ਬਾਈਬਲ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਸਲਾਹ ਦਿੰਦੀ ਹੈ?
ਬਾਈਬਲ ਕੀ ਕਹਿੰਦੀ ਹੈ
ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਦੀ ਮੁੱਖ ਜ਼ਿੰਮੇਵਾਰੀ ਬੱਚਿਆਂ ਦੀ ਹੈ। ਬਾਈਬਲ ਕਹਿੰਦੀ ਹੈ ਕਿ ਬੱਚੇ “ਆਪਣੇ ਧਾਰਮਕ ਕਰਤੱਵ ਪੂਰੇ ਕਰਨ ਅਰਥਾਤ ਉਹਨਾਂ ਕਰਤੱਵਾਂ ਨੂੰ ਜੋ ਉਹਨਾਂ ਦੇ ਆਪਣੇ ਟਬਰ ਸੰਬੰਧੀ ਅਤੇ ਆਪਣੇ ਪਾਲਨ-ਪੋਸਣ ਵਾਲਿਆਂ ਸੰਬੰਧੀ ਬਣਦੇ ਹਨ, ਪੂਰਾ ਕਰਨ। ਇਹ ਹੀ ਹੈ, ਜੋ ਪਰਮੇਸ਼ੁਰ ਪਸੰਦ ਕਰਦਾ ਹੈ।” (1 ਤਿਮੋਥਿਉਸ 5:4, Common Language) ਜਦੋਂ ਬੱਚੇ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਉਨ੍ਹਾਂ ਦੇ ਬਿਰਧ ਮਾਪਿਆਂ ਦੀ ਦੇਖ-ਭਾਲ ਕੀਤੀ ਜਾ ਰਹੀ ਹੈ, ਤਾਂ ਉਹ ਬਾਈਬਲ ਦਾ ਇਹ ਵੀ ਹੁਕਮ ਮੰਨਦੇ ਹਨ ਕਿ ਆਪਣੇ ਮਾਤਾ-ਪਿਤਾ ਦਾ ਆਦਰ ਕਰੋ।—ਅਫ਼ਸੀਆਂ 6:2, 3.
ਬਾਈਬਲ ਸਾਨੂੰ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਸੰਬੰਧੀ ਖ਼ਾਸ ਹਿਦਾਇਤਾਂ ਨਹੀਂ ਦਿੰਦੀ। ਪਰ ਇਸ ਵਿਚ ਅਜਿਹੇ ਵਫ਼ਾਦਾਰ ਆਦਮੀ-ਔਰਤਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਦੇਖ-ਭਾਲ ਕੀਤੀ ਸੀ। ਨਾਲੇ ਇਸ ਵਿਚ ਦਿੱਤੀ ਸਲਾਹ ਦੇਖ-ਭਾਲ ਕਰਨ ਵਾਲਿਆਂ ਦੀ ਵੀ ਮਦਦ ਕਰ ਸਕਦੀ ਹੈ।
ਬਾਈਬਲ ਦੇ ਜ਼ਮਾਨੇ ਵਿਚ ਕੁਝ ਜਣਿਆਂ ਨੇ ਆਪਣੇ ਬਿਰਧ ਮਾਪਿਆਂ ਦੀ ਦੇਖ-ਭਾਲ ਕਿਵੇਂ ਕੀਤੀ?
ਉਨ੍ਹਾਂ ਨੇ ਹਾਲਾਤਾਂ ਅਨੁਸਾਰ ਅਲੱਗ-ਅਲੱਗ ਤਰੀਕਿਆਂ ਨਾਲ ਦੇਖ-ਭਾਲ ਕੀਤੀ।
ਯੂਸੁਫ਼ ਆਪਣੇ ਬਿਰਧ ਪਿਤਾ ਯਾਕੂਬ ਤੋਂ ਬਹੁਤ ਦੂਰ ਰਹਿੰਦਾ ਸੀ। ਉਸ ਨੇ ਮੌਕਾ ਮਿਲਣ ਤੇ ਆਪਣੇ ਪਿਤਾ ਯਾਕੂਬ ਨੂੰ ਆਪਣੇ ਕੋਲ ਬੁਲਾ ਲਿਆ। ਫਿਰ ਯੂਸੁਫ਼ ਨੇ ਆਪਣੇ ਪਿਤਾ ਦੀਆਂ ਖਾਣ-ਪੀਣ ਤੇ ਰਹਿਣ ਦੀਆਂ ਲੋੜਾਂ ਪੂਰੀਆਂ ਕੀਤੀਆਂ ਅਤੇ ਉਸ ਦੀ ਰਾਖੀ ਕੀਤੀ।—ਉਤਪਤ 45:9-11; 47:11, 12.
