ਅਧਿਐਨ ਲੇਖ 16
ਸੁਣੋ, ਜਾਣੋ ਤੇ ਹਮਦਰਦੀ ਦਿਖਾਓ
“ਇਨਸਾਨ ਦਾ ਬਾਹਰਲਾ ਰੂਪ ਦੇਖ ਕੇ ਨਿਆਂ ਕਰਨਾ ਛੱਡ ਦਿਓ, ਸੱਚਾਈ ਨਾਲ ਨਿਆਂ ਕਰੋ।”—ਯੂਹੰ. 7:24.
ਗੀਤ 53 ਏਕਤਾ ਬਣਾਈ ਰੱਖੋ
ਖ਼ਾਸ ਗੱਲਾਂa
1. ਯਹੋਵਾਹ ਬਾਰੇ ਕਿਹੜੀ ਸੱਚਾਈ ਜਾਣ ਕੇ ਸਾਨੂੰ ਤਸੱਲੀ ਮਿਲਦੀ ਹੈ?
ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡਾ ਰੰਗ, ਸ਼ਕਲ ਅਤੇ ਸਰੀਰ ਦੇਖ ਕੇ ਤੁਹਾਡੇ ਪ੍ਰਤੀ ਰਾਇ ਕਾਇਮ ਕਰਨ? ਹਰਗਿਜ਼ ਨਹੀਂ। ਇਹ ਜਾਣ ਕੇ ਕਿੰਨੀ ਹੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਲੋਕਾਂ ਵਾਂਗ ਸਾਡੀ ਦਿੱਖ ਕਰਕੇ ਸਾਡੇ ਪ੍ਰਤੀ ਰਾਇ ਕਾਇਮ ਨਹੀਂ ਕਰਦਾ! ਮਿਸਾਲ ਲਈ, ਜਦੋਂ ਸਮੂਏਲ ਨੇ ਯੱਸੀ ਦੇ ਪੁੱਤਰਾਂ ਨੂੰ ਦੇਖਿਆ, ਤਾਂ ਉਸ ਨੇ ਉਹ ਨਹੀਂ ਦੇਖਿਆ ਜੋ ਯਹੋਵਾਹ ਨੇ ਦੇਖਿਆ ਸੀ। ਯਹੋਵਾਹ ਨੇ ਸਮੂਏਲ ਨੂੰ ਦੱਸਿਆ ਕਿ ਯੱਸੀ ਦਾ ਇਕ ਪੁੱਤਰ ਇਜ਼ਰਾਈਲ ਦਾ ਰਾਜਾ ਬਣੇਗਾ। ਪਰ ਕਿਹੜਾ? ਜਦੋਂ ਸਮੂਏਲ ਨੇ ਯੱਸੀ ਦੇ ਸਭ ਤੋਂ ਵੱਡੇ ਪੁੱਤਰ ਅਲੀਆਬ ਨੂੰ ਦੇਖਿਆ, ਤਾਂ ਉਸ ਨੇ ਕਿਹਾ: “ਠੀਕ ਯਹੋਵਾਹ ਦੇ ਅੱਗੇ ਏਹ ਉਹ ਦਾ ਮਸੀਹ ਹੈ।” ਅਲੀਆਬ ਰਾਜੇ ਵਾਂਗ ਲੱਗਦਾ ਸੀ। “ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, ਉਹ ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ।” ਸਾਡੇ ਲਈ ਕੀ ਸਬਕ ਹੈ? ਇਹੀ ਕਿ “ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।”—1 ਸਮੂ. 16:1, 6, 7.
2. ਯੂਹੰਨਾ 7:24 ਅਨੁਸਾਰ ਸਾਨੂੰ ਲੋਕਾਂ ਦਾ ਬਾਹਰੀ ਰੂਪ ਦੇਖ ਕੇ ਉਨ੍ਹਾਂ ਬਾਰੇ ਰਾਇ ਕਾਇਮ ਕਿਉਂ ਨਹੀਂ ਕਰਨੀ ਚਾਹੀਦੀ? ਇਕ ਮਿਸਾਲ ਦਿਓ।
2 ਪਾਪੀ ਹੋਣ ਕਰਕੇ ਸਾਡੇ ਵਿਚ ਲੋਕਾਂ ਦਾ ਬਾਹਰੀ ਰੂਪ ਦੇਖ ਕੇ ਰਾਇ ਕਾਇਮ ਕਰਨ ਦਾ ਝੁਕਾਅ ਹੈ। (ਯੂਹੰਨਾ 7:24 ਪੜ੍ਹੋ।) ਪਰ ਅਸੀਂ ਇਕ ਵਿਅਕਤੀ ਨੂੰ ਦੇਖ ਕੇ ਉਸ ਬਾਰੇ ਥੋੜ੍ਹਾ-ਬਹੁਤਾ ਹੀ ਜਾਣ ਸਕਦੇ ਹਾਂ। ਮਿਸਾਲ ਲਈ, ਇਕ ਵਧੀਆ ਤੇ ਤਜਰਬੇਕਾਰ ਡਾਕਟਰ ਆਪਣੇ ਮਰੀਜ਼ ਨੂੰ ਦੇਖ ਕੇ ਉਸ ਬਾਰੇ ਥੋੜ੍ਹਾ-ਬਹੁਤਾ ਹੀ ਜਾਣ ਸਕਦਾ ਹੈ। ਉਸ ਨੂੰ ਮਰੀਜ਼ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਜੇ ਉਹ ਜਾਣਨਾ ਚਾਹੁੰਦਾ ਹੈ ਕਿ ਮਰੀਜ਼ ਨੂੰ ਪਹਿਲਾਂ ਕੋਈ ਬੀਮਾਰੀ ਸੀ, ਉਹ ਕਿਵੇਂ ਮਹਿਸੂਸ ਕਰ ਰਿਹਾ ਹੈ ਅਤੇ ਉਸ ਵਿਚ ਬੀਮਾਰੀ ਦੇ ਕਿਹੜੇ-ਕਿਹੜੇ ਲੱਛਣ ਹਨ। ਸ਼ਾਇਦ ਡਾਕਟਰ ਮਰੀਜ਼ ਦੇ ਸਰੀਰ ਦੀ ਜਾਂਚ ਕਰਨ ਲਈ ਉਸ ਨੂੰ ਐਕਸ-ਰੇ ਕਰਾਉਣ ਲਈ ਕਹੇ। ਜੇ ਉਹ ਇੱਦਾਂ ਨਹੀਂ ਕਰਦਾ, ਤਾਂ ਉਹ ਸ਼ਾਇਦ ਉਸ ਦਾ ਗ਼ਲਤ ਇਲਾਜ ਕਰ ਦੇਵੇ। ਇਸੇ ਤਰ੍ਹਾਂ ਅਸੀਂ ਭੈਣਾਂ-ਭਰਾਵਾਂ ਦਾ ਬਾਹਰੀ ਰੂਪ ਦੇਖ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਸਾਨੂੰ ਇਹ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਅੰਦਰੋਂ ਕਿਹੋ ਜਿਹੇ ਇਨਸਾਨ ਹਨ। ਬਿਨਾਂ ਸ਼ੱਕ, ਅਸੀਂ ਦਿਲ ਨਹੀਂ ਪੜ੍ਹ ਸਕਦੇ ਜਿਸ ਕਰਕੇ ਅਸੀਂ ਕਦੇ ਵੀ ਦੂਜਿਆਂ ਨੂੰ ਯਹੋਵਾਹ ਵਾਂਗ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਪਰ ਅਸੀਂ ਯਹੋਵਾਹ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਕਿਵੇਂ?
