ਪਾਠਕਾਂ ਵੱਲੋਂ ਸਵਾਲ
ਯਸਾਯਾਹ 60:1 ਵਿਚ ਦੱਸੀ “ਔਰਤ” ਕੌਣ ਹੈ ਅਤੇ ਉਹ ਕਦੋਂ ਅਤੇ ਕਿਵੇਂ ‘ਉੱਠਦੀ ਤੇ ਰੌਸ਼ਨੀ ਚਮਕਾਉਂਦੀ ਹੈ’?
ਯਸਾਯਾਹ 60:1 ਵਿਚ ਅਸੀਂ ਪੜ੍ਹਦੇ ਹਾਂ: “ਹੇ ਔਰਤ, ਉੱਠ, ਰੌਸ਼ਨੀ ਚਮਕਾ ਕਿਉਂਕਿ ਤੇਰਾ ਚਾਨਣ ਆ ਗਿਆ ਹੈ। ਯਹੋਵਾਹ ਦਾ ਤੇਜ ਤੇਰੇ ਉੱਤੇ ਚਮਕ ਰਿਹਾ ਹੈ।” ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ “ਔਰਤ” ਸੀਓਨ ਜਾਂ ਯਰੂਸ਼ਲਮ ਸ਼ਹਿਰ ਹੈ ਜੋ ਉਸ ਵੇਲੇ ਯਹੂਦਾਹ ਦੀ ਰਾਜਧਾਨੀ ਸੀ।a (ਯਸਾ. 60:14; 62:1, 2) ਯਰੂਸ਼ਲਮ ਪੂਰੀ ਇਜ਼ਰਾਈਲ ਕੌਮ ਨੂੰ ਦਰਸਾਉਂਦਾ ਸੀ। ਪਰ ਯਸਾਯਾਹ 60:1 ਪੜ੍ਹਨ ʼਤੇ ਦੋ ਸਵਾਲ ਖੜ੍ਹੇ ਹੁੰਦੇ ਹਨ: ਪਹਿਲਾ, ਯਰੂਸ਼ਲਮ ਕਦੋਂ ਤੇ ਕਿਵੇਂ ‘ਉੱਠਿਆ’ ਅਤੇ ਉਸ ਨੇ ਕਦੋਂ ਤੇ ਕਿਵੇਂ ਰੌਸ਼ਨੀ ਚਮਕਾਈ? ਦੂਜਾ, ਕੀ ਯਸਾਯਾਹ ਦੀ ਇਹ ਭਵਿੱਖਬਾਣੀ ਅੱਜ ਵੱਡੇ ਪੈਮਾਨੇ ʼਤੇ ਪੂਰੀ ਹੋ ਰਹੀ ਹੈ?
ਯਰੂਸ਼ਲਮ ਕਦੋਂ ਤੇ ਕਿਵੇਂ ‘ਉੱਠਿਆ’ ਅਤੇ ਉਸ ਨੇ ਕਦੋਂ ਤੇ ਕਿਵੇਂ ‘ਰੌਸ਼ਨੀ ਚਮਕਾਈ’? ਜਦੋਂ ਯਹੂਦੀ 70 ਸਾਲਾਂ ਲਈ ਬਾਬਲ ਵਿਚ ਗ਼ੁਲਾਮ ਸਨ, ਤਾਂ ਯਰੂਸ਼ਲਮ ਅਤੇ ਇਸ ਦੇ ਮੰਦਰ ਦੀ ਹਾਲਤ ਬਹੁਤ ਖ਼ਸਤਾ ਸੀ। ਪਰ ਜਦੋਂ ਮਾਦੀਆਂ ਤੇ ਫਾਰਸੀਆਂ ਨੇ ਬਾਬਲੀਆਂ ਨੂੰ ਹਰਾਇਆ, ਤਾਂ ਬਾਬਲ ਸਾਮਰਾਜ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚੋਂ ਇਜ਼ਰਾਈਲੀ ਆਪਣੇ ਘਰ ਵਾਪਸ ਜਾ ਸਕਦੇ ਸਨ ਅਤੇ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕਰ ਸਕਦੇ ਸਨ। (ਅਜ਼. 