ਉਨ੍ਹਾਂ ਨੂੰ ਕੁਝ ਵਧੀਆ ਮਿਲਿਆ
ਲੱਖਾਂ ਹੀ ਮਸੀਹੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਕ੍ਰਿਸਮਸ ਨਹੀਂ ਮਨਾਉਣਗੇ। ਉਹ ਆਪਣੇ ਇਸ ਫ਼ੈਸਲੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਕਮੀ ਹੈ? ਕੀ ਉਨ੍ਹਾਂ ਦੇ ਬੱਚਿਆਂ ਨੂੰ ਵੀ ਇੱਦਾਂ ਹੀ ਲੱਗਦਾ ਹੈ? ਜਾਣੋ ਕਿ ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਗਵਾਹ ਇਸ ਬਾਰੇ ਕੀ ਕਹਿੰਦੇ ਹਨ।
ਯਿਸੂ ਨੂੰ ਯਾਦ ਕਰਨਾ: “ਯਹੋਵਾਹ ਦੀ ਗਵਾਹ ਬਣਨ ਤੋਂ ਪਹਿਲਾਂ ਮੈਂ ਕਦੇ-ਕਦੇ ਹੀ ਚਰਚ ਜਾਂਦੀ ਸੀ। ਜੇ ਮੈਂ ਜਾਂਦੀ ਵੀ ਸੀ, ਤਾਂ ਬੱਸ ਕ੍ਰਿਸਮਸ ਜਾਂ ਈਸਟਰ ਦੇ ਸਮੇਂ ਹੀ ਜਾਂਦੀ ਸੀ। ਉਸ ਸਮੇਂ ਵੀ ਮੈਂ ਯਿਸੂ ਮਸੀਹ ਬਾਰੇ ਇੰਨਾ ਨਹੀਂ ਸੋਚਦੀ ਸੀ। ਹੁਣ ਮੈਂ ਕ੍ਰਿਸਮਸ ਨਹੀਂ ਮਨਾਉਂਦੀ, ਸਗੋਂ ਹਫ਼ਤੇ ਵਿਚ ਦੋ ਵਾਰੀ ਸਭਾਵਾਂ ʼਤੇ ਜਾਂਦੀ ਹਾਂ ਅਤੇ ਦੂਜਿਆਂ ਨੂੰ ਵੀ ਸਿਖਾਉਂਦੀ ਹਾਂ ਕਿ ਬਾਈਬਲ ਵਿਚ ਯਿਸੂ ਬਾਰੇ ਕੀ ਦੱਸਿਆ ਹੈ!”—ਈਵ, ਆਸਟ੍ਰੇਲੀਆ।
ਦੇਣ ਵਿਚ ਖ਼ੁਸ਼ੀ: “ਜਦੋਂ ਕੋਈ ਮੈਨੂੰ ਉਦੋਂ ਤੋਹਫ਼ਾ ਦਿੰਦਾ ਹੈ ਜਦੋਂ ਮੈਂ ਸੋਚਿਆ ਵੀ ਨਹੀਂ ਹੁੰਦਾ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਮੈਨੂੰ ਇੱਦਾਂ ਦੇ ਤੋਹਫ਼ੇ ਬਹੁਤ ਪਸੰਦ ਹਨ! ਮੈਨੂੰ ਦੂਜਿਆਂ ਲਈ ਕਾਰਡ ਅਤੇ ਤਸਵੀਰਾਂ ਬਣਾਉਣੀਆਂ ਵੀ ਵਧੀਆ ਲੱਗਦੀਆਂ ਹਨ ਕਿਉਂਕਿ ਇੱਦਾਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ ਅਤੇ ਮੈਨੂੰ ਵੀ ਬਹੁਤ ਖ਼ੁਸ਼ੀ ਹੁੰਦੀ ਹੈ।”—ਰੂਬੇਨ, ਉੱਤਰੀ ਆਇਰਲੈਂਡ।