3. ਇਹ ਲੇਖ ਯਹੋਵਾਹ ਦੀ ਰੀਸ ਕਰਨ ਵਿਚ ਸਾਡੀ ਕਿਵੇਂ ਮਦਦ ਕਰੇਗਾ?
3 ਯਹੋਵਾਹ ਆਪਣੇ ਭਗਤਾਂ ਨਾਲ ਕਿਵੇਂ ਪੇਸ਼ ਆਉਂਦਾ ਹੈ? ਉਹ ਉਨ੍ਹਾਂ ਦੀ ਸੁਣਦਾ ਹੈ। ਉਹ ਉਨ੍ਹਾਂ ਦੇ ਪਿਛੋਕੜ ਤੇ ਹਾਲਾਤਾਂ ਨੂੰ ਸਮਝਦਾ ਹੈ। ਨਾਲੇ ਉਹ ਉਨ੍ਹਾਂ ਨੂੰ ਹਮਦਰਦੀ ਦਿਖਾਉਂਦਾ ਹੈ। ਜਦੋਂ ਅਸੀਂ ਇਸ ਗੱਲ ʼਤੇ ਚਰਚਾ ਕਰਾਂਗੇ ਕਿ ਯਹੋਵਾਹ ਨੇ ਯੂਨਾਹ, ਏਲੀਯਾਹ, ਹਾਜਰਾ ਅਤੇ ਲੂਤ ਨਾਲ ਪੇਸ਼ ਆਉਂਦਿਆਂ ਇਹ ਗੁਣ ਕਿਵੇਂ ਦਿਖਾਏ, ਤਾਂ ਅਸੀਂ ਦੇਖਾਂਗੇ ਕਿ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦਿਆਂ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ।
ਧਿਆਨ ਨਾਲ ਸੁਣੋ
4. ਅਸੀਂ ਸ਼ਾਇਦ ਯੂਨਾਹ ਬਾਰੇ ਗ਼ਲਤ ਰਾਇ ਕਿਉਂ ਕਾਇਮ ਕਰ ਲਈਏ?
4 ਯੂਨਾਹ ਬਾਰੇ ਸਾਰੀ ਜਾਣਕਾਰੀ ਨਾ ਹੋਣ ਕਰਕੇ ਅਸੀਂ ਸ਼ਾਇਦ ਸੋਚੀਏ ਕਿ ਉਹ ਭਰੋਸੇ ਦੇ ਲਾਇਕ ਨਹੀਂ ਸੀ ਤੇ ਅਣਆਗਿਆਕਾਰ ਸੀ। ਯਹੋਵਾਹ ਨੇ ਖ਼ੁਦ ਉਸ ਨੂੰ ਨੀਨਵਾਹ ਵਿਚ ਨਿਆਂ ਦਾ ਸੰਦੇਸ਼ ਸੁਣਾਉਣ ਦਾ ਹੁਕਮ ਦਿੱਤਾ ਸੀ। ਪਰ ਇਸ ਦੀ ਬਜਾਇ ਉਹ ਜਹਾਜ਼ ਵਿਚ “ਯਹੋਵਾਹ ਦੇ ਹਜ਼ੂਰੋਂ” ਉਲਟ ਦਿਸ਼ਾ ਵਿਚ ਚਲਾ ਗਿਆ। (ਯੂਨਾ. 1:1-3) ਕੀ ਤੁਸੀਂ ਯੂਨਾਹ ਨੂੰ ਇਹ ਜ਼ਿੰਮੇਵਾਰੀ ਪੂਰੀ ਕਰਨ ਦਾ ਦੂਸਰਾ ਮੌਕਾ ਦੇਣਾ ਸੀ? ਸ਼ਾਇਦ ਨਹੀਂ। ਪਰ ਯਹੋਵਾਹ ਨੇ ਦਿੱਤਾ।—ਯੂਨਾ. 3:1, 2.
5. ਯੂਨਾਹ 2:1, 2, 9 ਤੋਂ ਤੁਸੀਂ ਯੂਨਾਹ ਬਾਰੇ ਕੀ ਸਿੱਖਦੇ ਹੋ?
5 ਯੂਨਾਹ ਨੇ ਆਪਣੀ ਪ੍ਰਾਰਥਨਾ ਰਾਹੀਂ ਦਿਖਾਇਆ ਕਿ ਉਹ ਕਿੱਦਾਂ ਦਾ ਇਨਸਾਨ ਸੀ। (ਯੂਨਾਹ 2:1, 2, 9 ਪੜ੍ਹੋ।) ਬਿਨਾਂ ਸ਼ੱਕ, ਯੂਨਾਹ ਨੇ ਕਈ ਵਾਰ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ। ਪਰ ਮੱਛੀ ਦੇ ਢਿੱਡ ਵਿਚ ਕੀਤੀ ਯੂਨਾਹ ਦੀ ਪ੍ਰਾਰਥਨਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲਾ ਇਨਸਾਨ ਨਹੀਂ, ਬਲਕਿ ਇਕ ਨਿਮਰ ਤੇ ਸ਼ੁਕਰਗੁਜ਼ਾਰ ਸੀ ਅਤੇ ਉਸ ਨੇ ਯਹੋਵਾਹ ਦੇ ਆਗਿਆਕਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਹੋਵਾਹ ਨੇ ਉਸ ਦੀਆਂ ਗ਼ਲਤੀਆਂ ਵੱਲ ਧਿਆਨ ਨਹੀਂ ਲਾਇਆ, ਸਗੋਂ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਉਸ ਨੂੰ ਨਬੀ ਵਜੋਂ ਵਰਤਦਾ ਰਿਹਾ!
6. ਸਾਨੂੰ ਧਿਆਨ ਨਾਲ ਗੱਲ ਕਿਉਂ ਸੁਣਨੀ ਚਾਹੀਦੀ ਹੈ?