1:1-4) 537 ਈਸਵੀ ਪੂਰਵ ਦੇ ਸ਼ੁਰੂ ਵਿਚ ਸਾਰੇ 12 ਗੋਤਾਂ ਵਿੱਚੋਂ ਕੁਝ ਵਫ਼ਾਦਾਰ ਯਹੂਦੀਆਂ ਨੇ ਇੱਦਾਂ ਹੀ ਕੀਤਾ। (ਯਸਾ. 60:4) ਉਨ੍ਹਾਂ ਨੇ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਉਣੀਆਂ, ਤਿਉਹਾਰ ਮਨਾਉਣੇ ਅਤੇ ਮੰਦਰ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ। (ਅਜ਼. 3:1-4, 7-11; 6:16-22) ਦੁਬਾਰਾ ਤੋਂ ਯਹੋਵਾਹ ਦੀ ਮਹਿਮਾ ਯਰੂਸ਼ਲਮ ʼਤੇ ਯਾਨੀ ਉਸ ਦੇ ਲੋਕਾਂ ʼਤੇ ਚਮਕਣ ਲੱਗ ਪਈ। ਇਸ ਤਰ੍ਹਾਂ ਉਹ ਉਨ੍ਹਾਂ ਕੌਮਾਂ ਲਈ ਰੌਸ਼ਨੀ ਬਣੇ ਜੋ ਹਨੇਰੇ ਵਿਚ ਸਨ ਯਾਨੀ ਜੋ ਯਹੋਵਾਹ ਨੂੰ ਨਹੀਂ ਜਾਣਦੀਆਂ ਸਨ।
ਯਸਾਯਾਹ ਨੇ ਸ਼ੁੱਧ ਭਗਤੀ ਦੀ ਬਹਾਲੀ ਬਾਰੇ ਜੋ ਭਵਿੱਖਬਾਣੀਆਂ ਕੀਤੀਆਂ ਸਨ, ਉਹ ਯਰੂਸ਼ਲਮ ਸ਼ਹਿਰ ʼਤੇ ਕੁਝ ਹੱਦ ਤਕ ਹੀ ਪੂਰੀਆਂ ਹੋਈਆਂ ਸਨ। ਪਰ ਅੱਗੇ ਚੱਲ ਕੇ ਜ਼ਿਆਦਾਤਰ ਇਜ਼ਰਾਈਲੀਆਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਣਾ ਛੱਡ ਦਿੱਤਾ। (ਨਹ. 13:27; ਮਲਾ. 1:6-8; 2:13, 14; ਮੱਤੀ 15:7-9) ਬਾਅਦ ਵਿਚ ਤਾਂ ਉਨ੍ਹਾਂ ਨੇ ਯਿਸੂ ਨੂੰ ਮਸੀਹ ਵਜੋਂ ਹੀ ਠੁਕਰਾ ਦਿੱਤਾ। (ਮੱਤੀ 27:1, 2) 70 ਈਸਵੀ ਵਿਚ ਯਰੂਸ਼ਲਮ ਅਤੇ ਇਸ ਦੇ ਮੰਦਰ ਨੂੰ ਦੂਜੀ ਵਾਰ ਤਬਾਹ ਕਰ ਦਿੱਤਾ ਗਿਆ।
ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇੱਦਾਂ ਹੋਵੇਗਾ। (ਦਾਨੀ. 9:24-27) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਇਹ ਮਕਸਦ ਨਹੀਂ ਸੀ ਕਿ ਯਸਾਯਾਹ ਅਧਿਆਇ 60 ਵਿਚ ਸ਼ੁੱਧ ਭਗਤੀ ਬਹਾਲ ਕੀਤੇ ਜਾਣ ਬਾਰੇ ਜੋ ਭਵਿੱਖਬਾਣੀਆਂ ਦਰਜ ਹਨ, ਉਨ੍ਹਾਂ ਦੀ ਹਰ ਗੱਲ ਯਰੂਸ਼ਲਮ ਸ਼ਹਿਰ ʼਤੇ ਪੂਰੀ ਹੋਵੇ।
