ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣਾ ਜਾਣਦਾ ਹੈ
“ਯਹੋਵਾਹ ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।”—2 ਪਤ. 2:9.
ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ:
ਯਹੋਵਾਹ ਆਪਣੇ ਮਕਸਦ ਨੂੰ ਸਮੇਂ ਸਿਰ ਪੂਰਾ ਕਰਨਾ ਜਾਣਦਾ ਹੈ?
ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਲਈ ਆਪਣੀ ਤਾਕਤ ਵਰਤੇਗਾ?
ਯਹੋਵਾਹ ਜਾਣਦਾ ਹੈ ਕਿ ਮਹਾਂਕਸ਼ਟ ਦੌਰਾਨ ਕਿਹੜੀਆਂ ਘਟਨਾਵਾਂ ਵਾਪਰਨਗੀਆਂ?
1. “ਮਹਾਂਕਸ਼ਟ” ਵੇਲੇ ਦੁਨੀਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ?
ਪਰਮੇਸ਼ੁਰ ਦੇ ਨਿਆਂ ਮੁਤਾਬਕ ਸ਼ੈਤਾਨ ਦੀ ਦੁਨੀਆਂ ਦਾ ਅਚਾਨਕ ਨਾਸ਼ ਹੋਵੇਗਾ। (1 ਥੱਸ. 5:2, 3) ਜਦੋਂ “ਯਹੋਵਾਹ ਦਾ ਮਹਾਨ ਦਿਨ” ਸ਼ੁਰੂ ਹੋਵੇਗਾ, ਉਦੋਂ ਪੂਰੀ ਧਰਤੀ ਉੱਤੇ ਅਫਰਾ-ਤਫਰੀ ਮੱਚ ਜਾਵੇਗੀ। (ਸਫ਼. 1:14-17) ਹਰ ਪਾਸੇ ਮੁਸ਼ਕਲਾਂ ਤੇ ਤੰਗੀਆਂ ਹੋਣਗੀਆਂ। ਉਸ ਵੇਲੇ ਸਾਰੇ ਲੋਕਾਂ ਉੱਤੇ ਅਜਿਹਾ ਸੰਕਟ ਆਵੇਗਾ ਜੋ “ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।”—ਮੱਤੀ 24:21, 22 ਪੜ੍ਹੋ।
2, 3. (ੳ) “ਮਹਾਂਕਸ਼ਟ” ਦੌਰਾਨ ਪਰਮੇਸ਼ੁਰ ਦੇ ਲੋਕਾਂ ਨਾਲ ਕੀ ਹੋਵੇਗਾ? (ਅ) ਕਿਹੜੀ ਗੱਲ ਸਾਡਾ ਭਰੋਸਾ ਵਧਾਵੇਗੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਦੇ ਕਾਬਲ ਹੈ?
2 “ਮਹਾਂਕਸ਼ਟ” ਦੇ ਅਖ਼ੀਰ ਵਿਚ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ,” ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰੇਗਾ। ਇਸ ਹਮਲੇ ਦੌਰਾਨ “ਬਹੁਤੀ ਫੌਜ” ਪਰਮੇਸ਼ੁਰ ਦੇ ਲੋਕਾਂ ਦੇ ਖ਼ਿਲਾਫ਼ ਆਵੇਗੀ ਜਿਹੜੀ ‘ਧਰਤੀ ਨੂੰ ਬੱਦਲ ਵਾਂਙੁ ਲੁਕਾ ਲਵੇਗੀ।’ (ਹਿਜ਼. 38:2, 14-16) ਉਸ ਵੇਲੇ ਕੋਈ ਵੀ ਇਨਸਾਨੀ ਸੰਸਥਾ ਯਹੋਵਾਹ ਦੇ ਲੋਕਾਂ ਨੂੰ ਬਚਾਉਣ ਲਈ ਅੱਗੇ ਨਹੀਂ ਆਵੇਗੀ। ਉਨ੍ਹਾਂ ਨੂੰ ਸਿਰਫ਼ ਪਰਮੇਸ਼ੁਰ ਹੀ ਬਚਾ ਸਕੇਗਾ। ਤੇਜ਼ੀ ਨਾਲ ਆਉਂਦੀ ਤਬਾਹੀ ਨੂੰ ਦੇਖਦੇ ਹੋਏ ਯਹੋਵਾਹ ਦੇ ਲੋਕ ਕੀ ਕਰਨਗੇ?
3 ਜੇ ਤੁਸੀਂ ਯਹੋਵਾਹ ਦੇ ਸੇਵਕ ਹੋ, ਤਾਂ ਕੀ ਤੁਹਾਨੂੰ ਨਿਹਚਾ ਹੈ ਕਿ ਯਹੋਵਾਹ ਨਾ ਸਿਰਫ਼ ਆਪਣੇ ਲੋਕਾਂ ਨੂੰ ਇਸ ਤਬਾਹੀ ਤੋਂ ਬਚਾ ਸਕਦਾ ਹੈ, ਸਗੋਂ ਬਚਾਵੇਗਾ ਵੀ? ਪਤਰਸ ਰਸੂਲ ਨੇ ਲਿਖਿਆ ਸੀ: “ਯਹੋਵਾਹ ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ, ਪਰ ਕੁਧਰਮੀਆਂ ਨੂੰ ਨਿਆਂ ਦੇ ਦਿਨ ਸਜ਼ਾ ਦੇਣ ਵਾਸਤੇ ਰੱਖਣਾ ਜਾਣਦਾ ਹੈ।” (2 ਪਤ. 2:9) ਪੁਰਾਣੇ ਸਮੇਂ ਵਿਚ ਵੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ ਸੀ। ਇਸ ਬਾਰੇ ਸੋਚ-ਵਿਚਾਰ ਕਰਨ ਨਾਲ ਸਾਨੂੰ ਭਰੋਸਾ ਹੋਵੇਗਾ ਕਿ ਯਹੋਵਾਹ ਅੱਗੇ ਵੀ ਇਸੇ ਤਰ੍ਹਾਂ ਕਰੇਗਾ। ਆਓ ਆਪਾਂ ਤਿੰਨ ਉਦਾਹਰਣਾਂ ਉੱਤੇ ਗੌਰ ਕਰੀਏ ਜਿਨ੍ਹਾਂ ਕਰਕੇ ਸਾਡਾ ਭਰੋਸਾ ਵਧੇਗਾ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਦੇ ਕਾਬਲ ਹੈ।
ਜਲ-ਪਰਲੋ ਤੋਂ ਬਚਾਇਆ
4. ਜਲ-ਪਰਲੋ ਤੋਂ ਪਹਿਲਾਂ ਹਰ ਕੰਮ ਸਮੇਂ ਸਿਰ ਪੂਰਾ ਕਰਨਾ ਕਿਉਂ ਜ਼ਰੂਰੀ ਸੀ?
