ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?
ਦੁਨੀਆਂ ਭਰ ਵਿਚ ਕੀਤਾ ਜਾਂਦਾ ਸਾਡਾ ਕੰਮ ਯਹੋਵਾਹ ਦੇ ਗਵਾਹਾਂ ਵੱਲੋਂ ਆਪਣੀ ਇੱਛਾ ਨਾਲ ਦਿੱਤੇ ਜਾਂਦੇ ਦਾਨ ਨਾਲ ਚਲਾਇਆ ਜਾਂਦਾ ਹੈ।a ਕਿੰਗਡਮ ਹਾਲਾਂ ਵਿਚ ਦਾਨ-ਪੇਟੀਆਂ ਰੱਖੀਆਂ ਹੋਈਆਂ ਹਨ ਅਤੇ “ਦਾਨ” ਵਾਲੇ ਸਫ਼ੇ ʼਤੇ ਦਾਨ ਦੇਣ ਦੇ ਹੋਰ ਤਰੀਕਿਆਂ ਬਾਰੇ ਵੀ ਦੱਸਿਆ ਗਿਆ ਹੈ। ਉਸ ʼਤੇ ਅਲੱਗ-ਅਲੱਗ ਤਰੀਕੇ ਦੱਸੇ ਗਏ ਹਨ ਜਿਸ ਕਰਕੇ ਇਕ ਵਿਅਕਤੀ ਕਿੰਗਡਮ ਹਾਲ ਲਈ ਜਾਂ ਦੁਨੀਆਂ ਭਰ ਵਿਚ ਹੋ ਰਹੇ ਸਾਡੇ ਕੰਮ ਲਈ ਜਾਂ ਫਿਰ ਦੋਵਾਂ ਲਈ ਦਾਨ ਦੇਣ ਦਾ ਫ਼ੈਸਲਾ ਖ਼ੁਦ ਕਰ ਸਕਦਾ ਹੈ।
ਯਹੋਵਾਹ ਦੇ ਗਵਾਹਾਂ ਤੋਂ ਇਹ ਮੰਗ ਨਹੀਂ ਕੀਤੀ ਜਾਂਦੀ ਹੈ ਕਿ ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਜਾਂ ਖ਼ਾਸ ਰਕਮ ਦਾਨ ਕਰਨ। (2 ਕੁਰਿੰਥੀਆਂ 9:7) ਅਸੀਂ ਨਾ ਤਾਂ ਆਪਣੀਆਂ ਮੀਟਿੰਗਾਂ ਵਿਚ ਚੰਦਾ ਮੰਗਦੇ ਹਾਂ ਤੇ ਨਾ ਹੀ ਉੱਥੇ ਆਉਣ ਲਈ ਪੈਸੇ ਮੰਗਦੇ ਹਾਂ। ਪਰਮੇਸ਼ੁਰ ਦਾ ਨਿਯੁਕਤ ਸੇਵਕ ਬਪਤਿਸਮਾ ਦੇਣ, ਸੰਸਕਾਰ, ਵਿਆਹ ਜਾਂ ਹੋਰ ਕੋਈ ਵੀ ਧਾਰਮਿਕ ਕੰਮ ਕਰਨ ਲਈ ਕੋਈ ਵੀ ਪੈਸਾ ਨਹੀਂ ਲੈਂਦਾ। ਅਸੀਂ ਚੀਜ਼ਾਂ ਵੇਚ ਕੇ, ਬਾਜ਼ਾਰ ਲਾ ਕੇ, ਬੀਂਗੋ ਗੇਮਾਂ ਖੇਡ ਕੇ, ਮੇਲੇ ਲਾ ਕੇ ਜਾਂ ਹੋਰ ਇੱਦਾਂ ਦੇ ਕੰਮ ਕਰ ਕੇ ਦਾਨ ਇਕੱਠਾ ਨਹੀਂ ਕਰਦੇ ਤੇ ਨਾ ਹੀ ਦਾਨ ਮੰਗਦੇ ਹਾਂ। ਦਾਨ ਦੇਣ ਵਾਲੇ ਲੋਕਾਂ ਦੇ ਨਾਂ ਗੁਪਤ ਰੱਖੇ ਜਾਂਦੇ ਹਨ ਜਾਂ ਉਨ੍ਹਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ। (ਮੱਤੀ 6:2-4) ਸਾਡੀ ਵੈੱਬਸਾਈਟ ਅਤੇ ਪ੍ਰਕਾਸ਼ਨਾਂ ਵਿਚ ਕਿਸੇ ਵੀ ਤਰ੍ਹਾਂ ਦੀਆਂ ਮਸ਼ਹੂਰੀਆਂ ਨਹੀਂ ਦਿੱਤੀਆਂ ਜਾਂਦੀਆਂ।
