ਉਹ ਪੁਰਾਣੀ ਦੁਨੀਆਂ ਕਿਉਂ ਤਬਾਹ ਹੋਈ ਸੀ?
ਦੁਨੀਆਂ ਭਰ ਵਿਚ ਆਈ ਜਲ ਪਰਲੋ ਕੋਈ ਕੁਦਰਤੀ ਆਫ਼ਤ ਨਹੀਂ ਸੀ। ਇਹ ਪਰਮੇਸ਼ੁਰ ਵੱਲੋਂ ਸਜ਼ਾ ਸੀ। ਲੋਕਾਂ ਨੂੰ ਇਸ ਦੀ ਚੇਤਾਵਨੀ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੱਤਾ। ਕਿਉਂ? ਯਿਸੂ ਨੇ ਇਸ ਬਾਰੇ ਦੱਸਿਆ: “ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ [“ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ,” ਨਿ ਵ] ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ।”—ਮੱਤੀ 24:38, 39.
ਇਕ ਵਿਕਸਿਤ ਸਭਿਅਤਾ
ਕੁਝ ਹੱਦ ਤਕ ਜਲ ਪਰਲੋ ਤੋਂ ਪਹਿਲਾਂ ਦੀ ਸਭਿਅਤਾ ਨੇ ਉਨ੍ਹਾਂ ਫ਼ਾਇਦਿਆਂ ਦਾ ਆਨੰਦ ਮਾਣਿਆ ਜਿਨ੍ਹਾਂ ਦਾ ਅੱਜ ਅਸੀਂ ਨਹੀਂ ਮਾਣਦੇ। ਉਦਾਹਰਣ ਵਜੋਂ, ਸਾਰੀ ਮਨੁੱਖਜਾਤੀ ਇੱਕੋ ਹੀ ਭਾਸ਼ਾ ਬੋਲਦੀ ਸੀ। (ਉਤਪਤ 11:1) ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਮਿਲ ਕੇ ਕਲਾ ਅਤੇ ਵਿਗਿਆਨ ਦੇ ਖੇਤਰ ਵਿਚ ਕਾਮਯਾਬੀਆਂ ਹਾਸਲ ਕਰਨ ਲਈ ਆਪਣੇ ਅਲੱਗ-ਅਲੱਗ ਹੁਨਰਾਂ ਨੂੰ ਵਰਤਣ ਦਾ ਮੌਕਾ ਮਿਲਿਆ ਹੋਵੇਗਾ। ਨਾਲੇ ਜ਼ਿਆਦਾਤਰ ਲੋਕ ਲੰਬੀ ਜ਼ਿੰਦਗੀ ਦਾ ਆਨੰਦ ਮਾਣਦੇ ਸਨ। ਇਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਸਦੀਆਂ ਤੋਂ ਜੋ ਕੁਝ ਸਿੱਖਿਆ ਸੀ, ਉਸ ਵਿਚ ਉਹ ਹੋਰ ਮਹਾਰਤ ਹਾਸਲ ਕਰ ਸਕਦੇ ਸਨ।
ਕੁਝ ਲੋਕ ਦਾਅਵਾ ਕਰਦੇ ਹਨ ਕਿ ਅਸਲ ਵਿਚ ਉਦੋਂ ਜ਼ਿੰਦਗੀ ਇੰਨੀ ਲੰਬੀ ਨਹੀਂ ਹੁੰਦੀ ਸੀ ਕਿਉਂਕਿ ਬਾਈਬਲ ਵਿਚ ਜ਼ਿਕਰ ਕੀਤੇ ਗਏ ਸਾਲ ਅਸਲ ਵਿਚ ਮਹੀਨੇ ਸਨ। ਕੀ ਇਹ ਸੱਚ ਹੈ? ਜ਼ਰਾ ਮਹਲਲੇਲ ਦੀ ਉਮਰ ਤੇ ਗੌਰ ਕਰੋ। ਬਾਈਬਲ ਕਹਿੰਦੀ ਹੈ: “ਮਹਲਲੇਲ ਪਹਿੰਟਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਯਰਦ ਜੰਮਿਆ। . . . ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।” (ਉਤਪਤ 5:15-17) ਜੇ ਇੱਥੇ ਸਾਲ ਦਾ ਮਤਲਬ ਮਹੀਨਾ ਹੈ, ਤਾਂ ਮਹਲਲੇਲ ਸਿਰਫ਼ ਪੰਜ ਸਾਲ ਦੀ ਉਮਰ ਵਿਚ ਪਿਤਾ ਬਣਿਆ ਸੀ! ਇੱਥੇ ਸਾਲ ਦਾ ਮਤਲਬ ਮਹੀਨਾ ਨਹੀਂ ਹੈ। ਉਸ ਵੇਲੇ ਦੇ ਲੋਕਾਂ ਦੀ ਸਿਹਤ ਕਾਫ਼ੀ ਹੱਦ ਤਕ ਤੰਦਰੁਸਤ ਹੁੰਦੀ ਸੀ ਜਿਵੇਂ ਪਹਿਲੇ ਸੰਪੂਰਣ ਇਨਸਾਨ ਆਦਮ ਦੀ ਸੀ। ਸੱਚ-ਮੁੱਚ ਉਹ ਸਦੀਆਂ ਤਕ ਜੀਉਂਦੇ ਰਹੇ ਸਨ। ਉਨ੍ਹਾਂ ਨੇ ਕਿਹੜੇ ਕੰਮ ਕਰਨੇ ਸਿੱਖੇ?
ਜਲ ਪਰਲੋ ਤੋਂ ਕਈ ਸਦੀਆਂ ਪਹਿਲਾਂ ਧਰਤੀ ਦੀ ਆਬਾਦੀ ਇੰਨੀ ਵਧ ਗਈ ਸੀ ਕਿ ਆਦਮ ਦੇ ਮੁੰਡੇ ਕਇਨ ਨੇ ਇਕ ਨਗਰ ਬਣਾਇਆ ਜਿਸ ਦਾ ਨਾਂ ਉਸ ਨੇ ਹਨੋਕ ਰੱਖਿਆ। (ਉਤਪਤ 4:17) ਜਲ ਪਰਲੋ ਤੋਂ ਪਹਿਲਾਂ ਦੇ ਸਮਿਆਂ ਦੌਰਾਨ ਵੱਖੋ-ਵੱਖਰੇ ਉਦਯੋਗ ਵਧੇ-ਫੁੱਲੇ ਸਨ। “ਲੋਹੇ ਅਰ ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ” ਬਣਾਉਣ ਲਈ ਭੱਠੀਆਂ ਬਣੀਆਂ ਹੋਈਆਂ ਸਨ। (ਉਤਪਤ 4:22) ਬਿਨਾਂ ਸ਼ੱਕ, ਇਹ ਸੰਦ ਇਮਾਰਤਾਂ ਦੀ ਉਸਾਰੀ, ਲੱਕੜੀ ਦੇ ਕੰਮ, ਦਰਜ਼ੀ ਤੇ ਖੇਤੀ ਦੇ ਕੰਮਾਂ ਲਈ ਵਰਤੇ ਜਾਂਦੇ ਸਨ। ਧਰਤੀ ਦੇ ਪਹਿਲੇ ਇਨਸਾਨਾਂ ਦੇ ਬਿਰਤਾਂਤਾਂ ਵਿਚ ਇਨ੍ਹਾਂ ਸਾਰੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਸਾਰੇ ਗਿਆਨ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਜਿਹੀ ਸਿੱਖਿਆ ਵਿਚ ਮਾਹਰ ਹੋਣ ਵਿਚ ਮਦਦ ਕੀਤੀ ਹੋਵੇਗੀ ਜਿਵੇਂ ਧਾਤਾਂ ਨੂੰ ਸ਼ੁੱਧ ਕਰਨ ਦਾ ਗਿਆਨ, ਖੇਤੀਬਾੜੀ-ਵਿਗਿਆਨ, ਭੇਡਾਂ-ਬੱਕਰੀਆਂ ਤੇ ਮੱਝਾਂ-ਗਾਵਾਂ ਪਾਲਣੀਆਂ, ਲਿਖਣ-ਕਲਾ, ਚਿੱਤਰਕਾਰੀ ਜਾਂ ਸੰਗੀਤ ਆਦਿ। ਉਦਾਹਰਣ ਵਜੋਂ, ਜੂਬਲ ਉਨ੍ਹਾਂ “ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਰ ਬੀਨ ਬਜਾਉਂਦੇ ਸਨ।” (ਉਤਪਤ 4:21) ਇਹ ਸਭਿਅਤਾ ਬਹੁਤ ਵਧੀ-ਫੁੱਲੀ। ਪਰ ਅਚਾਨਕ ਹੀ ਸਾਰੀਆਂ ਚੀਜ਼ਾਂ ਦਾ ਅੰਤ ਹੋ ਗਿਆ। ਕਿਸ ਕਰਕੇ ਹੋਇਆ ਸੀ?
