ਅਧਿਐਨ ਲੇਖ 13
ਯਹੋਵਾਹ ਤੁਹਾਡੀ ਰਾਖੀ ਕਰੇਗਾ, ਪਰ ਕਿਵੇਂ?
“ਪ੍ਰਭੂ ਵਫ਼ਾਦਾਰ ਹੈ ਅਤੇ ਉਹ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਸ਼ੈਤਾਨ ਤੋਂ ਤੁਹਾਡੀ ਰੱਖਿਆ ਕਰੇਗਾ।”—2 ਥੱਸ. 3:3.
ਗੀਤ 18 ਰੱਬ ਦਾ ਸੱਚਾ ਪਿਆਰ
ਖ਼ਾਸ ਗੱਲਾਂa
1. ਯਿਸੂ ਨੇ ਯਹੋਵਾਹ ਨੂੰ ਇਹ ਕਿਉਂ ਕਿਹਾ ਸੀ ਕਿ ਉਹ ਉਸ ਦੇ ਚੇਲਿਆਂ ਦੀ ਰੱਖਿਆ ਕਰੇ?
ਯਿਸੂ ਆਪਣੇ ਚੇਲਿਆਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਧਰਤੀ ʼਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਵੇਲੇ ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ “ਸ਼ੈਤਾਨ ਤੋਂ ਉਨ੍ਹਾਂ ਦੀ ਰੱਖਿਆ” ਕਰੇ। (ਯੂਹੰ. 17:14, 15) ਉਹ ਜਾਣਦਾ ਸੀ ਕਿ ਸਵਰਗ ਜਾਣ ਤੋਂ ਬਾਅਦ ਸ਼ੈਤਾਨ ਉਸ ਦੇ ਚੇਲਿਆਂ ਅਤੇ ਉਨ੍ਹਾਂ ਸਾਰਿਆਂ ʼਤੇ ਦੁੱਖ-ਤਕਲੀਫ਼ਾਂ ਲਿਆਵੇਗਾ ਜੋ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। ਇਸ ਲਈ ਯਹੋਵਾਹ ਦੇ ਲੋਕਾਂ ਨੂੰ ਰਾਖੀ ਦੀ ਸਖ਼ਤ ਲੋੜ ਪੈਣੀ ਸੀ।
2. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ?
2 ਯਹੋਵਾਹ ਨੇ ਯਿਸੂ ਦੀ ਪ੍ਰਾਰਥਨਾ ਸੁਣੀ ਕਿਉਂਕਿ ਉਹ ਆਪਣੇ ਪੁੱਤਰ ਨੂੰ ਪਿਆਰ ਕਰਦਾ ਸੀ। ਜੇ ਅਸੀਂ ਵੀ ਯਿਸੂ ਵਾਂਗ ਯਹੋਵਾਹ ਦਾ ਦਿਲ ਖ਼ੁਸ਼ ਕਰਾਂਗੇ, ਤਾਂ ਉਹ ਸਾਨੂੰ ਵੀ ਪਿਆਰ ਕਰੇਗਾ। ਨਾਲੇ ਜੇ ਅਸੀਂ ਰਾਖੀ ਅਤੇ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਾਂਗੇ, ਤਾਂ ਉਹ ਸਾਡੀ ਸੁਣੇਗਾ। ਯਹੋਵਾਹ ਇਕ ਪਿਆਰ ਕਰਨ ਵਾਲਾ ਪਿਤਾ ਹੈ ਅਤੇ ਉਹ ਆਪਣੇ ਬੱਚਿਆਂ ਦੀ ਬਹੁਤ ਪਰਵਾਹ ਕਰਦਾ ਹੈ। ਜੇ ਉਹ ਸਾਡੀ ਦੇਖ-ਭਾਲ ਤੇ ਰੱਖਿਆ ਨਹੀਂ ਕਰੇਗਾ, ਤਾਂ ਉਸ ਦੇ ਨਾਂ ਦੀ ਬਦਨਾਮੀ ਹੋਵੇਗੀ।
3. ਅੱਜ ਕਿਉਂ ਲੋੜ ਹੈ ਕਿ ਯਹੋਵਾਹ ਸਾਡੀ ਰਾਖੀ ਕਰੇ?
3 ਅੱਜ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ ਕਿ ਯਹੋਵਾਹ ਸਾਡੀ ਰਾਖੀ ਕਰੇ। ਸ਼ੈਤਾਨ ਨੂੰ ਸਵਰਗ ਤੋਂ ਧਰਤੀ ʼਤੇ ਸੁੱਟਿਆ ਗਿਆ ਹੈ ਅਤੇ “ਉਹ ਬਹੁਤ ਗੁੱਸੇ ਵਿਚ ਹੈ।” (ਪ੍ਰਕਾ. 12:12) ਉਸ ਨੇ ਕੁਝ ਲੋਕਾਂ ਨੂੰ ਗੁਮਰਾਹ ਕੀਤਾ ਹੈ ਜਿਸ ਕਰਕੇ ਉਹ ਸਾਡੇ ʼਤੇ ਜ਼ੁਲਮ ਢਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇੱਦਾਂ ਕਰ ਕੇ ਉਹ “ਰੱਬ ਦੀ ਭਗਤੀ ਕਰ ਰਹੇ ਹਨ।” (ਯੂਹੰ. 16:2) ਦੂਸਰੇ ਪਾਸੇ, ਜਿਹੜੇ ਲੋਕ ਰੱਬ ʼਤੇ ਵਿਸ਼ਵਾਸ ਨਹੀਂ ਕਰਦੇ ਉਹ ਸਾਨੂੰ ਸਤਾਉਂਦੇ ਹਨ ਕਿਉਂਕਿ ਅਸੀਂ ਉਨ੍ਹਾਂ ਦੇ ਤੌਰ-ਤਰੀਕਿਆਂ ਮੁਤਾਬਕ ਨਹੀਂ ਚੱਲਦੇ ਹਨ। ਭਾਵੇਂ ਉਹ ਸਾਨੂੰ ਜਿਹੜੇ ਮਰਜ਼ੀ ਕਾਰਨ ਕਰਕੇ ਸਤਾਉਣ, ਪਰ ਸਾਨੂੰ ਡਰਨ ਦੀ ਲੋੜ ਨਹੀਂ ਹੈ। ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਗਿਆ ਹੈ ਕਿ “ਪ੍ਰਭੂ ਵਫ਼ਾਦਾਰ ਹੈ ਅਤੇ ਉਹ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਸ਼ੈਤਾਨ ਤੋਂ ਤੁਹਾਡੀ ਰੱਖਿਆ ਕਰੇਗਾ।” (2 ਥੱਸ. 3:3) ਪਰ ਯਹੋਵਾਹ ਸਾਡੀ ਰਾਖੀ ਕਿਵੇਂ ਕਰਦਾ ਹੈ? ਆਓ ਦੋ ਤਰੀਕਿਆਂ ਵੱਲ ਗੌਰ ਕਰੀਏ।
ਯਹੋਵਾਹ ਵੱਲੋਂ ਦਿੱਤੇ ਹਥਿਆਰ ਅਤੇ ਬਸਤਰ
4. ਅਫ਼ਸੀਆਂ 6:13-17 ਮੁਤਾਬਕ ਯਹੋਵਾਹ ਨੇ ਸਾਡੀ ਰਾਖੀ ਲਈ ਸਾਨੂੰ ਕੀ ਦਿੱਤੇ ਹਨ?
