ਮਸੀਹੀ ਪਰਿਵਾਰੋ, ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲੋ!
‘ਮਸੀਹ ਤੁਹਾਡੇ ਨਮਿੱਤ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।’—1 ਪਤ. 2:21.
1. (ੳ) ਸ੍ਰਿਸ਼ਟੀ ਦੇ ਕੰਮ ਵਿਚ ਪਰਮੇਸ਼ੁਰ ਦੇ ਪੁੱਤਰ ਨੇ ਕਿਹੜੀ ਭੂਮਿਕਾ ਨਿਭਾਈ? (ਅ) ਇਨਸਾਨਾਂ ਬਾਰੇ ਯਿਸੂ ਕਿਵੇਂ ਮਹਿਸੂਸ ਕਰਦਾ ਹੈ?
ਜਦੋਂ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ, ਉਸ ਵੇਲੇ “ਰਾਜ ਮਿਸਤਰੀ” ਵਜੋਂ ਉਸ ਦਾ ਜੇਠਾ ਪੁੱਤਰ ਉਸ ਦੇ ਨਾਲ ਸੀ। ਪਰਮੇਸ਼ੁਰ ਦਾ ਪੁੱਤਰ ਆਪਣੇ ਪਿਤਾ ਯਹੋਵਾਹ ਨਾਲ ਉਸ ਵੇਲੇ ਵੀ ਕੰਮ ਵਿਚ ਹੱਥ ਵਟਾ ਰਿਹਾ ਸੀ ਜਦੋਂ ਯਹੋਵਾਹ ਨੇ ਭਾਂਤ-ਭਾਂਤ ਦੇ ਜਾਨਵਰ ਅਤੇ ਪੇੜ-ਪੌਦੇ ਬਣਾਏ ਅਤੇ ਅਦਨ ਦਾ ਬਾਗ਼ ਬਣਾਇਆ। ਇਹ ਬਾਗ਼ ਉਸ ਦੇ ਸਰੂਪ ʼਤੇ ਬਣਾਏ ਇਨਸਾਨਾਂ ਦਾ ਘਰ ਹੋਣਾ ਸੀ। ਪਰਮੇਸ਼ੁਰ ਦਾ ਇਹ ਪੁੱਤਰ ਬਾਅਦ ਵਿਚ ਯਿਸੂ ਵਜੋਂ ਜਾਣਿਆ ਜਾਣ ਲੱਗਾ। ਉਸ ਨੂੰ ਇਨਸਾਨਾਂ ਨਾਲ ਬਹੁਤ ਪਿਆਰ ਸੀ। ਬਾਈਬਲ ਕਹਿੰਦੀ ਹੈ: ‘ਉਹ ਆਦਮ ਵੰਸੀਆਂ ਨਾਲ ਪਰਸੰਨ ਹੁੰਦਾ ਸੀ।’—ਕਹਾ. 8:27-31; ਉਤ. 1:26, 27.
2. (ੳ) ਯਹੋਵਾਹ ਨੇ ਨਾਮੁਕੰਮਲ ਇਨਸਾਨਾਂ ਵਾਸਤੇ ਕੀ ਦਿੱਤਾ ਹੈ? (ਅ) ਬਾਈਬਲ ਜ਼ਿੰਦਗੀ ਦੇ ਕਿਹੜੇ ਇਕ ਪਹਿਲੂ ਵਿਚ ਸੇਧ ਦਿੰਦੀ ਹੈ?
2 ਆਦਮ ਅਤੇ ਹੱਵਾਹ ਦੇ ਪਾਪ ਕਰਨ ਮਗਰੋਂ ਇਨਸਾਨਾਂ ਨੂੰ ਪਾਪ ਦੀ ਗ਼ੁਲਾਮੀ ਤੋਂ ਛੁਡਾਉਣਾ ਯਹੋਵਾਹ ਦੇ ਮਕਸਦ ਦਾ ਅਹਿਮ ਹਿੱਸਾ ਬਣ ਗਿਆ। ਇਸ ਵਾਸਤੇ ਯਹੋਵਾਹ ਨੇ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ। (ਰੋਮੀ. 5:8) ਇਸ ਤੋਂ ਇਲਾਵਾ, ਯਹੋਵਾਹ ਨੇ ਆਪਣਾ ਬਚਨ ਬਾਈਬਲ ਦਿੱਤਾ ਹੈ ਜਿਸ ਦੀ ਸੇਧ ਅਨੁਸਾਰ ਚੱਲ ਕੇ ਨਾਮੁਕੰਮਲ ਇਨਸਾਨ ਜ਼ਿੰਦਗੀ ਵਿਚ ਸਫ਼ਲ ਹੋ ਸਕਦੇ ਹਨ। (ਜ਼ਬੂ. 119:105) ਯਹੋਵਾਹ ਆਪਣੇ ਬਚਨ ਵਿਚ ਹਿਦਾਇਤਾਂ ਦਿੰਦਾ ਹੈ ਤਾਂਕਿ ਲੋਕ ਆਪਣੇ ਪਰਿਵਾਰਾਂ ਨੂੰ ਸੁਖੀ ਤੇ ਮਜ਼ਬੂਤ ਬਣਾ ਸਕਣ। ਵਿਆਹ ਬਾਰੇ ਉਤਪਤ ਦੀ ਕਿਤਾਬ ਕਹਿੰਦੀ ਹੈ ਕਿ ਮਰਦ “ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।”—ਉਤ. 2:24.