ਰੂਥ ਆਪਣੀ ਸੱਸ ਨਾਲ ਉਸ ਦੇ ਦੇਸ਼ ਗਈ ਅਤੇ ਉਸ ਨੇ ਆਪਣੀ ਸੱਸ ਦੀ ਦੇਖ-ਭਾਲ ਕਰਨ ਲਈ ਸਖ਼ਤ ਮਿਹਨਤ ਕੀਤੀ।—ਰੂਥ 1:16; 2:2, 17, 18, 23.
ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੀ ਮਾਤਾ ਮਰੀਅਮ ਦੀ ਦੇਖ-ਭਾਲ ਕਰਨ ਦਾ ਪ੍ਰਬੰਧ ਕੀਤਾ ਜੋ ਉਸ ਸਮੇਂ ਵਿਧਵਾ ਸੀ।—ਯੂਹੰਨਾ 19:26, 27.a
ਬਾਈਬਲ ਦੀ ਸਲਾਹ ਦੇਖ-ਭਾਲ ਕਰਨ ਵਾਲਿਆਂ ਦੀ ਕਿਵੇਂ ਮਦਦ ਕਰ ਸਕਦੀ ਹੈ?
ਬਾਈਬਲ ਵਿਚ ਅਜਿਹੇ ਅਸੂਲ ਹਨ ਜੋ ਦੇਖ-ਭਾਲ ਵਾਲੇ ਵਿਅਕਤੀਆਂ ਦੀ ਮਦਦ ਕਰ ਸਕਦੇ ਹਨ। ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਕਰਕੇ ਕਈ ਵਾਰ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਥੱਕ ਜਾਂਦੇ ਹਨ।
ਆਪਣੇ ਮਾਪਿਆਂ ਦਾ ਆਦਰ ਕਰੋ।
ਬਾਈਬਲ ਕੀ ਕਹਿੰਦੀ ਹੈ: “ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ।”—ਕੂਚ 20:12.
ਇਹ ਅਸੂਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ? ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਜੀਉਣ ਦੀ ਆਜ਼ਾਦੀ ਦੇ ਕੇ ਤੁਸੀਂ ਆਪਣੇ ਮਾਪਿਆਂ ਲਈ ਆਦਰ ਦਿਖਾ ਸਕਦੇ ਹੋ। ਜਿੱਥੋਂ ਤਕ ਹੋ ਸਕੇ, ਉਨ੍ਹਾਂ ਨੂੰ ਆਪਣੀ ਦੇਖ-ਭਾਲ ਸੰਬੰਧੀ ਖ਼ੁਦ ਫ਼ੈਸਲੇ ਲੈਣ ਦਿਓ। ਇਸ ਦੇ ਨਾਲ-ਨਾਲ, ਉਨ੍ਹਾਂ ਦੀ ਮਦਦ ਕਰ ਕੇ ਵੀ ਤੁਸੀਂ ਉਨ੍ਹਾਂ ਦਾ ਆਦਰ ਕਰ ਸਕਦੇ ਹੋ।
ਉਨ੍ਹਾਂ ਨੂੰ ਸਮਝੋ ਤੇ ਮਾਫ਼ ਕਰੋ।
ਬਾਈਬਲ ਕੀ ਕਹਿੰਦੀ ਹੈ: “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।”—ਕਹਾਉਤਾਂ 19:11.
