁਤ ਕਦਰ ਕਰਦੇ ਹਾਂ। ਇਸ ਕਰਕੇ ਅਸੀਂ ਹੋਰ ਸਿਖਲਾਈ ਅਤੇ ਤਜਰਬਾ ਹਾਸਲ ਕਰਨਾ ਚਾਹੁੰਦੇ ਹਾਂ ਤਾਂਕਿ ਅਸੀਂ ਚੰਗੇ ਸਿੱਖਿਅਕ ਬਣ ਕੇ ਦੂਸਰਿਆਂ ਨੂੰ ਵੀ ਇਹ ਅਨਮੋਲ ਸੱਚਾਈਆਂ ਸਿਖਾ ਸਕੀਏ।
4 ਯਿਸੂ ਦੀ ਮਿਸਾਲ ਤੋਂ ਸਿੱਖੋ: ਯਿਸੂ ਬਾਈਬਲ ਦੀਆਂ ਸੱਚਾਈਆਂ ਦੀ ਇੰਨੀ ਕਦਰ ਕਰਦਾ ਸੀ ਕਿ ਉਸ ਨੇ ਦੂਸਰਿਆਂ ਨਾਲ ਇਹ ਸੱਚਾਈਆਂ ਸਾਂਝੀਆਂ ਕਰਨ ਦੀ ਹਰ ਕੋਸ਼ਿਸ਼ ਕੀਤੀ। ਜਦੋਂ ਉਹ ਥੱਕਿਆ ਵੀ ਹੁੰਦਾ ਸੀ, ਉਦੋਂ ਵੀ ਉਹ ਆਪਣੇ “ਖ਼ਜ਼ਾਨੇ” ਵਿੱਚੋਂ ਦੂਜਿਆਂ ਨਾਲ ਚੰਗੀਆਂ ਗੱਲਾਂ ਸਾਂਝੀਆਂ ਕਰਦਾ ਰਿਹਾ।—ਯੂਹੰ. 4:6-14.
5 ਯਿਸੂ ਸੱਚਾਈ ਦੇ ਭੁੱਖੇ-ਪਿਆਸੇ ਲੋਕਾਂ ਨਾਲ ਬੇਹੱਦ ਪਿਆਰ ਕਰਦਾ ਸੀ ਜਿਸ ਕਰਕੇ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਸੱਚਾਈਆਂ ਦੱਸਣ ਤੋਂ ਪਿੱਛੇ ਨਹੀਂ ਹਟਿਆ। (ਜ਼ਬੂ. 72:13) ਉਸ ਨੇ ਇਨ੍ਹਾਂ ਲੋਕਾਂ ʼਤੇ ਤਰਸ ਖਾਧਾ ਅਤੇ ਉਨ੍ਹਾਂ ਨੂੰ “ਬਹੁਤ ਗੱਲਾਂ ਦਾ ਉਪਦੇਸ਼” ਦਿੱਤਾ।—ਮਰ. 6:34.
6 ਯਿਸੂ ਦੀ ਰੀਸ ਕਰੋ: ਜਦੋਂ ਅਸੀਂ ਯਿਸੂ ਦੀ ਤਰ੍ਹਾਂ ਸੱਚਾਈਆਂ ਦੀ ਬਹੁਤ ਕਦਰ ਕਰਦੇ ਹਾਂ, ਤਾਂ ਅਸੀਂ ਵੀ ਲੋਕਾਂ ਨੂੰ ਬਾਈਬਲ ਵਿੱਚੋਂ ਅਨਮੋਲ ਸੱਚਾਈਆਂ ਦੱਸਣ ਲਈ ਪ੍ਰੇਰਿਤ ਹੋਵਾਂਗੇ। (ਕਹਾ. 2:1-5) ਹਾਂ, ਕਦੀ-ਕਦੀ ਅਸੀਂ ਥੱਕੇ ਹੁੰਦੇ ਹਾਂ, ਪਰ ਫਿਰ ਵੀ ਅਸੀਂ ਜੋਸ਼ ਨਾਲ ਬਾਈਬਲ ਦੀ ਸੱਚਾਈ ਬਾਰੇ ਗੱਲ ਕਰਾਂਗੇ। (ਮਰ. 6:34) ਜਦੋਂ ਅਸੀਂ ਬਾਈਬਲ ਵਿਚ ਪਾਏ ਜਾਂਦੇ ਖ਼ਜ਼ਾਨੇ ਦੀ ਗਹਿਰੀ ਕਦਰ ਕਰਾਂਗੇ, ਤਾਂ ਅਸੀਂ ਪ੍ਰਚਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਪ੍ਰੇਰਿਤ ਹੋਵਾਂਗੇ।