3. (ੳ) ਯਿਸੂ ਨੇ ਵਿਆਹ ਬਾਰੇ ਕੀ ਸਿਖਾਇਆ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
3 ਧਰਤੀ ʼਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਵਿਆਹ ਦਾ ਬੰਧਨ ਹਮੇਸ਼ਾ ਲਈ ਹੋਣਾ ਚਾਹੀਦਾ ਹੈ। ਉਸ ਨੇ ਉਹ ਸਿਧਾਂਤ ਸਿਖਾਏ ਜਿਨ੍ਹਾਂ ʼਤੇ ਚੱਲ ਕੇ ਪਰਿਵਾਰ ਦੇ ਮੈਂਬਰ ਅਜਿਹੇ ਚਾਲ-ਚਲਣ ਤੇ ਰਵੱਈਏ ਤੋਂ ਦੂਰ ਰਹਿ ਸਕਦੇ ਹਨ ਜੋ ਨਾ ਸਿਰਫ਼ ਵਿਆਹ ਦੇ ਬੰਧਨ ਨੂੰ ਕਮਜ਼ੋਰ ਕਰ ਸਕਦੇ, ਸਗੋਂ ਉਨ੍ਹਾਂ ਦੀ ਖ਼ੁਸ਼ੀ ਵੀ ਖੋਹ ਸਕਦੇ ਹਨ। (ਮੱਤੀ 5:27-37; 7:12) ਇਸ ਲੇਖ ਵਿਚ ਯਿਸੂ ਦੀਆਂ ਸਿੱਖਿਆਵਾਂ ਅਤੇ ਉਸ ਦੀ ਮਿਸਾਲ ʼਤੇ ਚਰਚਾ ਕੀਤੀ ਜਾਵੇਗੀ ਕਿ ਇਹ ਕਿਵੇਂ ਖ਼ੁਸ਼ਹਾਲ ਜ਼ਿੰਦਗੀਆਂ ਜੀਣ ਵਿਚ ਪਤੀਆਂ, ਪਤਨੀਆਂ, ਮਾਪਿਆਂ ਅਤੇ ਬੱਚਿਆਂ ਦੀ ਮਦਦ ਕਰ ਸਕਦੀਆਂ ਹਨ।
ਮਸੀਹੀ ਪਤੀ ਆਪਣੀ ਪਤਨੀ ਦਾ ਆਦਰ ਕਿਵੇਂ ਕਰਦਾ ਹੈ
4. ਸਿਰ ਵਜੋਂ ਯਿਸੂ ਤੇ ਪਤੀਆਂ ਦੀ ਭੂਮਿਕਾ ਕਿੱਦਾਂ ਮਿਲਦੀ-ਜੁਲਦੀ ਹੈ?
4 ਜਿਵੇਂ ਯਿਸੂ ਕਲੀਸਿਯਾ ਦਾ ਸਿਰ ਹੈ, ਤਿਵੇਂ ਯਹੋਵਾਹ ਨੇ ਪਤੀਆਂ ਨੂੰ ਪਰਿਵਾਰ ਦਾ ਸਿਰ ਠਹਿਰਾਇਆ ਹੈ। ਪੌਲੁਸ ਰਸੂਲ ਨੇ ਲਿਖਿਆ: “ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼. 5:23, 25) ਇਸ ਤੋਂ ਪਤਾ ਲੱਗਦਾ ਹੈ ਕਿ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ। ਆਓ ਦੇਖੀਏ ਕਿ ਯਿਸੂ ਨੇ ਕਿਹੜੇ ਕੁਝ ਤਰੀਕਿਆਂ ਨਾਲ ਆਪਣਾ ਅਧਿਕਾਰ ਜਤਾਇਆ ਸੀ ਜੋ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਸੀ।
5. ਯਿਸੂ ਨੇ ਚੇਲਿਆਂ ʼਤੇ ਆਪਣਾ ਅਧਿਕਾਰ ਕਿਵੇਂ ਜਤਾਇਆ?
5 ਯਿਸੂ “ਕੋਮਲ ਅਤੇ ਮਨ ਦਾ ਗ਼ਰੀਬ” ਸੀ। (ਮੱਤੀ 11:29) ਪਰ ਲੋੜ ਪੈਣ ਤੇ ਉਸ ਨੇ ਠੋਸ ਕਦਮ ਵੀ ਚੁੱਕੇ ਸਨ। ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਕੰਨੀ ਨਹੀਂ ਕਤਰਾਉਂਦਾ ਸੀ। (ਮਰ. 6:34; ਯੂਹੰ. 2:14-17) ਉਸ ਨੇ ਪਿਆਰ ਨਾਲ ਆਪਣੇ ਚੇਲਿਆਂ ਨੂੰ ਤਾੜਨਾ ਦਿੱਤੀ ਅਤੇ ਕਦੇ-ਕਦੇ ਉਸ ਨੂੰ ਇੱਕੋ ਗੱਲ ਵਾਰ-ਵਾਰ ਸਮਝਾਉਣੀ ਪੈਂਦੀ ਸੀ। (ਮੱਤੀ 20:21-28; ਮਰ. 9:33-37; ਲੂਕਾ 22:24-27) ਫਿਰ ਵੀ ਯਿਸੂ ਨੇ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਮਹਿਸੂਸ ਕਰਾਇਆ ਕਿ ਉਹ ਪਿਆਰ ਦੇ ਲਾਇਕ ਨਹੀਂ ਜਾਂ ਉਸ ਕੰਮ ਦੇ ਲਾਇਕ ਨਹੀਂ ਜੋ ਉਹ ਉਨ੍ਹਾਂ ਨੂੰ ਸਿਖਾ ਰਿਹਾ ਸੀ। ਇਸ ਦੇ ਉਲਟ ਉਸ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਹੱਲਾਸ਼ੇਰੀ ਦਿੱਤੀ। (ਲੂਕਾ 10:17-21) ਚੇਲੇ ਇਸੇ ਕਰਕੇ ਯਿਸੂ ਦਾ ਆਦਰ ਕਰਦੇ ਸਨ ਕਿਉਂਕਿ ਉਹ ਹਮੇਸ਼ਾ ਪਿਆਰ ਤੇ ਕੋਮਲਤਾ ਨਾਲ ਪੇਸ਼ ਆਉਂਦਾ ਸੀ!
6. (ੳ) ਯਿਸੂ ਜਿਸ ਤਰ੍ਹਾਂ ਆਪਣੇ ਚੇਲਿਆਂ ਨਾਲ ਪੇਸ਼ ਆਇਆ, ਉਸ ਤੋਂ ਪਤੀ ਕੀ ਸਿੱਖ ਸਕਦਾ ਹੈ? (ਅ) ਪਤਰਸ ਪਤੀਆਂ ਨੂੰ ਕੀ ਹੱਲਾਸ਼ੇਰੀ ਦਿੰਦਾ ਹੈ?
