ਪਿਤਾ ਪੁੱਤਰ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦਾ ਹੈ?
“ਡੈਡੀ ਜੀ ਤੁਹਾਨੂੰ ਇੰਨਾ ਕੁਝ ਕਿਵੇਂ ਪਤਾ ਹੈ?” ਕੀ ਤੁਹਾਡੇ ਪੁੱਤਰ ਨੇ ਇਹ ਸਵਾਲ ਪੁੱਛ ਕੇ ਕਦੇ ਤੁਹਾਨੂੰ ਹੈਰਾਨ ਕੀਤਾ ਹੈ? ਸ਼ਾਇਦ ਉਸ ਸਮੇਂ ਤੁਹਾਨੂੰ ਪਿਤਾ ਹੋਣ ਦਾ ਫ਼ਖ਼ਰ ਹੋਇਆ ਹੋਵੇ। ਪਰ ਜੇ ਤੁਹਾਡਾ ਪੁੱਤਰ ਤੁਹਾਡੀ ਚੰਗੀ ਸਲਾਹ ਨੂੰ ਲਾਗੂ ਕਰ ਕੇ ਫ਼ਾਇਦਾ ਉਠਾਉਂਦਾ ਹੈ, ਤਾਂ ਤੁਹਾਡੀ ਖ਼ੁਸ਼ੀ ਹੋਰ ਵੀ ਵਧ ਜਾਂਦੀ ਹੈ।a—ਕਹਾਉਤਾਂ 23:15, 24.
ਪਰ ਕੀ ਸਾਲਾਂ ਦੇ ਬੀਤਣ ਨਾਲ ਤੁਹਾਡਾ ਪੁੱਤਰ ਤੁਹਾਡੀ ਪਹਿਲਾਂ ਜਿੰਨੀ ਸ਼ਲਾਘਾ ਕਰਦਾ ਹੈ? ਜਾਂ ਕੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਦਾਂ-ਜਿੱਦਾਂ ਉਹ ਵੱਡਾ ਹੁੰਦਾ ਜਾ ਰਿਹਾ ਹੈ, ਉਸ ਦੀ ਤੁਹਾਡੇ ਪ੍ਰਤੀ ਕਦਰ ਘੱਟਦੀ ਜਾ ਰਹੀ ਹੈ? ਜਿਉਂ-ਜਿਉਂ ਤੁਹਾਡਾ ਮੁੰਡਾ ਮਰਦਪੁਣੇ ਵੱਲ ਵਧਦਾ ਜਾ ਰਿਹਾ ਹੈ, ਤੁਸੀਂ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਤੋਂ ਪਹਿਲਾਂ, ਆਓ ਆਪਾਂ ਦੇਖੀਏ ਕਿ ਪਿਤਾਵਾਂ ਨੂੰ ਕਿਹੜੀਆਂ ਕੁਝ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਤਿੰਨ ਆਮ ਚੁਣੌਤੀਆਂ
1. ਸਮੇਂ ਦੀ ਘਾਟ: ਕਈ ਦੇਸ਼ਾਂ ਵਿਚ ਪਰਿਵਾਰ ਦਾ ਗੁਜ਼ਾਰਾ ਜ਼ਿਆਦਾਤਰ ਪਿਤਾ ਦੀ ਕਮਾਈ ਨਾਲ ਹੀ ਚਲਾਇਆ ਜਾਂਦਾ ਹੈ। ਆਮ ਤੌਰ ਤੇ ਪਿਤਾ ਨੂੰ ਕੰਮ ਕਰਨ ਲਈ ਤਕਰੀਬਨ ਸਾਰਾ ਦਿਨ ਘਰੋਂ ਬਾਹਰ ਰਹਿਣਾ ਪੈਂਦਾ ਹੈ। ਕੁਝ ਥਾਵਾਂ ਤੇ ਤਾਂ ਪਿਤਾ ਆਪਣੇ ਬੱਚਿਆਂ ਨਾਲ ਬਹੁਤ ਥੋੜ੍ਹਾ ਸਮਾਂ ਬਿਤਾਉਂਦੇ ਹਨ। ਮਿਸਾਲ ਲਈ, ਫਰਾਂਸ ਦੀ ਇਕ ਹਾਲ ਹੀ ਦੀ ਰਿਪੋਰਟ ਅਨੁਸਾਰ ਉੱਥੋਂ ਦੇ ਪਿਤਾ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਰੋਜ਼ 12 ਮਿੰਟਾਂ ਤੋਂ ਵੀ ਘੱਟ ਸਮਾਂ ਬਿਤਾਉਂਦੇ ਹਨ।
ਇਸ ਬਾਰੇ ਸੋਚੋ: ਤੁਸੀਂ ਆਪਣੇ ਪੁੱਤਰ ਨਾਲ ਕਿੰਨਾ ਕੁ ਸਮਾਂ ਬਿਤਾਉਂਦੇ ਹੋ? ਆਉਣ ਵਾਲੇ ਇਕ ਜਾਂ ਦੋ ਹਫ਼ਤਿਆਂ ਲਈ ਕਿਉਂ ਨਾ ਲਿਖ ਕੇ ਦੇਖੋ ਕਿ ਤੁਸੀਂ ਹਰ ਰੋਜ਼ ਆਪਣੇ ਪੁੱਤਰ ਨਾਲ ਗੱਲਬਾਤ ਕਰਨ ਵਿਚ ਕਿੰਨਾ ਕੁ ਸਮਾਂ ਬਿਤਾਉਂਦੇ ਹੋ? ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਤੁਸੀਂ ਆਪਣੇ ਪੁੱਤਰ ਨਾਲ ਬਹੁਤ ਘੱਟ ਸਮਾਂ ਬਿਤਾਉਂਦੇ ਹੋ।
