ਅਬਰਾਹਾਮ ਵਾਂਗ ਨਿਹਚਾ ਕਰੋ!
“ਜਿਹੜੇ ਪਰਤੀਤ ਵਾਲੇ ਹਨ ਓਹੋ ਅਬਰਾਹਾਮ ਦੇ ਪੁੱਤ੍ਰ ਹਨ।”—ਗਲਾਤੀਆਂ 3:7.
1. ਅਬਰਾਮ ਨੇ ਕਨਾਨ ਵਿਚ ਇਕ ਨਵੀਂ ਪਰੀਖਿਆ ਦਾ ਸਾਮ੍ਹਣਾ ਕਿਸ ਤਰ੍ਹਾਂ ਕੀਤਾ ਸੀ?
ਯਹੋਵਾਹ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਅਬਰਾਮ ਨੇ ਊਰ ਦੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਛੱਡੀ। ਊਰ ਸ਼ਹਿਰ ਛੱਡਣ ਤੋਂ ਬਆਦ ਉਸ ਨੇ ਬਹੁਤ ਤੰਗੀਆਂ ਸਹੀਆਂ ਸਨ, ਪਰ ਇਹ ਉਨ੍ਹਾਂ ਤੰਗੀਆਂ ਦੇ ਮੁਕਾਬਲੇ ਵਿਚ ਕੁਝ ਵੀ ਨਹੀਂ ਸਨ ਜੋ ਉਸ ਨੇ ਬਆਦ ਵਿਚ ਮਿਸਰ ਵਿਚ ਸਹਿਣੀਆਂ ਸਨ। ਬਾਈਬਲ ਦੱਸਦੀ ਹੈ: “ਫੇਰ ਉਸ ਦੇਸ ਵਿੱਚ ਕਾਲ ਪੈ ਗਿਆ।” ਅਬਰਾਮ ਹੌਸਲਾ ਹਾਰ ਸਕਦਾ ਸੀ, ਪਰ ਇਸ ਦੀ ਬਜਾਇ ਉਸ ਨੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। “ਅਬਰਾਮ ਵਾਸ ਕਰਨ ਲਈ ਮਿਸਰ ਨੂੰ ਗਿਆ ਕਿਉਂਕਿ ਕਾਲ ਧਰਤੀ ਉੱਤੇ ਭਾਰੀ ਸੀ।” ਅਬਰਾਮ ਦਾ ਘਰਾਣਾ ਕਾਫ਼ੀ ਵੱਡਾ ਸੀ, ਇਸ ਲਈ ਉਹ ਮਿਸਰ ਵਿਚ ਲੋਕਾਂ ਦੇ ਜਾਣੇ ਬਗੈਰ ਨਹੀਂ ਵਸ ਸਕਦੇ ਸਨ। ਕੀ ਯਹੋਵਾਹ ਨੇ ਅਬਰਾਮ ਨੂੰ ਕਾਲ ਦੇ ਖ਼ਤਰੇ ਤੋਂ ਬਚਾ ਕੇ ਆਪਣਾ ਵਾਅਦਾ ਨਿਭਾਇਆ ਸੀ?—ਉਤਪਤ 12:10; ਕੂਚ 16:2, 3.
2, 3. (ੳ) ਅਬਰਾਮ ਨੇ ਇਹ ਗੱਲ ਲਕੋ ਕੇ ਕਿਉਂ ਰੱਖੀ ਸੀ ਕਿ ਸਾਰਈ ਉਸ ਦੀ ਪਤਨੀ ਸੀ? (ਅ) ਹਾਲਾਤ ਧਿਆਨ ਵਿਚ ਰੱਖਦੇ ਹੋਏ ਅਬਰਾਮ ਨੇ ਸਾਰਈ ਨਾਲ ਕਿਸ ਤਰੀਕੇ ਵਿਚ ਗੱਲ ਕੀਤੀ ਸੀ?
2 ਅਸੀਂ ਉਤਪਤ 12:11-13 ਵਿਚ ਪੜ੍ਹਦੇ ਹਾਂ ਕਿ “ਐਉਂ ਹੋਇਆ ਜਦ ਉਹ ਮਿਸਰ ਵਿੱਚ ਵੜਨ ਲਈ ਨੇੜੇ ਆਇਆ ਤਾਂ ਉਸ ਨੇ ਸਾਰਈ ਆਪਣੀ ਪਤਨੀ ਨੂੰ ਆਖਿਆ ਹੁਣ ਵੇਖ ਮੈਂ ਜਾਣਦਾ ਹਾਂ ਕਿ ਤੂੰ ਰੂਪਵੰਤੀ ਇਸਤਰੀ ਹੈਂ। ਸੋ ਐਉਂ ਹੋਊਗਾ ਜਦ ਮਿਸਰੀ ਤੈਨੂੰ ਵੇਖਣਗੇ ਤਦ ਓਹ ਕਹਿਣਗੇ ਕਿ ਇਹ ਉਸ ਦੀ ਤੀਵੀਂ ਹੈ ਅਤੇ ਓਹ ਮੈਨੂੰ ਮਾਰ ਸੁੱਟਣਗੇ ਪਰ ਤੈਨੂੰ ਜੀਉਂਦੀ ਰੱਖ ਲੈਣਗੇ। ਤੂੰ ਆਖੀਂ ਕਿ ਮੈਂ ਉਹ ਦੀ ਭੈਣ ਹਾਂ ਤਾਂ ਜੋ ਤੇਰੇ ਕਾਰਨ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਰਹੇ।” ਪੈਂਹਠਾਂ ਸਾਲਾਂ ਦੀ ਸਾਰਈ ਹਾਲੇ ਵੀ ਬਹੁਤ ਹੀ ਖ਼ੂਬਸੂਰਤ ਸੀ। ਇਸ ਕਾਰਨ ਅਬਰਾਮ ਦੀ ਜਾਨ ਨੂੰ ਖ਼ਤਰਾ ਸੀ।a (ਉਤਪਤ 12:4, 5; 17:17) ਇਸ ਤੋਂ ਇਲਾਵਾ, ਅਬਰਾਮ ਦੀ ਮੌਤ ਨੇ ਯਹੋਵਾਹ ਦੇ ਮਕਸਦ ਵਿਚ ਰੁਕਾਵਟ ਪਾ ਦੇਣੀ ਸੀ ਕਿਉਂਕਿ ਯਹੋਵਾਹ ਨੇ ਕਿਹਾ ਸੀ ਕਿ ਅਬਰਾਮ ਦੀ ਅੰਸ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ। (ਉਤਪਤ 12:2, 3, 7) ਅਬਰਾਮ ਹਾਲੇ ਬੇਔਲਾਦ ਸੀ, ਇਸ ਲਈ ਇਹ ਬਹੁਤ ਜ਼ਰੂਰੀ ਸੀ ਕਿ ਉਹ ਜੀਉਂਦਾ ਰਹੇ।
3 ਅਬਰਾਮ ਨੇ ਆਪਣੀ ਪਤਨੀ ਸਾਰਈ ਨਾਲ ਪਹਿਲਾਂ ਹੀ ਸਲਾਹ ਕੀਤੀ ਸੀ ਕਿ ਉਹ ਕਹੇਗੀ ਕਿ ਉਹ ਉਸ ਦੀ ਭੈਣ ਸੀ। ਜ਼ਰਾ ਧਿਆਨ ਦਿਓ ਕਿ ਭਾਵੇਂ ਉਹ ਪਰਿਵਾਰ ਦਾ ਸਰਦਾਰ ਸੀ ਉਸ ਨੇ ਆਪਣੇ ਅਧਿਕਾਰ ਨੂੰ ਗ਼ਲਤ ਤਰੀਕੇ ਵਿਚ ਨਹੀਂ ਵਰਤਿਆ ਸੀ, ਪਰ ਆਪਣੀ ਪਤਨੀ ਦਾ ਸਹਾਰਾ ਭਾਲਿਆ ਸੀ ਅਤੇ ਉਸ ਤੋਂ ਮਦਦ ਮੰਗੀ ਸੀ। (ਉਤਪਤ 12:11-13; 20:13) ਇਸ ਵਿਚ ਅਬਰਾਮ ਨੇ ਪਤੀਆਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ ਕਿ ਉਨ੍ਹਾਂ ਨੂੰ ਘਰ ਵਿਚ ਆਪਣੀ ਸਰਦਾਰੀ ਪਿਆਰ ਨਾਲ ਚਲਾਉਣੀ ਚਾਹੀਦੀ ਹੈ ਅਤੇ ਸਾਰਈ ਨੇ ਅਧੀਨਗੀ ਦਿਖਾ ਕੇ ਪਤਨੀਆਂ ਲਈ ਚੰਗੀ ਮਿਸਾਲ ਕਾਇਮ ਕੀਤੀ ਸੀ।—ਅਫ਼ਸੀਆਂ 5:23-28; ਕੁਲੁੱਸੀਆਂ 4:6.