6 ਯਿਸੂ ਦੀ ਮਿਸਾਲ ਤੋਂ ਪਤੀ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਪਣੀਆਂ ਪਤਨੀਆਂ ʼਤੇ ਧੌਂਸ ਨਹੀਂ ਜਮਾਉਣੀ ਚਾਹੀਦੀ। ਇਸ ਦੀ ਬਜਾਇ ਉਨ੍ਹਾਂ ਨੂੰ ਆਪਣੀ ਪਤਨੀ ਦਾ ਆਦਰ ਕਰਨਾ ਚਾਹੀਦਾ ਤੇ ਆਪਣੀ ਜਾਨ ਨਾਲੋਂ ਵਧ ਕੇ ਪਿਆਰ ਕਰਨਾ ਚਾਹੀਦਾ ਹੈ। ਪਤਰਸ ਰਸੂਲ ਨੇ ਪਤੀਆਂ ਨੂੰ ਯਿਸੂ ਦੀ ਨਕਲ ਕਰਨ ਦੀ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀਆਂ ਪਤਨੀਆਂ ਨਾਲ ਵੱਸਣ ਅਤੇ ‘ਉਨ੍ਹਾਂ ਦਾ ਆਦਰ ਕਰਨ।’ (1 ਪਤਰਸ 3:7 ਪੜ੍ਹੋ।) ਤਾਂ ਫਿਰ ਪਰਮੇਸ਼ੁਰ ਤੋਂ ਮਿਲੇ ਅਧਿਕਾਰ ਨੂੰ ਪਤੀ ਕਿਵੇਂ ਵਰਤ ਸਕਦਾ ਹੈ ਅਤੇ ਨਾਲ ਹੀ ਆਪਣੀ ਪਤਨੀ ਦਾ ਆਦਰ ਵੀ ਕਰ ਸਕਦਾ ਹੈ?
7. ਪਤੀ ਕਿਸ ਤਰੀਕੇ ਨਾਲ ਆਪਣੀ ਪਤਨੀ ਦਾ ਆਦਰ ਕਰ ਸਕਦਾ ਹੈ? ਸਮਝਾਓ।
7 ਪਤਨੀਆਂ ਦਾ ਆਦਰ ਕਰਨ ਦਾ ਇਕ ਤਰੀਕਾ ਹੈ ਕਿ ਪਰਿਵਾਰ ਬਾਰੇ ਫ਼ੈਸਲੇ ਕਰਨ ਤੋਂ ਪਹਿਲਾਂ ਪਤੀ ਆਪਣੀ ਪਤਨੀ ਦੇ ਵਿਚਾਰ ਸੁਣੇ ਅਤੇ ਉਸ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖੇ। ਸ਼ਾਇਦ ਤੁਸੀਂ ਘਰ ਜਾਂ ਨੌਕਰੀ ਬਦਲਣ ਬਾਰੇ ਫ਼ੈਸਲਾ ਕਰ ਰਹੇ ਹੋ। ਜਾਂ ਫਿਰ ਰੋਜ਼ਮੱਰਾ ਦੇ ਫ਼ੈਸਲੇ ਕਰਨ ਬਾਰੇ ਸੋਚ ਰਹੇ ਹੋ, ਜਿਵੇਂ ਛੁੱਟੀਆਂ ਕਿੱਥੇ ਮਨਾਉਣ ਜਾਣਾ ਹੈ ਜਾਂ ਪਰਿਵਾਰ ਦਾ ਬਜਟ ਕਿਵੇਂ ਬਣਾਉਣਾ ਹੈ ਤਾਂਕਿ ਵਧਦੀ ਮਹਿੰਗਾਈ ਨਾਲ ਸਿੱਝਿਆ ਜਾ ਸਕੇ। ਇੱਦਾਂ ਦੇ ਫ਼ੈਸਲਿਆਂ ਦਾ ਪੂਰੇ ਪਰਿਵਾਰ ʼਤੇ ਅਸਰ ਪੈਂਦਾ ਹੈ, ਇਸ ਲਈ ਚੰਗਾ ਹੋਵੇਗਾ ਜੇ ਪਤੀ ਆਪਣੀ ਪਤਨੀ ਦੀ ਰਾਇ ਲਵੇ। ਇਸ ਤਰ੍ਹਾਂ ਕਰ ਕੇ ਪਤੀ ਸੋਚ-ਸਮਝ ਕੇ ਚੰਗਾ ਫ਼ੈਸਲਾ ਕਰ ਸਕੇਗਾ ਅਤੇ ਉਸ ਦੀ ਪਤਨੀ ਲਈ ਵੀ ਉਸ ਦਾ ਸਾਥ ਦੇਣਾ ਆਸਾਨ ਹੋਵੇਗਾ। (ਕਹਾ. 15:22) ਪਤਨੀਆਂ ਦਾ ਆਦਰ ਕਰਨ ਵਾਲੇ ਪਤੀ ਨਾ ਸਿਰਫ਼ ਆਪਣੀਆਂ ਪਤਨੀਆਂ ਦਾ ਪਿਆਰ ਤੇ ਆਦਰ ਪਾਉਣਗੇ, ਸਗੋਂ ਯਹੋਵਾਹ ਦਾ ਦਿਲ ਵੀ ਖ਼ੁਸ਼ ਕਰਨਗੇ।—ਅਫ਼. 5:28, 29.
ਪਤਨੀ ਆਪਣੇ ਪਤੀ ਦਾ ਆਦਰ ਕਿਵੇਂ ਕਰਦੀ ਹੈ
8. ਪਤਨੀਆਂ ਨੂੰ ਹੱਵਾਹ ਦੀ ਮਿਸਾਲ ʼਤੇ ਕਿਉਂ ਨਹੀਂ ਚੱਲਣਾ ਚਾਹੀਦਾ?
8 ਅਧੀਨ ਰਹਿਣ ਬਾਰੇ ਪਤਨੀਆਂ ਲਈ ਵੀ ਯਿਸੂ ਨੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਹੈ। ਅਧੀਨ ਰਹਿਣ ਸੰਬੰਧੀ ਯਿਸੂ ਅਤੇ ਪਹਿਲੀ ਔਰਤ ਹੱਵਾਹ ਦੇ ਰਵੱਈਏ ਵਿਚ ਕਿੰਨਾ ਫ਼ਰਕ ਹੈ! ਹੱਵਾਹ ਨੇ ਪਤਨੀਆਂ ਲਈ ਚੰਗੀ ਮਿਸਾਲ ਕਾਇਮ ਨਹੀਂ ਕੀਤੀ। ਪਰਮੇਸ਼ੁਰ ਨੇ ਆਦਮ ਨੂੰ ਉਸ ਦੇ ਸਿਰ ਵਜੋਂ ਠਹਿਰਾਇਆ ਸੀ ਅਤੇ ਉਸ ਦੇ ਰਾਹੀਂ ਯਹੋਵਾਹ ਹੱਵਾਹ ਨੂੰ ਹਿਦਾਇਤਾਂ ਦਿੰਦਾ ਸੀ। ਪਰ ਹੱਵਾਹ ਨੇ ਯਹੋਵਾਹ ਦੇ ਇਸ ਇੰਤਜ਼ਾਮ ਨੂੰ ਠੁਕਰਾ ਦਿੱਤਾ। ਉਹ ਆਦਮ ਦੀਆਂ ਦਿੱਤੀਆਂ ਹਿਦਾਇਤਾਂ ʼਤੇ ਚੱਲੀ ਨਹੀਂ। (ਉਤ. 2:16, 17; 3:3; 1 ਕੁਰਿੰ. 11:3) ਇਹ ਤਾਂ ਠੀਕ ਹੈ ਕਿ ਹੱਵਾਹ ਧੋਖੇ ਵਿਚ ਆ ਗਈ ਸੀ, ਫਿਰ ਵੀ ਉਸ ਨੂੰ ਆਪਣੇ ਪਤੀ ਦੀ ਸਲਾਹ ਲੈਣੀ ਚਾਹੀਦੀ ਸੀ। ਇਸ ਤਰ੍ਹਾਂ ਉਹ ਦੇਖ ਸਕਦੀ ਸੀ ਕਿ ਉਸ ਨੂੰ ਉਸ ਆਵਾਜ਼ ਅਨੁਸਾਰ ਚੱਲਣਾ ਚਾਹੀਦਾ ਸੀ ਜਾਂ ਨਹੀਂ ਜੋ ਕਹਿ ਰਹੀ ਸੀ ਕਿ “ਪਰਮੇਸ਼ੁਰ” ਕੀ ਕੁਝ “ਜਾਣਦਾ ਹੈ।” ਪਰ ਸਲਾਹ ਲੈਣ ਦੀ ਬਜਾਇ ਉਸ ਨੇ ਆਪਣੇ ਪਤੀ ਨੂੰ ਸੇਧ ਦੇਣ ਦੀ ਗੁਸਤਾਖ਼ੀ ਕੀਤੀ।—ਉਤ. 3:5, 6; 1 ਤਿਮੋ. 2:14.
