ਅਸੀਂ ਪਹਿਲੇ ਜੋੜੇ ਤੋਂ ਸਬਕ ਸਿੱਖ ਸਕਦੇ ਹਾਂ
ਪਰਮੇਸ਼ੁਰ ਇਨਸਾਨਾਂ ਲਈ ਧਰਤੀ ਨੂੰ ਤਿਆਰ ਕਰ ਰਿਹਾ ਸੀ। ਉਸ ਨੇ ਦੇਖਿਆ ਕਿ ਜੋ ਵੀ ਉਹ ਬਣਾ ਰਿਹਾ ਸੀ ਉਹ ਸਭ ਚੰਗਾ ਸੀ। ਦਰਅਸਲ ਜਦੋਂ ਇਹ ਕੰਮ ਪੂਰਾ ਹੋ ਗਿਆ ਤਾਂ ਉਸ ਨੇ ਕਿਹਾ ਕਿ ਇਹ “ਬਹੁਤ ਹੀ ਚੰਗਾ” ਸੀ। (ਉਤਪਤ 1:12, 18, 21, 25, 31) ਲੇਕਿਨ ਇਸ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ, ਪਰਮੇਸ਼ੁਰ ਨੇ ਇਕ ਚੀਜ਼ ਬਾਰੇ ਗੱਲ ਕੀਤੀ ਜੋ ‘ਚੰਗੀ ਨਹੀਂ’ ਸੀ। ਵੈਸੇ ਉਸ ਦੀ ਸ੍ਰਿਸ਼ਟੀ ਵਿਚ ਹਰੇਕ ਚੀਜ਼ ਬਿਲਕੁਲ ਠੀਕ ਸੀ। ਗੱਲ ਇਹ ਸੀ ਕਿ ਉਸ ਦੀ ਸ੍ਰਿਸ਼ਟੀ ਅਜੇ ਪੂਰੀ ਨਹੀਂ ਹੋਈ ਸੀ। ਯਹੋਵਾਹ ਨੇ ਕਿਹਾ ਕਿ ਇਹ “ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।”—ਉਤਪਤ 2:18.
ਪਰਮੇਸ਼ੁਰ ਦਾ ਮਕਸਦ ਸੀ ਕਿ ਇਨਸਾਨ ਧਰਤੀ ਉੱਤੇ ਇਕ ਫਿਰਦੌਸ ਵਿਚ ਜੀਉਣ ਅਤੇ ਹਮੇਸ਼ਾ ਲਈ ਚੰਗੀ ਸਿਹਤ, ਖ਼ੁਸ਼ੀ ਅਤੇ ਭਰਪੂਰਤਾ ਦਾ ਆਨੰਦ ਮਾਣਨ। ਆਦਮ ਸਾਰੀ ਮਨੁੱਖਜਾਤੀ ਦਾ ਪਿਤਾ ਸੀ। ਉਸ ਦੀ ਪਤਨੀ, ਹੱਵਾਹ, “ਸਾਰੇ ਜੀਉਂਦਿਆਂ ਦੀ ਮਾਤਾ” ਬਣੀ। (ਉਤਪਤ 3:20) ਭਾਵੇਂ ਕਿ ਧਰਤੀ ਉੱਤੇ ਉਨ੍ਹਾਂ ਦੀ ਸੰਤਾਨ ਦੀ ਗਿਣਤੀ ਅਰਬਾਂ ਦੀ ਹੈ, ਇਹ ਸਾਰੇ ਇਨਸਾਨ ਸੰਪੂਰਣ ਨਹੀਂ ਹਨ।
ਆਦਮ ਅਤੇ ਹੱਵਾਹ ਦੀ ਕਹਾਣੀ ਬਹੁਤ ਮਸ਼ਹੂਰ ਹੈ। ਪਰ ਇਸ ਤੋਂ ਸਾਨੂੰ ਕਿਹੜੇ ਲਾਭ ਮਿਲ ਸਕਦੇ ਹਨ? ਅਸੀਂ ਇਨ੍ਹਾਂ ਦੋਹਾਂ ਦੀ ਜ਼ਿੰਦਗੀ ਤੋਂ ਕੀ ਸਿੱਖ ਸਕਦੇ ਹਾਂ?
“ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ”
ਜਦੋਂ ਆਦਮ ਜਾਨਵਰਾਂ ਦੇ ਨਾਂ ਰੱਖ ਰਿਹਾ ਸੀ, ਤਾਂ ਉਸ ਨੇ ਦੇਖਿਆ ਕਿ ਹਰ ਜਾਨਵਰ ਦਾ ਸਾਥੀ ਸੀ, ਪਰ ਉਸ ਦਾ ਆਪਣਾ ਕੋਈ ਸਾਥੀ ਨਹੀਂ ਸੀ। ਇਸ ਲਈ ਜਦੋਂ ਉਸ ਨੇ ਦੇਖਿਆ ਕਿ ਯਹੋਵਾਹ ਨੇ ਉਸ ਦੀ ਪਸਲੀ ਤੋਂ ਇਕ ਸੁੰਦਰ ਔਰਤ ਬਣਾਈ, ਤਾਂ ਉਹ ਬਹੁਤ ਖ਼ੁਸ਼ ਹੋਇਆ। ਆਦਮ ਜਾਣ ਗਿਆ ਕਿ ਇਹ ਔਰਤ ਸਿਰਫ਼ ਉਸ ਵਰਗੀ ਹੀ ਨਹੀਂ ਸਗੋਂ ਉਸ ਦਾ ਇਕ ਹਿੱਸਾ ਸੀ, ਅਤੇ ਉਸ ਨੇ ਕਿਹਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।”—ਉਤਪਤ 2:18-23.
