ਕਿਸ ਦਾ ਦੋਸ਼ ਤੁਹਾਡਾ ਜਾਂ ਤੁਹਾਡੀਆਂ ਜੀਨਾਂ ਦਾ?
ਵਿਗਿਆਨੀ ਨਸ਼ਈਪੁਣੇ, ਸਮਲਿੰਗਕਾਮੁਕਤਾ, ਬਦਚਲਣੀ, ਹਿੰਸਾ, ਅਜੀਬ ਵਤੀਰੇ ਅਤੇ ਇੱਥੋਂ ਤਕ ਕਿ ਮੌਤ ਦਾ ਵੀ ਜਮਾਂਦਰੂ ਕਾਰਨ ਲੱਭਣ ਵਿਚ ਰੁੱਝੇ ਹੋਏ ਹਨ। ਕੀ ਇਹ ਜਾਣ ਕੇ ਸਾਨੂੰ ਰਾਹਤ ਨਹੀਂ ਮਿਲੇਗੀ ਕਿ ਅਸੀਂ ਆਪਣੇ ਵਤੀਰੇ ਲਈ ਜ਼ਿੰਮੇਵਾਰ ਨਹੀਂ ਹਾਂ, ਪਰ ਅਸੀਂ ਸਿਰਫ਼ ਆਪਣੀਆਂ ਜੀਨਾਂ ਦੇ ਸ਼ਿਕਾਰ ਹਾਂ? ਇਨਸਾਨ ਸਹਿਜ ਸੁਭਾਅ ਹੀ ਆਪਣੀਆਂ ਗ਼ਲਤੀਆਂ ਦਾ ਦੋਸ਼ ਕਿਸੇ ਦੂਸਰੇ ਵਿਅਕਤੀ ਜਾਂ ਕਿਸੇ ਚੀਜ਼ ਉੱਤੇ ਮੜ੍ਹਦਾ ਹੈ।
ਜੇ ਜੀਨਾਂ ਇਸ ਦੀਆਂ ਦੋਸ਼ੀ ਹੋਈਆਂ, ਤਾਂ ਵਿਗਿਆਨੀ ਉਨ੍ਹਾਂ ਨੂੰ ਬਦਲਣ ਯਾਨੀ ਜੈਨੇਟਿਕ ਇੰਜੀਨੀਅਰਿੰਗ ਰਾਹੀਂ ਭੈੜੇ ਗੁਣਾਂ ਨੂੰ ਕੱਢਣ ਦੀ ਆਸ ਰੱਖਦੇ ਹਨ। ਪੂਰੇ ਮਨੁੱਖੀ ਜੀਨੋਮ (human genome) ਦਾ ਨਕਸ਼ਾ ਤਿਆਰ ਕਰਨ ਵਿਚ ਹਾਲ ਹੀ ਵਿਚ ਮਿਲੀ ਸਫ਼ਲਤਾ ਨੇ ਅਜਿਹੀਆਂ ਉਮੀਦਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ।
ਪਰ ਇਹ ਸੰਭਾਵਨਾ ਇਸ ਸਿਧਾਂਤ ਉੱਤੇ ਆਧਾਰਿਤ ਹੈ ਕਿ ਸਾਡੀਆਂ ਜੀਨਾਂ ਅਸਲ ਵਿਚ ਸਾਡੇ ਪਾਪਾਂ ਤੇ ਗ਼ਲਤੀਆਂ ਲਈ ਜ਼ਿੰਮੇਵਾਰ ਹਨ। ਕੀ ਵਿਗਿਆਨਕ ਜਾਸੂਸਾਂ ਕੋਲ ਸਾਡੀਆਂ ਜੀਨਾਂ ਖ਼ਿਲਾਫ਼ ਮੁਕੱਦਮਾ ਦਾਇਰ ਕਰਨ ਲਈ ਕਾਫ਼ੀ ਸਬੂਤ ਹਨ? ਸਪੱਸ਼ਟ ਤੌਰ ਤੇ ਇਸ ਦਾ ਜਵਾਬ ਸਾਡੇ ਆਪਣੇ ਬਾਰੇ ਤੇ ਆਪਣੇ ਭਵਿੱਖ ਬਾਰੇ ਨਜ਼ਰੀਏ ਉੱਤੇ ਗਹਿਰਾ ਪ੍ਰਭਾਵ ਪਾਵੇਗਾ। ਪਰ ਸਬੂਤਾਂ ਦੀ ਜਾਂਚ ਕਰਨ ਤੋਂ ਪਹਿਲਾਂ, ਮਨੁੱਖਜਾਤੀ ਦੀ ਸ਼ੁਰੂਆਤ ਉੱਤੇ ਇਕ ਨਜ਼ਰ ਮਾਰਨੀ ਮਦਦਗਾਰ ਹੋ ਸਕਦੀ ਹੈ।
ਇਹ ਸਭ ਕਿਵੇਂ ਸ਼ੁਰੂ ਹੋਇਆ
ਬਹੁਤ ਸਾਰੇ ਲੋਕ ਇਹ ਬਿਰਤਾਂਤ ਜਾਣਦੇ ਹਨ ਜਾਂ ਉਨ੍ਹਾਂ ਨੇ ਘੱਟੋ-ਘੱਟ ਇਸ ਬਾਰੇ ਸੁਣਿਆ ਹੋਵੇਗਾ ਕਿ ਕਿੱਦਾਂ ਪਹਿਲੇ ਮਨੁੱਖੀ ਜੋੜੇ ਆਦਮ ਤੇ ਹੱਵਾਹ ਨੇ ਅਦਨ ਦੇ ਬਾਗ਼ ਵਿਚ ਪਾਪ ਕੀਤਾ ਸੀ। ਕੀ ਉਨ੍ਹਾਂ ਦੀਆਂ ਜੀਨਾਂ ਵਿਚ ਸ਼ੁਰੂ ਤੋਂ ਹੀ ਕੋਈ ਨੁਕਸ ਸੀ, ਯਾਨੀ ਉਨ੍ਹਾਂ ਦੀ ਬਣਤਰ ਵਿਚ ਅਜਿਹੀ ਕੋਈ ਕਮੀ ਸੀ ਜਿਸ ਕਾਰਨ ਉਨ੍ਹਾਂ ਨੇ ਪਾਪ ਅਤੇ ਅਣਆਗਿਆਕਾਰੀ ਕੀਤੀ?