9. ਅਧੀਨ ਰਹਿਣ ਬਾਰੇ ਯਿਸੂ ਕਿਹੋ ਜਿਹੀ ਮਿਸਾਲ ਹੈ?
9 ਹੱਵਾਹ ਦੀ ਮਿਸਾਲ ਦੇ ਉਲਟ ਯਿਸੂ ਨੇ ਆਪਣੇ ਸਿਰ ਯਹੋਵਾਹ ਦੇ ਅਧੀਨ ਰਹਿ ਕੇ ਬਿਹਤਰੀਨ ਮਿਸਾਲ ਕਾਇਮ ਕੀਤੀ। ਉਸ ਦੀ ਜ਼ਿੰਦਗੀ ਅਤੇ ਰਵੱਈਏ ਤੋਂ ਜ਼ਾਹਰ ਹੈ ਕਿ ਉਸ ਨੇ “ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ। ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।” (ਫ਼ਿਲਿ. 2:5-7) ਅੱਜ ਭਾਵੇਂ ਕਿ ਯਿਸੂ ਰਾਜਾ ਹੈ, ਪਰ ਉਸ ਦਾ ਰਵੱਈਆ ਬਦਲਿਆ ਨਹੀਂ। ਉਹ ਨਿਮਰਤਾ ਨਾਲ ਸਾਰੀਆਂ ਗੱਲਾਂ ਵਿਚ ਆਪਣੇ ਪਿਤਾ ਦੇ ਅਧੀਨ ਰਹਿੰਦਾ ਹੈ ਅਤੇ ਉਸ ਦੇ ਅਧਿਕਾਰ ਨੂੰ ਲਲਕਾਰਦਾ ਨਹੀਂ।—ਮੱਤੀ 20:23; ਯੂਹੰ. 5:30; 1 ਕੁਰਿੰ. 15:28.
10. ਪਤਨੀ ਆਪਣੇ ਪਤੀ ਦਾ ਸਾਥ ਕਿਵੇਂ ਦੇ ਸਕਦੀ ਹੈ?
10 ਪਤਨੀਆਂ ਲਈ ਚੰਗੀ ਗੱਲ ਹੈ ਕਿ ਉਹ ਆਪਣੇ ਪਤੀਆਂ ਦਾ ਸਾਥ ਦੇ ਕੇ ਯਿਸੂ ਦੀ ਰੀਸ ਕਰਨ। (1 ਪਤਰਸ 2:21; 3:1, 2 ਪੜ੍ਹੋ।) ਇਕ ਹਾਲਾਤ ʼਤੇ ਗੌਰ ਕਰੋ ਜਦੋਂ ਪਤਨੀਆਂ ਇੱਦਾਂ ਕਰ ਸਕਦੀਆਂ ਹਨ। ਮੰਨ ਲਓ ਕਿ ਪੁੱਤਰ ਕੋਈ ਅਜਿਹਾ ਕੰਮ ਕਰਨਾ ਚਾਹੁੰਦਾ ਹੈ ਜਿਸ ਵਾਸਤੇ ਉਸ ਨੂੰ ਆਪਣੇ ਮਾਪਿਆਂ ਦੀ ਇਜਾਜ਼ਤ ਲੈਣ ਦੀ ਲੋੜ ਹੈ। ਪੁੱਤਰ ਸਿਰਫ਼ ਆਪਣੀ ਮਾਂ ਨੂੰ ਪੁੱਛਦਾ ਹੈ। ਪਰ ਮਾਂ-ਬਾਪ ਦੋਹਾਂ ਨੇ ਅਜੇ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਇਸ ਲਈ ਚੰਗਾ ਹੋਵੇਗਾ ਕਿ ਮਾਂ ਪੁੱਤਰ ਤੋਂ ਪੁੱਛੇ: “ਕੀ ਤੂੰ ਆਪਣੇ ਡੈਡੀ ਕੋਲੋਂ ਪੁੱਛਿਆ ਹੈ?” ਜੇ ਪੁੱਤਰ ਨੇ ਪਿਤਾ ਕੋਲੋਂ ਨਹੀਂ ਪੁੱਛਿਆ ਹੈ, ਤਾਂ ਮਾਂ ਨੂੰ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਪਿਤਾ ਨਾਲ ਗੱਲ ਕਰਨੀ ਚਾਹੀਦੀ ਹੈ। ਨਾਲੇ ਪਤਨੀ ਬੱਚਿਆਂ ਦੇ ਸਾਮ੍ਹਣੇ ਪਤੀ ਦੇ ਵਿਚਾਰਾਂ ਦਾ ਖੰਡਨ ਨਹੀਂ ਕਰੇਗੀ ਜਾਂ ਉਨ੍ਹਾਂ ਨੂੰ ਗ਼ਲਤ ਨਹੀਂ ਕਹੇਗੀ। ਜੇ ਉਹ ਪਤੀ ਦੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੈ, ਤਾਂ ਉਸ ਨੂੰ ਇਸ ਬਾਰੇ ਪਤੀ ਨਾਲ ਇਕੱਲਿਆਂ ਗੱਲ ਕਰਨੀ ਚਾਹੀਦੀ ਹੈ।—ਅਫ਼. 6:4.
