ਅੱਯੂਬ
20 ਸੋਫਰ+ ਨਾਮਾਥੀ ਨੇ ਜਵਾਬ ਦਿੱਤਾ:
2 “ਮੇਰੇ ਅੰਦਰ ਹਲਚਲ ਮਚੀ ਹੋਈ ਹੈ,
ਇਸੇ ਕਰਕੇ ਮੇਰੇ ਖ਼ਿਆਲ ਮੈਨੂੰ ਬੇਚੈਨ ਕਰ ਰਹੇ ਹਨ ਕਿ ਮੈਂ ਜਵਾਬ ਦਿਆਂ।
3 ਮੈਂ ਇਕ ਝਿੜਕ ਸੁਣੀ ਹੈ ਜਿਸ ਨਾਲ ਮੇਰੀ ਬੇਇੱਜ਼ਤੀ ਹੁੰਦੀ ਹੈ;
ਮੇਰੀ ਸਮਝ ਮੈਨੂੰ ਜਵਾਬ ਦੇਣ ਲਈ ਮਜਬੂਰ ਕਰਦੀ ਹੈ।
4 ਤੂੰ ਤਾਂ ਇਹ ਸ਼ੁਰੂ ਤੋਂ ਜਾਣਦਾ ਹੋਣਾ,
ਜਦੋਂ ਤੋਂ ਇਨਸਾਨ* ਨੂੰ ਧਰਤੀ ਉੱਤੇ ਰੱਖਿਆ ਗਿਆ, ਉਦੋਂ ਤੋਂ ਇਸੇ ਤਰ੍ਹਾਂ ਹੁੰਦਾ ਆਇਆ ਹੈ,+
5 ਦੁਸ਼ਟ ਥੋੜ੍ਹੇ ਚਿਰ ਲਈ ਖ਼ੁਸ਼ੀਆਂ-ਖੇੜੇ ਮਾਣਦਾ ਹੈ
6 ਚਾਹੇ ਉਸ ਦੀ ਮਹਾਨਤਾ ਆਕਾਸ਼ ਤਕ ਪਹੁੰਚ ਜਾਵੇ,
ਚਾਹੇ ਉਸ ਦਾ ਸਿਰ ਬੱਦਲਾਂ ਨੂੰ ਛੂਹੇ,
7 ਉਹ ਆਪਣੇ ਮਲ ਵਾਂਗ ਹਮੇਸ਼ਾ ਲਈ ਖ਼ਾਕ ਹੋ ਜਾਵੇਗਾ;
ਜੋ ਉਸ ਦੁਸ਼ਟ ਨੂੰ ਦੇਖਦੇ ਹੁੰਦੇ ਸਨ, ਉਹ ਕਹਿਣਗੇ, ‘ਕਿੱਥੇ ਗਿਆ ਉਹ?’
8 ਉਹ ਸੁਪਨੇ ਵਾਂਗ ਉੱਡ ਜਾਵੇਗਾ ਤੇ ਉਹ ਉਸ ਨੂੰ ਲੱਭ ਨਾ ਸਕਣਗੇ;
ਰਾਤ ਦੇ ਖ਼ਾਬ ਵਾਂਗ ਉਹ ਗਾਇਬ ਹੋ ਜਾਵੇਗਾ।
9 ਜੋ ਅੱਖ ਉਸ ਨੂੰ ਦੇਖਦੀ ਸੀ, ਉਹ ਉਸ ਨੂੰ ਦੁਬਾਰਾ ਨਹੀਂ ਦੇਖੇਗੀ
ਅਤੇ ਉਸ ਨੂੰ ਦੁਬਾਰਾ ਕਦੇ ਉਸ ਦੇ ਘਰ ਵਿਚ ਨਹੀਂ ਦੇਖਿਆ ਜਾਵੇਗਾ।+
10 ਉਸ ਦੇ ਬੱਚੇ ਗ਼ਰੀਬਾਂ ਦੀ ਮਿਹਰ ਪਾਉਣ ਲਈ ਤਰਸਣਗੇ,
ਉਹ ਆਪਣੇ ਹੱਥੀਂ ਆਪਣੀ ਦੌਲਤ ਵਾਪਸ ਕਰੇਗਾ।+
11 ਉਸ ਦੀਆਂ ਹੱਡੀਆਂ ਵਿਚ ਜਵਾਨੀ ਦੀ ਤਾਕਤ ਹੁੰਦੀ ਸੀ,