6 ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨ ਲਈ ਸਾਨੂੰ ਨਿਮਰ ਬਣਨ ਤੇ ਧੀਰਜ ਰੱਖਣ ਦੀ ਲੋੜ ਹੈ। ਇੱਦਾਂ ਕਰਨ ਦੇ ਸਾਨੂੰ ਘੱਟੋ-ਘੱਟ ਤਿੰਨ ਫ਼ਾਇਦੇ ਹੋਣਗੇ। ਪਹਿਲਾ, ਅਸੀਂ ਝੱਟ ਲੋਕਾਂ ਬਾਰੇ ਗ਼ਲਤ ਰਾਇ ਕਾਇਮ ਕਰਨ ਤੋਂ ਬਚਾਂਗੇ। ਦੂਜਾ, ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਭਾਵਨਾਵਾਂ ਤੇ ਇਰਾਦਿਆਂ ਨੂੰ ਸਮਝ ਸਕਾਂਗੇ ਜਿਸ ਕਰਕੇ ਹੋਰ ਹਮਦਰਦੀ ਦਿਖਾਉਣ ਵਿਚ ਸਾਡੀ ਮਦਦ ਹੋਵੇਗੀ। ਤੀਜਾ, ਅਸੀਂ ਉਸ ਵਿਅਕਤੀ ਦੀ ਗੱਲ ਸੁਣ ਕੇ ਸ਼ਾਇਦ ਉਸ ਦੀ ਮਦਦ ਕਰੀਏ ਕਿ ਉਹ ਆਪਣੇ ਬਾਰੇ ਕੀ ਸੋਚਦਾ ਹੈ। ਕਦੀ-ਕਦਾਈਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਉਦੋਂ ਤਕ ਪੂਰੀ ਤਰ੍ਹਾਂ ਨਹੀਂ ਸਮਝਦੇ ਜਦ ਤਕ ਅਸੀਂ ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਨਾ ਕਰ ਦੇਈਏ। (ਕਹਾ. 20:5) ਏਸ਼ੀਆ ਦਾ ਰਹਿਣ ਵਾਲਾ ਇਕ ਬਜ਼ੁਰਗ ਮੰਨਦਾ ਹੈ: “ਮੈਨੂੰ ਯਾਦ ਹੈ ਕਿ ਮੈਂ ਇਕ ਵਾਰ ਪੂਰੀ ਗੱਲ ਸੁਣੇ ਬਗੈਰ ਬੋਲਣ ਦੀ ਗ਼ਲਤੀ ਕੀਤੀ। ਮੈਂ ਇਕ ਭੈਣ ਨੂੰ ਕਿਹਾ ਕਿ ਸਭਾਵਾਂ ਦੌਰਾਨ ਉਸ ਨੂੰ ਵਧੀਆ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਸ ਭੈਣ ਨੂੰ ਚੰਗੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ ਅਤੇ ਜਵਾਬ ਦੇਣ ਲਈ ਉਸ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।” ਇਹ ਕਿੰਨਾ ਜ਼ਰੂਰੀ ਹੈ ਕਿ ਹਰ ਬਜ਼ੁਰਗ ਸਲਾਹ ਦੇਣ ਤੋਂ ਪਹਿਲਾਂ ਸਾਰੀ ‘ਗੱਲ ਸੁਣੇ।’—ਕਹਾ. 18:13.
7. ਏਲੀਯਾਹ ਨਾਲ ਯਹੋਵਾਹ ਜਿਸ ਤਰੀਕੇ ਨਾਲ ਪੇਸ਼ ਆਇਆ ਉਸ ਤੋਂ ਤੁਸੀਂ ਕੀ ਸਿੱਖਦੇ ਹੋ?
7 ਕੁਝ ਭੈਣਾਂ-ਭਰਾਵਾਂ ਨੂੰ ਆਪਣੇ ਪਿਛੋਕੜ, ਸਭਿਆਚਾਰ ਜਾਂ ਸੁਭਾਅ ਕਰਕੇ ਆਪਣੀਆਂ ਭਾਵਨਾਵਾਂ ਦੱਸਣੀਆਂ ਔਖੀਆਂ ਲੱਗਦੀਆਂ ਹਨ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਉਹ ਸੌਖਿਆਂ ਹੀ ਸਾਡੇ ਅੱਗੇ ਆਪਣਾ ਦਿਲ ਖੋਲ੍ਹ ਸਕਣ? ਯਾਦ ਹੈ ਜਦ ਏਲੀਯਾਹ ਈਜ਼ਬਲ ਤੋਂ ਭੱਜਿਆ ਸੀ, ਤਾਂ ਯਹੋਵਾਹ ਉਸ ਨਾਲ ਕਿਵੇਂ ਪੇਸ਼ ਆਇਆ? ਉਸ ਨੇ ਕਾਫ਼ੀ ਦਿਨਾਂ ਬਾਅਦ ਆਪਣੇ ਸਵਰਗੀ ਪਿਤਾ ਨੂੰ ਆਪਣੀਆਂ ਸਾਰੀਆਂ ਭਾਵਨਾਵਾਂ ਦੱਸੀਆਂ। ਯਹੋਵਾਹ ਨੇ ਧਿਆਨ ਨਾਲ ਉਸ ਦੀ ਸੁਣੀ। ਫਿਰ ਪਰਮੇਸ਼ੁਰ ਨੇ ਏਲੀਯਾਹ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਇਕ ਅਹਿਮ ਕੰਮ ਕਰਨ ਨੂੰ ਦਿੱਤਾ। (1 ਰਾਜ. 19:1-18) ਸ਼ਾਇਦ ਸਾਡੇ ਭੈਣਾਂ-ਭਰਾਵਾਂ ਨੂੰ ਵੀ ਬਿਨਾਂ ਝਿਜਕੇ ਸਾਡੇ ਨਾਲ ਗੱਲ ਕਰਨ ਲਈ ਸਮਾਂ ਲੱਗੇ, ਪਰ ਅਸੀਂ ਉਨ੍ਹਾਂ ਦੀਆਂ ਡੂੰਘੀਆਂ ਭਾਵਨਾਵਾਂ ਉਦੋਂ ਹੀ ਸਮਝ ਸਕਾਂਗੇ ਜਦ ਉਹ ਸਾਡੇ ਨਾਲ ਗੱਲ ਕਰਨਗੇ। ਯਹੋਵਾਹ ਦੇ ਧੀਰਜ ਦੀ ਰੀਸ ਕਰਕੇ ਅਸੀਂ ਉਨ੍ਹਾਂ ਦਾ ਭਰੋਸਾ ਜਿੱਤ ਸਕਦੇ ਹਾਂ। ਫਿਰ ਜਦੋਂ ਉਹ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਤਿਆਰ ਹੁੰਦੇ ਹਨ, ਤਾਂ ਸਾਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ।
ਆਪਣੇ ਭੈਣਾਂ-ਭਰਾਵਾਂ ਨੂੰ ਜਾਣੋ
8. ਉਤਪਤ 16:7-13 ਅਨੁਸਾਰ ਯਹੋਵਾਹ ਨੇ ਹਾਜਰਾ ਦੀ ਕਿਵੇਂ ਮਦਦ ਕੀਤੀ?