ਲੋੜਵੰਦਾਂ ਦੀ ਮਦਦ ਕਰਨੀ: “ਸਾਨੂੰ ਬੀਮਾਰ ਲੋਕਾਂ ਲਈ ਖਾਣਾ ਬਣਾਉਣਾ ਵਧੀਆ ਲੱਗਦਾ ਹੈ। ਅਸੀਂ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਕਦੇ-ਕਦੇ ਉਨ੍ਹਾਂ ਵਾਸਤੇ ਫੁੱਲ, ਕੇਕ ਜਾਂ ਛੋਟਾ ਜਿਹਾ ਤੋਹਫ਼ਾ ਲੈ ਕੇ ਜਾਂਦੇ ਹਾਂ। ਸਾਨੂੰ ਇੱਦਾਂ ਕਰਨਾ ਚੰਗਾ ਲੱਗਦਾ ਹੈ ਕਿਉਂਕਿ ਅਸੀਂ ਇਨ੍ਹਾਂ ਲੋਕਾਂ ਨੂੰ ਸਾਲ ਵਿਚ ਜਦੋਂ ਮਰਜ਼ੀ ਮਿਲਣ ਜਾ ਸਕਦੇ ਹਾਂ।”—ਐਮਲੀ, ਆਸਟ੍ਰੇਲੀਆ।
ਪਰਿਵਾਰ ਜਾਂ ਰਿਸ਼ਤੇਦਾਰਾਂ ਨਾਲ ਸਮਾਂ ਗੁਜ਼ਾਰਨਾ: “ਜਦੋਂ ਸਾਡਾ ਪਰਿਵਾਰ ਜਾਂ ਰਿਸ਼ਤੇਦਾਰ ਇਕੱਠੇ ਹੁੰਦੇ ਹਨ, ਤਾਂ ਸਾਡੇ ਬੱਚਿਆਂ ਨੂੰ ਆਪਣੇ ਦਾਦੇ-ਦਾਦੀ, ਨਾਨੇ-ਨਾਨੀ, ਚਾਚਿਆਂ-ਤਾਇਆਂ, ਚਾਚੀਆਂ-ਤਾਈਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ। ਅਸੀਂ ਸਾਲ ਵਿਚ ਕਿਸੇ ਇਕ ਖ਼ਾਸ ਤਾਰੀਖ਼ ਨੂੰ ਹੀ ਉਨ੍ਹਾਂ ਨੂੰ ਮਿਲਣ ਨਹੀਂ ਜਾਂਦੇ, ਸਗੋਂ ਅਸੀਂ ਕਿਸੇ ਵੀ ਸਮੇਂ ਉਨ੍ਹਾਂ ਨੂੰ ਮਿਲਣ ਜਾ ਸਕਦੇ ਹਾਂ। ਸਾਡੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਪਤਾ ਹੈ ਕਿ ਅਸੀਂ ਉਨ੍ਹਾਂ ਨੂੰ ਇਸ ਕਰਕੇ ਮਿਲਣ ਜਾਂਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ।”—ਵੈਂਡੀ, ਕੇਮਨ ਦੀਪ-ਸਮੂਹ।
ਆਰਾਮ ਤੇ ਸਕੂਨ: “ਕ੍ਰਿਸਮਸ ਦੇ ਸਮੇਂ ਲੋਕ ਇੰਨੇ ਬਿਜ਼ੀ ਹੁੰਦੇ ਹਨ ਕਿ ਉਹ ਸੋਚਦੇ ਹੀ ਨਹੀਂ ਕਿ ਉਨ੍ਹਾਂ ਨੂੰ ਆਰਾਮ ਤੇ ਸਕੂਨ ਦੀ ਕਿੰਨੀ ਲੋੜ ਹੈ। ਪਰ ਹੁਣ ਮੈਂ ਬਾਈਬਲ ਤੋਂ ਸਿੱਖਿਆ ਹੈ ਕਿ ਰੱਬ ਨੇ ਇਨਸਾਨਾਂ ਨੂੰ ਕੀ ਕੁਝ ਦੇਣ ਦਾ ਵਾਅਦਾ ਕੀਤਾ ਹੈ, ਇਸ ਕਰਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ। ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੇ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾ।”—ਸਾਂਡਰਾ, ਸਪੇਨ।