ਪਰ ਇਹ* ਉਸ ਦੇ ਨਾਲ ਹੀ ਮਿੱਟੀ ਵਿਚ ਮਿਲ ਜਾਵੇਗੀ।
12 ਜੇ ਬੁਰਾਈ ਉਸ ਦੇ ਮੂੰਹ ਨੂੰ ਮਿੱਠੀ ਲੱਗਦੀ ਹੈ,
ਜੇ ਉਹ ਆਪਣੀ ਜੀਭ ਥੱਲੇ ਇਸ ਨੂੰ ਲੁਕਾ ਲੈਂਦਾ ਹੈ,
13 ਜੇ ਉਹ ਇਸ ਦਾ ਸੁਆਦ ਲੈਂਦਾ ਰਹਿੰਦਾ ਹੈ ਤੇ ਇਸ ਨੂੰ ਜਾਣ ਨਹੀਂ ਦਿੰਦਾ,
ਪਰ ਇਸ ਨੂੰ ਆਪਣੇ ਮੂੰਹ ਵਿਚ ਰੱਖੀ ਰੱਖਦਾ ਹੈ,
14 ਤਾਂ ਉਸ ਦਾ ਭੋਜਨ ਉਸ ਦੇ ਅੰਦਰ ਜਾ ਕੇ ਖੱਟਾ ਹੋ ਜਾਵੇਗਾ;
ਇਹ ਉਸ ਦੇ ਅੰਦਰ ਨਾਗਾਂ ਦੇ ਜ਼ਹਿਰ* ਵਾਂਗ ਬਣ ਜਾਵੇਗਾ।
15 ਉਸ ਨੇ ਦੌਲਤ ਨਿਗਲ਼ ਲਈ ਹੈ, ਪਰ ਉਹ ਇਸ ਨੂੰ ਉਗਲੱਛ ਦੇਵੇਗਾ;
ਪਰਮੇਸ਼ੁਰ ਇਸ ਨੂੰ ਉਸ ਦੇ ਢਿੱਡ ਵਿੱਚੋਂ ਕੱਢ ਲਵੇਗਾ।
16 ਉਹ ਨਾਗਾਂ ਦਾ ਜ਼ਹਿਰ ਚੂਸੇਗਾ;
ਸੱਪ ਦੇ ਡੰਗ* ਨਾਲ ਉਹ ਮਰ ਜਾਵੇਗਾ।
17 ਉਹ ਕਦੇ ਵੀ ਪਾਣੀ ਦੀਆਂ ਨਦੀਆਂ ਨਹੀਂ ਦੇਖੇਗਾ,
ਹਾਂ, ਸ਼ਹਿਦ ਤੇ ਮੱਖਣ ਦੀਆਂ ਨਦੀਆਂ।
18 ਉਹ ਆਪਣੀਆਂ ਚੀਜ਼ਾਂ ਨੂੰ ਵਰਤੇ ਬਿਨਾਂ ਵਾਪਸ ਮੋੜ ਦੇਵੇਗਾ;*
ਉਹ ਆਪਣੇ ਵਪਾਰ ਤੋਂ ਖੱਟੀ ਦੌਲਤ ਦਾ ਮਜ਼ਾ ਨਹੀਂ ਲੈ ਪਾਵੇਗਾ।+
19 ਕਿਉਂਕਿ ਉਸ ਨੇ ਗ਼ਰੀਬਾਂ ਨੂੰ ਕੁਚਲ ਕੇ ਛੱਡ ਦਿੱਤਾ ਹੈ;
ਉਸ ਨੇ ਉਹ ਘਰ ਹੜੱਪ ਲਿਆ ਹੈ ਜੋ ਉਸ ਨੇ ਨਹੀਂ ਬਣਾਇਆ।
20 ਪਰ ਉਸ ਨੂੰ ਅੰਦਰੋਂ ਸ਼ਾਂਤੀ ਨਹੀਂ ਮਿਲੇਗੀ;
ਉਸ ਦੀ ਦੌਲਤ ਉਸ ਨੂੰ ਬਚਾ ਨਹੀਂ ਪਾਵੇਗੀ।
21 ਉਸ ਦੇ ਹਥਿਆਉਣ ਲਈ ਕੁਝ ਨਾ ਬਚੇਗਾ;
ਇਸ ਕਾਰਨ ਉਸ ਦੀ ਖ਼ੁਸ਼ਹਾਲੀ ਜ਼ਿਆਦਾ ਚਿਰ ਨਹੀਂ ਰਹੇਗੀ।