ਯਹੋਵਾਹ ਦੇ ਗਵਾਹਾਂ ਦੀ ਹਰ ਮੰਡਲੀ ਵਿਚ ਹਰ ਮਹੀਨੇ ਦੀ ਲੇਖਾ-ਜੋਖਾ ਰਿਪੋਰਟ ਮੁਹੱਈਆ ਕਰਾਈ ਜਾਂਦੀ ਹੈ ਤਾਂਕਿ ਸਾਰਿਆਂ ਨੂੰ ਮੰਡਲੀ ਦੇ ਦਾਨ ਤੇ ਖ਼ਰਚਿਆਂ ਬਾਰੇ ਪਤਾ ਲੱਗ ਸਕੇ। ਸਮੇਂ-ਸਮੇਂ ʼਤੇ ਹਰ ਮੰਡਲੀ ਦੀ ਲੇਖਾ-ਜੋਖਾ ਰਿਪੋਰਟ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ ਤਾਂਕਿ ਇਹ ਦੇਖਿਆ ਜਾ ਸਕੇ ਕਿ ਦਾਨ ਦਿੱਤੇ ਗਏ ਪੈਸਿਆਂ ਦੀ ਸਹੀ ਵਰਤੋਂ ਕੀਤੀ ਜਾ ਰਹੀ ਹੈ ਜਾਂ ਨਹੀਂ।—2 ਕੁਰਿੰਥੀਆਂ 8:20, 21.
ਦਾਨ ਦੇਣ ਦੇ ਤਰੀਕੇ
ਦਾਨ-ਪੇਟੀਆਂ: ਤੁਸੀਂ ਕਿੰਗਡਮ ਹਾਲਾਂ, ਅਸੈਂਬਲੀ ਹਾਲਾਂ ਜਾਂ ਹੋਰ ਥਾਵਾਂ ʼਤੇ ਹੁੰਦੀਆਂ ਮੀਟਿੰਗਾਂ ਵਿਚ ਰੱਖੀਆਂ ਦਾਨ-ਪੇਟੀਆਂ ਵਿਚ ਪੈਸੇ ਜਾਂ ਚੈੱਕ ਪਾ ਸਕਦੇ ਹੋ।
ਆਨ-ਲਾਈਨ ਦਾਨ: ਬਹੁਤ ਸਾਰੇ ਦੇਸ਼ਾਂ ਵਿਚ ਤੁਸੀਂ “Donate to Jehovah’s Witnesses” ਉੱਤੇ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਬੈਂਕ ਟ੍ਰਾਂਸਫ਼ਰ ਅਤੇ ਹੋਰ ਤਰੀਕਿਆਂ ਰਾਹੀਂ ਦਾਨ ਦੇ ਸਕਦੇ ਹੋ।b ਕੁਝ ਮਸੀਹੀ ਇਨ੍ਹਾਂ ਵਿੱਚੋਂ ਕਿਸੇ ਤਰੀਕੇ ਰਾਹੀਂ ਆਨ-ਲਾਈਨ ਦਾਨ ਦੇਣ ਲਈ ਇੱਦਾਂ ਸੈਟਿੰਗ ਕਰ ਲੈਂਦੇ ਹਨ ਕਿ ਹਰ ਮਹੀਨੇ ਤੈਅ ਕੀਤੀ ਰਕਮ ਆਪਣੇ ਆਪ ਦਾਨ ਹੋ ਜਾਵੇ। ਇਸ ਤਰ੍ਹਾਂ ਉਹ ਦਾਨ ਦੇਣ ਲਈ ‘ਕੁਝ ਪੈਸੇ ਵੱਖਰੇ ਰੱਖਦੇ’ ਹਨ।—1 ਕੁਰਿੰਥੀਆਂ 16:2.