2. ਚੰਗੀ ਮਿਸਾਲ ਦੀ ਘਾਟ: ਕੁਝ ਆਦਮੀਆਂ ਨੇ ਆਪਣੇ ਪਿਤਾ ਨਾਲ ਬਹੁਤ ਥੋੜ੍ਹਾ ਸਮਾਂ ਬਿਤਾਇਆ ਹੈ। ਫਰਾਂਸ ਵਿਚ ਰਹਿਣ ਵਾਲਾ ਜੌਂ-ਮਾਰੀ ਕਹਿੰਦਾ ਹੈ, “ਪਿਤਾ ਜੀ ਨਾਲ ਮੇਰੀ ਘੱਟ ਗੱਲਬਾਤ ਹੁੰਦੀ ਸੀ।” ਇਸ ਦਾ ਜੌਂ-ਮਾਰੀ ʼਤੇ ਕੀ ਅਸਰ ਪਿਆ? ਉਸ ਦਾ ਕਹਿਣਾ ਹੈ, “ਇਸ ਨਾਲ ਉਹ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਜਿਨ੍ਹਾਂ ਬਾਰੇ ਮੈਂ ਕਦੀ ਸੋਚਿਆ ਵੀ ਨਹੀਂ ਸੀ। ਮਿਸਾਲ ਲਈ, ਮੈਨੂੰ ਆਪਣੇ ਪੁੱਤਰਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਵਿਚ ਮੁਸ਼ਕਲ ਆਉਂਦੀ ਸੀ।” ਹੋਰ ਹਾਲਾਤਾਂ ਵਿਚ ਆਦਮੀ ਆਪਣੇ ਪਿਤਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਤਾਂ ਹਨ, ਪਰ ਉਨ੍ਹਾਂ ਦਾ ਇਕ-ਦੂਜੇ ਨਾਲ ਗੂੜ੍ਹਾ ਰਿਸ਼ਤਾ ਨਹੀਂ ਹੁੰਦਾ। 43 ਸਾਲਾਂ ਦਾ ਫੀਲੀਪ ਕਹਿੰਦਾ ਹੈ: “ਮੇਰੇ ਪਿਤਾ ਜੀ ਨੂੰ ਮੇਰੇ ਲਈ ਪਿਆਰ ਦਾ ਇਜ਼ਹਾਰ ਕਰਨਾ ਮੁਸ਼ਕਲ ਲੱਗਦਾ ਸੀ। ਨਤੀਜੇ ਵਜੋਂ, ਮੈਨੂੰ ਆਪਣੇ ਪੁੱਤਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ।”
ਇਸ ਬਾਰੇ ਸੋਚੋ: ਕੀ ਤੁਹਾਨੂੰ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਰਿਸ਼ਤਾ ਤੁਹਾਡਾ ਆਪਣੇ ਪਿਤਾ ਜੀ ਨਾਲ ਸੀ, ਉਸੇ ਤਰ੍ਹਾਂ ਦਾ ਰਿਸ਼ਤਾ ਤੁਸੀਂ ਆਪਣੇ ਪੁੱਤਰ ਨਾਲ ਰੱਖਦੇ ਹੋ? ਕੀ ਤੁਸੀਂ ਦੇਖਿਆ ਹੈ ਕਿ ਤੁਸੀਂ ਆਪਣੇ ਪਿਤਾ ਜੀ ਦੀਆਂ ਚੰਗੀਆਂ ਜਾਂ ਮਾੜੀਆਂ ਆਦਤਾਂ ਦੀ ਰੀਸ ਕਰਦੇ ਹੋ? ਉਹ ਕਿਵੇਂ?
3. ਚੰਗੀ ਸਲਾਹ ਦੀ ਘਾਟ: ਕੁਝ ਸਭਿਆਚਾਰਾਂ ਵਿਚ ਬੱਚਿਆਂ ਦੀ ਪਾਲਣਾ ਕਰਨ ਵਿਚ ਪਿਤਾ ਦੀ ਭੂਮਿਕਾ ਨੂੰ ਘੱਟ ਮਹੱਤਤਾ ਦਿੱਤੀ ਜਾਂਦੀ ਹੈ। ਲੂਕਾ, ਜਿਸ ਦੀ ਪਰਵਰਿਸ਼ ਪੱਛਮੀ ਯੂਰਪ ਦੇ ਕਿਸੇ ਦੇਸ਼ ਵਿਚ ਹੋਈ ਸੀ, ਕਹਿੰਦਾ ਹੈ, “ਜਿੱਥੇ ਮੈਂ ਵੱਡਾ ਹੋਇਆ, ਉੱਥੇ ਦੇ ਲੋਕ ਸੋਚਦੇ ਸਨ ਕਿ ਬੱਚਿਆਂ ਦੀ ਦੇਖ-ਭਾਲ ਕਰਨੀ ਪਤਨੀ ਦਾ ਕੰਮ ਹੈ।” ਹੋਰ ਸਭਿਆਚਾਰਾਂ ਵਿਚ ਪਿਤਾ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਸ ਨੂੰ ਬੱਚਿਆਂ ਨੂੰ ਸਖ਼ਤ ਅਨੁਸ਼ਾਸਨ ਦੇਣ ਤੋਂ ਸਿਵਾਇ ਹੋਰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੈ। ਮਿਸਾਲ ਲਈ, ਜੋਰਜ ਇਕ ਅਫ਼ਰੀਕੀ ਦੇਸ਼ ਵਿਚ ਵੱਡਾ ਹੋਇਆ ਸੀ। ਉਹ ਕਹਿੰਦਾ ਹੈ: “ਮੇਰੇ ਸਭਿਆਚਾਰ ਵਿਚ ਪਿਤਾ ਆਪਣੇ ਬੱਚਿਆਂ ਨਾਲ ਇਸ ਡਰ ਕਰਕੇ ਨਹੀਂ ਖੇਡਦੇ ਕਿ ਕਿਤੇ ਉਨ੍ਹਾਂ ਦਾ ਅਧਿਕਾਰ ਨਾ ਘੱਟ ਜਾਵੇ। ਇਸ ਲਈ ਮੈਨੂੰ ਆਪਣੇ ਪੁੱਤਰ ਨਾਲ ਖੇਡਣਾ ਹਮੇਸ਼ਾ ਮੁਸ਼ਕਲ ਲੱਗਾ ਹੈ।”
ਇਸ ਬਾਰੇ ਸੋਚੋ: ਤੁਹਾਡੇ ਇਲਾਕੇ ਵਿਚ ਇਕ ਪਿਤਾ ਦੀ ਕੀ ਭੂਮਿਕਾ ਹੈ? ਕੀ ਉਸ ਨੂੰ ਸਿਖਾਇਆ ਜਾਂਦਾ ਹੈ ਕਿ ਬੱਚਿਆਂ ਦੀ ਦੇਖ-ਭਾਲ ਕਰਨੀ ਔਰਤ ਦੀ ਜ਼ਿੰਮੇਵਾਰੀ ਹੈ? ਕੀ ਪਿਤਾ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰੇ ਜਾਂ ਕੀ ਇਨ੍ਹਾਂ ਵਿਚਾਰਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ?
