ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਦੁਆਰਾ ਉਸ ਦੀ ਵਡਿਆਈ ਹੁੰਦੀ ਹੈ
‘ਮੈਂ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ।’—ਜ਼ਬੂਰ 69:30.
1. (ੳ) ਯਹੋਵਾਹ ਵਡਿਆਈ ਦਾ ਹੱਕਦਾਰ ਕਿਉਂ ਹੈ? (ਅ) ਅਸੀਂ ਧੰਨਵਾਦ ਨਾਲ ਉਸ ਦੀ ਵਡਿਆਈ ਕਿਵੇਂ ਕਰਦੇ ਹਾਂ?
ਯਹੋਵਾਹ ਵਿਸ਼ਵ ਦਾ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਸਿਰਜਣਹਾਰ ਹੈ। ਇਸ ਲਈ ਉਸ ਦੇ ਨਾਂ ਅਤੇ ਮਕਸਦਾਂ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ। ਯਹੋਵਾਹ ਦੀ ਵਡਿਆਈ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦਾ ਸਾਰਿਆਂ ਨਾਲੋਂ ਜ਼ਿਆਦਾ ਆਦਰ ਕਰੀਏ ਅਤੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਉਸ ਦੀ ਪ੍ਰਸ਼ੰਸਾ ਤੇ ਮਹਿਮਾ ਕਰੀਏ। “ਧੰਨਵਾਦ ਨਾਲ” ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਯਹੋਵਾਹ ਅੱਜ ਜੋ ਸਾਡੇ ਲਈ ਕਰ ਰਿਹਾ ਹੈ ਤੇ ਭਵਿੱਖ ਵਿਚ ਜੋ ਕੁਝ ਕਰੇਗਾ, ਉਸ ਲਈ ਅਸੀਂ ਉਸ ਦਾ ਧੰਨਵਾਦ ਕਰੀਏ। ਸਾਨੂੰ ਪਰਕਾਸ਼ ਦੀ ਪੋਥੀ 4:11 ਦੇ ਅਨੁਸਾਰ ਸਵਰਗ ਦੇ ਵਫ਼ਾਦਾਰ ਆਤਮਿਕ ਪ੍ਰਾਣੀਆਂ ਵਰਗਾ ਰਵੱਈਆ ਅਪਣਾਉਣਾ ਚਾਹੀਦਾ ਹੈ ਜੋ ਐਲਾਨ ਕਰਦੇ ਹਨ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ।” ਅਸੀਂ ਯਹੋਵਾਹ ਦੀ ਵਡਿਆਈ ਕਿਵੇਂ ਕਰਦੇ ਹਾਂ? ਉਸ ਬਾਰੇ ਸਿੱਖ ਕੇ ਅਤੇ ਫਿਰ ਉਸ ਦੀਆਂ ਮੰਗਾਂ ਪੂਰੀਆਂ ਕਰ ਕੇ। ਸਾਨੂੰ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ ਜਿਸ ਨੇ ਕਿਹਾ: “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ।”—ਜ਼ਬੂਰ 143:10.
2. ਯਹੋਵਾਹ ਉਨ੍ਹਾਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ ਜਿਹੜੇ ਉਸ ਦੀ ਵਡਿਆਈ ਕਰਦੇ ਹਨ ਅਤੇ ਜਿਹੜੇ ਉਸ ਦੀ ਵਡਿਆਈ ਨਹੀਂ ਕਰਦੇ?
2 ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਲੋਕ ਬਹੁਤ ਹੀ ਬਹੁਮੁੱਲੇ ਹਨ ਜਿਹੜੇ ਉਸ ਦੀ ਵਡਿਆਈ ਕਰਦੇ ਹਨ। ਇਸੇ ਕਰਕੇ ਉਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਉਹ ਕੀ ਫਲ ਦਿੰਦਾ ਹੈ? ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਜੀ ਹਾਂ, ਜਿਹੜੇ “ਧੰਨਵਾਦ ਨਾਲ [ਯਹੋਵਾਹ] ਦੀ ਵਡਿਆਈ” ਕਰਦੇ ਹਨ, ਉਹ “ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29) ਦੂਸਰੇ ਪਾਸੇ, “ਬੁਰਿਆਰ ਲਈ ਅੱਗੇ ਨੂੰ ਕੋਈ ਆਸ ਨਹੀਂ” ਹੋਵੇਗੀ। (ਕਹਾਉਤਾਂ 24:20) ਅਤੇ ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਦੀ ਵਡਿਆਈ ਕਰਨੀ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹ ਜਲਦੀ ਹੀ ਦੁਸ਼ਟ ਲੋਕਾਂ ਨੂੰ ਨਾਸ਼ ਕਰੇਗਾ ਅਤੇ ਧਰਮੀਆਂ ਨੂੰ ਬਚਾਏਗਾ। “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17; ਕਹਾਉਤਾਂ 2:21, 22.
3. ਸਾਨੂੰ ਮਲਾਕੀ ਦੀ ਕਿਤਾਬ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
3 ਯਹੋਵਾਹ ਦੀ ਇੱਛਾ ਬਾਈਬਲ ਵਿਚ ਦੱਸੀ ਗਈ ਹੈ ਕਿਉਂਕਿ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ।” (2 ਤਿਮੋਥਿਉਸ 3:16) ਪਰਮੇਸ਼ੁਰ ਦੇ ਬਚਨ ਵਿਚ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਰਤਾਂਤ ਦਿੱਤੇ ਗਏ ਹਨ ਜੋ ਦੱਸਦੇ ਹਨ ਕਿ ਕਿਵੇਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਬਰਕਤ ਦਿੰਦਾ ਹੈ ਜਿਹੜੇ ਉਸ ਨੂੰ ਵਡਿਆਉਂਦੇ ਹਨ ਅਤੇ ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ ਜਿਹੜੇ ਉਸ ਦੀ ਵਡਿਆਈ ਨਹੀਂ ਕਰਦੇ। ਨਬੀ ਮਲਾਕੀ ਦੇ ਸਮੇਂ ਦੌਰਾਨ ਇਸਰਾਏਲ ਵਿਚ ਜੋ ਹੋਇਆ ਸੀ, ਉਸ ਦਾ ਬਿਰਤਾਂਤ ਵੀ ਬਾਈਬਲ ਵਿਚ ਦਿੱਤਾ ਗਿਆ ਹੈ। ਮਲਾਕੀ ਨੇ ਆਪਣੇ ਨਾਂ ਦੀ ਕਿਤਾਬ ਲਗਭਗ ਸਾਲ 443 ਸਾ.ਯੁ.ਪੂ. ਵਿਚ ਲਿਖੀ ਸੀ ਜਦੋਂ ਨਹਮਯਾਹ ਯਹੂਦਾਹ ਦਾ ਗਵਰਨਰ ਸੀ। ਇਸ ਪ੍ਰਭਾਵਸ਼ਾਲੀ ਤੇ ਉਤਸ਼ਾਹਜਨਕ ਕਿਤਾਬ ਵਿਚ ਅਜਿਹੀ ਜਾਣਕਾਰੀ ਤੇ ਭਵਿੱਖਬਾਣੀਆਂ ਦਿੱਤੀਆਂ ਗਈਆਂ ਹਨ ਜਿਹੜੀਆਂ “ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ।” (1 ਕੁਰਿੰਥੀਆਂ 10:11) ਮਲਾਕੀ ਦੇ ਸ਼ਬਦਾਂ ਵੱਲ ਧਿਆਨ ਦੇਣ ਨਾਲ ਅਸੀਂ ‘ਯਹੋਵਾਹ ਦੇ ਵੱਡੇ ਅਤੇ ਭੈ ਦਾਇਕ ਦਿਨ’ ਲਈ ਤਿਆਰ ਹੋ ਸਕਦੇ ਹਾਂ ਜਿਸ ਦਿਨ ਯਹੋਵਾਹ ਇਸ ਦੁਸ਼ਟ ਦੁਨੀਆਂ ਨੂੰ ਤਬਾਹ ਕਰੇਗਾ।—ਮਲਾਕੀ 4:5.