ਯੋਜਨਾਬੱਧ ਦਾਨ: ਦਾਨ ਦੇਣ ਦੇ ਕੁਝ ਤਰੀਕਿਆਂ ਲਈ ਸੋਚ-ਸਮਝ ਕੇ ਯੋਜਨਾ ਬਣਾਉਣ ਅਤੇ/ਜਾਂ ਕਾਨੂੰਨੀ ਸਲਾਹਕਾਰ ਤੋਂ ਸਲਾਹ ਲੈਣ ਦੀ ਲੋੜ ਹੁੰਦੀ ਹੈ। ਅਜਿਹੀ ਯੋਜਨਾ ਬਣਾਉਣ ਨਾਲ ਸ਼ਾਇਦ ਤੁਹਾਨੂੰ ਆਪਣੇ ਦੇਸ਼ ਦੇ ਕਾਨੂੰਨ ਅਨੁਸਾਰ ਟੈਕਸ ਦੇ ਮਾਮਲੇ ਵਿਚ ਫ਼ਾਇਦਾ ਹੋਵੇ। ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣ ਸੰਬੰਧੀ ਹੋਰ ਜਾਣਕਾਰੀ ਲੈਣ ਨਾਲ ਬਹੁਤ ਜਣਿਆਂ ਨੂੰ ਫ਼ਾਇਦਾ ਹੋਇਆ ਹੈ। ਇਨ੍ਹਾਂ ਤਰੀਕਿਆਂ ਨਾਲ ਜੀਉਂਦੇ ਜੀ ਜਾਂ ਮੌਤ ਤੋਂ ਬਾਅਦ ਵੀ ਦਾਨ ਦਿੱਤਾ ਜਾ ਸਕਦਾ ਹੈ। ਜੇ ਤੁਸੀਂ ਹੇਠ ਲਿਖੇ ਤਰੀਕਿਆਂ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ ਹੋਰ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਆਪਣੇ ਦੇਸ਼ ਦੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ:
ਬੈਂਕ ਖਾਤੇ
ਬੀਮਾ ਪਾਲਸੀ ਅਤੇ ਰੀਟਾਇਰਮੈਂਟ ਯੋਜਨਾ
ਜ਼ਮੀਨ-ਜਾਇਦਾਦ
ਸਟਾਕ ਅਤੇ ਬਾਂਡ
ਵਸੀਅਤ ਅਤੇ ਟ੍ਰਸਟ
ਆਪਣੇ ਇਲਾਕੇ ਵਿਚ ਦਾਨ ਦੇਣ ਦੇ ਉਪਲਬਧ ਤਰੀਕਿਆਂ ਬਾਰੇ ਹੋਰ ਜਾਣਕਾਰੀ ਲੈਣ ਲਈ “Donate to Jehovah’s Witnesses” ਦੇ ਸਫ਼ੇ ʼਤੇ ਜਾਓ।
a ਜਿਹੜੇ ਲੋਕ ਯਹੋਵਾਹ ਦੇ ਗਵਾਹ ਨਹੀਂ ਹਨ, ਉਨ੍ਹਾਂ ਵਿੱਚੋਂ ਵੀ ਕੁਝ ਜਣੇ ਸਾਡੇ ਕੰਮ ਲਈ ਖ਼ੁਸ਼ੀ-ਖ਼ੁਸ਼ੀ ਦਾਨ ਦਿੰਦੇ ਹਨ।
b ਹੋਰ ਜਾਣਕਾਰੀ ਲੈਣ ਲਈ ਆਨ-ਲਾਈਨ ਦਾਨ ਕਿਵੇਂ ਕਰੀਏ? ਨਾਂ ਦੀ ਵੀਡੀਓ ਦੇਖੋ।