4. ਅੱਜ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਉਨ੍ਹਾਂ ਦੇ ਭੈਣਾਂ-ਭਰਾਵਾਂ ਦੀਆਂ ਜਾਨਾਂ ਖ਼ਤਰੇ ਵਿਚ ਹੁੰਦੀਆਂ ਹਨ?
4 ਸਾਰਈ ਆਪਣੇ ਆਪ ਨੂੰ ਅਬਰਾਮ ਦੀ ਭੈਣ ਇਸ ਲਈ ਕਹਿ ਸਕਦੀ ਸੀ ਕਿਉਂਕਿ ਉਹ ਸੱਚ-ਮੁੱਚ ਉਸ ਦੀ ਭੈਣ ਸੀ। ਉਨ੍ਹਾਂ ਦਾ ਇੱਕੋ ਪਿਤਾ ਸੀ ਪਰ ਮਾਵਾਂ ਅਲੱਗ ਸਨ। (ਉਤਪਤ 20:12) ਇਸ ਤੋਂ ਇਲਾਵਾ ਅਬਰਾਮ ਨੂੰ ਅਜਿਹੀ ਕੋਈ ਵੀ ਗੱਲ ਦੂਸਰਿਆਂ ਨੂੰ ਦੱਸਣ ਦੀ ਲੋੜ ਨਹੀਂ ਸੀ ਜਿਸ ਨੂੰ ਜਾਣਨ ਦਾ ਉਨ੍ਹਾਂ ਦਾ ਕੋਈ ਹੱਕ ਨਹੀਂ ਸੀ। (ਮੱਤੀ 7:6) ਅੱਜ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਬਾਈਬਲ ਦੇ ਹੁਕਮ ਅਨੁਸਾਰ ਨੇਕ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹਨ। (ਇਬਰਾਨੀਆਂ 13:18) ਮਿਸਾਲ ਲਈ, ਉਹ ਕਦੀ ਵੀ ਅਦਾਲਤ ਵਿਚ ਸਹੁੰ ਖਾ ਕੇ ਝੂਠ ਨਹੀਂ ਬੋਲਦੇ। ਪਰ ਜਦੋਂ ਉਨ੍ਹਾਂ ਦੇ ਭੈਣਾਂ-ਭਰਾਵਾਂ ਦੀਆਂ ਜਾਨਾਂ ਅਤਿਆਚਾਰ ਜਾਂ ਸਮਾਜਕ ਸਮੱਸਿਆਵਾਂ ਕਾਰਨ ਕਿਸੇ ਵੀ ਖ਼ਤਰੇ ਵਿਚ ਹੁੰਦੀਆਂ ਹਨ, ਤਾਂ ਉਹ ਯਿਸੂ ਦੀ ਸਲਾਹ ਅਨੁਸਾਰ “ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ” ਬਣਦੇ ਹਨ।—ਮੱਤੀ 10:16; ਪਹਿਰਾਬੁਰਜ 1 ਨਵੰਬਰ 1996, ਸਫ਼ਾ 18, ਪੈਰਾ 19 ਦੇਖੋ।
5. ਸਾਰਈ ਅਬਰਾਮ ਦੀ ਗੱਲ ਮੰਨਣ ਲਈ ਕਿਉਂ ਤਿਆਰ ਸੀ?
5 ਸਾਰਈ ਨੇ ਅਬਰਾਮ ਦੀ ਗੱਲ ਸੁਣ ਕੇ ਕੀ ਕੀਤਾ ਸੀ? ਪਤਰਸ ਰਸੂਲ ਨੇ ਉਸ ਨੂੰ ‘ਪਰਮੇਸ਼ੁਰ ਉੱਤੇ ਆਸ ਰੱਖਣ’ ਵਾਲੀ ਤੀਵੀਂ ਸੱਦਿਆ ਸੀ। ਸਾਰਈ ਜਾਣਦੀ ਸੀ ਕਿ ਅਬਰਾਮ ਰਾਹੀਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੋਣੀਆਂ ਸਨ। ਇਸ ਤੋਂ ਇਲਾਵਾ ਉਹ ਆਪਣੇ ਪਤੀ ਨਾਲ ਪਿਆਰ ਕਰਦੀ ਸੀ ਅਤੇ ਉਸ ਦੀ ਇੱਜ਼ਤ ਕਰਦੀ ਸੀ। ਇਸ ਲਈ ਉਸ ਨੇ ‘ਆਪਣੇ ਪਤੀ ਦੇ ਅਧੀਨ ਹੋ ਕੇ’ ਪਤੀ-ਪਤਨੀ ਦੇ ਆਪਣੇ ਰਿਸ਼ਤੇ ਨੂੰ ਲਕੋ ਕੇ ਰੱਖਿਆ। (1 ਪਤਰਸ 3:5) ਪਰ ਇਸ ਤਰ੍ਹਾਂ ਕਰ ਕੇ ਉਸ ਨੇ ਆਪਣੇ ਆਪ ਨੂੰ ਖ਼ਤਰੇ ਵਿਚ ਪਾਇਆ ਸੀ। “ਜਦ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਹ ਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਹੈ। ਅਤੇ ਫ਼ਿਰਾਊਨ ਦੇ ਸਰਦਾਰਾਂ ਨੇ ਉਹ ਨੂੰ ਵੇਖਕੇ ਫ਼ਿਰਾਊਨ ਦੇ ਅੱਗੇ ਉਹ ਦੀ ਵਡਿਆਈ ਕੀਤੀ ਤਾਂ ਉਹ ਤੀਵੀਂ ਫ਼ਿਰਾਊਨ ਦੇ ਘਰ ਵਿੱਚ ਪਹੁੰਚਾਈ ਗਈ।”—ਉਤਪਤ 12:14, 15.
ਯਹੋਵਾਹ ਤੋਂ ਮਦਦ
6, 7. ਅਬਰਾਮ ਅਤੇ ਸਾਰਈ ਕਿਹੜੀ ਖ਼ਰਾਬ ਸਥਿਤੀ ਵਿਚ ਫੱਸ ਗਏ ਸਨ, ਅਤੇ ਯਹੋਵਾਹ ਨੇ ਸਾਰਈ ਨੂੰ ਕਿਵੇਂ ਬਚਾਇਆ ਸੀ?
