ਅਧਿਐਨ ਲੇਖ 34
ਗੀਤ 107 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ
ਪਾਪੀਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ
“ਪਰਮੇਸ਼ੁਰ ਤੇਰੇ ʼਤੇ ਰਹਿਮ ਕਰ ਕੇ ਤੈਨੂੰ ਤੋਬਾ ਦੇ ਰਾਹ ਪਾ ਰਿਹਾ ਹੈ।” —ਰੋਮੀ. 2:4.
ਕੀ ਸਿੱਖਾਂਗੇ?
ਬਜ਼ੁਰਗ ਮੰਡਲੀ ਵਿਚ ਗੰਭੀਰ ਪਾਪ ਕਰਨ ਵਾਲਿਆਂ ਦੀ ਕਿਵੇਂ ਮਦਦ ਕਰਦੇ ਹਨ।
1. ਕੀ ਗੰਭੀਰ ਪਾਪ ਕਰਨ ਵਾਲਿਆਂ ਲਈ ਕੋਈ ਉਮੀਦ ਹੈ?
ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਜਦੋਂ ਕੁਰਿੰਥੁਸ ਦੀ ਮੰਡਲੀ ਵਿਚ ਇਕ ਆਦਮੀ ਨੇ ਗੰਭੀਰ ਪਾਪ ਕੀਤਾ, ਤਾਂ ਪੌਲੁਸ ਨੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਕੀ ਕਰਨ ਲਈ ਕਿਹਾ ਸੀ। ਉਸ ਪਾਪੀ ਨੇ ਤੋਬਾ ਨਹੀਂ ਕੀਤੀ ਸੀ ਜਿਸ ਕਰਕੇ ਉਸ ਨੂੰ ਮੰਡਲੀ ਵਿੱਚੋਂ ਕੱਢਣਾ ਪਿਆ। ਪਰ ਜਿਵੇਂ ਇਸ ਲੇਖ ਦੇ ਮੁੱਖ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਇਕ ਪਾਪੀ ਨੂੰ ਤੋਬਾ ਕਰਨ ਦੇ ਰਾਹ ਪਾ ਸਕਦਾ ਹੈ। (ਰੋਮੀ. 2:4) ਤਾਂ ਫਿਰ ਬਜ਼ੁਰਗ ਪਾਪੀਆਂ ਦੀ ਤੋਬਾ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ?
2-3. ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਨੇ ਗੰਭੀਰ ਪਾਪ ਕੀਤਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?
2 ਜੇ ਬਜ਼ੁਰਗਾਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਇਕ ਵਿਅਕਤੀ ਨੇ ਗੰਭੀਰ ਪਾਪ ਕੀਤਾ ਹੈ, ਤਾਂ ਉਹ ਉਸ ਦੀ ਮਦਦ ਨਹੀਂ ਕਰ ਸਕਦੇ। ਇਸ ਲਈ ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਕੋਈ ਗੰਭੀਰ ਪਾਪ ਕੀਤਾ ਹੈ ਜਿਸ ਕਰਕੇ ਉਸ ਨੂੰ ਮੰਡਲੀ ਵਿੱਚੋਂ ਕੱਢਿਆ ਜਾ ਸਕਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਸ ਵਿਅਕਤੀ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਉਹ ਇਸ ਬਾਰੇ ਬਜ਼ੁਰਗਾਂ ਨੂੰ ਜਾ ਕੇ ਦੱਸੇ।—ਯਸਾ. 1:18; ਰਸੂ. 20:28; 1 ਪਤ. 5:2.
3 ਪਰ ਉਦੋਂ ਕੀ ਜੇ ਗੰਭੀਰ ਪਾਪ ਕਰਨ ਵਾਲਾ ਵਿਅਕਤੀ ਬਜ਼ੁਰਗਾਂ ਨਾਲ ਗੱਲ ਨਾ ਕਰਨੀ ਚਾਹੇ? ਉਦੋਂ ਸਾਨੂੰ ਖ਼ੁਦ ਜਾ ਕੇ ਬਜ਼ੁਰਗਾਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਤਾਂਕਿ ਉਸ ਵਿਅਕਤੀ ਨੂੰ ਲੋੜੀਂਦੀ ਮਦਦ ਮਿਲ ਸਕੇ। ਇੱਦਾਂ ਕਰਕੇ ਅਸੀਂ ਦਰਅਸਲ ਉਸ ਵਿਅਕਤੀ ਲਈ ਪਿਆਰ ਦਿਖਾ ਰਹੇ ਹੁੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿਰਫ਼ ਬਜ਼ੁਰਗ ਹੀ ਉਸ ਦੀ ਮਦਦ ਕਰ ਸਕਦੇ ਹਨ। ਜੇ ਉਹ ਵਿਅਕਤੀ ਬੁਰੇ ਕੰਮ ਕਰਦਾ ਰਹਿੰਦਾ ਹੈ ਅਤੇ ਗ਼ਲਤ ਰਾਹ ਤੋਂ ਨਹੀਂ ਮੁੜਦਾ, ਤਾਂ ਯਹੋਵਾਹ ਨਾਲ ਉਸ ਦਾ ਰਿਸ਼ਤਾ ਹੋਰ ਖ਼ਰਾਬ ਹੋ ਜਾਵੇਗਾ। ਨਾਲੇ ਉਸ ਕਰਕੇ ਮੰਡਲੀ ਦਾ ਨਾਂ ਵੀ ਖ਼ਰਾਬ ਹੋ ਸਕਦਾ ਹੈ। ਇਸ ਲਈ ਚਾਹੇ ਕਿ ਸਾਡੇ ਲਈ ਇੱਦਾਂ ਕਰਨਾ ਔਖਾ ਹੋਵੇ, ਫਿਰ ਵੀ ਅਸੀਂ ਬਜ਼ੁਰਗਾਂ ਕੋਲ ਜਾਂਦੇ ਹਾਂ ਕਿਉਂਕਿ ਅਸੀਂ ਯਹੋਵਾਹ ਅਤੇ ਉਸ ਵਿਅਕਤੀ ਨੂੰ ਪਿਆਰ ਕਰਦੇ ਹਾਂ।—ਜ਼ਬੂ. 27:14.
ਗੰਭੀਰ ਪਾਪ ਕਰਨ ਵਾਲਿਆਂ ਦੀ ਬਜ਼ੁਰਗ ਕਿਵੇਂ ਮਦਦ ਕਰਦੇ ਹਨ?
