ਪਾਠ 06
ਜੀਵਨ ਦੀ ਸ਼ੁਰੂਆਤ ਕਿਵੇਂ ਹੋਈ?
‘ਪਰਮੇਸ਼ੁਰ ਜ਼ਿੰਦਗੀ ਦਾ ਸੋਮਾ ਹੈ।’ (ਜ਼ਬੂਰ 36:9) ਉਸ ਨੇ ਹੀ ਇਨਸਾਨ, ਜਾਨਵਰ ਅਤੇ ਪੇੜ-ਪੌਦੇ ਬਣਾਏ ਹਨ। ਪਰ ਕੁਝ ਲੋਕ ਕਹਿੰਦੇ ਹਨ ਕਿ ਸਾਰਾ ਕੁਝ ਆਪਣੇ ਆਪ ਬਣ ਗਿਆ। ਤੁਸੀਂ ਕੀ ਮੰਨਦੇ ਹੋ? ਜੇ ਸਾਰਾ ਕੁਝ ਆਪਣੇ ਆਪ ਹੀ ਬਣਿਆ ਹੈ, ਤਾਂ ਫਿਰ ਸਾਡਾ ਦੁਨੀਆਂ ਵਿਚ ਹੋਣ ਦਾ ਕੋਈ ਮਕਸਦ ਹੀ ਨਹੀਂ ਹੈ। ਪਰ ਜੇ ਯਹੋਵਾਹ ਪਰਮੇਸ਼ੁਰ ਨੇ ਸਾਰਾ ਕੁਝ ਬਣਾਇਆ ਹੈ, ਤਾਂ ਇਸ ਦੇ ਪਿੱਛੇ ਕੋਈ-ਨਾ-ਕੋਈ ਮਕਸਦ ਜ਼ਰੂਰ ਹੋਣਾ।a ਆਓ ਆਪਾਂ ਦੇਖੀਏ ਕਿ ਬਾਈਬਲ ਜੀਵਨ ਦੀ ਸ਼ੁਰੂਆਤ ਬਾਰੇ ਕੀ ਦੱਸਦੀ ਹੈ ਅਤੇ ਅਸੀਂ ਇਸ ਜਾਣਕਾਰੀ ʼਤੇ ਯਕੀਨ ਕਿਉਂ ਕਰ ਸਕਦੇ ਹਾਂ।
1. ਬ੍ਰਹਿਮੰਡ ਦੀ ਸ਼ੁਰੂਆਤ ਕਿਵੇਂ ਹੋਈ?
ਬਾਈਬਲ ਕਹਿੰਦੀ ਹੈ: “ਸ਼ੁਰੂ ਵਿਚ ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ।” (ਉਤਪਤ 1:1) ਜ਼ਿਆਦਾਤਰ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ। ਪਰ ਪਰਮੇਸ਼ੁਰ ਨੇ ਇਸ ਨੂੰ ਕਿਵੇਂ ਬਣਾਇਆ? ਪਰਮੇਸ਼ੁਰ ਨੇ ਆਪਣੀ ਜ਼ਬਰਦਸਤ “ਸ਼ਕਤੀ” ਯਾਨੀ ਪਵਿੱਤਰ ਸ਼ਕਤੀ ਨਾਲ ਬ੍ਰਹਿਮੰਡ ਦੀਆਂ ਸਾਰੀਆਂ ਚੀਜ਼ਾਂ ਬਣਾਈਆਂ, ਜਿਵੇਂ ਚੰਦ, ਤਾਰੇ ਅਤੇ ਗ੍ਰਹਿ।—ਉਤਪਤ 1:2.
2. ਪਰਮੇਸ਼ੁਰ ਨੇ ਧਰਤੀ ਕਿਉਂ ਬਣਾਈ?