6 ਅਬਰਾਮ ਅਤੇ ਸਾਰਈ ਲਈ ਇਹ ਕਿੰਨਾ ਔਖਾ ਸਮਾਂ ਸੀ! ਸਾਰਈ ਦੀ ਇੱਜ਼ਤ ਲੁੱਟੀ ਜਾ ਸਕਦੀ ਸੀ। ਫ਼ਿਰਊਨ ਅਬਰਾਮ ਅਤੇ ਸਾਰਈ ਦੇ ਅਸਲੀ ਰਿਸ਼ਤੇ ਬਾਰੇ ਨਹੀਂ ਜਾਣਦਾ ਸੀ, ਅਤੇ ਉਸ ਨੇ ਅਬਰਾਮ ਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ, ਇੱਥੋਂ ਤਕ ਕਿ “ਉਹ ਦੇ ਕੋਲ ਇੱਜੜ ਅਰ ਗਾਈਆਂ ਬਲਦ ਅਰ ਗਧੇ ਅਰ ਗੋਲੇ ਗੋਲੀਆਂ ਅਰ ਗਧੀਆਂ ਅਰ ਉੱਠ ਹੋ ਗਏ।”b (ਉਤਪਤ 12:16) ਅਬਰਾਮ ਲਈ ਇਹ ਤੋਹਫ਼ੇ ਕਿੰਨੇ ਘਿਣਾਉਣੇ ਸਨ! ਭਾਵੇਂ ਕਿ ਅਬਰਾਮ ਅਤੇ ਸਾਰਈ ਦੀ ਸਥਿਤੀ ਬਹੁਤ ਹੀ ਖ਼ਰਾਬ ਲੱਗਦੀ ਸੀ, ਯਹੋਵਾਹ ਨੇ ਅਬਰਾਮ ਨੂੰ ਇਕੱਲਾ ਨਹੀਂ ਛੱਡਿਆ ਸੀ।
7 ਫਿਰ “ਯਹੋਵਾਹ ਨੇ ਫ਼ਿਰਾਊਨ ਅਰ ਉਹ ਦੇ ਘਰਾਣੇ ਉੱਤੇ ਸਾਰਈ ਅਬਰਾਮ ਦੀ ਪਤਨੀ ਦੇ ਕਾਰਨ ਵੱਡੀਆਂ ਬਵਾਂ ਪਾਈਆਂ।” (ਉਤਪਤ 12:17) ਕਿਸੇ ਤਰੀਕੇ ਰਾਹੀਂ ਫ਼ਿਰਊਨ ਨੂੰ ਇਨ੍ਹਾਂ “ਬਵਾਂ” ਦਾ ਅਸਲੀ ਕਾਰਨ ਪਤਾ ਲੱਗ ਗਿਆ। ਉਸ ਨੇ ਫ਼ੌਰਨ ਗੱਲ ਸੁਧਾਰਨ ਲਈ ਕਦਮ ਚੁੱਕੇ: “ਤਾਂ ਫ਼ਿਰਾਊਨ ਨੇ ਅਬਰਾਮ ਨੂੰ ਬੁਲਵਾਕੇ ਆਖਿਆ, ਤੈਂ ਮੇਰੇ ਨਾਲ ਇਹ ਕੀ ਕੀਤਾ? ਤੈਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਤੀਵੀਂ ਹੈ? ਤੈਂ ਮੈਨੂੰ ਕਿਉਂ ਆਖਿਆ ਕਿ ਇਹ ਮੇਰੀ ਭੈਣ ਹੈ? ਤਦ ਹੀ ਮੈਂ ਇਹ ਨੂੰ ਲਿਆ ਕਿ ਆਪਣੀ ਤੀਵੀਂ ਬਣਾਵਾਂ। ਹੁਣ ਵੇਖ ਆਪਣੀ ਤੀਵੀਂ ਨੂੰ ਲੈ ਅਰ ਜਾਹ। ਤਦ ਫ਼ਿਰਾਊਨ ਨੇ ਆਪਣੇ ਆਦਮੀਆਂ ਨੂੰ ਉਸ ਵਿਖੇ ਹੁਕਮ ਦਿੱਤਾ ਸੋ ਉਨ੍ਹਾਂ ਨੇ ਉਸ ਨੂੰ ਅਰ ਉਸ ਦੀ ਪਤਨੀ ਨੂੰ ਅਰ ਉਸ ਦਾ ਸਭ ਕੁਝ ਉੱਥੋਂ ਤੋਰ ਦਿੱਤਾ।”—ਉਤਪਤ 12:18-20; ਜ਼ਬੂਰ 105:14, 15.
8. ਯਹੋਵਾਹ ਅੱਜ ਮਸੀਹੀਆਂ ਨਾਲ ਸੁਰੱਖਿਆ ਦਾ ਕਿਹੜਾ ਵਾਅਦਾ ਕਰਦਾ ਹੈ?
8 ਅੱਜ, ਯਹੋਵਾਹ ਆਪਣੇ ਸੇਵਕਾਂ ਨੂੰ ਮੌਤ, ਜੁਰਮ, ਕਾਲ, ਜਾਂ ਹੋਰ ਤਬਾਹੀਆਂ ਤੋਂ ਸੁਰੱਖਿਅਤ ਰੱਖਣ ਦਾ ਵਾਅਦਾ ਨਹੀਂ ਕਰਦਾ। ਪਰ ਉਹ ਸਾਡੇ ਨਾਲ ਇਹ ਵਾਅਦਾ ਜ਼ਰੂਰ ਕਰਦਾ ਹੈ ਕਿ ਉਹ ਸਾਨੂੰ ਉਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਚਾਵੇਗਾ ਜਿਨ੍ਹਾਂ ਤੋਂ ਸਾਨੂੰ ਰੂਹਾਨੀ ਤੌਰ ਤੇ ਖ਼ਤਰਾ ਹੋ ਸਕਦਾ ਹੈ। (ਜ਼ਬੂਰ 91:1-4) ਪਰ ਉਹ ਇਹ ਕਿਸ ਤਰ੍ਹਾਂ ਕਰਦਾ ਹੈ? ਮੁੱਖ ਤੌਰ ਤੇ ਉਹ ਆਪਣੇ ਬਚਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਸਮੇਂ ਸਿਰ ਚੇਤਾਵਨੀਆਂ ਦੇਣ ਰਾਹੀਂ ਇਸ ਤਰ੍ਹਾਂ ਕਰਦਾ ਹੈ। (ਮੱਤੀ 24:45) ਪਰ ਅਤਿਆਚਾਰ ਕਰਕੇ ਜੇ ਸਾਡੀ ਜਾਨ ਖ਼ਤਰੇ ਵਿਚ ਪੈ ਜਾਵੇ ਫਿਰ ਕੀ? ਭਾਵੇਂ ਕਿ ਕੁਝ ਲੋਕ ਮਰ ਜਾਂਦੇ ਹਨ ਪਰਮੇਸ਼ੁਰ ਆਪਣੇ ਸੇਵਕਾਂ ਦਾ ਸੰਗਠਨ ਕਦੀ ਵੀ ਵਿਨਾਸ਼ ਨਹੀਂ ਹੋਣ ਦੇਵੇਗਾ। (ਜ਼ਬੂਰ 116:15) ਅਤੇ ਭਾਵੇਂ ਕਿ ਕੁਝ ਵਫ਼ਾਦਾਰ ਸੇਵਕ ਮੌਤ ਦੀ ਨੀਂਦ ਸੌ ਜਾਂਦੇ ਹਨ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਨ੍ਹਾਂ ਨੂੰ ਦੁਬਾਰਾ ਜੀਵਨ ਬਖ਼ਸ਼ਿਆ ਜਾਵੇਗਾ।—ਯੂਹੰਨਾ 5:28, 29.
ਸ਼ਾਂਤੀ ਬਣਾਈ ਰੱਖਣ ਲਈ ਕੁਰਬਾਨੀਆਂ
9. ਕਿਹੜੀ ਗੱਲ ਦਿਖਾਉਂਦੀ ਹੈ ਕਿ ਅਬਰਾਮ ਕਨਾਨ ਦੇਸ਼ ਦੇ ਕਿਸੇ ਇਕ ਥਾਂ ਵਿਚ ਨਹੀਂ ਵੱਸਿਆ ਸੀ?