4. ਮਲਾਕੀ ਦੀ ਕਿਤਾਬ ਦੇ ਪਹਿਲੇ ਅਧਿਆਇ ਵਿਚ ਕਿਹੜੇ ਛੇ ਨੁਕਤਿਆਂ ਬਾਰੇ ਦੱਸਿਆ ਗਿਆ ਹੈ?
4 ਮਲਾਕੀ ਦੀ ਕਿਤਾਬ ਜੋ 2,400 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਲਿਖੀ ਗਈ ਸੀ, ਅੱਜ 21ਵੀਂ ਸਦੀ ਵਿਚ ਯਹੋਵਾਹ ਦੇ ਉਸ ਵੱਡੇ ਅਤੇ ਭੈਦਾਇਕ ਦਿਨ ਲਈ ਤਿਆਰ ਹੋਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ? ਪਹਿਲੇ ਅਧਿਆਇ ਵਿਚ ਘੱਟੋ-ਘੱਟ ਛੇ ਮਹੱਤਵਪੂਰਣ ਨੁਕਤੇ ਦੱਸੇ ਗਏ ਹਨ ਜੋ ਧੰਨਵਾਦ ਨਾਲ ਯਹੋਵਾਹ ਦੀ ਵਡਿਆਈ ਕਰਨ ਅਤੇ ਉਸ ਦੀ ਮਿਹਰ ਅਤੇ ਅਨੰਤ ਜ਼ਿੰਦਗੀ ਪ੍ਰਾਪਤ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ: (1) ਯਹੋਵਾਹ ਆਪਣੇ ਲੋਕਾਂ ਨਾਲ ਪ੍ਰੇਮ ਕਰਦਾ ਹੈ। (2) ਸਾਨੂੰ ਪਵਿੱਤਰ ਚੀਜ਼ਾਂ ਲਈ ਕਦਰ ਦਿਖਾਉਣੀ ਚਾਹੀਦੀ ਹੈ। (3) ਯਹੋਵਾਹ ਸਾਡੇ ਤੋਂ ਉੱਤਮ ਬਲੀਆਂ ਦੀ ਆਸ ਰੱਖਦਾ ਹੈ। (4) ਸੱਚੀ ਭਗਤੀ ਲਾਲਚ ਤੇ ਨਹੀਂ ਬਲਕਿ ਨਿਰਸੁਆਰਥ ਪ੍ਰੇਮ ਤੇ ਆਧਾਰਿਤ ਹੈ। (5) ਪਰਮੇਸ਼ੁਰ ਦੀ ਸੇਵਾ ਕੋਈ ਅਕਾਊ ਰਸਮ ਨਹੀਂ ਹੈ। (6) ਸਾਰਿਆਂ ਨੇ ਪਰਮੇਸ਼ੁਰ ਨੂੰ ਆਪਣਾ ਲੇਖਾ ਦੇਣਾ ਹੈ। ਇਸ ਲਈ ਮਲਾਕੀ ਦੀ ਕਿਤਾਬ ਉੱਤੇ ਆਧਾਰਿਤ ਤਿੰਨ ਲੇਖਾਂ ਵਿੱਚੋਂ ਇਸ ਪਹਿਲੇ ਲੇਖ ਵਿਚ ਆਓ ਆਪਾਂ ਮਲਾਕੀ ਦੇ ਪਹਿਲੇ ਅਧਿਆਇ ਦੀ ਜਾਂਚ ਕਰਦੇ ਹੋਏ ਇਨ੍ਹਾਂ ਸਾਰੇ ਨੁਕਤਿਆਂ ਉੱਤੇ ਵਿਚਾਰ ਕਰੀਏ।
ਯਹੋਵਾਹ ਆਪਣੇ ਲੋਕਾਂ ਨੂੰ ਪ੍ਰੇਮ ਕਰਦਾ ਹੈ
5, 6. (ੳ) ਯਹੋਵਾਹ ਯਾਕੂਬ ਨਾਲ ਪਿਆਰ ਕਿਉਂ ਕਰਦਾ ਸੀ? (ਅ) ਜੇ ਅਸੀਂ ਯਾਕੂਬ ਵਾਂਗ ਵਫ਼ਾਦਾਰੀ ਕਰੀਏ, ਤਾਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ?
5 ਯਹੋਵਾਹ ਦਾ ਪ੍ਰੇਮ ਮਲਾਕੀ ਦੇ ਪਹਿਲੇ ਅਧਿਆਇ ਦੀਆਂ ਪਹਿਲੀਆਂ ਕੁਝ ਆਇਤਾਂ ਵਿਚ ਸਾਫ਼ ਦਿਖਾਈ ਦਿੰਦਾ ਹੈ। ਮਲਾਕੀ ਦੀ ਕਿਤਾਬ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਇਸਰਾਏਲ ਲਈ ਯਹੋਵਾਹ ਦੀ ਬਾਣੀ ਦਾ ਅਗੰਮ ਵਾਕ।” ਫਿਰ ਪਰਮੇਸ਼ੁਰ ਅੱਗੇ ਕਹਿੰਦਾ ਹੈ: “ਮੈਂ ਤੁਹਾਡੇ ਨਾਲ ਪਿਆਰ ਕੀਤਾ।” ਉਸੇ ਆਇਤ ਵਿਚ ਇਕ ਉਦਾਹਰਣ ਦਿੰਦੇ ਹੋਏ ਯਹੋਵਾਹ ਕਹਿੰਦਾ ਹੈ: “ਮੈਂ ਯਾਕੂਬ ਨੂੰ ਪਿਆਰ ਕੀਤਾ।” ਯਾਕੂਬ ਨੂੰ ਯਹੋਵਾਹ ਵਿਚ ਪੂਰੀ ਨਿਹਚਾ ਸੀ। ਬਾਅਦ ਵਿਚ ਯਹੋਵਾਹ ਨੇ ਯਾਕੂਬ ਦਾ ਨਾਂ ਬਦਲ ਕੇ ਇਸਰਾਏਲ ਰੱਖ ਦਿੱਤਾ ਅਤੇ ਉਸ ਤੋਂ ਇਸਰਾਏਲ ਕੌਮ ਪੈਦਾ ਹੋਈ। ਯਹੋਵਾਹ ਯਾਕੂਬ ਨੂੰ ਇਸ ਲਈ ਪਿਆਰ ਕਰਦਾ ਸੀ ਕਿਉਂਕਿ ਉਹ ਯਹੋਵਾਹ ਵਿਚ ਪੂਰੀ ਨਿਹਚਾ ਰੱਖਦਾ ਸੀ। ਜਿਨ੍ਹਾਂ ਇਸਰਾਏਲੀਆਂ ਦਾ ਯਾਕੂਬ ਵਰਗਾ ਰਵੱਈਆ ਸੀ, ਉਨ੍ਹਾਂ ਨੂੰ ਵੀ ਯਹੋਵਾਹ ਪਿਆਰ ਕਰਦਾ ਸੀ।—ਮਲਾਕੀ 1:1, 2.