ਲੋਕਾਂ ਨੇ ਕੀ ਗ਼ਲਤੀ ਕੀਤੀ ਸੀ?
ਇਨ੍ਹਾਂ ਸਾਰੇ ਫ਼ਾਇਦਿਆਂ ਦੇ ਹੁੰਦੇ ਹੋਏ ਵੀ ਜਲ ਪਰਲੋ ਤੋਂ ਪਹਿਲਾਂ ਦੀ ਦੁਨੀਆਂ ਦੀ ਸ਼ੁਰੂਆਤ ਬੁਰੀ ਸੀ। ਇਸ ਦੇ ਜਨਮਦਾਤਾ ਆਦਮ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਸੀ। ਇਤਿਹਾਸ ਵਿਚ ਦਰਜ ਪਹਿਲੇ ਨਗਰ ਨੂੰ ਬਣਾਉਣ ਵਾਲੇ ਕਇਨ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਸੀ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬੁਰਾਈ ਤੇਜ਼ੀ ਨਾਲ ਵਧੀ! ਆਦਮ ਦੀ ਸਮੁੱਚੀ ਔਲਾਦ ਨੂੰ ਆਦਮ ਦੀ ਨੁਕਸਦਾਰ ਵਿਰਾਸਤ ਦੇ ਸਿੱਟੇ ਭੁਗਤਣੇ ਪਏ।—ਰੋਮੀਆਂ 5:12.
ਬੁਰਾਈ ਦਿਨ-ਬ-ਦਿਨ ਵਧਦੀ ਜਾ ਰਹੀ ਸੀ ਜਿਸ ਕਰਕੇ ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਹ ਇਸ ਸਥਿਤੀ ਨੂੰ ਸਿਰਫ਼ 120 ਸਾਲ ਹੋਰ ਰਹਿਣ ਦੇਵੇਗਾ। (ਉਤਪਤ 6:3) ਬਾਈਬਲ ਦੱਸਦੀ ਹੈ: “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ [ਸੀ]। . . . ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।”—ਉਤਪਤ 6:5, 11.
ਆਖ਼ਰਕਾਰ ਪਰਮੇਸ਼ੁਰ ਨੇ ਨੂਹ ਨੂੰ ਕਿਹਾ ਕਿ ਉਹ ਜਲ ਪਰਲੋ ਵਿਚ ਸਾਰਿਆਂ ਨੂੰ ਨਾਸ਼ ਕਰ ਦੇਵੇਗਾ। (ਉਤਪਤ 6:13, 17) ਹਾਲਾਂਕਿ ਨੂਹ “ਧਰਮ ਦਾ ਪ੍ਰਚਾਰਕ” ਸੀ, ਪਰ ਲੋਕਾਂ ਨੂੰ ਵਿਸ਼ਵਾਸ ਕਰਨਾ ਮੁਸ਼ਕਲ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਆਲੇ-ਦੁਆਲੇ ਦੀ ਹਰ ਚੀਜ਼ ਦਾ ਅੰਤ ਹੋਣ ਵਾਲਾ ਸੀ। (2 ਪਤਰਸ 2:5) ਸਿਰਫ਼ ਅੱਠ ਲੋਕਾਂ ਨੇ ਚੇਤਾਵਨੀ ਵੱਲ ਧਿਆਨ ਦਿੱਤਾ ਤੇ ਬਚ ਗਏ। (1 ਪਤਰਸ 3:20) ਇਹ ਚੇਤਾਵਨੀ ਅੱਜ ਸਾਡੇ ਲਈ ਕੀ ਅਹਿਮੀਅਤ ਰੱਖਦੀ ਹੈ?