ਜੇ ਤੁਸੀਂ ਪਿਤਾ ਵਜੋਂ ਇਨ੍ਹਾਂ ਵਿੱਚੋਂ ਇਕ-ਦੋ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ, ਤਾਂ ਤੁਸੀਂ ਕਿਵੇਂ ਸਫ਼ਲ ਹੋ ਸਕਦੇ ਹੋ? ਹੇਠਾਂ ਦਿੱਤੇ ਸੁਝਾਵਾਂ ʼਤੇ ਗੌਰ ਕਰੋ।
ਪੁੱਤਰ ਨੂੰ ਛੋਟੀ ਉਮਰ ਤੋਂ ਹੀ ਸਿਖਾਓ
ਲੱਗਦਾ ਹੈ ਕਿ ਪੁੱਤਰਾਂ ਵਿਚ ਜਨਮ ਤੋਂ ਹੀ ਆਪਣੇ ਪਿਤਾ ਦੀ ਰੀਸ ਕਰਨ ਦੀ ਇੱਛਾ ਹੁੰਦੀ ਹੈ। ਇਸ ਲਈ ਉਸ ਦੇ ਛੋਟੇ ਹੁੰਦਿਆਂ ਤੋਂ ਹੀ ਇਸ ਗੱਲ ਦਾ ਫ਼ਾਇਦਾ ਉਠਾਓ। ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? ਅਤੇ ਤੁਸੀਂ ਉਸ ਲਈ ਕਦੋਂ ਸਮਾਂ ਕੱਢ ਸਕਦੇ ਹੋ?
ਜਦੋਂ ਵੀ ਸੰਭਵ ਹੋਵੇ, ਆਪਣੇ ਪੁੱਤਰ ਨੂੰ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਸ਼ਾਮਲ ਕਰੋ। ਮਿਸਾਲ ਲਈ, ਜੇ ਤੁਸੀਂ ਕੁਝ ਕਰ ਰਹੇ ਹੋ, ਤਾਂ ਉਸ ਨੂੰ ਆਪਣੇ ਨਾਲ ਕੰਮ ਕਰਨ ਲਾਓ। ਜੇ ਤੁਸੀਂ ਝਾੜੂ ਫੇਰ ਰਹੇ ਹੋ, ਤਾਂ ਉਸ ਨੂੰ ਵੀ ਇਕ ਛੋਟਾ ਜਿਹਾ ਝਾੜੂ ਦਿਓ। ਅਤੇ ਜੇ ਤੁਸੀਂ ਕਹੀ ਨਾਲ ਕੁਝ ਪੁੱਟ ਰਹੇ ਹੋ, ਤਾਂ ਉਸ ਨੂੰ ਵੀ ਇਕ ਛੋਟੀ ਜਿਹੀ ਕਹੀ ਦਿਓ। ਤੁਹਾਡੀ ਰੀਸ ਕਰ ਕੇ ਉਸ ਨੂੰ ਵਾਕਈ ਬਹੁਤ ਖ਼ੁਸ਼ੀ ਹੋਵੇਗੀ! ਭਾਵੇਂ ਕੰਮ ਖ਼ਤਮ ਕਰਨ ਵਿਚ ਥੋੜ੍ਹਾ ਜ਼ਿਆਦਾ ਸਮਾਂ ਲੱਗ ਜਾਵੇ, ਪਰ ਇਸ ਨਾਲ ਤੁਹਾਡਾ ਆਪਸੀ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਸੀਂ ਉਸ ਵਿਚ ਕੰਮ ਕਰਨ ਦੀਆਂ ਚੰਗੀਆਂ ਆਦਤਾਂ ਪਾਓਗੇ। ਬਹੁਤ ਸਮਾਂ ਪਹਿਲਾਂ ਬਾਈਬਲ ਵਿਚ ਪਿਤਾਵਾਂ ਨੂੰ ਆਪਣੇ ਬੱਚਿਆਂ ਨੂੰ ਹਰ ਰੋਜ਼ ਦੇ ਕੰਮਾਂ-ਕਾਰਾਂ ਵਿਚ ਸ਼ਾਮਲ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਸੀ। ਅਤੇ ਇਸ ਤਰ੍ਹਾਂ ਉਹ ਇਨ੍ਹਾਂ ਮੌਕਿਆਂ ਤੇ ਆਪਣੇ ਬੱਚਿਆਂ ਨਾਲ ਗੱਲਬਾਤ ਕਰ ਸਕਦੇ ਸਨ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਸਕਦੇ ਸਨ। (ਬਿਵਸਥਾ ਸਾਰ 6:6-9) ਇਹ ਸਲਾਹ ਅੱਜ ਵੀ ਸਾਡੇ ਲਈ ਫ਼ਾਇਦੇਮੰਦ ਹੈ।