9 ਕਨਾਨ ਵਿਚ ਕਾਲ ਤੋਂ ਬਾਅਦ “ਅਬਰਾਮ ਅਰ ਉਹ ਦੀ ਪਤਨੀ ਅਰ ਸਭ ਕੁਝ ਜੋ ਉਹ ਦੇ ਕੋਲ ਸੀ ਅਰ ਲੂਤ ਵੀ ਉਹ ਦੇ ਨਾਲ ਮਿਸਰ ਤੋਂ ਦੱਖਣ ਦੇਸ ਵੱਲ [ਯਹੂਦਾਹ ਦੇ ਪਹਾੜੀ ਅਤੇ ਬੰਜਰ ਇਲਾਕੇ ਵੱਲ] ਉਤਾਹਾਂ ਗਏ। ਅਬਰਾਮ ਡੰਗਰਾਂ ਅਰ ਸੋਨੇ ਚਾਂਦੀ ਵਿੱਚ ਵੱਡਾ ਧਨ ਮਾਲ ਵਾਲਾ ਸੀ।” (ਉਤਪਤ 13:1, 2) ਇਸ ਕਰਕੇ ਉਸ ਦੇਸ਼ ਦੇ ਵਾਸੀ ਅਬਰਾਮ ਨੂੰ ਇਕ ਪ੍ਰਭਾਵਸ਼ਾਲੀ ਬੰਦਾ, ਯਾਨੀ ਇਕ ਵੱਡਾ ਸਰਦਾਰ ਸਮਝਦੇ ਸਨ। (ਉਤਪਤ 23:6) ਪਰ ਅਬਰਾਮ ਨਾ ਉਸ ਦੇਸ਼ ਵਿਚ ਵੱਸਣਾ ਚਾਹੁੰਦਾ ਸੀ ਅਤੇ ਨਾ ਹੀ ਕਨਾਨ ਦੇ ਲੋਕਾਂ ਦੀਆਂ ਗੱਲਾਂ ਵਿਚ ਫਸਣਾ ਚਾਹੁੰਦਾ ਸੀ। ਇਸ ਦੀ ਬਜਾਇ, “ਉਹ ਦੱਖਣ ਤੋਂ ਸਫਰ ਕਰਦਾ ਬੈਤ-ਏਲ ਦੀ ਉਸ ਥਾਂ ਤੀਕ ਅੱਪੜਿਆ ਜਿੱਥੇ ਪਹਿਲਾਂ ਆਪਣਾ ਤੰਬੂ ਬੈਤ-ਏਲ ਅਰ ਅਈ ਦੇ ਵਿਚਕਾਰ ਲਾਇਆ ਸੀ।” ਅਬਰਾਮ ਜਿੱਥੇ ਵੀ ਜਾਂਦਾ ਸੀ ਉਹ ਹਮੇਸ਼ਾ ਯਹੋਵਾਹ ਦੀ ਉਪਾਸਨਾ ਨੂੰ ਪਹਿਲਾ ਦਰਜਾ ਦਿੰਦਾ ਸੀ, ਅਤੇ ਇੱਥੇ ਵੀ ਉਸ ਨੇ ਇਸੇ ਤਰ੍ਹਾਂ ਕੀਤਾ।—ਉਤਪਤ 13:3, 4.
10. ਅਬਰਾਮ ਅਤੇ ਲੂਤ ਦੇ ਪਾਲੀਆਂ ਵਿਚਕਾਰ ਕਿਸ ਗੱਲ ਬਾਰੇ ਝਗੜਾ ਸ਼ੁਰੂ ਹੋਇਆ ਸੀ, ਅਤੇ ਇਸ ਮਾਮਲੇ ਨੂੰ ਜਲਦੀ ਸੁਲਝਾਉਣ ਦੀ ਜ਼ਰੂਰਤ ਕਿਉਂ ਸੀ?
10 “ਲੂਤ ਕੋਲ ਵੀ ਜਿਹੜਾ ਅਬਰਾਮ ਨਾਲ ਚੱਲਦਾ ਸੀ ਇੱਜੜ ਅਰ ਗਾਈਆਂ ਬਲਦ ਅਰ ਤੰਬੂ ਸਨ। ਅਤੇ ਉਸ ਦੇਸ ਨੇ ਉਨ੍ਹਾਂ ਨੂੰ ਨਾ ਝੱਲਿਆ ਕਿ ਓਹ ਇੱਕਠੇ ਰਹਿਣ ਕਿਉਂਕਿ ਉਨ੍ਹਾਂ ਦਾ ਮਾਲ ਧਨ ਐਂਨਾ ਸੀ ਕਿ ਓਹ ਇਕੱਠੇ ਨਹੀਂ ਰਹਿ ਸਕਦੇ ਸਨ। ਉਪਰੰਤ ਅਬਰਾਮ ਦੇ ਪਾਲੀਆਂ ਅਤੇ ਲੂਤ ਦੇ ਪਾਲੀਆਂ ਵਿੱਚ ਝਗੜਾ ਪੈ ਗਿਆ ਅਤੇ ਕਨਾਨੀ ਅਰ ਪਰਿੱਜੀ ਜਨਤਾ ਉਸ ਵੇਲੇ ਉਸ ਦੇਸ ਵਿੱਚ ਵੱਸਦੀ ਸੀ।” (ਉਤਪਤ 13:5-7) ਦੇਸ਼ ਵਿਚ ਅਬਰਾਮ ਅਤੇ ਲੂਤ ਦੋਹਾਂ ਦੇ ਇੱਜੜਾਂ ਜੋਗਾ ਨਾ ਪਾਣੀ ਸੀ ਅਤੇ ਨਾ ਚਰਵਾਈ ਕਰਨ ਲਈ ਜਗ੍ਹਾ ਸੀ। ਇਸ ਲਈ ਉਨ੍ਹਾਂ ਦੇ ਇੱਜੜਾਂ ਦੇ ਪਾਲੀ ਇਕ ਦੂਸਰੇ ਨਾਲ ਗੁੱਸੇ ਹੋ ਕੇ ਝਗੜਾ ਕਰਨ ਲੱਗ ਪਏ। ਇਸ ਤਰ੍ਹਾਂ ਝਗੜਨਾ ਪਰਮੇਸ਼ੁਰ ਦੇ ਸੱਚੇ ਉਪਾਸਕਾਂ ਲਈ ਚੰਗਾ ਨਹੀਂ ਸੀ। ਜੇ ਇਹ ਝਗੜਾ ਜਾਰੀ ਰਹਿੰਦਾ ਤਾਂ ਉਨ੍ਹਾਂ ਵਿਚ ਹਮੇਸ਼ਾ ਲਈ ਫੁੱਟ ਪੈ ਸਕਦਾ ਸੀ। ਤਾਂ ਫਿਰ ਅਬਰਾਮ ਨੇ ਇਸ ਬਾਰੇ ਕੀ ਕੀਤਾ ਸੀ? ਲੂਤ ਦੇ ਪਿਤਾ ਦੀ ਮੌਤ ਤੋਂ ਬਾਅਦ ਅਬਰਾਮ ਨੇ ਉਸ ਦੀ ਦੇਖ-ਭਾਲ ਇਵੇਂ ਕੀਤੀ ਜਿਵੇਂ ਉਹ ਉਸ ਦਾ ਆਪਣਾ ਪੁੱਤਰ ਸੀ। ਦੋਹਾਂ ਵਿੱਚੋਂ ਵੱਡਾ ਹੋਣ ਦੇ ਨਾਤੇ, ਕੀ ਅਬਰਾਮ ਕੋਲ ਆਪਣੇ ਫ਼ਾਇਦੇ ਲਈ ਫ਼ੈਸਲਾ ਕਰਨ ਦਾ ਹੱਕ ਨਹੀਂ ਸੀ?
11, 12. ਅਬਰਾਮ ਨੇ ਲੂਤ ਨੂੰ ਕੀ ਕਿਹਾ ਸੀ, ਅਤੇ ਲੂਤ ਦਾ ਫ਼ੈਸਲਾ ਬੁਰਾ ਕਿਉਂ ਸੀ?