ਯਹੋਵਾਹ ਨੇ ‘ਧਰਤੀ ਨੂੰ ਐਵੇਂ ਹੀ ਨਹੀਂ ਸਿਰਜਿਆ, ਸਗੋਂ ਇਸ ਨੂੰ ਵੱਸਣ ਲਈ ਬਣਾਇਆ।’ (ਯਸਾਯਾਹ 45:18) ਉਸ ਨੇ ਧਰਤੀ ਨੂੰ ਇਸ ਤਰੀਕੇ ਨਾਲ ਬਣਾਇਆ ਕਿ ਇਹ ਹਮੇਸ਼ਾ ਲਈ ਕਾਇਮ ਰਹੇ ਅਤੇ ਇੱਥੇ ਇਨਸਾਨਾਂ ਨੂੰ ਕਿਸੇ ਵੀ ਚੀਜ਼ ਦੀ ਘਾਟ ਨਾ ਹੋਵੇ। (ਯਸਾਯਾਹ 40:28; 42:5 ਪੜ੍ਹੋ।) ਵਿਗਿਆਨੀਆਂ ਦਾ ਵੀ ਕਹਿਣਾ ਹੈ ਕਿ ਇਨਸਾਨਾਂ ਦੇ ਰਹਿਣ ਲਈ ਧਰਤੀ ਬਿਲਕੁਲ ਸਹੀ ਜਗ੍ਹਾ ਹੈ। ਉਨ੍ਹਾਂ ਨੂੰ ਹਾਲੇ ਤਕ ਧਰਤੀ ਵਰਗਾ ਕੋਈ ਹੋਰ ਗ੍ਰਹਿ ਨਹੀਂ ਮਿਲਿਆ।
3. ਪਰਮੇਸ਼ੁਰ ਨੇ ਇਨਸਾਨਾਂ ਨੂੰ ਜਾਨਵਰਾਂ ਨਾਲੋਂ ਵੱਖਰਾ ਕਿਵੇਂ ਬਣਾਇਆ ਹੈ?
ਯਹੋਵਾਹ ਪਰਮੇਸ਼ੁਰ ਨੇ ਧਰਤੀ ਨੂੰ ਬਣਾਉਣ ਤੋਂ ਬਾਅਦ ਇਸ ʼਤੇ ਪੇੜ-ਪੌਦੇ ਅਤੇ ਜਾਨਵਰ ਬਣਾਏ। ਫਿਰ ਉਸ ਨੇ ਇਨਸਾਨਾਂ ਨੂੰ ਬਣਾਇਆ। ਉਸ ਨੇ ਇਨਸਾਨਾਂ ਨੂੰ ਜਾਨਵਰਾਂ ਨਾਲੋਂ ਬਿਲਕੁਲ ਵੱਖਰਾ ਬਣਾਇਆ। ਕਿਵੇਂ? ਉਸ ਨੇ “ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ।” (ਉਤਪਤ 1:27 ਪੜ੍ਹੋ।) ਇਸ ਦਾ ਮਤਲਬ ਹੈ ਕਿ ਸਾਡੇ ਵਿਚ ਉਸ ਵਰਗੇ ਗੁਣ ਹਨ। ਇਸ ਲਈ ਅਸੀਂ ਇਕ-ਦੂਸਰੇ ਨਾਲ ਪਿਆਰ ਕਰਦੇ ਹਾਂ ਅਤੇ ਸਾਨੂੰ ਸਹੀ-ਗ਼ਲਤ ਦੀ ਸਮਝ ਹੁੰਦੀ ਹੈ। ਉਸ ਨੇ ਸਾਨੂੰ ਅਜਿਹਾ ਦਿਮਾਗ਼ ਦਿੱਤਾ ਹੈ ਕਿ ਅਸੀਂ ਵੱਖੋ-ਵੱਖਰੀਆਂ ਭਾਸ਼ਾਵਾਂ ਸਿੱਖ ਸਕਦੇ ਹਾਂ, ਸੋਹਣੀਆਂ ਚੀਜ਼ਾਂ ਅਤੇ ਸੰਗੀਤ ਦਾ ਮਜ਼ਾ ਲੈ ਸਕਦੇ ਹਾਂ। ਨਾਲੇ ਸਿਰਫ਼ ਇਨਸਾਨਾਂ ਨੂੰ ਹੀ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਉਹ ਆਪਣੇ ਬਣਾਉਣ ਵਾਲੇ ਦੀ ਭਗਤੀ ਕਰਨ। ਜਾਨਵਰ ਇਹ ਸਭ ਨਹੀਂ ਕਰ ਸਕਦੇ।
ਹੋਰ ਸਿੱਖੋ
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਨਸਾਨਾਂ ਅਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਸਿਰਜਿਆ ਗਿਆ ਹੈ? ਦੁਨੀਆਂ ਦੀ ਸ੍ਰਿਸ਼ਟੀ ਬਾਰੇ ਬਾਈਬਲ ਵਿਚ ਜੋ ਦੱਸਿਆ ਹੈ, ਅਸੀਂ ਉਸ ʼਤੇ ਯਕੀਨ ਕਿਉਂ ਕਰ ਸਕਦੇ ਹਾਂ? ਨਾਲੇ ਇਨਸਾਨਾਂ ਵਿਚ ਜਿਹੜੇ ਚੰਗੇ ਗੁਣ ਹਨ, ਉਨ੍ਹਾਂ ਤੋਂ ਪਰਮੇਸ਼ੁਰ ਬਾਰੇ ਕੀ ਪਤਾ ਲੱਗਦਾ ਹੈ? ਆਓ ਜਾਣੀਏ।