ਆਪਣੇ ਪੁੱਤਰ ਨਾਲ ਕੰਮ ਕਰਨ ਦੇ ਨਾਲ-ਨਾਲ ਉਸ ਨਾਲ ਖੇਡਣ ਲਈ ਵੀ ਸਮਾਂ ਕੱਢੋ। ਖੇਡਣ ਨਾਲ ਤੁਹਾਨੂੰ ਸਿਰਫ਼ ਮਜ਼ਾ ਹੀ ਨਹੀਂ ਆਵੇਗਾ, ਸਗੋਂ ਤੁਸੀਂ ਉਸ ਨੂੰ ਕੁਝ ਸਿਖਾਓਗੇ ਵੀ। ਇਕ ਰਿਪੋਰਟ ਦੇ ਅਨੁਸਾਰ ਜਦੋਂ ਪਿਤਾ ਆਪਣੇ ਬੱਚਿਆਂ ਨਾਲ ਖੇਡਦੇ ਹਨ, ਤਾਂ ਉਹ ਉਨ੍ਹਾਂ ਵਿਚ ਹਿੰਮਤ ਪੈਦਾ ਕਰਦੇ ਹਨ ਤਾਂਕਿ ਉਹ ਕੁਝ ਕਰਨ ਤੋਂ ਡਰਨ ਨਾ।
ਜਦੋਂ ਪਿਤਾ-ਪੁੱਤਰ ਖੇਡਦੇ ਹਨ, ਤਾਂ ਉਨ੍ਹਾਂ ਨੂੰ ਇਕ ਹੋਰ ਵੱਡਾ ਫ਼ਾਇਦਾ ਹੁੰਦਾ ਹੈ। ਇਕ ਖੋਜਕਾਰ ਮੀਸ਼ੈਲ ਫਿਜ਼ ਨੇ ਕਿਹਾ, “ਖੇਡਦਿਆਂ-ਖੇਡਦਿਆਂ ਹੀ ਪੁੱਤਰ ਆਪਣੇ ਪਿਤਾ ਨਾਲ ਖੁੱਲ੍ਹ ਕੇ ਗੱਲ ਕਰਦਾ ਹੈ।” ਖੇਡਦੇ ਸਮੇਂ ਪਿਤਾ ਪੁੱਤਰ ਲਈ ਆਪਣੇ ਸ਼ਬਦਾਂ ਅਤੇ ਕੰਮਾਂ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਪੁੱਤਰ ਨੂੰ ਵੀ ਪਿਆਰ ਦਾ ਇਜ਼ਹਾਰ ਕਰਨਾ ਸਿਖਾਉਂਦਾ ਹੈ। ਜਰਮਨੀ ਵਿਚ ਰਹਿਣ ਵਾਲਾ ਇਕ ਪਿਤਾ ਆਂਡਰੇ ਕਹਿੰਦਾ ਹੈ, “ਜਦੋਂ ਮੇਰਾ ਪੁੱਤਰ ਛੋਟਾ ਹੁੰਦਾ ਸੀ, ਤਾਂ ਅਸੀਂ ਅਕਸਰ ਇਕੱਠੇ ਖੇਡਦੇ ਹੁੰਦੇ ਸੀ। ਮੈਂ ਉਸ ਨੂੰ ਗਲ਼ੇ ਨਾਲ ਲਾ ਲੈਂਦਾ ਸੀ ਅਤੇ ਉਸ ਨੇ ਵੀ ਮੇਰੇ ਲਈ ਪਿਆਰ ਜ਼ਾਹਰ ਕਰਨਾ ਸਿੱਖਿਆ।”
ਰਾਤ ਨੂੰ ਸੌਣ ਵੇਲੇ ਵੀ ਪਿਤਾ ਆਪਣੇ ਪੁੱਤਰ ਨਾਲ ਪਿਆਰ ਦਾ ਬੰਧਨ ਮਜ਼ਬੂਤ ਕਰ ਸਕਦਾ ਹੈ। ਬਾਕਾਇਦਾ ਉਸ ਨੂੰ ਕੋਈ ਕਹਾਣੀ ਪੜ੍ਹ ਕੇ ਸੁਣਾਓ ਅਤੇ ਜਦੋਂ ਉਹ ਚਾਅ ਨਾਲ ਦੱਸਦਾ ਹੈ ਕਿ ਦਿਨ ਵਿਚ ਉਸ ਨੇ ਕੀ ਕੀਤਾ ਤੇ ਉਸ ਨੂੰ ਕਿੰਨਾ ਮਜ਼ਾ ਆਇਆ, ਤਾਂ ਉਸ ਦੀ ਗੱਲ ਸੁਣੋ। ਜੇ ਤੁਸੀਂ ਸੁਣਦੇ ਹੋ, ਤਾਂ ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ, ਉਸ ਲਈ ਤੁਹਾਡੇ ਨਾਲ ਗੱਲਬਾਤ ਕਰਨੀ ਹੋਰ ਆਸਾਨ ਹੋ ਜਾਵੇਗੀ।
ਉਸ ਦੇ ਸ਼ੌਕਾਂ ਨੂੰ ਆਪਣੇ ਸ਼ੌਕ ਬਣਾਓ