11 ਪਰ “ਅਬਰਾਮ ਨੇ ਲੂਤ ਨੂੰ ਆਖਿਆ ਮੇਰੇ ਅਰ ਤੇਰੇ ਅਤੇ ਮੇਰੇ ਅਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਜੋ ਅਸੀਂ ਭਰਾ ਹਾਂ। ਭਲਾ, ਤੇਰੇ ਅੱਗੇ ਸਾਰਾ ਦੇਸ ਨਹੀਂ ਹੈ? ਮੈਥੋਂ ਵੱਖਰਾ ਹੋ ਜਾਹ। ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ।” ਬੈਤ-ਏਲ ਦੇ ਲਾਗੇ ਅਜਿਹੀ ਉੱਚੀ ਜਗ੍ਹਾ ਹੈ ਜਿਸ ਨੂੰ “ਫਲਸਤੀਨ ਵਿਚ ਨਜ਼ਾਰਾ ਦੇਖਣ ਦੀ ਸਭ ਤੋਂ ਵਧੀਆ ਜਗ੍ਹਾ” ਕਿਹਾ ਗਿਆ ਹੈ। ਸ਼ਾਇਦ ਇਸੇ ਜਗ੍ਹਾ ਤੋਂ “ਲੂਤ ਨੇ ਆਪਣੀਆਂ ਅੱਖੀਆਂ ਚੁੱਕਕੇ ਯਰਦਨ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਮੈਦਾਨ ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਸਦੂਮ ਅਰ ਅਮੂਰਾਹ ਨੂੰ ਨਾਸ਼ ਕੀਤਾ ਚੰਗਾ ਤਰ ਸੀ, ਉਹ ਯਹੋਵਾਹ ਦੇ ਬਾਗ਼ ਵਰਗਾ ਸੀ ਅਥਵਾ ਸੋਆਰ ਨੂੰ ਜਾਂਦੇ ਹੋਏ ਮਿਸਰ ਦੇਸ ਵਰਗਾ ਸੀ।”—ਉਤਪਤ 13:8-10.
12 ਭਾਵੇਂ ਕਿ ਬਾਈਬਲ ਲੂਤ ਨੂੰ “ਧਰਮੀ” ਬੰਦਾ ਸੱਦਦੀ ਹੈ, ਉਸ ਨੇ ਇਸ ਮਾਮਲੇ ਵਿਚ ਨਾ ਤਾਂ ਅਬਰਾਮ ਦੀ ਇੱਛਾ ਪੁੱਛੀ ਅਤੇ ਨਾ ਹੀ ਉਸ ਤੋਂ ਸਲਾਹ ਮੰਗੀ। (2 ਪਤਰਸ 2:7) “ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣਿਆ ਅਤੇ ਲੂਤ ਪੂਰਬ ਵੱਲ ਚਲਿਆ ਗਿਆ ਸੋ ਉਹ ਇੱਕ ਦੂਜੇ ਤੋਂ ਅੱਡ ਹੋ ਗਏ। ਅਬਰਾਮ ਕਨਾਨ ਦੇ ਦੇਸ ਵਿੱਚ ਵੱਸਿਆ ਅਤੇ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਵੱਸਿਆ ਅਰ ਸਦੂਮ ਕੋਲ ਆਪਣਾ ਤੰਬੂ ਲਾਇਆ।” (ਉਤਪਤ 13:11, 12) ਸਦੂਮ ਇਕ ਅਮੀਰ ਸ਼ਹਿਰ ਸੀ ਅਤੇ ਉਸ ਵਿਚ ਵੱਸਣ ਦੇ ਬਹੁਤ ਲਾਭ ਸਨ। (ਹਿਜ਼ਕੀਏਲ 16:49, 50) ਭਾਵੇਂ ਕਿ ਲੂਤ ਦਾ ਫ਼ੈਸਲਾ ਠੀਕ ਲੱਗਦਾ ਸੀ, ਅਧਿਆਤਮਿਕ ਤੋਰ ਤੇ ਇਹ ਬਹੁਤ ਬੁਰਾ ਸੀ। ਕਿਉਂ? ਕਿਉਂਕਿ ਜਿਵੇਂ ਉਤਪਤ 13:13 ਵਿਚ ਲਿਖਿਆ ਹੈ: “ਸਦੂਮ ਦੇ ਮਨੁੱਖ ਯਹੋਵਾਹ ਦੇ ਅੱਗੇ ਅੱਤ ਬੁਰਿਆਰ ਅਰ ਮਹਾਂ ਪਾਪੀ ਸਨ।” ਲੂਤ ਦੇ ਫ਼ੈਸਲੇ ਨੇ ਬਾਅਦ ਵਿਚ ਉਸ ਦੇ ਪਰਿਵਾਰ ਉੱਤੇ ਬਹੁਤ ਦੁੱਖ ਲਿਆਂਦਾ ਸੀ।
13. ਉਨ੍ਹਾਂ ਮਸੀਹੀਆਂ ਲਈ ਅਬਰਾਮ ਦੀ ਮਿਸਾਲ ਕਿਉਂ ਚੰਗੀ ਹੈ ਜੋ ਪੈਸਿਆਂ ਖ਼ਾਤਰ ਝਗੜਿਆਂ ਵਿਚ ਫੱਸ ਜਾਂਦੇ ਹਨ?
13 ਅਬਰਾਮ ਨੇ ਯਹੋਵਾਹ ਦੇ ਵਾਅਦੇ ਉੱਤੇ ਨਿਹਚਾ ਰੱਖੀ ਕਿ ਆਖ਼ਰਕਾਰ ਪੂਰਾ ਦੇਸ਼ ਉਸ ਦੀ ਅੰਸ ਦਾ ਹੋਵੇਗਾ; ਉਸ ਨੇ ਉਸ ਦੇਸ਼ ਦੇ ਛੋਟੇ ਜਿਹੇ ਹਿੱਸੇ ਕਾਰਨ ਬਹਿਸ ਨਹੀਂ ਕੀਤੀ ਸੀ। ਉਸ ਨੇ ਖੁੱਲ੍ਹੇ-ਦਿਲ ਨਾਲ ਉਹ ਸਿਧਾਂਤ ਲਾਗੂ ਕੀਤਾ ਜੋ ਬਾਅਦ ਵਿਚ 1 ਕੁਰਿੰਥੀਆਂ 10:24 ਵਿਚ ਦਰਜ ਕੀਤਾ ਗਿਆ ਸੀ: “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।” ਇਹ ਉਨ੍ਹਾਂ ਮਸੀਹੀਆਂ ਲਈ ਇਕ ਚੰਗੀ ਯਾਦ-ਦਹਾਨੀ ਹੈ ਜੋ ਆਪਣੇ ਭੈਣ-ਭਰਾਵਾਂ ਨਾਲ ਪੈਸਿਆਂ ਦੇ ਮਾਮਲੇ ਕਰਕੇ ਸ਼ਾਇਦ ਝਗੜਾ ਕਰਨ ਲੱਗ ਪੈਣ। ਮੱਤੀ 18:15-17 ਦੀ ਸਲਾਹ ਲਾਗੂ ਕਰਨ ਦੀ ਬਜਾਇ ਕੁਝ ਮਸੀਹੀਆਂ ਨੇ ਆਪਣੇ ਭਰਾਵਾਂ ਉੱਤੇ ਮੁਕੱਦਮੇ ਚਲਾਏ ਹਨ। (1 ਕੁਰਿੰਥੀਆਂ 6:1, 7) ਅਬਰਾਮ ਦੀ ਮਿਸਾਲ ਦਿਖਾਉਂਦੀ ਹੈ ਕਿ ਯਹੋਵਾਹ ਨੂੰ ਬਦਨਾਮ ਕਰਨ ਜਾਂ ਮਸੀਹੀ ਕਲੀਸਿਯਾ ਦੀ ਸ਼ਾਂਤੀ ਭੰਗ ਕਰਨ ਦੀ ਬਜਾਇ ਮਾਲੀ ਤੋਰ ਤੇ ਘਾਟਾ ਸਹਿਣਾ ਬਿਹਤਰ ਹੈ।—ਯਾਕੂਬ 3:18.