22 ਜਦੋਂ ਉਸ ਦੀ ਧਨ-ਦੌਲਤ ਅੰਬਰਾਂ ਨੂੰ ਛੋਹੇਗੀ, ਤਾਂ ਚਿੰਤਾ ਉਸ ਨੂੰ ਆ ਘੇਰੇਗੀ;
ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇਗਾ।
23 ਜਦ ਉਹ ਆਪਣਾ ਢਿੱਡ ਭਰ ਰਿਹਾ ਹੋਵੇਗਾ,
ਤਾਂ ਪਰਮੇਸ਼ੁਰ ਉਸ ਉੱਤੇ ਆਪਣੇ ਕ੍ਰੋਧ ਦਾ ਕਹਿਰ ਵਰ੍ਹਾਵੇਗਾ,
ਇਸ ਦੀ ਵਾਛੜ ਉਸ ʼਤੇ ਪੈ ਕੇ ਉਸ ਦੀਆਂ ਆਂਦਰਾਂ ਨੂੰ ਭਰ ਦੇਵੇਗੀ।
24 ਜਦੋਂ ਉਹ ਲੋਹੇ ਦੇ ਹਥਿਆਰਾਂ ਤੋਂ ਬਚ ਕੇ ਭੱਜੇਗਾ,
ਤਾਂ ਤਾਂਬੇ ਦੀ ਕਮਾਨ ਵਿੱਚੋਂ ਨਿਕਲੇ ਤੀਰ ਉਸ ਨੂੰ ਵਿੰਨ੍ਹ ਸੁੱਟਣਗੇ।
25 ਉਹ ਆਪਣੀ ਪਿੱਠ ਵਿਚ ਖੁੱਭਿਆ ਤੀਰ ਕੱਢੇਗਾ,
ਹਾਂ, ਆਪਣੇ ਪਿੱਤੇ ਵਿੱਚੋਂ ਇਸ ਦੀ ਚਮਕਦੀ ਹੋਈ ਨੋਕ ਨੂੰ ਕੱਢੇਗਾ,
ਖ਼ੌਫ਼ ਉਸ ਨੂੰ ਜਕੜ ਲਵੇਗਾ।+
26 ਘੁੱਪ ਹਨੇਰਾ ਉਸ ਦੇ ਖ਼ਜ਼ਾਨੇ ਨੂੰ ਉਡੀਕੇਗਾ;
ਉਹ ਅੱਗ ਉਸ ਨੂੰ ਭਸਮ ਕਰ ਸੁੱਟੇਗੀ ਜਿਸ ਨੂੰ ਕਿਸੇ ਨੇ ਹਵਾ ਨਹੀਂ ਦਿੱਤੀ;
ਉਸ ਦੇ ਤੰਬੂ ਵਿਚ ਬਾਕੀ ਬਚਿਆਂ ਹੋਇਆਂ ਉੱਤੇ ਬਿਪਤਾ ਆ ਪਵੇਗੀ।
27 ਆਕਾਸ਼ ਉਸ ਦੀ ਗ਼ਲਤੀ ਨੂੰ ਨੰਗਾ ਕਰੇਗਾ;
ਧਰਤੀ ਉਸ ਖ਼ਿਲਾਫ਼ ਉੱਠ ਖੜ੍ਹੀ ਹੋਵੇਗੀ।
28 ਹੜ੍ਹ ਉਸ ਦੇ ਘਰ ਨੂੰ ਵਹਾ ਲੈ ਜਾਵੇਗਾ;
ਪਰਮੇਸ਼ੁਰ ਦੇ* ਕ੍ਰੋਧ ਦੇ ਦਿਨ ਇਕ ਭਿਆਨਕ ਹੜ੍ਹ ਆਵੇਗਾ।
29 ਪਰਮੇਸ਼ੁਰ ਵੱਲੋਂ ਦੁਸ਼ਟ ਦਾ ਇਹੀ ਹਿੱਸਾ ਹੈ,
ਪਰਮੇਸ਼ੁਰ ਨੇ ਉਸ ਲਈ ਇਹੀ ਵਿਰਾਸਤ ਠਹਿਰਾਈ ਹੈ।