ਕੁਝ ਨੌਜਵਾਨ ਮੁੰਡੇ ਆਪਣੇ ਪਿਤਾ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝਦੇ ਭਾਵੇਂ ਉਨ੍ਹਾਂ ਦੇ ਪਿਤਾ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ ਤੁਹਾਡਾ ਪੁੱਤਰ ਤੁਹਾਡੇ ਸਵਾਲਾਂ ਨੂੰ ਟਾਲ ਦਿੰਦਾ ਹੈ, ਤਾਂ ਇਹ ਨਾ ਸੋਚੋ ਕਿ ਉਹ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ ਚਾਹੁੰਦਾ। ਜੇ ਤੁਸੀਂ ਉਸ ਨਾਲ ਗੱਲਬਾਤ ਕਰਨ ਦਾ ਕੋਈ ਹੋਰ ਤਰੀਕਾ ਲੱਭੋ, ਤਾਂ ਹੋ ਸਕਦਾ ਹੈ ਕਿ ਉਹ ਵੀ ਤੁਹਾਡੇ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੇ।
ਫਰਾਂਸ ਵਿਚ ਰਹਿੰਦੇ ਜ਼ਾਕ ਨਾਂ ਦੇ ਪਿਤਾ ਨੂੰ ਕਦੇ-ਕਦੇ ਆਪਣੇ ਪੁੱਤਰ ਜਰੋਮ ਨਾਲ ਗੱਲਬਾਤ ਕਰਨੀ ਮੁਸ਼ਕਲ ਲੱਗਦੀ ਸੀ। ਪਰ ਉਸ ʼਤੇ ਦਬਾਅ ਪਾਉਣ ਦੀ ਬਜਾਇ ਉਸ ਨੇ ਗੱਲਬਾਤ ਕਰਨ ਦਾ ਹੋਰ ਤਰੀਕਾ ਲੱਭਿਆ। ਉਹ ਆਪਣੇ ਪੁੱਤਰ ਨਾਲ ਫੁਟਬਾਲ ਖੇਡਣ ਲੱਗ ਪਿਆ। ਜ਼ਾਕ ਨੇ ਕਿਹਾ, “ਫੁਟਬਾਲ ਖੇਡਣ ਤੋਂ ਬਾਅਦ ਅਸੀਂ ਘਾਹ ʼਤੇ ਬੈਠ ਕੇ ਥੋੜ੍ਹਾ ਜਿਹਾ ਆਰਾਮ ਕਰਦੇ ਸਾਂ। ਮੇਰਾ ਪੁੱਤਰ ਉਸ ਵੇਲੇ ਮੇਰੇ ਨਾਲ ਦਿਲ ਖੋਲ੍ਹ ਕੇ ਗੱਲਾਂ ਕਰਦਾ ਸੀ। ਮੈਨੂੰ ਲੱਗਦਾ ਹੈ ਕਿ ਸਾਡਾ ਰਿਸ਼ਤਾ ਇਸ ਕਾਰਨ ਗਹਿਰਾ ਹੋਇਆ ਕਿਉਂਕਿ ਇਨ੍ਹਾਂ ਮੌਕਿਆਂ ਤੇ ਇਕ ਤਾਂ ਅਸੀਂ ਦੋਵੇਂ ਇਕੱਠੇ ਹੁੰਦੇ ਸੀ ਤੇ ਦੂਜੀ ਗੱਲ ਕਿ ਅਸੀਂ ਦੋਵੇਂ ਇਕੱਲੇ ਸੀ।”
ਪਰ ਫਿਰ ਕੀ ਜੇ ਤੁਹਾਡੇ ਪੁੱਤਰ ਨੂੰ ਫੁਟਬਾਲ ਖੇਡਣਾ ਪਸੰਦ ਨਹੀਂ ਹੈ? ਆਂਡਰੇ ਲਈ ਮਿੱਠੀਆਂ ਯਾਦਾਂ ਹਾਲੇ ਵੀ ਤਾਜ਼ਾ ਹਨ ਜਦੋਂ ਉਹ ਆਪਣੇ ਪੁੱਤਰ ਨਾਲ ਘੰਟਿਆਂ-ਬੱਧੀ ਤਾਰੇ ਦੇਖਦਾ ਹੁੰਦਾ ਸੀ। ਆਂਡਰੇ ਕਹਿੰਦਾ ਹੈ, “ਅਸੀਂ ਰਾਤ ਨੂੰ ਠੰਢ ਵਿਚ ਕੁਰਸੀਆਂ ਡਾਹ ਲੈਂਦੇ ਸੀ, ਫਿਰ ਅਸੀਂ ਗਰਮ ਕੱਪੜੇ ਪਾ ਕੇ ਅਤੇ ਚਾਹ ਦਾ ਕੱਪ ਹੱਥਾਂ ਵਿਚ ਲੈ ਕੇ ਤਾਰੇ ਦੇਖਣ ਬੈਠ ਜਾਂਦੇ ਸੀ। ਅਸੀਂ ਸਿਰਜਣਹਾਰ ਬਾਰੇ ਗੱਲਾਂ ਕਰਦੇ ਸਾਂ ਜਿਸ ਨੇ ਤਾਰੇ ਬਣਾਏ ਹਨ। ਅਸੀਂ ਨਿੱਜੀ ਮਾਮਲਿਆਂ ਬਾਰੇ ਵੀ ਗੱਲਾਂ ਕਰਦੇ ਸਾਂ। ਅਸੀਂ ਤਕਰੀਬਨ ਸਾਰੀਆਂ ਗੱਲਾਂ ਕਰ ਲੈਂਦੇ ਸਾਂ।”—ਯਸਾਯਾਹ 40:25, 26.