4 ਯਹੋਵਾਹ ਨੇ ਸਾਡੀ ਰਾਖੀ ਲਈ ਸਾਨੂੰ ਹਥਿਆਰ ਅਤੇ ਬਸਤਰ ਦਿੱਤੇ ਹਨ ਜੋ ਸਾਨੂੰ ਸ਼ੈਤਾਨ ਦੇ ਹਮਲਿਆਂ ਤੋਂ ਬਚਾ ਸਕਦੇ ਹਨ। (ਅਫ਼ਸੀਆਂ 6:13-17 ਪੜ੍ਹੋ।) ਪਰਮੇਸ਼ੁਰ ਵੱਲੋਂ ਦਿੱਤੇ ਇਹ ਹਥਿਆਰ ਅਤੇ ਬਸਤਰ ਕਾਫ਼ੀ ਮਜ਼ਬੂਤ ਅਤੇ ਫ਼ਾਇਦੇਮੰਦ ਹਨ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਡੀ ਰਾਖੀ ਕਰਨ, ਤਾਂ ਸਾਨੂੰ ਹਮੇਸ਼ਾ ਸਾਰੇ ਹਥਿਆਰ ਚੁੱਕੀ ਰੱਖਣ ਅਤੇ ਬਸਤਰ ਪਾਈ ਰੱਖਣ ਦੀ ਲੋੜ ਹੈ। ਆਓ ਦੇਖੀਏ ਕਿ ਹਰ ਹਥਿਆਰ ਅਤੇ ਬਸਤਰ ਕਿਸ-ਕਿਸ ਨੂੰ ਦਰਸਾਉਂਦੇ ਹਨ।
5. ਸੱਚਾਈ ਦਾ ਕਮਰਬੰਦ ਕੀ ਹੈ ਅਤੇ ਸਾਨੂੰ ਇਹ ਕਿਉਂ ਪਾਉਣ ਦੀ ਲੋੜ ਹੈ?
5 ਸੱਚਾਈ ਦਾ ਕਮਰਬੰਦ ਉਨ੍ਹਾਂ ਸੱਚਾਈਆਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਾਈਆਂ ਜਾਂਦੀਆਂ ਹਨ। ਸਾਨੂੰ ਇਹ ਕਮਰਬੰਦ ਕਿਉਂ ਪਾਉਣ ਦੀ ਲੋੜ ਹੈ? ਕਿਉਂਕਿ ਇਹ ਸਾਨੂੰ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਵਿਚ ਫਸਣ ਤੋਂ ਬਚਾਉਂਦਾ ਹੈ। ਸ਼ੈਤਾਨ “ਝੂਠ ਦਾ ਪਿਉ ਹੈ।” (ਯੂਹੰ. 8:44) ਉਹ ਹਜ਼ਾਰਾਂ ਸਾਲਾਂ ਤੋਂ ਝੂਠ ਬੋਲਦਾ ਆਇਆ ਹੈ ਅਤੇ ਉਸ ਨੇ “ਸਾਰੀ ਦੁਨੀਆਂ ਨੂੰ ਗੁਮਰਾਹ” ਕੀਤਾ ਹੋਇਆ ਹੈ।” (ਪ੍ਰਕਾ. 12:9) ਪਰ ਬਾਈਬਲ ਵਿਚ ਪਾਈਆਂ ਜਾਂਦੀਆਂ ਸੱਚਾਈਆਂ ਸਾਡੀ ਗੁਮਰਾਹ ਹੋਣ ਤੋਂ ਬਚਣ ਵਿਚ ਮਦਦ ਕਰਦੀਆਂ ਹਨ। ਅਸੀਂ ਸੱਚਾਈ ਦਾ ਇਹ ਕਮਰਬੰਦ ਕਿਵੇਂ ਪਾ ਕੇ ਰੱਖ ਸਕਦੇ ਹਾਂ? ਯਹੋਵਾਹ ਬਾਰੇ ਸੱਚਾਈ ਸਿੱਖ ਕੇ, “ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਭਗਤੀ” ਕਰ ਕੇ ਅਤੇ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈ ਕੇ।—ਯੂਹੰ. 4:24; ਅਫ਼. 4:25; ਇਬ. 13:18.