ਉਨ੍ਹਾਂ ਦੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ, ਜਿਸ ਦੇ ਸਾਰੇ ਕੰਮ ਸੰਪੂਰਣ ਹਨ, ਨੇ ਆਪਣੀ ਉੱਤਮ ਜ਼ਮੀਨੀ ਸ੍ਰਿਸ਼ਟੀ ਨੂੰ “ਬਹੁਤ ਹੀ ਚੰਗਾ” ਕਿਹਾ ਸੀ। (ਉਤਪਤ 1:31; ਬਿਵਸਥਾ ਸਾਰ 32:4) ਉਹ ਆਪਣੇ ਕੰਮ ਤੋਂ ਬਹੁਤ ਹੀ ਖ਼ੁਸ਼ ਸੀ, ਇਸੇ ਲਈ ਉਸ ਨੇ ਪਹਿਲੇ ਜੋੜੇ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਵਧਣ-ਫੁੱਲਣ ਅਤੇ ਧਰਤੀ ਨੂੰ ਇਨਸਾਨਾਂ ਨਾਲ ਭਰ ਦੇਣ ਲਈ ਕਿਹਾ ਸੀ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸਾਰੀ ਸ੍ਰਿਸ਼ਟੀ ਦੀ ਦੇਖ-ਭਾਲ ਕਰਨ ਦਾ ਕੰਮ ਦਿੱਤਾ ਸੀ। ਇਹ ਦਿਖਾਉਂਦਾ ਹੈ ਕਿ ਉਸ ਨੂੰ ਆਪਣੀ ਕਾਰੀਗਰੀ ਉੱਤੇ ਪੂਰਾ ਭਰੋਸਾ ਸੀ।—ਉਤਪਤ 1:28.
ਪਹਿਲੇ ਮਨੁੱਖੀ ਜੋੜੇ ਦੀ ਸ੍ਰਿਸ਼ਟੀ ਬਾਰੇ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” (ਉਤਪਤ 1:27) ਇਸ ਦਾ ਇਹ ਮਤਲਬ ਨਹੀਂ ਹੈ ਕਿ ਮਨੁੱਖ ਸਰੀਰਕ ਰੂਪ ਵਿਚ ਪਰਮੇਸ਼ੁਰ ਵਰਗੇ ਸਨ ਕਿਉਂਕਿ “ਪਰਮੇਸ਼ੁਰ ਆਤਮਾ ਹੈ।” (ਯੂਹੰਨਾ 4:24) ਸਗੋਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਵਿਚ ਆਪਣੇ ਗੁਣ ਅਤੇ ਭਲੇ-ਬੁਰੇ ਦੀ ਸਮਝ ਯਾਨੀ ਜ਼ਮੀਰ ਪਾਈ ਸੀ। (ਰੋਮੀਆਂ 2:14, 15) ਉਨ੍ਹਾਂ ਕੋਲ ਆਪਣਾ ਰਾਹ ਚੁਣਨ ਦੀ ਵੀ ਆਜ਼ਾਦੀ ਸੀ ਜਿਸ ਨਾਲ ਉਹ ਹਰ ਗੱਲ ਦਾ ਸੋਚ-ਸਮਝ ਕੇ ਫ਼ੈਸਲਾ ਕਰ ਸਕਦੇ ਸਨ।
ਪਰ ਸਾਡੇ ਮਾਪਿਆਂ ਨੂੰ ਸਹੀ ਰਾਹ ਚੁਣਨ ਲਈ ਸੇਧ ਦਿੱਤੀ ਗਈ ਸੀ। ਉਨ੍ਹਾਂ ਨੂੰ ਗ਼ਲਤ ਕੰਮਾਂ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਗਈ ਸੀ। (ਉਤਪਤ 2:17) ਇਸ ਲਈ ਸਬੂਤ ਦਿਖਾਉਂਦਾ ਹੈ ਕਿ ਜਦੋਂ ਆਦਮ ਲਈ ਨੈਤਿਕ ਫ਼ੈਸਲਾ ਕਰਨ ਦਾ ਸਮਾਂ ਆਇਆ, ਤਾਂ ਉਸ ਨੇ ਆਪਣੀ ਮਰਜ਼ੀ ਨਾਲ ਉਹ ਕਦਮ ਚੁੱਕਿਆ ਜੋ ਉਸ ਸਮੇਂ ਉਸ ਨੂੰ ਮੁਨਾਸਬ ਜਾਂ ਫ਼ਾਇਦੇਮੰਦ ਲੱਗਿਆ। ਉਸ ਨੇ ਆਪਣੇ ਸਿਰਜਣਹਾਰ ਨਾਲ ਆਪਣੇ ਰਿਸ਼ਤੇ ਉੱਤੇ ਜਾਂ ਗ਼ਲਤ ਫ਼ੈਸਲਾ ਕਰਨ ਦੇ ਚਿਰਸਥਾਈ ਨਤੀਜਿਆਂ ਉੱਤੇ ਸੋਚ-ਵਿਚਾਰ ਕਰਨ ਦੀ ਬਜਾਇ ਗ਼ਲਤ ਕੰਮ ਕਰਨ ਵਿਚ ਆਪਣੀ ਪਤਨੀ ਦਾ ਸਾਥ ਦਿੱਤਾ। ਬਾਅਦ ਵਿਚ ਉਸ ਨੇ ਇਹ ਕਹਿੰਦੇ ਹੋਏ ਯਹੋਵਾਹ ਉੱਤੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਪਤਨੀ ਪਰਮੇਸ਼ੁਰ ਨੇ ਉਸ ਨੂੰ ਦਿੱਤੀ ਸੀ, ਉਸ ਨੇ ਉਸ ਨੂੰ ਗ਼ਲਤ ਰਾਹ ਪਾਇਆ।—ਉਤਪਤ 3:6, 12; 1 ਤਿਮੋਥਿਉਸ 2:14.
ਆਦਮ ਤੇ ਹੱਵਾਹ ਦੇ ਪਾਪ ਪ੍ਰਤੀ ਪਰਮੇਸ਼ੁਰ ਦੀ ਪ੍ਰਤਿਕ੍ਰਿਆ ਤੋਂ ਅਸੀਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਉਸ ਨੇ ਉਨ੍ਹਾਂ ਦੀਆਂ ਜੀਨਾਂ ਵਿਚ ਕਿਸੇ ‘ਨੁਕਸ’ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਨੂੰ ਉਹੋ ਸਜ਼ਾ ਦਿੱਤੀ ਜਿਸ ਦੀ ਉਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਸਿੱਟੇ ਵਜੋਂ, ਆਦਮ ਤੇ ਹੱਵਾਹ ਮਰ ਗਏ। (ਉਤਪਤ 3:17-19) ਇਹ ਪੁਰਾਣਾ ਇਤਿਹਾਸ ਇਨਸਾਨੀ ਵਤੀਰੇ ਉੱਤੇ ਕਾਫ਼ੀ ਚਾਨਣਾ ਪਾਉਂਦਾ ਹੈ।a
ਜੀਨਾਂ ਦਾ ਕੋਈ ਦੋਸ਼ ਨਹੀਂ
ਵਿਗਿਆਨੀ ਲੰਮੇ ਸਮੇਂ ਤੋਂ ਮਨੁੱਖੀ ਬੀਮਾਰੀਆਂ ਅਤੇ ਵਤੀਰੇ ਦੇ ਜਮਾਂਦਰੂ ਕਾਰਨਾਂ ਅਤੇ ਇਲਾਜਾਂ ਨੂੰ ਲੱਭਣ ਦੇ ਵੱਡੇ ਕੰਮ ਵਿਚ ਲੱਗੇ ਹੋਏ ਹਨ। ਖੋਜਕਾਰਾਂ ਦੀਆਂ ਛੇ ਟੀਮਾਂ ਦੀ ਦਸ ਸਾਲਾਂ ਦੀ ਮਿਹਨਤ ਤੋਂ ਬਾਅਦ ਹਨਟਿੰਗਟਨ ਡੀਜ਼ੀਜ਼ ਲਈ ਜ਼ਿੰਮੇਵਾਰ ਜੀਨ ਦੀ ਪਛਾਣ ਕੀਤੀ ਗਈ ਹੈ, ਹਾਲਾਂਕਿ ਖੋਜਕਾਰਾਂ ਨੂੰ ਅਜੇ ਤਕ ਇਹ ਨਹੀਂ ਪਤਾ ਕਿ ਇਹ ਜੀਨ ਇਸ ਬੀਮਾਰੀ ਦੀ ਜ਼ਿੰਮੇਵਾਰ ਕਿਵੇਂ ਹੈ। ਪਰ ਇਸ ਖੋਜ ਉੱਤੇ ਰਿਪੋਰਟ ਦਿੰਦੇ ਹੋਏ ਸਾਇੰਟੀਫ਼ਿਕ ਅਮੈਰੀਕਨ ਨੇ ਹਾਰਵਰਡ ਦੇ ਜੈਵ-ਵਿਗਿਆਨੀ ਈਵਨ ਬਾਲਬਨ ਦਾ ਹਵਾਲਾ ਦਿੱਤਾ ਜਿਸ ਨੇ ਕਿਹਾ ਕਿ “ਭੈੜੇ ਵਤੀਰੇ ਲਈ ਜ਼ਿੰਮੇਵਾਰ ਜੀਨਾਂ ਦੀ ਖੋਜ ਕਰਨੀ ਇਸ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਕੰਮ ਹੋਵੇਗਾ।”
ਅਸਲ ਵਿਚ ਮਨੁੱਖੀ ਵਤੀਰੇ ਨਾਲ ਖ਼ਾਸ ਜੀਨਾਂ ਦਾ ਸੰਬੰਧ ਜੋੜਨ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ। ਉਦਾਹਰਣ ਲਈ, ਸਾਇਕੌਲਜੀ ਟੁਡੇ ਵਿਚ ਡਿਪਰੈਸ਼ਨ ਲਈ ਜ਼ਿੰਮੇਵਾਰ ਜੀਨਾਂ ਨੂੰ ਲੱਭਣ ਦੇ ਜਤਨਾਂ ਬਾਰੇ ਇਕ ਰਿਪੋਰਟ ਕਹਿੰਦੀ ਹੈ: “ਗੰਭੀਰ ਮਾਨਸਿਕ ਬੀਮਾਰੀਆਂ ਬਾਰੇ ਇਕੱਠੀ ਕੀਤੀ ਜਾਣਕਾਰੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਬੀਮਾਰੀਆਂ ਸਿਰਫ਼ ਜਮਾਂਦਰੂ ਕਾਰਨਾਂ ਕਰਕੇ ਹੀ ਨਹੀਂ ਲੱਗਦੀਆਂ।” ਇਹ ਰਿਪੋਰਟ ਇਕ ਉਦਾਹਰਣ ਦਿੰਦੀ ਹੈ: “1905 ਤੋਂ ਪਹਿਲਾਂ ਪੈਦਾ ਹੋਏ ਅਮਰੀਕੀਆਂ ਨੂੰ 75 ਸਾਲ ਦੀ ਉਮਰ ਤੇ ਡਿਪਰੈਸ਼ਨ ਹੋਣ ਦੀ ਦਰ 1 ਪ੍ਰਤਿਸ਼ਤ ਸੀ। ਪਰ ਅੱਧੀ ਸਦੀ ਤੋਂ ਬਾਅਦ ਪੈਦਾ ਹੋਏ ਅਮਰੀਕੀਆਂ ਵਿੱਚੋਂ 6 ਪ੍ਰਤਿਸ਼ਤ ਲੋਕ 24 ਸਾਲ ਦੀ ਉਮਰ ਵਿਚ ਹੀ ਡਿਪਰੈਸ਼ਨ ਦੇ ਸ਼ਿਕਾਰ ਹੋਏ ਹਨ!” ਇਸ ਤੋਂ ਪਤਾ ਲੱਗਦਾ ਹੈ ਕਿ ਇੰਨੇ ਘੱਟ ਸਮੇਂ ਵਿਚ ਇਸ ਤਰ੍ਹਾਂ ਦੀਆਂ ਵੱਡੀਆਂ ਤਬਦੀਲੀਆਂ ਸਿਰਫ਼ ਬਾਹਰੀ ਜਾਂ ਸਮਾਜਕ ਕਾਰਨਾਂ ਕਰਕੇ ਹੀ ਆ ਸਕਦੀਆਂ ਹਨ।
ਇਨ੍ਹਾਂ ਅਤੇ ਹੋਰ ਅਨੇਕਾਂ ਅਧਿਐਨਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਹਾਲਾਂਕਿ ਜੀਨਾਂ ਸਾਡੀ ਸ਼ਖ਼ਸੀਅਤ ਨੂੰ ਰੂਪ ਦੇਣ ਵਿਚ ਭੂਮਿਕਾ ਨਿਭਾ ਸਕਦੀਆਂ ਹਨ, ਪਰ ਇਸ ਉੱਤੇ ਦੂਸਰੀਆਂ ਚੀਜ਼ਾਂ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਸਭ ਤੋਂ ਵੱਡਾ ਕਾਰਨ ਹੈ ਸਾਡਾ ਮਾਹੌਲ ਜਿਹੜਾ ਕਿ ਆਧੁਨਿਕ ਜ਼ਮਾਨੇ ਵਿਚ ਬਹੁਤ ਹੀ ਬਦਲ ਗਿਆ ਹੈ। ਅੱਜ ਦੇ ਨੌਜਵਾਨਾਂ ਦੇ ਮਸ਼ਹੂਰ ਮਨੋਰੰਜਨ ਬਾਰੇ ਕਿਤਾਬ ਮੁੰਡੇ ਤਾਂ ਮੁੰਡੇ ਹੀ ਰਹਿਣਗੇ (ਅੰਗ੍ਰੇਜ਼ੀ) ਟਿੱਪਣੀ ਕਰਦੀ ਹੈ ਕਿ ਬੱਚਿਆਂ ਤੋਂ ਸਹੀ ਨੈਤਿਕ ਸਿਧਾਂਤ ਪੈਦਾ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜਿਹੜੇ ਅਜਿਹੇ ਟੈਲੀਵਿਯਨ ਸ਼ੋਅ ਅਤੇ ਫਿਲਮਾਂ ਦੇਖਣ ਵਿਚ ਹਜ਼ਾਰਾਂ ਘੰਟੇ ਬਿਤਾਉਂਦੇ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਦੂਸਰਿਆਂ ਉੱਤੇ ਹਮਲੇ ਕਰਦੇ, ਗੋਲੀ ਮਾਰਦੇ, ਚਾਕੂ ਮਾਰਦੇ, ਉਨ੍ਹਾਂ ਦੀਆਂ ਆਂਦਰਾਂ ਬਾਹਰ ਕੱਢਦੇ, ਕੱਟ-ਵੱਢ ਕਰਦੇ, ਚਮੜੀ ਉਤਾਰਦੇ ਹੋਏ ਜਾਂ ਹੱਥ-ਪੈਰ ਵੱਢਦੇ ਹੋਏ ਦਿਖਾਇਆ ਜਾਂਦਾ ਹੈ। ਬੱਚੇ ਅਜਿਹਾ ਸੰਗੀਤ ਸੁਣਦੇ-ਸੁਣਦੇ ਵੱਡੇ ਹੁੰਦੇ ਹਨ ਜਿਸ ਵਿਚ ਬਲਾਤਕਾਰ, ਆਤਮ-ਹੱਤਿਆ, ਨਸ਼ਿਆਂ, ਸ਼ਰਾਬ ਅਤੇ ਕੱਟੜ ਸੁਭਾਅ ਦੀ ਮਹਿਮਾ ਹੁੰਦੀ ਹੈ।”