14. ਅਬਰਾਮ ਨੂੰ ਉਸ ਦੀ ਖੁੱਲ੍ਹ ਦਿਲੀ ਲਈ ਕਿਹੜੀ ਬਰਕਤ ਮਿਲੀ ਸੀ?
14 ਅਬਰਾਮ ਨੂੰ ਉਸ ਦੀ ਖੁੱਲ੍ਹ ਦਿਲੀ ਲਈ ਬਰਕਤ ਮਿਲਣੀ ਸੀ। ਪਰਮੇਸ਼ੁਰ ਨੇ ਕਿਹਾ: “ਮੈਂ ਤੇਰੀ ਅੰਸ ਧਰਤੀ ਦੀ ਧੂੜ ਵਰਗੀ ਅਜੇਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ ਤਾਂ ਉਹ ਤੇਰੀ ਅੰਸ ਨੂੰ ਵੀ ਗਿਣ ਸੱਕੇਗਾ।” ਬੇਔਲਾਦ ਅਬਰਾਮ ਦਾ ਹੌਸਲਾ ਵਧਾਉਣ ਲਈ ਇਹ ਕਿੰਨੀ ਵਧੀਆ ਗੱਲ ਸੀ! ਅੱਗੇ ਪਰਮੇਸ਼ੁਰ ਨੇ ਹੁਕਮ ਦਿੱਤਾ: “ਉੱਠ ਅਤੇ ਏਸ ਦੇਸ ਦੀ ਲੰਬਾਈ ਚੌੜਾਈ ਵਿੱਚ ਫਿਰ ਕਿਉਂਜੋ ਮੈਂ ਇਹ ਤੈਨੂੰ ਦਿਆਂਗਾ।” (ਉਤਪਤ 13:16, 17) ਅਬਰਾਮ ਨੂੰ ਕਿਸੇ ਸ਼ਹਿਰ ਵਿਚ ਵੱਸ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਸ ਨੂੰ ਕਨਾਨੀ ਲੋਕਾਂ ਤੋਂ ਵੱਖਰਾ ਰਹਿਣਾ ਪਿਆ ਸੀ। ਉਸ ਵਾਂਗ ਅੱਜ ਵੀ ਮਸੀਹੀਆਂ ਨੂੰ ਜਗਤ ਤੋਂ ਵੱਖਰਾ ਰਹਿਣ ਦੀ ਜ਼ਰੂਰਤ ਹੈ। ਮਸੀਹੀ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਬਿਹਤਰ ਨਹੀਂ ਸਮਝਦੇ, ਪਰ ਫਿਰ ਵੀ ਉਹ ਉਨ੍ਹਾਂ ਨਾਲ ਸੰਗਤ ਨਹੀਂ ਰੱਖਦੇ ਜੋ ਸ਼ਾਇਦ ਉਨ੍ਹਾਂ ਨੂੰ ਗ਼ਲਤ ਕੰਮਾਂ ਵਿਚ ਹਿੱਸਾ ਲੈਣ ਲਈ ਭਰਮਾਉਣ।—1 ਪਤਰਸ 4:3, 4.
15. (ੳ) ਅਬਰਾਮ ਨੂੰ ਸਫ਼ਰ ਕਰਨ ਤੋਂ ਕੀ ਫ਼ਾਇਦਾ ਹੋਇਆ ਸੀ? (ਅ) ਅਬਰਾਮ ਨੇ ਅੱਜ ਦੇ ਮਸੀਹੀ ਪਰਿਵਾਰਾਂ ਲਈ ਕਿਹੜੀ ਮਿਸਾਲ ਕਾਇਮ ਕੀਤੀ ਸੀ?
15 ਬਾਈਬਲ ਦੇ ਸਮਿਆਂ ਵਿਚ ਜ਼ਮੀਨ ਖ਼ਰੀਦਣ ਤੋਂ ਪਹਿਲਾਂ ਖ਼ਰੀਦਣ ਵਾਲੇ ਕੋਲ ਉਸ ਦੀ ਜਾਂਚ ਕਰਨ ਦਾ ਪੂਰਾ ਹੱਕ ਸੀ। ਸਫ਼ਰ ਕਰਦੇ ਸਮੇਂ ਅਬਰਾਮ ਲਈ ਇਹ ਇਕ ਯਾਦ-ਦਹਾਨੀ ਸੀ ਕਿ ਇਕ ਦਿਨ ਇਹ ਦੇਸ਼ ਉਸ ਦੀ ਅੰਸ ਦਾ ਹੋਵੇਗਾ। ਆਗਿਆਕਾਰੀ ਨਾਲ “ਅਬਰਾਮ ਨੇ ਆਪਣਾ ਤੰਬੂ ਪੁੱਟਿਆ ਅਤੇ ਮਮਰੇ ਦੀਆਂ ਬਲੂਤਾਂ ਕੋਲ ਜਿਹੜੇ ਹਬਰੋਨ ਵਿੱਚ ਹਨ ਜਾ ਵੱਸਿਆ ਅਤੇ ਉੱਥੇ ਉਸ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ।” (ਉਤਪਤ 13:18) ਇਕ ਵਾਰ ਫਿਰ ਅਬਰਾਮ ਨੇ ਦਿਖਾਇਆ ਕਿ ਯਹੋਵਾਹ ਦੀ ਉਪਾਸਨਾ ਉਸ ਲਈ ਸਭ ਤੋਂ ਮਹੱਤਵਪੂਰਣ ਗੱਲ ਸੀ। ਕੀ ਤੁਹਾਡੇ ਪਰਿਵਾਰ ਲਈ ਬਾਈਬਲ ਸਟੱਡੀ ਅਤੇ ਪ੍ਰਾਰਥਨਾ ਕਰਨੀ, ਅਤੇ ਸਭਾਵਾਂ ਵਿਚ ਜਾਣਾ ਸਭ ਤੋਂ ਮਹੱਤਵਪੂਰਣ ਗੱਲ ਹੈ?
ਦੁਸ਼ਮਣਾਂ ਦਾ ਹਮਲਾ
16. (ੳ) ਉਤਪਤ 14:1 ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ ਕਿ ‘ਦੇ ਦਿਨਾਂ ਵਿਚ ਐਉਂ ਹੋਇਆ’? (ਅ) ਚਾਰ ਪੂਰਬੀ ਰਾਜਿਆਂ ਨੇ ਸ਼ਹਿਰਾਂ ਉੱਤੇ ਹਮਲਾ ਕਿਉਂ ਕੀਤਾ ਸੀ?