ਕੀ ਯਸਾਯਾਹ ਦੀ ਇਹ ਭਵਿੱਖਬਾਣੀ ਅੱਜ ਵੱਡੇ ਪੈਮਾਨੇ ʼਤੇ ਪੂਰੀ ਹੋ ਰਹੀ ਹੈ? ਜੀ ਹਾਂ, ਯਹੋਵਾਹ ਅੱਜ ਇਕ ਹੋਰ ਔਰਤ ਰਾਹੀਂ ਰੌਸ਼ਨੀ ਚਮਕਾ ਰਿਹਾ ਹੈ। ਪਰ ਇਹ ਕੋਈ ਸੱਚ-ਮੁੱਚ ਦੀ ਔਰਤ ਨਹੀਂ, ਸਗੋਂ ਇਹ ‘ਉੱਪਰਲੇ ਯਰੂਸ਼ਲਮ’ ਨੂੰ ਦਰਸਾਉਂਦੀ ਹੈ। ਪੌਲੁਸ ਰਸੂਲ ਨੇ ਇਸ ਔਰਤ ਬਾਰੇ ਲਿਖਿਆ: “ਇਹ ਸਾਡੀ ਮਾਂ ਹੈ।” (ਗਲਾ. 4:26) ਉੱਪਰਲਾ ਯਰੂਸ਼ਲਮ ਪਰਮੇਸ਼ੁਰ ਦੇ ਸੰਗਠਨ ਦਾ ਸਵਰਗੀ ਹਿੱਸਾ ਹੈ ਜੋ ਵਫ਼ਾਦਾਰ ਦੂਤਾਂ ਨਾਲ ਮਿਲ ਕੇ ਬਣਿਆ ਹੈ। ਇਸ ਔਰਤ ਦੇ ਬੱਚੇ ਵੀ ਹਨ। ਯਿਸੂ ਉਨ੍ਹਾਂ ਵਿੱਚੋਂ ਇਕ ਹੈ। ਉਸ ਤੋਂ ਇਲਾਵਾ 1,44,000 ਚੁਣੇ ਹੋਏ ਮਸੀਹੀ ਵੀ ਉਸ ਦੇ ਬੱਚੇ ਹਨ ਜਿਨ੍ਹਾਂ ਦੀ ਪੌਲੁਸ ਵਾਂਗ ਸਵਰਗ ਜਾਣ ਦੀ ਉਮੀਦ ਹੈ। ਸਾਰੇ ਚੁਣੇ ਹੋਏ ਮਸੀਹੀਆਂ ਨੂੰ “ਪਵਿੱਤਰ ਕੌਮ” ਯਾਨੀ ‘ਪਰਮੇਸ਼ੁਰ ਦਾ ਇਜ਼ਰਾਈਲ’ ਕਿਹਾ ਗਿਆ ਹੈ।—1 ਪਤ. 2:9; ਗਲਾ. 6:16.
ਉੱਪਰਲਾ ਯਰੂਸ਼ਲਮ ਕਦੋਂ ਤੇ ਕਿਵੇਂ ‘ਉੱਠਿਆ’ ਅਤੇ ਉਸ ਨੇ ਕਦੋਂ ਤੇ ਕਿਵੇਂ ਰੌਸ਼ਨੀ ਚਮਕਾਈ? ਉਸ ਨੇ ਧਰਤੀ ʼਤੇ ਆਪਣੇ ਚੁਣੇ ਹੋਏ ਬੱਚਿਆਂ ਰਾਹੀਂ ਇੱਦਾਂ ਕੀਤਾ। ਆਓ ਦੇਖੀਏ ਚੁਣੇ ਹੋਏ ਮਸੀਹੀਆਂ ਨਾਲ ਜੋ ਹੋਇਆ, ਉਹ ਯਸਾਯਾਹ ਅਧਿਆਇ 60 ਵਿਚ ਦਰਜ ਭਵਿੱਖਬਾਣੀਆਂ ਨਾਲ ਕਿਵੇਂ ਮੇਲ ਖਾਂਦਾ ਹੈ।