6 ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਵਫ਼ਾਦਾਰੀ ਨਾਲ ਉਸ ਦੇ ਲੋਕਾਂ ਨਾਲ ਜੁੜੇ ਰਹਿੰਦੇ ਹਾਂ, ਤਾਂ ਅਸੀਂ 1 ਸਮੂਏਲ 12:22 ਦੇ ਇਨ੍ਹਾਂ ਸ਼ਬਦਾਂ ਤੋਂ ਦਿਲਾਸਾ ਪਾ ਸਕਦੇ ਹਾਂ: “ਯਹੋਵਾਹ ਆਪਣੇ ਵੱਡੇ ਨਾਮ ਦੇ ਲਈ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ।” ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਇਨਾਮ ਦਿੰਦਾ ਹੈ, ਇੱਥੋਂ ਤਕ ਕਿ ਉਹ ਅਖ਼ੀਰ ਵਿਚ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਦਾ ਇਨਾਮ ਵੀ ਦੇਵੇਗਾ। ਇਸ ਲਈ ਅਸੀਂ ਪੜ੍ਹਦੇ ਹਾਂ: “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ, ਦੇਸ ਵਿੱਚ ਵੱਸ ਅਤੇ ਸੱਚਿਆਈ ਉੱਤੇ ਪਲ। ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।” (ਜ਼ਬੂਰ 37:3, 4) ਯਹੋਵਾਹ ਨੂੰ ਪਿਆਰ ਕਰਨ ਵਿਚ ਇਕ ਹੋਰ ਨੁਕਤਾ ਸ਼ਾਮਲ ਹੈ ਜੋ ਮਲਾਕੀ ਅਧਿਆਇ 1 ਵਿਚ ਦੱਸਿਆ ਗਿਆ ਹੈ।
ਪਵਿੱਤਰ ਚੀਜ਼ਾਂ ਲਈ ਕਦਰ ਦਿਖਾਓ
7. ਯਹੋਵਾਹ ਏਸਾਓ ਨਾਲ ਕਿਉਂ ਵੈਰ ਰੱਖਦਾ ਸੀ?
7 ਮਲਾਕੀ 1:2, 3 ਵਿਚ ਯਹੋਵਾਹ ਕਹਿੰਦਾ ਹੈ: “ਮੈਂ ਯਾਕੂਬ ਨਾਲ ਪਿਆਰ ਕੀਤਾ ਪਰ ਏਸਾਓ ਨਾਲ ਵੈਰ ਰੱਖਿਆ।” ਯਹੋਵਾਹ ਨੇ ਇਸ ਤਰ੍ਹਾਂ ਕਿਉਂ ਕੀਤਾ? ਯਾਕੂਬ ਨੇ ਯਹੋਵਾਹ ਦੀ ਵਡਿਆਈ ਕੀਤੀ ਸੀ, ਪਰ ਉਸ ਦੇ ਜੌੜੇ ਭਰਾ ਏਸਾਓ ਨੇ ਇਸ ਤਰ੍ਹਾਂ ਨਹੀਂ ਕੀਤਾ। ਏਸਾਓ ਨੂੰ ਅਦੋਮ ਵੀ ਕਿਹਾ ਜਾਂਦਾ ਸੀ। ਮਲਾਕੀ 1:4 ਵਿਚ ਅਦੋਮ ਦੇਸ਼ ਨੂੰ ਦੁਸ਼ਟ ਦੇਸ਼ ਕਿਹਾ ਗਿਆ ਹੈ ਅਤੇ ਉਸ ਦੇ ਵਾਸੀਆਂ ਦੀ ਨਿੰਦਿਆ ਕੀਤੀ ਗਈ ਹੈ। ਏਸਾਓ ਨੂੰ ਨਾਂ ਅਦੋਮ (ਜਿਸ ਦਾ ਮਤਲਬ ਹੈ “ਲਾਲ”) ਉਦੋਂ ਦਿੱਤਾ ਗਿਆ ਸੀ ਜਦੋਂ ਉਸ ਨੇ ਥੋੜ੍ਹੀ ਜਿਹੀ ਲਾਲ ਦਾਲ ਦੇ ਬਦਲੇ ਯਾਕੂਬ ਨੂੰ ਆਪਣਾ ਜੇਠਾ ਹੋਣ ਦਾ ਕੀਮਤੀ ਹੱਕ ਵੇਚ ਦਿੱਤਾ ਸੀ। ਉਤਪਤ 25:34 ਦੱਸਦਾ ਹੈ: “ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।” ਪੌਲੁਸ ਰਸੂਲ ਨੇ ਆਪਣੇ ਸਾਥੀ ਵਿਸ਼ਵਾਸੀਆਂ ਨੂੰ ਖ਼ਬਰਦਾਰ ਰਹਿਣ ਦੀ ਤਾਕੀਦ ਕੀਤੀ ਕਿ “ਨਾ ਹੋਵੇ ਭਈ ਕੋਈ ਹਰਾਮਕਾਰ ਅਥਵਾ ਏਸਾਓ ਵਾਂਙੁ ਕੁਧਰਮੀ ਹੋਵੇ ਜਿਹ ਨੇ ਇੱਕ ਡੰਗ ਦੇ ਖਾਣ ਪਿੱਛੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਸੁੱਟਿਆ।”—ਇਬਰਾਨੀਆਂ 12:14-16.
8. ਪੌਲੁਸ ਨੇ ਏਸਾਓ ਦੀ ਤੁਲਨਾ ਇਕ ਹਰਾਮਕਾਰ ਨਾਲ ਕਿਉਂ ਕੀਤੀ ਸੀ?