4. ਜਦੋਂ ਬਜ਼ੁਰਗ ਗੰਭੀਰ ਪਾਪ ਕਰਨ ਵਾਲੇ ਨੂੰ ਮਿਲਦੇ ਹਨ, ਤਾਂ ਉਨ੍ਹਾਂ ਦਾ ਕੀ ਮਕਸਦ ਹੁੰਦਾ ਹੈ?
4 ਜਦੋਂ ਕੋਈ ਭੈਣ ਜਾਂ ਭਰਾ ਗੰਭੀਰ ਪਾਪ ਕਰਦਾ ਹੈ, ਤਾਂ ਬਜ਼ੁਰਗਾਂ ਦਾ ਸਮੂਹ ਆਪਣੇ ਵਿੱਚੋਂ ਤਿੰਨ ਕਾਬਲ ਬਜ਼ੁਰਗਾਂ ਨੂੰ ਚੁਣਦਾ ਹੈ ਜੋ ਕਮੇਟੀa ਵਜੋਂ ਸੇਵਾ ਕਰਦੇ ਹਨ। ਇਹ ਭਰਾ ਨਿਮਰ ਹੁੰਦੇ ਹਨ। ਉਹ ਤੋਬਾ ਕਰਨ ਵਿਚ ਉਸ ਦੀ ਮਦਦ ਕਰਦੇ ਹਨ। ਪਰ ਉਹ ਇਹ ਵੀ ਸਮਝਦੇ ਹਨ ਕਿ ਉਹ ਕਿਸੇ ਨੂੰ ਵੀ ਬਦਲਣ ਲਈ ਮਜਬੂਰ ਨਹੀਂ ਕਰ ਸਕਦੇ। (ਬਿਵ. 30:19) ਬਜ਼ੁਰਗ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਾਰੇ ਜਣੇ ਰਾਜਾ ਦਾਊਦ ਵਾਂਗ ਤੋਬਾ ਨਹੀਂ ਕਰਨਗੇ। (2 ਸਮੂ. 12:13) ਕਈ ਜਣੇ ਸ਼ਾਇਦ ਯਹੋਵਾਹ ਦੀ ਤਾੜਨਾ ਨਾ ਕਬੂਲ ਕਰਨ। (ਉਤ. 4:6-8) ਬਜ਼ੁਰਗਾਂ ਦਾ ਇਹੀ ਮਕਸਦ ਹੁੰਦਾ ਹੈ ਕਿ ਉਹ ਗੰਭੀਰ ਪਾਪ ਕਰਨ ਵਾਲੇ ਦੀ ਤੋਬਾ ਕਰਨ ਵਿਚ ਮਦਦ ਕਰਨ। ਪਰ ਇਸ ਦੌਰਾਨ ਉਹ ਕਿਹੜੇ ਅਸੂਲ ਯਾਦ ਰੱਖਦੇ ਹਨ?
5. ਜਦੋਂ ਬਜ਼ੁਰਗ ਗੰਭੀਰ ਪਾਪ ਕਰਨ ਵਾਲੇ ਨੂੰ ਮਿਲਦੇ ਹਨ, ਤਾਂ ਉਨ੍ਹਾਂ ਦਾ ਕੀ ਰਵੱਈਆ ਹੋਣਾ ਚਾਹੀਦਾ ਹੈ? (2 ਤਿਮੋਥਿਉਸ 2:24-26) (ਤਸਵੀਰ ਵੀ ਦੇਖੋ।)
5 ਬਜ਼ੁਰਗ ਜਾਣਦੇ ਹਨ ਕਿ ਗੰਭੀਰ ਪਾਪ ਕਰਨ ਵਾਲਾ ਗੁਆਚੀ ਹੋਈ ਭੇਡ ਵਾਂਗ ਹੈ ਜੋ ਹਾਲੇ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੈ। (ਲੂਕਾ 15:4, 6) ਇਸ ਲਈ ਜਦੋਂ ਬਜ਼ੁਰਗ ਉਸ ਨੂੰ ਮਿਲਦੇ ਹਨ, ਤਾਂ ਉਹ ਉਸ ਨਾਲ ਨਾ ਤਾਂ ਰੁੱਖੇ ਢੰਗ ਨਾਲ ਗੱਲ ਕਰਦੇ ਹਨ ਅਤੇ ਨਾ ਹੀ ਰੁੱਖੇ ਢੰਗ ਨਾਲ ਪੇਸ਼ ਆਉਂਦੇ ਹਨ। ਉਹ ਇਸ ਜ਼ਿੰਮੇਵਾਰੀ ਨੂੰ ਬੱਸ ਇਕ ਰੁਟੀਨ ਨਹੀਂ ਸਮਝਦੇ ਕਿ ਉਨ੍ਹਾਂ ਨੇ ਗ਼ਲਤੀ ਕਰਨ ਵਾਲੇ ਤੋਂ ਸਵਾਲ ਪੁੱਛਣੇ ਹਨ ਤੇ ਜਾਣਕਾਰੀ ਲੈਣੀ ਹੈ। ਇਸ ਦੀ ਬਜਾਇ, ਉਹ 2 ਤਿਮੋਥਿਉਸ 2:24-26 ਵਿਚ ਦੱਸੇ ਗੁਣ ਦਿਖਾਉਂਦੇ ਹਨ। (ਪੜ੍ਹੋ।) ਬਜ਼ੁਰਗ ਉਸ ਵਿਅਕਤੀ ਨਾਲ ਨਰਮਾਈ ਅਤੇ ਕੋਮਲਤਾ ਨਾਲ ਪੇਸ਼ ਆਉਂਦੇ ਹਨ ਕਿਉਂਕਿ ਉਹ ਤੋਬਾ ਕਰਨ ਵਿਚ ਉਸ ਦੀ ਮਦਦ ਕਰਨੀ ਚਾਹੁੰਦੇ ਹਨ।
6. ਪਾਪ ਕਰਨ ਵਾਲੇ ਵਿਅਕਤੀ ਨੂੰ ਮਿਲਣ ਤੋਂ ਪਹਿਲਾਂ ਬਜ਼ੁਰਗ ਆਪਣਾ ਦਿਲ ਕਿਵੇਂ ਤਿਆਰ ਕਰਦੇ ਹਨ? (ਰੋਮੀਆਂ 2:4)
6 ਬਜ਼ੁਰਗ ਆਪਣਾ ਦਿਲ ਤਿਆਰ ਕਰਦੇ ਹਨ। ਉਹ ਯਹੋਵਾਹ ਦੀ ਰੀਸ ਕਰਦਿਆਂ ਪਾਪ ਕਰਨ ਵਾਲੇ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ। ਉਹ ਪੌਲੁਸ ਦੀ ਇਹ ਗੱਲ ਯਾਦ ਰੱਖਦੇ ਹਨ: “ਪਰਮੇਸ਼ੁਰ ਤੇਰੇ ʼਤੇ ਰਹਿਮ ਕਰ ਕੇ ਤੈਨੂੰ ਤੋਬਾ ਦੇ ਰਾਹ ਪਾ ਰਿਹਾ ਹੈ।” (ਰੋਮੀਆਂ 2:4 ਪੜ੍ਹੋ।) ਬਜ਼ੁਰਗਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਸਭ ਤੋਂ ਪਹਿਲਾਂ ਚਰਵਾਹੇ ਹਨ ਅਤੇ ਮਸੀਹ ਦੀ ਅਗਵਾਈ ਹੇਠ ਕੰਮ ਕਰ ਰਹੇ ਹਨ। (ਯਸਾ. 