ਪਰ ਤਦ ਕੀ ਜੇ ਤੁਹਾਨੂੰ ਆਪਣੇ ਪੁੱਤਰ ਦੇ ਕੁਝ ਸ਼ੌਕ ਪਸੰਦ ਨਾ ਹੋਣ? ਅਜਿਹੀ ਸਥਿਤੀ ਵਿਚ ਤੁਹਾਨੂੰ ਸ਼ਾਇਦ ਆਪਣੇ ਸ਼ੌਕ ਛੱਡਣੇ ਪੈਣ। (ਫ਼ਿਲਿੱਪੀਆਂ 2:4) ਈਅਨ, ਜੋ ਦੱਖਣੀ ਅਫ਼ਰੀਕਾ ਵਿਚ ਰਹਿੰਦਾ ਹੈ, ਨੇ ਕਿਹਾ, “ਜਿਨ੍ਹਾਂ ਖੇਡਾਂ ਦਾ ਮੈਨੂੰ ਸ਼ੌਕ ਸੀ, ਉਨ੍ਹਾਂ ਦਾ ਮੇਰੇ ਪੁੱਤਰ ਵੋਨ ਨੂੰ ਸ਼ੌਕ ਨਹੀਂ ਸੀ। ਉਸ ਨੂੰ ਹਵਾਈ ਜਹਾਜ਼ ਅਤੇ ਕੰਪਿਊਟਰ ਪਸੰਦ ਸਨ। ਇਸ ਲਈ ਮੈਂ ਵੀ ਉਨ੍ਹਾਂ ਚੀਜ਼ਾਂ ਲਈ ਸ਼ੌਕ ਪੈਦਾ ਕੀਤਾ। ਮੈਂ ਉਸ ਨੂੰ ਹਵਾਈ ਜਹਾਜ਼ਾਂ ਦੇ ਸ਼ੋਅ ਦੇਖਣ ਲੈ ਜਾਂਦਾ ਸੀ ਅਤੇ ਕੰਪਿਊਟਰ ʼਤੇ ਉਸ ਨਾਲ ਹਵਾਈ ਜਹਾਜ਼ਾਂ ਦੀਆਂ ਉਡਾਨਾਂ ਭਰਨ ਦੀ ਗੇਮ ਖੇਡਦਾ ਸੀ। ਮੈਨੂੰ ਲੱਗਦਾ ਹੈ ਕਿ ਵੋਨ ਮੇਰੇ ਨਾਲ ਖੁੱਲ੍ਹ ਕੇ ਇਸ ਲਈ ਗੱਲ ਕਰਨ ਲੱਗਾ ਕਿਉਂਕਿ ਅਸੀਂ ਦੋਵੇਂ ਇਕੱਠੇ ਉਹ ਕੰਮ ਕਰਦੇ ਸਾਂ ਜਿਨ੍ਹਾਂ ਵਿਚ ਸਾਨੂੰ ਮਜ਼ਾ ਆਉਂਦਾ ਸੀ।”
ਆਪਣੇ ਪੁੱਤਰ ਦਾ ਭਰੋਸਾ ਵਧਾਓ
“ਡੈਡੀ ਜੀ ਦੇਖੋ, ਦੇਖੋ!” ਕੀ ਤੁਸੀਂ ਕਦੇ ਆਪਣੇ ਪੁੱਤਰ ਨੂੰ ਇੱਦਾਂ ਕਹਿੰਦੇ ਸੁਣਿਆ ਹੈ ਜਦੋਂ ਉਸ ਨੇ ਕੁਝ ਨਵਾਂ ਸਿੱਖਿਆ? ਜੇ ਉਹ ਜਵਾਨੀ ਵਿਚ ਪੈਰ ਰੱਖ ਚੁੱਕਾ ਹੈ, ਤਾਂ ਕੀ ਉਹ ਹਾਲੇ ਵੀ ਤੁਹਾਡੇ ਤੋਂ ਪੁੱਛਦਾ ਹੈ ਕਿ ਉਸ ਦੀ ਕੋਈ ਗੱਲ ਤੁਹਾਨੂੰ ਪਸੰਦ ਆਈ ਜਾਂ ਨਹੀਂ? ਸ਼ਾਇਦ ਨਹੀਂ ਪੁੱਛਦਾ। ਪਰ ਫਿਰ ਵੀ ਜੇ ਉਸ ਨੇ ਜ਼ਿੰਮੇਵਾਰ ਇਨਸਾਨ ਬਣਨਾ ਹੈ, ਤਾਂ ਤੁਹਾਡੇ ਲਈ ਉਸ ਨੂੰ ਦੱਸਣਾ ਜ਼ਰੂਰੀ ਹੈ ਕਿ ਉਹ ਜੋ ਕਰਦਾ ਹੈ, ਉਹ ਸਹੀ ਹੈ ਜਾਂ ਨਹੀਂ।
ਧਿਆਨ ਦਿਓ ਕਿ ਇਸ ਸੰਬੰਧ ਵਿਚ ਯਹੋਵਾਹ ਪਰਮੇਸ਼ੁਰ ਨੇ ਕਿੰਨੀ ਸੋਹਣੀ ਮਿਸਾਲ ਕਾਇਮ ਕੀਤੀ। ਜਦੋਂ ਉਸ ਦਾ ਪੁੱਤਰ ਯਿਸੂ ਧਰਤੀ ʼਤੇ ਆਪਣਾ ਖ਼ਾਸ ਕੰਮ ਸ਼ੁਰੂ ਕਰਨ ਵਾਲਾ ਸੀ, ਤਾਂ ਪਰਮੇਸ਼ੁਰ ਨੇ ਲੋਕਾਂ ਸਾਮ੍ਹਣੇ ਇਹ ਕਹਿ ਕੇ ਯਿਸੂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” (ਮੱਤੀ 3:17; 5:48) ਇਹ ਸੱਚ ਹੈ ਕਿ ਆਪਣੇ ਪੁੱਤਰ ਨੂੰ ਤਾੜਨਾ ਅਤੇ ਸਿੱਖਿਆ ਦੇਣੀ ਤੁਹਾਡੀ ਜ਼ਿੰਮੇਵਾਰੀ ਹੈ। (ਅਫ਼ਸੀਆਂ 6:4) ਪਰ ਕੀ ਤੁਸੀਂ ਮੌਕਾ ਮਿਲਣ ਤੇ ਆਪਣੇ ਪੁੱਤਰ ਦੀ ਤਾਰੀਫ਼ ਕਰਦੇ ਹੋ ਜਦੋਂ ਉਹ ਕੋਈ ਚੰਗੀ ਗੱਲ ਕਹਿੰਦਾ ਜਾਂ ਚੰਗਾ ਕੰਮ ਕਰਦਾ ਹੈ?