8 ਸਾਰਈ ਦੀ ਨੌਕਰਾਣੀ ਹਾਜਰਾ ਨੇ ਅਬਰਾਮ ਦੀ ਪਤਨੀ ਬਣਨ ਤੋਂ ਬਾਅਦ ਇਕ ਮੂਰਖਤਾ ਭਰਿਆ ਕੰਮ ਕੀਤਾ। ਗਰਭਵਤੀ ਹੋਣ ʼਤੇ ਹਾਜਰਾ ਸਾਰਈ ਨੂੰ ਘਟੀਆ ਸਮਝਣ ਲੱਗ ਪਈ ਕਿਉਂਕਿ ਉਸ ਦੇ ਕੋਈ ਬੱਚਾ ਨਹੀਂ ਸੀ। ਸਾਰਈ ਤੇ ਹਾਜਰਾ ਦਾ ਰਿਸ਼ਤਾ ਇੰਨਾ ਖ਼ਰਾਬ ਹੋ ਗਿਆ ਕਿ ਹਾਜਰਾ ਭੱਜ ਗਈ। (ਉਤ. 16:4-6) ਪਾਪੀ ਹੋਣ ਕਰਕੇ ਅਸੀਂ ਸ਼ਾਇਦ ਸੋਚੀਏ ਕਿ ਹਾਜਰਾ ਇਕ ਘਮੰਡੀ ਔਰਤ ਸੀ ਜਿਸ ਨਾਲ ਇਹੀ ਹੋਣਾ ਚਾਹੀਦਾ ਸੀ। ਪਰ ਯਹੋਵਾਹ ਨੇ ਹਾਜਰਾ ਬਾਰੇ ਇਸ ਤਰੀਕੇ ਨਾਲ ਨਹੀਂ ਸੋਚਿਆ। ਉਸ ਨੇ ਹਾਜਰਾ ਕੋਲ ਆਪਣਾ ਦੂਤ ਭੇਜਿਆ। ਇਸ ਦੂਤ ਨੇ ਹਾਜਰਾ ਦੇ ਰਵੱਈਏ ਨੂੰ ਸੁਧਾਰਨ ਵਿਚ ਮਦਦ ਕੀਤੀ ਅਤੇ ਉਸ ਨੂੰ ਅਸੀਸ ਦਿੱਤੀ। ਹਾਜਰਾ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਉਸ ਨੂੰ ਦੇਖ ਰਿਹਾ ਸੀ ਤੇ ਉਸ ਦੇ ਹਾਲਾਤ ਜਾਣਦਾ ਸੀ। ਉਹ ਇਹ ਕਹਿਣ ਲਈ ਪ੍ਰੇਰਿਤ ਹੋਈ: “ਤੂੰ ਮੇਰਾ ਵੇਖਣਹਾਰ ਪਰਮੇਸ਼ੁਰ ਹੈਂ।”—ਉਤਪਤ 16:7-13 ਪੜ੍ਹੋ।
9. ਹਾਜਰਾ ਨਾਲ ਪੇਸ਼ ਆਉਂਦਿਆਂ ਯਹੋਵਾਹ ਨੇ ਕੀ ਧਿਆਨ ਵਿਚ ਰੱਖਿਆ?
9 ਯਹੋਵਾਹ ਨੇ ਹਾਜਰਾ ਵਿਚ ਕੀ ਦੇਖਿਆ? ਉਹ ਹਾਜਰਾ ਦੇ ਪਿਛੋਕੜ ਨੂੰ ਅਤੇ ਉਸ ਨਾਲ ਜੋ ਹੋਇਆ, ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। (ਕਹਾ. 15:3) ਹਾਜਰਾ ਇਕ ਮਿਸਰੀ ਔਰਤ ਸੀ ਜੋ ਇਬਰਾਨੀ ਪਰਿਵਾਰ ਵਿਚ ਰਹਿ ਰਹੀ ਸੀ। ਕੀ ਕਦੀ-ਕਦੀ ਉਸ ਨੂੰ ਲੱਗਦਾ ਸੀ ਕਿ ਉਹ ਅਜਨਬੀ ਸੀ? ਕੀ ਉਸ ਨੂੰ ਆਪਣੇ ਪਰਿਵਾਰ ਤੇ ਆਪਣੇ ਦੇਸ਼ ਦੀ ਯਾਦ ਆਉਂਦੀ ਸੀ? ਉਹ ਅਬਰਾਮ ਦੀ ਇੱਕੋ ਪਤਨੀ ਨਹੀਂ ਸੀ। ਇਕ ਸਮੇਂ ʼਤੇ ਕੁਝ ਵਫ਼ਾਦਾਰ ਆਦਮੀਆਂ ਦੀਆਂ ਇਕ ਤੋਂ ਜ਼ਿਆਦਾ ਪਤਨੀਆਂ ਹੁੰਦੀਆਂ ਸਨ। ਪਰ ਇਹ ਯਹੋਵਾਹ ਦਾ ਮੁਢਲਾ ਮਕਸਦ ਨਹੀਂ ਸੀ। (ਮੱਤੀ 19:4-6) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇੱਦਾਂ ਹੋਣ ਤੇ ਪਰਿਵਾਰ ਵਿਚ ਈਰਖਾ ਤੇ ਨਫ਼ਰਤ ਪੈਦਾ ਹੁੰਦੀ ਸੀ। ਯਹੋਵਾਹ ਜਾਣਦਾ ਸੀ ਕਿ ਹਾਜਰਾ ਦਾ ਸਾਰਈ ਨੂੰ ਘਟੀਆ ਸਮਝਣਾ ਗ਼ਲਤ ਸੀ, ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਨੇ ਹਾਜਰਾ ਦੇ ਪਿਛੋਕੜ ਤੇ ਉਸ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਿਆ।
10. ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹਾਂ?