11:3, 4; ਮੱਤੀ 18:18-20) ਇਸ ਲਈ ਕਮੇਟੀ ਦੇ ਭਰਾ ਉਸ ਵਿਅਕਤੀ ਨੂੰ ਮਿਲਣ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਹਨ ਕਿ ਉਹ ਉਸ ਵਿਅਕਤੀ ਦੀ ਤੋਬਾ ਕਰਨ ਵਿਚ ਮਦਦ ਕਰ ਸਕਣ। ਉਹ ਯਹੋਵਾਹ ਦੀ ਸੋਚ ਜਾਣਨ ਲਈ ਬਾਈਬਲ ਤੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰਦੇ ਹਨ ਅਤੇ ਸਮਝ ਲਈ ਉਸ ਨੂੰ ਪ੍ਰਾਰਥਨਾ ਕਰਦੇ ਹਨ। ਉਹ ਵਿਅਕਤੀ ਦੇ ਹਾਲਾਤਾਂ, ਉਸ ਦੇ ਚਾਲ-ਚਲਣ ਤੇ ਰਵੱਈਏ ਬਾਰੇ ਸੋਚਦੇ ਹਨ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿਉਂ ਪਾਪ ਕਰ ਬੈਠਾ।—ਕਹਾ. 20:5.
7-8. ਪਾਪ ਕਰਨ ਵਾਲੇ ਵਿਅਕਤੀ ਨਾਲ ਮਿਲਦਿਆਂ ਬਜ਼ੁਰਗ ਯਹੋਵਾਹ ਵਾਂਗ ਧੀਰਜ ਕਿਵੇਂ ਦਿਖਾ ਸਕਦੇ ਹਨ?
7 ਬਜ਼ੁਰਗ ਯਹੋਵਾਹ ਵਾਂਗ ਧੀਰਜ ਰੱਖਦੇ ਹਨ। ਉਹ ਯਾਦ ਰੱਖਦੇ ਹਨ ਕਿ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਪਾਪੀਆਂ ਨਾਲ ਕਿਵੇਂ ਪੇਸ਼ ਆਇਆ ਸੀ। ਮਿਸਾਲ ਲਈ, ਯਹੋਵਾਹ ਨੇ ਕਾਇਨ ਨਾਲ ਧੀਰਜ ਰੱਖਿਆ। ਉਸ ਨੇ ਕਾਇਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਖ਼ੁਦ ਨੂੰ ਨਹੀਂ ਬਦਲਦਾ, ਤਾਂ ਕੀ ਹੋ ਸਕਦਾ ਹੈ। ਯਹੋਵਾਹ ਨੇ ਉਸ ਨੂੰ ਇਹ ਵੀ ਦੱਸਿਆ ਕਿ ਜੇ ਉਹ ਉਸ ਦਾ ਕਹਿਣਾ ਮੰਨੇਗਾ, ਤਾਂ ਉਸ ਨੂੰ ਬਰਕਤਾਂ ਮਿਲਣਗੀਆਂ। (ਉਤ. 4:6, 7) ਜਦੋਂ ਦਾਊਦ ਨੇ ਪਾਪ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਸੁਧਾਰਨ ਲਈ ਨਾਥਾਨ ਨਬੀ ਨੂੰ ਭੇਜਿਆ। ਨਾਥਾਨ ਨੇ ਦਾਊਦ ਨੂੰ ਇਕ ਵਧੀਆ ਮਿਸਾਲ ਦਿੱਤੀ ਜਿਸ ਦਾ ਉਸ ਦੇ ਦਿਲ ʼਤੇ ਡੂੰਘਾ ਅਸਰ ਪਿਆ। (2 ਸਮੂ. 12:1-7) ਨਾਲੇ ਜਦੋਂ ਇਜ਼ਰਾਈਲ ਕੌਮ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ, ਤਾਂ ਯਹੋਵਾਹ “ਵਾਰ-ਵਾਰ” ਉਨ੍ਹਾਂ ਕੋਲ ‘ਆਪਣੇ ਨਬੀਆਂ ਨੂੰ ਭੇਜਦਾ ਰਿਹਾ।’ (ਯਿਰ. 7:24, 25) ਉਸ ਨੇ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਜਦੋਂ ਉਸ ਦੇ ਲੋਕ ਤੋਬਾ ਕਰਨਗੇ, ਤਾਂ ਹੀ ਉਹ ਉਨ੍ਹਾਂ ਦੀ ਮਦਦ ਕਰੇਗਾ। ਇਸ ਦੀ ਬਜਾਇ, ਜਦੋਂ ਉਹ ਪਾਪ ਵਿਚ ਲੱਗੇ ਹੋਏ ਸਨ, ਉਸ ਨੇ ਉਦੋਂ ਹੀ ਉਨ੍ਹਾਂ ਨੂੰ ਤੋਬਾ ਕਰਨ ਦੀ ਗੁਜ਼ਾਰਸ਼ ਕੀਤੀ।
8 ਬਜ਼ੁਰਗ ਗੰਭੀਰ ਪਾਪ ਕਰਨ ਵਾਲੇ ਵਿਅਕਤੀ ਦੀ ਮਦਦ ਕਰਦਿਆਂ ਯਹੋਵਾਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਵੇਂ 2 ਤਿਮੋਥਿਉਸ 4:2 ਵਿਚ ਦੱਸਿਆ ਹੈ, ਉਹ “ਪੂਰੇ ਧੀਰਜ ਨਾਲ” ਪੇਸ਼ ਆਉਂਦੇ ਹਨ। ਇਸ ਦਾ ਮਤਲਬ ਹੈ ਕਿ ਉਸ ਵਿਅਕਤੀ ਨਾਲ ਗੱਲ ਕਰਦਿਆਂ ਬਜ਼ੁਰਗ ਸ਼ਾਂਤ ਰਹਿੰਦੇ ਹਨ ਅਤੇ ਧੀਰਜ ਰੱਖਦੇ ਹਨ। ਉਹ ਬਦਲਾਅ ਕਰਨ ਅਤੇ ਸਹੀ ਕਦਮ ਚੁੱਕਣ ਵਿਚ ਉਸ ਵਿਅਕਤੀ ਦੀ ਮਦਦ ਕਰਦੇ ਹਨ। ਉਸ ਨਾਲ ਗੱਲ ਕਰਦਿਆਂ ਬਜ਼ੁਰਗ ਨਾ ਤਾਂ ਖਿੱਝਦੇ ਹਨ ਅਤੇ ਨਾ ਹੀ ਗੁੱਸੇ ਵਿਚ ਆਉਂਦੇ ਹਨ। ਜੇ ਉਹ ਇੱਦਾਂ ਕਰਦੇ ਹਨ, ਤਾਂ ਸ਼ਾਇਦ ਉਹ ਵਿਅਕਤੀ ਉਨ੍ਹਾਂ ਦੀ ਗੱਲ ਨਾ ਮੰਨੇ ਅਤੇ ਤੋਬਾ ਨਾ ਕਰੇ।
9-10. ਬਜ਼ੁਰਗ ਇਕ ਵਿਅਕਤੀ ਦੀ ਇਹ ਸਮਝਣ ਵਿਚ ਮਦਦ ਕਿਵੇਂ ਕਰ ਸਕਦੇ ਹਨ ਕਿ ਉਹ ਪਾਪ ਕਿਉਂ ਕਰ ਬੈਠਾ?