ਮਾਪਿਆਂ ਲਈ ਯਿਸੂ ਦੀ ਮਿਸਾਲ
11. ਯਿਸੂ ਨੇ ਮਾਪਿਆਂ ਲਈ ਕਿਹੋ ਜਿਹੀ ਮਿਸਾਲ ਕਾਇਮ ਕੀਤੀ?
11 ਭਾਵੇਂ ਯਿਸੂ ਵਿਆਹਿਆ ਹੋਇਆ ਨਹੀਂ ਸੀ ਜਾਂ ਉਸ ਦੇ ਨਿਆਣੇ ਨਹੀਂ ਸਨ, ਫਿਰ ਵੀ ਉਹ ਮਸੀਹੀ ਮਾਪਿਆਂ ਲਈ ਵਧੀਆ ਮਿਸਾਲ ਹੈ। ਉਹ ਕਿਵੇਂ? ਉਸ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਪਿਆਰ ਤੇ ਧੀਰਜ ਨਾਲ ਆਪਣੇ ਚੇਲਿਆਂ ਨੂੰ ਸਿਖਾਇਆ। ਉਸ ਨੇ ਉਨ੍ਹਾਂ ਨੂੰ ਦਿਖਾਇਆ ਕਿ ਉਹ ਕੰਮ ਕਿਵੇਂ ਕਰਨਾ ਹੈ ਜੋ ਉਸ ਨੇ ਉਨ੍ਹਾਂ ਨੂੰ ਦਿੱਤਾ ਸੀ। (ਲੂਕਾ 8:1) ਯਿਸੂ ਚੇਲਿਆਂ ਨਾਲ ਜਿਵੇਂ ਪੇਸ਼ ਆਇਆ ਅਤੇ ਜਿਹੋ ਜਿਹਾ ਰਵੱਈਆ ਦਿਖਾਇਆ, ਉਸ ਤੋਂ ਉਨ੍ਹਾਂ ਨੇ ਸਿੱਖਿਆ ਕਿ ਉਨ੍ਹਾਂ ਨੂੰ ਇਕ-ਦੂਜੇ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਸੀ।—ਯੂਹੰਨਾ 13:14-17 ਪੜ੍ਹੋ।
12, 13. ਜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਦਾ ਭੈ ਮੰਨਣ, ਤਾਂ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ?
12 ਬੱਚੇ ਅਕਸਰ ਆਪਣੇ ਮਾਪਿਆਂ ਦੀ ਨਕਲ ਕਰਦੇ ਹਨ ਭਾਵੇਂ ਉਨ੍ਹਾਂ ਦੀ ਮਿਸਾਲ ਚੰਗੀ ਹੈ ਜਾਂ ਮਾੜੀ। ਸੋ ਮਾਪਿਓ, ਆਪਣੇ ਤੋਂ ਪੁੱਛੋ: ‘ਜਿੰਨਾ ਸਮਾਂ ਅਸੀਂ ਟੀ.ਵੀ. ਦੇਖਣ ਅਤੇ ਮਨੋਰੰਜਨ ਕਰਨ ਵਿਚ ਲਾਉਂਦੇ ਹਾਂ ਅਤੇ ਜਿੰਨਾ ਸਮਾਂ ਬਾਈਬਲ ਪੜ੍ਹਨ ਤੇ ਪ੍ਰਚਾਰ ਕਰਨ ਵਿਚ ਲਾਉਂਦੇ ਹਾਂ, ਉਸ ਤੋਂ ਸਾਡੇ ਬੱਚੇ ਕੀ ਸਿੱਖਦੇ ਹਨ? ਅਸੀਂ ਕਿਹੜੀਆਂ ਗੱਲਾਂ ਨੂੰ ਤਰਜੀਹ ਦਿੰਦੇ ਹਾਂ? ਕੀ ਅਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇ ਕੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰ ਰਹੇ ਹਾਂ?’ ਜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਦਾ ਭੈ ਮੰਨਣ, ਪਹਿਲਾਂ ਉਨ੍ਹਾਂ ਨੂੰ ਆਪਣੇ ਦਿਲਾਂ ਵਿਚ ਪਰਮੇਸ਼ੁਰ ਦੀਆਂ ਗੱਲਾਂ ਬਿਠਾਉਣੀਆਂ ਚਾਹੀਦੀਆਂ ਹਨ।—ਬਿਵ. 6:6.
13 ਬੱਚੇ ਦੇਖਦੇ ਹਨ ਜਦੋਂ ਮਾਪੇ ਰੋਜ਼ ਬਾਈਬਲ ਦੇ ਅਸੂਲਾਂ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਮਾਪਿਆਂ ਦੀਆਂ ਗੱਲਾਂ ਅਤੇ ਸਿੱਖਿਆਵਾਂ ਦਾ ਅਸਰ ਬੱਚਿਆਂ ਉੱਤੇ ਜ਼ਰੂਰ ਪਵੇਗਾ। ਲੇਕਿਨ ਜੇ ਬੱਚੇ ਦੇਖਦੇ ਹਨ ਕਿ ਮਾਪੇ ਖ਼ੁਦ ਉਨ੍ਹਾਂ ਗੱਲਾਂ ʼਤੇ ਨਹੀਂ ਚੱਲਦੇ ਜਿਹੜੀਆਂ ਗੱਲਾਂ ʼਤੇ ਉਹ ਬੱਚਿਆਂ ਨੂੰ ਚੱਲਣ ਲਈ ਕਹਿੰਦੇ ਹਨ, ਤਾਂ ਉਹ ਸੋਚਣਗੇ ਕਿ ਬਾਈਬਲ ਦੇ ਅਸੂਲਾਂ ʼਤੇ ਚੱਲਣਾ ਇੰਨਾ ਜ਼ਰੂਰੀ ਨਹੀਂ ਹੈ। ਇਸ ਤਰ੍ਹਾਂ ਬੱਚੇ ਸੌਖਿਆਂ ਹੀ ਦੁਨੀਆਂ ਦੇ ਦਬਾਵਾਂ ਅੱਗੇ ਝੁਕ ਸਕਦੇ ਹਨ।
14, 15. ਮਾਪਿਆਂ ਨੂੰ ਆਪਣੇ ਬੱਚਿਆਂ ਵਿਚ ਕਿਹੜੀਆਂ ਕਦਰਾਂ-ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਅਤੇ ਉਹ ਕਿਹੜੇ ਇਕ ਤਰੀਕੇ ਨਾਲ ਇੱਦਾਂ ਕਰ ਸਕਦੇ ਹਨ?