ਬੰਦੇ ਨੂੰ ਇਕ “ਸਹਾਇਕਣ” ਦੀ ਲੋੜ ਸੀ। ਹੁਣ ਉਸ ਨੂੰ ਅਜਿਹੀ ਸਹਾਇਕਣ ਮਿਲੀ ਜੋ ਬਿਲਕੁਲ ਠੀਕ ਸੀ। ਆਦਮ ਅਤੇ ਹੱਵਾਹ ਦੀ ਜੋੜੀ ਹੁਣ ਪੂਰੀ ਬਣੀ। ਅਦਨ ਦੇ ਬਾਗ਼ ਅਤੇ ਜਾਨਵਰਾਂ ਦੀ ਦੇਖ-ਭਾਲ ਕਰਨ ਲਈ, ਬੱਚੇ ਪੈਦਾ ਕਰਨ ਲਈ, ਅਤੇ ਇਕ ਦੂਜੇ ਦਾ ਸਾਥ ਦੇਣ ਲਈ ਉਹ ਦੋਨੋਂ ਇਕ ਦੂਜੇ ਨਾਲ ਪੂਰੀ ਤਰ੍ਹਾਂ ਕੰਮ ਕਰ ਸਕਦੇ ਸਨ।—ਉਤਪਤ 1:26-30.
ਯਹੋਵਾਹ ਨੇ ਉਨ੍ਹਾਂ ਨੂੰ ਜੋ ਵੀ ਚਾਹੀਦਾ ਸੀ ਦਿੱਤਾ। ਹੱਵਾਹ ਨੂੰ ਆਪਣੇ ਪਤੀ ਕੋਲ ਲਿਆ ਕੇ ਅਤੇ ਉਨ੍ਹਾਂ ਦਾ ਰਿਸ਼ਤਾ ਬੰਨ੍ਹ ਕੇ, ਯਹੋਵਾਹ ਨੇ ਵਿਆਹ ਅਤੇ ਪਰਿਵਾਰ ਦਾ ਪ੍ਰਬੰਧ ਸ਼ੁਰੂ ਕੀਤਾ ਜਿਸ ਆਧਾਰ ਤੇ ਪੂਰੀ ਦੁਨੀਆਂ ਵਸਾਈ ਜਾਣੀ ਸੀ। ਬਾਈਬਲ ਵਿਚ ਉਤਪਤ ਦੀ ਕਿਤਾਬ ਵਿਚ ਸਾਨੂੰ ਦੱਸਿਆ ਗਿਆ ਹੈ: “ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” ਅਤੇ ਜਦੋਂ ਯਹੋਵਾਹ ਨੇ ਪਹਿਲੇ ਵਿਆਹੇ ਜੋੜੇ ਨੂੰ ਅਸੀਸ ਦੇ ਕੇ ਵਧਣ-ਫੁੱਲਣ ਲਈ ਕਿਹਾ, ਤਾਂ ਉਸ ਦਾ ਮਕਸਦ ਸੀ ਕਿ ਹਰੇਕ ਬੱਚਾ ਇਕ ਚੰਗੇ ਪਰਿਵਾਰ ਵਿਚ ਜਨਮ ਲਵੇ, ਜਿੱਥੇ ਮਾਤਾ-ਪਿਤਾ ਉਸ ਦੀ ਦੇਖ-ਭਾਲ ਕਰਦੇ।—ਉਤਪਤ 1:28; 2:24.
“ਪਰਮੇਸ਼ੁਰ ਦੇ ਸਰੂਪ ਉੱਤੇ”
ਆਦਮ ਪਰਮੇਸ਼ੁਰ ਦਾ ਸੰਪੂਰਣ ਪੁੱਤਰ ਸੀ, ਜੋ ਉਸ ਦਾ ‘ਸਰੂਪ ਅਤੇ ਉਸ ਵਰਗਾ’ ਸੀ। ਪਰ “ਪਰਮੇਸ਼ੁਰ ਆਤਮਾ ਹੈ” ਇਸ ਲਈ ਇੱਥੇ ਸਰੀਰਕ ਸਰੂਪ ਬਾਰੇ ਗੱਲ ਨਹੀਂ ਕੀਤੀ ਜਾ ਰਹੀ। (ਉਤਪਤ 1:26; ਯੂਹੰਨਾ 4:24) ਆਦਮ ਆਪਣੇ ਗੁਣਾਂ ਕਰਕੇ ਪਰਮੇਸ਼ੁਰ ਵਰਗਾ ਸੀ, ਅਜਿਹੇ ਗੁਣ ਜੋ ਉਸ ਨੂੰ ਜਾਨਵਰਾਂ ਤੋਂ ਉੱਚਾ ਕਰਦੇ ਸਨ। ਜੀ ਹਾਂ, ਸ਼ੁਰੂ ਤੋਂ ਹੀ ਇਨਸਾਨ ਪ੍ਰੇਮ, ਬੁੱਧ, ਸ਼ਕਤੀ, ਅਤੇ ਇਨਸਾਫ਼ ਦੇ ਗੁਣਾਂ ਨਾਲ ਸ੍ਰਿਸ਼ਟ ਕੀਤਾ ਗਿਆ ਸੀ। ਉਸ ਨੂੰ ਆਪਣੀ ਇੱਛਾ ਪੂਰੀ ਕਰਨ ਦੀ ਆਜ਼ਾਦੀ ਵੀ ਦਿੱਤੀ ਗਈ ਸੀ ਅਤੇ ਉਹ ਅਧਿਆਤਮਿਕ ਤੌਰ ਤੇ ਤਰੱਕੀ ਵੀ ਕਰ ਸਕਦਾ ਸੀ। ਉਸ ਦੀ ਜ਼ਮੀਰ ਸੀ ਜਿਸ ਦੇ ਨਾਲ ਉਹ ਸਹੀ ਤੇ ਗ਼ਲਤ ਵਿਚ ਫ਼ਰਕ ਦੇਖ ਸਕਦਾ ਸੀ। ਉਸ ਦਾ ਦਿਮਾਗ਼ ਵੀ ਸੀ, ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਮਕਸਦ ਬਾਰੇ ਸੋਚ ਸਕਦਾ ਸੀ, ਆਪਣੇ ਸ੍ਰਿਸ਼ਟੀਕਰਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਸੀ, ਅਤੇ ਉਸ ਦੇ ਹੋਰ ਨਜ਼ਦੀਕ ਹੋ ਸਕਦਾ ਸੀ। ਇਨ੍ਹਾਂ ਸਾਰੀਆਂ ਖੂਬੀਆਂ ਦੇ ਨਾਲ-ਨਾਲ ਆਦਮ ਪਰਮੇਸ਼ੁਰ ਦੀ ਸ੍ਰਿਸ਼ਟੀ ਉੱਤੇ ਨਿਗਰਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ।
ਹੱਵਾਹ ਨੇ ਪਾਪ ਕੀਤਾ
ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਆਦਮ ਨੇ ਹੱਵਾਹ ਨੂੰ ਜਲਦੀ ਹੀ ਦੱਸ ਦਿੱਤਾ ਕਿ ਯਹੋਵਾਹ ਨੇ ਕਿਹੜੀ ਇੱਕੋ-ਇਕ ਚੀਜ਼ ਮਨ੍ਹਾ ਕੀਤੀ ਸੀ: ਉਹ ਭਲੇ ਬੁਰੇ ਦੀ ਸਿਆਣ ਦੇ ਦਰਖ਼ਤ ਤੋਂ ਨਹੀਂ ਖਾ ਸਕਦੇ ਸਨ। ਉਹ ਆਪਣੇ ਬਾਗ਼ ਦੇ ਬਾਕੀ ਸਾਰਿਆਂ ਦਰਖ਼ਤਾਂ ਦਾ ਫਲ ਖਾ ਸਕਦੇ ਸਨ ਪਰ ਉਨ੍ਹਾਂ ਨੂੰ ਸਿਰਫ਼ ਇਸ ਇੱਕੋ ਦਰਖ਼ਤ ਤੋਂ ਨਹੀਂ ਖਾਣਾ ਚਾਹੀਦਾ ਸੀ। ਜੇ ਉਨ੍ਹਾਂ ਨੇ ਉਸ ਤੋਂ ਫਲ ਖਾਧਾ, ਤਾਂ ਉਨ੍ਹਾਂ ਨੇ ਉਸੇ ਦਿਨ ਮਰ ਜਾਣਾ ਸੀ।—ਉਤਪਤ 2:16, 17.
ਕੁਝ ਸਮੇਂ ਬਾਅਦ, ਮਨ੍ਹਾ ਕੀਤੇ ਗਏ ਫਲ ਬਾਰੇ ਇਕ ਸਵਾਲ ਉੱਠਿਆ। ਇਕ ਦੂਤ ਨੇ ਸੱਪ ਦੇ ਰਾਹੀਂ ਬੋਲ ਕੇ ਹੱਵਾਹ ਨਾਲ ਇਸ ਬਾਰੇ ਗੱਲ ਛੇੜੀ। ਭੋਲੇਪਣ ਦਾ ਦਿਖਾਵਾ ਕਰ ਕੇ ਸੱਪ ਨੇ ਪੁੱਛਿਆ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਹੱਵਾਹ ਨੇ ਜਵਾਬ ਦਿੱਤਾ ਕਿ ਇਕ ਦਰਖ਼ਤ ਤੋਂ ਸਿਵਾਇ ਉਹ ਸਾਰਿਆਂ ਦਾ ਫਲ ਖਾ ਸਕਦੇ ਸਨ। ਪਰ ਫਿਰ ਸੱਪ ਨੇ ਪਰਮੇਸ਼ੁਰ ਦੀ ਗੱਲ ਦੇ ਉਲਟ ਤੀਵੀਂ ਨੂੰ ਦੱਸਿਆ ਕਿ “ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ।” ਹੁਣ ਹੱਵਾਹ ਉਸ ਦਰਖ਼ਤ ਨੂੰ ਹੋਰ ਨਜ਼ਰੋਂ ਦੇਖਣ ਲੱਗੀ। “ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ।” ਹੱਵਾਹ ਧੋਖਾ ਖਾ ਗਈ, ਅਤੇ ਉਸ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ।—ਉਤਪਤ 3:1-6; 1 ਤਿਮੋਥਿਉਸ 2:14.
ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਹੱਵਾਹ ਦੇ ਭਰਮਾਏ ਜਾਣ ਕਰਕੇ ਉਸ ਨੇ ਪਾਪ ਕਰਨਾ ਹੀ ਸੀ? ਬਿਲਕੁਲ ਨਹੀਂ, ਉਹ ਪਾਪ ਕਰਨ ਤੋਂ ਬਚ ਸਕਦੀ ਸੀ! ਫ਼ਰਜ਼ ਕਰੋ ਕਿ ਤੁਸੀਂ ਹੱਵਾਹ ਦੀ ਜਗ੍ਹਾ ਵਿਚ ਹੁੰਦੇ। ਜੋ ਵੀ ਸੱਪ ਨੇ ਕਿਹਾ ਸੀ ਉਹ ਪਰਮੇਸ਼ੁਰ ਅਤੇ ਆਦਮ ਦੀ ਗੱਲ ਦੇ ਪੂਰੀ ਤਰ੍ਹਾਂ ਉਲਟ ਸੀ। ਤੁਸੀਂ ਕਿੱਦਾਂ ਮਹਿਸੂਸ ਕਰੋਗੇ ਜੇ ਕੋਈ ਅਜਨਬੀ ਤੁਹਾਡੇ ਕਿਸੇ ਪਿਆਰੇ ਮਿੱਤਰ ਜਾਂ ਰਿਸ਼ਤੇਦਾਰ ਨੂੰ ਬੇਈਮਾਨ ਸੱਦੇ? ਹੱਵਾਹ ਨੂੰ ਉਸ ਅਜਨਬੀ ਦੀ ਗੱਲ ਭੈੜੀ ਲੱਗਣੀ ਚਾਹੀਦੀ ਸੀ, ਉਸ ਨੂੰ ਸੁਣਨਾ ਵੀ ਨਹੀਂ ਚਾਹੀਦਾ ਸੀ। ਪਰਮੇਸ਼ੁਰ ਦੀ ਧਾਰਮਿਕਤਾ ਅਤੇ ਉਸ ਦੇ ਪਤੀ ਦੀ ਗੱਲ ਬਾਰੇ ਸਵਾਲ ਪੈਦਾ ਕਰਨ ਵਾਲੇ ਇਸ ਸੱਪ ਦੀ ਕੀ ਮਜਾਲ ਸੀ? ਇਸ ਤੋਂ ਇਲਾਵਾ ਆਦਮ ਹੱਵਾਹ ਦਾ ਸਿਰ ਸੀ, ਇਸ ਲਈ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਨੂੰ ਆਦਮ ਕੋਲੋਂ ਸਲਾਹ ਲੈਣੀ ਚਾਹੀਦੀ ਸੀ। ਸਾਨੂੰ ਵੀ ਸਲਾਹ ਲੈਣੀ ਚਾਹੀਦੀ ਹੈ ਜੇ ਸਾਨੂੰ ਕਦੀ ਪਰਮੇਸ਼ੁਰ ਦੀਆਂ ਹਿਦਾਇਤਾਂ ਦੇ ਵਿਰੁੱਧ ਕੋਈ ਕੁਝ ਕਹੇ। ਪਰ, ਹੱਵਾਹ ਨੇ ਸੱਪ ਦੀ ਗੱਲ ਉੱਤੇ ਇਤਬਾਰ ਕੀਤਾ, ਉਹ ਆਪ ਫ਼ੈਸਲਾ ਕਰਨਾ ਚਾਹੁੰਦੀ ਸੀ ਕਿ ਕੀ ਭਲਾ ਹੈ ਤੇ ਕੀ ਬੁਰਾ। ਉਸ ਨੇ ਜਿੰਨਾ ਜ਼ਿਆਦਾ ਇਸ ਬਾਰੇ ਸੋਚਿਆ ਉੱਨਾ ਜ਼ਿਆਦਾ ਇਹ ਗੱਲ ਉਸ ਨੂੰ ਚੰਗੀ ਲੱਗੀ। ਗ਼ਲਤ ਇੱਛਾ ਨੂੰ ਆਪਣੇ ਮਨ ਵਿਚ ਥਾਂ ਦੇ ਕੇ ਅਤੇ ਪਤੀ ਦੇ ਨਾਲ ਗੱਲ ਨਾ ਕਰ ਕੇ ਉਸ ਨੇ ਕਿੰਨੀ ਵੱਡੀ ਗ਼ਲਤੀ ਕੀਤੀ।—1 ਕੁਰਿੰਥੀਆਂ 11:3; ਯਾਕੂਬ 1:14, 15.