9 ਬਜ਼ੁਰਗ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਵਿਅਕਤੀ ਪਾਪ ਕਿਉਂ ਕਰ ਬੈਠਾ। ਮਿਸਾਲ ਲਈ, ਕੀ ਉਸ ਨੇ ਬਾਈਬਲ ਅਧਿਐਨ ਕਰਨਾ ਜਾਂ ਪ੍ਰਚਾਰ ʼਤੇ ਜਾਣਾ ਘੱਟ ਕਰ ਦਿੱਤਾ ਸੀ ਜਿਸ ਕਰਕੇ ਯਹੋਵਾਹ ਨਾਲ ਉਸ ਦਾ ਰਿਸ਼ਤਾ ਕਮਜ਼ੋਰ ਪੈ ਗਿਆ? ਕੀ ਉਸ ਨੇ ਪ੍ਰਾਰਥਨਾ ਕਰਨੀ ਛੱਡ ਦਿੱਤੀ ਸੀ ਜਾਂ ਜੇ ਉਹ ਕਰਦਾ ਵੀ ਸੀ, ਤਾਂ ਕੀ ਉਹ ਅੱਧ-ਅਧੂਰੇ ਮਨ ਨਾਲ ਕਰਦਾ ਸੀ? ਕੀ ਉਹ ਆਪਣੀਆਂ ਗ਼ਲਤ ਇੱਛਾਵਾਂ ਮੁਤਾਬਕ ਕੰਮ ਕਰਨ ਲੱਗ ਪਿਆ ਸੀ? ਕੀ ਉਹ ਇੱਦਾਂ ਦੇ ਲੋਕਾਂ ਨਾਲ ਸੰਗਤ ਕਰਨ ਲੱਗ ਪਿਆ ਸੀ ਜਾਂ ਅਜਿਹਾ ਮਨੋਰੰਜਨ ਕਰਨ ਲੱਗ ਪਿਆ ਸੀ ਜੋ ਮਸੀਹੀਆਂ ਲਈ ਸਹੀ ਨਹੀਂ ਹੈ? ਇਨ੍ਹਾਂ ਸਾਰੀਆਂ ਗੱਲਾਂ ਦਾ ਉਸ ਦੀ ਸੋਚ ʼਤੇ ਕੀ ਅਸਰ ਪਿਆ ਹੋਣਾ? ਕੀ ਉਸ ਨੂੰ ਅਹਿਸਾਸ ਹੈ ਕਿ ਉਸ ਦੇ ਫ਼ੈਸਲਿਆਂ ਅਤੇ ਕੰਮਾਂ ਕਰਕੇ ਯਹੋਵਾਹ ਨੂੰ ਕਿੰਨਾ ਦੁੱਖ ਪਹੁੰਚਿਆ ਹੈ?
10 ਬਜ਼ੁਰਗ ਉਸ ਵਿਅਕਤੀ ਨੂੰ ਬਹੁਤ ਸੋਚ-ਸਮਝ ਕੇ ਤੇ ਪਿਆਰ ਨਾਲ ਸਵਾਲ ਪੁੱਛਦੇ ਹਨ। ਉਹ ਇਨ੍ਹਾਂ ਸਵਾਲਾਂ ਰਾਹੀਂ ਉਸ ਦੀ ਇਹ ਸਮਝਣ ਵਿਚ ਮਦਦ ਕਰਦੇ ਹਨ ਕਿ ਕਿਨ੍ਹਾਂ ਕਾਰਨਾਂ ਕਰਕੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਅਤੇ ਉਹ ਪਾਪ ਕਰ ਬੈਠਾ। ਪਰ ਉਹ ਧਿਆਨ ਰੱਖਦੇ ਹਨ ਕਿ ਉਹ ਕੋਈ ਵੀ ਅਜਿਹਾ ਨਿੱਜੀ ਸਵਾਲ ਨਾ ਪੁੱਛਣ ਜਿਸ ਨੂੰ ਜਾਣਨਾ ਉਨ੍ਹਾਂ ਲਈ ਜ਼ਰੂਰੀ ਨਹੀਂ ਹੈ। (ਕਹਾ. 20:5) ਇਸ ਤੋਂ ਇਲਾਵਾ, ਨਾਥਾਨ ਨਬੀ ਵਾਂਗ ਬਜ਼ੁਰਗ ਕੋਈ ਅਜਿਹੀ ਮਿਸਾਲ ਦੇ ਸਕਦੇ ਹਨ ਜਿਸ ਨਾਲ ਉਹ ਵਿਅਕਤੀ ਸਮਝ ਸਕੇ ਕਿ ਉਸ ਨੇ ਜੋ ਕੀਤਾ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨਾ ਗ਼ਲਤ ਹੈ। ਇੱਦਾਂ ਗੱਲ ਕਰਨ ਕਰਕੇ ਹੋ ਸਕਦਾ ਹੈ ਕਿ ਕਮੇਟੀ ਨਾਲ ਪਹਿਲੀ ਵਾਰ ਮਿਲਣ ʼਤੇ ਹੀ ਉਸ ਵਿਅਕਤੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ ਅਤੇ ਉਹ ਤੋਬਾ ਕਰ ਲਵੇ।
11. ਯਿਸੂ ਪਾਪੀਆਂ ਨਾਲ ਕਿਵੇਂ ਪੇਸ਼ ਆਇਆ?