ਚੁਣੇ ਹੋਏ ਮਸੀਹੀਆਂ ਨੂੰ ‘ਉੱਠਣ’ ਦੀ ਲੋੜ ਕਿਉਂ ਪਈ? ਕਿਉਂਕਿ ਰਸੂਲਾਂ ਦੀ ਮੌਤ ਤੋਂ ਬਾਅਦ ਧਰਮ-ਤਿਆਗੀਆਂ ਦੀਆਂ ਝੂਠੀਆਂ ਸਿੱਖਿਆਵਾਂ ਫੈਲ ਗਈਆਂ ਸਨ ਜਿਸ ਕਰਕੇ ਉਹ ਇਕ ਤਰ੍ਹਾਂ ਨਾਲ ਹਨੇਰੇ ਵਿਚ ਚਲੇ ਗਏ ਸਨ। (ਮੱਤੀ 13:37-43) ਇਸ ਤਰ੍ਹਾਂ ਉਹ ਮਹਾਂ ਬਾਬਲ ਯਾਨੀ ਸਾਮਰਾਜ ਵਾਂਗ ਫੈਲੇ ਝੂਠੇ ਧਰਮਾਂ ਦੇ ਗ਼ੁਲਾਮ ਬਣ ਗਏ। ਨਾਲੇ ਚੁਣੇ ਹੋਏ ਮਸੀਹੀ ਉਦੋਂ ਤਕ ਗ਼ੁਲਾਮ ਰਹੇ ਜਦੋਂ ਤਕ “ਯੁਗ ਦਾ ਆਖ਼ਰੀ ਸਮਾਂ” ਨਹੀਂ ਆ ਗਿਆ। ਇਹ ਸਮਾਂ ਸਾਲ 1914 ਵਿਚ ਸ਼ੁਰੂ ਹੋਇਆ। (ਮੱਤੀ 13:39, 40) ਇਸ ਤੋਂ ਜਲਦੀ ਹੀ ਬਾਅਦ ਸਾਲ 1919 ਵਿਚ ਉਹ ਆਜ਼ਾਦ ਹੋ ਗਏ। ਨਾਲੇ ਉਨ੍ਹਾਂ ਨੇ ਫ਼ੌਰਨ ਰੌਸ਼ਨੀ ਚਮਕਾਉਣੀ ਯਾਨੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।b ਇਸ ਦਾ ਕੀ ਨਤੀਜਾ ਨਿਕਲਿਆ? ਜਿੱਦਾਂ-ਜਿੱਦਾਂ ਸਾਲ ਬੀਤਦੇ ਗਏ, ਸਾਰੀਆਂ ਕੌਮਾਂ ਦੇ ਲੋਕ ਇਸ ਰੌਸ਼ਨੀ ਵੱਲ ਆਉਣ ਲੱਗ ਪਏ। ਇਨ੍ਹਾਂ ਵਿਚ ਧਰਤੀ ʼਤੇ ਰਹਿੰਦੇ ਪਰਮੇਸ਼ੁਰ ਦੇ ਇਜ਼ਰਾਈਲ ਦੇ ਬਚੇ ਹੋਏ ਚੁਣੇ ਹੋਏ ਮਸੀਹੀ ਵੀ ਉਸ ਵੱਲ ਆਉਣ ਲੱਗ ਪਏ। ਇਨ੍ਹਾਂ ਨੂੰ ਯਸਾਯਾਹ 60:3 ਵਿਚ “ਰਾਜੇ” ਕਿਹਾ ਗਿਆ ਹੈ।—ਪ੍ਰਕਾ. 5:9, 10.
ਭਵਿੱਖ ਵਿਚ ਚੁਣੇ ਹੋਏ ਮਸੀਹੀ ਹੋਰ ਵੀ ਵੱਡੇ ਪੈਮਾਨੇ ʼਤੇ ਯਹੋਵਾਹ ਦੀ ਰੌਸ਼ਨੀ ਚਮਕਾਉਣਗੇ। ਉਹ ਕਿਵੇਂ? ਉਹ ਆਪਣੀ ਮੌਤ ਤੋਂ ਬਾਅਦ ਸਵਰਗ ਜਾ ਕੇ “ਨਵੇਂ ਯਰੂਸ਼ਲਮ” ਦਾ ਹਿੱਸਾ ਜਾਂ ਮਸੀਹ ਦੀ ਲਾੜੀ ਬਣਨਗੇ। ਇਹ ਲਾੜੀ ਯਾਨੀ 1,44,000 ਜਣੇ ਯਿਸੂ ਮਸੀਹ ਨਾਲ ਮਿਲ ਕੇ ਰਾਜਿਆਂ ਤੇ ਪੁਜਾਰੀਆਂ ਵਜੋਂ ਸੇਵਾ ਕਰਨਗੇ।—ਪ੍ਰਕਾ. 14:1; 21:1, 2, 24; 22:3-5.