6. ਧਾਰਮਿਕਤਾ ਦਾ ਸੀਨਾਬੰਦ ਕੀ ਹੈ ਅਤੇ ਸਾਨੂੰ ਇਸ ਨੂੰ ਕਿਉਂ ਪਾਉਣ ਦੀ ਲੋੜ ਹੈ?
6 ਧਾਰਮਿਕਤਾ ਦਾ ਸੀਨਾਬੰਦ ਯਹੋਵਾਹ ਦੇ ਧਰਮੀ ਮਿਆਰਾਂ ਨੂੰ ਦਰਸਾਉਂਦਾ ਹੈ। ਸਾਨੂੰ ਇਹ ਸੀਨਾਬੰਦ ਕਿਉਂ ਪਾਉਣ ਦੀ ਲੋੜ ਹੈ? ਜਿਵੇਂ ਸੀਨਾਬੰਦ ਇਕ ਫ਼ੌਜੀ ਦੇ ਦਿਲ ਦੀ ਰਾਖੀ ਕਰਦਾ ਹੈ ਉਸੇ ਤਰ੍ਹਾਂ ਧਾਰਮਿਕਤਾ ਦਾ ਸੀਨਾਬੰਦ ਦੁਨੀਆਂ ਦੇ ਮਾੜੇ ਪ੍ਰਭਾਵਾਂ ਤੋਂ ਸਾਡੇ ਦਿਲ ਦੀ ਰਾਖੀ ਕਰਦਾ ਹੈ। (ਕਹਾ. 4:23) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਉਸ ਨੂੰ ਪਿਆਰ ਕਰੀਏ ਅਤੇ ਉਸ ਦੀ ਸੇਵਾ ਕਰੀਏ। (ਮੱਤੀ 22:36, 37) ਪਰ ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੀਏ। ਇਸ ਲਈ ਉਹ ਕੋਸ਼ਿਸ਼ ਕਰਦਾ ਹੈ ਕਿ ਅਸੀਂ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਕਰਨ ਲੱਗ ਜਾਈਏ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ। (ਯਾਕੂ. 4:4; 1 ਯੂਹੰ. 2:15, 16) ਜਦੋਂ ਉਸ ਦੀ ਇਹ ਚਾਲ ਕਾਮਯਾਬ ਨਹੀਂ ਹੁੰਦੀ, ਤਾਂ ਉਹ ਸਾਨੂੰ ਡਰਾਉਂਦਾ-ਧਮਕਾਉਂਦਾ ਹੈ ਤਾਂਕਿ ਅਸੀਂ ਕੁਝ ਅਜਿਹਾ ਕਰ ਬੈਠੀਏ ਜਿਸ ਤੋਂ ਯਹੋਵਾਹ ਦਾ ਦਿਲ ਦੁਖੀ ਹੁੰਦਾ ਹੈ।
7. ਸਾਨੂੰ ਧਾਰਮਿਕਤਾ ਦਾ ਸੀਨਾਬੰਦ ਕਿਉਂ ਪਾਉਣਾ ਚਾਹੀਦਾ ਹੈ?
7 ਜਦੋਂ ਅਸੀਂ ਸਹੀ ਅਤੇ ਗ਼ਲਤ ਬਾਰੇ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਧਾਰਮਿਕਤਾ ਦਾ ਸੀਨਾਬੰਦ ਪਾਇਆ ਹੋਇਆ ਹੈ। (ਜ਼ਬੂ. 97:10) ਪਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣਾ ਇਕ ਬੰਦਸ਼ ਹੈ। ਪਰ ਜੇ ਅਸੀਂ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨਾ ਬੰਦ ਕਰ ਦਿੰਦੇ ਹਾਂ, ਤਾਂ ਅਸੀਂ ਉਸ ਫ਼ੌਜੀ ਵਰਗੇ ਹੋਵਾਂਗੇ ਜੋ ਯੁੱਧ ਦੌਰਾਨ ਆਪਣਾ ਸੀਨਾਬੰਦ ਇਹ ਸੋਚ ਕੇ ਲਾਹ ਦਿੰਦਾ ਹੈ ਕਿ ਇਹ ਬਹੁਤ ਭਾਰੀ ਹੈ। ਇੱਦਾਂ ਕਰਨਾ ਕਿੰਨੀ ਹੀ ਵੱਡੀ ਬੇਵਕੂਫ਼ੀ ਦੀ ਗੱਲ ਹੋਵੇਗੀ। ਜਿਹੜੇ ਲੋਕ ਯਹੋਵਾਹ ਨੂੰ ਪਿਆਰ ਕਰਦੇ ਹਨ, ਉਨ੍ਹਾਂ ਲਈ ਉਸ ਦੇ ਹੁਕਮ “ਬੋਝ ਨਹੀਂ ਹਨ,” ਸਗੋਂ ਉਹ ਮੰਨਦੇ ਹਨ ਕਿ ਇਨ੍ਹਾਂ ਮੁਤਾਬਕ ਚੱਲ ਕੇ ਹੀ ਉਨ੍ਹਾਂ ਦੀ ਜ਼ਿੰਦਗੀ ਬਚੇਗੀ।—1 ਯੂਹੰ. 5:3.
8. ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ ਪਾ ਕੇ ਤਿਆਰ ਰਹਿਣ ਦਾ ਕੀ ਮਤਲਬ ਹੈ?