8 ਪੌਲੁਸ ਨੇ ਏਸਾਓ ਦੇ ਕੰਮਾਂ ਦੀ ਤੁਲਨਾ ਹਰਾਮਕਾਰੀ ਨਾਲ ਕਿਉਂ ਕੀਤੀ ਸੀ? ਕਿਉਂਕਿ ਏਸਾਓ ਵਰਗੀ ਸੋਚਣੀ ਰੱਖਣ ਕਰਕੇ ਹੋ ਸਕਦਾ ਹੈ ਕਿ ਅਸੀਂ ਪਵਿੱਤਰ ਚੀਜ਼ਾਂ ਦੀ ਕਦਰ ਕਰਨੀ ਛੱਡ ਦੇਈਏ। ਇਸ ਦਾ ਇਹ ਨਤੀਜਾ ਨਿਕਲ ਸਕਦਾ ਹੈ ਕਿ ਅਸੀਂ ਵਿਭਚਾਰ ਵਰਗਾ ਕੋਈ ਘੋਰ ਪਾਪ ਕਰ ਬੈਠੀਏ। ਇਸ ਲਈ, ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਕਦੀ-ਕਦੀ ਆਪਣੀ ਮਸੀਹੀ ਵਿਰਾਸਤ, ਯਾਨੀ ਅਨੰਤ ਜ਼ਿੰਦਗੀ ਨੂੰ ਦਾਲ ਦੀ ਕੌਲੀ ਵਰਗੀ ਮਾਮੂਲੀ ਜਿਹੀ ਚੀਜ਼ ਦੇ ਵੱਟੇ ਛੱਡਣ ਬਾਰੇ ਸੋਚਦਾ ਹਾਂ? ਕਿਤੇ ਮੈਂ ਅਣਜਾਣੇ ਵਿਚ ਪਵਿੱਤਰ ਚੀਜ਼ਾਂ ਨੂੰ ਤੁੱਛ ਤਾਂ ਨਹੀਂ ਸਮਝ ਰਿਹਾ?’ ਏਸਾਓ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਬਹੁਤ ਕਾਹਲਾ ਸੀ। ਉਸ ਨੇ ਯਾਕੂਬ ਨੂੰ ਕਿਹਾ: “[“ਫਟਾਫਟ,” ਨਿ ਵ] ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦਿਹ।” (ਉਤਪਤ 25:30) ਅਫ਼ਸੋਸ ਦੀ ਗੱਲ ਹੈ ਕਿ ਅੱਜ ਪਰਮੇਸ਼ੁਰ ਦੇ ਕੁਝ ਸੇਵਕਾਂ ਨੇ ਵੀ ਕਾਹਲੀ ਵਿਚ ਇੱਦਾਂ ਹੀ ਕਿਹਾ ਹੈ: “ਵਿਆਹ ਕਰਨ ਤਕ ਅਸੀਂ ਉਡੀਕ ਕਿਉਂ ਕਰੀਏ?” ਉਨ੍ਹਾਂ ਲਈ ਕਿਸੇ ਵੀ ਕੀਮਤ ਤੇ ਆਪਣੀ ਜਿਣਸੀ ਭੁੱਖ ਮਿਟਾਉਣੀ ਏਸਾਓ ਦੁਆਰਾ ਦਾਲ ਦੀ ਕੌਲੀ ਨੂੰ ਤਰਜੀਹ ਦੇਣ ਦੇ ਬਰਾਬਰ ਹੈ।
9. ਅਸੀਂ ਯਹੋਵਾਹ ਦਾ ਸ਼ਰਧਾਮਈ ਭੈ ਕਿਵੇਂ ਰੱਖ ਸਕਦੇ ਹਾਂ?
9 ਆਓ ਆਪਾਂ ਕਦੀ ਵੀ ਪਵਿੱਤਰ ਚੀਜ਼ਾਂ ਨੂੰ ਤੁੱਛ ਨਾ ਸਮਝੀਏ, ਸਗੋਂ ਨੈਤਿਕ ਸ਼ੁੱਧਤਾ, ਵਫ਼ਾਦਾਰੀ ਅਤੇ ਆਪਣੀ ਅਧਿਆਤਮਿਕ ਵਿਰਾਸਤ ਦੀ ਕਦਰ ਕਰੀਏ। ਏਸਾਓ ਵਰਗੇ ਬਣਨ ਦੀ ਬਜਾਇ, ਆਓ ਆਪਾਂ ਵਫ਼ਾਦਾਰ ਯਾਕੂਬ ਵਰਗੇ ਬਣੀਏ ਅਤੇ ਪਵਿੱਤਰ ਚੀਜ਼ਾਂ ਲਈ ਦਿਲੋਂ ਕਦਰ ਦਿਖਾਉਂਦੇ ਹੋਏ ਪਰਮੇਸ਼ੁਰ ਦਾ ਸ਼ਰਧਾਮਈ ਭੈ ਰੱਖੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਪਰਮੇਸ਼ੁਰ ਦੀਆਂ ਮੰਗਾਂ ਨੂੰ ਧਿਆਨ ਨਾਲ ਪੂਰਾ ਕਰ ਕੇ। ਇਸ ਨਾਲ ਅਸੀਂ ਮਲਾਕੀ ਦੇ ਪਹਿਲੇ ਅਧਿਆਇ ਵਿਚ ਦੱਸੇ ਤੀਜੇ ਨੁਕਤੇ ਤੇ ਆਉਂਦੇ ਹਾਂ। ਇਹ ਨੁਕਤਾ ਕਿਹੜਾ ਹੈ?
ਯਹੋਵਾਹ ਨੂੰ ਉੱਤਮ ਬਲੀ ਚੜ੍ਹਾਉਣੀ
10. ਜਾਜਕ ਯਹੋਵਾਹ ਦੇ ਮੇਜ਼ ਨੂੰ ਕਿਵੇਂ ਤੁੱਛ ਕਹਿ ਰਹੇ ਸਨ?
10 ਮਲਾਕੀ ਦੇ ਦਿਨਾਂ ਵਿਚ ਯਰੂਸ਼ਲਮ ਦੀ ਹੈਕਲ ਵਿਚ ਸੇਵਾ ਕਰ ਰਹੇ ਯਹੂਦਾਹ ਦੇ ਜਾਜਕ ਯਹੋਵਾਹ ਨੂੰ ਉੱਤਮ ਬਲੀਆਂ ਨਹੀਂ ਚੜ੍ਹਾ ਰਹੇ ਸਨ। ਮਲਾਕੀ 1:6-8 ਕਹਿੰਦਾ ਹੈ: “ਪੁੱਤ੍ਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਆਦਰ ਕਰਦਾ ਹੈ। ਜੇ ਮੈਂ ਪਿਤਾ ਹਾਂ ਤਾਂ ਮੇਰਾ ਆਦਰ ਕਿੱਥੇ ਅਤੇ ਜੇ ਮੈਂ ਸੁਆਮੀ ਹਾਂ ਤਾਂ ਮੇਰਾ ਭੈ ਕਿੱਥੇ? ਸੈਨਾਂ ਦਾ ਯਹੋਵਾਹ ਤੁਹਾਨੂੰ ਆਖਦਾ ਹੈ, ਮੇਰੇ ਨਾਮ ਦੀ ਨਿਰਾਦਰੀ ਕਰਨ ਵਾਲਿਓ ਜਾਜਕੋ!” ਪਰ ਜਾਜਕਾਂ ਨੇ ਪੁੱਛਿਆ: “ਅਸਾਂ ਕਿਹੜੀ ਗੱਲ ਵਿੱਚ ਤੇਰੇ ਨਾਮ ਦੀ ਨਿਰਾਦਰੀ ਕੀਤੀ?” ਯਹੋਵਾਹ ਨੇ ਜਵਾਬ ਦਿੱਤਾ: “ਤੁਸੀਂ ਮੇਰੀ ਜਗਵੇਦੀ ਉੱਤੇ ਭਰਿਸ਼ਟ ਰੋਟੀਆਂ ਚੜ੍ਹਾਉਂਦੇ ਹੋ।” “ਅਸੀਂ ਕਿਸ ਗੱਲੋਂ ਤੈਨੂੰ ਭਰਿਸ਼ਟ ਕੀਤਾ?” ਜਾਜਕਾਂ ਨੇ ਪੁੱਛਿਆ। ਤਦ ਯਹੋਵਾਹ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਤੁਹਾਡੇ ਏਸੇ ਆਖਣ ਵਿੱਚ ਭਈ ਯਹੋਵਾਹ ਦੀ ਮੇਜ਼ ਤਾਂ ਤੁੱਛ ਹੈ।” ਜਦੋਂ ਵੀ ਉਨ੍ਹਾਂ ਜਾਜਕਾਂ ਨੇ ਕਿਸੇ ਅੰਨ੍ਹੇ, ਲੰਙੇ ਜਾਂ ਬੀਮਾਰ ਜਾਨਵਰ ਦਾ ਚੜ੍ਹਾਵਾ ਚੜ੍ਹਾਇਆ ਅਤੇ ਕਿਹਾ ਕਿ ਇਸ ਵਿਚ “ਕੁਝ ਬੁਰਿਆਈ ਨਹੀਂ” ਹੈ, ਤਾਂ ਉਨ੍ਹਾਂ ਨੇ ਦਿਖਾਇਆ ਕਿ ਉਹ ਯਹੋਵਾਹ ਦੇ ਮੇਜ਼ ਨੂੰ ਤੁੱਛ ਸਮਝਦੇ ਸਨ।
11. (ੳ) ਯਹੋਵਾਹ ਨੇ ਘਟੀਆ ਚੜ੍ਹਾਵਿਆਂ ਬਾਰੇ ਕੀ ਕਿਹਾ? (ਅ) ਆਮ ਲੋਕ ਕਿਵੇਂ ਕਸੂਰਵਾਰ ਸਨ?
11 ਫਿਰ ਯਹੋਵਾਹ ਨੇ ਅਜਿਹੀਆਂ ਘਟੀਆ ਬਲੀਆਂ ਬਾਰੇ ਤਰਕ ਕਰਦੇ ਹੋਏ ਕਿਹਾ: “ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ,—ਕੀ ਉਹ ਤੈਥੋਂ ਖੁਸ਼ ਹੋਵੇਗਾ ਯਾ ਕੀ ਤੇਰੇ ਚਿਹਰੇ ਨੂੰ ਉਹ ਆਦਰ ਦੇਵੇਗਾ?” ਨਹੀਂ, ਉਨ੍ਹਾਂ ਦਾ ਹਾਕਮ ਅਜਿਹੇ ਤੋਹਫ਼ੇ ਨੂੰ ਬਿਲਕੁਲ ਕਬੂਲ ਨਹੀਂ ਕਰਦਾ। ਤਾਂ ਫਿਰ ਸਰਬਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਤੋਂ ਅਜਿਹੇ ਘਟੀਆ ਚੜ੍ਹਾਵੇ ਕਿੱਦਾਂ ਕਬੂਲ ਕਰ ਸਕਦਾ ਸੀ? ਪਰ ਕਸੂਰ ਸਿਰਫ਼ ਜਾਜਕਾਂ ਦਾ ਹੀ ਨਹੀਂ ਸੀ। ਇਹ ਗੱਲ ਸੱਚ ਹੈ ਕਿ ਉਹ ਅੰਨ੍ਹੇ, ਲੰਙੇ ਅਤੇ ਬੀਮਾਰ ਪਸ਼ੂ ਚੜ੍ਹਾ ਕੇ ਯਹੋਵਾਹ ਲਈ ਨਫ਼ਰਤ ਦਿਖਾ ਰਹੇ ਸਨ। ਪਰ ਕੀ ਆਮ ਲੋਕ ਨਿਰਦੋਸ਼ ਸਨ? ਨਹੀਂ, ਕਿਉਂਕਿ ਇਹੀ ਲੋਕ ਬਲੀ ਚੜ੍ਹਾਉਣ ਲਈ ਬੀਮਾਰ ਜਾਨਵਰਾਂ ਨੂੰ ਚੁਣ-ਚੁਣ ਕੇ ਜਾਜਕਾਂ ਕੋਲ ਲਿਆਉਂਦੇ ਸਨ। ਉਹ ਕਿੰਨੇ ਵੱਡੇ ਪਾਪੀ ਸਨ!
12. ਯਹੋਵਾਹ ਨੂੰ ਉੱਤਮ ਬਲੀਆਂ ਚੜ੍ਹਾਉਣ ਵਾਸਤੇ ਸਾਡੀ ਕਿਵੇਂ ਮਦਦ ਕੀਤੀ ਜਾਂਦੀ ਹੈ?
12 ਯਹੋਵਾਹ ਨੂੰ ਉੱਤਮ ਬਲੀਆਂ ਚੜ੍ਹਾ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨਾਲ ਸੱਚ-ਮੁੱਚ ਪਿਆਰ ਕਰਦੇ ਹਾਂ। (ਮੱਤੀ 22:37, 38) ਮਲਾਕੀ ਦੇ ਸਮੇਂ ਦੇ ਬੁਰੇ ਜਾਜਕਾਂ ਤੋਂ ਉਲਟ, ਯਹੋਵਾਹ ਦਾ ਸੰਗਠਨ ਅੱਜ ਸਾਨੂੰ ਬਾਈਬਲ ਵਿੱਚੋਂ ਉਹ ਫ਼ਾਇਦੇਮੰਦ ਹਿਦਾਇਤਾਂ ਦਿੰਦਾ ਹੈ ਜੋ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰ ਕੇ ਉਸ ਦੀ ਧੰਨਵਾਦ ਨਾਲ ਵਡਿਆਈ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ। ਇਸ ਗੱਲ ਦੇ ਸੰਬੰਧ ਵਿਚ ਅਸੀਂ ਹੁਣ ਮਲਾਕੀ ਦੇ ਪਹਿਲੇ ਅਧਿਆਇ ਵਿਚ ਦਿੱਤੇ ਚੌਥੇ ਮਹੱਤਵਪੂਰਣ ਨੁਕਤੇ ਵੱਲ ਧਿਆਨ ਦਿਆਂਗੇ।
ਸੱਚੀ ਭਗਤੀ ਲਾਲਚ ਤੇ ਨਹੀਂ ਬਲਕਿ ਪ੍ਰੇਮ ਤੇ ਆਧਾਰਿਤ ਹੈ।
13. ਜਾਜਕ ਕੀ ਕਰ ਰਹੇ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਲਾਲਚੀ ਸਨ?