ਨਵਾਂ ਯਰੂਸ਼ਲਮ ਯਸਾਯਾਹ 60:1 ਵਿਚ ਦਰਜ ਭਵਿੱਖਬਾਣੀ ਪੂਰੀ ਕਰਨ ਵਿਚ ਅਹਿਮ ਭੂਮਿਕਾ ਨਿਭਾਵੇਗਾ। (ਯਸਾਯਾਹ 60:1, 3, 5, 11, 19, 20 ਦੀ ਪ੍ਰਕਾਸ਼ ਦੀ ਕਿਤਾਬ 21:2, 9-11, 22-26 ਨਾਲ ਤੁਲਨਾ ਕਰੋ।) ਠੀਕ ਜਿੱਦਾਂ ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲ ਦੇਸ਼ ਦੇ ਸਾਰੇ ਸਰਕਾਰੀ ਕੰਮ ਯਰੂਸ਼ਲਮ ਵਿਚ ਹੁੰਦੇ ਸਨ, ਉਸੇ ਤਰ੍ਹਾਂ ਨਵਾਂ ਯਰੂਸ਼ਲਮ ਅਤੇ ਮਸੀਹ ਦੋਵੇਂ ਮਿਲ ਕੇ ਨਵੀਂ ਦੁਨੀਆਂ ਵਿਚ ਇਕ ਸਰਕਾਰ ਵਜੋਂ ਰਾਜ ਕਰਨਗੇ। ਪਰ ਇਸ ਦਾ ਕੀ ਮਤਲਬ ਹੈ ਕਿ ਨਵਾਂ ਯਰੂਸ਼ਲਮ “ਆਕਾਸ਼ੋਂ ਪਰਮੇਸ਼ੁਰ ਕੋਲੋਂ” ਉਤਰੇਗਾ? ਇਸ ਦਾ ਮਤਲਬ ਹੈ ਕਿ ਉਹ ਧਰਤੀ ʼਤੇ ਲੋਕਾਂ ਵੱਲ ਧਿਆਨ ਦੇਵੇਗਾ ਅਤੇ ਉਨ੍ਹਾਂ ʼਤੇ ਰੌਸ਼ਨੀ ਚਮਕਾਵੇਗਾ। ਸਾਰੀਆਂ ਕੌਮਾਂ ਵਿੱਚੋਂ ਪਰਮੇਸ਼ੁਰ ਦਾ ਡਰ ਮੰਨਣ ਵਾਲੇ ਲੋਕ ‘ਉਸ ਸ਼ਹਿਰ ਦੇ ਚਾਨਣ ਵਿਚ ਚੱਲਣਗੇ।’ ਇੰਨਾ ਹੀ ਨਹੀਂ, ਉਨ੍ਹਾਂ ਨੂੰ ਪਾਪ ਅਤੇ ਮੌਤ ਤੋਂ ਵੀ ਛੁਡਾਇਆ ਜਾਵੇਗਾ। (ਪ੍ਰਕਾ. 21:3, 4, 24) ਨਤੀਜੇ ਵਜੋਂ, ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ “ਮੁੜ ਬਹਾਲ” ਕੀਤਾ ਜਾਵੇਗਾ ਜਿਵੇਂ ਯਸਾਯਾਹ ਅਤੇ ਹੋਰ ਨਬੀਆਂ ਨੇ ਦੱਸਿਆ ਸੀ। (ਰਸੂ. 3:21) ਮੁੜ ਬਹਾਲ ਕੀਤੇ ਜਾਣ ਦਾ ਕੰਮ ਵੱਡੇ ਪੱਧਰ ʼਤੇ ਉਦੋਂ ਸ਼ੁਰੂ ਹੋਇਆ ਜਦੋਂ ਮਸੀਹ ਰਾਜਾ ਬਣਿਆ ਅਤੇ ਉਸ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਇਹ ਕੰਮ ਪੂਰਾ ਹੋ ਜਾਵੇਗਾ।