8 ਪੌਲੁਸ ਰਸੂਲ ਨੇ ਕਿਹਾ ਸੀ ਕਿ ਸਾਨੂੰ ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ ਪਾਕੇ ਤਿਆਰ ਰਹਿਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਹਮੇਸ਼ਾ ਖ਼ੁਸ਼ ਖ਼ਬਰੀ ਸੁਣਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਇਸ ਲਈ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ, ਤਾਂ ਅਸੀਂ ਦੂਸਰਿਆਂ ਨੂੰ ਗਵਾਹੀ ਦਿੰਦੇ ਹਾਂ। ਮਿਸਾਲ ਲਈ, ਕੰਮ ਦੀ ਥਾਂ ʼਤੇ, ਸਕੂਲ ਵਿਚ, ਕਾਰੋਬਾਰੀ ਇਲਾਕਿਆਂ ਜਾਂ ਬਾਜ਼ਾਰਾਂ ਵਿਚ। ਨਾਲੇ ਉਦੋਂ ਵੀ ਜਦੋਂ ਅਸੀਂ ਘਰ-ਘਰ ਪ੍ਰਚਾਰ ਕਰਦੇ, ਅਵਿਸ਼ਵਾਸੀ ਰਿਸ਼ਤੇਦਾਰਾਂ ਜਾਂ ਜਾਣੇ-ਪਛਾਣੇ ਲੋਕਾਂ ਨਾਲ ਗੱਲ ਕਰਦੇ ਜਾਂ ਫਿਰ ਜਦੋਂ ਅਸੀਂ ਕਿਸੇ ਕਾਰਨ ਕਰਕੇ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ। ਪਰ ਜੇ ਅਸੀਂ ਡਰ ਜਾਂਦੇ ਹਾਂ ਅਤੇ ਪ੍ਰਚਾਰ ਕਰਨਾ ਬੰਦ ਕਰ ਦਿੰਦੇ ਹਾਂ, ਤਾਂ ਅਸੀਂ ਉਸ ਸੈਨਿਕ ਵਰਗੇ ਹੋਵਾਂਗੇ ਜੋ ਯੁੱਧ ਦੇ ਮੈਦਾਨ ਵਿਚ ਆਪਣੀ ਜੁੱਤੀ ਲਾਹ ਦਿੰਦਾ ਹੈ। ਨਤੀਜੇ ਵਜੋਂ, ਉਸ ਨੂੰ ਸੱਟ ਲੱਗ ਸਕਦੀ ਹੈ ਅਤੇ ਉਹ ਆਪਣੇ ਸੈਨਾਪਤੀ ਦਾ ਹੁਕਮ ਵੀ ਨਹੀਂ ਮੰਨ ਪਾਵੇਗਾ।
9. ਸਾਨੂੰ ਨਿਹਚਾ ਦੀ ਵੱਡੀ ਢਾਲ ਚੁੱਕਣ ਦੀ ਕਿਉਂ ਲੋੜ ਹੈ?
9 ਨਿਹਚਾ ਦੀ ਵੱਡੀ ਢਾਲ ਸਾਡੀ ਨਿਹਚਾ ਨੂੰ ਦਰਸਾਉਂਦੀ ਹੈ ਜੋ ਅਸੀਂ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਰੱਖਦੇ ਹਾਂ। ਸਾਨੂੰ ਇਹ ਢਾਲ ਚੁੱਕਣ ਦੀ ਕਿਉਂ ਲੋੜ ਹੈ? ਕਿਉਂਕਿ ਨਿਹਚਾ ਦੀ ਇਸ ਢਾਲ ਨਾਲ ਅਸੀਂ “ਸ਼ੈਤਾਨ ਦੇ ਬਲ਼ਦੇ ਹੋਏ ਸਾਰੇ ਤੀਰਾਂ” ਨੂੰ ਬੁਝਾ ਸਕਦੇ ਹਾਂ। ਨਾਲੇ ਇਹ ਵੱਡੀ ਢਾਲ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਤੋਂ ਸਾਨੂੰ ਬਚਾਉਂਦੀ ਹੈ ਅਤੇ ਜਦੋਂ ਲੋਕ ਸਾਡੇ ਵਿਸ਼ਵਾਸਾਂ ਕਰਕੇ ਸਾਡਾ ਮਜ਼ਾਕ ਉਡਾਉਂਦੇ ਹਨ, ਤਾਂ ਇਹ ਸਾਨੂੰ ਨਿਰਾਸ਼ਾ ਵਿਚ ਡੁੱਬਣ ਨਹੀਂ ਦਿੰਦੀ। ਜੇ ਸਾਡੇ ਵਿਚ ਨਿਹਚਾ ਨਹੀਂ ਹੋਵੇਗੀ, ਤਾਂ ਯਹੋਵਾਹ ਦੇ ਮਿਆਰਾਂ ਖ਼ਿਲਾਫ਼ ਜਾਣ ਦਾ ਦਬਾਅ ਆਉਣ ʼਤੇ ਅਸੀਂ ਸੌਖਿਆਂ ਹੀ ਹਾਰ ਮੰਨ ਲਵਾਂਗੇ। ਇਸ ਤੋਂ ਉਲਟ, ਜਦੋਂ ਅਸੀਂ ਸਕੂਲ ਵਿਚ ਅਤੇ ਕੰਮ ਦੀ ਥਾਂ ʼਤੇ ਹਰ ਵਾਰ ਆਪਣੀ ਨਿਹਚਾ ਦੇ ਪੱਖ ਵਿਚ ਖੜ੍ਹਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਢਾਲ ਚੁੱਕੀ ਹੋਈ ਹੈ। (1 ਪਤ. 3:15) ਜਦੋਂ ਵੀ ਅਸੀਂ ਮੋਟੀ ਤਨਖ਼ਾਹ ਵਾਲੀ ਨੌਕਰੀ ਲੈਣ ਤੋਂ ਮਨ੍ਹਾ ਕਰਦੇ ਹਾਂ ਜਿਸ ਕਰਕੇ ਅਸੀਂ ਪ੍ਰਚਾਰ ਅਤੇ ਮੀਟਿੰਗਾਂ ਵਿਚ ਨਹੀਂ ਜਾ ਪਾਵਾਂਗੇ, ਤਾਂ ਅਸੀਂ ਆਪਣੀ ਢਾਲ ਚੁੱਕੀ ਹੁੰਦੀ ਹੈ। (ਇਬ. 13:5, 6) ਇਸ ਤੋਂ ਇਲਾਵਾ, ਹਰ ਵਾਰ ਜਦੋਂ ਅਸੀਂ ਵਿਰੋਧ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਇਹ ਢਾਲ ਸਾਡੀ ਰਾਖੀ ਕਰਦੀ ਹੈ।—1 ਥੱਸ. 2:2.