ਇਹ ਸਪੱਸ਼ਟ ਹੈ ਕਿ ਇਸ ‘ਜਗਤ ਦੇ ਸਰਦਾਰ’ ਸ਼ਤਾਨ ਨੇ ਅਜਿਹਾ ਮਾਹੌਲ ਪੈਦਾ ਕੀਤਾ ਹੈ ਜੋ ਇਨਸਾਨ ਵਿਚ ਘਟੀਆ ਇੱਛਾਵਾਂ ਨੂੰ ਜਗਾਉਂਦਾ ਹੈ। ਇਸ ਮਾਹੌਲ ਦੇ ਸਾਡੇ ਸਾਰਿਆਂ ਉੱਤੇ ਪੈਂਦੇ ਜ਼ਬਰਦਸਤ ਪ੍ਰਭਾਵ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ।—ਯੂਹੰਨਾ 12:31; ਅਫ਼ਸੀਆਂ 6:12; ਪਰਕਾਸ਼ ਦੀ ਪੋਥੀ 12:9, 12.
ਇਨਸਾਨ ਦੀਆਂ ਸਮੱਸਿਆਵਾਂ ਦੀ ਜੜ੍ਹ
ਜਿਵੇਂ ਅਸੀਂ ਪਹਿਲਾਂ ਦੇਖਿਆ ਹੈ, ਇਨਸਾਨ ਦੀਆਂ ਸਮੱਸਿਆਵਾਂ ਉਦੋਂ ਸ਼ੁਰੂ ਹੋਈਆਂ ਜਦੋਂ ਪਹਿਲੇ ਮਨੁੱਖੀ ਜੋੜੇ ਨੇ ਪਾਪ ਕੀਤਾ। ਨਤੀਜਾ? ਹਾਲਾਂਕਿ ਆਦਮ ਦੀ ਔਲਾਦ ਆਦਮ ਦੇ ਪਾਪ ਦੀ ਜ਼ਿੰਮੇਵਾਰ ਨਹੀਂ ਹੈ, ਪਰ ਉਨ੍ਹਾਂ ਨੂੰ ਵਿਰਸੇ ਵਿਚ ਪਾਪ, ਨਾਮੁਕੰਮਲਤਾ ਅਤੇ ਮੌਤ ਮਿਲੀ ਹੈ। ਬਾਈਬਲ ਦੱਸਦੀ ਹੈ: “ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਰੋਮੀਆਂ 5:12.
ਇਨਸਾਨ ਨਾਮੁਕੰਮਲ ਹੋਣ ਕਰਕੇ ਪਾਪ ਕਰਨ ਦਾ ਝੁਕਾਅ ਰੱਖਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੀ ਛੱਡ ਦੇਵੇ। ਬਾਈਬਲ ਦਿਖਾਉਂਦੀ ਹੈ ਕਿ ਜਿਹੜੇ ਲੋਕ ਜ਼ਿੰਦਗੀ ਲਈ ਕੀਤੇ ਯਹੋਵਾਹ ਦੇ ਪ੍ਰਬੰਧ ਵਿਚ ਨਿਹਚਾ ਕਰਦੇ ਹਨ ਅਤੇ ਆਪਣੀਆਂ ਜ਼ਿੰਦਗੀਆਂ ਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਢਾਲ਼ਦੇ ਹਨ, ਉਹ ਪਰਮੇਸ਼ੁਰ ਦੀ ਮਿਹਰ ਹਾਸਲ ਕਰਨਗੇ। ਆਪਣੀ ਦਇਆ ਦੀ ਖ਼ਾਤਰ ਯਹੋਵਾਹ ਨੇ ਮਨੁੱਖਜਾਤੀ ਦੇ ਛੁਟਕਾਰੇ ਲਈ ਇਕ ਦਿਆਲੂ ਪ੍ਰਬੰਧ ਕੀਤਾ ਹੈ, ਮਾਨੋ ਉਸ ਚੀਜ਼ ਨੂੰ ਦੁਬਾਰਾ ਖ਼ਰੀਦਣ ਦਾ ਪ੍ਰਬੰਧ ਕੀਤਾ ਹੈ ਜਿਸ ਨੂੰ ਆਦਮ ਨੇ ਗੁਆ ਦਿੱਤਾ ਸੀ। ਇਹ ਪ੍ਰਬੰਧ ਉਸ ਦੇ ਮੁਕੰਮਲ ਪੁੱਤਰ ਯਿਸੂ ਮਸੀਹ ਦਾ ਰਿਹਾਈ-ਕੀਮਤ ਬਲੀਦਾਨ ਹੈ ਜਿਸ ਨੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16; 1 ਕੁਰਿੰਥੀਆਂ 15:21, 22.