4 ਪਹਿਲਾਂ ਆਓ ਆਪਾਂ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਉੱਤੇ ਗੌਰ ਕਰਦੇ ਹਾਂ। ਉਸ ਸਮੇਂ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਜ਼ਰੂਰੀ ਸੀ ਕਿ ਯਹੋਵਾਹ ਸਭ ਕੁਝ ਸਮੇਂ ਸਿਰ ਕਰੇ। ਜਲ-ਪਰਲੋ ਆਉਣ ਤੋਂ ਪਹਿਲਾਂ ਵੱਡੀ ਸਾਰੀ ਕਿਸ਼ਤੀ ਬਣਾਉਣ ਅਤੇ ਜਾਨਵਰਾਂ ਨੂੰ ਕਿਸ਼ਤੀ ਵਿਚ ਲਿਜਾਣ ਦਾ ਕੰਮ ਪੂਰਾ ਹੋਣਾ ਜ਼ਰੂਰੀ ਸੀ। ਉਤਪਤ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਸ ਤਰ੍ਹਾਂ ਨਹੀਂ ਕੀਤਾ ਕਿ ਪਹਿਲਾਂ ਕਿਸ਼ਤੀ ਬਣਵਾ ਲਈ ਤੇ ਫਿਰ ਜਲ-ਪਰਲੋ ਦਾ ਸਮਾਂ ਮਿਥਿਆ। ਜੇ ਕਿਸ਼ਤੀ ਬਣਨ ਵਿਚ ਦੇਰ ਲੱਗਦੀ, ਤਾਂ ਉਹ ਜਲ-ਪਰਲੋ ਦਾ ਦਿਨ ਹੋਰ ਅੱਗੇ ਪਾ ਦਿੰਦਾ। ਇਸ ਦੀ ਬਜਾਇ, ਨੂਹ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਦੇਣ ਤੋਂ ਬਹੁਤ ਲੰਬਾ ਸਮਾਂ ਪਹਿਲਾਂ ਹੀ ਯਹੋਵਾਹ ਨੇ ਜਲ-ਪਰਲੋ ਦਾ ਸਮਾਂ ਮਿਥ ਲਿਆ ਸੀ। ਅਸੀਂ ਇਹ ਕਿਵੇਂ ਜਾਣਦੇ ਹਾਂ?
5. ਉਤਪਤ 6:3 ਵਿਚ ਯਹੋਵਾਹ ਨੇ ਕਿਹੜਾ ਫ਼ਰਮਾਨ ਜਾਰੀ ਕੀਤਾ ਸੀ ਅਤੇ ਕਦੋਂ?
5 ਉਤਪਤ 6:3 ਵਿਚ ਦੱਸਿਆ ਹੈ ਕਿ ਯਹੋਵਾਹ ਨੇ ਸਵਰਗ ਵਿਚ ਇਹ ਫ਼ਰਮਾਨ ਜਾਰੀ ਕੀਤਾ: “ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਉਹ ਸਰੀਰ ਹੀ ਹੈ ਸੋ ਉਹ ਦੇ ਦਿਨ ਇੱਕ ਸੌ ਵੀਹ ਵਰਿਹਾਂ ਦੇ ਹੋਣਗੇ।” ਯਹੋਵਾਹ ਨੇ ਇੱਥੇ ਇਹ ਨਹੀਂ ਕਿਹਾ ਸੀ ਕਿ ਇਨਸਾਨ ਦੀ ਉਮਰ 120 ਸਾਲ ਨਿਰਧਾਰਿਤ ਕਰ ਦਿੱਤੀ ਗਈ ਸੀ। ਇਸ ਦੀ ਬਜਾਇ ਉਸ ਨੇ ਇਸ ਫ਼ਰਮਾਨ ਰਾਹੀਂ ਦੱਸਿਆ ਸੀ ਕਿ ਉਹ ਕਦੋਂ ਧਰਤੀ ਉੱਤੋਂ ਬੁਰਾਈ ਖ਼ਤਮ ਕਰੇਗਾ।a ਜਲ-ਪਰਲੋ 2370 ਈ. ਪੂ. ਵਿਚ ਆਈ ਸੀ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਯਹੋਵਾਹ ਨੇ ਇਹ ਫ਼ਰਮਾਨ 2490 ਈ. ਪੂ. ਵਿਚ ਜਾਰੀ ਕੀਤਾ ਹੋਣਾ। ਉਸ ਸਮੇਂ ਨੂਹ 480 ਸਾਲਾਂ ਦਾ ਸੀ। (ਉਤ. 7:6) ਲਗਭਗ 20 ਸਾਲ ਬਾਅਦ 2470 ਈ. ਪੂ. ਵਿਚ ਨੂਹ ਦਾ ਪਹਿਲਾ ਪੁੱਤਰ ਪੈਦਾ ਹੋਇਆ ਤੇ ਉਸ ਤੋਂ ਬਾਅਦ ਦੋ ਹੋਰ ਪੁੱਤਰ ਪੈਦਾ ਹੋਏ। (ਉਤ. 5:32) ਉਸ ਵੇਲੇ ਜਲ-ਪਰਲੋ ਆਉਣ ਨੂੰ ਲਗਭਗ ਸੌ ਸਾਲ ਬਾਕੀ ਰਹਿ ਗਏ ਸਨ, ਪਰ ਯਹੋਵਾਹ ਨੇ ਅਜੇ ਵੀ ਨੂਹ ਨੂੰ ਨਹੀਂ ਦੱਸਿਆ ਸੀ ਕਿ ਇਨਸਾਨਾਂ ਦੇ ਬਚਾਅ ਲਈ ਉਸ ਨੂੰ ਕਿਹੜਾ ਖ਼ਾਸ ਕੰਮ ਦਿੱਤਾ ਜਾਵੇਗਾ। ਪਰਮੇਸ਼ੁਰ ਨੇ ਇਸ ਬਾਰੇ ਨੂਹ ਨੂੰ ਕਦੋਂ ਦੱਸਿਆ?
6. ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਕਦੋਂ ਦਿੱਤਾ ਸੀ?
6 ਯਹੋਵਾਹ ਨੇ ਬਹੁਤ ਸਾਲਾਂ ਬਾਅਦ ਨੂਹ ਨੂੰ ਦੱਸਿਆ ਕਿ ਉਹ ਕੀ ਕਰਨ ਵਾਲਾ ਸੀ। ਇਹ ਅਸੀਂ ਕਿੱਦਾਂ ਕਹਿ ਸਕਦੇ ਹਾਂ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਪਰਮੇਸ਼ੁਰ ਨੇ ਨੂਹ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਦਿੱਤਾ ਸੀ, ਤਾਂ ਉਸ ਦੇ ਪੁੱਤਰ ਵੱਡੇ ਹੋ ਚੁੱਕੇ ਸਨ ਤੇ ਉਨ੍ਹਾਂ ਦੇ ਵਿਆਹ ਹੋ ਚੁੱਕੇ ਸਨ। ਯਹੋਵਾਹ ਨੇ ਨੂਹ ਨੂੰ ਕਿਹਾ: “ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ। ਤੂੰ ਕਿਸ਼ਤੀ ਵਿੱਚ ਜਾਈਂ ਤੂੰ ਅਰ ਤੇਰੇ ਪੁੱਤ੍ਰ ਅਰ ਤੇਰੀ ਤੀਵੀਂ ਅਰ ਤੇਰੀਆਂ ਨੂਹਾਂ ਤੇਰੇ ਨਾਲ।” (ਉਤ. 6:9-18) ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਨੂਹ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਦਿੱਤਾ ਗਿਆ ਸੀ, ਉਸ ਵੇਲੇ ਜਲ-ਪਰਲੋ ਆਉਣ ਨੂੰ 40-50 ਸਾਲ ਹੀ ਰਹਿ ਗਏ ਸਨ।
7. (ੳ) ਨੂਹ ਅਤੇ ਉਸ ਦੇ ਪਰਿਵਾਰ ਨੇ ਨਿਹਚਾ ਦਾ ਸਬੂਤ ਕਿਵੇਂ ਦਿੱਤਾ? (ਅ) ਪਰਮੇਸ਼ੁਰ ਨੇ ਨੂਹ ਨੂੰ ਜਲ-ਪਰਲੋ ਦੇ ਆਉਣ ਦਾ ਸਮਾਂ ਕਦੋਂ ਦੱਸਿਆ ਸੀ?
7 ਕਿਸ਼ਤੀ ਬਣਾਉਂਦਿਆਂ ਨੂਹ ਤੇ ਉਸ ਦਾ ਪਰਿਵਾਰ ਸੋਚਦਾ ਹੋਣਾ ਕਿ ਯਹੋਵਾਹ ਜਲ-ਪਰਲੋ ਕਿਵੇਂ ਲਿਆਵੇਗਾ ਅਤੇ ਇਹ ਕਦੋਂ ਆਵੇਗੀ। ਭਾਵੇਂ ਉਨ੍ਹਾਂ ਨੂੰ ਇਹ ਗੱਲਾਂ ਪਤਾ ਨਹੀਂ ਸਨ, ਫਿਰ ਵੀ ਉਹ ਕਿਸ਼ਤੀ ਬਣਾਉਣ ਦੇ ਕੰਮ ਵਿਚ ਲੱਗੇ ਰਹੇ। ਬਾਈਬਲ ਵਿਚ ਨੂਹ ਬਾਰੇ ਦੱਸਿਆ ਹੈ: “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤ. 6:22) ਜਲ-ਪਰਲੋ ਆਉਣ ਤੋਂ ਸੱਤ ਦਿਨ ਪਹਿਲਾਂ ਯਹੋਵਾਹ ਨੇ ਉਸ ਨੂੰ ਜਲ-ਪਰਲੋ ਦੇ ਆਉਣ ਦਾ ਸਮਾਂ ਦੱਸਿਆ। ਇਹ ਸੱਤ ਦਿਨ ਜਾਨਵਰਾਂ ਨੂੰ ਕਿਸ਼ਤੀ ਵਿਚ ਚੜ੍ਹਾਉਣ ਲਈ ਨੂਹ ਤੇ ਉਸ ਦੇ ਪਰਿਵਾਰ ਵਾਸਤੇ ਕਾਫ਼ੀ ਸਨ। ਇਸ ਲਈ, ਜਦੋਂ “ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ” ਜਲ-ਪਰਲੋ ਆਈ, ਤਾਂ ਉਸ ਵੇਲੇ ਸਾਰਾ ਕੰਮ ਪੂਰਾ ਹੋ ਚੁੱਕਾ ਸੀ।—ਉਤ. 7:1-5, 11.
8. ਜਲ-ਪਰਲੋ ਦੇ ਬਿਰਤਾਂਤ ਤੋਂ ਸਾਨੂੰ ਭਰੋਸਾ ਕਿਵੇਂ ਹੁੰਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣਾ ਜਾਣਦਾ ਹੈ?