11 ਬਜ਼ੁਰਗ ਯਿਸੂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਧਿਆਨ ਦਿਓ ਕਿ ਜੀਉਂਦੇ ਹੋਣ ਤੋਂ ਬਾਅਦ ਯਿਸੂ ਨੇ ਤਰਸੁਸ ਦੇ ਸੌਲੁਸ ਨੂੰ ਕੀ ਸਵਾਲ ਪੁੱਛਿਆ। ਉਸ ਨੇ ਕਿਹਾ: “ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” ਇਹ ਸਵਾਲ ਪੁੱਛ ਕੇ ਯਿਸੂ ਨੇ ਉਸ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਹ ਜੋ ਕਰ ਰਿਹਾ ਹੈ, ਉਹ ਗ਼ਲਤ ਹੈ। (ਰਸੂ. 9:3-6) ਨਾਲੇ ਧਿਆਨ ਦਿਓ ਕਿ ਯਿਸੂ ਨੇ “ਈਜ਼ਬਲ ਨਾਂ ਦੀ ਤੀਵੀਂ” ਬਾਰੇ ਕੀ ਕਿਹਾ। ਯਿਸੂ ਨੇ ਕਿਹਾ: “ਮੈਂ ਉਸ ਨੂੰ ਤੋਬਾ ਕਰਨ ਦਾ ਸਮਾਂ ਦਿੱਤਾ ਸੀ।”—ਪ੍ਰਕਾ. 2:20, 21.
12-13. ਬਜ਼ੁਰਗ ਪਾਪ ਕਰਨ ਵਾਲੇ ਵਿਅਕਤੀ ਨੂੰ ਤੋਬਾ ਕਰਨ ਲਈ ਸਮਾਂ ਕਿਵੇਂ ਦੇ ਸਕਦੇ ਹਨ? (ਤਸਵੀਰ ਵੀ ਦੇਖੋ।)
12 ਯਿਸੂ ਵਾਂਗ ਬਜ਼ੁਰਗ ਵੀ ਜਲਦਬਾਜ਼ੀ ਵਿਚ ਇਹ ਰਾਇ ਕਾਇਮ ਨਹੀਂ ਕਰ ਲੈਂਦੇ ਕਿ ਪਾਪ ਕਰਨ ਵਾਲਾ ਵਿਅਕਤੀ ਤੋਬਾ ਨਹੀਂ ਕਰੇਗਾ। ਕੁਝ ਜਣੇ ਕਮੇਟੀ ਨਾਲ ਪਹਿਲੀ ਵਾਰ ਮਿਲਣ ʼਤੇ ਹੀ ਤੋਬਾ ਕਰ ਲੈਂਦੇ ਹਨ। ਪਰ ਕਈਆਂ ਨੂੰ ਥੋੜ੍ਹਾ ਸਮਾਂ ਲੱਗਦਾ ਹੈ। ਇਸ ਲਈ ਬਜ਼ੁਰਗ ਅਜਿਹੇ ਵਿਅਕਤੀ ਨਾਲ ਇਕ ਤੋਂ ਜ਼ਿਆਦਾ ਵਾਰ ਮਿਲ ਸਕਦੇ ਹਨ। ਹੋ ਸਕਦਾ ਹੈ ਕਿ ਪਹਿਲੀ ਮੁਲਾਕਾਤ ਤੋਂ ਬਾਅਦ ਉਹ ਉਨ੍ਹਾਂ ਦੀਆਂ ਗੱਲਾਂ ʼਤੇ ਗਹਿਰਾਈ ਨਾਲ ਸੋਚਣ ਲੱਗੇ। ਸ਼ਾਇਦ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ ਅਤੇ ਨਿਮਰ ਹੋ ਕੇ ਯਹੋਵਾਹ ਤੋਂ ਮਾਫ਼ੀ ਮੰਗੇ। (ਜ਼ਬੂ. 32:5; 38:18) ਫਿਰ ਜਦੋਂ ਉਹ ਦੁਬਾਰਾ ਬਜ਼ੁਰਗਾਂ ਨੂੰ ਮਿਲੇ, ਤਾਂ ਸ਼ਾਇਦ ਉਹ ਚੰਗਾ ਰਵੱਈਆ ਦਿਖਾਵੇ ਜੋ ਉਸ ਨੇ ਪਹਿਲੀ ਵਾਰ ਨਹੀਂ ਦਿਖਾਇਆ ਸੀ।
13 ਬਜ਼ੁਰਗ ਪਾਪ ਕਰਨ ਵਾਲੇ ਵਿਅਕਤੀ ਨਾਲ ਪਿਆਰ ਨਾਲ ਗੱਲ ਕਰਦੇ ਹਨ ਅਤੇ ਉਸ ਨਾਲ ਹਮਦਰਦੀ ਦਿਖਾਉਂਦੇ ਹਨ ਤਾਂਕਿ ਉਹ ਉਸ ਦੀ ਤੋਬਾ ਕਰਨ ਵਿਚ ਮਦਦ ਕਰ ਸਕਣ। ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇ। ਨਾਲੇ ਉਹ ਉਮੀਦ ਰੱਖਦੇ ਹਨ ਕਿ ਪਾਪ ਕਰਨ ਵਾਲਾ ਵਿਅਕਤੀ ਹੋਸ਼ ਵਿਚ ਆ ਜਾਵੇ ਅਤੇ ਤੋਬਾ ਕਰ ਲਵੇ।—2 ਤਿਮੋ. 2:25, 26.
14. ਜਦੋਂ ਇਕ ਪਾਪੀ ਤੋਬਾ ਕਰਦਾ ਹੈ, ਤਾਂ ਇਸ ਦਾ ਸਿਹਰਾ ਕਿਸ ਨੂੰ ਜਾਂਦਾ ਹੈ ਅਤੇ ਕਿਉਂ?