10. ਮੁਕਤੀ ਦਾ ਟੋਪ ਕੀ ਹੈ ਅਤੇ ਸਾਨੂੰ ਇਹ ਕਿਉਂ ਪਾਉਣਾ ਚਾਹੀਦਾ ਹੈ?
10 ਮੁਕਤੀ ਦਾ ਟੋਪ ਉਸ ਉਮੀਦ ਨੂੰ ਦਰਸਾਉਂਦਾ ਹੈ ਜੋ ਯਹੋਵਾਹ ਸਾਨੂੰ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਇਨਾਮ ਦੇਵੇਗਾ ਅਤੇ ਜੇ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ, ਤਾਂ ਉਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (1 ਥੱਸ. 5:8; 1 ਤਿਮੋ. 4:10; ਤੀਤੁ. 1:1, 2) ਜਿਵੇਂ ਇਕ ਟੋਪ ਇਕ ਫ਼ੌਜੀ ਦੇ ਸਿਰ ਦੀ ਰਾਖੀ ਕਰਦਾ ਹੈ ਉਸੇ ਤਰ੍ਹਾਂ ਮੁਕਤੀ ਦੀ ਉਮੀਦ ਸਾਡੀ ਸੋਚ ਦੀ ਰਾਖੀ ਕਰਦੀ ਹੈ। ਉਹ ਕਿਵੇਂ? ਇਸ ਉਮੀਦ ਕਰਕੇ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਹੱਦੋਂ ਵੱਧ ਸੋਚਣ ਦੀ ਬਜਾਇ ਪਰਮੇਸ਼ੁਰ ਦੇ ਵਾਅਦਿਆਂ ʼਤੇ ਆਪਣਾ ਧਿਆਨ ਲਾਈ ਰੱਖਦੇ ਹਾਂ। ਨਾਲੇ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਬਣਾਈ ਰੱਖ ਪਾਉਂਦੇ ਹਾਂ। ਅਸੀਂ ਇਹ ਟੋਪ ਕਿਵੇਂ ਪਾਉਂਦੇ ਹਾਂ? ਅਸੀਂ ਆਪਣੀ ਸੋਚ ਨੂੰ ਪਰਮੇਸ਼ੁਰ ਦੀ ਸੋਚ ਮੁਤਾਬਕ ਢਾਲਦੇ ਹਾਂ। ਮਿਸਾਲ ਲਈ, ਅਸੀਂ ਆਪਣੀ ਉਮੀਦ ਪਰਮੇਸ਼ੁਰ ʼਤੇ ਲਾਉਂਦੇ ਹਾਂ ਨਾ ਕਿ ਧਨ-ਦੌਲਤ ʼਤੇ ਜਿਸ ਦਾ ਕੋਈ ਭਰੋਸਾ ਨਹੀਂ ਹੈ।—ਜ਼ਬੂ. 26:2; 104:34; 1 ਤਿਮੋ. 6:17.
11. ਪਵਿੱਤਰ ਸ਼ਕਤੀ ਦੀ ਤਲਵਾਰ ਕੀ ਹੈ ਅਤੇ ਸਾਨੂੰ ਇਸ ਨੂੰ ਕਿਉਂ ਚਲਾਉਣ ਦੀ ਲੋੜ ਹੈ?
11 ਪਵਿੱਤਰ ਸ਼ਕਤੀ ਦੀ ਤਲਵਾਰ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਦਰਸਾਉਂਦੀ ਹੈ। ਇਸ ਤਲਵਾਰ ਵਿਚ ਧੋਖਾ ਦੇਣ ਵਾਲੀਆਂ ਗੱਲਾਂ ਦਾ ਪਰਦਾਫ਼ਾਸ਼ ਕਰਨ ਦੀ ਤਾਕਤ ਹੈ। ਨਾਲੇ ਇਹ ਸਾਨੂੰ ਝੂਠੀਆਂ ਸਿੱਖਿਆਵਾਂ ਅਤੇ ਬੁਰੀਆਂ ਆਦਤਾਂ ਦੀ ਗ਼ੁਲਾਮੀ ਤੋਂ ਵੀ ਆਜ਼ਾਦ ਕਰਦੀ ਹੈ। (2 ਕੁਰਿੰ. 10:4, 5; 2 ਤਿਮੋ. 3:16, 17; ਇਬ. 4:12) ਨਿੱਜੀ ਅਧਿਐਨ ਕਰ ਕੇ ਅਤੇ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਲਾਈ ਪਾ ਕੇ ਅਸੀਂ ਇਹ ਤਲਵਾਰ ਚੰਗੀ ਤਰ੍ਹਾਂ ਚਲਾਉਣੀ ਸਿੱਖਦੇ ਹਾਂ। (2 ਤਿਮੋ. 2:15) ਇਨ੍ਹਾਂ ਹਥਿਆਰਾਂ ਅਤੇ ਬਸਤਰਾਂ ਤੋਂ ਇਲਾਵਾ ਯਹੋਵਾਹ ਇਕ ਹੋਰ ਜ਼ਬਰਦਸਤ ਤਰੀਕੇ ਨਾਲ ਸਾਡੀ ਮਦਦ ਕਰਦਾ ਹੈ। ਆਓ ਦੇਖੀਏ ਉਹ ਕਿਹੜਾ ਤਰੀਕਾ ਹੈ?
ਸਾਨੂੰ ਇਹ ਲੜਾਈ ਇਕੱਲਿਆਂ ਲੜਨ ਦੀ ਲੋੜ ਨਹੀਂ ਹੈ
12. ਸਾਨੂੰ ਹੋਰ ਕਿਸ ਚੀਜ਼ ਦੀ ਲੋੜ ਹੈ ਅਤੇ ਕਿਉਂ?