ਸਾਡੇ ਲਈ ਇਹ ਕੀ ਅਹਿਮੀਅਤ ਰੱਖਦੀ ਹੈ?
ਅਸੀਂ ਵੀ ਨੂਹ ਵਰਗੇ ਸਮਿਆਂ ਵਿਚ ਰਹਿੰਦੇ ਹਾਂ। ਅਸੀਂ ਲਗਾਤਾਰ ਅੱਤਵਾਦ ਦੇ ਭਿਆਨਕ ਹਮਲਿਆਂ, ਪੂਰੀ ਦੀ ਪੂਰੀ ਨਸਲ ਨੂੰ ਖ਼ਤਮ ਕਰਨ ਲਈ ਕੱਟ-ਵੱਢ, ਛੋਟੀ-ਛੋਟੀ ਗੱਲ ਪਿੱਛੇ ਲੋਕਾਂ ਦੀ ਹੱਤਿਆ ਅਤੇ ਦਿਲ ਨੂੰ ਹਿਲਾ ਦੇਣ ਵਾਲੀ ਘਰੇਲੂ ਹਿੰਸਾ ਬਾਰੇ ਸੁਣਦੇ ਹਾਂ। ਧਰਤੀ ਫਿਰ ਹਿੰਸਾ ਨਾਲ ਭਰ ਗਈ ਹੈ ਤੇ ਪਹਿਲਾਂ ਦੀ ਤਰ੍ਹਾਂ ਅੱਜ ਦੀ ਦੁਨੀਆਂ ਨੂੰ ਵੀ ਪਰਮੇਸ਼ੁਰ ਦੇ ਆਉਣ ਵਾਲੇ ਨਿਆਂ ਦੀ ਚੇਤਾਵਨੀ ਦਿੱਤੀ ਗਈ ਹੈ। ਯਿਸੂ ਨੇ ਕਿਹਾ ਸੀ ਕਿ ਉਹ ਪਰਮੇਸ਼ੁਰ ਦੇ ਨਿਯੁਕਤ ਕੀਤੇ ਨਿਆਈਂ ਵਜੋਂ ਆਵੇਗਾ ਤੇ ਲੋਕਾਂ ਨੂੰ ਇਸ ਤਰ੍ਹਾਂ ਵੱਖਰੇ ਕਰੇਗਾ ਜਿਵੇਂ ਇਕ ਚਰਵਾਹਾ ਭੇਡਾਂ ਨੂੰ ਬੱਕਰੀਆਂ ਨਾਲੋਂ ਵੱਖ ਕਰਦਾ ਹੈ। ਯਿਸੂ ਨੇ ਕਿਹਾ ਕਿ ਬੁਰੇ ਲੋਕ “ਸਦੀਪਕ ਸਜ਼ਾ ਵਿੱਚ ਜਾਣਗੇ।” (ਮੱਤੀ 25:31-33, 46) ਪਰ ਬਾਈਬਲ ਕਹਿੰਦੀ ਹੈ ਕਿ ਇਸ ਵਾਰ ਲੱਖਾਂ ਹੀ ਲੋਕ ਯਾਨੀ ਇਕ ਵੱਡੀ ਭੀੜ ਬਚੇਗੀ ਜੋ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੀ ਹੈ। ਆਉਣ ਵਾਲੀ ਦੁਨੀਆਂ ਵਿਚ ਇਹ ਲੋਕ ਸ਼ਾਂਤੀ ਤੇ ਸੁਰੱਖਿਆ ਭਰੀ ਜ਼ਿੰਦਗੀ ਦਾ ਹਮੇਸ਼ਾ ਲਈ ਆਨੰਦ ਮਾਣਨਗੇ ਜਿਸ ਦਾ ਉਨ੍ਹਾਂ ਨੇ ਪਹਿਲਾਂ ਕਦੀ ਆਨੰਦ ਨਹੀਂ ਮਾਣਿਆ।—ਮੀਕਾਹ 4:3, 4; ਪਰਕਾਸ਼ ਦੀ ਪੋਥੀ 7:9-17.
