ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਕਈ ਨਾਕਾਮੀਆਂ ਤੋਂ ਬਾਅਦ ਹੋਇਆ ਕਾਮਯਾਬ
ਜਨਮ: 1953
ਦੇਸ਼ ਆਸਟ੍ਰੇਲੀਆ
ਅਤੀਤ: ਅਸ਼ਲੀਲ ਤਸਵੀਰਾਂ ਦੇਖਣ ਦੀ ਲਤ
ਮੇਰੇ ਅਤੀਤ ਬਾਰੇ ਕੁਝ ਗੱਲਾਂ:
ਮੇਰੇ ਡੈਡੀ 1949 ਵਿਚ ਜਰਮਨੀ ਤੋਂ ਆਸਟ੍ਰੇਲੀਆ ਆਏ ਸਨ। ਉਹ ਵਿਕਟੋਰੀਆ ਸੂਬੇ ਵਿਚ ਖਾਣਾਂ ਖੋਦਣ ਤੇ ਬਿਜਲੀ ਪੈਦਾ ਕਰਨ ਵਾਲੀਆਂ ਫੈਕਟਰੀਆਂ ਵਿਚ ਕੰਮ ਦੀ ਭਾਲ ਕਰਨ ਆਏ ਤੇ ਇੱਥੇ ਹੀ ਰਹਿਣ ਲੱਗ ਪਏ। ਇੱਥੇ ਉਨ੍ਹਾਂ ਦਾ ਵਿਆਹ ਮੇਰੀ ਮੰਮੀ ਨਾਲ ਹੋ ਗਿਆ ਤੇ ਮੈਂ 1953 ਵਿਚ ਪੈਦਾ ਹੋਇਆ।
ਕੁਝ ਸਾਲਾਂ ਬਾਅਦ ਮੇਰੇ ਮੰਮੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲੱਗ ਪਏ, ਇਸ ਲਈ ਬਾਈਬਲ ਦੀਆਂ ਸਿੱਖਿਆਵਾਂ ਮੇਰੇ ਬਚਪਨ ਦੀਆਂ ਯਾਦਾਂ ਦਾ ਹਿੱਸਾ ਬਣ ਗਈਆਂ। ਪਰ ਮੇਰੇ ਡੈਡੀ ਕਿਸੇ ਵੀ ਧਰਮ ਨੂੰ ਪਸੰਦ ਨਹੀਂ ਕਰਦੇ ਸਨ। ਉਹ ਹਿੰਸਕ ਸੁਭਾਅ ਦੇ ਬਣ ਗਏ ਤੇ ਡਰਾਉਣ-ਧਮਕਾਉਣ ਲੱਗ ਪਏ ਅਤੇ ਮੇਰੇ ਮੰਮੀ ਉਸ ਤੋਂ ਬਹੁਤ ਡਰਦੇ ਸਨ। ਮੰਮੀ ਚੋਰੀ-ਛਿਪੇ ਬਾਈਬਲ ਦੀ ਸਟੱਡੀ ਕਰਦੇ ਸੀ ਤੇ ਉਨ੍ਹਾਂ ਨੂੰ ਇਸ ਦੀਆਂ ਸਿੱਖਿਆਵਾਂ ਬਹੁਤ ਚੰਗੀਆਂ ਲੱਗੀਆਂ। ਜਦੋਂ ਮੇਰੇ ਡੈਡੀ ਘਰ ਨਹੀਂ ਹੁੰਦੇ ਸਨ, ਤਾਂ ਮੰਮੀ ਸਿੱਖੀਆਂ ਗੱਲਾਂ ਮੈਨੂੰ ਤੇ ਮੇਰੀ ਭੈਣ ਨੂੰ ਦੱਸਿਆ ਕਰਦੇ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਭਵਿੱਖ ਵਿਚ ਧਰਤੀ ਨੂੰ ਦੁਬਾਰਾ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ ਅਤੇ ਜੇ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਾਂਗੇ, ਤਾਂ ਅਸੀਂ ਬਹੁਤ ਖ਼ੁਸ਼ ਰਹਾਂਗੇ।—ਜ਼ਬੂਰਾਂ ਦੀ ਪੋਥੀ 37:10, 29; ਯਸਾਯਾਹ 48:17.