ਆਦਮ ਨੇ ਆਪਣੀ ਪਤਨੀ ਦੀ ਗੱਲ ਸੁਣੀ
ਇਸ ਤੋਂ ਜਲਦੀ ਹੀ ਬਾਅਦ ਹੱਵਾਹ ਨੇ ਆਦਮ ਨੂੰ ਵੀ ਪਾਪ ਕਰਨ ਲਈ ਮਨਾ ਲਿਆ। ਉਹ ਹੱਵਾਹ ਦੇ ਪਿੱਛੇ ਚੱਲਣ ਲਈ ਕਿੱਦਾਂ ਰਾਜ਼ੀ ਹੋ ਗਿਆ? (ਉਤਪਤ 3:6, 17) ਆਦਮ ਚੱਕਰ ਵਿਚ ਪੈ ਗਿਆ। ਕੀ ਉਹ ਆਪਣੇ ਸ੍ਰਿਸ਼ਟੀਕਰਤਾ ਦਾ ਕਹਿਣਾ ਮੰਨੇਗਾ, ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਸੀ, ਉਸ ਦੀ ਪਿਆਰੀ ਪਤਨੀ, ਹੱਵਾਹ ਵੀ ਉਸ ਨੂੰ ਦਿੱਤੀ ਸੀ? ਕੀ ਆਦਮ ਪਰਮੇਸ਼ੁਰ ਕੋਲੋਂ ਸਲਾਹ ਲਵੇਗਾ ਕਿ ਉਸ ਨੂੰ ਹੁਣ ਕੀ ਕਰਨਾ ਚਾਹੀਦਾ ਹੈ? ਜਾਂ ਕੀ ਉਹ ਆਪਣੀ ਪਤਨੀ ਦਾ ਹੀ ਸਾਥ ਦੇਵੇਗਾ? ਆਦਮ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਫਲ ਖਾ ਕੇ ਜੋ ਵੀ ਹੱਵਾਹ ਹਾਸਲ ਕਰਨਾ ਚਾਹੁੰਦੀ ਸੀ ਉਹ ਉਸ ਨੂੰ ਨਹੀਂ ਮਿਲੇਗਾ। ਪੌਲੁਸ ਰਸੂਲ ਨੇ ਲਿਖਿਆ: “ਆਦਮ ਨੇ ਧੋਖਾ ਨਹੀਂ ਖਾਧਾ ਪਰ ਇਸਤ੍ਰੀ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ।” (1 ਤਿਮੋਥਿਉਸ 2:14) ਇਸ ਦਾ ਮਤਲਬ ਹੈ ਕਿ ਆਦਮ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਵਿਰੋਧ ਕੀਤਾ। ਉਹ ਆਪਣੀ ਪਤਨੀ ਤੋਂ ਅਲੱਗ ਹੋਣ ਤੋਂ ਡਰਦਾ ਸੀ, ਅਤੇ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਉਸ ਨੇ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਰੱਖਿਆ।
ਆਦਮ ਨੇ ਜੋ ਕੀਤਾ ਉਹ ਆਤਮ-ਹੱਤਿਆ ਦੇ ਬਰਾਬਰ ਸੀ। ਪਰ ਇਸ ਤਰ੍ਹਾਂ ਉਹ ਆਪਣੇ ਬੱਚਿਆਂ ਦਾ ਕਾਤਲ ਵੀ ਬਣਿਆ। ਪਰਮੇਸ਼ੁਰ ਨੇ ਦਇਆ ਦਿਖਾ ਕੇ ਉਸ ਨੂੰ ਬੱਚੇ ਪੈਦਾ ਕਰ ਲੈਣ ਦਿੱਤੇ ਪਰ ਉਹ ਸਾਰੇ ਪਾਪ ਵਿਚ ਅਤੇ ਮੌਤ ਦੀ ਸਜ਼ਾ ਹੇਠਾਂ ਜੰਮੇ। (ਰੋਮੀਆਂ 5:12) ਸੁਆਰਥ ਅਤੇ ਅਣਆਗਿਆਕਾਰੀ ਦੀ ਕੀਮਤ ਕਿੰਨੀ ਵੱਡੀ ਨਿਕਲੀ!
ਪਾਪ ਦੇ ਨਤੀਜੇ
ਪਾਪ ਦਾ ਪਹਿਲਾ ਅਸਰ ਇਹ ਸੀ ਕਿ ਆਦਮ ਅਤੇ ਹੱਵਾਹ ਨੂੰ ਸ਼ਰਮ ਆਈ। ਖ਼ੁਸ਼ੀ-ਖ਼ੁਸ਼ੀ ਨਾਲ ਯਹੋਵਾਹ ਕੋਲ ਜਾਣ ਦੀ ਬਜਾਇ, ਉਹ ਉਸ ਤੋਂ ਲੁਕਣ ਲੱਗ ਪਏ। (ਉਤਪਤ 3:8) ਪਰਮੇਸ਼ੁਰ ਨਾਲ ਉਨ੍ਹਾਂ ਦੀ ਦੋਸਤੀ ਟੁੱਟ ਗਈ। ਭਾਵੇਂ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਤੋੜਿਆ ਸੀ, ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਪਛਤਾਵਾ ਨਹੀਂ ਦਿਖਾਇਆ। ਮਨ੍ਹਾ ਕੀਤੇ ਗਏ ਫਲ ਨੂੰ ਖਾ ਕੇ ਉਨ੍ਹਾਂ ਨੇ ਪਰਮੇਸ਼ੁਰ ਦੀ ਭਲਿਆਈ ਵੱਲ ਪਿੱਠ ਫੇਰ ਲਈ ਸੀ।