14 ਜਦੋਂ ਇਕ ਪਾਪੀ ਤੋਬਾ ਕਰਦਾ ਹੈ, ਤਾਂ ਇਹ ਬਹੁਤ ਖ਼ੁਸ਼ੀ ਦੀ ਗੱਲ ਹੁੰਦੀ ਹੈ। (ਲੂਕਾ 15:7, 10) ਪਰ ਇਸ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਕੀ ਬਜ਼ੁਰਗਾਂ ਨੂੰ? ਯਾਦ ਰੱਖੋ ਕਿ ਪੌਲੁਸ ਨੇ ਪਾਪ ਕਰਨ ਵਾਲਿਆਂ ਬਾਰੇ ਕੀ ਲਿਖਿਆ ਸੀ। ਉਸ ਨੇ ਲਿਖਿਆ: “ਹੋ ਸਕਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਤੋਬਾ ਕਰਨ ਦਾ ਮੌਕਾ ਦੇਵੇ।” (2 ਤਿਮੋ. 2:25) ਇਸ ਦਾ ਮਤਲਬ, ਉਹ ਯਹੋਵਾਹ ਹੀ ਹੈ ਜੋ ਇਕ ਵਿਅਕਤੀ ਦੀ ਆਪਣੀ ਸੋਚ ਅਤੇ ਰਵੱਈਆ ਬਦਲਣ ਵਿਚ ਮਦਦ ਕਰਦਾ ਹੈ, ਨਾ ਕਿ ਕੋਈ ਇਨਸਾਨ। ਪੌਲੁਸ ਸਮਝਾਉਂਦਾ ਹੈ ਕਿ ਜਦੋਂ ਇਕ ਵਿਅਕਤੀ ਤੋਬਾ ਕਰਦਾ ਹੈ, ਤਾਂ ਉਸ ਦੇ ਕਿਹੜੇ ਚੰਗੇ ਨਤੀਜੇ ਨਿਕਲਦੇ ਹਨ। ਉਹ ਵਿਅਕਤੀ ਸੱਚਾਈ ਦਾ ਆਪਣਾ ਗਿਆਨ ਵਧਾ ਪਾਉਂਦਾ ਹੈ, ਹੋਸ਼ ਵਿਚ ਆ ਜਾਂਦਾ ਹੈ ਅਤੇ ਸ਼ੈਤਾਨ ਦੇ ਫੰਦੇ ਵਿੱਚੋਂ ਨਿਕਲ ਜਾਂਦਾ ਹੈ।—2 ਤਿਮੋ. 2:26.
15. ਬਜ਼ੁਰਗ ਤੋਬਾ ਕਰ ਚੁੱਕੇ ਵਿਅਕਤੀ ਦੀ ਕਿਵੇਂ ਮਦਦ ਕਰਦੇ ਰਹਿ ਸਕਦੇ ਹਨ?
15 ਵਿਅਕਤੀ ਦੇ ਤੋਬਾ ਕਰਨ ਤੋਂ ਬਾਅਦ ਵੀ ਕਮੇਟੀ ਉਸ ਨੂੰ ਸਮੇਂ-ਸਮੇਂ ʼਤੇ ਮਿਲਣ ਦਾ ਇੰਤਜ਼ਾਮ ਕਰਦੀ ਹੈ ਤਾਂਕਿ ਉਸ ਦੀ ਨਿਹਚਾ ਮਜ਼ਬੂਤ ਕੀਤੀ ਜਾ ਸਕੇ, ਉਹ ਸ਼ੈਤਾਨ ਦੇ ਫੰਦੇ ਵਿਚ ਫਸਣ ਤੋਂ ਬਚਿਆ ਰਹਿ ਸਕੇ ਅਤੇ ਸਿੱਧੇ ਰਾਹ ਤੁਰਦਾ ਰਹਿ ਸਕੇ। (ਇਬ. 12:12, 13) ਬੇਸ਼ੱਕ, ਬਜ਼ੁਰਗ ਕਦੇ ਵੀ ਕਿਸੇ ਨੂੰ ਇਹ ਨਹੀਂ ਦੱਸਦੇ ਕਿ ਉਸ ਵਿਅਕਤੀ ਨੇ ਕੀ ਪਾਪ ਕੀਤਾ ਸੀ। ਪਰ ਬਜ਼ੁਰਗਾਂ ਲਈ ਮੰਡਲੀ ਨੂੰ ਸ਼ਾਇਦ ਕੀ ਦੱਸਣਾ ਜ਼ਰੂਰੀ ਹੋਵੇ?
“ਸਾਰਿਆਂ ਦੇ ਸਾਮ੍ਹਣੇ ਤਾੜ”
16. ਜਦੋਂ ਪੌਲੁਸ ਨੇ ਕਿਹਾ ਕਿ “ਸਾਰਿਆਂ ਦੇ ਸਾਮ੍ਹਣੇ” ਤਾੜ, ਤਾਂ ਉਸ ਦਾ ਕੀ ਮਤਲਬ ਸੀ? (1 ਤਿਮੋਥਿਉਸ 5:20)
16 ਪਹਿਲਾ ਤਿਮੋਥਿਉਸ 5:20 ਪੜ੍ਹੋ। ਪੌਲੁਸ ਨੇ ਇਹ ਗੱਲ ਆਪਣੇ ਸਾਥੀ ਤਿਮੋਥਿਉਸ ਨੂੰ ਲਿਖੀ ਜੋ ਕਿ ਇਕ ਬਜ਼ੁਰਗ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕਿੱਦਾਂ ਮਦਦ ਕੀਤੀ ਜਾਣੀ ਚਾਹੀਦੀ ਹੈ ਜੋ ‘ਪਾਪ ਕਰਨ ਵਿਚ ਲੱਗੇ ਰਹਿੰਦੇ ਹਨ।’ ਪਰ ਜਦੋਂ ਪੌਲੁਸ ਨੇ ਕਿਹਾ ਕਿ “ਸਾਰਿਆਂ ਦੇ ਸਾਮ੍ਹਣੇ” ਤਾੜ, ਤਾਂ ਉਸ ਦਾ ਕੀ ਮਤਲਬ ਸੀ? ਕੀ ਉਹ ਪੂਰੀ ਮੰਡਲੀ ਦੇ ਸਾਮ੍ਹਣੇ ਤਾੜਨ ਦੀ ਗੱਲ ਕਰ ਰਿਹਾ ਸੀ? ਸ਼ਾਇਦ ਨਹੀਂ। ਉਹ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਸੀ ਜੋ ਉਸ ਵਿਅਕਤੀ ਦੇ ਪਾਪ ਬਾਰੇ ਪਹਿਲਾਂ ਤੋਂ ਹੀ ਜਾਣਦੇ ਸਨ। ਹੋ ਸਕਦਾ ਹੈ ਕਿ ਇਨ੍ਹਾਂ ਲੋਕਾਂ ਵਿਚ ਉਹ ਲੋਕ ਸਨ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਪਾਪ ਕਰਦਿਆਂ ਦੇਖਿਆ ਹੋਵੇ ਜਾਂ ਫਿਰ ਉਹ ਲੋਕ ਜਿਨ੍ਹਾਂ ਨੂੰ ਖ਼ੁਦ ਉਸ ਵਿਅਕਤੀ ਨੇ ਆਪਣੇ ਪਾਪ ਬਾਰੇ ਦੱਸਿਆ ਹੋਵੇ। ਅਜਿਹੇ ਹਾਲਾਤਾਂ ਵਿਚ ਜ਼ਰੂਰੀ ਹੈ ਕਿ ਬਜ਼ੁਰਗ ਉਨ੍ਹਾਂ ਕੁਝ ਲੋਕਾਂ ਨੂੰ ਦੱਸਣ ਕਿ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਪਾਪੀ ਨੂੰ ਤਾੜਨਾ ਦਿੱਤੀ ਗਈ ਹੈ।
17. ਜੇ ਕਿਸੇ ਦੇ ਗੰਭੀਰ ਪਾਪ ਬਾਰੇ ਮੰਡਲੀ ਦੇ ਕਾਫ਼ੀ ਲੋਕਾਂ ਨੂੰ ਪਤਾ ਹੈ ਜਾਂ ਸ਼ਾਇਦ ਪਤਾ ਲੱਗ ਜਾਵੇਗਾ, ਤਾਂ ਕਿਹੜੀ ਘੋਸ਼ਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਉਂ?