a ਇਬਰਾਨੀ ਭਾਸ਼ਾ ਵਿਚ ਯਸਾਯਾਹ 60:1 ਵਿਚ “ਔਰਤ” ਸ਼ਬਦ ਨਹੀਂ ਵਰਤਿਆ ਗਿਆ ਹੈ। ਪਰ ਇਸ ਆਇਤ ਵਿਚ ਜੋ ਕਿਰਿਆਵਾਂ ਵਰਤੀਆਂ ਗਈਆਂ ਹਨ, ਜਿਨ੍ਹਾਂ ਦਾ ਅਨੁਵਾਦ “ਉੱਠ” ਅਤੇ “ਰੌਸ਼ਨੀ ਚਮਕਾ” ਕੀਤਾ ਗਿਆ ਹੈ, ਉਹ ਇਸਤਰੀ-ਲਿੰਗ ਵਿਚ ਹਨ। ਨਾਲੇ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਤੇਰੇ” ਕੀਤਾ ਗਿਆ ਹੈ, ਉਹ ਵੀ ਇਸਤਰੀ-ਲਿੰਗ ਵਿਚ ਹੈ। ਇਸ ਲਈ ਨਵੀਂ ਦੁਨੀਆਂ ਅਨੁਵਾਦ ਵਿਚ ਯਸਾਯਾਹ 60:1 ਵਿਚ “ਸੀਓਨ” ਜਾਂ “ਯਰੂਸ਼ਲਮ” ਨੂੰ “ਔਰਤ” ਕਿਹਾ ਗਿਆ ਗਿਆ ਹੈ। ਇਹ ਆਇਤ ਪੜ੍ਹ ਕੇ ਸਾਫ਼ ਪਤਾ ਲੱਗਦਾ ਹੈ ਕਿ ਇੱਥੇ ਸੱਚ-ਮੁੱਚ ਦੀ ਔਰਤ ਦੀ ਗੱਲ ਨਹੀਂ ਕੀਤੀ ਗਈ।
b 1919 ਵਿਚ ਸ਼ੁੱਧ ਭਗਤੀ ਬਹਾਲ ਕੀਤੀ ਗਈ। ਇਸ ਬਾਰੇ ਹਿਜ਼ਕੀਏਲ 37:1-14 ਅਤੇ ਪ੍ਰਕਾਸ਼ ਦੀ ਕਿਤਾਬ 11:7-12 ਵਿਚ ਵੀ ਦੱਸਿਆ ਗਿਆ ਹੈ। ਹਿਜ਼ਕੀਏਲ ਨੇ ਦੱਸਿਆ ਸੀ ਕਿ ਲੰਬੇ ਸਮੇਂ ਤਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਰਹਿਣ ਤੋਂ ਬਾਅਦ ਸਾਰੇ ਚੁਣੇ ਹੋਏ ਮਸੀਹੀ ਦੁਬਾਰਾ ਤੋਂ ਯਹੋਵਾਹ ਦੀ ਸ਼ੁੱਧ ਭਗਤੀ ਕਰਨਗੇ। ਨਾਲੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਸੀ ਕਿ ਚੁਣੇ ਹੋਏ ਭਰਾਵਾਂ ਦਾ ਇਕ ਛੋਟਾ ਜਿਹਾ ਸਮੂਹ ਜੋ ਅਗਵਾਈ ਕਰ ਰਿਹਾ ਸੀ, ਉਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ। ਅਸਲ ਵਿਚ, ਇਨ੍ਹਾਂ ਭਰਾਵਾਂ ਨੂੰ ਬਿਨਾਂ ਕਿਸੇ ਜੁਰਮ ਦੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ ਜਿਸ ਕਰਕੇ ਕੁਝ ਸਮੇਂ ਲਈ ਇਨ੍ਹਾਂ ਦਾ ਕੰਮ ਠੰਢਾ ਪੈ ਗਿਆ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਹੋਵੇ। ਪਰ ਉਨ੍ਹਾਂ ਵਿਚ ਦੁਬਾਰਾ ਜਾਨ ਪਾਈ ਗਈ ਯਾਨੀ 1919 ਵਿਚ ਉਨ੍ਹਾਂ ਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਨਿਯੁਕਤ ਕੀਤਾ ਗਿਆ।—ਮੱਤੀ 24:45; ਯਹੋਵਾਹ ਦੀ ਸ਼ੁੱਧ ਭਗਤੀ ਬਹਾਲ! ਸਫ਼ਾ 118 ਦੇਖੋ।