10 ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਯਹੋਵਾਹ ਦੀ ਰੀਸ ਕਰ ਸਕਦੇ ਹਾਂ। ਆਪਣੇ ਭੈਣਾਂ-ਭਰਾਵਾਂ ਨੂੰ ਹੋਰ ਚੰਗੀ ਤਰ੍ਹਾਂ ਜਾਣੋ। ਸਭਾਵਾਂ ਤੋਂ ਪਹਿਲਾਂ ਤੇ ਬਾਅਦ ਵਿਚ ਉਨ੍ਹਾਂ ਨਾਲ ਗੱਲ ਕਰੋ, ਉਨ੍ਹਾਂ ਨਾਲ ਪ੍ਰਚਾਰ ʼਤੇ ਜਾਓ ਅਤੇ ਜੇ ਹੋ ਸਕੇ, ਤਾਂ ਉਨ੍ਹਾਂ ਨੂੰ ਖਾਣੇ ʼਤੇ ਬੁਲਾਓ। ਇੱਦਾਂ ਕਰ ਕੇ ਸ਼ਾਇਦ ਤੁਸੀਂ ਜਾਣੋ ਕਿ ਜਿਹੜੀ ਭੈਣ ਰੁੱਖੇ ਸੁਭਾਅ ਦੀ ਲੱਗਦੀ ਹੈ ਉਹ ਅਸਲ ਵਿਚ ਸ਼ਰਮੀਲੇ ਸੁਭਾਅ ਦੀ ਹੋਵੇ, ਜਿਸ ਭਰਾ ਬਾਰੇ ਤੁਸੀਂ ਸੋਚਦੇ ਹੋ ਕਿ ਉਹ ਧਨ-ਦੌਲਤ ਨਾਲ ਪਿਆਰ ਕਰਦਾ ਹੈ ਉਹ ਖੁੱਲ੍ਹੇ ਦਿਲ ਵਾਲਾ ਹੋਵੇ ਜਾਂ ਜਿਹੜੀ ਭੈਣ ਆਪਣੇ ਬੱਚਿਆਂ ਨਾਲ ਸਭਾਵਾਂ ʼਤੇ ਅਕਸਰ ਦੇਰ ਨਾਲ ਆਉਂਦੀ ਹੈ, ਉਹ ਵਿਰੋਧ ਦਾ ਸਾਮ੍ਹਣਾ ਕਰ ਰਹੀ ਹੋਵੇ। (ਰੋਮੀ. 14:10) ਬਿਨਾਂ ਸ਼ੱਕ, ਸਾਨੂੰ “ਦੂਸਰਿਆਂ ਦੇ ਮਾਮਲਿਆਂ ਵਿਚ ਲੱਤ” ਨਹੀਂ ਅੜਾਉਣੀ ਚਾਹੀਦੀ। (1 ਤਿਮੋ. 5:13) ਪਰ ਅਸੀਂ ਆਪਣੇ ਭੈਣਾਂ-ਭਰਾਵਾਂ ਤੇ ਉਨ੍ਹਾਂ ਦੇ ਹਾਲਾਤਾਂ ਬਾਰੇ ਜਾਣ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ।
11. ਬਜ਼ੁਰਗਾਂ ਲਈ ਆਪਣੀਆਂ ਭੇਡਾਂ ਨੂੰ ਚੰਗੀ ਤਰ੍ਹਾਂ ਜਾਣਨਾ ਕਿਉਂ ਜ਼ਰੂਰੀ ਹੈ?
11 ਖ਼ਾਸ ਕਰਕੇ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੇ ਪਿਛੋਕੜ ਬਾਰੇ ਜਾਣਨ ਦੀ ਲੋੜ ਹੈ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦੇ ਹਨ। ਅਰਥੁਰ ਨਾਂ ਦੇ ਭਰਾ ਦੀ ਮਿਸਾਲ ʼਤੇ ਗੌਰ ਕਰੋ ਜੋ ਸਰਕਟ ਓਵਰਸੀਅਰ ਵਜੋਂ ਸੇਵਾ ਕਰਦਾ ਹੈ। ਉਹ ਅਤੇ ਇਕ ਹੋਰ ਬਜ਼ੁਰਗ ਇਕ ਭੈਣ ਨੂੰ ਮਿਲਣ ਗਏ ਜੋ ਸ਼ਰਮੀਲੇ ਸੁਭਾਅ ਦੀ ਲੱਗਦੀ ਸੀ। ਅਰਥੁਰ ਦੱਸਦਾ ਹੈ: “ਸਾਨੂੰ ਪਤਾ ਲੱਗਾ ਕਿ ਵਿਆਹ ਤੋਂ ਜਲਦੀ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ। ਚੁਣੌਤੀਆਂ ਦੇ ਬਾਵਜੂਦ ਉਸ ਨੇ ਆਪਣੀਆਂ ਦੋ ਧੀਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਇਆ ਅਤੇ ਉਹ ਯਹੋਵਾਹ ਦੀਆਂ ਵਫ਼ਾਦਾਰ ਸੇਵਕ ਬਣੀਆਂ। ਪਰ ਹੁਣ ਭੈਣ ਦੀ ਨਜ਼ਰ ਧੁੰਦਲੀ ਹੋ ਰਹੀ ਸੀ ਅਤੇ ਉਸ ਨੂੰ ਡਿਪਰੈਸ਼ਨ ਸੀ। ਫਿਰ ਵੀ ਯਹੋਵਾਹ ਲਈ ਉਸ ਦਾ ਪਿਆਰ ਤੇ ਉਸ ਦੀ ਨਿਹਚਾ ਮਜ਼ਬੂਤ ਸੀ। ਸਾਨੂੰ ਅਹਿਸਾਸ ਹੋਇਆ ਕਿ ਅਸੀਂ ਇਸ ਭੈਣ ਦੀ ਵਧੀਆ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।” (ਫ਼ਿਲਿ. 2:3) ਇਹ ਸਰਕਟ ਓਵਰਸੀਅਰ ਯਹੋਵਾਹ ਦੀ ਮਿਸਾਲ ʼਤੇ ਚੱਲ ਰਿਹਾ ਸੀ। ਯਹੋਵਾਹ ਆਪਣੀਆਂ ਭੇਡਾਂ ਤੇ ਉਨ੍ਹਾਂ ਦੇ ਦੁੱਖ-ਦਰਦ ਜਾਣਦਾ ਹੈ। (ਕੂਚ 3:7) ਆਪਣੀਆਂ ਭੇਡਾਂ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਬਜ਼ੁਰਗ ਵਧੀਆ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਨ।
12. ਏਸ਼ੀਆ ਦੀ ਇਕ ਭੈਣ ਨੂੰ ਆਪਣੀ ਮੰਡਲੀ ਦੀ ਭੈਣ ਬਾਰੇ ਜਾਣ ਕੇ ਕੀ ਫ਼ਾਇਦਾ ਹੋਇਆ?