8 ਜਲ-ਪਰਲੋ ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਾ ਸਿਰਫ਼ ਹਰ ਕੰਮ ਸਮੇਂ ਸਿਰ ਕਰਦਾ ਹੈ, ਸਗੋਂ ਆਪਣੇ ਲੋਕਾਂ ਨੂੰ ਬਚਾਉਂਦਾ ਵੀ ਹੈ। ਜਿਉਂ-ਜਿਉਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਮਕਸਦ ਮੁਤਾਬਕ ਹਰ ਕੰਮ ਮਿਥੇ ‘ਦਿਨ ਜਾਂ ਵੇਲੇ’ ਸਿਰ ਕਰੇਗਾ।—ਮੱਤੀ 24:36; ਹਬੱਕੂਕ 2:3 ਪੜ੍ਹੋ।
ਲਾਲ ਸਮੁੰਦਰ ਉੱਤੇ ਪਰਮੇਸ਼ੁਰ ਦੇ ਲੋਕਾਂ ਦਾ ਬਚਾਅ
9, 10. ਯਹੋਵਾਹ ਨੇ ਮਿਸਰ ਦੀ ਫ਼ੌਜ ਨੂੰ ਆਪਣੇ ਜਾਲ਼ ਵਿਚ ਫਸਾਉਣ ਲਈ ਆਪਣੇ ਲੋਕਾਂ ਨੂੰ ਕਿਵੇਂ ਇਸਤੇਮਾਲ ਕੀਤਾ ਸੀ?
9 ਹੁਣ ਤਕ ਅਸੀਂ ਦੇਖਿਆ ਹੈ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਹਰ ਕੰਮ ਸਮੇਂ ਸਿਰ ਕਰਦਾ ਹੈ। ਦੂਸਰੀ ਉਦਾਹਰਣ ਤੋਂ ਯਹੋਵਾਹ ਦੀ ਆਪਣੇ ਲੋਕਾਂ ਨੂੰ ਬਚਾਉਣ ਦੀ ਕਾਬਲੀਅਤ ਉੱਤੇ ਭਰੋਸਾ ਰੱਖਣ ਦਾ ਇਕ ਹੋਰ ਕਾਰਨ ਪਤਾ ਲੱਗੇਗਾ। ਇਹ ਕਾਰਨ ਹੈ: ਉਹ ਆਪਣੀ ਇੱਛਾ ਪੂਰੀ ਕਰਨ ਲਈ ਆਪਣੀ ਬੇਅੰਤ ਤਾਕਤ ਵਰਤੇਗਾ। ਆਪਣੇ ਲੋਕਾਂ ਨੂੰ ਬਚਾਉਣ ਦੀ ਆਪਣੀ ਕਾਬਲੀਅਤ ਉੱਤੇ ਯਹੋਵਾਹ ਨੂੰ ਇੰਨਾ ਭਰੋਸਾ ਹੈ ਕਿ ਉਸ ਨੇ ਕਦੇ-ਕਦੇ ਆਪਣੇ ਦੁਸ਼ਮਣਾਂ ਨੂੰ ਆਪਣੇ ਜਾਲ਼ ਵਿਚ ਫਸਾਉਣ ਲਈ ਆਪਣੇ ਸੇਵਕਾਂ ਨੂੰ ਇਸਤੇਮਾਲ ਕੀਤਾ ਹੈ ਜਿਵੇਂ ਸ਼ਿਕਾਰੀ ਸ਼ੇਰ ਨੂੰ ਫਸਾਉਣ ਲਈ ਬੱਕਰੀ ਇਸਤੇਮਾਲ ਕਰਦਾ ਹੈ। ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣ ਵੇਲੇ ਉਸ ਨੇ ਇਸੇ ਤਰ੍ਹਾਂ ਕੀਤਾ ਸੀ।
10 ਮਿਸਰ ਵਿੱਚੋਂ ਸ਼ਾਇਦ 30 ਲੱਖ ਇਜ਼ਰਾਈਲੀ ਨਿਕਲੇ ਸਨ। ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਉਨ੍ਹਾਂ ਨੂੰ ਅਜਿਹੇ ਰਸਤਿਓਂ ਲੈ ਕੇ ਗਿਆ ਜਿਸ ਤੋਂ ਫ਼ਿਰਊਨ ਨੂੰ ਲੱਗੇ ਕਿ ਉਹ ਐਵੇਂ ਇੱਧਰ-ਉੱਧਰ ਭਟਕ ਰਹੇ ਸਨ। (ਕੂਚ 14:1-4 ਪੜ੍ਹੋ।) ਇਹ ਦੇਖ ਕੇ ਫ਼ਿਰਊਨ ਪਰਮੇਸ਼ੁਰ ਵੱਲੋਂ ਵਿਛਾਏ ਜਾਲ਼ ਵਿਚ ਫਸ ਗਿਆ। ਇਜ਼ਰਾਈਲੀਆਂ ਨੂੰ ਮੁੜ ਗ਼ੁਲਾਮ ਬਣਾਉਣ ਲਈ ਉਹ ਆਪਣੀ ਫ਼ੌਜ ਲੈ ਕੇ ਉਨ੍ਹਾਂ ਦੇ ਪਿੱਛੇ ਚਲਾ ਗਿਆ ਅਤੇ ਉਨ੍ਹਾਂ ਨੂੰ ਲਾਲ ਸਮੁੰਦਰ ਕੋਲ ਜਾ ਘੇਰਿਆ। ਇਜ਼ਰਾਈਲੀਆਂ ਨੂੰ ਬਚਣ ਦਾ ਕੋਈ ਰਾਹ ਨਜ਼ਰ ਨਾ ਆਇਆ। (ਕੂਚ 14:5-10) ਪਰ ਇਜ਼ਰਾਈਲੀਆਂ ਨੂੰ ਕੋਈ ਖ਼ਤਰਾ ਨਹੀਂ ਸੀ। ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਦੇ ਬਚਾਅ ਲਈ ਆਉਣ ਵਾਲਾ ਸੀ।