13 ਮਲਾਕੀ ਦੇ ਸਮੇਂ ਦੇ ਜਾਜਕ ਸੁਆਰਥੀ, ਨਿਰਮੋਹੀ ਅਤੇ ਪੈਸਿਆਂ ਦੇ ਭੁੱਖੇ ਸਨ। ਸਾਨੂੰ ਇਸ ਬਾਰੇ ਕਿੱਦਾਂ ਪਤਾ ਹੈ? ਮਲਾਕੀ 1:10 (ਨਿ ਵ) ਦੱਸਦਾ ਹੈ: “‘ਤੁਹਾਡੇ ਵਿੱਚੋਂ ਕੌਣ ਹੈ ਜੋ ਬੂਹੇ ਬੰਦ ਕਰੇਗਾ? ਅਤੇ ਤੁਸੀਂ ਬਿਨਾਂ ਪੈਸਿਆਂ ਦੇ ਮੇਰੀ ਜਗਵੇਦੀ ਉੱਤੇ ਅੱਗ ਨਹੀਂ ਬਾਲਦੇ। ਮੈਂ ਤੁਹਾਡੇ ਤੋਂ ਬਿਲਕੁਲ ਖ਼ੁਸ਼ ਨਹੀਂ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਅਤੇ ਮੈਨੂੰ ਤੁਹਾਡੇ ਹੱਥੋਂ ਚੜ੍ਹਾਏ ਚੜ੍ਹਾਵਿਆਂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ।’” ਜੀ ਹਾਂ, ਉਹ ਲਾਲਚੀ ਜਾਜਕ ਹੈਕਲ ਵਿਚ ਛੋਟੀ ਤੋਂ ਛੋਟੀ ਸੇਵਾ ਕਰਨ ਲਈ ਵੀ ਪੈਸਾ ਮੰਗਦੇ ਸਨ, ਜਿਵੇਂ ਉਹ ਬੂਹੇ ਬੰਦ ਕਰਨ ਅਤੇ ਜਗਵੇਦੀ ਉੱਤੇ ਅੱਗ ਬਾਲਣ ਲਈ ਵੀ ਪੈਸੇ ਮੰਗਦੇ ਸਨ! ਤਾਂ ਫਿਰ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਹੋਵਾਹ ਨੂੰ ਉਨ੍ਹਾਂ ਦੇ ਚੜ੍ਹਾਵਿਆਂ ਤੋਂ ਕੋਈ ਖ਼ੁਸ਼ੀ ਨਹੀਂ ਹੋਈ!
14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦੇ ਗਵਾਹਾਂ ਦੀ ਸੇਵਾ ਪ੍ਰੇਮ ਤੇ ਆਧਾਰਿਤ ਹੈ?
14 ਪ੍ਰਾਚੀਨ ਯਰੂਸ਼ਲਮ ਵਿਚ ਪਾਪੀ ਜਾਜਕਾਂ ਦਾ ਲਾਲਚ ਅਤੇ ਸੁਆਰਥ ਸਾਨੂੰ ਇਹ ਗੱਲ ਯਾਦ ਕਰਾਉਂਦਾ ਹੈ ਕਿ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਲੋਭੀ ਮਨੁੱਖ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। (1 ਕੁਰਿੰਥੀਆਂ 6:9, 10) ਜਦੋਂ ਅਸੀਂ ਉਨ੍ਹਾਂ ਜਾਜਕਾਂ ਦੇ ਸੁਆਰਥੀ ਕੰਮਾਂ ਤੇ ਵਿਚਾਰ ਕਰਦੇ ਹਾਂ, ਤਾਂ ਅੱਜ ਯਹੋਵਾਹ ਦੇ ਗਵਾਹਾਂ ਵੱਲੋਂ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਕੰਮ ਲਈ ਸਾਡੀ ਕਦਰ ਵਧਦੀ ਹੈ। ਅਸੀਂ ਇਹ ਕੰਮ ਆਪਣੀ ਇੱਛਾ ਨਾਲ ਕਰਦੇ ਹਾਂ ਅਤੇ ਇਸ ਸੇਵਾ ਲਈ ਕੋਈ ਪੈਸਾ ਨਹੀਂ ਮੰਗਦੇ। ਨਹੀਂ, “ਅਸੀਂ ਪਰਮੇਸ਼ੁਰ ਦੇ ਬਚਨ ਦੇ ਵਪਾਰੀ ਨਹੀਂ ਹਾਂ।” (2 ਕੁਰਿੰਥੀਆਂ 2:17, ਨਿ ਵ) ਪੌਲੁਸ ਵਾਂਗ ਅਸੀਂ ਵੀ ਪੂਰੀ ਈਮਾਨਦਾਰੀ ਨਾਲ ਕਹਿ ਸਕਦੇ ਹਾਂ: ‘ਮੈਂ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਖੁਸ਼ ਖਬਰੀ ਤੁਹਾਨੂੰ ਮੁਫ਼ਤ ਸੁਣਾਈ ਹੈ।’ (2 ਕੁਰਿੰਥੀਆਂ 11:7, ਨਿ ਵ) ਧਿਆਨ ਦਿਓ ਕਿ ਪੌਲੁਸ ਨੇ ‘ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਖੁਸ਼ ਖਬਰੀ ਸੁਣਾਈ।’ ਇਹ ਮਲਾਕੀ ਦੇ ਪਹਿਲੇ ਅਧਿਆਇ ਵਿਚ ਦੱਸੇ ਗਏ ਪੰਜਵੇਂ ਨੁਕਤੇ ਵੱਲ ਸਾਡਾ ਧਿਆਨ ਖਿੱਚਦਾ ਹੈ।
ਪਰਮੇਸ਼ੁਰ ਦੀ ਸੇਵਾ ਇਕ ਅਕਾਊ ਰਸਮ ਨਹੀਂ
15, 16. (ੳ) ਜਾਜਕਾਂ ਦਾ ਚੜ੍ਹਾਵਿਆਂ ਪ੍ਰਤੀ ਕੀ ਰਵੱਈਆ ਸੀ? (ਅ) ਯਹੋਵਾਹ ਦੇ ਗਵਾਹ ਆਪਣੇ ਚੜ੍ਹਾਵੇ ਕਿਵੇਂ ਚੜ੍ਹਾਉਂਦੇ ਹਨ?