ਇਹ ਅਸੂਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ? ਜੇ ਤੁਹਾਡੇ ਬਿਰਧ ਮਾਤਾ-ਪਿਤਾ ਤੁਹਾਨੂੰ ਰੁੱਖਾ ਬੋਲਦੇ ਹਨ ਜਾਂ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੀ ਮਿਹਨਤ ਦੀ ਕੋਈ ਕਦਰ ਨਹੀਂ ਕਰਦੇ, ਤਾਂ ਆਪਣੇ ਆਪ ਤੋਂ ਪੁੱਛੋ, ‘ਜੇ ਮੈਂ ਉਨ੍ਹਾਂ ਦੀ ਜਗ੍ਹਾ ਹੁੰਦਾ, ਤਾਂ ਮੈਨੂੰ ਕਿੱਦਾਂ ਦਾ ਲੱਗਦਾ?’ ਜਦੋਂ ਤੁਸੀਂ ਉਨ੍ਹਾਂ ਨੂੰ ਸਮਝਣ ਅਤੇ ਮਾਫ਼ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਸ਼ਾਇਦ ਹਾਲਾਤਾਂ ਨੂੰ ਹੋਰ ਵਿਗੜਨ ਤੋਂ ਬਚਾ ਸਕਦੇ ਹੋ।
ਦੂਜਿਆਂ ਤੋਂ ਸਲਾਹ ਲਓ।
ਬਾਈਬਲ ਕੀ ਕਹਿੰਦੀ ਹੈ: “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।”—ਕਹਾਉਤਾਂ 15:22.
ਇਹ ਅਸੂਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ? ਜੇ ਤੁਹਾਡੇ ਮਾਪਿਆਂ ਨੂੰ ਕੋਈ ਸਿਹਤ ਸਮੱਸਿਆ ਹੈ, ਤਾਂ ਉਸ ਬਾਰੇ ਖੋਜਬੀਨ ਕਰੋ ਤਾਂਕਿ ਤੁਸੀਂ ਉਨ੍ਹਾਂ ਦੀ ਦੇਖ-ਭਾਲ ਕਰ ਸਕੋ। ਪਤਾ ਲਗਾਓ ਕਿ ਤੁਹਾਡੇ ਇਲਾਕੇ ਵਿਚ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਕਿਹੜੀ ਮਦਦ ਉਪਲਬਧ ਹੈ। ਉਨ੍ਹਾਂ ਨਾਲ ਗੱਲ ਕਰੋ ਜਿਨ੍ਹਾਂ ਨੇ ਆਪਣੇ ਬਿਰਧ ਮਾਪਿਆਂ ਦੀ ਦੇਖ-ਭਾਲ ਕੀਤੀ ਹੈ। ਜੇ ਤੁਹਾਡੇ ਭੈਣ-ਭਰਾ ਹਨ, ਤਾਂ ਉਨ੍ਹਾਂ ਨਾਲ ਗੱਲ ਕਰੋ ਕਿ ਤੁਸੀਂ ਰਲ਼ ਕੇ ਆਪਣੇ ਮਾਪਿਆਂ ਦੀ ਦੇਖ-ਭਾਲ ਕਿਵੇਂ ਕਰ ਸਕਦੇ ਹੋ।
ਨਿਮਰਤਾ ਨਾਲ ਆਪਣੀਆਂ ਹੱਦਾਂ ਪਛਾਣੋ।
ਬਾਈਬਲ ਕੀ ਕਹਿੰਦੀ ਹੈ: “ਦੀਨਾਂ ਦੇ ਨਾਲ ਬੁੱਧ ਹੈ।”—ਕਹਾਉਤਾਂ 11:2.
ਇਹ ਅਸੂਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ? ਆਪਣੀਆਂ ਹੱਦਾਂ ਪਛਾਣੋ। ਮਿਸਾਲ ਲਈ, ਸਾਡੇ ਸਾਰਿਆਂ ਕੋਲ ਕੁਝ ਹੱਦ ਤਕ ਸਮਾਂ ਤੇ ਤਾਕਤ ਹੁੰਦੀ ਹੈ। ਇਸ ਕਰਕੇ ਤੁਸੀਂ ਕੁਝ ਹੱਦ ਤਕ ਮਾਪਿਆਂ ਦੀ ਦੇਖ-ਭਾਲ ਕਰ ਸਕਦੇ ਹੋ। ਜੇ ਤੁਸੀਂ ਆਪਣੇ ਬਿਰਧ ਮਾਪਿਆਂ ਦੀ ਦੇਖ-ਭਾਲ ਕਰਦਿਆਂ ਥੱਕ ਜਾਂਦੇ ਹੋ, ਤਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੀ ਮਦਦ ਲਓ।
ਆਪਣਾ ਖ਼ਿਆਲ ਰੱਖੋ।
ਬਾਈਬਲ ਕੀ ਕਹਿੰਦੀ ਹੈ: “ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ।”—ਅਫ਼ਸੀਆਂ 5:29.