11, 12. (ੳ) ਯਹੋਵਾਹ ਨੇ ਆਪਣੇ ਲੋਕਾਂ ਦੀ ਖ਼ਾਤਰ ਕੀ ਕੀਤਾ? (ਅ) ਇਸ ਦਾ ਨਤੀਜਾ ਕੀ ਨਿਕਲਿਆ ਅਤੇ ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
11 ਇਜ਼ਰਾਈਲੀਆਂ ਦੇ ਅੱਗੇ-ਅੱਗੇ ਜਾ ਰਹੇ ‘ਬੱਦਲ ਦੇ ਥੰਮ੍ਹ’ ਨੇ ਉਨ੍ਹਾਂ ਦੇ ਪਿੱਛੇ ਜਾ ਕੇ ਫ਼ਿਰਊਨ ਦੀ ਫ਼ੌਜ ਦਾ ਰਾਹ ਰੋਕ ਲਿਆ ਤੇ ਉਨ੍ਹਾਂ ਵਾਲੇ ਪਾਸੇ ਹਨੇਰਾ ਕਰ ਦਿੱਤਾ। ਪਰ ਇਸ ਨੇ ਇਜ਼ਰਾਈਲੀਆਂ ਵਾਲੇ ਪਾਸੇ ਰਾਤ ਨੂੰ ਵੀ ਚਮਤਕਾਰੀ ਢੰਗ ਨਾਲ ਚਾਨਣ ਕਰੀ ਰੱਖਿਆ। (ਕੂਚ 14:19, 20 ਪੜ੍ਹੋ।) ਫਿਰ ਯਹੋਵਾਹ ਨੇ ਪੂਰਬ ਵੱਲੋਂ ਹਨੇਰੀ ਵਗਾ ਕੇ ਲਾਲ ਸਮੁੰਦਰ ਦੇ ਦੋ ਹਿੱਸੇ ਕਰ ਦਿੱਤੇ ਅਤੇ “ਸਮੁੰਦਰ ਨੂੰ ਸੁਕਾ ਦਿੱਤਾ।” ਇਸ ਤਰ੍ਹਾਂ ਕਰਨ ਨੂੰ ਕਾਫ਼ੀ ਸਮਾਂ ਲੱਗਾ ਹੋਣਾ ਕਿਉਂਕਿ ਬਾਈਬਲ ਵਿਚ ਦੱਸਿਆ ਹੈ ਕਿ ਸਮੁੰਦਰ ਨੂੰ ਸੁਕਾਉਣ ਲਈ ਹਵਾ “ਸਾਰੀ ਰਾਤ” ਵਗਦੀ ਰਹੀ ਅਤੇ ਇਸ ਦੌਰਾਨ ਇਜ਼ਰਾਈਲੀ ਲਾਲ ਸਮੁੰਦਰ ਪਾਰ ਕਰਨ ਲੱਗੇ। ਫ਼ਿਰਊਨ ਦੀ ਫ਼ੌਜ ਦੇ ਰਥ ਬੜੀ ਤੇਜ਼ੀ ਨਾਲ ਇਜ਼ਰਾਈਲੀਆਂ ਦਾ ਪਿੱਛਾ ਕਰ ਰਹੇ ਸਨ, ਪਰ ਇਜ਼ਰਾਈਲੀ ਹੌਲੀ-ਹੌਲੀ ਸਮੁੰਦਰ ਪਾਰ ਕਰ ਰਹੇ ਸਨ। ਫਿਰ ਵੀ ਮਿਸਰੀ ਉਨ੍ਹਾਂ ਨੂੰ ਫੜ ਨਹੀਂ ਸਕੇ ਕਿਉਂਕਿ ਯਹੋਵਾਹ ਇਜ਼ਰਾਈਲੀਆਂ ਦੀ ਖ਼ਾਤਰ ਲੜ ਰਿਹਾ ਸੀ। ਉਸ ਨੇ “ਮਿਸਰੀਆਂ ਦੇ ਡੇਰੇ ਨੂੰ ਗੜਬੜਾਹਟ ਵਿੱਚ ਪਾ ਦਿੱਤਾ ਅਰ ਉਨ੍ਹਾਂ ਦੇ ਰਥਾਂ ਦੇ ਪਹੀਏ ਲਾਹ ਸੁੱਟੇ ਕਿਉਂ ਜੋ ਓਹ ਭਾਰੀ ਚੱਲਦੇ ਸਨ।”—ਕੂਚ 14:21-25.
12 ਫਿਰ ਜਦੋਂ ਇਜ਼ਰਾਈਲੀ ਦੂਜੇ ਪਾਸੇ ਸਹੀ-ਸਲਾਮਤ ਪਹੁੰਚ ਗਏ, ਤਾਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ: “ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ ਉਨ੍ਹਾਂ ਦੇ ਰਥਾਂ ਉੱਤੇ ਅਰ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ।” ਜਦੋਂ ਮਿਸਰੀ ਫ਼ੌਜੀਆਂ ਨੇ ਪਾਣੀ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ “ਯਹੋਵਾਹ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ।” ਉਨ੍ਹਾਂ ਕੋਲ ਭੱਜਣ ਦਾ ਕੋਈ ਰਾਹ ਨਹੀਂ ਸੀ ਜਿਸ ਕਰਕੇ “ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ।” (ਕੂਚ 14:26-28) ਇਸ ਤਰ੍ਹਾਂ ਯਹੋਵਾਹ ਨੇ ਦਿਖਾਇਆ ਕਿ ਉਸ ਕੋਲ ਆਪਣੇ ਲੋਕਾਂ ਨੂੰ ਹਰ ਖ਼ਤਰੇ ਤੋਂ ਬਚਾਉਣ ਦੀ ਤਾਕਤ ਹੈ।
ਯਰੂਸ਼ਲਮ ਦੀ ਤਬਾਹੀ ਤੋਂ ਬਚਾਅ
13. ਯਿਸੂ ਨੇ ਕਿਹੜੀਆਂ ਹਿਦਾਇਤਾਂ ਦਿੱਤੀਆਂ ਸਨ ਅਤੇ ਉਸ ਦੇ ਚੇਲਿਆਂ ਦੇ ਮਨ ਵਿਚ ਕਿਹੜਾ ਸਵਾਲ ਪੈਦਾ ਹੋਇਆ ਹੋਣਾ?