16 “ਐਉਂ ਹੋਇਆ ਕਿ ਸਿਨਾਰ ਦੇ ਰਾਜਾ ਅਮਰਾਫਲ ਅਰ ਅੱਲਾਸਾਰ ਦੇ ਰਾਜਾ ਅਰਯੋਕ ਅਰ ਏਲਾਮc ਦੇ ਰਾਜਾ ਕਦਾਰਲਾਓਮਰ ਅਰ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਇਨ੍ਹਾਂ ਨੇ . . . ਜੁੱਧ ਕੀਤਾ।” ਮੁਢਲੀ ਇਬਰਾਨੀ ਭਾਸ਼ਾ ਵਿਚ ‘ਦੇ ਦਿਨਾਂ ਵਿਚ ਐਉਂ ਹੋਇਆ’ ਸ਼ਬਦ ਉਦੋਂ ਵਰਤੇ ਜਾਂਦੇ ਸਨ ਜਦੋਂ ਦੁੱਖ ਦੇ ਸਮੇਂ ਤੋਂ ਬਾਅਦ ਬਰਕਤਾਂ ਆਉਣੀਆਂ ਸਨ। (ਉਤਪਤ 14:1, 2) ਦੁੱਖ ਦਾ ਸਮਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਇਨ੍ਹਾਂ ਚਾਰ ਪੂਰਬੀ ਰਾਜਿਆਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੇ ਕਨਾਨ ਉੱਤੇ ਵੱਡਾ ਹਮਲਾ ਕੀਤਾ। ਉਨ੍ਹਾਂ ਨੇ ਇਹ ਹਮਲਾ ਕਿਉਂ ਕੀਤਾ ਸੀ? ਉਹ ਪੰਜ ਸ਼ਹਿਰਾਂ ਦੀ ਬਗਾਵਤ ਨੂੰ ਕੁਚਲਣਾ ਚਾਹੁੰਦੇ ਸਨ ਯਾਨੀ ਸਦੂਮ, ਅਮੂਰਾਹ, ਅਦਮਾਹ, ਸਬੋਈਮ, ਅਤੇ ਬਲਾ। ਇਨ੍ਹਾਂ ਸਾਰਿਆਂ ਸ਼ਹਿਰਾਂ ਨੂੰ ਜਿੱਤ ਕੇ ਇਹ ਚਾਰ ਰਾਜੇ “ਸਿੱਦੀਮ ਦੀ ਦੂਣ ਵਿੱਚ ਜੋ ਖਾਰਾ ਸਮੁੰਦਰ ਹੈ ਇਕੱਠੇ ਹੋਏ।” ਲੂਤ ਅਤੇ ਉਸ ਦਾ ਪਰਿਵਾਰ ਲਾਗੇ ਹੀ ਰਹਿੰਦੇ ਸਨ।—ਉਤਪਤ 14:3-7.
17. ਲੂਤ ਦੇ ਫੜੇ ਜਾਣ ਕਰਕੇ ਅਬਰਾਮ ਦੀ ਨਿਹਚਾ ਕਿਉਂ ਪਰਖੀ ਗਈ ਸੀ?
17 ਹਮਲਾਵਰਾਂ ਦਾ ਜ਼ਬਰਦਸਤ ਵਿਰੋਧ ਕਰਨ ਦੇ ਬਾਵਜੂਦ ਕਨਾਨੀ ਰਾਜੇ ਹਾਰ ਗਏ ਸਨ। “ਤਾਂ ਓਹ ਸਦੂਮ ਅਰ ਅਮੂਰਾਹ ਦਾ ਸਾਰਾ ਮਾਲ ਧਨ ਅਰ ਉਨ੍ਹਾਂ ਦਾ ਸਾਰਾ ਅੰਨ ਦਾਣਾ ਲੁੱਟਕੇ ਤੁਰ ਗਏ। ਓਹ ਲੂਤ ਅਬਰਾਮ ਦੇ ਭਤੀਜੇ ਨੂੰ ਵੀ ਜੋ ਸਦੂਮ ਵਿੱਚ ਵੱਸਦਾ ਸੀ ਅਰ ਉਸ ਦੇ ਮਾਲ ਧਨ ਨੂੰ ਵੀ ਲੁੱਟਕੇ ਤੁਰਦੇ ਹੋਏ।” ਇਸ ਬਰਬਾਦੀ ਦੀ ਖ਼ਬਰ ਜਲਦੀ ਹੀ ਅਬਰਾਮ ਤਕ ਪਹੁੰਚ ਗਈ: “ਫੇਰ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ ਅਤੇ ਉਹ ਅਸ਼ਕੋਲ ਦੇ ਭਰਾ ਅਰ ਆਨੇਰ ਦੇ ਭਰਾ ਮਮਰੇ ਅਮੋਰੀ ਦੇ ਬਲੂਤਾਂ ਦੇ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਦਾ ਅਬਰਾਮ ਨਾਲ ਨੇਮ ਸੀ। [ਇਸ ਤਰ੍ਹਾਂ] ਅਬਰਾਮ ਨੇ ਸੁਣਿਆ ਕਿ ਉਹ ਦਾ ਭਰਾ ਫੜਿਆ ਗਿਆ।” (ਉਤਪਤ 14:8-14) ਇਹ ਉਸ ਦੀ ਨਿਹਚਾ ਲਈ ਕਿੱਡੀ ਵੱਡੀ ਪਰੀਖਿਆ ਸੀ! ਕੀ ਅਬਰਾਮ ਆਪਣੇ ਭਤੀਜੇ ਨਾਲ ਨਾਰਾਜ਼ ਸੀ ਕਿਉਂਕਿ ਉਸ ਨੇ ਉਸ ਤੋਂ ਬਿਹਤਰ ਜ਼ਮੀਨ ਚੁਣੀ ਸੀ? ਇਸ ਗੱਲ ਨੂੰ ਵੀ ਯਾਦ ਰੱਖੋ ਕਿ ਹਮਲਾ ਕਰਨ ਵਾਲੇ ਉਸ ਦੇ ਆਪਣੇ ਦੇਸ਼, ਸਿਨਾਰ ਤੋਂ ਆਏ ਹੋਏ ਸਨ। ਉਨ੍ਹਾਂ ਵਿਰੁੱਧ ਲੜਨ ਦਾ ਮਤਲਬ ਇਹ ਹੋਣਾ ਸੀ ਕਿ ਉਹ ਕਦੀ ਵੀ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦਾ ਸੀ। ਇਸ ਤੋਂ ਇਲਾਵਾ, ਅਬਰਾਮ ਉਸ ਫ਼ੌਜ ਦਾ ਕੀ ਵਿਗਾੜ ਸਕਦਾ ਸੀ ਜਿਸ ਨੇ ਕਨਾਨ ਦੀ ਪੂਰੀ ਫ਼ੌਜ ਨੂੰ ਹਰਾ ਦਿੱਤਾ ਸੀ?
18, 19. (ੳ) ਅਬਰਾਮ ਨੇ ਲੂਤ ਨੂੰ ਕਿਵੇਂ ਬਚਾਇਆ ਸੀ? (ਅ) ਇਸ ਜਿੱਤ ਲਈ ਕਿਸ ਦੀ ਵਡਿਆਈ ਕੀਤੀ ਗਈ ਸੀ?
18 ਅਬਰਾਮ ਨੇ ਫਿਰ ਤੋਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਿਆ। “ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਘਰਜੰਮਾਂ ਨੂੰ ਲੈਕੇ ਦਾਨ ਤੀਕਰ ਉਨ੍ਹਾਂ ਦਾ ਪਿੱਛਾ ਕੀਤਾ। ਅਤੇ ਉਸ ਨੇ ਅਰ ਉਸ ਦੇ ਟਹਿਲੂਆਂ ਨੇ ਜੱਥੇ ਬਣਾਕੇ ਰਾਤ ਨੂੰ ਉਨ੍ਹਾਂ ਨੂੰ ਮਾਰਿਆ ਅਤੇ ਹੋਬਾਹ ਤੀਕਰ ਜਿਹੜਾ ਦਮਿਸਕ ਦੇ ਖੱਬੇ ਪਾਸੇ ਹੈ ਉਨ੍ਹਾਂ ਦਾ ਪਿੱਛਾ ਕੀਤਾ। ਅਤੇ ਉਹ ਸਾਰੇ ਮਾਲ ਧਨ ਨੂੰ ਮੋੜ ਲੈ ਆਇਆ ਅਤੇ ਆਪਣੇ ਭਰਾ ਲੂਤ ਨੂੰ ਵੀ ਅਰ ਉਹ ਦਾ ਮਾਲ ਧਨ ਅਰ ਤੀਵੀਆਂ ਅਰ ਲੋਕਾਂ ਨੂੰ ਵੀ ਮੋੜ ਲੈ ਆਇਆ।” (ਉਤਪਤ 14:14-16) ਯਹੋਵਾਹ ਵਿਚ ਪੱਕੀ ਨਿਹਚਾ ਰੱਖਦੇ ਹੋਏ, ਅਬਰਾਮ ਨੇ ਆਪਣੀ ਛੋਟੀ ਜਿਹੀ ਫ਼ੌਜ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਲੂਤ ਅਤੇ ਉਸ ਦੇ ਪਰਿਵਾਰ ਨੂੰ ਬਚਾ ਲਿਆ। ਫਿਰ ਅਬਰਾਮ ਮਲਕਿ-ਸਿਦਕ ਨੂੰ ਮਿਲਿਆ ਜੋ ਕਿ ਸ਼ਾਲੇਮ ਦਾ ਰਾਜਾ ਅਤੇ ਜਾਜਕ ਸੀ। “ਮਲਕਿ-ਸਿਦਕ ਸ਼ਾਲੇਮ ਦਾ ਰਾਜਾ ਰੋਟੀ ਅਰ ਮੱਧ ਲੈ ਆਇਆ। ਉਹ ਅੱਤ ਮਹਾਂ ਪਰਮੇਸ਼ੁਰ ਦਾ ਜਾਜਕ ਸੀ। ਤਾਂ ਉਸ ਨੇ ਏਹ ਆਖਕੇ ਉਹ ਨੂੰ ਅਸੀਸ ਦਿੱਤੀ ਕਿ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ। ਅਤੇ ਮੁਬਾਰਕ ਹੈ ਅੱਤ ਮਹਾਂ ਪਰਮੇਸ਼ੁਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ ਤਾਂ ਉਸ ਨੇ ਉਹ ਨੂੰ ਸਭ ਕਾਸੇ ਦਾ ਦਸਵੰਧ ਦਿੱਤਾ।”—ਉਤਪਤ 14:18-20.