12 ਜਦੋਂ ਤੁਸੀਂ ਇਸ ਤਰ੍ਹਾਂ ਦੇ ਭੈਣ ਜਾਂ ਭਰਾ ਦੇ ਪਿਛੋਕੜ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ ਜਿਸ ਤੋਂ ਤੁਹਾਨੂੰ ਖਿਝ ਚੜ੍ਹਦੀ ਹੈ, ਤਾਂ ਸ਼ਾਇਦ ਤੁਸੀਂ ਉਸ ਨਾਲ ਹੋਰ ਜ਼ਿਆਦਾ ਹਮਦਰਦੀ ਕਰਨ ਲੱਗ ਪਓ। ਇਕ ਮਿਸਾਲ ʼਤੇ ਗੌਰ ਕਰੋ। ਏਸ਼ੀਆ ਦੀ ਰਹਿਣ ਵਾਲੀ ਇਕ ਭੈਣ ਕਹਿੰਦੀ ਹੈ, “ਮੇਰੀ ਮੰਡਲੀ ਦੀ ਇਕ ਭੈਣ ਬਹੁਤ ਉੱਚੀ ਬੋਲਦੀ ਸੀ। ਮੈਨੂੰ ਲੱਗਦਾ ਸੀ ਕਿ ਉਸ ਵਿਚ ਚੰਗੇ ਸੰਸਕਾਰਾਂ ਦੀ ਕਮੀ ਸੀ। ਪਰ ਉਸ ਨਾਲ ਪ੍ਰਚਾਰ ਕਰ ਕੇ ਮੈਨੂੰ ਪਤਾ ਲੱਗਾ ਕਿ ਉਹ ਆਪਣੇ ਮਾਪਿਆਂ ਨਾਲ ਬਾਜ਼ਾਰ ਵਿਚ ਮੱਛੀਆਂ ਵੇਚਦੀ ਹੁੰਦੀ ਸੀ। ਗਾਹਕਾਂ ਦਾ ਧਿਆਨ ਖਿੱਚਣ ਲਈ ਉਸ ਨੂੰ ਉੱਚੀ ਬੋਲਣਾ ਪੈਂਦਾ ਸੀ।” ਇਹ ਭੈਣ ਅੱਗੇ ਦੱਸਦੀ ਹੈ: “ਮੈਂ ਸਿੱਖਿਆ ਕਿ ਆਪਣੇ ਭੈਣਾਂ-ਭਰਾਵਾਂ ਨੂੰ ਸਮਝਣ ਲਈ ਮੈਨੂੰ ਉਨ੍ਹਾਂ ਦਾ ਪਿਛੋਕੜ ਜਾਣਨ ਦੀ ਲੋੜ ਹੈ।” ਆਪਣੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਲਈ ਮਿਹਨਤ ਲੱਗਦੀ ਹੈ। ਫਿਰ ਵੀ ਜਦੋਂ ਤੁਸੀਂ ਬਾਈਬਲ ਵਿਚ ਦਿੱਤੀ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹਣ ਦੀ ਸਲਾਹ ਲਾਗੂ ਕਰਦੇ ਹੋ, ਤਾਂ ਤੁਸੀਂ ‘ਹਰ ਤਰ੍ਹਾਂ ਦੇ ਲੋਕਾਂ’ ਨੂੰ ਪਿਆਰ ਕਰਨ ਵਿਚ ਯਹੋਵਾਹ ਦੀ ਰੀਸ ਕਰਦੇ ਹੋ।—1 ਤਿਮੋ. 2:3, 4; 2 ਕੁਰਿੰ. 6:11-13.
ਹਮਦਰਦੀ ਦਿਖਾਓ
13. ਉਤਪਤ 19:15, 16 ਮੁਤਾਬਕ ਦੂਤਾਂ ਨੇ ਕੀ ਕੀਤਾ ਜਦੋਂ ਲੂਤ ਢਿੱਲ-ਮੱਠ ਕਰ ਰਿਹਾ ਸੀ ਅਤੇ ਕਿਉਂ?
13 ਆਪਣੀ ਜ਼ਿੰਦਗੀ ਦੀ ਔਖੀ ਘੜੀ ਵਿਚ ਲੂਤ ਯਹੋਵਾਹ ਦੀਆਂ ਹਿਦਾਇਤਾਂ ਮੰਨਣ ਵਿਚ ਢਿੱਲ-ਮੱਠ ਕਰ ਰਿਹਾ ਸੀ। ਲੂਤ ਨੂੰ ਮਿਲਣ ਲਈ ਦੋ ਦੂਤ ਆਏ ਤੇ ਉਸ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਸਦੂਮ ਤੋਂ ਬਾਹਰ ਲੈ ਜਾਵੇ। ਕਿਉਂ? ਉਨ੍ਹਾਂ ਨੇ ਕਿਹਾ: “ਅਸੀਂ ਏਸ ਥਾਂ ਨੂੰ . . . ਨਸ਼ਟ ਕਰਨ ਵਾਲੇ ਹਾਂ।” (ਉਤ. 19:12, 13) ਅਗਲੀ ਸਵੇਰ ਲੂਤ ਤੇ ਉਸ ਦਾ ਪਰਿਵਾਰ ਘਰ ਵਿਚ ਹੀ ਸਨ। ਇਸ ਲਈ ਦੂਤਾਂ ਨੇ ਲੂਤ ਨੂੰ ਦੁਬਾਰਾ ਚੇਤਾਵਨੀ ਦਿੱਤੀ। ਪਰ “ਉਹ ਢਿੱਲ ਕਰ ਰਿਹਾ ਸੀ।” ਅਸੀਂ ਸ਼ਾਇਦ ਸੋਚੀਏ ਕਿ ਲੂਤ ਨੂੰ ਯਹੋਵਾਹ ਦੀਆਂ ਕਹੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਸੀ ਅਤੇ ਉਹ ਅਣਆਗਿਆਕਾਰ ਸੀ। ਪਰ ਯਹੋਵਾਹ ਨੇ ਉਸ ਦਾ ਸਾਥ ਨਹੀਂ ਛੱਡਿਆ। “ਯਹੋਵਾਹ ਦੀ ਕਿਰਪਾ ਦੇ ਕਾਰਨ” ਦੂਤ ਪਰਿਵਾਰ ਦਾ ਹੱਥ ਫੜ ਕੇ ਸ਼ਹਿਰ ਤੋਂ ਬਾਹਰ ਲੈ ਗਏ।—ਉਤਪਤ 19:15, 16 ਪੜ੍ਹੋ।
14. ਯਹੋਵਾਹ ਨੇ ਸ਼ਾਇਦ ਲੂਤ ਨੂੰ ਹਮਦਰਦੀ ਕਿਉਂ ਦਿਖਾਈ?