12 ਇਕ ਫ਼ੌਜੀ ਚਾਹੇ ਜਿੰਨਾ ਮਰਜ਼ੀ ਕਾਬਲ ਕਿਉਂ ਨਾ ਹੋਵੇ ਉਹ ਇਕੱਲਾ ਵੱਡੀ ਸੈਨਾ ਨਾਲ ਮੁਕਾਬਲਾ ਕਰ ਕੇ ਜਿੱਤ ਨਹੀਂ ਸਕਦਾ। ਉਸ ਨੂੰ ਦੂਸਰੇ ਫ਼ੌਜੀਆਂ ਦੀ ਮਦਦ ਚਾਹੀਦੀ ਹੈ। ਠੀਕ ਇਸੇ ਤਰ੍ਹਾਂ ਅਸੀਂ ਵੀ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲਿਆਂ ਦਾ ਇਕੱਲੇ ਮੁਕਾਬਲਾ ਨਹੀਂ ਕਰ ਸਕਦੇ। ਸਾਨੂੰ ਸਾਡੇ ਭੈਣਾਂ-ਭਰਾਵਾਂ ਦੀ ਮਦਦ ਚਾਹੀਦੀ ਹੈ। ਇਸ ਲਈ ਯਹੋਵਾਹ ਨੇ ਸਾਨੂੰ “ਪੂਰੀ ਦੁਨੀਆਂ ਵਿਚ ਬਹੁਤ ਸਾਰੇ ਭਰਾ” ਦਿੱਤੇ ਹਨ।—1 ਪਤ. 2:17.
13. ਇਬਰਾਨੀਆਂ 10:24, 25 ਮੁਤਾਬਕ ਮੀਟਿੰਗਾਂ ਵਿਚ ਜਾਣ ਦੇ ਕੀ ਫ਼ਾਇਦੇ ਹੁੰਦੇ ਹਨ?
13 ਮੀਟਿੰਗਾਂ ਵਿਚ ਜਾ ਕੇ ਸਾਨੂੰ ਇਹ ਮਦਦ ਮਿਲਦੀ ਹੈ। (ਇਬਰਾਨੀਆਂ 10:24, 25 ਪੜ੍ਹੋ।) ਅਸੀਂ ਸਾਰੇ ਹੀ ਕਦੀ-ਨਾ-ਕਦੀ ਨਿਰਾਸ਼ ਹੋ ਜਾਂਦੇ ਹਾਂ, ਪਰ ਮੀਟਿੰਗਾਂ ਵਿਚ ਜਾ ਕੇ ਸਾਨੂੰ ਵਧੀਆ ਲੱਗਦਾ ਹੈ। ਭੈਣਾਂ-ਭਰਾਵਾਂ ਦੇ ਦਿਲੋਂ ਦਿੱਤੇ ਜਵਾਬ ਸੁਣ ਕੇ ਸਾਡੀ ਹਿੰਮਤ ਵਧਦੀ ਹੈ। ਬਾਈਬਲ-ਆਧਾਰਿਤ ਭਾਸ਼ਣ ਅਤੇ ਪ੍ਰਦਰਸ਼ਨ ਯਹੋਵਾਹ ਦੀ ਸੇਵਾ ਕਰਨ ਦੇ ਸਾਡੇ ਇਰਾਦੇ ਨੂੰ ਹੋਰ ਪੱਕਾ ਕਰਦੇ ਹਨ। ਮੀਟਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਸਾਡਾ ਹੌਸਲਾ ਵਧਦਾ ਹੈ। (1 ਥੱਸ. 5:14) ਇਸ ਤੋਂ ਇਲਾਵਾ, ਮੀਟਿੰਗਾਂ ਵਿਚ ਜਾਣ ਨਾਲ ਸਾਨੂੰ ਦੂਸਰਿਆਂ ਦੀ ਮਦਦ ਕਰਨ ਦਾ ਮੌਕਾ ਮਿਲਦਾ ਹੈ ਜਿਸ ਤੋਂ ਸਾਨੂੰ ਖ਼ੁਸ਼ੀ ਹੁੰਦੀ ਹੈ। (ਰਸੂ. 20:35; ਰੋਮੀ. 1:11, 12) ਮੀਟਿੰਗਾਂ ਵਿਚ ਜਾਣ ਦੇ ਹੋਰ ਵੀ ਫ਼ਾਇਦੇ ਹੁੰਦੇ ਹਨ। ਅਸੀਂ ਪ੍ਰਚਾਰ ਕਰਨ ਦੇ ਆਪਣੇ ਹੁਨਰ ਨੂੰ ਹੋਰ ਨਿਖਾਰਦੇ ਹਾਂ। ਮਿਸਾਲ ਲਈ, ਅਸੀਂ “ਸਿਖਾਉਣ ਲਈ ਪ੍ਰਕਾਸ਼ਨਾਂ” ਵਿਚ ਦਿੱਤੇ ਪ੍ਰਕਾਸ਼ਨ ਅਤੇ ਵੀਡੀਓਜ਼ ਅਸਰਕਾਰੀ ਤਰੀਕੇ ਨਾਲ ਵਰਤਣਾ ਸਿੱਖਦੇ ਹਾਂ। ਇਸ ਲਈ ਸਾਨੂੰ ਮੀਟਿੰਗਾਂ ਦੀ ਚੰਗੀ ਤਿਆਰੀ ਕਰਨੀ ਚਾਹੀਦੀ ਹੈ। ਮੀਟਿੰਗਾਂ ਦੌਰਾਨ ਸਾਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਸਿੱਖੀਆਂ ਗੱਲਾਂ ਮੁਤਾਬਕ ਚੱਲਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ‘ਮਸੀਹ ਯਿਸੂ ਦੇ ਵਧੀਆ ਫ਼ੌਜੀ’ ਬਣਾਂਗੇ।—2 ਤਿਮੋ. 2:3.