14 ਮਸੀਹੀ ਮਾਪਿਆਂ ਨੂੰ ਪਤਾ ਹੈ ਕਿ ਬੱਚਿਆਂ ਨੂੰ ਸਿਰਫ਼ ਰੋਟੀ ਤੇ ਕੱਪੜਾ ਦੇਣ ਦੀ ਹੀ ਲੋੜ ਨਹੀਂ ਹੈ, ਸਗੋਂ ਕੁਝ ਹੋਰ ਕਰਨ ਦੀ ਵੀ ਲੋੜ ਹੈ। ਸੋ ਬੱਚਿਆਂ ਨੂੰ ਉਹ ਟੀਚੇ ਰੱਖਣ ਲਈ ਕਹਿਣਾ ਅਕਲਮੰਦੀ ਨਹੀਂ ਹੋਵੇਗੀ ਜਿਨ੍ਹਾਂ ਨੂੰ ਹਾਸਲ ਕਰ ਕੇ ਉਹ ਸਿਰਫ਼ ਧਨ-ਦੌਲਤ ਹੀ ਕਮਾ ਸਕਦੇ ਹਨ। (ਉਪ. 7:12) ਯਿਸੂ ਨੇ ਆਪਣੇ ਚੇਲਿਆਂ ਨੂੰ ਪਹਿਲਾਂ ਪਰਮੇਸ਼ੁਰ ਦੇ ਰਾਜ ਨੂੰ ਭਾਲਣ ਲਈ ਕਿਹਾ ਸੀ। (ਮੱਤੀ 6:33) ਇਸ ਲਈ ਯਿਸੂ ਦੀ ਮਿਸਾਲ ʼਤੇ ਚੱਲਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਵਿਚ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖਣ ਦੀ ਇੱਛਾ ਪੈਦਾ ਕਰਨੀ ਚਾਹੀਦੀ ਹੈ।
15 ਇੱਦਾਂ ਕਰਨ ਦਾ ਇਕ ਤਰੀਕਾ ਹੈ ਕਿ ਮਾਪੇ ਉਨ੍ਹਾਂ ਮੌਕਿਆਂ ਦਾ ਫ਼ਾਇਦਾ ਉਠਾਉਣ ਜਦੋਂ ਉਨ੍ਹਾਂ ਦੇ ਬੱਚੇ ਫੁੱਲ-ਟਾਈਮ ਸੇਵਾ ਕਰਨ ਵਾਲੇ ਭੈਣ-ਭਰਾਵਾਂ ਦੀ ਸੰਗਤ ਕਰ ਸਕਦੇ ਹਨ। ਜ਼ਰਾ ਸੋਚੋ ਕਿ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਕਿੰਨਾ ਉਤਸ਼ਾਹ ਮਿਲ ਸਕਦਾ ਹੈ ਜਦੋਂ ਉਹ ਪਾਇਨੀਅਰਾਂ, ਸਰਕਟ ਨਿਗਾਹਬਾਨ ਤੇ ਉਸ ਦੀ ਪਤਨੀ ਨਾਲ ਆਪਣੀ ਜਾਣ-ਪਛਾਣ ਵਧਾਉਣਗੇ। ਦੂਜੇ ਦੇਸ਼ਾਂ ਤੋਂ ਆਏ ਮਿਸ਼ਨਰੀ, ਬੈਥਲ ਵਿਚ ਸੇਵਾ ਕਰਦੇ ਭੈਣ-ਭਰਾ ਤੇ ਦੂਜੇ ਦੇਸ਼ਾਂ ਵਿਚ ਉਸਾਰੀ ਦਾ ਕੰਮ ਕਰਨ ਵਾਲੇ ਭੈਣ-ਭਰਾ ਜੋਸ਼ ਨਾਲ ਦੱਸਣਗੇ ਕਿ ਯਹੋਵਾਹ ਦੀ ਸੇਵਾ ਕਰ ਕੇ ਉਨ੍ਹਾਂ ਨੂੰ ਕਿੰਨਾ ਮਜ਼ਾ ਆਉਂਦਾ ਹੈ। ਇਨ੍ਹਾਂ ਭੈਣਾਂ-ਭਰਾਵਾਂ ਦੇ ਦਿਲਚਸਪ ਤਜਰਬੇ ਸੁਣ ਕੇ ਬੱਚਿਆਂ ʼਤੇ ਚੰਗਾ ਅਸਰ ਪਵੇਗਾ। ਇਨ੍ਹਾਂ ਭੈਣਾਂ-ਭਰਾਵਾਂ ਨੇ ਸੇਵਾ ਕਰਨ ਲਈ ਜੋ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ਬਾਰੇ ਜਾਣ ਕੇ ਤੁਹਾਡੇ ਬੱਚਿਆਂ ਨੂੰ ਸਹੀ ਫ਼ੈਸਲੇ ਕਰਨ ਤੇ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖਣ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਉਹ ਸਕੂਲ ਵਿਚ ਕੋਈ ਕਿੱਤਾ ਸਿੱਖ ਸਕਦੇ ਹਨ ਜਿਸ ਦੀ ਮਦਦ ਨਾਲ ਉਹ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਕਰਦਿਆਂ ਆਪਣਾ ਗੁਜ਼ਾਰਾ ਤੋਰ ਸਕਦੇ ਹਨ।
ਬੱਚਿਓ, ਯਿਸੂ ਦੀ ਮਿਸਾਲ ʼਤੇ ਚੱਲਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?
16. ਧਰਤੀ ʼਤੇ ਯਿਸੂ ਨੇ ਆਪਣੇ ਮਾਪਿਆਂ ਦਾ ਅਤੇ ਆਪਣੇ ਸਵਰਗੀ ਪਿਤਾ ਦਾ ਕਿਵੇਂ ਆਦਰ ਕੀਤਾ?