14 ਯਹੋਵਾਹ ਨੇ ਸ਼ਾਇਦ ਕਈ ਕਾਰਨਾਂ ਕਰਕੇ ਲੂਤ ਨੂੰ ਹਮਦਰਦੀ ਦਿਖਾਈ। ਲੂਤ ਸ਼ਾਇਦ ਆਪਣੇ ਘਰ ਨੂੰ ਛੱਡਣ ਲਈ ਇਸ ਕਰਕੇ ਢਿੱਲ-ਮੱਠ ਕਰ ਰਿਹਾ ਸੀ ਕਿਉਂਕਿ ਉਹ ਸ਼ਹਿਰ ਤੋਂ ਬਾਹਰ ਰਹਿੰਦੇ ਲੋਕਾਂ ਤੋਂ ਡਰਦਾ ਸੀ। ਇਸ ਦੇ ਨਾਲ-ਨਾਲ ਹੋਰ ਵੀ ਖ਼ਤਰੇ ਸਨ। ਲੂਤ ਸ਼ਾਇਦ ਜਾਣਦਾ ਸੀ ਕਿ ਨੇੜੇ ਵਾਦੀ ਵਿਚ ਦੋ ਰਾਜੇ ਚਿੱਕੜ ਦੇ ਟੋਏ ਵਿਚ ਡਿੱਗੇ ਸਨ। (ਉਤ 14:8-12) ਇਕ ਪਤੀ ਤੇ ਪਿਤਾ ਵਜੋਂ ਲੂਤ ਨੂੰ ਆਪਣੇ ਪਰਿਵਾਰ ਦਾ ਫ਼ਿਕਰ ਸੀ। ਨਾਲੇ ਅਮੀਰ ਹੋਣ ਕਰਕੇ ਸ਼ਾਇਦ ਲੂਤ ਦਾ ਸਦੂਮ ਵਿਚ ਇਕ ਸੋਹਣਾ ਘਰ ਸੀ। (ਉਤ 13:5, 6) ਬਿਨਾਂ ਸ਼ੱਕ, ਇਨ੍ਹਾਂ ਕਾਰਨਾਂ ਕਰਕੇ ਲੂਤ ਕੋਲ ਕੋਈ ਬਹਾਨਾ ਨਹੀਂ ਸੀ ਕਿ ਉਹ ਯਹੋਵਾਹ ਦਾ ਕਹਿਣਾ ਮੰਨਣ ਵਿਚ ਢਿੱਲ-ਮੱਠ ਕਰੇ। ਪਰ ਯਹੋਵਾਹ ਨੇ ਲੂਤ ਦੀ ਗ਼ਲਤੀ ʼਤੇ ਧਿਆਨ ਲਾਉਣ ਦੀ ਬਜਾਇ ਉਸ ਨੂੰ “ਧਰਮੀ ਬੰਦਾ” ਕਿਹਾ।—2 ਪਤ. 2:7, 8.
15. ਇਕ ਵਿਅਕਤੀ ਦੇ ਕੰਮਾਂ ਦੇ ਆਧਾਰ ʼਤੇ ਉਸ ਬਾਰੇ ਰਾਇ ਕਾਇਮ ਕਰਨ ਦੀ ਬਜਾਇ ਸਾਨੂੰ ਕੀ ਕਰਨਾ ਚਾਹੀਦਾ ਹੈ?
15 ਇਕ ਵਿਅਕਤੀ ਦੇ ਕੰਮਾਂ ਦੇ ਆਧਾਰ ʼਤੇ ਉਸ ਬਾਰੇ ਰਾਇ ਕਾਇਮ ਕਰਨ ਦੀ ਬਜਾਇ ਉਸ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰੋ। ਯੂਰਪ ਵਿਚ ਰਹਿਣ ਵਾਲੀ ਵਰੌਨਿਕਾ ਨਾਂ ਦੀ ਭੈਣ ਨੇ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ। ਉਹ ਦੱਸਦੀ ਹੈ, “ਇੱਦਾਂ ਲੱਗਦਾ ਸੀ ਕਿ ਇਕ ਭੈਣ ਦਾ ਮੂਡ ਹਮੇਸ਼ਾ ਹੀ ਖ਼ਰਾਬ ਰਹਿੰਦਾ ਸੀ। ਉਹ ਦੂਜਿਆਂ ਤੋਂ ਅਲੱਗ-ਅਲੱਗ ਰਹਿੰਦੀ ਸੀ। ਕਦੀ-ਕਦਾਈਂ ਤਾਂ ਮੈਨੂੰ ਉਸ ਨਾਲ ਗੱਲ ਕਰਨ ਤੋਂ ਡਰ ਲੱਗਦਾ ਸੀ। ਪਰ ਮੈਂ ਸੋਚਿਆ, ‘ਜੇ ਮੈਂ ਉਸ ਦੀ ਜਗ੍ਹਾ ਹੁੰਦੀ, ਤਾਂ ਮੈਨੂੰ ਇਕ ਸਹੇਲੀ ਦੀ ਲੋੜ ਹੁੰਦੀ।’ ਸੋ ਮੈਂ ਸੋਚਿਆ ਕਿ ਮੈਂ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੀ। ਇੱਦਾਂ ਕਰਨ ਨਾਲ ਉਸ ਨੇ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਮੈਂ ਉਸ ਨੂੰ ਹੋਰ ਚੰਗੀ ਤਰ੍ਹਾਂ ਸਮਝਦੀ ਹਾਂ।”
16. ਸਾਨੂੰ ਹਮਦਰਦੀ ਪੈਦਾ ਕਰਨ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
16 ਸਿਰਫ਼ ਯਹੋਵਾਹ ਹੀ ਸਾਨੂੰ ਪੂਰੀ ਤਰ੍ਹਾਂ ਸਮਝਦਾ ਹੈ। (ਕਹਾ. 15:11) ਇਸ ਲਈ ਦੂਜਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਅਤੇ ਹਮਦਰਦੀ ਦਿਖਾਉਣ ਲਈ ਯਹੋਵਾਹ ਤੋਂ ਮਦਦ ਮੰਗੋ। ਪ੍ਰਾਰਥਨਾ ਨੇ ਭੈਣ ਐਂਜਲਾ ਦੀ ਹੋਰ ਹਮਦਰਦ ਬਣਨ ਵਿਚ ਮਦਦ ਕੀਤੀ। ਮੰਡਲੀ ਵਿਚ ਇਕ ਭੈਣ ਦੀ ਉਸ ਨਾਲ ਨਹੀਂ ਬਣਦੀ ਸੀ। ਐਂਜਲਾ ਮੰਨਦੀ ਹੈ: “ਮੇਰੇ ਲਈ ਉਸ ਭੈਣ ਦੀ ਨੁਕਤਾਚੀਨੀ ਕਰਨੀ ਤੇ ਉਸ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਸੌਖਾ ਸੀ। ਪਰ ਮੈਂ ਉਸ ਭੈਣ ਨੂੰ ਸਮਝਣ ਲਈ ਯਹੋਵਾਹ ਤੋਂ ਮਦਦ ਮੰਗੀ।” ਕੀ ਯਹੋਵਾਹ ਨੇ ਐਂਜਲਾ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ? ਉਹ ਅੱਗੇ ਦੱਸਦੀ ਹੈ: “ਅਸੀਂ ਇਕੱਠੀਆਂ ਪ੍ਰਚਾਰ ʼਤੇ ਗਈਆਂ ਅਤੇ ਬਾਅਦ ਵਿਚ ਘੰਟਿਆਂ-ਬੱਧੀ ਗੱਲਾਂ ਕੀਤੀਆਂ। ਮੈਂ ਹਮਦਰਦੀ ਨਾਲ ਉਸ ਦੀ ਗੱਲ ਸੁਣੀ। ਹੁਣ ਮੈਂ ਉਸ ਨੂੰ ਜ਼ਿਆਦਾ ਪਿਆਰ ਕਰਦੀ ਹਾਂ ਤੇ ਉਸ ਨੂੰ ਹੌਸਲਾ ਦੇਣ ਦੀ ਠਾਣ ਲਈ ਹੈ।”
17. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ?