ਬਹੁਤ ਸਾਰੇ ਲੋਕ ਬਾਈਬਲ ਦੀਆਂ ਸਿੱਖਿਆਵਾਂ ਅਤੇ ਨਿਆਂ ਬਾਰੇ ਚੇਤਾਵਨੀਆਂ ਦਾ ਮਖੌਲ ਉਡਾਉਂਦੇ ਹਨ ਜੋ ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਪੂਰੀਆਂ ਹੋਣਗੀਆਂ। ਪਰ ਪਤਰਸ ਰਸੂਲ ਨੇ ਕਿਹਾ ਕਿ ਅਜਿਹੇ ਨੁਕਤਾਚੀਨੀ ਕਰਨ ਵਾਲੇ ਲੋਕ ਹਕੀਕਤ ਵੱਲ ਧਿਆਨ ਨਹੀਂ ਦਿੰਦੇ। ਉਸ ਨੇ ਲਿਖਿਆ: “ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ . . . ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? . . . ਓਹ ਜਾਣ ਬੁੱਝ ਕੇ ਇਹ ਨੂੰ ਭੁਲਾ ਛੱਡਦੇ ਹਨ ਭਈ ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪਰਾਚੀਨਕਾਲ ਤੋਂ ਹਨ ਅਤੇ ਧਰਤੀ ਪਾਣੀ ਵਿੱਚੋਂ ਅਤੇ ਪਾਣੀ ਦੇ ਵਿੱਚ ਇਸਥਿਰ ਹੈ। ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। ਪਰ ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।”—2 ਪਤਰਸ 3:3-7.
ਯਿਸੂ ਦੇ ਭਵਿੱਖ-ਸੂਚਕ ਹੁਕਮ ਅਨੁਸਾਰ, ਆਉਣ ਵਾਲੇ ਨਿਆਂ ਦੇ ਦਿਨ ਦੀ ਚੇਤਾਵਨੀ ਅਤੇ ਸ਼ਾਂਤੀ ਦੀ ਖ਼ੁਸ਼ ਖ਼ਬਰੀ ਦੇ ਸੰਦੇਸ਼ ਦਾ ਅੱਜ ਦੁਨੀਆਂ ਭਰ ਵਿਚ ਜੋਸ਼ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। (ਮੱਤੀ 24:14) ਇਸ ਚੇਤਾਵਨੀ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ। ਸਰਬਸ਼ਕਤੀਮਾਨ ਪਰਮੇਸ਼ੁਰ ਆਪਣੇ ਵਾਅਦੇ ਦਾ ਪੱਕਾ ਹੈ।
ਆਉਣ ਵਾਲੀ ਦੁਨੀਆਂ
ਉਸ ਆਉਣ ਵਾਲੀ ਵੱਡੀ ਤਬਦੀਲੀ ਨੂੰ ਧਿਆਨ ਵਿਚ ਰੱਖਦੇ ਹੋਏ ਮਨੁੱਖਜਾਤੀ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ? ਆਪਣੇ ਪ੍ਰਸਿੱਧ ਪਹਾੜੀ ਉਪਦੇਸ਼ ਦੇ ਸ਼ੁਰੂ ਵਿਚ ਯਿਸੂ ਨੇ ਵਾਅਦਾ ਕੀਤਾ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” ਫਿਰ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਪਰਮੇਸ਼ੁਰ ਨੂੰ ਕਿਵੇਂ ਪ੍ਰਾਰਥਨਾ ਕਰਨੀ ਹੈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 5:5; 6:10) ਜੀ ਹਾਂ, ਯਿਸੂ ਨੇ ਆਪ ਸਿਖਾਇਆ ਕਿ ਇਸ ਧਰਤੀ ਉੱਤੇ ਵਫ਼ਾਦਾਰ ਮਨੁੱਖਜਾਤੀ ਦਾ ਭਵਿੱਖ ਸ਼ਾਨਦਾਰ ਹੋਵੇਗਾ। ਉਸ ਨੇ ਇਸ ਨੂੰ “ਨਵੀਂ ਸਰਿਸ਼ਟ” ਕਿਹਾ।—ਮੱਤੀ 19:28.
ਅਜਿਹੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਠੱਠਾ ਕਰਨ ਵਾਲਿਆਂ ਦੇ ਪਿੱਛੇ ਲੱਗ ਕੇ ਪਰਮੇਸ਼ੁਰ ਦੀ ਚੇਤਾਵਨੀ ਤੇ ਸ਼ੱਕ ਨਾ ਕਰੋ। ਇਹ ਸੱਚ ਹੈ ਕਿ ਸਾਨੂੰ ਇਸ ਤਰ੍ਹਾਂ ਲੱਗ ਸਕਦਾ ਹੈ ਕਿ ਸਾਡੇ ਆਲੇ-ਦੁਆਲੇ ਦੀ ਦੁਨੀਆਂ ਦਾ ਕਦੇ ਅੰਤ ਨਹੀਂ ਹੋਵੇਗਾ। ਇਹ ਦੁਨੀਆਂ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਚੱਲਦੀ ਆਈ ਹੈ। ਤਾਂ ਵੀ ਸਾਨੂੰ ਇਸ ਵਿਚ ਭਰੋਸਾ ਨਹੀਂ ਕਰਨਾ ਚਾਹੀਦਾ। ਇਸ ਦੁਨੀਆਂ ਦਾ ਨਿਆਂ ਹੋ ਚੁੱਕਾ ਹੈ। ਇਸ ਲਈ ਪਤਰਸ ਰਸੂਲ ਦੀ ਸਲਾਹ ਤੋਂ ਹੌਸਲਾ ਲਓ:
“ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ . . . ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਜਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ। ਪਰ ਸਾਡੇ ਪ੍ਰਭੁ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ।” (2 ਪਤਰਸ 3:11, 12, 14, 18) ਇਸ ਲਈ ਨੂਹ ਦੇ ਦਿਨਾਂ ਵਿਚ ਵਾਪਰੀ ਘਟਨਾ ਤੋਂ ਸਬਕ ਸਿੱਖੋ। ਪਰਮੇਸ਼ੁਰ ਦੇ ਨੇੜੇ ਆਓ। ਯਿਸੂ ਦੇ ਬਾਰੇ ਜ਼ਿਆਦਾ ਗਿਆਨ ਲਓ। ਪਰਮੇਸ਼ੁਰ ਦੀ ਭਗਤੀ ਕਰੋ ਅਤੇ ਉਨ੍ਹਾਂ ਲੱਖਾਂ ਲੋਕਾਂ ਵਿਚ ਸ਼ਾਮਲ ਹੋਵੋ ਜਿਨ੍ਹਾਂ ਨੇ ਇਸ ਦੁਨੀਆਂ ਦੇ ਨਾਸ਼ ਤੋਂ ਬਚ ਕੇ ਆਉਣ ਵਾਲੀ ਸ਼ਾਂਤੀਪੂਰਣ ਦੁਨੀਆਂ ਵਿਚ ਜਾਣਾ ਚੁਣਿਆ ਹੈ।
[ਸਫ਼ੇ 5 ਉੱਤੇ ਤਸਵੀਰ]
ਜਲ ਪਰਲੋ ਤੋਂ ਪਹਿਲਾਂ ਦੇ ਲੋਕ ਧਾਤ ਦਾ ਕੰਮ ਜਾਣਦੇ ਸਨ
[ਸਫ਼ੇ 7 ਉੱਤੇ ਤਸਵੀਰ]
ਆਉਣ ਵਾਲਾ ਭਵਿੱਖ ਸ਼ਾਨਦਾਰ ਹੋਵੇਗਾ