ਡੈਡੀ ਦੇ ਹਿੰਸਕ ਸੁਭਾਅ ਕਰਕੇ 18 ਸਾਲਾਂ ਦੀ ਉਮਰ ਵਿਚ ਮੈਨੂੰ ਮਜਬੂਰਨ ਘਰ ਛੱਡਣਾ ਪਿਆ। ਭਾਵੇਂ ਮੈਂ ਬਾਈਬਲ ਤੋਂ ਮੰਮੀ ਦੀਆਂ ਸਿਖਾਈਆਂ ਗੱਲਾਂ ʼਤੇ ਯਕੀਨ ਕਰਦਾ ਸੀ, ਪਰ ਮੈਂ ਇਨ੍ਹਾਂ ਦੀ ਕਦਰ ਨਹੀਂ ਕੀਤੀ। ਇਸ ਲਈ ਮੈਂ ਇਨ੍ਹਾਂ ਮੁਤਾਬਕ ਚੱਲਣ ਵਿਚ ਨਾਕਾਮ ਰਿਹਾ। ਮੈਂ ਕੋਲੇ ਦੀਆਂ ਖਾਣਾਂ ਵਿਚ ਬਿਜਲੀ ਦਾ ਕੰਮ ਕਰਨ ਲੱਗ ਪਿਆ। 20 ਸਾਲਾਂ ਦੀ ਉਮਰ ਵਿਚ ਮੈਂ ਵਿਆਹ ਕਰਾ ਲਿਆ। ਤਿੰਨ ਸਾਲਾਂ ਬਾਅਦ ਸਾਡੀ ਪਹਿਲੀ ਧੀ ਨੇ ਜਨਮ ਲਿਆ। ਮੈਂ ਦੁਬਾਰਾ ਸੋਚ-ਵਿਚਾਰ ਕੀਤਾ ਕਿ ਮੇਰੀ ਜ਼ਿੰਦਗੀ ਵਿਚ ਕਿਹੜੀ ਗੱਲ ਜ਼ਿਆਦਾ ਅਹਿਮੀਅਤ ਰੱਖਦੀ ਹੈ। ਮੈਨੂੰ ਪਤਾ ਸੀ ਕਿ ਬਾਈਬਲ ਸਾਡੇ ਪਰਿਵਾਰ ਦੀ ਮਦਦ ਕਰ ਸਕਦੀ ਹੈ, ਇਸ ਲਈ ਮੈਂ ਯਹੋਵਾਹ ਦੇ ਇਕ ਗਵਾਹ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਪਰ ਮੇਰੀ ਪਤਨੀ ਗਵਾਹਾਂ ਦਾ ਬਹੁਤ ਵਿਰੋਧ ਕਰਦੀ ਸੀ। ਜਦੋਂ ਮੈਂ ਗਵਾਹਾਂ ਦੀ ਸਭਾ ਵਿਚ ਗਿਆ, ਤਾਂ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜਾਂ ਤਾਂ ਤੂੰ ਬਾਈਬਲ ਪੜ੍ਹਨੀ ਛੱਡ ਦੇ ਜਾਂ ਘਰ ਛੱਡ ਕੇ ਚਲਾ ਜਾਹ। ਲਾਚਾਰ ਹੋ ਕੇ ਮੈਂ ਉਸ ਅੱਗੇ ਹਾਰ ਮੰਨ ਲਈ ਤੇ ਗਵਾਹਾਂ ਨਾਲੋਂ ਨਾਤਾ ਤੋੜ ਲਿਆ। ਬਾਅਦ ਵਿਚ ਮੈਨੂੰ ਬਹੁਤ ਪਛਤਾਵਾ ਹੋਇਆ ਕਿ ਮੈਂ ਉਹ ਕੰਮ ਕਰਨ ਵਿਚ ਨਾਕਾਮ ਰਿਹਾ ਜੋ ਮੈਨੂੰ ਪਤਾ ਸੀ ਕਿ ਸਹੀ ਸੀ।
ਇਕ ਦਿਨ ਮੇਰੇ ਨਾਲ ਕੰਮ ਕਰਨ ਵਾਲਿਆਂ ਨੇ ਮੈਨੂੰ ਅਸ਼ਲੀਲ ਤਸਵੀਰਾਂ ਦਿਖਾਈਆਂ। ਇਹ ਫੋਟੋਆਂ ਦਿਲ-ਖਿੱਚਵੀਆਂ ਤੇ ਘਿਣਾਉਣੀਆਂ ਸਨ ਤੇ ਬਾਅਦ ਵਿਚ ਮੇਰੀ ਜ਼ਮੀਰ ਨੇ ਮੈਨੂੰ ਬਹੁਤ ਕੋਸਿਆ। ਮੈਨੂੰ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਯਾਦ ਸਨ, ਇਸ ਕਰਕੇ ਮੈਨੂੰ ਯਕੀਨ ਸੀ ਕਿ ਰੱਬ ਮੈਨੂੰ ਜ਼ਰੂਰ ਸਜ਼ਾ ਦੇਵੇਗਾ। ਪਰ ਵਾਰ-ਵਾਰ ਗੰਦੀਆਂ ਤਸਵੀਰਾਂ ਦੇਖਣ ਨਾਲ ਮੇਰਾ ਇਨ੍ਹਾਂ ਪ੍ਰਤੀ ਨਜ਼ਰੀਆ ਬਦਲ ਗਿਆ। ਸਮੇਂ ਦੇ ਬੀਤਣ ਨਾਲ ਮੈਂ ਇਨ੍ਹਾਂ ਦਾ ਆਦੀ ਹੋ ਗਿਆ।
ਅਗਲੇ 20 ਸਾਲਾਂ ਤਕ ਮੈਂ ਬਾਈਬਲ ਦੇ ਅਸੂਲਾਂ ਨੂੰ ਹੌਲੀ-ਹੌਲੀ ਭੁੱਲਦਾ ਗਿਆ ਜੋ ਮੇਰੀ ਮੰਮੀ ਮੈਨੂੰ ਸਿਖਾਉਣ ਦੀ ਕੋਸ਼ਿਸ਼ ਕਰਦੀ ਸੀ। ਜੋ ਗੱਲਾਂ ਮੈਂ ਆਪਣੇ ਦਿਮਾਗ਼ ਵਿਚ ਭਰਦਾ ਸੀ, ਮੇਰਾ ਸੁਭਾਅ ਉੱਦਾਂ ਦਾ ਹੀ ਬਣ ਗਿਆ। ਮੈਂ ਗੰਦੀ ਬੋਲੀ ਬੋਲਣ ਲੱਗ ਪਿਆ ਤੇ ਗੰਦੇ-ਗੰਦੇ ਮਜ਼ਾਕ ਕਰਨ ਲੱਗ ਪਿਆ। ਸੈਕਸ ਬਾਰੇ ਮੇਰਾ ਨਜ਼ਰੀਆ ਬਿਲਕੁਲ ਬਦਲ ਗਿਆ। ਭਾਵੇਂ ਮੈਂ ਆਪਣੀ ਪਤਨੀ ਨਾਲ ਰਹਿੰਦਾ ਸੀ, ਪਰ ਮੇਰੇ ਹੋਰਨਾਂ ਤੀਵੀਆਂ ਨਾਲ ਵੀ ਸੰਬੰਧ ਸਨ। ਇਕ ਦਿਨ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਿਆ ਤੇ ਸੋਚਿਆ: ‘ਤੂੰ ਕਿੰਨਾ ਘਟੀਆ ਇਨਸਾਨ ਬਣ ਚੁੱਕਾ ਹੈ।’ ਮੈਂ ਆਪਣੀ ਇੱਜ਼ਤ ਕਰਨ ਦੀ ਬਜਾਇ ਆਪਣੇ ਆਪ ਤੋਂ ਘਿਰਣਾ ਕਰਦਾ ਸੀ।
ਸਾਡੇ ਵਿਆਹ ਦਾ ਬੰਧਨ ਟੁੱਟ ਗਿਆ ਤੇ ਮੇਰੀ ਜ਼ਿੰਦਗੀ ਖੇਰੂੰ-ਖੇਰੂੰ ਹੋ ਗਈ। ਫਿਰ ਮੈਂ ਪੂਰੇ ਦਿਲ ਨਾਲ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਮੈਂ ਦੁਬਾਰਾ ਬਾਈਬਲ ਦੀ ਸਟੱਡੀ ਕਰਨ ਲੱਗ ਪਿਆ ਭਾਵੇਂ ਸਟੱਡੀ ਕੀਤਿਆਂ ਮੈਨੂੰ 20 ਸਾਲ ਹੋ ਗਏ ਸਨ। ਇਸ ਸਮੇਂ ਤਕ ਮੇਰੇ ਡੈਡੀ ਗੁਜ਼ਰ ਚੁੱਕੇ ਸਨ ਤੇ ਮੇਰੀ ਮੰਮੀ ਬਪਤਿਸਮਾ ਲੈ ਕੇ ਯਹੋਵਾਹ ਦੀ ਗਵਾਹ ਬਣ ਗਈ ਸੀ।
ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:
ਮੇਰੇ ਜੀਉਣ ਦਾ ਤੌਰ-ਤਰੀਕਾ ਬਾਈਬਲ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਬਿਲਕੁਲ ਵੀ ਸਹੀ ਨਹੀਂ ਸੀ। ਪਰ ਇਸ ਵਾਰ ਮੈਂ ਬਾਈਬਲ ਵਿਚ ਜ਼ਿਕਰ ਕੀਤੀ ਮਨ ਦੀ ਸ਼ਾਂਤੀ ਪਾਉਣ ਦਾ ਪੱਕਾ ਇਰਾਦਾ ਕਰ ਲਿਆ। ਮੈਂ ਆਪਣੀ ਗੰਦੀ ਬੋਲੀ ਸੁਧਾਰਨ ਅਤੇ ਗੁੱਸੇ ʼਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਮੈਂ ਇਹ ਵੀ ਫ਼ੈਸਲਾ ਕੀਤਾ ਕਿ ਮੈਂ ਅਨੈਤਿਕ ਜੀਵਨ-ਢੰਗ ਜੀਉਣਾ, ਜੂਆ ਖੇਡਣਾ, ਬਹੁਤ ਜ਼ਿਆਦਾ ਸ਼ਰਾਬ ਪੀਣੀ ਤੇ ਆਪਣੇ ਮਾਲਕ ਦੀਆਂ ਚੀਜ਼ਾਂ ਚੁਰਾਉਣੀਆਂ ਛੱਡ ਦੇਵਾਂਗਾ।
ਮੇਰੇ ਨਾਲ ਕੰਮ ਕਰਨ ਵਾਲੇ ਸਮਝ ਨਹੀਂ ਪਾਏ ਕਿ ਮੈਂ ਇੰਨੀਆਂ ਵੱਡੀਆਂ ਤਬਦੀਲੀਆਂ ਕਿਉਂ ਕਰਨੀਆਂ ਚਾਹੁੰਦਾ ਸੀ। ਉਨ੍ਹਾਂ ਨੇ ਤਿੰਨ ਸਾਲ ਲਗਾਤਾਰ ਮੇਰੇ ਅੰਦਰ ਇੱਛਾ ਜਗਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਦੁਬਾਰਾ ਆਪਣੀਆਂ ਪੁਰਾਣੀਆਂ ਆਦਤਾਂ ਅਪਣਾ ਲਵਾਂ। ਜੇ ਮੈਂ ਪਹਿਲਾਂ ਵਾਂਗ ਗੁੱਸੇ ਵਿਚ ਭੜਕਦਾ ਜਾਂ ਕੋਈ ਗੰਦਾ ਸ਼ਬਦ ਬੋਲਦਾ ਸੀ, ਤਾਂ ਉਹ ਖ਼ੁਸ਼ੀ ਨਾਲ ਕਹਿ ਉੱਠਦੇ ਸਨ: “ਆ ਗਈ ਨਾ ਖੋਤੀ ਮੁੜ-ਘਿੜ ਬੋਹੜ ਥੱਲੇ।” ਮੈਨੂੰ ਬਹੁਤ ਬੁਰਾ ਲੱਗਦਾ ਸੀ। ਮੈਨੂੰ ਲੱਗਦਾ ਸੀ ਕਿ ਮੈਂ ਕਦੇ ਕਾਮਯਾਬ ਨਹੀਂ ਹੋ ਸਕਦਾ।
ਮੇਰੇ ਕੰਮ ਦੀ ਥਾਂ ਤੇ ਕੰਪਿਊਟਰਾਂ ਅਤੇ ਕਿਤਾਬਾਂ-ਰਸਾਲਿਆਂ ਵਿਚ ਗੰਦੀਆਂ ਤਸਵੀਰਾਂ ਦੀ ਭਰਮਾਰ ਸੀ। ਮੇਰੇ ਨਾਲ ਕੰਮ ਕਰਨ ਵਾਲੇ ਲਗਾਤਾਰ ਆਪਣੇ ਕੰਪਿਊਟਰਾਂ ਰਾਹੀਂ ਗੰਦੀਆਂ ਤਸਵੀਰਾਂ ਇਕ-ਦੂਜੇ ਨੂੰ ਭੇਜਦੇ ਸਨ ਜਿਵੇਂ ਮੈਂ ਭੇਜਦਾ ਹੁੰਦਾ ਸੀ। ਮੈਂ ਆਪਣੀ ਇਸ ਲਤ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ, ਪਰ ਉਹ ਮੈਨੂੰ ਹਰ ਵੇਲੇ ਨਾਕਾਮ ਕਰਨ ਦੀ ਕੋਸ਼ਿਸ਼ ਕਰਦੇ ਸਨ। ਇਸ ਲਈ ਹੌਸਲਾ ਤੇ ਮਦਦ ਲੈਣ ਲਈ ਮੈਂ ਆਪਣੇ ਬਾਈਬਲ ਸਟੱਡੀ ਕਰਾਉਣ ਵਾਲੇ ਵਿਅਕਤੀ ਕੋਲ ਗਿਆ। ਜਦੋਂ ਮੈਂ ਉਸ ਅੱਗੇ ਆਪਣਾ ਦਿਲ ਖੋਲ੍ਹਿਆ, ਤਾਂ ਉਸ ਨੇ ਧੀਰਜ ਨਾਲ ਮੇਰੀ ਗੱਲ ਸੁਣੀ। ਉਸ ਨੇ ਬਾਈਬਲ ਵਿੱਚੋਂ ਕੁਝ ਗੱਲਾਂ ਦਿਖਾਈਆਂ ਕਿ ਮੈਂ ਆਪਣੀ ਆਦਤ ਤੋਂ ਖਹਿੜਾ ਕਿਵੇਂ ਛੁਡਾ ਸਕਦਾ ਸੀ। ਉਸ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਤੋਂ ਮਦਦ ਮੰਗਾਂ।—ਜ਼ਬੂਰਾਂ ਦੀ ਪੋਥੀ 119:37.
ਇਕ ਦਿਨ ਮੈਂ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਇਕੱਠੇ ਹੋਣ ਲਈ ਕਿਹਾ। ਜਦੋਂ ਉਹ ਇਕੱਠੇ ਹੋਏ, ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੋ ਆਦਮੀਆਂ ਨੂੰ ਬੀਅਰ ਪੀਣ ਨੂੰ ਦੇਣ ਜੋ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਰੇ ਜਣੇ ਚੀਖ਼ ਉੱਠੇ: “ਤੂੰ ਇੱਦਾਂ ਨਹੀਂ ਕਰ ਸਕਦਾ! ਇਹ ਆਦਮੀ ਆਪਣੀ ਆਦਤ ਤੋਂ ਖਹਿੜਾ ਛੁਡਾਉਣ ਲਈ ਜੱਦੋ-ਜਹਿਦ ਕਰ ਰਹੇ ਹਨ!” ਮੈਂ ਉਨ੍ਹਾਂ ਨੂੰ ਜਵਾਬ ਦਿੱਤਾ: “ਹਾਂ, ਮੈਂ ਵੀ ਇਹੀ ਜੱਦੋ-ਜਹਿਦ ਕਰ ਰਿਹਾ ਹਾਂ।” ਉਸ ਦਿਨ ਤੋਂ ਬਾਅਦ ਉਹ ਸਮਝ ਗਏ ਕਿ ਮੈਂ ਆਪਣੀ ਆਦਤ ਤੋਂ ਛੁਟਕਾਰਾ ਪਾਉਣ ਦੀ ਕਿੰਨੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਨ੍ਹਾਂ ਨੇ ਫਿਰ ਕਦੇ ਵੀ ਮੈਨੂੰ ਦੁਬਾਰਾ ਬੁਰੇ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ।