19 ਜੀ ਹਾਂ, ਯਹੋਵਾਹ ਦੀ ਮਦਦ ਨਾਲ ਹੀ ਜਿੱਤ ਪ੍ਰਾਪਤ ਹੋਈ ਸੀ। ਅਬਰਾਮ ਨੇ ਆਪਣੀ ਨਿਹਚਾ ਕਾਰਨ ਇਕ ਵਾਰ ਫਿਰ ਦੇਖਿਆ ਕਿ ਯਹੋਵਾਹ ਉਸ ਨੂੰ ਬਚਾ ਸਕਦਾ ਹੈ। ਅੱਜ ਪਰਮੇਸ਼ੁਰ ਦੇ ਲੋਕ ਲੜਾਈਆਂ ਵਿਚ ਹਿੱਸਾ ਨਹੀਂ ਲੈਂਦੇ ਪਰ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪਰੀਖਿਆਵਾਂ ਅਤੇ ਚੁਣੌਤੀਆਂ ਦਾ ਸਾਮ੍ਹਣਾ ਜ਼ਰੂਰ ਕਰਨਾ ਪੈਂਦਾ ਹੈ। ਸਾਡਾ ਅਗਲਾ ਲੇਖ ਦਿਖਾਵੇਗਾ ਕਿ ਇਨ੍ਹਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨ ਵਿਚ ਅਬਰਾਮ ਦੀ ਮਿਸਾਲ ਸਾਡੀ ਮਦਦ ਕਿਵੇਂ ਕਰ ਸਕਦੀ ਹੈ।
[ਫੁਟਨੋਟ]
a ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਇਨਸਾਈਟ ਔਨ ਦ ਸਕ੍ਰਿਪਚਰਸ ਦੇ ਅਨੁਸਾਰ “ਇਕ ਪੁਰਾਣੇ ਪਪਾਇਰਸ ਵਿਚ ਇਕ ਫ਼ਿਰਾਊਨ ਬਾਰੇ ਦੱਸਿਆ ਗਿਆ ਹੈ ਜਿਸ ਨੇ ਆਪਣੇ ਸਿਪਾਹੀਆਂ ਨੂੰ ਇਕ ਆਦਮੀ ਨੂੰ ਜਾਨੋਂ ਮਾਰ ਕੇ ਉਸ ਦੀ ਖ਼ੂਬਸੂਰਤ ਪਤਨੀ ਨੂੰ ਕਬਜ਼ੇ ਵਿਚ ਕਰਨ ਦਾ ਹੁਕਮ ਦਿੱਤਾ ਸੀ।” ਇਸ ਲਈ ਅਬਰਾਮ ਦਾ ਡਰ ਜਾਇਜ਼ ਸੀ।
b ਹਾਜਰਾ, ਜਿਸ ਨੇ ਬਾਅਦ ਵਿਚ ਅਬਰਾਮ ਲਈ ਪੁੱਤਰ ਜਣਿਆ ਸੀ, ਸ਼ਾਇਦ ਉਨ੍ਹਾਂ ਗੋਲੀਆਂ ਵਿੱਚੋਂ ਸੀ ਜੋ ਇਸ ਸਮੇਂ ਤੇ ਅਬਰਾਮ ਨੂੰ ਦਿੱਤੀਆਂ ਗਈਆਂ ਸਨ।—ਉਤਪਤ 16:1.
c ਆਲੋਚਕ ਦਾਅਵਾ ਕਰਦੇ ਹੁੰਦੇ ਸਨ ਕਿ ਸਿਨਾਰ ਵਿਚ ਏਲਾਮ ਦਾ ਇੰਨਾ ਪ੍ਰਭਾਵ ਕਦੀ ਵੀ ਨਹੀਂ ਸੀ ਅਤੇ ਕਿ ਕਦਾਰਲਾਓਮਰ ਦੇ ਹਮਲੇ ਦਾ ਬਿਰਤਾਂਤ ਝੂਠਾ ਸੀ। ਬਾਈਬਲ ਦੇ ਬਿਰਤਾਂਤ ਦੀ ਪੁਸ਼ਟੀ ਕਰਨ ਵਾਲੀਆਂ ਪੁਰਾਣੀਆਂ ਲੱਭਤਾਂ ਤੋਂ ਮਿਲੇ ਸਬੂਤ ਦੀ ਚਰਚਾ ਲਈ ਅੰਗ੍ਰੇਜ਼ੀ ਪਹਿਰਾਬੁਰਜ 1 ਜੁਲਾਈ 1989, ਸਫ਼ੇ 4-7 ਦੇਖੋ।
ਕੀ ਤੁਸੀਂ ਨੋਟ ਕੀਤਾ ਸੀ?
• ਕਨਾਨ ਦੇਸ਼ ਦੇ ਕਾਲ ਦੌਰਾਨ ਅਬਰਾਮ ਦੀ ਨਿਹਚਾ ਕਿਵੇਂ ਪਰਖੀ ਗਈ ਸੀ?
• ਅੱਜ ਦੇ ਪਤੀ-ਪਤਨੀਆਂ ਲਈ ਅਬਰਾਮ ਅਤੇ ਸਾਰਈ ਨੇ ਇਕ ਚੰਗੀ ਮਿਸਾਲ ਕਿਵੇਂ ਕਾਇਮ ਕੀਤੀ ਸੀ?
• ਅਬਰਾਮ ਅਤੇ ਲੂਤ ਦੇ ਪਾਲੀਆਂ ਵਿਚਕਾਰ ਝਗੜੇ ਨੂੰ ਖ਼ਤਮ ਕਰਨ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
[ਸਫ਼ੇ 22 ਉੱਤੇ ਤਸਵੀਰ]
ਅਬਰਾਮ ਨੇ ਆਪਣਾ ਹੱਕ ਜਤਾਉਣ ਦੀ ਬਜਾਇ ਲੂਤ ਦਾ ਭਲਾ ਸੋਚਿਆ ਸੀ
[ਸਫ਼ੇ 24 ਉੱਤੇ ਤਸਵੀਰ]
ਅਬਰਾਮ ਨੇ ਲੂਤ ਨੂੰ ਬਚਾਉਣ ਵੇਲੇ ਯਹੋਵਾਹ ਉਤੇ ਭਰੋਸਾ ਰੱਖਿਆ ਸੀ