17 ਕਦੇ-ਕਦਾਈਂ ਮੰਡਲੀ ਵਿਚ ਬਹੁਤ ਜਣਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸੇ ਨੇ ਗੰਭੀਰ ਪਾਪ ਕੀਤਾ ਹੈ ਜਾਂ ਸ਼ਾਇਦ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ। ਇਸ ਤਰ੍ਹਾਂ ਦੇ ਮਾਮਲੇ ਵਿਚ “ਸਾਰਿਆਂ ਦੇ ਸਾਮ੍ਹਣੇ” ਤਾੜਨ ਦਾ ਮਤਲਬ ਹੈ, ਪੂਰੀ ਮੰਡਲੀ ਦੇ ਸਾਮ੍ਹਣੇ ਤਾੜਨਾ ਦੇਣੀ। ਇਸ ਲਈ ਬਜ਼ੁਰਗ ਮੰਡਲੀ ਵਿਚ ਘੋਸ਼ਣਾ ਕਰਨਗੇ ਕਿ ਉਸ ਭੈਣ ਜਾਂ ਭਰਾ ਨੂੰ ਤਾੜਨਾ ਦਿੱਤੀ ਗਈ ਹੈ। ਇਹ ਘੋਸ਼ਣਾ ਕਰਨੀ ਜ਼ਰੂਰੀ ਕਿਉਂ ਹੈ? ਪੌਲੁਸ ਨੇ ਕਿਹਾ: “ਤਾਂਕਿ ਬਾਕੀ ਸਾਰਿਆਂ ਨੂੰ ਵੀ ਚੇਤਾਵਨੀ ਮਿਲੇ” ਕਿ ਉਹ ਵੀ ਉਸ ਵਾਂਗ ਪਾਪ ਨਾ ਕਰ ਬੈਠਣ।
18. ਜੇ ਇਕ ਬਪਤਿਸਮਾ-ਪ੍ਰਾਪਤ ਨਾਬਾਲਗ ਗੰਭੀਰ ਪਾਪ ਕਰਦਾ ਹੈ, ਤਾਂ ਬਜ਼ੁਰਗ ਕੀ ਕਰਦੇ ਹਨ? (ਤਸਵੀਰ ਵੀ ਦੇਖੋ।)
18 ਪਰ ਜੇ ਗੰਭੀਰ ਪਾਪ ਕਰਨ ਵਾਲਾ ਬਪਤਿਸਮਾ-ਪ੍ਰਾਪਤ ਨਾਬਾਲਗ ਯਾਨੀ ਅਠਾਰਾਂ ਸਾਲ ਤੋਂ ਘੱਟ ਉਮਰ ਦਾ ਹੈ, ਉਦੋਂ ਬਜ਼ੁਰਗ ਕੀ ਕਰਦੇ ਹਨ? ਬਜ਼ੁਰਗਾਂ ਦਾ ਸਮੂਹ ਦੋ ਬਜ਼ੁਰਗਾਂ ਨੂੰ ਚੁਣਦਾ ਹੈ ਜੋ ਬੱਚੇ ਅਤੇ ਉਸ ਦੇ ਮਸੀਹੀ ਮਾਪਿਆਂb ਨਾਲ ਮਿਲਦੇ ਹਨ। ਉਹ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਮਾਪੇ ਆਪਣੇ ਬੱਚੇ ਦੀ ਕਿਵੇਂ ਮਦਦ ਕਰ ਰਹੇ ਹਨ। ਜੇ ਬੱਚਾ ਆਪਣੇ ਮਾਪਿਆਂ ਦੀ ਗੱਲ ਮੰਨ ਰਿਹਾ ਹੈ ਅਤੇ ਆਪਣੀ ਸੋਚ ਤੇ ਰਵੱਈਏ ਨੂੰ ਬਦਲ ਰਿਹਾ ਹੈ, ਤਾਂ ਬਜ਼ੁਰਗ ਸ਼ਾਇਦ ਇਹ ਤੈਅ ਕਰਨ ਕਿ ਅੱਗੇ ਵੀ ਮਾਪੇ ਹੀ ਉਸ ਦੀ ਮਦਦ ਕਰ ਸਕਦੇ ਹਨ ਤੇ ਕਮੇਟੀ ਬਣਾਉਣ ਦੀ ਕੋਈ ਲੋੜ ਨਹੀਂ। ਉੱਦਾਂ ਵੀ ਯਹੋਵਾਹ ਨੇ ਬੱਚਿਆਂ ਨੂੰ ਪਿਆਰ ਨਾਲ ਸੁਧਾਰਨ ਦੀ ਜ਼ਿੰਮੇਵਾਰੀ ਮਾਪਿਆਂ ਨੂੰ ਦਿੱਤੀ ਹੈ। (ਬਿਵ. 6:6, 7; ਕਹਾ. 6:20; 22:6; ਅਫ਼. 6:2-4) ਪਰ ਇਸ ਤੋਂ ਬਾਅਦ ਵੀ ਬਜ਼ੁਰਗ ਸਮੇਂ-ਸਮੇਂ ʼਤੇ ਇਹ ਦੇਖਣਗੇ ਅਤੇ ਮਾਪਿਆਂ ਤੋਂ ਪੁੱਛਣਗੇ ਕਿ ਨਾਬਾਲਗ ਦੀ ਮਦਦ ਕੀਤੀ ਜਾ ਰਹੀ ਹੈ ਜਾਂ ਨਹੀਂ। ਪਰ ਜੇ ਬਪਤਿਸਮਾ-ਪ੍ਰਾਪਤ ਨਾਬਾਲਗ ਗ਼ਲਤ ਕੰਮ ਕਰਨ ਵਿਚ ਲੱਗਾ ਰਹਿੰਦਾ ਹੈ ਅਤੇ ਤੋਬਾ ਨਹੀਂ ਕਰਦਾ, ਉਦੋਂ ਕੀ ਕੀਤਾ ਜਾਂਦਾ ਹੈ? ਬਜ਼ੁਰਗਾਂ ਦੀ ਕਮੇਟੀ ਉਸ ਨੂੰ ਉਸ ਦੇ ਮਸੀਹੀ ਮਾਪਿਆਂ ਨਾਲ ਮਿਲਦੇ ਹਨ।
“ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ”
19. ਬਜ਼ੁਰਗ ਪਾਪ ਕਰਨ ਵਾਲੇ ਨਾਲ ਯਹੋਵਾਹ ਵਾਂਗ ਪੇਸ਼ ਆਉਣ ਦੀ ਕਿਵੇਂ ਕੋਸ਼ਿਸ਼ ਕਰਦੇ ਹਨ?