ਕੁਝ ਆਦਮੀਆਂ ਨੂੰ ਆਪਣੇ ਬੱਚਿਆਂ ਦੀ ਤਾਰੀਫ਼ ਕਰਨੀ ਜਾਂ ਉਨ੍ਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਮੁਸ਼ਕਲ ਲੱਗਦਾ ਹੈ। ਉਹ ਸ਼ਾਇਦ ਉਨ੍ਹਾਂ ਪਰਿਵਾਰਾਂ ਵਿਚ ਪੈਦਾ ਹੋਏ ਹੋਣ ਜਿੱਥੇ ਮਾਂ-ਪਿਓ ਕਾਮਯਾਬੀਆਂ ਕਾਰਨ ਤਾਰੀਫ਼ ਕਰਨ ਦੀ ਬਜਾਇ ਬੱਚਿਆਂ ਦੀਆਂ ਗ਼ਲਤੀਆਂ ʼਤੇ ਜ਼ਿਆਦਾ ਜ਼ੋਰ ਦਿੰਦੇ ਸਨ। ਜੇ ਤੁਹਾਡੀ ਪਰਵਰਿਸ਼ ਇਸ ਮਾਹੌਲ ਵਿਚ ਹੋਈ ਹੈ, ਤਾਂ ਤੁਹਾਨੂੰ ਆਪਣੇ ਪੁੱਤਰ ਦਾ ਭਰੋਸਾ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰਨ ਦੀ ਲੋੜ ਹੈ। ਤੁਸੀਂ ਇਹ ਕਿੱਦਾਂ ਕਰ ਸਕਦੇ ਹੋ? ਲੂਕਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਬਾਕਾਇਦਾ ਆਪਣੇ 15 ਸਾਲਾਂ ਦੇ ਪੁੱਤਰ ਮੈਨੂਏਲ ਨਾਲ ਘਰ ਦੇ ਕੰਮ ਕਰਦਾ ਹੈ। ਲੂਕਾ ਕਹਿੰਦਾ ਹੈ, “ਕਦੇ-ਕਦੇ ਮੈਂ ਮੈਨੂਏਲ ਨੂੰ ਆਪ ਕੰਮ ਸ਼ੁਰੂ ਕਰਨ ਲਈ ਕਹਿੰਦਾ ਹਾਂ ਅਤੇ ਜੇ ਉਸ ਨੂੰ ਮੇਰੀ ਮਦਦ ਦੀ ਲੋੜ ਹੁੰਦੀ ਹੈ, ਤਾਂ ਮੈਂ ਉਸ ਦੀ ਮਦਦ ਕਰਦਾ ਹਾਂ। ਜ਼ਿਆਦਾਤਰ ਉਹ ਕੰਮ ਆਪ ਹੀ ਕਰ ਲੈਂਦਾ ਹੈ। ਜਦੋਂ ਉਹ ਕੋਈ ਕੰਮ ਪੂਰਾ ਕਰ ਲੈਂਦਾ ਹੈ, ਤਾਂ ਉਸ ਨੂੰ ਸੰਤੁਸ਼ਟੀ ਮਿਲਦੀ ਹੈ ਅਤੇ ਉਸ ਦਾ ਭਰੋਸਾ ਵਧਦਾ ਹੈ। ਜਦੋਂ ਉਹ ਸਫ਼ਲ ਹੁੰਦਾ ਹੈ, ਤਾਂ ਮੈਂ ਉਸ ਦੀ ਸ਼ਲਾਘਾ ਕਰਦਾ ਹਾਂ। ਜਦੋਂ ਉਸ ਦਾ ਕੰਮ ਉੱਨਾ ਚੰਗਾ ਨਹੀਂ ਹੁੰਦਾ ਜਿਸ ਦੀ ਉਸ ਨੂੰ ਆਸ ਸੀ, ਤਾਂ ਵੀ ਮੈਂ ਉਸ ਦੇ ਜਤਨਾਂ ਦੀ ਸ਼ਲਾਘਾ ਕਰਦਾ ਹਾਂ।”