ਇਸ ਦੇ ਨਤੀਜੇ ਵਜੋਂ ਪਰਮੇਸ਼ੁਰ ਨੇ ਦੱਸਿਆ ਕਿ ਹੱਵਾਹ ਨੂੰ ਜਣੇਪੇ ਵੇਲੇ ਜ਼ਿਆਦਾ ਪੀੜ ਹੋਵੇਗੀ। ਹੱਵਾਹ ਆਪਣੇ ਪਤੀ ਲਈ ਤਰਸੇਗੀ, ਅਤੇ ਉਹ ਉਸ ਉੱਤੇ ਹੁਕਮ ਚਲਾਵੇਗਾ। ਹੱਵਾਹ ਆਜ਼ਾਦੀ ਚਾਹੁੰਦੀ ਸੀ ਪਰ ਹੁਣ ਉਸ ਨੂੰ ਇਸ ਦੇ ਬਿਲਕੁਲ ਉਲਟ ਮਿਲਿਆ। ਆਦਮ ਹੁਣ ਦੁੱਖ ਝੱਲ ਕੇ ਜ਼ਮੀਨ ਦਾ ਫਲ ਖਾਵੇਗਾ। ਅਦਨ ਦੇ ਬਾਗ਼ ਵਿਚ ਉਸ ਨੂੰ ਆਪਣੀ ਭੁੱਖ ਮਿਟਾਉਣ ਲਈ ਪਸੀਨੋ-ਪਸੀਨੇ ਨਹੀਂ ਹੋਣਾ ਪੈਂਦਾ ਸੀ, ਪਰ ਹੁਣ ਉਹ ਜੀਉਂਦਾ ਰਹਿਣ ਲਈ ਤਦ ਤਕ ਮਿਹਨਤ ਕਰੇਗਾ ਜਦ ਤਕ ਉਹ ਉਸ ਮਿੱਟੀ ਵਿਚ ਨਾ ਮੁੜ ਜਾਂਦਾ ਜਿਸ ਤੋਂ ਉਹ ਬਣਾਇਆ ਗਿਆ ਸੀ।—ਉਤਪਤ 3:16-19.
ਅਖ਼ੀਰ ਵਿਚ ਆਦਮ ਅਤੇ ਹੱਵਾਹ ਅਦਨ ਦੇ ਬਾਗ਼ ਵਿੱਚੋਂ ਕੱਢੇ ਗਏ। ਯਹੋਵਾਹ ਨੇ ਕਿਹਾ: “ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਅਤੇ ਹੁਣ ਅਜੇਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾਕੇ ਜੀਵਣ ਦੇ ਬਿਰਛ ਤੋਂ ਵੀ ਲੈਕੇ ਖਾਵੇ ਅਤੇ ਸਦਾ ਜੀਉਂਦਾ ਰਹੇ।” (ਉਤਪਤ 3:22, 23) ਪ੍ਰੋਫ਼ੈਸਰ ਗੋਰਡਨ ਵੇਨਹਮ ਕਹਿੰਦਾ ਹੈ ਕਿ “ਇਹ ਵਾਕ ਵਿਚ-ਵਿਚਾਲੇ ਖ਼ਤਮ ਹੋ ਜਾਂਦਾ ਹੈ,” ਅਤੇ ਸਾਨੂੰ ਹੀ ਪਰਮੇਸ਼ੁਰ ਦੇ ਅਗਲੇ ਸ਼ਬਦਾਂ ਬਾਰੇ ਸੋਚਣਾ ਪੈਂਦਾ ਹੈ—ਸ਼ਾਇਦ ਉਸ ਨੇ ਕਿਹਾ ਹੋਵੇ ਕਿ “ਚੱਲੋ ਮੈਂ ਉਨ੍ਹਾਂ ਨੂੰ ਬਾਗ਼ ਵਿੱਚੋਂ ਕੱਢਾਂ।” ਆਮ ਕਰਕੇ ਬਾਈਬਲ ਦੇ ਲਿਖਾਰੀ ਪਰਮੇਸ਼ੁਰ ਦੇ ਵਿਚਾਰ ਨੂੰ ਪੂਰਾ ਕਰ ਕੇ ਲਿਖਦੇ ਸਨ। ਪਰ ਵੇਨਹਮ ਕਹਿੰਦਾ ਹੈ ਕਿ ਇੱਥੇ “ਵਾਕ ਸਮਾਪਤ ਨਹੀਂ ਹੋਇਆ ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਜਲਦੀ ਹੀ ਕਦਮ ਚੁੱਕਿਆ। ਉਸ ਦੇ ਬੋਲਦਿਆਂ ਹੀ ਆਦਮ ਅਤੇ ਹੱਵਾਹ ਨੂੰ ਬਾਗ਼ ਵਿੱਚੋਂ ਕੱਢਿਆ ਗਿਆ।” (ਉਤਪਤ 3:22, 23) ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਦੇ ਬਾਹਰ ਕੱਢੇ ਜਾਣ ਤੋਂ ਬਾਅਦ ਯਹੋਵਾਹ ਅਤੇ ਇਸ ਪਹਿਲੇ ਜੋੜੇ ਵਿਚਕਾਰ ਫਿਰ ਕਦੀ ਵੀ ਗੱਲਬਾਤ ਨਹੀਂ ਹੋਈ।
ਆਦਮ ਅਤੇ ਹੱਵਾਹ 24 ਘੰਟਿਆਂ ਦੇ ਅੰਦਰ-ਅੰਦਰ, ਯਾਨੀ ਉਸੇ ਦਿਨ ਸੱਚੀ-ਮੁੱਚੀ ਨਹੀਂ ਮਰੇ। ਪਰ, ਅਧਿਆਤਮਿਕ ਤੌਰ ਤੇ ਉਹ ਜ਼ਰੂਰ ਮਰੇ। ਉਹ ਜ਼ਿੰਦਗੀ ਦੇ ਸੋਮੇ ਤੋਂ ਅਲੱਗ ਹੋ ਕੇ ਉਸ ਦੇ ਨਾਲ ਦੁਬਾਰਾ ਰਿਸ਼ਤਾ ਨਹੀਂ ਬੰਨ੍ਹ ਸਕੇ। ਹੌਲੀ-ਹੌਲੀ ਉਹ ਮੌਤ ਵੱਲ ਚਲੇ ਗਏ। ਜ਼ਰਾ ਸੋਚੋ ਕਿ ਉਨ੍ਹਾਂ ਨੂੰ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਮੌਤ ਦੇਖੀ, ਜਦੋਂ ਉਨ੍ਹਾਂ ਦੇ ਜੇਠੇ ਪੁੱਤਰ ਨੇ ਹੀ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ!—ਉਤਪਤ 4:1-16.