13 ਯਹੋਵਾਹ ਨੂੰ ਪੂਰਾ ਪਤਾ ਹੁੰਦਾ ਹੈ ਕਿ ਉਸ ਦਾ ਮਕਸਦ ਪੂਰਾ ਹੋਣ ਲਈ ਕੀ-ਕੀ ਹੋਵੇਗਾ। ਇਸ ਬਾਰੇ ਸਾਨੂੰ ਤੀਸਰੀ ਉਦਾਹਰਣ ਤੋਂ ਪਤਾ ਲੱਗਦਾ ਹੈ। ਇਹ ਹੈ ਪਹਿਲੀ ਸਦੀ ਵਿਚ ਯਰੂਸ਼ਲਮ ਦੀ ਘੇਰਾਬੰਦੀ। ਆਪਣੇ ਪੁੱਤਰ ਰਾਹੀਂ ਯਹੋਵਾਹ ਨੇ ਯਰੂਸ਼ਲਮ ਅਤੇ ਯਹੂਦੀਆ ਵਿਚ ਰਹਿਣ ਵਾਲੇ ਮਸੀਹੀਆਂ ਨੂੰ 70 ਈ. ਵਿਚ ਇਸ ਸ਼ਹਿਰ ਦੀ ਤਬਾਹੀ ਤੋਂ ਬਚਣ ਲਈ ਹਿਦਾਇਤਾਂ ਦਿੱਤੀਆਂ ਸਨ। ਯਿਸੂ ਨੇ ਕਿਹਾ ਸੀ: “ਜਦ ਤੁਸੀਂ ਬਰਬਾਦ ਕਰਨ ਵਾਲੀ ਘਿਣਾਉਣੀ ਚੀਜ਼ ਨੂੰ ਪਵਿੱਤਰ ਥਾਂ ʼਤੇ ਖੜ੍ਹੀ ਦੇਖੋਗੇ, ਜਿਵੇਂ ਦਾਨੀਏਲ ਨਬੀ ਨੇ ਦੱਸਿਆ ਸੀ . . . ਤਾਂ ਜਿਹੜੇ ਯਹੂਦੀਆ ਵਿਚ ਹੋਣ, ਉਹ ਪਹਾੜਾਂ ਨੂੰ ਭੱਜ ਜਾਣ।” (ਮੱਤੀ 24:15, 16) ਪਰ ਯਿਸੂ ਦੇ ਚੇਲਿਆਂ ਨੂੰ ਕਿੱਦਾਂ ਪਤਾ ਲੱਗਣਾ ਸੀ ਕਿ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ?
14. ਪਹਿਲੀ ਸਦੀ ਵਿਚ ਵਾਪਰੀਆਂ ਘਟਨਾਵਾਂ ਤੋਂ ਯਿਸੂ ਦੇ ਚੇਲਿਆਂ ਨੂੰ ਉਸ ਦੀ ਗੱਲ ਕਿਵੇਂ ਸਮਝ ਆਈ?
14 ਉਸ ਸਮੇਂ ਵਾਪਰੀਆਂ ਘਟਨਾਵਾਂ ਤੋਂ ਚੇਲਿਆਂ ਨੂੰ ਯਿਸੂ ਦੀ ਗੱਲ ਸਮਝ ਆਈ। 66 ਈ. ਵਿਚ ਸੈਸਟੀਅਸ ਗੈਲਸ ਦੀ ਅਗਵਾਈ ਅਧੀਨ ਰੋਮੀ ਫ਼ੌਜਾਂ ਯਰੂਸ਼ਲਮ ਵਿਚ ਯਹੂਦੀਆਂ ਦੀ ਬਗਾਵਤ ਨੂੰ ਖ਼ਤਮ ਕਰਨ ਆਈਆਂ। ਜਦੋਂ ਯਹੂਦੀ ਬਾਗ਼ੀਆਂ ਨੇ ਮੰਦਰ ਦੇ ਨਾਲ ਲੱਗਦੇ ਕਿਲੇ ਵਿਚ ਪਨਾਹ ਲਈ, ਤਾਂ ਰੋਮੀ ਫ਼ੌਜੀਆਂ ਨੇ ਮੰਦਰ ਦੀ ਕੰਧ ਵਿਚ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਚੁਕੰਨੇ ਮਸੀਹੀਆਂ ਨੂੰ ਯਿਸੂ ਦੀ ਗੱਲ ਸਮਝ ਆ ਗਈ: ਗ਼ੈਰ-ਯਹੂਦੀ ਫ਼ੌਜ ਆਪਣੇ ਮੂਰਤੀ-ਸਮਾਨ ਝੰਡੇ (“ਘਿਣਾਉਣੀ ਚੀਜ਼”) ਲੈ ਕੇ ਯਰੂਸ਼ਲਮ ਦੇ ਮੰਦਰ ਦੀ ਕੰਧ (“ਪਵਿੱਤਰ ਥਾਂ”) ਤਕ ਪਹੁੰਚ ਗਈ ਸੀ। ਉਸ ਵੇਲੇ ਯਿਸੂ ਦੇ ਚੇਲਿਆਂ ਲਈ “ਪਹਾੜਾਂ ਨੂੰ ਭੱਜ ਜਾਣ” ਦਾ ਸਮਾਂ ਆ ਗਿਆ ਸੀ। ਪਰ ਸ਼ਹਿਰ ਨੂੰ ਤਾਂ ਰੋਮੀ ਫ਼ੌਜੀਆਂ ਨੇ ਘੇਰਿਆ ਹੋਇਆ ਸੀ। ਤਾਂ ਫਿਰ ਉਹ ਭੱਜ ਕਿਵੇਂ ਸਕਦੇ ਸਨ? ਅਚਾਨਕ ਭੱਜਣ ਦਾ ਰਾਹ ਖੁੱਲ੍ਹ ਗਿਆ।
15, 16. (ੳ) ਯਿਸੂ ਨੇ ਕਿਹੜੀ ਇਕ ਖ਼ਾਸ ਹਿਦਾਇਤ ਦਿੱਤੀ ਸੀ ਅਤੇ ਉਸ ਦੇ ਚੇਲਿਆਂ ਲਈ ਇਸ ਮੁਤਾਬਕ ਚੱਲਣਾ ਕਿਉਂ ਜ਼ਰੂਰੀ ਸੀ? (ਅ) ਸਾਡਾ ਬਚਾਅ ਕਿਸ ਗੱਲ ʼਤੇ ਨਿਰਭਰ ਕਰੇਗਾ?