16 ਬੱਚਿਓ, ਯਿਸੂ ਨੇ ਤੁਹਾਡੇ ਲਈ ਵੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ। ਪਰਮੇਸ਼ੁਰ ਨੇ ਯੂਸੁਫ਼ ਅਤੇ ਮਰਿਯਮ ਨੂੰ ਯਿਸੂ ਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਅਤੇ ਯਿਸੂ ਉਨ੍ਹਾਂ ਦੇ ਕਹਿਣੇ ਵਿਚ ਰਿਹਾ। (ਲੂਕਾ 2:51 ਪੜ੍ਹੋ।) ਯਿਸੂ ਜਾਣਦਾ ਸੀ ਕਿ ਭਾਵੇਂ ਉਸ ਦੇ ਮਾਪਿਆਂ ਵਿਚ ਕਮੀਆਂ-ਕਮਜ਼ੋਰੀਆਂ ਸਨ, ਪਰ ਉਸ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਸੀ। ਇਸ ਲਈ ਉਨ੍ਹਾਂ ਦਾ ਆਦਰ ਕਰਨਾ ਜ਼ਰੂਰੀ ਸੀ। (ਬਿਵ. 5:16; ਮੱਤੀ 15:4) ਵੱਡਾ ਹੋ ਕੇ ਵੀ ਯਿਸੂ ਨੇ ਹਮੇਸ਼ਾ ਉਹੀ ਕੰਮ ਕੀਤੇ ਜੋ ਉਸ ਦੇ ਪਿਤਾ ਨੂੰ ਭਾਉਂਦੇ ਸਨ। ਇਨ੍ਹਾਂ ਵਿਚ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਵੀ ਸ਼ਾਮਲ ਸੀ। (ਮੱਤੀ 4:1-10) ਬੱਚਿਓ, ਤੁਹਾਨੂੰ ਵੀ ਕਦੇ-ਕਦੇ ਆਪਣੇ ਮਾਪਿਆਂ ਦਾ ਕਹਿਣਾ ਨਾ ਮੰਨਣ ਦਾ ਪਰਤਾਵਾ ਆ ਸਕਦਾ ਹੈ। ਸੋ ਯਿਸੂ ਦੀ ਮਿਸਾਲ ʼਤੇ ਚੱਲਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?
17, 18. (ੳ) ਸਕੂਲ ਵਿਚ ਨੌਜਵਾਨਾਂ ਨੂੰ ਕਿਹੜੇ ਦਬਾਅ ਆਉਂਦੇ ਹਨ? (ਅ) ਕਿਹੜੀ ਗੱਲ ਯਾਦ ਰੱਖ ਕੇ ਨੌਜਵਾਨ ਪਰਤਾਵਿਆਂ ਦਾ ਸਾਮ੍ਹਣਾ ਕਰ ਸਕਦੇ ਹਨ?
17 ਤੁਹਾਡੇ ਨਾਲ ਪੜ੍ਹਨ ਵਾਲੇ ਮੁੰਡੇ-ਕੁੜੀਆਂ ਨੂੰ ਸ਼ਾਇਦ ਬਾਈਬਲ ਦੇ ਅਸੂਲਾਂ ਦੀ ਕੋਈ ਪਰਵਾਹ ਨਹੀਂ। ਹੋ ਸਕਦਾ ਹੈ ਕਿ ਉਹ ਤੁਹਾਨੂੰ ਬਾਈਬਲ ਦੇ ਖ਼ਿਲਾਫ਼ ਕੰਮਾਂ ਵਿਚ ਭਾਗ ਲੈਣ ਲਈ ਕਹਿਣ ਅਤੇ ਤੁਹਾਡੇ ਇਨਕਾਰ ਕਰਨ ਤੇ ਸ਼ਾਇਦ ਤੁਹਾਡਾ ਮਜ਼ਾਕ ਉਡਾਉਣ। ਕੀ ਉਨ੍ਹਾਂ ਵਰਗੇ ਕੰਮ ਨਾ ਕਰਨ ਕਰਕੇ ਇਹ ਮੁੰਡੇ-ਕੁੜੀਆਂ ਤੁਹਾਨੂੰ ਉਲਟੇ-ਸਿੱਧੇ ਨਾਵਾਂ ਨਾਲ ਬੁਲਾਉਂਦੇ ਹਨ? ਇਹ ਨਾਂ ਸੁਣ ਕੇ ਤੁਸੀਂ ਕੀ ਕਰਦੇ ਹੋ? ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਉਨ੍ਹਾਂ ਤੋਂ ਡਰ ਕੇ ਉਨ੍ਹਾਂ ਵਰਗੇ ਕੰਮ ਕਰੋਗੇ, ਤਾਂ ਤੁਸੀਂ ਆਪਣੇ ਮਾਪਿਆਂ ਨੂੰ ਤੇ ਯਹੋਵਾਹ ਨੂੰ ਨਾਰਾਜ਼ ਕਰੋਗੇ। ਤੁਹਾਡਾ ਕੀ ਬਣੇਗਾ ਜੇ ਤੁਸੀਂ ਉਨ੍ਹਾਂ ਦੇ ਪਿੱਛੇ ਲੱਗ ਜਾਓਗੇ? ਤੁਸੀਂ ਸ਼ਾਇਦ ਆਪਣੇ ਲਈ ਕੁਝ ਟੀਚੇ ਰੱਖੇ ਹਨ ਜਿਵੇਂ ਪਾਇਨੀਅਰ ਜਾਂ ਸਹਾਇਕ ਸੇਵਕ ਬਣਨਾ, ਜ਼ਿਆਦਾ ਲੋੜ ਵਾਲੇ ਇਲਾਕੇ ਵਿਚ ਪ੍ਰਚਾਰ ਕਰਨਾ ਜਾਂ ਬੈਥਲ ਜਾਣਾ। ਕੀ ਸਕੂਲ ਦੇ ਮੁੰਡੇ-ਕੁੜੀਆਂ ਨਾਲ ਮਿਲਣ-ਜੁਲਣ ਨਾਲ ਤੁਸੀਂ ਇਹ ਟੀਚੇ ਹਾਸਲ ਕਰ ਪਾਓਗੇ?