ਇਨ੍ਹਾਂ ਘਟਨਾਵਾਂ ਤੋਂ ਬਾਅਦ ਸਾਨੂੰ ਆਦਮ ਅਤੇ ਹੱਵਾਹ ਦੀ ਜ਼ਿੰਦਗੀ ਬਾਰੇ ਘੱਟ ਹੀ ਪਤਾ ਹੈ। ਜਦੋਂ ਆਦਮ 130 ਸਾਲਾਂ ਦਾ ਸੀ ਤਾਂ ਉਨ੍ਹਾਂ ਦੇ ਤੀਜੇ ਪੁੱਤਰ ਸੇਥ ਦਾ ਜਨਮ ਹੋਇਆ। ਅਗਲੇ 800 ਸਾਲਾਂ ਵਿਚ ਆਦਮ ਦੇ ਘਰ ਕਈ ਹੋਰ “ਪੁੱਤ੍ਰ ਧੀਆਂ” ਜੰਮੀਆਂ ਅਤੇ ਉਹ 930 ਸਾਲਾਂ ਦੀ ਉਮਰ ਤੇ ਮਰ ਗਿਆ।—ਉਤਪਤ 4:25; 5:3-5.
ਸਾਡੇ ਲਈ ਸਬਕ
ਪਹਿਲੇ ਜੋੜੇ ਦੇ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੁਨੀਆਂ ਦੀ ਹਾਲਤ ਇੰਨੀ ਖ਼ਰਾਬ ਕਿਉਂ ਹੈ। ਪਰ ਇਸ ਤੋਂ ਇਲਾਵਾ ਅਸੀਂ ਇਕ ਬਹੁਤ ਜ਼ਰੂਰੀ ਸਬਕ ਸਿੱਖਦੇ ਹਾਂ। ਜਿਹੜੇ ਲੋਕ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਤੋਂ ਆਜ਼ਾਦ ਸਮਝਦੇ ਹਨ ਉਹ ਬੇਵਕੂਫ ਹਨ। ਜਿਹੜੇ ਸੱਚ-ਮੁੱਚ ਬੁੱਧੀਮਾਨ ਹਨ ਉਹ ਪਰਮੇਸ਼ੁਰ ਦੇ ਬਚਨ ਵਿਚ ਨਿਹਚਾ ਕਰਦੇ ਹਨ, ਅਤੇ ਇਹ ਨਹੀਂ ਸਮਝਦੇ ਕਿ ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਯਹੋਵਾਹ ਭਲੇ ਬੁਰੇ ਬਾਰੇ ਦੱਸਦਾ ਹੈ, ਅਤੇ ਅਸੀਂ ਕਹਿ ਸਕਦੇ ਹਾਂ ਕਿ ਸਹੀ ਰਾਹ ਤੇ ਚੱਲਣ ਦਾ ਮਤਲਬ ਹੈ ਉਸ ਦਾ ਕਹਿਣਾ ਮੰਨਣਾ। ਗ਼ਲਤੀ ਕਰਨ ਦਾ ਮਤਲਬ ਹੈ ਉਸ ਦੇ ਕਾਨੂੰਨਾਂ ਦੀ ਉਲੰਘਣਾ ਕਰਨੀ ਅਤੇ ਉਸ ਦੇ ਅਸੂਲਾਂ ਨੂੰ ਰੱਦ ਕਰਨਾ।
ਪਰਮੇਸ਼ੁਰ ਨੇ ਇਨਸਾਨਾਂ ਦੇ ਸਾਮ੍ਹਣੇ ਉਨ੍ਹਾਂ ਦੀ ਹਰ ਖ਼ਾਹਸ਼ ਪੂਰੀ ਕਰਨ ਲਈ ਸਭ ਕੁਝ ਰੱਖਿਆ ਸੀ—ਹਮੇਸ਼ਾ ਦੀ ਜ਼ਿੰਦਗੀ, ਆਜ਼ਾਦੀ, ਸੰਤੁਸ਼ਟੀ, ਸੁੱਖ-ਸ਼ਾਂਤੀ, ਚੰਗੀ ਸਿਹਤ, ਖ਼ੁਸ਼ਹਾਲੀ, ਅਤੇ ਨਵੀਆਂ ਚੀਜ਼ਾਂ ਬਾਰੇ ਜਾਣਨ ਦੀ ਯੋਗਤਾ। ਇਹ ਸਭ ਕੁਝ ਅਜੇ ਵੀ ਸਾਡਾ ਹੋ ਸਕਦਾ ਹੈ। ਲੇਕਿਨ ਇਨ੍ਹਾਂ ਚੀਜ਼ਾਂ ਦਾ ਆਨੰਦ ਮਾਣਨ ਲਈ ਇਕ ਚੀਜ਼ ਜ਼ਰੂਰੀ ਹੈ। ਉਹ ਹੈ ਇਸ ਗੱਲ ਦੀ ਪਛਾਣ ਕਿ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਉੱਤੇ ਪੂਰੀ ਤਰ੍ਹਾਂ ਨਿਰਭਰ ਹਾਂ।—ਉਪਦੇਸ਼ਕ ਦੀ ਪੋਥੀ 3:10-13; ਯਸਾਯਾਹ 55:6-13.