15 ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਸੈਸਟੀਅਸ ਗੈਲਸ ਤੇ ਉਸ ਦੀ ਫ਼ੌਜ ਯਰੂਸ਼ਲਮ ਤੋਂ ਪਿੱਛੇ ਹਟ ਗਈ ਅਤੇ ਵਾਪਸ ਚਲੀ ਗਈ। ਯਹੂਦੀ ਬਾਗ਼ੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਸ ਤਰ੍ਹਾਂ ਅਚਾਨਕ ਯਿਸੂ ਦੇ ਚੇਲਿਆਂ ਨੂੰ ਭੱਜਣ ਦਾ ਮੌਕਾ ਮਿਲ ਗਿਆ। ਯਿਸੂ ਨੇ ਆਪਣੇ ਚੇਲਿਆਂ ਨੂੰ ਸਪੱਸ਼ਟ ਹਿਦਾਇਤ ਦਿੱਤੀ ਸੀ ਕਿ ਉਹ ਆਪਣਾ ਸਭ ਕੁਝ ਛੱਡ ਕੇ ਤੁਰੰਤ ਭੱਜ ਜਾਣ। (ਮੱਤੀ 24:17, 18 ਪੜ੍ਹੋ।) ਕੀ ਤੁਰੰਤ ਭੱਜਣਾ ਜ਼ਰੂਰੀ ਸੀ? ਇਸ ਦਾ ਜਵਾਬ ਜਲਦੀ ਹੀ ਪਤਾ ਲੱਗ ਗਿਆ। ਕੁਝ ਦਿਨਾਂ ਬਾਅਦ ਯਹੂਦੀ ਬਾਗ਼ੀ ਵਾਪਸ ਮੁੜ ਆਏ ਅਤੇ ਉਨ੍ਹਾਂ ਨੇ ਯਰੂਸ਼ਲਮ ਅਤੇ ਯਹੂਦੀਆ ਦੇ ਵਾਸੀਆਂ ਨੂੰ ਬਗਾਵਤ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ। ਸ਼ਹਿਰ ਵਿਚ ਵੀ ਹਾਲਾਤ ਬੜੀ ਤੇਜ਼ੀ ਨਾਲ ਵਿਗੜ ਗਏ। ਕਈ ਬਾਗ਼ੀ ਧੜੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਆਪਸ ਵਿਚ ਹੀ ਲੜਨ ਲੱਗ ਪਏ। ਇਸ ਕਰਕੇ ਸ਼ਹਿਰੋਂ ਭੱਜਣਾ ਮੁਸ਼ਕਲ ਹੋ ਗਿਆ। ਜਦੋਂ ਰੋਮੀ ਫ਼ੌਜ 70 ਈ. ਵਿਚ ਵਾਪਸ ਆਈ, ਤਾਂ ਭੱਜਣ ਦੇ ਸਾਰੇ ਰਾਹ ਬੰਦ ਹੋ ਗਏ। (ਲੂਕਾ 19:43) ਜਿਸ ਨੇ ਵੀ ਭੱਜਣ ਵਿਚ ਢਿੱਲ-ਮੱਠ ਕੀਤੀ ਸੀ, ਉਹ ਸ਼ਹਿਰ ਵਿਚ ਫਸ ਗਿਆ। ਜਿਹੜੇ ਮਸੀਹੀ ਯਿਸੂ ਦੀਆਂ ਹਿਦਾਇਤਾਂ ਮੰਨ ਕੇ ਪਹਾੜਾਂ ਨੂੰ ਭੱਜ ਗਏ ਸਨ, ਉਨ੍ਹਾਂ ਦੀਆਂ ਜਾਨਾਂ ਬਚ ਗਈਆਂ। ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਜਾਣਦਾ ਹੈ ਕਿ ਆਪਣੇ ਲੋਕਾਂ ਨੂੰ ਕਿਵੇਂ ਬਚਾਉਣਾ ਹੈ। ਅਸੀਂ ਇਸ ਤੋਂ ਕੀ ਸਿੱਖਦੇ ਹਾਂ?
16 ਜਦੋਂ ਮਹਾਂਕਸ਼ਟ ਆਵੇਗਾ, ਤਾਂ ਮਸੀਹੀਆਂ ਨੂੰ ਪਰਮੇਸ਼ੁਰ ਦੇ ਬਚਨ ਅਤੇ ਸੰਗਠਨ ਦੀਆਂ ਹਿਦਾਇਤਾਂ ਮੁਤਾਬਕ ਚੱਲਣਾ ਪਵੇਗਾ। ਮਿਸਾਲ ਲਈ, ਯਿਸੂ ਨੇ “ਪਹਾੜਾਂ ਨੂੰ ਭੱਜ ਜਾਣ” ਦਾ ਜੋ ਹੁਕਮ ਦਿੱਤਾ ਸੀ, ਉਸ ਮੁਤਾਬਕ ਸਾਨੂੰ ਉਸ ਵੇਲੇ ਵੀ ਚੱਲਣਾ ਪਵੇਗਾ। ਅਜੇ ਇਹ ਨਹੀਂ ਪਤਾ ਕਿ ਸਾਨੂੰ ਕਿਵੇਂ ਭੱਜਣਾ ਪਵੇਗਾ।b ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਮਾਂ ਆਉਣ ਤੇ ਯਹੋਵਾਹ ਸਾਨੂੰ ਸਾਰੀਆਂ ਹਿਦਾਇਤਾਂ ਸਪੱਸ਼ਟ ਕਰ ਦੇਵੇਗਾ। ਸਾਡਾ ਬਚਾਅ ਇਸ ਗੱਲ ʼਤੇ ਨਿਰਭਰ ਕਰੇਗਾ ਕਿ ਅਸੀਂ ਹਿਦਾਇਤਾਂ ਮੁਤਾਬਕ ਚੱਲਦੇ ਹਾਂ ਜਾਂ ਨਹੀਂ। ਇਸ ਲਈ ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ‘ਅੱਜ ਯਹੋਵਾਹ ਆਪਣੇ ਲੋਕਾਂ ਨੂੰ ਜੋ ਹਿਦਾਇਤਾਂ ਦੇ ਰਿਹਾ ਹੈ, ਕੀ ਮੈਂ ਉਨ੍ਹਾਂ ਮੁਤਾਬਕ ਚੱਲਦਾ ਹਾਂ? ਕੀ ਮੈਂ ਉਨ੍ਹਾਂ ʼਤੇ ਤੁਰੰਤ ਚੱਲਦਾ ਹਾਂ ਜਾਂ ਫਿਰ ਢਿੱਲ-ਮੱਠ ਕਰਦਾ ਹਾਂ?’—ਯਾਕੂ. 3:17.