18 ਕਲੀਸਿਯਾ ਦੇ ਬੱਚਿਓ ਤੇ ਨੌਜਵਾਨੋ, ਕੀ ਤੁਹਾਨੂੰ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿਚ ਤੁਹਾਡੀ ਨਿਹਚਾ ਦੀ ਪਰਖ ਹੁੰਦੀ ਹੈ? ਉਦੋਂ ਤੁਸੀਂ ਕੀ ਕਰਦੇ ਹੋ? ਆਪਣੇ ਆਦਰਸ਼ ਯਿਸੂ ਬਾਰੇ ਸੋਚੋ। ਉਹ ਪਰਤਾਵਿਆਂ ਅੱਗੇ ਝੁਕਿਆ ਨਹੀਂ ਅਤੇ ਦ੍ਰਿੜ੍ਹ ਰਹਿ ਕੇ ਉਹੀ ਕੁਝ ਕੀਤਾ ਜੋ ਉਸ ਨੂੰ ਪਤਾ ਸੀ ਕਿ ਸਹੀ ਹੈ। ਇਹ ਗੱਲ ਯਾਦ ਰੱਖਣ ਨਾਲ ਤੁਹਾਨੂੰ ਸਕੂਲ ਦੇ ਮੁੰਡੇ-ਕੁੜੀਆਂ ਨੂੰ ਦੱਸਣ ਦੀ ਹਿੰਮਤ ਮਿਲੇਗੀ ਕਿ ਤੁਸੀਂ ਉਨ੍ਹਾਂ ਨਾਲ ਉਹ ਕੰਮ ਨਹੀਂ ਕਰੋਗੇ ਜੋ ਤੁਹਾਨੂੰ ਪਤਾ ਹੈ ਕਿ ਗ਼ਲਤ ਹਨ। ਯਿਸੂ ਦੀ ਤਰ੍ਹਾਂ ਆਪਣੀ ਨਜ਼ਰ ਉਨ੍ਹਾਂ ਬਰਕਤਾਂ ਉੱਤੇ ਟਿਕਾਈ ਰੱਖੋ ਜੋ ਤੁਹਾਨੂੰ ਜ਼ਿੰਦਗੀ ਭਰ ਖ਼ੁਸ਼ੀ ਨਾਲ ਸੇਵਾ ਕਰ ਕੇ ਅਤੇ ਯਹੋਵਾਹ ਦੀ ਆਗਿਆ ਮੰਨ ਕੇ ਮਿਲ ਸਕਦੀਆਂ ਹਨ।—ਇਬ. 12:2.
ਪਰਿਵਾਰਕ ਖ਼ੁਸ਼ੀ ਦਾ ਰਾਜ਼
19. ਕਿਹੋ ਜਿਹੀ ਜ਼ਿੰਦਗੀ ਜੀ ਕੇ ਸੱਚੀ ਖ਼ੁਸ਼ੀ ਮਿਲ ਸਕਦੀ ਹੈ?
19 ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਚਾਹੁੰਦੇ ਹਨ ਕਿ ਇਨਸਾਨ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਣ। ਭਾਵੇਂ ਸਾਡੇ ਵਿਚ ਕਮੀਆਂ-ਕਮਜ਼ੋਰੀਆਂ ਹਨ, ਫਿਰ ਵੀ ਅਸੀਂ ਕੁਝ ਹੱਦ ਤਕ ਖ਼ੁਸ਼ ਰਹਿ ਸਕਦੇ ਹਾਂ। (ਯਸਾ. 48:17, 18; ਮੱਤੀ 5:3) ਯਿਸੂ ਨੇ ਉਹ ਸੱਚਾਈਆਂ ਸਿਖਾਈਆਂ ਜਿਨ੍ਹਾਂ ਅਨੁਸਾਰ ਜੀ ਕੇ ਇਨਸਾਨ ਖ਼ੁਸ਼ ਰਹਿ ਸਕਦੇ ਹਨ। ਪਰ ਯਿਸੂ ਨੇ ਸਿਰਫ਼ ਇਹੀ ਕੁਝ ਆਪਣੇ ਚੇਲਿਆਂ ਨੂੰ ਨਹੀਂ ਸਿਖਾਇਆ। ਯਿਸੂ ਨੇ ਸਭ ਤੋਂ ਬਿਹਤਰ ਜ਼ਿੰਦਗੀ ਜੀਣ ਦਾ ਤਰੀਕਾ ਵੀ ਸਿਖਾਇਆ। ਇਸ ਤੋਂ ਇਲਾਵਾ, ਯਿਸੂ ਨੇ ਆਪ ਸਾਦੀ ਜ਼ਿੰਦਗੀ ਜੀ ਕੇ ਅਤੇ ਸਹੀ ਰਵੱਈਆ ਰੱਖ ਕੇ ਵਧੀਆ ਮਿਸਾਲ ਕਾਇਮ ਕੀਤੀ। ਮਾਪੇ ਅਤੇ ਬੱਚੇ, ਸਾਰੇ ਹੀ ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਚੱਲ ਕੇ ਲਾਭ ਉਠਾ ਸਕਦੇ ਹਨ। ਸੋ ਪਤੀਓ, ਪਤਨੀਓ, ਮਾਪਿਓ ਅਤੇ ਬੱਚਿਓ, ਯਿਸੂ ਦੀ ਮਿਸਾਲ ʼਤੇ ਚੱਲੋ! ਯਿਸੂ ਦੀਆਂ ਸਿੱਖਿਆਵਾਂ ਨੂੰ ਅਪਣਾਉਣਾ ਤੇ ਉਸ ਦੀ ਨਕਲ ਕਰਨਾ ਹੀ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਰਾਜ਼ ਹੈ।
ਤੁਸੀਂ ਕਿਵੇਂ ਜਵਾਬ ਦਿਓਗੇ?
• ਪਤੀ ਆਪਣੇ ਅਧਿਕਾਰ ਨੂੰ ਕਿਵੇਂ ਵਰਤਣਗੇ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤਾ ਹੈ?
• ਪਤਨੀ ਯਿਸੂ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੀ ਹੈ?
• ਜਿਸ ਤਰ੍ਹਾਂ ਯਿਸੂ ਆਪਣੇ ਚੇਲਿਆਂ ਨਾਲ ਪੇਸ਼ ਆਇਆ ਸੀ, ਉਸ ਤੋਂ ਮਾਪੇ ਕੀ ਸਿੱਖ ਸਕਦੇ ਹਨ?
• ਬੱਚੇ ਅਤੇ ਨੌਜਵਾਨ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
[ਸਫ਼ਾ 8 ਉੱਤੇ ਤਸਵੀਰ]
ਪਰਿਵਾਰ ਬਾਰੇ ਫ਼ੈਸਲੇ ਕਰਨ ਤੋਂ ਪਹਿਲਾਂ ਪਿਆਰ ਕਰਨ ਵਾਲਾ ਪਤੀ ਕੀ ਕਰੇਗਾ?
[ਸਫ਼ਾ 9 ਉੱਤੇ ਤਸਵੀਰ]
ਪਤਨੀ ਕਿਸ ਹਾਲਾਤ ਵਿਚ ਆਪਣੇ ਪਤੀ ਦੀ ਸਿਰ ਵਜੋਂ ਜ਼ਿੰਮੇਵਾਰੀ ਨਿਭਾਉਣ ਵਿਚ ਸਾਥ ਦੇਵੇਗੀ?
[ਸਫ਼ਾ 10 ਉੱਤੇ ਤਸਵੀਰ]
ਬੱਚੇ ਆਪਣੇ ਮਾਪਿਆਂ ਦੀਆਂ ਚੰਗੀਆਂ ਆਦਤਾਂ ਨੂੰ ਅਪਣਾਉਂਦੇ ਹਨ