4. ਸਭ ਕੁਝ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਹੈ
ਜਦੋਂ ਇਨਸਾਨ ਸ੍ਰਿਸ਼ਟੀ ਦੀ ਨਕਲ ਕਰ ਕੇ ਕੋਈ ਨਵੀਂ ਚੀਜ਼ ਬਣਾਉਂਦਾ ਹੈ, ਤਾਂ ਅਕਸਰ ਉਸ ਦੀ ਤਾਰੀਫ਼ ਕੀਤੀ ਜਾਂਦੀ ਹੈ। ਤਾਂ ਫਿਰ ਸ੍ਰਿਸ਼ਟੀ ਦੀਆਂ ਚੀਜ਼ਾਂ ਲਈ ਕਿਸ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਇਨਸਾਨਾਂ ਨੇ ਸ੍ਰਿਸ਼ਟੀ ਦੀ ਨਕਲ ਕਰ ਕੇ ਕੀ-ਕੀ ਬਣਾਇਆ ਹੈ?
ਹਰ ਘਰ ਨੂੰ ਬਣਾਉਣ ਵਾਲਾ ਕੋਈ-ਨਾ-ਕੋਈ ਹੁੰਦਾ ਹੈ। ਤਾਂ ਫਿਰ ਕੁਦਰਤੀ ਚੀਜ਼ਾਂ ਕਿਸ ਨੇ ਬਣਾਈਆਂ? ਇਬਰਾਨੀਆਂ 3:4 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕਿਹੜੀਆਂ ਕੁਦਰਤੀ ਚੀਜ਼ਾਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਂਦੇ ਹੋ?
ਕੀ ਇਹ ਮੰਨਣਾ ਸਹੀ ਹੋਵੇਗਾ ਕਿ ਧਰਤੀ, ਆਕਾਸ਼ ਅਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਕਿਸੇ ਨੇ ਸੋਚ-ਸਮਝ ਕੇ ਬਣਾਇਆ ਹੈ? ਤੁਸੀਂ ਇੱਦਾਂ ਕਿਉਂ ਸੋਚਦੇ ਹੋ?
ਕੀ ਤੁਹਾਨੂੰ ਪਤਾ?
ਇਸ ਵਿਸ਼ੇ ਨਾਲ ਜੁੜੇ ਕਈ ਲੇਖ ਅਤੇ ਵੀਡੀਓ jw.org ʼਤੇ ਦਿੱਤੇ ਗਏ ਹਨ, ਜਿਵੇਂ “ਇਹ ਕਿਸ ਦਾ ਕਮਾਲ ਹੈ?” ਅਤੇ “ਜ਼ਿੰਦਗੀ ਦੀ ਸ਼ੁਰੂਆਤ ਬਾਰੇ ਵਿਚਾਰ।”
“ਬੇਸ਼ੱਕ ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ”
5. ਦੁਨੀਆਂ ਦੀ ਸ੍ਰਿਸ਼ਟੀ ਬਾਰੇ ਬਾਈਬਲ ਵਿਚ ਲਿਖੀਆਂ ਗੱਲਾਂ ʼਤੇ ਯਕੀਨ ਕੀਤਾ ਜਾ ਸਕਦਾ ਹੈ
ਉਤਪਤ ਦੇ ਪਹਿਲੇ ਅਧਿਆਇ ਵਿਚ ਦੱਸਿਆ ਹੈ ਕਿ ਧਰਤੀ, ਪੇੜ-ਪੌਦੇ, ਜਾਨਵਰਾਂ ਅਤੇ ਇਨਸਾਨਾਂ ਦੀ ਸ੍ਰਿਸ਼ਟੀ ਕਿਵੇਂ ਹੋਈ। ਪਰ ਕੀ ਸੱਚ-ਮੁੱਚ ਇਸ ਤਰ੍ਹਾਂ ਹੋਇਆ ਸੀ ਜਾਂ ਕੀ ਇਹ ਸਿਰਫ਼ ਇਕ ਕਹਾਣੀ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਕੀ ਬਾਈਬਲ ਇਹ ਦੱਸਦੀ ਹੈ ਕਿ ਧਰਤੀ ਅਤੇ ਇਸ ਉਤਲੀਆਂ ਸਾਰੀਆਂ ਚੀਜ਼ਾਂ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਈਆਂ ਗਈਆਂ ਸਨ?