ਭਵਿੱਖ ਵਿਚ ਆਉਣ ਵਾਲੀ ਤਬਾਹੀ ਤੋਂ ਬਚਾਅ
17. ਹਬੱਕੂਕ ਦੀ ਭਵਿੱਖਬਾਣੀ ਤੋਂ ਸਾਨੂੰ ਭਵਿੱਖ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਹੋਣ ਵਾਲੇ ਹਮਲੇ ਬਾਰੇ ਕੀ ਪਤਾ ਲੱਗਦਾ ਹੈ?
17 ਆਓ ਹੁਣ ਆਪਾਂ ਦੁਬਾਰਾ ਗੋਗ ਵੱਲੋਂ ਹੋਣ ਵਾਲੇ ਹਮਲੇ ਬਾਰੇ ਗੱਲ ਕਰੀਏ। ਉਸ ਸਮੇਂ ਬਾਰੇ ਭਵਿੱਖਬਾਣੀ ਕਰਦੇ ਹੋਏ ਹਬੱਕੂਕ ਨੇ ਕਿਹਾ ਸੀ: “ਮੈਂ ਸੁਣਿਆ ਅਤੇ ਮੇਰਾ ਕਾਲਜਾ ਕੰਬਣ ਲੱਗਾ, ਉਸ ਅਵਾਜ਼ ਤੋਂ ਮੇਰੀਆਂ ਬੁੱਲ੍ਹੀਆਂ ਥਰਥਰਾਈਆਂ, ਵਿਸਾਂਧ ਮੇਰੀਆਂ ਹੱਡੀਆਂ ਵਿੱਚ ਆਈ, ਮੈਂ ਆਪਣੇ ਥਾਂ ਤੇ ਕੰਬਦਾ ਹਾਂ, ਕਿਉਂ ਜੋ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਤੱਕਾਂਗਾ, ਭਈ [ਪਰਮੇਸ਼ੁਰ] ਓਹਨਾਂ ਲੋਕਾਂ [ਯਾਨੀ ਹਮਲਾ ਕਰਨ ਵਾਲੀਆਂ ਫ਼ੌਜਾਂ] ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ।” (ਹਬ. 3:16) ਪਰਮੇਸ਼ੁਰ ਦੇ ਲੋਕਾਂ ਉੱਤੇ ਹੋਣ ਵਾਲੇ ਹਮਲੇ ਬਾਰੇ ਸੁਣ ਕੇ ਹੀ ਹਬੱਕੂਕ ਥਰ-ਥਰ ਕੰਬਣ ਲੱਗ ਪਿਆ ਤੇ ਉਸ ਵਿਚ ਜਾਨ ਨਾ ਰਹੀ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਗੋਗ ਦੀਆਂ ਫ਼ੌਜਾਂ ਸਾਡੇ ਉੱਤੇ ਹਮਲਾ ਕਰਨ ਆਉਣਗੀਆਂ, ਤਾਂ ਉਸ ਵੇਲੇ ਅਸੀਂ ਕਿੰਨੇ ਵੱਡੇ ਸੰਕਟ ਵਿਚ ਹੋਵਾਂਗੇ। ਪਰ ਹਬੱਕੂਕ ਧੀਰਜ ਨਾਲ ਯਹੋਵਾਹ ਦੇ ਮਹਾਨ ਦਿਨ ਦੀ ਉਡੀਕ ਕਰਨ ਲਈ ਤਿਆਰ ਸੀ ਅਤੇ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਜ਼ਰੂਰ ਬਚਾਵੇਗਾ। ਅਸੀਂ ਵੀ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ।—ਹਬ. 3:18, 19.
18. (ੳ) ਸਾਨੂੰ ਭਵਿੱਖ ਵਿਚ ਹੋਣ ਵਾਲੇ ਹਮਲੇ ਤੋਂ ਡਰਨ ਦੀ ਲੋੜ ਕਿਉਂ ਨਹੀਂ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
18 ਅਸੀਂ ਜਿਨ੍ਹਾਂ ਤਿੰਨ ਉਦਾਹਰਣਾਂ ਉੱਤੇ ਗੌਰ ਕੀਤਾ ਹੈ, ਉਨ੍ਹਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣਾ ਜਾਣਦਾ ਹੈ। ਇਹ ਹੋ ਹੀ ਨਹੀਂ ਸਕਦਾ ਕਿ ਉਸ ਦਾ ਮਕਸਦ ਪੂਰਾ ਨਾ ਹੋਵੇ; ਉਸ ਦੀ ਜਿੱਤ ਜ਼ਰੂਰ ਹੋਵੇਗੀ। ਯਹੋਵਾਹ ਦੀ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਅੰਤ ਤਕ ਵਫ਼ਾਦਾਰ ਰਹੀਏ। ਆਪਣੀ ਵਫ਼ਾਦਾਰੀ ਨੂੰ ਕਾਇਮ ਰੱਖਣ ਵਿਚ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ? ਇਸ ਬਾਰੇ ਅਗਲੇ ਲੇਖ ਵਿਚ ਦੱਸਿਆ ਜਾਵੇਗਾ।
[ਫੁਟਨੋਟ]
[ਸਫ਼ਾ 24 ਉੱਤੇ ਤਸਵੀਰ]
ਕੀ ਇਜ਼ਰਾਈਲੀਆਂ ਨੂੰ ਫ਼ਿਰਊਨ ਦੀ ਫ਼ੌਜ ਤੋਂ ਕੋਈ ਖ਼ਤਰਾ ਸੀ?