15 ਪ੍ਰਾਚੀਨ ਯਰੂਸ਼ਲਮ ਵਿਚ ਅਵਿਸ਼ਵਾਸੀ ਜਾਜਕ ਚੜ੍ਹਾਵੇ ਚੜ੍ਹਾਉਣ ਦੇ ਕੰਮ ਨੂੰ ਇਕ ਅਕਾਉਣ ਵਾਲੀ ਰਸਮ ਸਮਝਦੇ ਸਨ। ਇਹ ਕੰਮ ਉਨ੍ਹਾਂ ਲਈ ਬੋਝ ਸੀ। ਜਿੱਦਾਂ ਮਲਾਕੀ 1:13 ਵਿਚ ਦੱਸਿਆ ਹੈ, ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਤੁਸਾਂ ਆਖਿਆ, ਇਹ ਸਾਨੂੰ ਕੀ ਅਕੇਵਾਂ ਲਾ ਛੱਡਿਆ ਹੈ! ਅਤੇ ਉਸ ਉੱਤੇ ਨੱਕ ਚੜ੍ਹਾਉਂਦੇ ਹੋ।” ਜਾਜਕ ਪਰਮੇਸ਼ੁਰ ਦੀਆਂ ਪਵਿੱਤਰ ਚੀਜ਼ਾਂ ਉੱਤੇ ਨੱਕ ਚੜ੍ਹਾਉਂਦੇ ਸਨ, ਯਾਨੀ ਪਵਿੱਤਰ ਚੀਜ਼ਾਂ ਨਾਲ ਨਫ਼ਰਤ ਕਰਦੇ ਸਨ। ਆਓ ਆਪਾਂ ਪ੍ਰਾਰਥਨਾ ਕਰੀਏ ਕਿ ਅਸੀਂ ਉਨ੍ਹਾਂ ਵਰਗੇ ਕਦੀ ਨਾ ਬਣੀਏ। ਇਸ ਦੀ ਬਜਾਇ, ਆਓ ਆਪਾਂ ਹਮੇਸ਼ਾ 1 ਯੂਹੰਨਾ 5:3 ਵਿਚ ਦੱਸੀ ਮਨੋਬਿਰਤੀ ਪ੍ਰਗਟ ਕਰੀਏ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।”
16 ਆਓ ਆਪਾਂ ਖ਼ੁਸ਼ੀ-ਖ਼ੁਸ਼ੀ ਅਧਿਆਤਮਿਕ ਬਲੀਆਂ ਚੜ੍ਹਾਈਏ ਅਤੇ ਇਸ ਨੂੰ ਕਦੀ ਵੀ ਬੋਝ ਨਾ ਸਮਝੀਏ। ਆਓ ਆਪਾਂ ਇਨ੍ਹਾਂ ਭਵਿੱਖ-ਸੂਚਕ ਸ਼ਬਦਾਂ ਵੱਲ ਧਿਆਨ ਦੇਈਏ: “[ਯਹੋਵਾਹ] ਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਾਂਗੇ।” (ਹੋਸ਼ੇਆ 14:2) ‘ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਨ’ ਦਾ ਮਤਲਬ ਹੈ ਅਧਿਆਤਮਿਕ ਬਲੀਆਂ ਚੜ੍ਹਾਉਣੀਆਂ, ਯਾਨੀ ਅਸੀਂ ਆਪਣੇ ਬੁੱਲ੍ਹਾਂ ਨਾਲ ਯਹੋਵਾਹ ਅਤੇ ਉਸ ਦੇ ਮਕਸਦਾਂ ਦੀ ਮਹਿਮਾ ਕਰਦੇ ਹਾਂ। ਇਬਰਾਨੀਆਂ 13:15 ਕਹਿੰਦਾ ਹੈ: “ਅਸੀਂ [ਯਿਸੂ ਮਸੀਹ] ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।” ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਅਧਿਆਤਮਿਕ ਬਲੀਦਾਨ ਦਿਲੋਂ ਦਿੰਦੇ ਹਾਂ ਅਤੇ ਇਹ ਕੋਈ ਰਸਮ ਨਹੀਂ ਹੈ ਸਗੋਂ ਪਰਮੇਸ਼ੁਰ ਲਈ ਸਾਡੇ ਪ੍ਰੇਮ ਦਾ ਪ੍ਰਗਟਾਵਾ ਹੈ! ਹੁਣ ਅਸੀਂ ਛੇਵੇਂ ਨੁਕਤੇ ਤੇ ਆਉਂਦੇ ਹਾਂ ਜੋ ਅਸੀਂ ਮਲਾਕੀ ਦੇ ਪਹਿਲੇ ਅਧਿਆਇ ਤੋਂ ਸਿੱਖ ਸਕਦੇ ਹਾਂ।
ਸਾਰਿਆਂ ਨੇ ਪਰਮੇਸ਼ੁਰ ਨੂੰ ਆਪਣਾ ਲੇਖਾ ਦੇਣਾ ਹੈ
17, 18. (ੳ) ਯਹੋਵਾਹ ਨੇ “ਛਲੀਏ” ਨੂੰ ਕਿਉਂ ਫਿਟਕਾਰਿਆ ਸੀ? (ਅ) ਛਲ ਕਰਨ ਵਾਲਿਆਂ ਨੇ ਕਿਸ ਗੱਲ ਉੱਤੇ ਸੋਚ-ਵਿਚਾਰ ਨਹੀਂ ਕੀਤਾ ਸੀ?
17 ਮਲਾਕੀ ਦੇ ਦਿਨਾਂ ਵਿਚ ਰਹਿਣ ਵਾਲੇ ਸਾਰੇ ਲੋਕ ਆਪਣੀ ਕਰਨੀ ਦੇ ਖ਼ੁਦ ਜ਼ਿੰਮੇਵਾਰ ਸਨ ਅਤੇ ਅਸੀਂ ਵੀ ਆਪਣੇ ਕੰਮਾਂ ਲਈ ਜ਼ਿੰਮੇਵਾਰ ਹਾਂ। (ਰੋਮੀਆਂ 14:12; ਗਲਾਤੀਆਂ 6:5) ਇਸ ਕਰਕੇ ਮਲਾਕੀ 1:14 ਕਹਿੰਦਾ ਹੈ: “ਫਿਟਕਾਰ ਉਸ ਛਲੀਏ ਉੱਤੇ ਜਿਸ ਦੇ ਇੱਜੜ ਵਿੱਚ [ਸਿਹਤਮੰਦ] ਨਰ ਪਸੂ ਤਾਂ ਹੈ ਜਿਹ ਦੀ ਉਹ ਸੁੱਖਣਾ ਸੁੱਖਦਾ ਪਰ ਪ੍ਰਭੁ ਦੇ ਲਈ ਬਿੱਜ ਵਾਲਾ ਚੜ੍ਹਾਵਾ ਚੜ੍ਹਾਉਂਦਾ ਹੈ।” ਜਿਸ ਆਦਮੀ ਕੋਲ ਇੱਜੜ ਸੀ ਉਹ ਇਹ ਨਹੀਂ ਕਹਿ ਸਕਦਾ ਸੀ ਕਿ ਉਸ ਕੋਲ ਸਿਰਫ਼ ਇੱਕੋ ਹੀ ਭੇਡ ਸੀ ਇਸ ਕਰਕੇ ਉਸ ਨੂੰ ਇਸ ਦਾ ਹੀ ਚੜ੍ਹਾਵਾ ਚੜ੍ਹਾਉਣਾ ਪੈਣਾ ਸੀ। ਚੜ੍ਹਾਵੇ ਲਈ ਜਾਨਵਰ ਚੁਣਨ ਵੇਲੇ ਇਹ ਜ਼ਰੂਰੀ ਨਹੀਂ ਸੀ ਕਿ ਉਹ ਕਿਸੇ ਅੰਨ੍ਹੇ, ਲੰਙੇ, ਜਾਂ ਬੀਮਾਰ ਪਸ਼ੂ ਨੂੰ ਚੁਣੇ। ਜੇ ਉਹ ਚੜ੍ਹਾਵੇ ਲਈ ਕਿਸੇ ਬੀਮਾਰ ਪਸ਼ੂ ਨੂੰ ਚੁਣਦਾ ਸੀ, ਤਾਂ ਇਸ ਤੋਂ ਇਹ ਪਤਾ ਲੱਗਦਾ ਸੀ ਕਿ ਉਹ ਬਲੀਦਾਨ ਦੇਣ ਦੇ ਯਹੋਵਾਹ ਦੇ ਪ੍ਰਬੰਧ ਨੂੰ ਤੁੱਛ ਸਮਝਦਾ ਸੀ ਕਿਉਂਕਿ ਉਸ ਦੇ ਇੱਜੜ ਵਿਚ ਕੋਈ-ਨਾ-ਕੋਈ ਸਿਹਤਮੰਦ ਪਸ਼ੂ ਤਾਂ ਜ਼ਰੂਰ ਹੋਣਾ ਸੀ!