19 ਜਿਹੜੇ ਭਰਾ ਬਜ਼ੁਰਗਾਂ ਦੀ ਕਮੇਟੀ ਵਿਚ ਹੁੰਦੇ ਹਨ, ਉਹ ਯਹੋਵਾਹ ਸਾਮ੍ਹਣੇ ਮੰਡਲੀ ਨੂੰ ਸ਼ੁੱਧ ਬਣਾਈ ਰੱਖਣ ਲਈ ਜ਼ਿੰਮੇਵਾਰ ਹੁੰਦੇ ਹਨ। (1 ਕੁਰਿੰ. 5:7) ਪਰ ਜਿੱਥੋਂ ਤਕ ਹੋ ਸਕੇ, ਉਹ ਪਾਪ ਕਰਨ ਵਾਲੇ ਨੂੰ ਤੋਬਾ ਦੇ ਰਾਹ ʼਤੇ ਪਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਨਾਲੇ ਉਹ ਉਮੀਦ ਰੱਖਦੇ ਹਨ ਕਿ ਉਹ ਜ਼ਰੂਰ ਬਦਲੇਗਾ। ਉਹ ਇੱਦਾਂ ਕਿਉਂ ਕਰਦੇ ਹਨ? ਕਿਉਂਕਿ ਉਹ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਨ ਜੋ “ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।” (ਯਾਕੂ. 5:11) ਜ਼ਰਾ ਧਿਆਨ ਦਿਓ ਕਿ ਯੂਹੰਨਾ ਰਸੂਲ ਵੀ ਭੈਣਾਂ-ਭਰਾਵਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ। ਉਸ ਨੇ ਲਿਖਿਆ: “ਮੇਰੇ ਪਿਆਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਲਿਖ ਰਿਹਾ ਹਾਂ ਤਾਂਕਿ ਤੁਸੀਂ ਕੋਈ ਪਾਪ ਨਾ ਕਰੋ। ਪਰ ਜੇ ਕੋਈ ਪਾਪ ਕਰਦਾ ਹੈ, ਤਾਂ ਪਿਤਾ ਕੋਲ ਸਾਡਾ ਇਕ ਮਦਦਗਾਰ ਹੈ ਯਾਨੀ ਯਿਸੂ ਮਸੀਹ ਜਿਹੜਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦਾ ਹੈ।”—1 ਯੂਹੰ. 2:1.
20. ਇਸ ਅੰਕ ਦੇ ਆਖ਼ਰੀ ਲੇਖ ਵਿਚ ਅਸੀਂ ਕੀ ਦੇਖਾਂਗੇ?
20 ਦੁੱਖ ਦੀ ਗੱਲ ਹੈ ਕਿ ਕਦੀ-ਕਦੀ ਪਾਪ ਕਰਨ ਵਾਲਾ ਤੋਬਾ ਨਹੀਂ ਕਰਦਾ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਵੇ। ਜੇ ਇੱਦਾਂ ਹੁੰਦਾ ਹੈ, ਤਾਂ ਬਜ਼ੁਰਗ ਕੀ ਕਰਦੇ ਹਨ? ਇਸ ਬਾਰੇ ਅਸੀਂ ਇਸ ਅੰਕ ਦੇ ਆਖ਼ਰੀ ਲੇਖ ਵਿਚ ਦੇਖਾਂਗੇ।
ਗੀਤ 103 ਚਰਵਾਹੇ, ਅਨਮੋਲ ਤੋਹਫ਼ਾ
a ਬਜ਼ੁਰਗਾਂ ਦੀ ਇਸ ਕਮੇਟੀ ਨੂੰ ਪਹਿਲਾਂ ਨਿਆਂ ਕਮੇਟੀ ਕਿਹਾ ਜਾਂਦਾ ਸੀ। ਪਰ ਨਿਆਂ ਕਰਨਾ ਤਾਂ ਉਨ੍ਹਾਂ ਦੇ ਕੰਮ ਦਾ ਸਿਰਫ਼ ਇਕ ਹੀ ਪਹਿਲੂ ਹੈ। ਇਸ ਲਈ ਹੁਣ ਤੋਂ ਅਸੀਂ ਇਸ ਨੂੰ ਨਿਆਂ ਕਮੇਟੀ ਨਹੀਂ, ਸਗੋਂ ਬਜ਼ੁਰਗਾਂ ਦੀ ਕਮੇਟੀ ਕਹਾਂਗੇ।
b ਜਿਹੜੀ ਗੱਲ ਮਾਪਿਆਂ ਬਾਰੇ ਕਹੀ ਗਈ ਹੈ, ਉਹੀ ਗੱਲ ਨਾਬਾਲਗ ਦੀ ਦੇਖ-ਭਾਲ ਕਰਨ ਵਾਲਿਆਂ ਅਤੇ ਕਾਨੂੰਨੀ ਤੌਰ ਤੇ ਦੇਖ-ਭਾਲ ਕਰਨ ਵਾਲਿਆਂ ʼਤੇ ਵੀ ਲਾਗੂ ਹੁੰਦੀ ਹੈ।