ਤੁਸੀਂ ਆਪਣੇ ਪੁੱਤਰ ਦੇ ਵੱਡੇ ਟੀਚਿਆਂ ਤਕ ਪਹੁੰਚਣ ਵਿਚ ਮਦਦ ਕਰ ਕੇ ਵੀ ਉਸ ਦਾ ਭਰੋਸਾ ਵਧਾ ਸਕਦੇ ਹੋ। ਉਦੋਂ ਕੀ, ਜਦੋਂ ਤੁਹਾਡਾ ਪੁੱਤਰ ਆਪਣੇ ਟੀਚਿਆਂ ʼਤੇ ਉੱਨੀ ਜਲਦੀ ਨਹੀਂ ਪਹੁੰਚਦਾ ਜਿੰਨੀ ਜਲਦੀ ਪਹੁੰਚਣ ਦੀ ਤੁਸੀਂ ਉਮੀਦ ਰੱਖੀ ਸੀ? ਜਾਂ ਉਦੋਂ ਕੀ ਜੇ ਉਸ ਦੇ ਟੀਚੇ ਚੰਗੇ ਹਨ, ਪਰ ਇਹ ਉਹ ਟੀਚੇ ਨਹੀਂ ਹਨ ਜੋ ਸ਼ਾਇਦ ਤੁਸੀਂ ਉਸ ਲਈ ਚੁਣਦੇ? ਜੇ ਇਸ ਤਰ੍ਹਾਂ ਹੈ, ਤਾਂ ਤੁਹਾਨੂੰ ਸ਼ਾਇਦ ਆਪਣੀਆਂ ਉਮੀਦਾਂ ਦੀ ਦੁਬਾਰਾ ਜਾਂਚ ਕਰਨ ਦੀ ਲੋੜ ਹੈ। ਜ਼ਾਕ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਮੈਂ ਆਪਣੇ ਪੁੱਤਰ ਦੀ ਉਹ ਟੀਚੇ ਰੱਖਣ ਵਿਚ ਮਦਦ ਕਰਦਾ ਹਾਂ ਜਿਨ੍ਹਾਂ ਤਕ ਉਹ ਪਹੁੰਚ ਸਕਦਾ ਹੈ। ਪਰ ਮੈਂ ਇਹ ਵੀ ਧਿਆਨ ਰੱਖਦਾ ਹਾਂ ਕਿ ਇਹ ਉਸ ਦੇ ਟੀਚੇ ਹੋਣ ਨਾ ਕਿ ਮੇਰੇ। ਫਿਰ ਮੈਂ ਆਪਣੇ ਆਪ ਨੂੰ ਯਾਦ ਦਿਲਾਉਂਦਾ ਹਾਂ ਕਿ ਉਸ ਨੂੰ ਆਪਣੇ ਟੀਚਿਆਂ ਤਕ ਪਹੁੰਚਣ ਲਈ ਜਿੰਨਾ ਸਮਾਂ ਚਾਹੀਦਾ ਹੈ, ਉੱਨਾ ਸਮਾਂ ਮੈਨੂੰ ਉਸ ਨੂੰ ਦੇਣ ਦੀ ਲੋੜ ਹੈ।” ਜੇ ਤੁਸੀਂ ਆਪਣੇ ਪੁੱਤਰ ਦੇ ਵਿਚਾਰਾਂ ਨੂੰ ਸੁਣਦੇ ਹੋ, ਉਸ ਦੀਆਂ ਖੂਬੀਆਂ ਦੀ ਸ਼ਲਾਘਾ ਕਰਦੇ ਹੋ ਅਤੇ ਨਾਕਾਮਯਾਬ ਹੋਣ ਤੇ ਉਸ ਨੂੰ ਹੌਸਲਾ ਦਿੰਦੇ ਹੋ, ਤਾਂ ਤੁਸੀਂ ਉਸ ਦੇ ਟੀਚਿਆਂ ਤਕ ਪਹੁੰਚਣ ਵਿਚ ਉਸ ਦੀ ਮਦਦ ਕਰੋਗੇ।
ਮੁਕਦੀ ਗੱਲ ਇਹ ਹੈ ਕਿ ਤੁਹਾਡੇ ਰਿਸ਼ਤੇ ਵਿਚ ਤਣਾਅ ਅਤੇ ਚੁਣੌਤੀਆਂ ਤਾਂ ਜ਼ਰੂਰ ਆਉਣਗੀਆਂ। ਪਰ ਅਖ਼ੀਰ ਵਿਚ ਸੰਭਵ ਹੈ ਕਿ ਤੁਹਾਡਾ ਪੁੱਤਰ ਤੁਹਾਡੇ ਨਜ਼ਦੀਕ ਰਹਿਣਾ ਚਾਹੇਗਾ। ਅਸਲ ਵਿਚ ਹਰ ਕੋਈ ਉਸ ਇਨਸਾਨ ਦੇ ਨੇੜੇ ਰਹਿਣਾ ਚਾਹੁੰਦਾ ਹੈ ਜੋ ਉਸ ਦੀ ਸਫ਼ਲ ਹੋਣ ਵਿਚ ਮਦਦ ਕਰਦਾ ਹੈ। (w11-E 11/01)
[ਫੁਟਨੋਟ]
a ਭਾਵੇਂ ਇਸ ਲੇਖ ਵਿਚ ਪਿਤਾ-ਪੁੱਤਰ ਦੇ ਅਨਮੋਲ ਰਿਸ਼ਤੇ ਉੱਤੇ ਜ਼ੋਰ ਦਿੱਤਾ ਗਿਆ ਹੈ, ਪਰ ਇਸ ਵਿਚ ਦੱਸੇ ਗਏ ਸਿਧਾਂਤ ਪਿਤਾ ਅਤੇ ਧੀ ਦੇ ਰਿਸ਼ਤੇ ʼਤੇ ਵੀ ਲਾਗੂ ਹੁੰਦੇ ਹਨ।