ਕੀ ਤੁਹਾਨੂੰ ਲੱਗਦਾ ਕਿ ਦੁਨੀਆਂ ਦੀ ਸ੍ਰਿਸ਼ਟੀ ਬਾਰੇ ਬਾਈਬਲ ਜੋ ਕਹਿੰਦੀ ਹੈ, ਉਸ ʼਤੇ ਯਕੀਨ ਕੀਤਾ ਜਾ ਸਕਦਾ ਹੈ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?
ਉਤਪਤ 1:1 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਵਿਗਿਆਨੀ ਕਹਿੰਦੇ ਹਨ ਕਿ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਦੀ ਇਹ ਗੱਲ ਇਸ ਆਇਤ ਨਾਲ ਕਿਵੇਂ ਮੇਲ ਖਾਂਦੀ ਹੈ?
ਕੁਝ ਲੋਕ ਸੋਚਦੇ ਹਨ ਕਿ ਸ਼ਾਇਦ ਪਰਮੇਸ਼ੁਰ ਨੇ ਵਿਕਾਸਵਾਦ ਰਾਹੀਂ ਸਾਰਾ ਕੁਝ ਬਣਾਇਆ। ਉਤਪਤ 1:21, 25, 27 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕੀ ਬਾਈਬਲ ਇਹ ਦੱਸਦੀ ਹੈ ਕਿ ਪਰਮੇਸ਼ੁਰ ਨੇ ਪਹਿਲਾਂ ਇਕ ਛੋਟਾ ਜਿਹਾ ਸੈੱਲ ਬਣਾਇਆ ਜਿਸ ਦਾ ਵਿਕਾਸ ਹੋ ਕੇ ਆਪਣੇ ਆਪ ਮੱਛੀਆਂ, ਜੀਵ-ਜੰਤੂ ਅਤੇ ਇਨਸਾਨ ਬਣ ਗਏ? ਜਾਂ ਕੀ ਉਸ ਨੇ ਸਾਰੇ ਜੀਵਾਂ ਨੂੰ ਉਨ੍ਹਾਂ ਦੀਆਂ “ਕਿਸਮਾਂ” ਅਨੁਸਾਰ ਆਪ ਬਣਾਇਆ?
6. ਇਨਸਾਨ ਯਹੋਵਾਹ ਦੀ ਸਭ ਤੋਂ ਸ਼ਾਨਦਾਰ ਸ੍ਰਿਸ਼ਟੀ ਹੈ
ਯਹੋਵਾਹ ਨੇ ਇਨਸਾਨ ਨੂੰ ਜਾਨਵਰਾਂ ਨਾਲੋਂ ਵੱਖਰਾ ਬਣਾਇਆ ਹੈ। ਉਤਪਤ 1:26 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ʼਤੇ ਬਣਾਇਆ ਹੈ। ਇਸ ਲਈ ਅਸੀਂ ਦੂਜਿਆਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਤਕਲੀਫ਼ ਸਮਝ ਸਕਦੇ ਹਾਂ। ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਪਰਮੇਸ਼ੁਰ ਆਪ ਕਿਹੋ ਜਿਹਾ ਹੋਣਾ?