14. ਸਾਡੀ ਮਦਦ ਕਰਨ ਲਈ ਸਾਡੇ ਨਾਲ ਹੋਰ ਕੌਣ-ਕੌਣ ਹਨ?
14 ਸਾਡੇ ਨਾਲ ਲੱਖਾਂ ਹੀ ਸ਼ਕਤੀਸ਼ਾਲੀ ਸਵਰਗ ਦੂਤ ਹਨ। ਯਾਦ ਕਰੋ ਕਿ ਸਿਰਫ਼ ਇਕ ਸਵਰਗ ਦੂਤ ਨੇ ਕੀ ਕੀਤਾ ਸੀ! (ਯਸਾ. 37:36) ਜੇ ਇਕ ਸਵਰਗ ਦੂਤ ਇੰਨਾ ਕੁਝ ਕਰ ਸਕਦਾ ਹੈ, ਤਾਂ ਸੋਚੋ ਕਿ ਸਵਰਗ ਦੂਤਾਂ ਦੀ ਪੂਰੀ ਸੈਨਾ ਕੀ-ਕੀ ਕਰ ਸਕਦੀ ਹੈ। ਕੋਈ ਵੀ ਇਨਸਾਨ ਜਾਂ ਦੁਸ਼ਟ ਦੂਤ ਯਹੋਵਾਹ ਦੀ ਸ਼ਕਤੀਸ਼ਾਲੀ ਸੈਨਾ ਸਾਮ੍ਹਣੇ ਟਿਕ ਨਹੀਂ ਸਕਦਾ। ਯਹੋਵਾਹ ਸਰਬਸ਼ਕਤੀਮਾਨ ਹੈ। ਸੋ ਜੇ ਉਹ ਸਾਡੇ ਨਾਲ ਹੈ, ਤਾਂ ਅਸੀਂ ਆਪਣੇ ਦੁਸ਼ਮਣਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹਾਂ, ਫਿਰ ਚਾਹੇ ਉਨ੍ਹਾਂ ਦੀ ਗਿਣਤੀ ਜਿੰਨੀ ਮਰਜ਼ੀ ਕਿਉਂ ਨਾ ਹੋਵੇ। (ਨਿਆ. 6:16) ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿਚ ਰੱਖੋ ਜਦੋਂ ਤੁਸੀਂ ਆਪਣੇ ਨਾਲ ਕੰਮ ਕਰਨ ਵਾਲੇ, ਪੜ੍ਹਨ ਵਾਲੇ ਜਾਂ ਆਪਣੇ ਕਿਸੇ ਅਵਿਸ਼ਵਾਸੀ ਰਿਸ਼ਤੇਦਾਰ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਨਿਰਾਸ਼ ਹੋ ਜਾਂਦੇ ਹੋ। ਯਾਦ ਰੱਖੋ ਕਿ ਤੁਸੀਂ ਇਸ ਲੜਾਈ ਵਿਚ ਇਕੱਲੇ ਨਹੀਂ ਹੋ। ਤੁਸੀਂ ਯਹੋਵਾਹ ਦੀ ਹਿਦਾਇਤ ਮੰਨ ਰਹੇ ਹੋ, ਇਸ ਲਈ ਉਹ ਹਮੇਸ਼ਾ ਤੁਹਾਡਾ ਸਾਥ ਦੇਵੇਗਾ।
ਯਹੋਵਾਹ ਸਾਡੀ ਰਾਖੀ ਕਰਦਾ ਰਹੇਗਾ
15. ਯਸਾਯਾਹ 54:15, 17 ਮੁਤਾਬਕ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਪ੍ਰਚਾਰ ਕਰਨ ਤੋਂ ਕਦੀ ਵੀ ਸਾਨੂੰ ਰੋਕ ਕਿਉਂ ਨਹੀਂ ਸਕਣਗੇ?
15 ਸ਼ੈਤਾਨ ਦੀ ਦੁਨੀਆਂ ਸਾਡੇ ਨਾਲ ਕਈ ਕਾਰਨਾਂ ਕਰਕੇ ਨਫ਼ਰਤ ਕਰਦੀ ਹੈ। ਅਸੀਂ ਰਾਜਨੀਤਿਕ ਮਾਮਲਿਆਂ ਵਿਚ ਹਮੇਸ਼ਾ ਨਿਰਪੱਖ ਰਹਿੰਦੇ ਹਾਂ। ਨਾਲੇ ਅਸੀਂ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ। ਅਸੀਂ ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰਦੇ ਹਾਂ ਅਤੇ ਇਹ ਪ੍ਰਚਾਰ ਕਰਦੇ ਹਾਂ ਕਿ ਉਸ ਦਾ ਰਾਜ ਹੀ ਪੂਰੀ ਦੁਨੀਆਂ ਵਿਚ ਸ਼ਾਂਤੀ ਲਿਆ ਸਕਦਾ ਹੈ। ਨਾਲੇ ਅਸੀਂ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਦੇ ਹਾਂ ਅਸੀਂ ਲੋਕਾਂ ਸਾਮ੍ਹਣੇ ਇਸ ਦੁਨੀਆਂ ਦੇ ਦੁਸ਼ਟ ਰਾਜੇ ਦਾ ਪਰਦਾਫ਼ਾਸ਼ ਕਰਦੇ ਹਾਂ ਕਿ ਉਹ ਝੂਠਾ ਅਤੇ ਕਾਤਲ ਹੈ। (ਯੂਹੰ. 8:44) ਇਸ ਦੇ ਨਾਲ-ਨਾਲ ਅਸੀਂ ਦੱਸਦੇ ਹਾਂ ਕਿ ਬਹੁਤ ਜਲਦ ਸ਼ੈਤਾਨ ਦੀ ਇਸ ਦੁਸ਼ਟ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਪਰ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਪ੍ਰਚਾਰ ਕਰਨ ਤੋਂ ਕਦੇ ਵੀ ਸਾਨੂੰ ਰੋਕ ਨਹੀਂ ਸਕਣਗੇ। ਇਸ ਦੀ ਬਜਾਇ, ਅਸੀਂ ਯਹੋਵਾਹ ਦੀ ਮਹਿਮਾ ਹਮੇਸ਼ਾ ਕਰਦੇ ਰਹਾਂਗੇ। ਭਾਵੇਂ ਸ਼ੈਤਾਨ ਬਹੁਤ ਤਾਕਤਵਰ ਹੈ, ਪਰ ਫਿਰ ਵੀ ਉਹ ਅੱਜ ਤਕ ਸਾਨੂੰ ਪੂਰੀ ਦੁਨੀਆਂ ਵਿਚ ਰਾਜ ਦਾ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਿਆ। ਇਹ ਸਭ ਕੁਝ ਇਸ ਲਈ ਹੋ ਸਕਿਆ ਕਿਉਂਕਿ ਯਹੋਵਾਹ ਸਾਡੀ ਰਾਖੀ ਕਰ ਰਿਹਾ ਹੈ।—ਯਸਾਯਾਹ 54:15, 17 ਪੜ੍ਹੋ।
16. ਮਹਾਂਕਸ਼ਟ ਦੌਰਾਨ ਯਹੋਵਾਹ ਆਪਣੇ ਲੋਕਾਂ ਨੂੰ ਕਿਵੇਂ ਬਚਾਵੇਗਾ?