17 ਅਸੀਂ ਇਹ ਚੋਣ ਨਹੀਂ ਕਰ ਸਕਦੇ ਕਿ ਕਿਹੜੇ ਭੈਣ-ਭਰਾ ਸਾਡੀ ਹਮਦਰਦੀ ਦੇ ਲਾਇਕ ਹਨ ਤੇ ਕਿਹੜੇ ਨਹੀਂ। ਇਹ ਸਾਰੇ ਭੈਣ-ਭਰਾ ਯੂਨਾਹ, ਏਲੀਯਾਹ, ਹਾਜਰਾ ਅਤੇ ਲੂਤ ਵਾਂਗ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਜਣਿਆਂ ਨੇ ਸ਼ਾਇਦ ਖ਼ੁਦ ਆਪਣੇ ʼਤੇ ਮੁਸ਼ਕਲਾਂ ਲਿਆਂਦੀਆਂ ਹੋਣ। ਪਰ ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਜਣੇ ਕਦੇ-ਨਾ-ਕਦੇ ਇੱਦਾਂ ਦੀ ਗ਼ਲਤੀ ਕਰ ਬੈਠਦੇ ਹਾਂ। ਇਸ ਲਈ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦੇਈਏ। (1 ਪਤ. 3:8) ਯਹੋਵਾਹ ਦੀ ਇਹ ਗੱਲ ਮੰਨ ਕੇ ਅਸੀਂ ਦੁਨੀਆਂ ਭਰ ਦੇ ਆਪਣੇ ਸ਼ਾਨਦਾਰ ਪਰਿਵਾਰ ਦੀ ਏਕਤਾ ਨੂੰ ਹੋਰ ਵਧਾਉਂਦੇ ਹਾਂ। ਇਸ ਲਈ ਆਓ ਆਪਾਂ ਇਕ-ਦੂਜੇ ਨਾਲ ਪੇਸ਼ ਆਉਂਦਿਆਂ ਗੱਲ ਸੁਣਨ, ਜਾਣਨ ਅਤੇ ਹਮਦਰਦੀ ਦਿਖਾਉਣ ਦਾ ਪੱਕਾ ਇਰਾਦਾ ਕਰੀਏ।
ਗੀਤ 20 ਸਾਡੀ ਸੰਗਤ ਨੂੰ ਦੇ ਆਪਣੀ ਬਰਕਤ
a ਪਾਪੀ ਹੋਣ ਕਰਕੇ ਸਾਡੇ ਵਿਚ ਲੋਕਾਂ ਬਾਰੇ ਝੱਟ ਰਾਇ ਕਾਇਮ ਕਰਨ ਅਤੇ ਉਨ੍ਹਾਂ ਦੇ ਇਰਾਦਿਆਂ ʼਤੇ ਸ਼ੱਕ ਕਰਨ ਦਾ ਝੁਕਾਅ ਹੈ। ਦੂਜੇ ਪਾਸੇ, ਯਹੋਵਾਹ “ਰਿਦੇ ਨੂੰ ਵੇਖਦਾ ਹੈ।” (1 ਸਮੂ. 16:7) ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਉਸ ਨੇ ਯੂਨਾਹ, ਏਲੀਯਾਹ, ਹਾਜਰਾ ਅਤੇ ਲੂਤ ਦੀ ਕਿਵੇਂ ਮਦਦ ਕੀਤੀ। ਨਾਲੇ ਇਸ ਲੇਖ ਰਾਹੀਂ ਸਾਡੀ ਮਦਦ ਹੋਵੇਗੀ ਕਿ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦਿਆਂ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ।
b ਤਸਵੀਰਾਂ ਬਾਰੇ ਜਾਣਕਾਰੀ: ਜਦੋਂ ਇਕ ਨੌਜਵਾਨ ਭਰਾ ਦੇਰ ਨਾਲ ਸਭਾ ʼਤੇ ਆਇਆ, ਤਾਂ ਇਕ ਸਿਆਣੀ ਉਮਰ ਦਾ ਭਰਾ ਖਿਝ ਜਾਂਦਾ ਹੈ, ਪਰ ਬਾਅਦ ਵਿਚ ਉਸ ਨੂੰ ਪਤਾ ਲੱਗਦਾ ਹੈ ਕਿ ਐਕਸੀਡੈਂਟ ਹੋਣ ਕਰਕੇ ਉਹ ਭਰਾ ਲੇਟ ਆਇਆ ਸੀ।
c ਤਸਵੀਰਾਂ ਬਾਰੇ ਜਾਣਕਾਰੀ: ਭਾਵੇਂ ਕਿ ਪ੍ਰਚਾਰ ਦੇ ਇਕ ਗਰੁੱਪ ਓਵਰਸੀਅਰ ਨੂੰ ਪਹਿਲਾਂ-ਪਹਿਲ ਲੱਗਾ ਕਿ ਇਕ ਭੈਣ ਕਿਸੇ ਨਾਲ ਗੱਲ ਨਹੀਂ ਕਰਦੀ, ਪਰ ਬਾਅਦ ਵਿਚ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਸ਼ਰਮੀਲੇ ਸੁਭਾਅ ਦੀ ਸੀ ਅਤੇ ਜਿਨ੍ਹਾਂ ਲੋਕਾਂ ਨੂੰ ਉਹ ਚੰਗੀ ਤਰ੍ਹਾਂ ਨਹੀਂ ਜਾਣਦੀ ਸੀ ਉਨ੍ਹਾਂ ਵਿਚ ਉਹ ਘਬਰਾ ਜਾਂਦੀ ਸੀ।
d ਤਸਵੀਰਾਂ ਬਾਰੇ ਜਾਣਕਾਰੀ: ਜਦੋਂ ਇਕ ਭੈਣ ਨੇ ਦੂਜੀ ਭੈਣ ਬਾਰੇ ਜਾਣਨ ਲਈ ਉਸ ਨਾਲ ਸਮਾਂ ਬਿਤਾਇਆ, ਤਾਂ ਉਸ ਨੂੰ ਪਤਾ ਲੱਗਾ ਕਿ ਉਹ ਉੱਦਾਂ ਦੀ ਨਹੀਂ ਹੈ ਜਿੱਦਾਂ ਉਹ ਪਹਿਲੀ ਵਾਰ ਕਿੰਗਡਮ ਹਾਲ ਵਿਚ ਮਿਲਣ ʼਤੇ ਉਸ ਬਾਰੇ ਸੋਚਦੀ ਸੀ।