ਕੁਝ ਲੋਕਾਂ ਦਾ ਕਹਿਣਾ ਹੈ: “ਦੁਨੀਆਂ ਦੀ ਸ੍ਰਿਸ਼ਟੀ ਬਾਰੇ ਬਾਈਬਲ ਵਿਚ ਜੋ ਲਿਖਿਆ ਹੈ, ਉਹ ਸੱਚ ਨਹੀਂ ਹੈ।”
ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?
ਹੁਣ ਤਕ ਅਸੀਂ ਸਿੱਖਿਆ
ਯਹੋਵਾਹ ਨੇ ਹੀ ਧਰਤੀ, ਆਕਾਸ਼ ਅਤੇ ਬਾਕੀ ਸਾਰੀਆਂ ਚੀਜ਼ਾਂ ਬਣਾਈਆਂ ਹਨ।
ਤੁਸੀਂ ਕੀ ਕਹੋਗੇ?
ਬਾਈਬਲ ਬ੍ਰਹਿਮੰਡ ਦੀ ਸ਼ੁਰੂਆਤ ਬਾਰੇ ਕੀ ਦੱਸਦੀ ਹੈ?
ਕੀ ਪਰਮੇਸ਼ੁਰ ਨੇ ਇਕ ਛੋਟਾ ਜਿਹਾ ਸੈੱਲ ਬਣਾਇਆ ਜਿਸ ਤੋਂ ਸਾਰੇ ਜੀਵ-ਜੰਤੂਆਂ ਦਾ ਵਿਕਾਸ ਹੋ ਗਿਆ ਜਾਂ ਕੀ ਉਸ ਨੇ ਆਪ ਸਭ ਕੁਝ ਬਣਾਇਆ?
ਇਨਸਾਨ ਪਰਮੇਸ਼ੁਰ ਦੀ ਸਭ ਤੋਂ ਸ਼ਾਨਦਾਰ ਸ੍ਰਿਸ਼ਟੀ ਕਿਉਂ ਹੈ?
ਇਹ ਵੀ ਦੇਖੋ
ਜਾਣੋ ਕਿ ਕੁਦਰਤੀ ਚੀਜ਼ਾਂ ਦੇ ਸ਼ਾਨਦਾਰ ਡੀਜ਼ਾਈਨ ਨੂੰ ਦੇਖ ਕੇ ਕੀ ਪਤਾ ਲੱਗਦਾ ਹੈ।
“ਸ੍ਰਿਸ਼ਟੀ ਤੋਂ ਅਸੀਂ ਕੀ ਸਿੱਖਦੇ ਹਾਂ?” (ਜਾਗਰੂਕ ਬਣੋ!, ਅਕਤੂਬਰ-ਦਸੰਬਰ 2006)
ਦੇਖੋ ਕਿ ਇਕ ਪਿਤਾ ਆਪਣੇ ਬੱਚੇ ਨੂੰ ਕਿਵੇਂ ਸਮਝਾਉਂਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਹੀ ਸਭ ਕੁਝ ਬਣਾਇਆ ਹੈ।
ਸ੍ਰਿਸ਼ਟੀ ਬਾਰੇ ਬਾਈਬਲ ਦੀ ਸਿੱਖਿਆ ਅਤੇ ਵਿਕਾਸਵਾਦ ਦੀ ਸਿੱਖਿਆ—ਕੀ ਇਹ ਦੋਵੇਂ ਸਹੀ ਹੋ ਸਕਦੀਆਂ ਹਨ?
“ਕੀ ਰੱਬ ਨੇ ਵਿਕਾਸਵਾਦ ਰਾਹੀਂ ਸਭ ਕੁਝ ਬਣਾਇਆ ਹੈ?” (jw.org ʼਤੇ ਲੇਖ)
ਪੁਰਾਣੇ ਜ਼ਮਾਨੇ ਦੇ ਜੀਵ-ਜੰਤੂਆਂ ਦੀਆਂ ਹੱਡੀਆਂ (ਫਾਸਿਲ) ਅਤੇ ਵਿਗਿਆਨੀਆਂ ਦੀਆਂ ਖੋਜਾਂ ਤੋਂ ਕੀ ਪਤਾ ਲੱਗਦਾ ਹੈ? ਕੀ ਕੋਈ ਬਣਾਉਣ ਵਾਲਾ ਹੈ ਜਾਂ ਫਿਰ ਸਭ ਕੁਝ ਆਪਣੇ ਆਪ ਆ ਗਿਆ?