16 ਛੇਤੀ ਹੀ ਕੀ ਹੋਣ ਵਾਲਾ ਹੈ? ਯਹੋਵਾਹ ਮਹਾਂਕਸ਼ਟ ਦੌਰਾਨ ਦੋ ਲਾਜਵਾਬ ਤਰੀਕਿਆਂ ਨਾਲ ਆਪਣੇ ਲੋਕਾਂ ਨੂੰ ਬਚਾਵੇਗਾ। ਪਹਿਲਾ, ਜਦੋਂ ਯਹੋਵਾਹ ਧਰਤੀ ਦੇ ਰਾਜਿਆਂ ਰਾਹੀਂ ਵੱਡੀ ਬਾਬਲ ਯਾਨੀ ਝੂਠੇ ਧਰਮਾਂ ਦਾ ਨਾਸ਼ ਕਰਾਵੇਗਾ, ਤਾਂ ਉਸ ਵੇਲੇ ਉਹ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾਵੇਗਾ। (ਪ੍ਰਕਾ. 17:16-18; 18:2, 4) ਦੂਜਾ, ਜਦੋਂ ਯਹੋਵਾਹ ਬਚੀ ਹੋਈ ਦੁਨੀਆਂ ਦਾ ਆਰਮਾਗੇਡਨ ਵਿਚ ਨਾਸ਼ ਕਰੇਗਾ, ਤਾਂ ਉਹ ਆਪਣੇ ਲੋਕਾਂ ਨੂੰ ਬਚਾਵੇਗਾ।—ਪ੍ਰਕਾ. 7:9, 10; 16:14, 16.
17. ਯਹੋਵਾਹ ਦੇ ਨੇੜੇ ਰਹਿਣ ਨਾਲ ਤੁਹਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
17 ਜੇ ਅਸੀਂ ਯਹੋਵਾਹ ਦੇ ਨੇੜੇ ਰਹਾਂਗੇ, ਤਾਂ ਸ਼ੈਤਾਨ ਸਾਡਾ ਕਦੇ ਵੀ ਅਜਿਹਾ ਨੁਕਸਾਨ ਨਹੀਂ ਕਰ ਸਕੇਗਾ ਜਿਸ ਦੀ ਕਦੇ ਭਰਪਾਈ ਨਾ ਕੀਤੀ ਜਾ ਸਕੇ। ਇਸ ਦੀ ਬਜਾਇ, ਉਸ ਨੂੰ ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ। (ਰੋਮੀ. 16:20) ਇਸ ਲਈ ਹਮੇਸ਼ਾ ਪਰਮੇਸ਼ੁਰ ਵੱਲੋਂ ਦਿੱਤੇ ਸਾਰੇ ਹਥਿਆਰ ਚੁੱਕੀ ਰੱਖੋ ਅਤੇ ਬਸਤਰ ਪਾਈ ਰੱਖੋ। ਇਸ ਲੜਾਈ ਨੂੰ ਇਕੱਲਿਆਂ ਲੜਨ ਦੀ ਕੋਸ਼ਿਸ਼ ਨਾ ਕਰੋ। ਭੈਣਾਂ-ਭਰਾਵਾਂ ਤੋਂ ਮਦਦ ਲਓ ਅਤੇ ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਚੱਲੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਤੁਹਾਡਾ ਪਿਆਰਾ ਸਵਰਗੀ ਪਿਤਾ ਤੁਹਾਨੂੰ ਤਕੜਾ ਕਰੇਗਾ ਅਤੇ ਤੁਹਾਡੀ ਰਾਖੀ ਕਰੇਗਾ।—ਯਸਾ. 41:10.
ਗੀਤ 132 ਫ਼ਤਿਹ ਦਾ ਗੀਤ
a ਬਾਈਬਲ ਵਿਚ ਯਹੋਵਾਹ ਨੇ ਵਾਧਾ ਕੀਤਾ ਹੈ ਕਿ ਉਹ ਸਾਨੂੰ ਮਜ਼ਬੂਤ ਕਰੇਗਾ ਅਤੇ ਸਾਡੀ ਰਾਖੀ ਕਰੇਗਾ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੂੰ ਸਾਡੀ ਰਾਖੀ ਕਰਨ ਦੀ ਕਿਉਂ ਲੋੜ ਹੈ। ਉਹ ਸਾਡੀ ਰਾਖੀ ਕਿਵੇਂ ਕਰਦਾ ਹੈ ਅਤੇ ਉਸ ਦੀ ਮਦਦ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?