ਪੌਲੁਸ ਰਸੂਲ ਨੇ ਇਸ ਪ੍ਰਬੰਧ ਲਈ ਗਹਿਰੀ ਕਦਰ ਦਿਖਾਈ। ਉਸ ਨੇ ਕਿਹਾ: “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!” (ਰੋਮੀਆਂ 7:24, 25) ਪੌਲੁਸ ਜਾਣਦਾ ਸੀ ਕਿ ਜੇ ਕਿਸੇ ਕਮਜ਼ੋਰੀ ਕਾਰਨ ਉਸ ਕੋਲੋਂ ਪਾਪ ਹੋ ਜਾਂਦਾ ਸੀ, ਤਾਂ ਉਹ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਪਰਮੇਸ਼ੁਰ ਕੋਲੋਂ ਮਾਫ਼ੀ ਮੰਗ ਸਕਦਾ ਸੀ।b
ਪਹਿਲੀ ਸਦੀ ਵਾਂਗ ਅੱਜ ਵੀ ਬੁਰੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ, ਜਿਨ੍ਹਾਂ ਦੇ ਬਦਲਣ ਦੀ ਕੋਈ ਉਮੀਦ ਨਹੀਂ ਸੀ, ਬਾਈਬਲ ਸੱਚਾਈ ਦਾ ਸਹੀ ਗਿਆਨ ਲੈ ਕੇ ਆਪਣੀਆਂ ਜ਼ਿੰਦਗੀਆਂ ਬਦਲੀਆਂ ਹਨ ਅਤੇ ਪਰਮੇਸ਼ੁਰ ਦੀ ਮਿਹਰ ਹਾਸਲ ਕੀਤੀ ਹੈ। ਉਨ੍ਹਾਂ ਲਈ ਆਪਣੀਆਂ ਜ਼ਿੰਦਗੀਆਂ ਬਦਲਣੀਆਂ ਕੋਈ ਆਸਾਨ ਗੱਲ ਨਹੀਂ ਸੀ, ਸਗੋਂ ਉਨ੍ਹਾਂ ਵਿੱਚੋਂ ਕਈ ਅਜੇ ਵੀ ਆਪਣੇ ਬੁਰੇ ਝੁਕਾਵਾਂ ਨਾਲ ਸੰਘਰਸ਼ ਕਰਦੇ ਹਨ। ਪਰ ਪਰਮੇਸ਼ੁਰ ਦੀ ਮਦਦ ਨਾਲ ਉਹ ਆਪਣੀ ਖਰਿਆਈ ਨੂੰ ਬਣਾਈ ਰੱਖਦੇ ਹਨ ਅਤੇ ਪਰਮੇਸ਼ੁਰ ਦੀ ਸੇਵਾ ਕਰ ਕੇ ਖ਼ੁਸ਼ ਹੁੰਦੇ ਹਨ। (ਫ਼ਿਲਿੱਪੀਆਂ 4:13) ਇਕ ਵਿਅਕਤੀ ਦੀ ਉਦਾਹਰਣ ਉੱਤੇ ਗੌਰ ਕਰੋ ਜਿਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ।
ਇਕ ਉਤਸ਼ਾਹਜਨਕ ਤਜਰਬਾ
“ਮੈਂ ਬਚਪਨ ਤੋਂ ਹੀ ਬੋਰਡਿੰਗ ਸਕੂਲ ਵਿਚ ਪੜ੍ਹਦਾ ਸੀ। ਉੱਥੇ ਮੈਂ ਸਮਲਿੰਗੀ ਕੰਮ ਕਰਨ ਲੱਗ ਪਿਆ, ਹਾਲਾਂਕਿ ਮੈਂ ਆਪਣੇ ਆਪ ਨੂੰ ਕਦੇ ਸਮਲਿੰਗੀ ਨਹੀਂ ਸਮਝਦਾ ਸੀ। ਮੇਰੇ ਮਾਪਿਆਂ ਦਾ ਤਲਾਕ ਹੋ ਚੁੱਕਾ ਸੀ ਅਤੇ ਮੈਂ ਉਨ੍ਹਾਂ ਦੇ ਪਿਆਰ ਲਈ ਤਰਸਦਾ ਸੀ ਜੋ ਮੈਨੂੰ ਕਦੇ ਨਹੀਂ ਮਿਲਿਆ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਮੈਂ ਲਾਜ਼ਮੀ ਫ਼ੌਜੀ ਸੇਵਾ ਕੀਤੀ। ਉੱਥੇ ਮੇਰੇ ਨਾਲ ਦੀਆਂ ਬੈਰਕਾਂ ਵਿਚ ਸਮਲਿੰਗੀਆਂ ਦਾ ਇਕ ਗਰੁੱਪ ਸੀ। ਮੈਨੂੰ ਉਨ੍ਹਾਂ ਦੇ ਜੀਉਣ ਦੇ ਢੰਗ ਤੋਂ ਈਰਖਾ ਹੋਣ ਲੱਗੀ, ਇਸ ਲਈ ਮੈਂ ਉਨ੍ਹਾਂ ਨਾਲ ਮਿਲਣ-ਗਿਲਣ ਲੱਗ ਪਿਆ। ਉਨ੍ਹਾਂ ਨਾਲ ਇਕ ਸਾਲ ਮਿਲਣ-ਗਿਲਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਸਮਲਿੰਗੀ ਸਮਝਣ ਲੱਗ ਪਿਆ। ਮੈਂ ਸੋਚਦਾ ਸੀ, ‘ਮੈਂ ਜਨਮ ਤੋਂ ਹੀ ਸਮਲਿੰਗੀ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਬਦਲ ਨਹੀਂ ਸਕਦਾ।’