ਸਮੇਂ ਦੇ ਬੀਤਣ ਨਾਲ ਅਤੇ ਯਹੋਵਾਹ ਦੀ ਮਦਦ ਨਾਲ ਮੈਂ ਗੰਦੀਆਂ ਤਸਵੀਰਾਂ ਦੇਖਣ ਦੀ ਲਤ ਤੋਂ ਛੁਟਕਾਰਾ ਪਾ ਲਿਆ। 1999 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਮੈਨੂੰ ਸਾਫ਼-ਸੁਥਰੀ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਦਾ ਇਕ ਹੋਰ ਮੌਕਾ ਦਿੱਤਾ।
ਹੁਣ ਮੈਨੂੰ ਸਮਝ ਆਇਆ ਕਿ ਯਹੋਵਾਹ ਉਨ੍ਹਾਂ ਚੀਜ਼ਾਂ ਤੋਂ ਕਿਉਂ ਨਫ਼ਰਤ ਕਰਦਾ ਹੈ ਜਿਨ੍ਹਾਂ ਨੂੰ ਮੈਂ ਇੰਨੀ ਦੇਰ ਤੋਂ ਪਸੰਦ ਕਰਦਾ ਸੀ। ਪਿਆਰਾ ਪਿਤਾ ਹੋਣ ਕਰਕੇ ਉਹ ਮੈਨੂੰ ਗੰਦੀਆਂ ਤਸਵੀਰਾਂ ਦੇਖਣ ਦੇ ਨੁਕਸਾਨ ਤੋਂ ਬਚਾਉਣਾ ਚਾਹੁੰਦਾ ਸੀ। ਕਹਾਉਤਾਂ 3:5, 6 ਦੇ ਸ਼ਬਦ ਕਿੰਨੇ ਹੀ ਸੱਚੇ ਹਨ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਬਾਈਬਲ ਦੇ ਅਸੂਲਾਂ ʼਤੇ ਚੱਲ ਕੇ ਨਾ ਸਿਰਫ਼ ਸਾਡੀ ਰਾਖੀ ਹੁੰਦੀ ਹੈ, ਸਗੋਂ ਅਸੀਂ ਸਫ਼ਲ ਵੀ ਹੁੰਦੇ ਹਾਂ।—ਜ਼ਬੂਰਾਂ ਦੀ ਪੋਥੀ 1:1-3.
ਅੱਜ ਮੇਰੀ ਜ਼ਿੰਦਗੀ:
ਪਹਿਲਾਂ ਮੈਂ ਆਪਣੇ ਆਪ ਤੋਂ ਘਿਰਣਾ ਕਰਦਾ ਸੀ, ਪਰ ਹੁਣ ਮੈਂ ਆਪਣੀ ਇੱਜ਼ਤ ਕਰਦਾ ਹਾਂ ਤੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ। ਹੁਣ ਮੈਂ ਸਾਫ਼-ਸੁਥਰੀ ਜ਼ਿੰਦਗੀ ਜੀਉਂਦਾ ਹਾਂ ਅਤੇ ਯਹੋਵਾਹ ਨੇ ਮੈਨੂੰ ਮਾਫ਼ ਕਰ ਦਿੱਤਾ ਹੈ ਤੇ ਮੇਰੀ ਮਦਦ ਕਰਦਾ ਹੈ। 2000 ਵਿਚ ਮੇਰਾ ਵਿਆਹ ਕੈਰੋਲਿਨ ਨਾਂ ਦੀ ਇਕ ਸੋਹਣੀ ਮਸੀਹੀ ਭੈਣ ਨਾਲ ਹੋਇਆ ਜੋ ਮੇਰੇ ਵਾਂਗ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਹੈ। ਸਾਡਾ ਘਰ ਸ਼ਾਂਤੀ ਦਾ ਬਸੇਰਾ ਹੈ। ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਦੁਨੀਆਂ ਭਰ ਵਿਚ ਰਹਿੰਦੇ ਸਾਫ਼-ਸੁਥਰੇ ਤੇ ਪਿਆਰ ਕਰਨ ਵਾਲੇ ਮਸੀਹੀ ਭਾਈਚਾਰੇ ਦਾ ਹਿੱਸਾ ਹਾਂ। ▪ (wp16-E No. 4)