ਇਹ ਅਸੂਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ? ਭਾਵੇਂ ਕਿ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ, ਪਰ ਫਿਰ ਵੀ ਤੁਹਾਨੂੰ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਵਧੀਆ ਖਾਣਾ ਖਾਓ ਤੇ ਚੰਗੀ ਨੀਂਦ ਲਓ। (ਉਪਦੇਸ਼ਕ ਦੀ ਪੋਥੀ 4:6) ਨਾਲੇ ਦੇਖ-ਭਾਲ ਕਰਦੇ ਵੇਲੇ ਸਮੇਂ-ਸਮੇਂ ਤੇ ਆਰਾਮ ਕਰੋ। ਇੱਦਾਂ ਕਰਨ ਕਰਕੇ ਤੁਸੀਂ ਆਪਣੇ ਮਾਪਿਆਂ ਦੀ ਵਧੀਆ ਤਰੀਕੇ ਨਾਲ ਦੇਖ-ਭਾਲ ਕਰ ਸਕੋਗੇ।
ਕੀ ਬਾਈਬਲ ਕਹਿੰਦੀ ਹੈ ਕਿ ਬਿਰਧ ਮਾਪਿਆਂ ਦੀ ਦੇਖ-ਭਾਲ ਘਰ ਵਿਚ ਹੀ ਕੀਤੀ ਜਾਣੀ ਚਾਹੀਦੀ ਹੈ?
ਬਾਈਬਲ ਇਹ ਨਹੀਂ ਦੱਸਦੀ ਕਿ ਮਾਪਿਆਂ ਦੀ ਦੇਖ-ਭਾਲ ਘਰ ਵਿਚ ਹੀ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਕੁਝ ਪਰਿਵਾਰ ਆਪਣੇ ਹਾਲਾਤਾਂ ਅਨੁਸਾਰ ਬਿਰਧ ਮਾਪਿਆਂ ਨੂੰ ਘਰ ਰੱਖਣ ਦਾ ਫ਼ੈਸਲਾ ਕਰਦੇ ਹਨ। ਪਰ ਬਾਅਦ ਵਿਚ ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਮਾਪਿਆਂ ਨੂੰ ਉੱਥੇ ਰੱਖਿਆ ਜਾਣਾ ਚਾਹੀਦਾ ਹੈ ਜਿੱਥੇ ਬਿਰਧ ਲੋਕਾਂ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਪਰਿਵਾਰ ਸ਼ਾਇਦ ਮਿਲ ਕੇ ਫ਼ੈਸਲਾ ਕਰੇ ਕਿ ਸਾਰਿਆਂ ਲਈ ਵਧੀਆ ਕੀ ਹੋਵੇਗਾ।—ਗਲਾਤੀਆਂ 6:4, 5.
a ਬਾਈਬਲ ʼਤੇ ਲਿਖੀ ਇਕ ਕਿਤਾਬ ਵਿਚ ਇਸ ਬਿਰਤਾਂਤ ਬਾਰੇ ਕਿਹਾ ਗਿਆ ਹੈ: “ਲੱਗਦਾ ਹੈ ਕਿ ਯੂਸੁਫ਼ [ਮਰੀਅਮ ਦੇ ਪਤੀ] ਦੀ ਕਾਫ਼ੀ ਚਿਰ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਪੁੱਤਰ ਯਿਸੂ ਉਸ ਦੀ ਦੇਖ-ਭਾਲ ਕਰਦਾ ਸੀ। ਪਰ ਹੁਣ ਉਹ ਮਰਨ ਵਾਲਾ ਸੀ, ਸੋ ਉਸ ਦੀ ਦੇਖ-ਭਾਲ ਕਿਸ ਨੇ ਕਰਨੀ ਸੀ? . . . ਮਸੀਹ ਨੇ ਬੱਚਿਆਂ ਨੂੰ ਸਿਖਾਇਆ ਕਿ ਉਹ ਆਪਣੇ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ।”—The NIV Matthew Henry Commentary in One Volume, ਸਫ਼ੇ 428-429.