“ਮੈਂ ਸਮਲਿੰਗੀਆਂ ਵਾਂਗ ਗੱਲਾਂ ਕਰਨ ਲੱਗ ਪਿਆ ਅਤੇ ਉਨ੍ਹਾਂ ਦੇ ਕਲੱਬਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਨਸ਼ੀਲੇ ਪਦਾਰਥ ਤੇ ਸ਼ਰਾਬ ਆਮ ਮਿਲਦੀ ਸੀ। ਹਾਲਾਂਕਿ ਇਹ ਸਭ ਕੁਝ ਦੇਖਣ ਨੂੰ ਬੜਾ ਉਤੇਜਕ ਤੇ ਚੰਗਾ ਲੱਗਦਾ ਸੀ, ਪਰ ਅਸਲ ਵਿਚ ਮੈਨੂੰ ਇਨ੍ਹਾਂ ਤੋਂ ਘਿਣ ਆਉਂਦੀ ਸੀ। ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦਾ ਸੰਬੰਧ ਗ਼ੈਰ-ਕੁਦਰਤੀ ਸੀ ਤੇ ਇਸ ਦਾ ਕੋਈ ਭਵਿੱਖ ਨਹੀਂ ਸੀ।
“ਇਕ ਛੋਟੇ ਜਿਹੇ ਕਸਬੇ ਵਿਚ ਮੈਂ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਨੂੰ ਦੇਖਿਆ ਜਿੱਥੇ ਸਭਾ ਚੱਲ ਰਹੀ ਸੀ। ਮੈਂ ਅੰਦਰ ਜਾ ਕੇ ਭਾਸ਼ਣ ਸੁਣਿਆ ਜੋ ਆਉਣ ਵਾਲੇ ਸਮੇਂ ਵਿਚ ਫਿਰਦੌਸ ਵਰਗੇ ਹਾਲਾਤਾਂ ਬਾਰੇ ਸੀ। ਬਾਅਦ ਵਿਚ ਮੈਂ ਕੁਝ ਗਵਾਹਾਂ ਨੂੰ ਮਿਲਿਆ ਤੇ ਉਨ੍ਹਾਂ ਨੇ ਮੈਨੂੰ ਸੰਮੇਲਨ ਲਈ ਬੁਲਾਇਆ। ਉੱਥੇ ਖ਼ੁਸ਼ ਪਰਿਵਾਰਾਂ ਨੂੰ ਇਕੱਠੇ ਭਗਤੀ ਕਰਦਿਆਂ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ।
“ਹਾਲਾਂਕਿ ਇਹ ਮੇਰੇ ਲਈ ਬੜਾ ਜੱਦੋਜਹਿਦ ਦਾ ਕੰਮ ਸੀ, ਪਰ ਮੈਂ ਬਾਈਬਲ ਤੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸਾਰੇ ਗੰਦੇ ਕੰਮ ਕਰਨੇ ਛੱਡ ਦਿੱਤੇ। ਮੈਂ 14 ਮਹੀਨਿਆਂ ਤਕ ਸਟੱਡੀ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਤੇ ਬਪਤਿਸਮਾ ਲੈ ਲਿਆ। ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਸੱਚੇ ਦੋਸਤ ਮਿਲੇ ਸਨ। ਬਾਈਬਲ ਵਿੱਚੋਂ ਸੱਚਾਈ ਸਿੱਖਣ ਵਿਚ ਮੈਂ ਦੂਜਿਆਂ ਦੀ ਵੀ ਮਦਦ ਕੀਤੀ ਹੈ ਅਤੇ ਹੁਣ ਮੈਂ ਮਸੀਹੀ ਕਲੀਸਿਯਾ ਵਿਚ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰਦਾ ਹਾਂ। ਯਹੋਵਾਹ ਨੇ ਸੱਚ-ਮੁੱਚ ਮੈਨੂੰ ਬਰਕਤ ਦਿੱਤੀ ਹੈ।”
ਅਸੀਂ ਜ਼ਿੰਮੇਵਾਰ ਹਾਂ
ਆਪਣੇ ਗ਼ਲਤ ਚਾਲ-ਚਲਣ ਦਾ ਸਾਰਾ ਦੋਸ਼ ਆਪਣੀਆਂ ਜੀਨਾਂ ਉੱਤੇ ਲਾਉਣ ਦਾ ਕੋਈ ਫ਼ਾਇਦਾ ਨਹੀਂ ਹੈ। ਸਾਇਕੌਲਜੀ ਟੁਡੇ ਟਿੱਪਣੀ ਕਰਦਾ ਹੈ ਕਿ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨ ਜਾਂ ਉਨ੍ਹਾਂ ਉੱਤੇ ਕਾਬੂ ਪਾਉਣ ਦੀ ਬਜਾਇ ਜੀਨਾਂ ਉੱਤੇ ਦੋਸ਼ ਲਾਉਣ ਕਰਕੇ “ਸਾਡੇ ਵਿਚ ਲਾਚਾਰੀ ਦੀ ਭਾਵਨਾ ਪੈਦਾ ਹੋ ਸਕਦੀ ਹੈ ਜੋ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਅਜਿਹਾ ਰਵੱਈਆ ਸਾਡੀਆਂ ਸਮੱਸਿਆਵਾਂ ਨੂੰ ਘਟਾਉਣ ਦੀ ਬਜਾਇ ਉਨ੍ਹਾਂ ਵਿਚ ਵਾਧਾ ਕਰ ਸਕਦਾ ਹੈ।”