[ਸਫ਼ੇ 26 ਉੱਤੇ ਡੱਬੀ/ਤਸਵੀਰ]
ਕੀ ਆਦਮ ਅਤੇ ਹੱਵਾਹ ਦੀ ਕਹਾਣੀ ਅਸਲੀ ਹੈ?
ਪਾਪ ਦੀ ਵਜ੍ਹਾ ਕਰਕੇ ਫਿਰਦੌਸ ਦੇ ਗੁਆਚੇ ਜਾਣ ਦੀ ਕਹਾਣੀ ਪੁਰਾਣੇ ਜ਼ਮਾਨੇ ਦੇ ਬਾਬਲੀਆਂ, ਅੱਸ਼ੂਰੀਆਂ, ਮਿਸਰੀਆਂ ਅਤੇ ਕਈ ਹੋਰ ਲੋਕਾਂ ਦੁਆਰਾ ਮੰਨੀ ਗਈ ਸੀ। ਕਈਆਂ ਕਹਾਣੀਆਂ ਵਿਚ ਇਕ ਅਜਿਹਾ ਦਰਖ਼ਤ ਵੀ ਸੀ ਜਿਸ ਦਾ ਫਲ ਖਾਧੇ ਜਾਣ ਤੇ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਮੰਨਦੇ ਹਨ ਕਿ ਅਦਨ ਦੇ ਬਾਗ਼ ਵਿਚ ਕੁਝ ਹੋਇਆ ਸੀ ਜਿਸ ਦੇ ਨਤੀਜੇ ਭੈੜੇ ਨਿਕਲੇ।
ਅੱਜ-ਕੱਲ੍ਹ ਕਈ ਲੋਕ ਬਾਈਬਲ ਦੇ ਇਸ ਬਿਰਤਾਂਤ ਨੂੰ ਮਨ-ਘੜੀ ਕਹਾਣੀ ਹੀ ਸਮਝਦੇ ਹਨ। ਲੇਕਿਨ, ਬਹੁਤ ਸਾਰੇ ਵਿਗਿਆਨੀ ਇਹ ਮੰਨਦੇ ਹਨ ਕਿ ਪੂਰੀ ਮਨੁੱਖਜਾਤੀ ਇੱਕੋ ਹੀ ਪਰਿਵਾਰ ਹੈ ਜੋ ਇੱਕੋ ਹੀ ਜੋੜੇ ਤੋਂ ਸ਼ੁਰੂ ਹੋਇਆ ਹੈ। ਕਈ ਧਰਮ-ਸ਼ਾਸਤਰੀ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦੇ ਕਿ ਇਕ ਪੂਰਵਜ ਦੇ ਇਕ ਪਾਪ ਕਾਰਨ ਪੂਰੀ ਮਨੁੱਖਜਾਤੀ ਉੱਤੇ ਇਸ ਦਾ ਅਸਰ ਪਿਆ ਹੈ। ਜੇ ਉਹ ਇਸ ਤਰ੍ਹਾਂ ਕਹਿਣ ਕਿ ਇਨਸਾਨ ਕਈ ਜੋੜਿਆਂ ਤੋਂ ਆਏ ਹਨ ਤਾਂ ਇਸ ਦਾ ਮਤਲਬ ਇਹ ਹੁੰਦਾ ਕਿ ਪਹਿਲਾ ਪਾਪ ਕਈਆਂ ਦੁਆਰਾ ਕੀਤਾ ਗਿਆ ਸੀ। ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਇਸ ਗੱਲ ਦਾ ਵੀ ਇਨਕਾਰ ਕਰਨਾ ਪੈਂਦਾ ਕਿ ‘ਛੇਕੜਲੇ ਆਦਮ,’ ਯਾਨੀ ਯਿਸੂ ਨੇ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਛੁਡਾਇਆ ਸੀ। ਪਰ ਯਿਸੂ ਅਤੇ ਉਸ ਤੇ ਚੇਲਿਆਂ ਦੇ ਮਨਾਂ ਵਿਚ ਅਜਿਹੀ ਕੋਈ ਦੁਬਿਧਾ ਨਹੀਂ ਸੀ। ਉਨ੍ਹਾਂ ਨੂੰ ਪਤਾ ਸੀ ਕਿ ਉਤਪਤ ਦਾ ਬਿਰਤਾਂਤ ਅਸਲੀ ਸੀ।—1 ਕੁਰਿੰਥੀਆਂ 15:22, 45; ਉਤਪਤ 1:27; 2:24; ਮੱਤੀ 19:4, 5; ਰੋਮੀਆਂ 5:12-19.