18 ਇਸ ਲਈ ਯਹੋਵਾਹ ਦਾ ਉਸ “ਛਲੀਏ” ਨੂੰ ਫਿਟਕਾਰਨਾ ਜਾਇਜ਼ ਸੀ ਜਿਸ ਕੋਲ ਇਕ ਵਧੀਆ ਨਰ ਪਸ਼ੂ ਤਾਂ ਸੀ, ਪਰ ਉਹ ਇਕ ਅੰਨ੍ਹੇ, ਲੰਙੇ ਜਾਂ ਬੀਮਾਰ ਪਸ਼ੂ ਨੂੰ ਘੜੀਸ ਕੇ ਜਾਜਕ ਕੋਲ ਬਲੀ ਦੇਣ ਲਈ ਲਿਆਉਂਦਾ ਸੀ। ਪਰ ਇਸ ਗੱਲ ਦਾ ਥੋੜ੍ਹਾ ਜਿੰਨਾ ਵੀ ਜ਼ਿਕਰ ਨਹੀਂ ਕਿ ਕਿਸੇ ਜਾਜਕ ਨੇ ਬਿਵਸਥਾ ਵਿੱਚੋਂ ਉਸ ਨੂੰ ਸਮਝਾਇਆ ਹੋਵੇ ਕਿ ਅਜਿਹੇ ਬੀਮਾਰ ਜਾਨਵਰ ਕਬੂਲ ਨਹੀਂ ਕੀਤੇ ਜਾਣਗੇ। (ਲੇਵੀਆਂ 22:17-20) ਸਮਝਦਾਰ ਲੋਕ ਜਾਣਦੇ ਸਨ ਕਿ ਜੇ ਉਹ ਅਜਿਹੇ ਘਟੀਆ ਤੋਹਫ਼ੇ ਆਪਣੇ ਹਾਕਮ ਨੂੰ ਦੇਣ ਦੀ ਕੋਸ਼ਿਸ਼ ਕਰਨ, ਤਾਂ ਉਨ੍ਹਾਂ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਪਰ ਉਹ ਤਾਂ ਵਿਸ਼ਵ ਦੇ ਰਾਜੇ, ਯਹੋਵਾਹ ਨੂੰ ਚੜ੍ਹਾਵਾ ਚੜ੍ਹਾ ਰਹੇ ਸਨ ਜੋ ਸਾਰੇ ਇਨਸਾਨੀ ਹਾਕਮਾਂ ਨਾਲੋਂ ਕਿਤੇ ਜ਼ਿਆਦਾ ਮਹਾਨ ਹੈ। ਮਲਾਕੀ 1:14 ਇਸ ਬਾਰੇ ਕਹਿੰਦਾ ਹੈ: “ਮੈਂ ਮਹਾਰਾਜਾ ਹਾਂ, ਸੈਨਾਂ ਦਾ ਯਹੋਵਾਹ ਫ਼ਰਮਾਉਂਦਾ ਹੈ, ਕੌਮਾਂ ਵਿੱਚ ਮੇਰਾ ਨਾਮ ਭੈ ਦਾਇਕ ਹੈ!”
19. ਅਸੀਂ ਕਿਸ ਦਿਨ ਨੂੰ ਵੱਡੀ ਚਾਹ ਨਾਲ ਉਡੀਕਦੇ ਹਾਂ ਅਤੇ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ?
19 ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਹੋਣ ਕਰਕੇ ਅਸੀਂ ਉਸ ਦਿਨ ਨੂੰ ਵੱਡੀ ਚਾਹ ਨਾਲ ਉਡੀਕਦੇ ਹਾਂ ਜਦੋਂ ਸਾਰੀ ਮਨੁੱਖਜਾਤੀ ਮਹਾਰਾਜਾ ਯਹੋਵਾਹ ਦਾ ਸਤਿਕਾਰ ਕਰੇਗੀ। ਉਸ ਵੇਲੇ, “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” (ਯਸਾਯਾਹ 11:9) ਪਰ ਜਦੋਂ ਤਕ ਉਹ ਸਮਾਂ ਨਹੀਂ ਆਉਂਦਾ, ਆਓ ਆਪਾਂ ਜ਼ਬੂਰਾਂ ਦੇ ਲਿਖਾਰੀ ਦੀ ਨਕਲ ਕਰਦੇ ਹੋਏ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਰਹੀਏ ਜਿਸ ਨੇ ਕਿਹਾ ਸੀ: ‘ਮੈਂ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ।’ (ਜ਼ਬੂਰ 69:30) ਇਸ ਤਰ੍ਹਾਂ ਕਰਨ ਲਈ ਮਲਾਕੀ ਨੇ ਸਾਨੂੰ ਹੋਰ ਫ਼ਾਇਦੇਮੰਦ ਸਲਾਹ ਦਿੱਤੀ ਹੈ। ਆਓ ਆਪਾਂ ਅਗਲੇ ਦੋ ਲੇਖਾਂ ਵਿਚ ਮਲਾਕੀ ਦੀ ਕਿਤਾਬ ਦੇ ਦੂਸਰੇ ਅਧਿਆਵਾਂ ਵੱਲ ਧਿਆਨ ਦੇਈਏ।
ਕੀ ਤੁਹਾਨੂੰ ਯਾਦ ਹੈ?
• ਸਾਨੂੰ ਯਹੋਵਾਹ ਦੀ ਵਡਿਆਈ ਕਿਉਂ ਕਰਨੀ ਚਾਹੀਦੀ ਹੈ?
• ਮਲਾਕੀ ਦੇ ਦਿਨਾਂ ਵਿਚ ਜਾਜਕਾਂ ਵੱਲੋਂ ਚੜ੍ਹਾਈਆਂ ਬਲੀਆਂ ਨੂੰ ਯਹੋਵਾਹ ਨੇ ਸਵੀਕਾਰ ਕਿਉਂ ਨਹੀਂ ਕੀਤਾ?
• ਅਸੀਂ ਯਹੋਵਾਹ ਨੂੰ ਉਸਤਤ ਦੀ ਬਲੀ ਕਿਵੇਂ ਚੜ੍ਹਾਉਂਦੇ ਹਾਂ?
• ਸੱਚੀ ਭਗਤੀ ਕਿਸ ਚੀਜ਼ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ?
[ਸਫ਼ੇ 9 ਉੱਤੇ ਤਸਵੀਰ]
ਮਲਾਕੀ ਦੀ ਭਵਿੱਖਬਾਣੀ ਨੇ ਸਾਡੇ ਦਿਨਾਂ ਵੱਲ ਇਸ਼ਾਰਾ ਕੀਤਾ
[ਸਫ਼ੇ 10 ਉੱਤੇ ਤਸਵੀਰ]
ਏਸਾਓ ਨੇ ਪਵਿੱਤਰ ਚੀਜ਼ਾਂ ਦੀ ਕਦਰ ਨਹੀਂ ਕੀਤੀ
[ਸਫ਼ੇ 11 ਉੱਤੇ ਤਸਵੀਰ]
ਜਾਜਕਾਂ ਤੇ ਦੂਸਰੇ ਲੋਕਾਂ ਨੇ ਘਟੀਆ ਬਲੀਆਂ ਚੜ੍ਹਾਈਆਂ
[ਸਫ਼ੇ 12 ਉੱਤੇ ਤਸਵੀਰ]
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਮੁਫ਼ਤ ਵਿਚ ਉਸਤਤ ਦੀਆਂ ਬਲੀਆਂ ਚੜ੍ਹਾਉਂਦੇ ਹਨ