ਇਹ ਸੱਚ ਹੈ ਕਿ ਸਾਨੂੰ ਸ਼ਕਤੀਸ਼ਾਲੀ ਬੁਰੀਆਂ ਤਾਕਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸਾਨੂੰ ਆਪਣੇ ਪਾਪੀ ਝੁਕਾਵਾਂ ਦੇ ਖ਼ਿਲਾਫ਼ ਲੜਨਾ ਪੈਂਦਾ ਹੈ ਅਤੇ ਸ਼ਤਾਨ ਵੀ ਸਾਨੂੰ ਪਰਮੇਸ਼ੁਰ ਦੇ ਰਾਹਾਂ ਤੋਂ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਦਾ ਹੈ। (1 ਪਤਰਸ 5:8) ਇਹ ਵੀ ਸੱਚ ਹੈ ਕਿ ਸਾਡੀਆਂ ਜੀਨਾਂ ਸਾਡੇ ਉੱਤੇ ਵੱਖਰੇ-ਵੱਖਰੇ ਤਰੀਕਿਆਂ ਨਾਲ ਪ੍ਰਭਾਵ ਪਾ ਸਕਦੀਆਂ ਹਨ। ਪਰ ਅਸੀਂ ਬਿਲਕੁਲ ਲਾਚਾਰ ਨਹੀਂ ਹਾਂ। ਸੱਚੇ ਮਸੀਹੀਆਂ ਦੇ ਕਈ ਤਾਕਤਵਰ ਸਹਾਇਕ ਹਨ—ਯਹੋਵਾਹ, ਯਿਸੂ ਮਸੀਹ, ਪਰਮੇਸ਼ੁਰ ਦੀ ਪਵਿੱਤਰ ਆਤਮਾ, ਉਸ ਦਾ ਬਚਨ ਬਾਈਬਲ ਅਤੇ ਮਸੀਹੀ ਕਲੀਸਿਯਾ।—1 ਤਿਮੋਥਿਉਸ 6:11, 12; 1 ਯੂਹੰਨਾ 2:1.
ਵਾਅਦਾ ਕੀਤੇ ਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਮੂਸਾ ਨੇ ਇਸਰਾਏਲ ਕੌਮ ਨੂੰ ਯਾਦ ਕਰਾਇਆ ਸੀ ਕਿ ਉਹ ਪਰਮੇਸ਼ੁਰ ਅੱਗੇ ਜਵਾਬਦੇਹ ਸੀ: “ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ।” (ਬਿਵਸਥਾ ਸਾਰ 30:19, 20) ਅੱਜ ਵੀ ਹਰ ਜ਼ਿੰਮੇਵਾਰ ਵਿਅਕਤੀ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਸ ਦੀਆਂ ਮੰਗਾਂ ਪੂਰੀਆਂ ਕਰਨ ਦਾ ਫ਼ੈਸਲਾ ਆਪ ਕਰਦਾ ਹੈ। ਜੀ ਹਾਂ, ਫ਼ੈਸਲਾ ਤੁਹਾਡੇ ਹੱਥ ਹੈ।—ਗਲਾਤੀਆਂ 6:7, 8.
[ਫੁਟਨੋਟ]
a ਜਾਗਰੂਕ ਬਣੋ! (ਅੰਗ੍ਰੇਜ਼ੀ), 22 ਸਤੰਬਰ 1996, ਸਫ਼ੇ 3-8 ਦੇਖੋ।
b ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਸਫ਼ੇ 62-69 ਦੇਖੋ।
[ਸਫ਼ੇ 9 ਉੱਤੇ ਤਸਵੀਰ]
ਕੀ ਆਦਮ ਤੇ ਹੱਵਾਹ ਨੇ ਇਸ ਲਈ ਪਾਪ ਕੀਤਾ ਕਿਉਂਕਿ ਉਨ੍ਹਾਂ ਦੀਆਂ ਜੀਨਾਂ ਵਿਚ ਕੋਈ ਨੁਕਸ ਸੀ?
[ਸਫ਼ੇ 10 ਉੱਤੇ ਤਸਵੀਰਾਂ]
ਕੀ ਹਰੇਕ ਵਿਅਕਤੀ ਆਪਣੇ ਫ਼ੈਸਲਿਆਂ ਲਈ ਆਪ ਜ਼ਿੰਮੇਵਾਰ ਹੈ?
[ਕ੍ਰੈਡਿਟ ਲਾਈਨ]
ਅਮਲੀ: Godo-Foto
[ਸਫ਼ੇ 11 ਉੱਤੇ ਤਸਵੀਰ]
ਮਨੁੱਖੀ ਵਤੀਰੇ ਦਾ ਦੋਸ਼ ਜੀਨਾਂ ਉੱਤੇ ਲਾਉਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ
[ਸਫ਼ੇ 12 ਉੱਤੇ ਤਸਵੀਰ]
ਬਾਈਬਲ ਦੀਆਂ ਸਿੱਖਿਆਵਾਂ ਨੂੰ ਲਾਗੂ ਕਰਨ ਨਾਲ ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਬਦਲਣ ਵਿਚ ਮਦਦ ਮਿਲ ਸਕਦੀ ਹੈ