ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਮਸਕੀਲ।* ਮਹਲਥ* ਸ਼ੈਲੀ ਮੁਤਾਬਕ।
53 ਮੂਰਖ* ਆਪਣੇ ਮਨ ਵਿਚ ਕਹਿੰਦਾ ਹੈ:
“ਯਹੋਵਾਹ ਹੈ ਹੀ ਨਹੀਂ।”+
ਉਨ੍ਹਾਂ ਦੇ ਕੰਮ ਬੁਰੇ ਅਤੇ ਘਿਣਾਉਣੇ ਹਨ;
ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ।+
2 ਪਰ ਸਵਰਗ ਤੋਂ ਪਰਮੇਸ਼ੁਰ ਦੀ ਨਜ਼ਰ ਮਨੁੱਖ ਦੇ ਪੁੱਤਰਾਂ ʼਤੇ ਹੈ+
ਤਾਂਕਿ ਉਹ ਦੇਖ ਸਕੇ ਕਿ ਕੋਈ ਡੂੰਘੀ ਸਮਝ ਰੱਖਦਾ ਹੈ ਜਾਂ ਨਹੀਂ
ਅਤੇ ਕੋਈ ਯਹੋਵਾਹ ਦੀ ਭਾਲ ਕਰਦਾ ਹੈ ਜਾਂ ਨਹੀਂ।+
3 ਉਹ ਸਾਰੇ ਭਟਕ ਗਏ ਹਨ;
ਉਹ ਸਾਰੇ ਦੇ ਸਾਰੇ ਬੁਰੇ ਹਨ।
ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ,
ਹਾਂ, ਇਕ ਵੀ ਨਹੀਂ।+
4 ਕੀ ਪਾਪੀਆਂ ਵਿੱਚੋਂ ਕੋਈ ਵੀ ਸਮਝ ਨਹੀਂ ਰੱਖਦਾ?
ਉਹ ਮੇਰੇ ਲੋਕਾਂ ਨੂੰ ਰੋਟੀ ਵਾਂਗ ਨਿਗਲ਼ ਜਾਂਦੇ ਹਨ।
ਉਹ ਯਹੋਵਾਹ ਨੂੰ ਨਹੀਂ ਪੁਕਾਰਦੇ।+
5 ਪਰ ਉਨ੍ਹਾਂ ਉੱਤੇ ਦਹਿਸ਼ਤ ਛਾ ਜਾਵੇਗੀ,
ਇੰਨੀ ਦਹਿਸ਼ਤ ਜਿੰਨੀ ਉਨ੍ਹਾਂ ਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ
ਕਿਉਂਕਿ ਪਰਮੇਸ਼ੁਰ ਤੇਰੇ ʼਤੇ ਹਮਲਾ ਕਰਨ ਵਾਲਿਆਂ* ਦੀਆਂ ਹੱਡੀਆਂ ਖਿਲਾਰ ਦੇਵੇਗਾ।
ਤੂੰ* ਉਨ੍ਹਾਂ ਨੂੰ ਸ਼ਰਮਿੰਦਾ ਕਰੇਂਗਾ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਹੈ।
6 ਇਜ਼ਰਾਈਲ ਨੂੰ ਬਚਾਉਣ ਵਾਲਾ ਸੀਓਨ ਤੋਂ ਆਵੇ!+
ਜਦ ਯਹੋਵਾਹ ਆਪਣੇ ਗ਼ੁਲਾਮ ਲੋਕਾਂ ਨੂੰ ਇਕੱਠਾ ਕਰੇਗਾ,
ਤਾਂ ਯਾਕੂਬ ਖ਼ੁਸ਼ੀਆਂ ਮਨਾਏ, ਇਜ਼ਰਾਈਲ ਬਾਗ਼-ਬਾਗ਼ ਹੋਵੇ।